ਕਪੂਰਥਲਾ, ਹਰਿਆਣਾ, ਸ਼ਾਮ, ਤਲਵੰਡੀ ਡਾਗਰ, ਗੌਹਰ, ਨੌਹਾਰ, ਰਣਖੰਡੀ।
ਪੰਜਾਬ ਦੇ ਸੰਗੀਤ ਘਰਾਣਿਆਂ ਸਬੰਧੀ ਇਹ ਸ਼ਲੋਕ ਇਕ ਤਵਾਰੀਖੀ ਹੈਸੀਅਤ ਰੱਖਦਾ ਹੈ, ਜਿਹੜਾ ਦਰਸਾਉਂਦਾ ਹੈ ਕਿ ਪੰਜਾਬ ਦੇ ਘਰਾਣੇ ਕਿਹੜੀ ਕਿਹੜੀ ਬਾਣੀ ਗਾਉਂਦੇ ਹਨ। ਕਪੂਰਥਲਾ ਘਰਾਣੇ ਦਾ ਮੁਕਾਮ ਆਪਣਾ ਵੱਖਰਾ ਹੀ ਹੈ। ਜਿਸ ਦੇ ਕਲਾਕਾਰ ਡਾਗਰੀ ਬਾਣੀ ਗਾਉਂਦੇ ਹਨ। ਜਿਸ ਤਰ੍ਹਾਂ ਕੱਵਾਲੀ ਗਾਉਣ ਵਾਲਿਆਂ ਦੀਆਂ ਬਾਰਾਂ ਬਾਣੀਆਂ, ਜਾਂ ਗਾਉਣ ਦੇ ਤਰੀਕੇ ਮਸ਼ਹੂਰ ਹਨ। (ਜਿਵੇਂ ਕਿ ਖ਼ੈਰਾਬਾਦੀ, ਜੌਨਪੁਰੀ ਅਤੇ ਕਬੀਰੀ ਆਦਿ) ਐਨ ਓਸੇ ਤਰ੍ਹਾਂ ਹੀ ਧਰੁੱਪਦ ਗਾਇਨ ਦੀਆਂ ਚਾਰ ਬਾਣੀਆਂ ਪ੍ਰਸਿੱਧ ਹਨ-ਜਿਵੇਂ ਕਿ ਡਾਗਰੀ, ਗੌਰਾਰੀ ਜਾਂ ਗੌੜਾਰੀ, ਨੋਹਾਰੀ (ਜਾਂ ਨਾਹਰੀ) ਅਤੇ ਖੰਡਾਰੀ। ਦੇਖਿਆ ਗਿਆ ਹੈ ਕਿ ਸਾਡੇ ਕੁਝ ਰਾਗਾਂ ਦੇ ਨਾਂ ਜਿਵੇਂ ਮੁਲਤਾਨੀ, ਕਸੂਰੀ ਅਤੇ ਜੌਨਪੁਰੀ ਆਦਿ ਸ਼ਹਿਰਾਂ ਦੇ ਨਾਂਵਾਂ ’ਤੇ ਰੱਖੇ ਗਏ -ਏਸੇ ਤਰ੍ਹਾਂ ਕੁਝ ਹਾਲਾਤਾਂ ’ਚ ਇਨ੍ਹਾਂ ਬਾਣੀਆਂ ਦਾ ਅਜਿਹਾ ਨਾਮਕਰਨ ਖਿੱਤਿਆਂ ਜਾਂ ਖੇਤਰਾਂ ਨੂੰ ਮੁੱਖ ਰੱਖ ਕੇ ਕੀਤਾ ਗਿਆ, ਜਿਵੇਂ ਡਾਗਰੀ (ਮੱਧ ਭਾਰਤ: ਬੁੰਧੇਲ ਖੰਡ, ਬਘੇਲ ਖੰਡ, ਰੁਹੇਲ ਖੰਡ ਆਦਿ ਦਾ ਖਿੱਤਾ), ਗੌੜ੍ਹਾਰੀ (ਕਾਂਸ਼ੀ, ਬਿੰਦਰਾਬਨ ਤੋਂ ਲੈ ਕੇ ਬੰਗਾਲ ਉੜੀਸਾ ਤੱਕ), ਨੋਹਾਰੀ, ਨੌਹਰੀ ਜਾਂ ਨਾਹਰੀ (ਨਾਹਰ-ਮਾਅਨਵੀ ਤੌਰ ’ਤੇ, ਨਾਹਰ ਦਾ ਮਤਲਬ ਹੀ ਸ਼ੇਰ ਹੁੰਦਾ ਹੈ) ਰਾਜਪੂਤਾਨਾ-ਜੰਗਲ ਆਦਿ, ਜਿੱਧਰ ਕਿ ਸ਼ੇਰ ਵਧੇਰੇ ਰਹਿੰਦੇ ਸਨ -ਰਾਜਸਥਾਨ ’ਚ ਵਧੇਰੇ ਪ੍ਰਚਲਿਤ ਬਾਣੀ, ਜਿਸਨੂੰ ਕਿ ਪੰਜਾਬ ਵਿਚ ਸਾਡੇ ਪਰਮ ਮਿੱਤਰ ਉਸਤਾਦ ਸਲਾਮਤ ਅਖੀ ਖਾਂ, ਸ਼ਾਮ ਚੌਰਾਸੀ ਵਾਲਿਆਂ ਨੇ ਸਿਖ਼ਰਾਂ ਤੱਕ ਪਹੁੰਚਾਇਆ, ਅਤੇ ਗੰਧਾਰੀ (ਦਿੱਲੀ, ਆਗਰਾ ਆਦਿ ਦਾ ਖਿੱਤਾ-ਜਿਥੋਂ ਦਾ ਰਾਜ ਤਾਜ ਹਥਿਆਉਣ ਲਈ ਦੇਸ਼ ਦਾ ਇਹ ਹਿੱਸਾ ਕਿੰਨੀ ਵੇਰ ਰਣ ਖੇਤਰ ਜਾਂ ਯੁੱਧ-ਅਖਾੜਾ ਬਣਿਆ, ਸਾਡੇ ਪ੍ਰਾਚੀਨ ਮਹਾ-ਰਿਸ਼ੀ ਜਾਂ ਭਗਤ, ਸਾਰੇ ਦੇ ਸਾਰੇ ਤਨ (ਮਨ) ਦੀ ਤ੍ਰਿਪਤੀ ਲਈ ਗਾਉਂਦੇ ਸਨ -ਮੋਕਸ਼ ਜਾਂ ਮੁਕਤੀ ਪ੍ਰਾਪਤ ਕਰਨ ਲਈ, ਇਸ ਲਈ ਉਨ੍ਹਾਂ ਨੂੰ ਤੰਬੂਰ ਨਾਮੀ, ਪੰਜਾਬ ਦੇ ਇਕ ਸੰਤ ਦੀ ਕੱਢੀ ਕਾਢ ‘ਤੰਬੂਰਾ’ ਜਾਂ ‘ਤਾਨਪੁਰਾ’ ਹੀ ਰਾਸ ਆਉਂਦਾ ਸੀ, ਕਿਉਂਕਿ ਇਹ ਹੀ ਇਕੋ-ਇਕ ਸਾਜ਼ ਸੀ, ਜਿਹੜਾ ਉਨ੍ਹਾਂ ਦੀਆਂ ਰੂਹਾਨੀ ਡੂੰਘਾਣਾਂ ਦੀ ਕੂਕ ਸੁਣਦਾ ਸੀ। ਪੱਛਮੀ ਦੇਸ਼ਾਂ ਵਾਂਗ ਉਨ੍ਹਾਂ ਨੂੰ ਕੋਈ ਲੰਮਾ ਚੌੜਾ ਸ਼ੋਰ ਸ਼ਰਾਬੇ ਵਾਲਾ ‘ਔਰਕੈਸਟਰਾ’ ਨਹੀਂ ਸੀ ਚਾਹੀਦਾ। ਉਹ ਰਸਿਕੀ ਜੀਉੜੇ ਸਿਰਫ਼ ਆਪਣੇ ਆਪ ਲਈ ਗਾਉਂਦੇ ਸਨ-ਜਾਂ ਬੜੀ ਹੱਦ ਉਨ੍ਹਾਂ ਦੁਆਲੇ ਬੈਠੀ ਹੋਈ ਛੁਟਕੀ ਜਿਹੀ ਮੰਡਲੀ ਹੁੰਦੀ। ਉਹ ਆਪਣੇ ਆਪਣੇ ਇਲਾਕੇ ਦੀਆਂ ਲੋਕ ਧੁਨਾਂ ਵਿਚ ਹੀ ਮਗਨ ਮਦਮਸਤ ਰਹਿੰਦੇ ਸਨ।
ਪੁਰਾਤਨ ਇਤਿਹਾਸਕਾਰਾਂ ਅਤੇ ਸਮਾਜ ਸ਼ਾਸਤਰੀਆਂ ਨੇ ਹੜੱਪਾ ਮਹਿੰਜੋਦਾਰੋ ਘਾਟੀ ਨੂੰ ਹਿੰਦੁਸਤਾਨੀ ਸਭਿਅਤਾ ਦਾ ਸਭ ਤੋਂ ਪੁਰਾਣਾ ਪੰਘੂੜਾ ਆਖਿਆ ਹੈ ਜਿਸ ਤੱਥ ਨੂੰ ਰਾਬਿੰਦਰ ਨਾਥ ਟੈਗੋਰ ਨੇ ਵੀ ਕੁਝ ਏਹੋ ਜਿਹੀ ਸ਼ਬਦਾਵਲੀ ਵਿਚ ਹੀ ਸਵੀਕਾਰ ਕੀਤਾ ਹੈ। ਸੋ ਸਾਡੇ ਗੁਰੂ ਸਾਹਿਬਾਨ ’ਤੇ ਗਾਂਧਰਾਂ ਜਾਂ ਗੰਧਾਰ ਦੇਸ਼ ਦੀ ਸਭਿਅਤਾ ਦਾ ਅਸਰ ਹੋਣਾ ਕੁਦਰਤੀ ਕਰਮ ਸੀ। ਪਰ ਕਿਉਂਕਿ ਉਨ੍ਹਾਂ ਨੇ ਆਪਣੀ ਮਹਿਕ ਦੇਸ਼ ਦੇ ਦੂਜੇ ਖਿੱਤਿਆਂ ’ਚ ਵੀ ਫੈਲਾਉਣੀ ਸੀ (ਇਕੱਲੇ ਪੰਜਾਬ ਵਿਚ ਨਹੀਂ) ਇਸ ਲਈ ਉਨ੍ਹਾਂ ਨੇ ਆਦਾਨ-ਪ੍ਰਦਾਨ ਲਈ ਗੁਰਬਾਣੀ ਵਿਚ ਆਪਣੀ ਬਾਣੀ ਭਾਵ ਗੰਧਾਰੀ (ਭਗਤ ਕਬੀਰ, ਰਵਿਦਾਸ ਆਦਿ, ਸਮੇਤ) ਦੂਜੀਆਂ ਬਾਣੀਆਂ ਸਵੀਕਾਰ ਕਰਨ ਤੋਂ ਵੀ ਸੰਕੋਚ ਨਹੀਂ ਕੀਤਾ, ਜਿਵੇਂ ਕਿ ਗੌੜਾਰੀ ਬਾਣੀ (ਭਗਤ ਜੈਦੇਵ ਜੀ), ਨਾਹਰ ਬਾਣੀ (ਭਗਤ ਨਾਮਦੇਵ ਜੀ) ਆਦਿ। ਅਸਲ ਵਿਚ ਗੁਰੂ ਗ੍ਰੰਥ ਸਾਹਿਬ, ਦੇਸ਼ ਭਰ ਦੇ ਚਿੰਤਨ ਅਤੇ ਰਾਗਦਾਰੀ ਲਈ ਇਕ ਅਜਿਹਾ ਸੂਰਜ ਹੋ ਨਿਬੜਿਆ ਹੈ, ਜਿਸ ਦੀ ਮਿਸਾਲ ਮਿਲਣੀ ਬੜੀ ਮੁਸ਼ਕਿਲ ਹੈ। ਭੂਗੋਲ ਨਾਲ ਮਾੜਾ ਮੋਟਾ ਵੀ ਮੱਸ ਰੱਖਣ ਵਾਲੇ ਇਹ ਗੱਲ ਭਲੀ ਭਾਂਤ ਜਾਣਦੇ ਹਨ ਕਿ ਕੈਥਲ, ਕਰਨਾਲ, ਨਾਰਨੌਲ ਅਤੇ ਮਹਿੰਦਰਗੜ੍ਹ ਦੇ ਆਸ ਪਾਸ ਦੇ ਇਲਾਕੇ ਨੂੰ ਬਾਂਗਰ ਜਾਂ ਬਾਂਗੜ ਕਿਹਾ ਜਾਂਦਾ ਰਿਹਾ ਹੈ ਅਤੇ ਜਿਹੜੀ ਬਾਣੀ ਕਪੂਰਥਲਾ ਦੇ ਕਲਾਕਾਰ ਗਾਉਂਦੇ ਰਹੇ ਹਨ, ਉਸ ਨੂੰ ਡਾਗਰ ਜਾਂ ਡਾਗਰੀ ਦਾ ਨਾਮ ਦਿੱਤਾ ਜਾਂਦਾ ਹੈ। ਹੋ ਸਕਦੈ ਕਿ ਇਸ ਦੇ ਪਹਿਲੇ ਕਲਾਕਾਰ ਕਿਸੇ ਸਮੇਂ ਮੱਧ ਪ੍ਰਦੇਸ਼ ਦੇ ਉਸ ਖਿੱਤੇ ’ਚੋਂ ਆਏ ਹੋਣ ਅਤੇ ਜਾਂ ਫਿਰ ਉਨ੍ਹਾਂ ਦੇ ਬਾਨੀ ਵਡੇਰਿਆਂ ਨੇ ਓਧਰਲੇ ਬਾਣੀਕਾਰਾਂ ਦਾ ਅਸਰ ਕਬੂਲ ਕੀਤਾ ਹੋਵੇ। ਸਾਈਂ ਅਲਿਆਸ ਜੀ ਦੀਆਂ ਕੁਝ ਦੁਰਲੱਭ ਚੀਜ਼ਾਂ, ਜਿਹੜੀਆਂ ਸਾਡੇ ਇਕ ਮੇਹਰਬਾਨ ਦੋਸਤ ਉਸਤਾਦ ਗੁਲਾਮ ਹੈਦਰ ਕਸੂਰੀ ਨੇ ਸਾਨੂੰ ਸ਼ਰਧਾਵਸ ਪ੍ਰਸਾਦਿ ਵਜੋਂ ਅਪ੍ਰੈਲ 2005 ਨੂੰ ਲਾਹੌਰ ਵਿਚ ਹੋਈ ਆਲਮੀ ਪੰਜਾਬੀ ਕਾਨਫਰੰਸ ਸਮੇਂ ਭੇਂਟ ਕੀਤੀਆਂ ਸਨ, ਉਨ੍ਹਾਂ ਦੇ ਬੋਲ ਹਨ:
1 ਮੇਰੀ ਬੇਗ ਸੁੱਧ ਲੀਜੋ (ਰਾਗ ਕਬੀਰ ਭੈਰੋਂ)
2 ਪਰਜ ਬਿਰਧ ਕੋ ਬਚਾਨਾ (ਰਾਗ ਸੰਧੂਰੀ ਟੋਡੀ)
ਉਸ ਫ਼ਕੀਰ ਮੁਨਸ਼ ਫ਼ਨਕਾਰ ਦੇ ‘ਮੋਟੋਗ੍ਰਾਮ’ ਦਾ ਨਮੂਨਾ, ਉਨ੍ਹਾਂ ਦੇ ਆਪਣੇ ਕਲਾਮ ਅਨੁਸਾਰ ਕੁਝ ਇਸ ਪ੍ਰਕਾਰ ਹੈ;
ਨਮੋ-ਨਮੋ[1] ਅਲਿਆਸ ਸਾਈਂ ਕਿਰਪਾ ਨਿਧਾਨ, ਸੁਖ ਸਾਗਰ,
ਆਦ ਨਾਦ ਵੇਦ ਮੋਹੇ ਦੀਜੋ ਦਾਨ ਸਵਾਮੀ ਡਾਗਰ।
ਕਪੂਰਥਲਾ ਭਾਵੇਂ ਕਿ ਇਕ ਛੋਟਾ ਜਿਹਾ ਸ਼ਹਿਰ ਹੈ, ਤਾਂ ਵੀ ਇਸ ਦਾ ਇਤਿਹਾਸ ਬੜਾ ਪੁਰਾਤਨ ਅਤੇ ਮਹੱਤਵਪੂਰਨ ਹੈ। ਦੱਸਦੇ ਨੇ ਕਿ ਇਹ ਕਦੇ ਰਾਣਾ ਕਪੂਰ, ਜਿਹੜੇ ਕਿ ਜੈਸਲਮੇਰ ਦੇ ਰਾਜਪੁਤਾਂ ਵਿਚੋਂ ਸਨ, ਨੇ ਸੁਲਤਾਨ ਮਹਿਮੂਦ ਗਜ਼ਨਬੀ ਦੇ ਸਮੇਂ, ਗਿਆਰਵੀਂ ਸਦੀ ਵਿਚ ਵਸਾਇਆ ਸੀ। ਰਾਣਾ ਕਪੂਰ ਤੋਂ ਇਸ ਦਾ ਨਾਂਅ ਕਪੂਰਥਲਾ ਪਿਆ ਸੀ। ਸਦੀਆਂ ਬੀਤਦੀਆਂ ਗਈਆਂ, ਮੁਸਲਮਾਨ ਧਾੜਵੀ, ਪੰਜਾਬ ਵਿਚੋਂ ਦੀ ਹੁੰਦੇ ਹੋਏ, ਤਬਾਹੀ ਮਚਾਉਂਦੇ ਹੋਏ, ਹਿੰਦੁਸਤਾਨ ਨੂੰ ਬਾਰਮ-ਬਾਰ ਲੁਟਦੇ ਰਹੇ। ਪੰਜਾਬ ਦੇ ਦੂਜੇ ਸ਼ਹਿਰਾਂ ਵਾਂਗ ਇਹ ਸ਼ਹਿਰ ਵੀ ਅਬਦਾਲੀਆਂ ਦੀਆਂ ਉਨ੍ਹਾਂ ਧਾੜਾਂ ਦੀ ਮਾਰ ਹੇਠ ਆਉਂਦਾ ਰਿਹਾ। ਸਿੱਖਾਂ ਦੀਆਂ 12 ਮਿਸਲਾਂ ਦੀ ਆਪਸੀ ਖੁੰਦਕ ਬਾਜ਼ੀ ਇਕ ਪਾਸੇ, ਬੰਦਾ ਬੈਰਾਗੀ ਦੇ ਚੜ੍ਹਾਈ ਕਰਨ ਪਿੱਛੋਂ ਸਿੱਖਾਂ ਨੇ ਸਰਬ ਸੰਮਤੀ ਨਾਲ ਕੌਮ ਦੀ ਵਾਗਡੋਰ, ਸ. ਜੱਸਾ ਸਿੰਘ ਆਹਲੂਵਾਲੀਆ ਦੇ ਹੱਥ ਸੌਂਪ ਦਿੱਤੀ ਸੀ।
ਆਪਣੇ ਆਪ ਵਿਚ ਇਹ ਕੋਈ ਛੋਟਾ ਕਾਰਨਾਮਾ ਨਹੀਂ ਸੀ ਕਿ ਆਪ ਦੀ ਅਗਵਾਈ ਹੇਠ ਸਿੱਖਾਂ ਦੇ ਸਿਰਲੱਥ ਯੋਧਿਆਂ ਨੇ ਅਹਿਮਦ ਸ਼ਾਹ ਅਬਦਾਲੀ ਦੇ ਖੂਨੀ ਪੰਜਿਆਂ ਵਿਚੋਂ 2200 ਕੈਦੀ ਹਿੰਦੂ ਲੜਕੀਆਂ ਨੂੰ ਛੁਡਵਾ ਕੇ ਉਨ੍ਹਾਂ ਨੂੰ ਆਪਣੇ ਘਰੋ ਘਰੀਂ ਪਹੁੰਚਾਇਆ।
ਉਨ੍ਹਾਂ ਸਮਿਆਂ ਦੇ ਇਸ ਬਹੁਤ ਵੱਡੇ ਸੂਰਮੇ ਸਰਦਾਰ ਜਰਨੈਲ ਬਾਰੇ ਹੋਰ ਵਧੇਰੇ ਜਾਣਨ ਲਈ ਪਾਠਕਾਂ ਵਿਚ ਥੋੜ੍ਹੀ ਬਹੁਤੀ ਉਤਸੁਕਤਾ ਹੋ ਸਕਦੀ ਹੈ। ਆਪ ਦਾ ਜਨਮ 3 ਮਈ 1718 ਈ. ਨੂੰ ਪਿੰਡ ਆਹਲੂ ਜ਼ਿਲ੍ਹਾ ਲਾਹੌਰ ਵਿਚ ਇਕ ਗੁਰਸਿੱਖ ਪਰਿਵਾਰ ਸ. ਬਦਰ ਸਿੰਘ ਦੇ ਘਰ ਮਾਤਾ ਜੀਵਨ ਕੌਰ ਦੀ ਕੁੱਖੋਂ ਹੋਇਆ ਸੀ। ਇਥੇ ਇਹ ਗੱਲ ਖਾਸ ਮਹੱਤਤਾ ਰੱਖਦੀ ਹੈ ਕਿ ਆਪ ਦੀ ਮਿਸਲ ਦਾ ਨਾਮ ਕਰਨ ਆਹਲੂਵਾਲੀਆ ਇਸ ਪਿੰਡ ਦੇ ਅਜਿਹੇ ਨਾਮ ਕਰਕੇ ਹੀ ਹੋਇਆ ਸੀ। ਕੁਦਰਤ ਦੀ ਕਰਨੀ ਅਨੁਸਾਰ ਬਾਲਕ ਜੱਸਾ ਸਿੰਘ ਦੇ ਸਿਰ ਤੋਂ ਬਾਪ ਦਾ ਸਾਇਆ ਛੋਟੀ ਉਮਰੇ ਹੀ ਉਠ ਗਿਆ ਸੀ। 1723 ਈ. ਵਿਚ ਉਨ੍ਹਾਂ ਦੇ ਅਕਾਲ ਚਲਾਣੇ ਪਿੱਛੋਂ ਮਾਤਾ ਜੀਵਨ ਕੌਰ, ਬਾਲਕ ਜੱਸਾ ਸਿੰਘ ਸਮੇਤ ਸਿੱਖ ਸੰਗਤਾਂ ਨਾਲ ਦਿੱਲੀ ਵਿਖੇ ਮਾਤਾ ਸੁੰਦਰੀ ਜੀ ਦੇ ਦਰਬਾਰ ਵਿਚ ਪੁੱਜ ਗਏ। ਉਥੇ ਉਹ ਦੋਵੇਂ ਕੀਰਤਨ ਕਰਨ ਲੱਗ ਪਏ। ਆਪ ਦੇ ਮਨੋਹਰ ਕੀਰਤਨ ਤੋਂ ਮਾਤਾ ਸੁੰਦਰੀ ਜੀ ਬੇਹੱਦ ਪ੍ਰਭਾਵਿਤ ਸਨ। ਇਥੋਂ ਤਕ ਕਿ ਫਿਰ ਇਕ ਮੌਕਾ ਅਜਿਹਾ ਵੀ ਆਇਆ ਕਿ ਮਾਤਾ ਸੁੰਦਰੀ ਜੀ ਨੇ ਛੇਵੇਂ ਪਾਤਸ਼ਾਹ ਜੀ ਦੀ ਇਕ ਗੁਰਜ, ਜਿਸ ਦਾ ਭਾਰ 16 ਸੇਰ ਪੱਕਾ ਸੀ, ਆਪ ਨੂੰ ਬਖਸ਼ਿਸ਼ ਕੀਤੀ ਸੀ, ਜਿਹੜੀ ਕਿ ਅੱਜ ਵੀ ਸ੍ਰੀ ਦਰਬਾਰ ਸਾਹਿਬ ਦੇ ਤੋਸ਼ੇ ਖਾਨੇ ਵਿਚ ਵੇਖੀ ਜਾ ਸਕਦੀ ਹੈ।
ਮਾਤਾ ਸੁੰਦਰੀ ਜੀ ਦੀ ਸੰਗਤ ਨੇ ਆਪ ਦੀ ਸਖਸ਼ੀਅਤ ’ਤੇ ਐਨਾ ਗੂੜਾ ਰੰਗ ਚਾੜਿਆ ਕਿ ਆਪ ਨੇ ਦਿੱਲੀ ਰਹਿੰਦਿਆਂ ਜਿਥੇ ਸਿੱਖ ਇਤਿਹਾਸ ਦਾ ਰੱਜਵਾਂ ਅਧਿਐਨ ਕੀਤਾ, ਉਥੇ ਏਥੇ ਦੇ ਇਕ ਪ੍ਰਸਿੱਧ ਮਦਰੱਸੇ ਤੋਂ ਉਰਦੂ-ਫ਼ਾਰਸੀ ਆਦਿ ਦੇ ਅਦਬ ਦੀ ਵੀ ਭਰਵੀਂ ਪੜ੍ਹਾਈ ਕੀਤੀ। ਕੁਝ ਸਾਲਾਂ ਪਿੱਛੋਂ ਸ. ਜੱਸਾ ਸਿੰਘ ਆਪਣੀ ਮਾਤਾ ਜੀ ਸਮੇਤ ਪੰਜਾਬ ਆ ਗਏ ਅਤੇ ਪੰਥ ਦੇ ਜਥੇਦਾਰ ਨਵਾਬ ਕਪੂਰ ਸਿੰਘ ਪਾਸ ਆ ਸ਼ਰਨ ਲਈ। ਉਨ੍ਹਾਂ ਨੇ ਆਪ ਨੂੰ ਸ਼ਸ਼ਤਰ ਵਿੱਦਿਆ ਤੇ ਘੋੜ ਸਵਾਰੀ ਦੇ ਮਾਹਿਰਾਂ ਕੋਲੋਂ ਇਨ੍ਹਾਂ ਹੁਨਰਾਂ ਦੀ ਤਾਲੀਮ ਦਿਵਾਈ। 1729 ਈ. ਪਿੱਛੋਂ ਸ. ਜੱਸਾ ਸਿੰਘ ਨਵਾਬ ਕਪੂਰ ਸਿੰਘ ਦੀਆਂ ਲਗਭਗ ਸਾਰੀਆਂ ਮੁਹਿੰਮਾਂ ਵਿਚ ਸ਼ਰੀਕ ਹੋਏ।
22 ਅਕਤੂਬਰ 1761 ਈ. ਨੂੰ ਆਪ ਦੀ ਅਗਵਾਈ ਵਿਚ ਸਿੱਖਾਂ ਨੇ ਲਾਹੌਰ ‘ਤੇ ਹੱਲਾ ਬੋਲ ਦਿੱਤਾ ਅਤੇ ਗਵਰਨਰ ਲਾਹੌਰ ਉਬਦੇ ਖਾਂ ਨੂੰ ਮਾਰ ਮੁਕਾ ਕੇ ਫਤਹਿ ਹਾਸਲ ਕੀਤੀ ਸੀ। ਇਹ ਉਹ ਵੀ ਮੌਕਾ ਸੀ ਜਦੋਂ ਕਿ ਸਿੱਖਾਂ ਵਲੋਂ ਆਪ ਨੂੰ ਪੰਥ ਦਾ ਸਭ ਤੋਂ ਪਹਿਲਾਂ ਬਾਦਸ਼ਾਹ ਸੁਲਤਾਨ-ਉਲ-ਕੌਮ ਘੋਸ਼ਿਤ ਕਰ ਦਿੱਤਾ ਗਿਆ ਸੀ। ਉਸ ਮੌਕੇ ’ਤੇ ਆਪ ਵਲੋਂ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਮਾਂ ’ਤੇ ਸਿੱਕੇ ਜਾਰੀ ਕੀਤੇ ਗਏੇ ਸਨ, ਜਿਨ੍ਹਾਂ ’ਤੇ ਇਹ ਠੱਪਾ ਸੀ
”ਦੇਗੋ ਤੇਗੋ ਫਤਹਿ ਓ ਨੁਸਰਤ ਬੇ-ਦਰੰਗ
ਯਾਫ਼ਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ’’
ਉਂਝ ਕੁਝ ਮੁਸਲਮਾਨ ਤਾਰੀਕਦਾਨ ਜਿਵੇਂ ਕਿ ਪ੍ਰੋ: ਮੁਹੰਮਦ ਸ਼ੁਜਾਹ ਉਦੀਨ ਹੋਰਾਂ ਦੇ ਖ਼ਿਆਲ ਅਨੁਸਾਰ ਲਾਹੌਰ ਦੀ ਹੀ ਟਕਸਾਲ ਵਿਚ ਉਦੋਂ ਕੁਝ ਸਿੱਕੇ ਅਜਿਹੇ ਵੀ ਢਾਲੇ ਗਏ ਸਨ ਜਿਨ੍ਹਾਂ ’ਤੇ ਇਹ ਛਾਪ ਸੀ,
ਸਿੱਕਾ ਜ਼ੋਰ ਜਹਾਂ ਬਾਫ਼ਜ਼ਲਿ ਅਕਾਲ
ਮਲਿਕ ਅਹਿਮਦ ਗ੍ਰਿਫਤ ਜੱਸਾ ਕਲਾਲ।
ਇਹ ਕੈਸਾ ਮੌਕਾ ਮੇਲ ਸੀ ਕਿ ਲਾਹੌਰ ਦੇ ਰਹਿ ਚੁੱਕੇ ਗਵਰਨਰ ਮੁਈਨ ਅਲਮਲਿਕ ਉਰਫ਼ ਮੀਰ ਮਨੂੰ ਦੀ ਬੇਗਮ ਮੁਗਲਾਨੀ ਬੇਗਮ ਜਿਹੜੀ ਇਕ ਗਾਇਕਾ ਵੀ ਸੀ, ਸੱਸ ਸ਼ੋਲਾਪੁਰੀ ਬੇਗਮ ਅਤੇ ਧੀ ਉਮਦਾ ਬੇਗਮ ਅਜੇ ਸਾਰੀਆਂ ਜਿਉਂਦੀਆਂ ਸਨ ਅਤੇ ਲਾਹੌਰ ਵਿਚ ਰਹਿ ਰਹੀਆਂ ਸਨ। ਬਲਕਿ ਉਸ ਤੋਂ ਕੁਝ ਸਾਲ ਪਿਛੋਂ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ’ਤੇ ਕਬਜ਼ਾ ਕੀਤਾ ਤਾਂ ਉਹ ਅਨਭੋਲ ਹੀ ਮੁਗਲਾਨੀ ਬੇਗਮ ਤੋਂ ਆਪਣੀ ਇਕ ਪਸੰਦੀਦਾ ਗ਼ਜ਼ਲ ਕਿੰਨਾ ਚਿਰ ਸੁਣਦਾ ਰਿਹਾ ਸੀ। 18ਵੀਂ ਸਦੀ ਦੇ 70ਕਿਆਂ ਵਿਚ ਉਸਨੇ ਰਾਏ ਇਬਰਾਹੀਮ ਭੱਟੀ ਨੂੰ ਭਾਂਜ ਦੇ ਕੇ ਕਪੂਰਥਲਾ ਨੂੰ ਆਪਣੇ ਕਬਜ਼ੇ ਵਿਚ ਕਰ ਲਿਆ ਅਤੇ ਇਸ ਰਿਆਸਤ ਦੇ ਬਾਨੀ ਬਣ ਬੈਠੇ। 19ਵੀਂ ਸਦੀ ਦੇ ਸ਼ੁਰੂਆਤੀ ਸਾਲਾਂ ਤੱਕ, ਕਪੂਰਥਲਾ ਕੋਈ ਵੱਡਾ ਸ਼ਹਿਰ ਨਹੀਂ ਸੀ, ਭਾਵੇਂ ਕਿ ਇਸ ਦੇ ਪ੍ਰਤਿਪਾਲਕ ਬੜੇ ਪ੍ਰਭਾਵਸ਼ਾਲੀ ਬਣਦੇ ਜਾ ਰਹੇ ਸਨ। ਕੀ ਸ਼ਹਿਰ ਅਤੇ ਕੀ ਉਨ੍ਹਾਂ ਦੀ ਸਭਿਅਤਾ-ਇਹ ਸਾਰੀਆਂ ਚੀਜ਼ਾਂ ਇਕੋ ਦਿਨ ਵਿਚ ਹੀ ਨਹੀਂ ਮੌਲਰ ਜਾਂਦੀਆਂ। ਇਨ੍ਹਾਂ ਦੇ ਉਸਰਨ ਅਤੇ ਫਿਰ ਪ੍ਰਫੁਲਤਾ ਲਈ ਸ਼ਮਾ ਦਰਕਾਰ ਹੁੰਦਾ ਹੈ। ਖ਼ਬਰੇ ਏਸੇ ਲਈ ਅੰਗਰੇਜ਼ੀ ਦੀ ਇਕ ਕਹਾਵਤ ਮਸ਼ਹੂਰ ਹੈ ਕਿ ਰੋਮ ਇਕੋ ਦਿਨ ਵਿਚ ਨਹੀਂ ਸੀ ਉਸਰ ਗਿਆ Rome was not built in a day ਐਨ ਕੁਝ ਇਹੋ ਹੀ ਹਾਲ, ਕਪੂਰਥਲਾ ਜਾਂ ਇਸ ਦੀ ਵਿਰਾਸਤ ਦਾ ਸੀ। ਮਹਾਰਾਜਾ ਜੱਸਾ ਸਿੰਘ ਨੇ 1780 ਈ. ਵਿਚ ਇਸ ਸ਼ਹਿਰ ਨੂੰ ਆਪਣੀ ਰਾਜਧਾਨੀ ਬਣਾ ਲਿਆ, ਪਰ ਉਸ ਤੋਂ ਤਿੰਨ ਸਾਲ ਪਿੱਛੋਂ 1783 ਵਿਚ ਆਪ ਚੜ੍ਹਾਈ ਕਰ ਗਏ। ਉਨ੍ਹਾਂ ਮਗਰੋਂ ਰਾਜ ਗੱਦੀ ਉਨ੍ਹਾਂ ਦੇ ਸਪੁਤਰ ਰਾਜਾ ਫਤਹਿ ਸਿੰਘ ਨੇ ਸੰਭਾਲੀ। ਸਿੱਖਾਂ ’ਤੇ ਉਹ ਸਮਾਂ ਹੀ ਕੁਝ ਐਸਾ ਸੀ ਕਿ ਸੁਲਤਾਨ-ਉਲ-ਕੌਮ ਦਾ ਬਹੁਤਾ ਸਮਾਂ ਤਾਂ ਸੰਗਠਤ ਕਰਕੇ ਕੌਮ ਦੀ ਉਸਾਰੀ ਵਲਾਂ ਲੱਗਾ। ਪਰ ਫਤਹਿ ਸਿੰਘ ਨੇ ਸ਼ਹਿਰ ਵਿਚ ਇਕ ਕਿਲ੍ਹਾ ਬਣਵਾਉਣ ਦੀ ਸੋਚੀ-ਭਾਵੇਂ ਕਿ ਹਾਲਾਤ ਹਾਲੇ ਵੀ ਐਨੇ ਸਾਜ਼ਗਾਰ ਨਹੀਂ ਸਨ। ਇਸ ਗੱਲ ਦਾ ਵਰਨਣ 10 ਦਸੰਬਰ 1828 ਈ. ਨੂੰ ਲੰਡਨ ਦੇ ਇਕ ਅਖ਼ਬਾਰ ‘ਦਿ ਮੋਰਨਿੰਗ ਹੈਰਲਡ’ ਵਿਚ ਛਪੀ ਇਕ ਖ਼ਬਰ ਵਿਚ ਮਿਲਦਾ ਹੈ, ਜਿਸ ਦੀ ਅਸਲ ਕਾਪੀ ਸਾਡੇ ਕੋਲ ਸੁਰੱਖਿਅਤ ਹੈ। ਉਹ ਰਿਪੋਰਟ ਕੁਝ ਇਸ ਤਰ੍ਹਾਂ ਹੈ, ”ਫਤਹਿ ਸਿੰਘ ਨੇ ਸ਼ਹਿਰ ਦੇ ਕੁਝ ਫ਼ਾਸਲੇ ’ਤੇ ਇਕ ਪੱਕਾ ਕਿਲ੍ਹਾ ਬਨਵਾਉਣਾ ਸੁਰੂ ਕੀਤਾ ਸੀ, ਪੰਜਾਬ ਦੇ ਹਾਕਮ (ਮਹਾਰਾਜਾ ਰਣਜੀਤ ਸਿੰਘ) ਤੋਂ ਜਦ ਵੀ ਸੰਕੇਤ ਮਿਲਿਆ ਕਿ ਇਹ ਇਸ ਦੀ ਉਸਾਰੀ ਤੋਂ ਖੁਸ਼ ਨਹੀਂ ਹੋਵੇਗਾ, ਇਸ ਦੀ ਉਸਾਰੀ ਉਸੇ ਵੇਲੇ ਹੀ ਬੰਦ ਕਰਵਾ ਦਿੱਤੀ ਗਈ ਸੀ।’’
ਰਾਜਨੀਤੀ ਠੀਕ ਹੀ ਬੜੀ ਚੀਜ਼ ਹੈ, ਹੈਰਾਨੀ ਹੁੰਦੀ ਹੈ ਕਿ ਸ਼ੇਰਿ ਪੰਜਾਬ ਨੇ 1802 ਵਿਚ ਫਤਹਿ ਸਿੰਘ ਨੂੰ ਜਦ ਆਪਣਾ ਪੱਗ ਵਟ ਭਰਾ ਹੀ ਬਣਾ ਲਿਆ ਸੀ, ਤਾਂ ਫਿਰ ਆਪਣੇ ਇਲਾਕੇ ਜਾਂ ਸ਼ਹਿਰ ਵਿਚ ਕਿਲ੍ਹਾ ਬਣਵਾੳਣ ਵਿਚ ਏਨੀ ਈਰਖਾ ਜਾਂ ਸਾੜਾ ਕਿਉਂ?
ਰਾਜਨੀਤਕ ਹਾਲਾਤ ਭਾਵੇਂ ਕਿਹੋ ਜਿਹੇ ਵੀ ਹੁੰਦੇ ਰਹੇ, ਏਥੇ ਇਹ ਗੱਲ ਸਪਸ਼ਟ ਹੈ ਕਿ ਕਪੂਰਥਲਾ ਵਾਲੇ ਸਰਦਾਰ, ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਸਮੇਂ ਸਮੇਂ ਸਿਰ ਆਪਣਾ ਸਰਦਾ ਯੋਗਦਾਨ ਪਾਉਂਦੇ ਰਹੇ। ਸ੍ਰੀ ਅਮ੍ਰਿਤਸਰ ਦੀ ਮਜ਼ਬੂਤੀ ਜਾਂ ਰਾਖੀ ਲਈ ਜਦੋਂ ਏਥੇ ਬੁੰਗੇ ਬਣਨ ਲੱਗੇ ਤਾਂ ਇਨ੍ਹਾਂ ਨੇ ਇਥੇ ‘ਬੁੰਗਾ ਆਹਲੂਵਾਲੀਆ’ 1796 ਈ. ਵਿਚ 33 ਹਜ਼ਾਰ ਰੁਪਏ ਦੀ ਲਾਗਤ ਨਾਲ ਬਣਾ ਲਿਆ ਸੀ, ਜਿਸ ਨੇ ਕਿ ਗੁਰਮਤ ਤਾਰੀਖ, ਫਲਸਫ਼ੇ ਅਤੇ ਸੰਗੀਤ ਲਈ ਬੜਾ ਕੁਝ ਕੀਤਾ। ਰਾਜਾ ਫਤਹਿ ਸਿੰਘ ਰਾਗ ਦੇ ਚੰਗੇ ਅਧਿਕਾਰੀ ਸਨ। ਆਪਣੇ ਸਮੇਂ ਉਨ੍ਹਾਂ ਨੇ ਇਸ ਦੀ ਬੜੀ ਭਰਵੀਂ ਸਰਪ੍ਰਸਤੀ ਕੀਤੀ। ਉਸ ਬੁੰਗੇ ਦਾ ਮੁੱਖ ਮੰਤਵ ਹੀ ਇਹ ਸੀ ਕਿ ਉਸ ਵਿਚ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਜਣ ਵਾਲੇ ਸਾਜ਼ਾਂ ਜਿਵੇਂ ਕਿ ਰਬਾਬ, ਮਿਰਦੰਗ ਅਤੇ ਕਛੂਆ[2] ਆਦਿ ਦੀ ਸਿਖਲਾਈ ਦਿੱਤੀ ਜਾਇਆ ਕਰੇਗੀ। ‘ਜਪੁਜੀ’, ‘ਆਸਾ ਦੀ ਵਾਰ’, ‘ਸੋਹਿਲਾ’, ‘ਸੋਦਰ’ ਵਲਾਂ ਵਿਸ਼ੇਸ਼ ਧਿਆਨ ਦਿੱਤਾ ਜਾਂਦਾ। ਇਸ ਚੀਜ਼ ਦਾ ਵਰਨਣ ਸਾਨੂੰ (The history of Indigenous Education in the Punjab since Annexation by Dr. Leitner)[3]
ਕਲਕੱਤਾ ਤੋਂ 1882 ਈ. ਵਿਚ ਛਪੀ ਕਿਤਾਬ ਵਿਚ ਵੀ ਮਿਲ ਜਾਂਦਾ ਹੈ। ਉਨ੍ਹਾਂ ਪਿਛੋਂ ਮਹਾਰਾਜਾ ਰਣਧੀਰ ਸਿੰਘ (1831-1870) ਅਤੇ ਰਾਜਾ ਬਿਕਰਮ ਸਿੰਘ (1835-1887) ਦਾ ਵਾਰਾ ਪਹਿਰਾ ਆਇਆ। ਰਾਜਾ ਬਿਕਰਮ ਸਿੰਘ ਨੂੰ ਸੰਗੀਤ ਵਿਚ ਬੇਹੱਦ ਦਿਲਚਸਪੀ ਸੀ। ਉਨ੍ਹਾਂ ਬਾਰੇ ਅਸੀਂ ਉਰਦੂ ਵਿਚ ਛਪੀ ਇਕ ਬੜੀ ਅਹਿਮ ਅਤੇ ਦੁਰਲੱਭ ਕਿਤਾਬ ਮੋਸੀਕ-ਇ-ਹਿੰਦ ਅਤੇ ਦੂਜੀ ਰੁਲੀਆ ਰਾਮ-ਮੌਸੀਕੀ-ਇ-ਹਿੰਦ; ਮਰਕਨਟਾਈਲ ਪ੍ਰੈਸ, ਲਾਹੌਰ; 1930, ਸਫ਼ਾ 68-69) (ਕਰਤਾ ਰੁਲੀਆ ਰਾਮ)[4] ਦਾ ਹਵਾਲਾ ਦਿੰਦੇ ਹਾਂ, ਜਿਹੜਾ ਇਸ ਪ੍ਰਕਾਰ ਹੈ; ”ਪੰਡਿਤ ਹਰਿਵੱਲਭ ਅਤੇ ਸਰਦਾਰ ਬਹਾਦਰ ਬਿਕਰਮ ਸਿੰਘ ਸਾਹਿਬ ਜਿਹੜੇ ਕਪੂਰਥਲਾ ਦੇ ਸ਼ਾਹੀ ਖਾਨਦਾਨ ਨਾਲ ਸਬੰਧ ਰੱਖਦੇ ਸਨ, ਉਹ ਦੋਵੇਂ ਮੀਰ ਨਿਸਾਰ ਅਹਿਮਦ[5] (ਜਿਹੜੇ ਸਿੱਧੇ ਮੀਆਂ ਤਾਨਸੈਨ ਦੇ ਵੰਸ਼ ਵਿਚੋਂ ਸਨ)ਦੇ ਸ਼ਾਗਿਰਦ ਰਸ਼ੀਦ ਸਨ। ਸਰਦਾਰ ਬਿਕਰਮ ਸਿੰਘ ਸਾਹਿਬ ਦੇ ਸਾਹਿਬਜ਼ਾਦੇ ਪ੍ਰਤਾਪ ਸਿੰਘ -ਸਵ: (1870-1911) ਰਾਗ ਦੇ ਬੜੇ ਮਾਹਿਰ ਸਨ ਅਤੇ ਸਰਦਾਰ ਦਲਜੀਤ ਸਿੰਘ (1874-1948) ਸਾਹਿਬ ਨੂੰ ਵੀ ਇਸ ਫ਼ਨ ਵਿਚ ਕਮਾਲ ਹਾਸਲ ਸੀ ਅਤੇ ਸਰ ਪ੍ਰਤਾਪ ਸਿੰਘ ਸਾਹਿਬ ਦੇ ਸਾਹਿਬਜ਼ਾਦੇ ਕੈਪਟਨ ਜਸਜੀਤ ਸਿੰਘ ਵੀ ਇਸ ਕਲਾ ਵਿਚ ਆਲਾ ਦਰਜੇ ਦੀ ਕਾਬਲੀਅਤ ਰੱਖਦੇ ਹਨ। ਦੀਵਾਨ ਅਜੀਜ਼ ਬਖਸ਼ ਸਾਹਿਬ ਮਰਹੂਮ ਸਿਤਾਰ ਬਹੁਤ ਹੀ ਅੱਛੀ ਵਜਾਉਂਦੇ ਸਨ।’’
”ਕਪੂਰਥਲਾ ਅਤੇ ਜਲੰਧਰ ਵਿਚ ਇਕ ਹੋਰ ਬੜਾ ਖ਼ਾਨਦਾਨ ਹੈ ਜਿਹੜਾ ਇਸ ਕਲਾ (ਸੰਗੀਤ) ਵਿਚ ਬੜੀ ਮੁਹਾਰਤ ਰੱਖਦਾ ਹੈ। ਉਹ ਮੀਆਂ ਗੁਲਾਮ ਜੀਲਾਨੀ (ਸਾਲ ਵਫ਼ਾਤ-1878) ਦਾ ਖਾਨਦਾਨ ਹੈ। ਉਨ੍ਹਾਂ ਦੇ ਸਾਹਿਬਜ਼ਾਦੇ ਮੀਆਂ ਫੈਜ਼ ਮੁਹੰਮਦ, ਮੀਆਂ ਤਾਜ ਮੁਹੰਮਦ ਅਤੇ ਮੀਆਂ ਚਿਰਾਗ ਮੁਹੰਮਦ ਇਸ ਫ਼ਨ ਵਿਚ ਲਾਸਾਨੀ ਸ਼ੁਮਾਰ ਕੀਤੇ ਜਾਂਦੇ ਹਨ। ਉਨ੍ਹਾਂ ਵਿਚੋਂ ਫੈਜ਼ ਮੁਹੰਮਦ ਸਿਤਾਰ ਅਤੇ ਹਾਰਮੋਨੀਅਮ ਵਜਾਉਣ ਵਿਚ ਬੜੇ ਮਾਹਿਰ ਹਨ ਅਤੇ ਮੀਆਂ ਚਿਰਾਗ ਮੁਹੰਮਦ, ਜਿਹੜੇ ਅਜੇ ਜਿਉਂਦੇ ਹਨ, ਉਨ੍ਹਾਂ ਦੀ ਗਿਣਤੀ ਮੁਸੱਲਮ ਉਸਤਾਦਾਂ ਵਿਚ ਹੁੰਦੀ ਹੈ।’’
ਅਸਲ ਵਿਚ 1857 ਈ. ਦੇ ਗ਼ਦਰ ਪਿੱਛੋਂ ਅੰਗਰੇਜ਼ਾਂ ਨੇ ਜਦੋਂ ਮੁਗ਼ਲਾਂ ਦੇ ਆਖ਼ਰੀ ਤਾਜਦਾਰ ਬਾਦਸ਼ਾਹ ਬਹਾਦਰ ਸ਼ਾਹ ਜ਼ਫਰ ਨੂੰ ਕੈਦੀ ਬਣਾ ਕੇ ਰੰਗੂਨ ਭੇਜ ਦਿੱਤਾ ਤਾਂ ਉਸਦੇ ਨਾਲ ਉਸ ਦੇ ਉਸਤਾਦ ਮੀਆਂ ਤਾਨ ਰਸ ਖਾਂ ਨੂੰ ਸਣੇ ਸੱਯਦ ਨਿਰਮਲ ਸ਼ਾਹ ਦੇ ਪੁੱਤਰ ਮੀਰ ਨਾਸਿਰ ਅਹਿਮਦ ਨੂੰ ਵੀ ਫੜ ਕੇ ਉਸ ਦੇ ਨਾਲ ਹੀ ਬੰਦੀ ਬਣਾ ਕੇ ਰੱਖਿਆ ਗਿਆ ਸੀ। ਕਪੂਰਥਲਾ ਦੇ ਮਹਾਰਾਜਾ ਰਣਧੀਰ ਸਿੰਘ/ਬਿਕਰਮ ਸਿੰਘ ਹੋਰਾਂ ਦੀ ਗ਼ਦਰ ਸਮੇਂ ਦਿੱਤੀ ਗਈ ਮਦਦ ਸਦਕਾ ਅੰਗਰੇਜ਼ਾਂ ਨਾਲ ਚੰਗੀ ਬਣਦੀ ਸੀ। ਉਸ ਸਮੇਂ ਉਨ੍ਹਾਂ ਨੇ ਅੰਗਰੇਜ਼ਾਂ ਨੂੰ ਇਹ ਕਹਿ ਕੇ ਕਿ ਮੀਰ ਨਾਸਿਰ ਹੋਰਾਂ ਜਾਂ ਦੂਜੇ ਕਲਾਕਾਰਾਂ ਦਾ ਸਿਆਸਤ ਨਾਲ ਕੋਈ ਦੂਰ ਦਾ ਵੀ ਸਬੰਧ ਨਹੀਂ, ਬਲਕਿ ਸੰਗੀਤਕਾਰ ਹੋਣ ਵਜੋਂ ਮੁਗਲ ਸਲਤਨਤ ਵਿਚ ਉਹ ‘ਨੌਰਤਨਾਂ’ (ਵਜ਼ੀਰਾਂ) ਵਿਚ ਸ਼ਾਮਲ ਸਨ-ਆਪਣੀ ਜ਼ਾਮਨੀ ਦੇ ਕੇ ਉਨ੍ਹਾਂ ਨੂੰ ਉਥੋਂ ਛੁਡਵਾ ਕੇ ਆਪਣੇ ਨਾਲ ਪੰਜਾਬ ਲੈ ਆਂਦਾ ਸੀ। ਇਹ ਏਸੇ ਥਾਂ ਹੀ ਸੀ ਕਿ ਰਾਜਾ ਬਿਕਰਮ ਸਿੰਘ ਅਤੇ ਬਾਬਾ ਹਰਿਵੱਲਭ ਆਪ ਦੇ ਸ਼ਾਗਿਰਦ ਹੋ ਗਏ ਸਨ।
1857 ਦੇ ਗ਼ਦਰ ਪਿਛੋਂ ਮੁਗਲੀਆ ਸਲਤਨਤ ਖੇਰੂੰ ਖੇਰੂੰ ਹੋਣ ਕਾਰਨ, ਪੰਜਾਬ ਦੀਆਂ ਕੁਝ ਰਿਆਸਤਾਂ, ਲਖਨਊ ਅਤੇ ਰਾਮਪੁਰ ਆਦਿ ਵਾਂਗ ਚਾਹੁੰਦੀਆਂ ਸਨ ਕਿ ਉਨ੍ਹਾਂ ਦੇ ਦਰਬਾਰ ਦੇ ਜੱਦੀ ਪੁਸ਼ਤੀ ਕੁਝ ਸੰਗੀਤਕਾਰ, ਚਿੱਤਰਕਾਰ, ਖਾਨਸਾਮੇ (ਬਾਵਰਚੀ) ਅਤੇ ਸ਼ਾਇਰ ਆਦਿ ਆਪਣੀ ਰਿਆਸਤ ’ਚ ਲਿਆ ਕੇ ਅਪਣੇ ਵੱਕਾਰ ’ਚ ਵਾਧਾ ਕੀਤਾ ਜਾਵੇ। ਉਸ ਦੌਰ ’ਚ ਮਿਰਜ਼ਾ ਗਾਲਿਬ ਵਾਂਗ ਮੋਮਿਨ (1800-1882) ਵੀ ਉਰਦੂ ਦਾ ਇਕ ਬੜਾ ਤਕੜਾ ਅਤੇ ਚਰਚਿਤ ਗ਼ਜ਼ਲਗੋ ਸੀ।
”ਜਿਸੇ ਆਪ ਗਿਨਤੇ ਥੇ ਆਸ਼ਨਾ, ਜਿਸੇ ਆਪ ਕਹਿਤੇ ਥੇ ਬਾਵਫ਼ਾ,
ਮੈਂ ਵੋਹੀ ਹੂੰ ਮੋਮਿਨ ਮੁਬਤਲਾ, ਤੁਮਹੇਂ ਯਾਦ ਹੋ ਕਿ ਨਾ ਯਾਦ ਹੋ।’’
ਉਸਦਾ ਇਹ ਸ਼ਿਅਰ ਉਰਦੂ ਹਲਕਿਆਂ ’ਚ ਬੜਾ ਮਕਬੂਲ ਸੀ। ਇਹ ਉਹ ਹੀ ਸ਼ਾਇਰ ਸੀ ਜਿਸਨੂੰ ਕਿ ਮਹਾਰਾਜਾ ਪਟਿਆਲਾ ਕਰਮ ਸਿੰਘ ਦਾ ਭਰਾ ਅਜੀਤ ਸਿੰਘ ਨੇ, ਜਿਹੜਾ ਉਨ੍ਹੀਂ ਦਿਨੀਂ ਦਿੱਲੀ ਰਹਿੰਦਾ ਸੀ ਅਤੇ ਜਿਸਦੀਆਂ ਸਖਾਵਤਾਂ ਅਤੇ ਸ਼ਾਹਖ਼ਰਚੀਆਂ ਦੀ ਧੂਮ ਸਾਰੇ ਸ਼ਹਿਰ ’ਚ ਫੈਲੀ ਹੋਈ ਸੀ, ਨੇ ਇਕ ਵੇਰ ਉਸਨੂੰ ਇਨਾਮ ਵਜੋਂ ਇਕ ਹਥਣੀ ਦਿੱਤੀ ਸੀ। ਉੱਚਾ ਸ਼ਾਇਰ ਤਾਂ ਉਹ ਸੀ ਹੀ, ਉਸਦੀ ਗ਼ੈਰਤ ਇਸ ਤੋਂ ਵੀ ਹੋਰ ਉੱਚੀ ਸੀ। ਛੁੱਟ ਰਾਜਾ ਅਜੀਤ ਸਿੰਘ ਦੇ, ਸਾਰੀ ਉਮਰ ਉਸਨੇ ਕਿਸੇ ਦੀ ਤਾਰੀਫ਼ ’ਚ ਕਦੇ ਕੋਈ ਕਸੀਦਾ ਨਹੀਂ ਸੀ ਲਿਖਿਆ। ਹੁਣ ਮਹਾਰਾਜਾ ਕਪੂਰਥਲਾ ਚਾਹੁੰਦੇ ਸਨ ਕਿ ਉਹ ਉਸ ਨੂੰ ਆਪਣੇ ਕੋਲ ਸੱਦ ਲੈਣ। ਇਸ ਦਾ ਸਾਰਾ ਇੰਤਜ਼ਾਮ ਕਰ ਲਿਆ ਗਿਆ ਸੀ। ਉਰਦੂ ਦੀ ਕਿਤਾਬ ‘ਆਬਿ-ਹਯਾਤ’ ਦਾ ਕਰਤਾ, ਮੁਹੰਮਦ ਹੁਸੈਨ ਆਜ਼ਾਦ ਆਪਣੀ ਲਿਖਤ ’ਚ ਇਸ ਘਟਨਾ ਦਾ ਵਰਨਣ ਕੁਝ ਇਸ ਤਰ੍ਹਾਂ ਕਰਦਾ ਹੈ, ”ਰਾਜਾ ਕਪੂਰਥਲਾ ਨੇ ਉਸਨੂੰ ਸਾਢੇ ਤਿੰਨ ਸੌ ਰੁਪਏ ਮਹੀਨੇ ਕਰ ਕੇ ਬੁਲਾਇਆ। ਹਜ਼ਾਰ ਰੁਪਿਆ ਸਫ਼ਰ ਦੇ ਖ਼ਰਚ ਲਈ ਵੀ ਭੇਜ ਦਿੱਤਾ। ਉਹ ਆਉਣ ਲਈ ਤਿਆਰ ਵੀ ਹੋ ਗਿਆ, ਪਰ ਜਦ ਹੀ ਉਸਨੂੰ ਇਸ ਗੱਲ ਦਾ ਇਲਮ ਹੋਇਆ ਕਿ ਉਥੇ ਇਕ ਗਵੱਈਏ ਦੀ ਤਨਖ਼ਾਹ ਵੀ ਐਨੀ ਹੈ ਤਾਂ ਉਹ ਇਹ ਗੱਲ ਕਹਿ ਕੇ ਅੜ ਗਿਆ ਕਿ ਜਿਥੇ ਮੇਰੀ ਅਤੇ ਇਕ ਗਵੱਈਏ ਦੀ ਬਰਾਬਰ ਤਨਖਾਹ ਹੋਵੇ-ਉਥੇ ਮੈਂ ਨਹੀਂ ਜਾਂਦਾ।’’[6]
ਮੋਮਿਨ ਇਸ ਰਿਆਸਤ ’ਚ ਆਇਆ ਜਾਂ ਨਾ, ਤਾਂ ਵੀ ਹੁਣ ਤਕ ਇਸ ਰਿਆਸਤ ’ਚ ਅੱਛੇ ਖਾਸ ਗੁਣੀਜਨ ਇਕੱਠੇ ਹੋ ਚੁੱਕੇ ਸਨ। ਮੀਰ ਨਾਸਿਰ ਸਾਹਿਬ, ਆਪਣੇ ਦੋਵੇਂ ਬੇਟਿਆਂ ਮੀਰ ਅਬਦੁਰ-ਰਹਿਮਾਨ ਅਤੇ ਮੀਰ ਰਹਿਮਤ ਅਲੀ ਸਮੇਤ 1870 ਈ. ਅਰਥਾਤ ਮਹਾਰਾਜਾ ਰਣਧੀਰ ਸਿੰਘ ਦੇ ਅਕਾਲ ਚਲਾਣੇ ਤਕ, ਪਹਿਲਾਂ ਤਾਂ ਕਪੂਰਥਲਾ ਹੀ ਰਹਿੰਦੇ ਰਹੇ, ਪਰ ਪਿਛੋਂ ਰਾਜਾ ਨਿਹਾਲ ਸਿੰਘ ਵਲੋਂ ਬਣਾਈ ਗਈ ਇਕ ਵਸੀਅਤ (ਰੁਜ;;) ਦੇ ਜਾਇਦਾਦੀ ਝਗੜੇ ਕਰਕੇ, ਰਾਜਾ ਬਿਕਰਮ ਸਿੰਘ ਨਾਲ ਉਹ ਅੰਗਰੇਜ਼ੀ ਇਲਾਕੇ ਭਾਵ ਜਲੰਧਰ ਸ਼ਹਿਰ ਵਿਚ ਆ ਵਸੇ, ਜਿਥੇ ਮਾਈਂ ਹੀਰਾਂ ਗੇਟ ਦੇ ਪਿਛਲੇ ਪਾਸੇ ਉਨ੍ਹਾਂ ਦੇ ਨਾਂ ’ਤੇ ਵੱਜਦਾ ਮੁਹੱਲਾ ਬਿਕਰਮਪੁਰਾ ਅੱਜ ਵੀ ਮੌਜੂਦ ਹੈ। ਪਾਠਕਾਂ ਨੂੰ ਇਸ ਗੱਲ ਦਾ ਖ਼ਬਰੇ ਗਿਆਨ ਹੀ ਹੋਵੇਗਾ ਕਿ ਜਲੰਧਰ ਸ਼ਹਿਰ ਦੀ ਬਹੁਤੀ ਜ਼ਮੀਨ, ਸਮੇਤ ਇਸ ਦੀਆਂ ਬਾਰਾਂ ਬਸਤੀਆਂ ਦੇ, ਕਾਗ਼ਜਾਂ ਪੱਤਰਾਂ ਵਿਚ ਕਪੂਰਥਲਾ ਨਾਲ ਹੀ ਸਬੰਧਿਤ ਸੀ, ਜਿਵੇਂ ਕਿ ਹੁਸ਼ਿਆਰਪੁਰ ਜ਼ਿਲ੍ਹੇ ਦਾ ਪ੍ਰਸਿੱਧ ਕਸਬਾ ਭੁੰਗਾ ਵੀ, ਜਿਥੇ ਕਿ ਰਿਆਸਤ ਵਲੋਂ ਸੰਗੀਤ ਦੀ ਇਕ ਟਕਸਾਲ ਵੀ ਚਲਾਈ ਜਾਂਦੀ ਸੀ। ਮੁਹੱਲਾ ਬਿਕਰਮਪੁਰਾ ਜਲੰਧਰ ਤੋਂ ਦੇਵੀ ਤਲਾਬ, ਜਿਥੇ ਕਿ ਉੱਤਰੀ ਹਿੰਦੁਸਤਾਨ ਦਾ ਸਭ ਤੋਂ ਵੱਡਾ ਸੰਗੀਤ ਮੇਲਾ ਹਰਿਵੱਲਭ ਲੱਗਦਾ ਹੈ, ਦਾ ਫ਼ਾਸਲਾ ਮਸਾਂ ਨਾਂ-ਮਾਤਰ ਹੈ। ਹੁਣ ਦੇਖੋ ਹਾਲਾਤ ਦੀਆਂ ਸੂਈਆਂ ਕਿਵੇਂ ਘੁੰਮਦੀਆਂ ਹਨ। ਰਿਆਸਤ ਕਪੂਰਥਲਾ ਦੇ ਰਾਜਾ ਬਿਕਰਮ ਸਿੰਘ ਅਤੇ ਸ੍ਵਾਮੀ ਹਰਿਵੱਲਭ, ਰਿਆਸਤ ਦੀਆਂ ਕਲਾਵਾਂ ਦੇ ਵਜ਼ੀਰ ਅਰਥਾਤ ਮੀਰ ਨਾਸਿਰ ਅਹਿਮਦ ਦੇ ਸ਼ਾਗਿਰਦ ਹਨ, ਪਰ ਉਸ ਤੋਂ ਕੁਝ ਸਮਾਂ ਬਾਅਦ ਜਿਹੜੇ ਕਿ ਇਸ ਰਿਆਸਤ ਦੇ ਚੀਫ਼ ਭਾਵ ਦੀਵਾਨ ਅਜੀਜ਼ ਬਖ਼ਸ਼ ਬਣੇ (ਜਿਹੜੇ ਕਿ ਅਸਲ ਵਿਚ ਜਲੰਧਰ ਦੀ ਬਸਤੀ ਦਾਨਿਸ਼ਮੰਦਾਂ ਦੇ ਵਸਨੀਕ ਸਨ) ਉਹ ਸ੍ਵਾਮੀ ਹਰਿਵੱਲਭ ਦੇ ਸ਼ਾਗਿਰਦ ਬਣ ਜਾਂਦੇ ਹਨ। ਆਪਣੇ ਸਮਿਆਂ ਦੇ ਉਹ ਬੜੇ ਅੱਛੇ ਸਿਤਾਰ ਨਵਾਜ਼ ਸਨ।
ਬਦਲਦੇ ਹਾਲਾਤ ਅਨੁਸਾਰ, ਹੁਣ ਨੌਬਤ ਏਥੇ ਤੱਕ ਆ ਜਾਂਦੀ ਹੈ ਕਿ ਸ੍ਵਾਮੀ ਹਰਿਵੱਲਭ ਜੀ, ਹੁਸ਼ਿਆਰਪੁਰ ਜ਼ਿਲ੍ਹੇ ਦੇ ਪ੍ਰਸਿੱਧ ਕਸਬੇ ਬਜਵਾੜਾ ਨਿਵਾਸੀ, ਜਿਹੜੇ ਹੁਣ ਤੱਕ ਪੱਕੇ ਤੌਰ ’ਤੇ ਜਲੰਧਰ ਆਣ ਟਿਕੇ ਸਨ, ਆਪਣੇ ਗੁਰੂ ਜੀ ਦੀ ਯਾਦ ਵਿਚ ਇਕ ਸੰਗੀਤ ਸੰਮੇਲਨ ਕਰਵਾਉਣਾ ਚਾਹੁੰਦੇ ਹਨ। ਉਹ ਇਸ ਗੱਲ ਦੀ ਚਾਹਨਾ ਮੀਰ ਸਾਹਿਬ ਅੱਗੇ ਪ੍ਰਗਟ ਕਰਦੇ ਹਨ, ਜਿਨ੍ਹਾਂ ਦੇ ਉਹ ਸ਼ਾਗਿਰਦ ਸਨ। ਓਧਰੋਂ ਕਪੂਰਥਲਾ ਰਿਆਸਤ ਦਾ ਚੀਫ਼ ਮਨਿਸਟਰ ਦੀਵਾਨ ਅਜੀਜ਼ ਬਖ਼ਸ਼ ਖੁਦ ਹਰਿਵੱਲਭ ਦਾ ਆਪਣਾ ਸ਼ਾਗਿਰਦ ਹੈ, ਜਦ ਕਿ ਅਜੀਜ਼ ਬਖਸ਼ ਦਾ ਛੋਟਾ ਭਰਾ ਅਬਦੁਲ ਹੱਕ, ਰਿਆਸਤ ਦਾ ਰੈਵਿਨਿਊ ਮਨਿਸਟਰ ਹੈ। ਤਾਂ ਫਿਰ ਕਸਰ ਕਿਹੜੀ ਗੱਲ ਦੀ ਰਹਿ ਗਈ? ਮੇਲਾ ਕਰਵਾਉਣ ਦੀਆਂ ਪੂਰੇ ਜੋਸ਼-ਖਰੋਸ਼ ਨਾਲ ਤਿਆਰੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ, ਜਿਸ ਵਿਚ ਰਾਜਾ ਬਿਕਰਮ ਸਿੰਘ, ਉਸਦੇ ਭਰਾ ਕੌਰ ਸੁਚੇਤ ਸਿੰਘ (1837-?) ਸਮੇਤ ਦੀਵਾਨ ਅਜ਼ੀਜ਼ ਬਖ਼ਸ਼ ਦੇ ਵਧ ਚੜ੍ਹ ਕੇ ਹਿੱਸਾ ਲੈਂਦੇ ਹਨ। ਜਲੰਧਰ ਦੇ ਦੇਵੀ ਤਲਾਬ ਵਿਚ ਸਭ ਤੋਂ ਪਹਿਲਾਂ ਮੇਲਾ 1874-75 ਈ. ਵਿਚ ਲੱਗਣਾ ਸ਼ੁਰੂ ਹੋ ਜਾਂਦਾ ਹੈ, ਜਿਹੜਾ ਪਿਛੋਂ ਇਕ ਬਹੁਤ ਵੱਡੇ ਮੇਲੇ ਦਾ ਰੂਪ ਧਾਰਨ ਕਰ ਲੈਂਦਾ ਹੈ।
ਸੋ ਕਪੂਰਥਲਾ ਦੇ ਰਾਜ ਘਰਾਣੇ ਦੀ ਕੀ ਇਹ ਛੋਟੀ ਦੇਣ ਹੈ ਕਿ ਇਸ ਨੇ ਉੱਤਰੀ ਭਾਰਤ ਵਿਚ ਸਭ ਤੋਂ ਵੱਡੇ ਹੋਣ ਵਾਲੇ ਇਸ ਸੰਗੀਤ ਸੰਮੇਲਨ ਦੇ ਸ਼ੁਰੂਆਤੀ ਸਾਲਾਂ ਵਿਚ ਅਹਿਮ ਭੂਮਿਕਾ ਨਿਭਾਈ ਸੀ। ਪਟਿਆਲਾ ਦੇ ਡਾ. ਮ੍ਰਿਗਿੰਦਰ ਸਿੰਘ ਜੀ ਦੇ ਦੱਸਣ ਅਨੁਸਾਰ, ਇਹ ਏਸੇ ਸੰਗੀਤ ਸੰਮੇਲਨ ਦੇ ਇਕ ਮੌਕੇ ’ਤੇ ਹੀ ਸੀ ਕਿ ਭਾਈ ਮਰਦਾਨਾ ਜੀ ਦੇ ਗੁਰੂ ਭਾਈ ਫ਼ਰਿੰਦੇ ਦੇ ਬੰਸ ਵਿਚੋਂ ਭਾਈ ਮਹਿਬੂਬ ਅਲੀ ਉਰਫ਼ ਬੂਬਾ ਰਬਾਬੀ (1854-1946) ਨੇ ਮੀਰ ਰਹਿਮਤ ਅਲੀ ਦੀ ਸ਼ਾਹੀ ਸੁਰਬਹਾਰ ਸੁਣ ਕੇ ਉਨ੍ਹਾਂ ਦੀ ਸ਼ਾਗਿਰਦੀ ਕਰ ਲਈ ਸੀ। ਮੀਆਂ ਅਜ਼ੀਜ਼ ਬਖ਼ਸ਼ ਦੇ ਅਜੋਕੇ ਵੰਸ਼ਜ ਮੀਆਂ ਜ਼ਿਆਉਲ ਹੱਕ, ਜਿਹੜੇ ਅੱਜਕਲ੍ਹ ਲੰਡਨ ਰਹਿ ਰਹੇ ਹਨ ਅਤੇ ਇਸ ਲੇਖਕ ਨਾਲ ਉਹਨਾਂ ਦੀਆਂ ਕੁਝ ਮੁਲਾਕਾਤਾਂ ਵੀ ਹੁੰਦੀਆਂ ਰਹੀਆਂ ਹਨ, ਇਸ ਗੱਲ ਦਾ ਦਾਅਵਾ ਅੱਜ ਵੀ ਬੜੇ ਮਾਣ ਨਾਲ ਕਰਦੇ ਹਨ ਕਿ ਸਾਡੇ ਪੜਦਾਦੇ ਮੀਆਂ ਅਜ਼ੀਜ਼ ਬਖ਼ਸ਼ ਹਰਿਵੱਲਭ ਸੰਗੀਤ ਮੇਲੇ ਦੇ ਮੋਢੀ ਸੰਚਾਲਕਾਂ ਵਿਚੋਂ ਸਨ। ਆਪਣੀਆਂ ਪੁਰਾਣੀਆਂ ਯਾਦਾਂ ਦੇ ਰੌਂ ਵਿਚ ਡੁੱਬਦਿਆਂ, ਉਹ ਇਹ ਵੀ ਦੱਸਦੇ ਹਨ, ”ਸਾਡੇ ਪੜਦਾਦਾ ਮੀਆਂ ਅਜ਼ੀਜ਼ ਬਖ਼ਸ਼ ਨੇ ਕਪੂਰਥਲੇ ਆਪਣੇ ਰਹਿਣ ਲਈ ਦੋ ਮੰਜ਼ਿਲਾ ”ਅਜ਼ੀਜ਼ ਮੰਜ਼ਿਲ’’ ਬੜੇ ਸ਼ੌਕ ਨਾਲ ਬਣਵਾਈ ਸੀ ਜਿਸ ਦੁਆਲੇ ਤੇਈ ਏਕੜ ਬਾਗ ਸੀ। ਪਾਕਿਸਤਾਨ ਬਣਨ ਸਮੇਂ, ਆਪਣੇ ਪੁਰਖਾਂ ਦੀਆਂ ਤਿੰਨ ਚਾਰ ਸਿਤਾਰਾਂ ਤਾਂ ਉਦੋਂ ਅਸੀਂ ਤੋਸ਼ੇਖਾਨੇ ’ਚ ਜਮ੍ਹਾ ਕਰਵਾ ਆਏ ਸਾਂ, ਪਰ ਬਾਬਾ ਹਰਿਵੱਲਭ ਵੱਲੋਂ ਭੇਂਟ ਕੀਤਾ ਗਿਆ ਤੰਬੂਰਾ ਅਤੇ ਕੁਝ ਹੋਰ ਸਾਜ਼ ਆਪਣੀ ਉਸ ਕੋਠੀ ਵਿਚ ਹੀ ਛੱਡ ਆਏ ਸਾਂ। ਆਪਣੇ ਅਸਰ-ਰਸੂਖ਼ ਨਾਲ ਉਹ ਨਿਸ਼ਾਨੀਆਂ ਕਿਸੇ ਤਰ੍ਹਾਂ ਤੁਸੀਂ ਸਾਨੂੰ ਜ਼ਰੂਰ ਲੈ ਕੇ ਦਿਓ।’’
ਕਪੂਰਥਲਾ ਦੇ ਰਾਜ ਘਰਾਣੇ ਵਾਸਤੇ ਜਿਹੜੀ ਸਭ ਤੋਂ ਵੱਡੇ ਗੌਰਵ ਵਾਲੀ ਗੱਲ ਹੈ, ਉਹ ਇਹ ਹੈ ਕਿ ਮੀਆਂ ਤਾਨ ਸੈਨ ਦੇ ਦਸਤਖ਼ਤਾਂ ਵਾਲੀ ਸੰਗੀਤ ਸਬੰਧੀ ਇਕ ਨਾਯਾਬ ਪੁਸਤਕ, ਨਿਆਮਤ ਖਾਂ ਸਦਾਰੰਗੀ ਦੀ ਇਕ ਸਰਸਵਤੀ ਵੀਣਾ ਅਤੇ ਤਾਨ ਸੈਨ ਦੇ ਪੜਪੋਤੇ ਮੀਆਂ ਹਸਨ ਖ਼ਾਂ ਦੀ ਇਕ ਰਬਾਬ… ਇਹ ਸਭ ਦੁਰਲੱਭ ਚੀਜ਼ਾਂ ਇਨ੍ਹਾਂ ਕੋਲ ਅੱਜ ਵੀ ਸਾਂਭੀਆਂ ਪਈਆਂ ਹਨ। ਕਪੂਰਥਲਾ ਦੇ ਕਲਾਕਾਰਾਂ ਦਾ, ਕਰਤਾਰਪੁਰੀਏ ਰਬਾਬੀ ਹੋਣ ਕਰਕੇ, ਮੂਲ ਭਾਵੇਂ ਰਬਾਬੀ ਖ਼ਾਨਦਾਨ ਹੀ ਸੀ, ਪਰ ਇਨ੍ਹਾਂ ਦਾ ਘਰਾਣਾ ਉਂਝ ਡਾਗਰ ਬਾਣੀ ਵਧੇਰੇ ਗਾਇਨ ਕਰਕੇ, ਇਹ ਡਾਗਰ ਵੀ ਅਖਵਾਏ। ਮੁੱਖ ਕਾਰਨ ਇਹ ਸੀ ਕਿ ਇਨ੍ਹਾਂ ਦਾ ਬਾਨੀ ਇਕ ਸੂਫ਼ੀ ਦਰਵੇਸ਼ ਸਾਈਂ ਅਲੀਅਸ (ਉਰਦੂ ਜੁਬਾਨ ਵਾਲੇ ਉਸਨੂੰ ‘ਅਲਿਆਸ’ ਵੀ ਆਖਦੇ ਹਨ) ਸੀ, ਜਿਹੜਾ ਡਾਗਰਾਂ ਨਾਲ ਸਬੰਧਤ ਸੀ। ਸੰਗੀਤ ਦੀ ਦੁਨੀਆਂ ਵਿਚ ਹਜ਼ਾਰਾਂ ਧਰੁਪਦਾਂ ਦੀਆਂ ਬੰਦਿਸ਼ਾਂ ਬੰਨ੍ਹਣ ਕਾਰਨ ਉਹ ਬੜਾ ਲੋਕ-ਪ੍ਰਿਯ ਸੀ ਅਤੇ ਇਸ ਖੇਤਰ ਵਿਚ ਉਸਨੂੰ ਇਕ ‘ਨਾਇਕ’ ਦਾ ਦਰਜਾ ਪ੍ਰਾਪਤ ਸੀ। ਕਈ ਉਸਤਾਦ ਲੋਕ ਅੱਜ ਵੀ ਉਸਦਾ ਕਲਾਮ ਬੜੇ ਸਤਿਕਾਰ ਨਾਲ ਗਾਉਂਦੇ ਹਨ। ਹੁਣ ਦੇਖੋ ਆਦ ਨਾਦ ਦੇ ਪਾਕ ਪਵਿੱਤਰ ਪ੍ਰਸਾਦਿ ਦੀ ਭੀਖ ਉਹ ਕਿੰਨ੍ਹਾਂ ਸ਼ਬਦਾਂ ਰਾਹੀਂ ਮੰਗਦਾ ਹੈ:
”ਨਮੋ ਨਮੋ ਅਲਿਆਸ ਸਾਈਂ ਕਿਰਪਾ ਨਿਧਾਨ, ਸੁਖ ਸਾਗਰ,
ਆਦ ਨਾਦ ਵੇਦ ਮੋਹੇ ਦੀਜੋ ਦਾਨ ਸੁਆਮੀ ਡਾਗਰ।’’
ਰੱਬ ਜਾਣੇ ਇਹ ਗੱਲ ਕਿਥੋਂ ਤਕ ਸੱਚ ਹੈ, ਪਰ ਤਲਵੰਡੀ ਘਰਾਣੇ ਵਾਲੇ ਉਸਤਾਦ ਹਫ਼ੀਜ਼ ਖਾਂ, ਜਿਹੜੇ ਕਿ ਆਪਣੇ ਖਾਨਦਾਨ ਵਿਚੋਂ ਇਕ ਸੌ ਚੌਂਤੀਵੇ ਫ਼ਨਕਾਰ ਹਨ, ਇਸ ਗੱਲ ਦਾ ਦਾਅਵਾ ਕਰਦੇ ਹਨ ਕਿ ਉਹ ਸਾਡੇ ਘਰਾਣੇ ਦੇ ਸ਼ਾਗਿਰਦ ਹਨ। ਉਂਝ ਜੇਕਰ ਦੇਖਿਆ ਜਾਵੇ ਤਾਂ ਤਲਵੰਡੀ ਵਾਲੇ ਖੰਡਾਰੀ ਬਾਣੀ ਗਾਉਂਦੇ ਹਨ, ਡਾਗਰੀ ਨਹੀਂ। ਖ਼ੈਰ! ਉਨ੍ਹਾਂ ਦੇ ਪਿਛੋਂ ਕਪੂਰਥਲਾ ਦੇ ਕਲਾਕਾਰਾਂ ਦੀ ਛੋਟੀ ਜਿਹੀ ਲਿਸਟ ਇਸ ਪ੍ਰਕਾਰ ਹੈ:
1. ਭਾਈ ਮਹਿਬੂਬ ਅਲੀ ਰਬਾਬੀ
2. ਮੀਆਂ ਬਰਕਤ ਅਲੀ
3. ਗੁਲਾਮ ਅਲੀ
4. ਫ਼ਤਹਿ ਅਲੀ ਸਿਤਾਰ ਨਵਾਜ਼
5. ਅਬਦੁਲ ਗ਼ਨੀ
6. ਗ਼ੁਲਾਮ ਮੁਹੱਈਉਦੀਨ ਉਰਫ਼ ਗਾਮੀ ਖਾਂ ਸਿਤਾਰ ਨਵਾਜ਼
7. ਭਾਈ ਇਨਾਇਤ ਅਲੀ ਸਿਤਾਰ ਨਵਾਜ਼
8. ਭਾਈ ਨਿਆਜ਼ ਅਲੀ ਸਿਤਾਰੀਆ
9. ਭਾਈ ਅੱਲਾ ਦਿੱਤਾ ਕੱਵਾਲ
10. ਭਾਈ ਪੀਲੂ (ਧਰੁੱਪਦ ਅਤੇ ਖ਼ਿਆਲ ਗਾਇਕ)
11. ਆਸ਼ਕ ਅਲੀ ਖ਼ਾਂ ਮਨਜ਼ੂਰ ਹੁਸੈਨ ਕੱਵਾਲ
(ਸੰਗੀਤ ਨਿਰਦੇਸ਼ਕ)
12. ਅਬਦੁਲ ਰਹੀਮ ਖ਼ਾਂ
13. ਪ੍ਰੋ: ਦਿਲ ਮੁਹੰਮਦ ਖਾਂ (ਪ੍ਰੋ: ਸਾਹਿਬ ਸਾਈਂ ਅਲਿਆਸ ਦੇ
ਵੰਸ਼ ਵਿਚੋਂ ਸਨ ਅਤੇ ਉਨ੍ਹਾਂ ਦੇ ਦੋਹਤੇ ਲਗਦੇ ਸਨ)
14. ਹਾਜੀ ਮਹਿਬੂਬ ਕੱਵਾਲ ਗੋਲੜ੍ਹਾ ਸ਼ਰੀਫ਼ (ਇਹ ਭਾਈ
ਮਹਿਬੂਬ ਅਲੀ ਦੇ ਸ਼ਾਗਿਰਦ ਸਨ)
15. ਬਾਬਾ ਬਰਕਤ ਅਲੀ ਉਰਫ਼ ਬੱਖੂ ਖ਼ਾਂ-ਬਹੁਤ ਸੁਰੀਲੇ ਸਨ-
ਮੀਆਂ ਕਰੀਮ ਬਖ਼ਸ਼ ਸ਼ਾਮ ਚੁਰਾਸੀ ਵਾਲਿਆਂ ਦੇ ਸ਼ਾਗਿਰਦ
ਸਨ
16.ਨਿਆਮਤ ਅਲੀ ਖਾਂ ਸਾਹਿਬ ਧਰੁੱਪਦ ਗਾਇਕ
17. ਅੱਲਾ ਬਖ਼ਸ਼ ਤਬਲਾ ਨਵਾਜ
18. ਫੈਜ਼ ਫਰੀਦ ਸਰੋਦ ਨਵਾਜ਼ ਰੇਡੀਓ ਪਾਕਿਸਤਾਨ ਲਾਹੌਰ
19. ਭਾਈ ਹਾਕਮ ਅਲੀ ਭਾਈ ਕਾਲੂ-ਖ਼ਿਆਲ ਗਾਇਕ
20. ਫ਼ਕੀਰ ਮੁਹੰਮਦ-ਫ਼ੈਜ਼ ਫ਼ਰੀਦ ਦੇ ਪਿਤਾ-ਬੜਾ ਅੱਛਾ ਖਿਆਲ ਗਾਉਂਦੇ ਸਨ।
21. ਭਾਈ ਲਾਲ ਅੰਮ੍ਰਿਤਸਰੀ (ਇਹ ਵੀ ਭਾਈ ਮਹਿਬੂਬ ਅਲੀ ਦੇ ਸ਼ਾਗਿਰਦ ਹੋ ਗਏ ਸਨ)।
ਪੰਜਾਬ ਦੇ ਇਸ ਭੁੱਲੇ ਵਿਸਰੇ ਘਰਾਣੇ ਦਾ ਚਿਤ੍ਰ ਪੱਟ ਵੀ ਬੜਾ ਵਿਸ਼ਾਲ ਹੈ। ਇਸ ਦੇ ਘੇਰੇ ਵਿਚ, ਸਾਈਂ ਅਲਿਆਸ ਤੋਂ ਛੁਟ ਕੁਝ ਹੋਰ ਧਰੁੱਪਦ ਗਾਇਕ ਵੀ ਆ ਜਾਂਦੇ ਹਨ ਜਿਹੜੇ ਦੇਸ਼ ਭਰ ਦੇ ਬਾਕਮਾਲ ਗਵੱਈਏ ਹੋ ਨਿੱਬੜੇ, ਜਿਵੇਂ ਕਿ ਪੰਡਤ ਨੱਥੂ ਰਾਮ ਲੋਹੀਆਂ ਵਾਲੇ ਅਤੇ ਪੰਡਿਤ ਅਮੀਂ ਚੰਦ। ਪੰਡਤ ਅਮੀਂ ਚੰਦ ਸੁਲਤਾਨਪੁਰੀਏ ਢੇਰ ਕਰਕੇ ਰਿਆਸਤ ਜੰਮੂ ਵਿਖੇ ਦਰਬਾਰੀ ਗਾਇਕ ਦੇ ਪਦ ’ਤੇ ਰਹੇ। ਉਨ੍ਹਾਂ ਬਾਰੇ ਪ੍ਰਸਿੱਧ ਹੈ ਕਿ ਉਹ ਬੇਸ਼ੁਮਾਰ ਅਪ੍ਰਚੱਲਤ ਤਾਲਾਂ ਵਿਚ ਵੀ ਧਰੁੱਪਦ ਗਾਉਂਦੇ ਸਨ। ਇਸ ਤੋਂ ਛੁੱਟ ਆਪ ਬੰਦਸ਼ਕਾਰ ਵੀ ਸਨ। ਪੰਡਤ ਨੱਥੂ ਰਾਮ ਦਾ ਸਬੰਧ ਵੀ ਕਪੂਰਥਲਾ ਦੇ ਧਰੁੱਪਦੀ ਘਰਾਣੇ ਨਾਲ ਸੀ। ਉਨ੍ਹਾਂ ਦਾ ਜਨਮ 1885 ਈ. ਵਿਚ ਲੋਹੀਆਂ ਵਿਖੇ ਹੋਇਆ। ਪਿਤਾ ਪੰਡਤ ਚੇਤ ਰਾਮ ਆਪਣੇ ਸਮਿਆਂ ਦਾ ਪ੍ਰਸਿੱਧ ਕੀਰਤਨਕਾਰ ਸੀ ਅਤੇ ਆਪ ਦੇ ਬਾਬਾ ਪੰਡਤ ਕਨ੍ਹੱਈਆਂ ਲਾਲ ਵੀ ਬੜੇ ਉਘੇ ਗਾਇਕ ਸਨ। ਨੱਥੂ ਰਾਮ ਬਾਲ ਉਮਰ ਵਿਚ ਹੀ ਬੜਾ ਪੱਕਾ ਪੀਢਾ ਗਾਉਣ ਲੱਗ ਪਏ ਸਨ। ਨਿੱਕੀ ਉਮਰ ਵਿਚ ਹੀ ਆਪ ਦੇ ਪਿਤਾ ਅਤੇ ਚਾਚਾ ਸੁੰਦਰ ਦਾਸ ਨੇ ਉਨ੍ਹਾਂ ਨੂੰ ਅਨੇਕ ਤਰ੍ਹਾਂ ਦੀਆਂ ਧਰੁੱਪਦਾਂ, ਖ਼ਿਆਲ, ਟੱਪੇ, ਠੁਮਰੀਆਂ ਅਤੇ ਤਰਾਨੇ ਆਦਿ ਕੰਠ ਕਰਵਾ ਦਿੱਤੇ ਸਨ ਜਿਨ੍ਹਾਂ ਦਾ ਗਾਇਨ ਉਹ ਬੜੀ ਸਰਲਤਾ ਤੇ ਸਫ਼ਲਤਾ ਨਾਲ ਕਰਦੇ ਸਨ। ਕੁਝ ਸਾਲ ਆਪ ਮਹਿਤਪੁਰ ਨਿਵਾਸੀ ਪੰਡਤ ਕਾਕਾ ਰਾਮ ਕੋਲੋਂ ਵੀ ਸੰਗੀਤ ਸਿੱਖਿਆ ਲੈਂਦੇ ਰਹੇ ਸਨ। 1914 ਈ. ਤੋਂ ਲੈ ਕੇ 1942 ਤਕ ਉਹ ਖਾਲਸਾ ਪ੍ਰਾਚੀਨ ਵਿਦਿਆਲਾ ਤਰਨਤਾਰਨ ਵਿਖੇ ਬਤੌਰ ਸੰਗੀਤ ਅਧਿਆਪਕ ਦੇ ਸੇਵਾ ਨਿਭਾਉਂਦੇ ਰਹੇ। 1970 ਵਿਚ ਚਲਾਣਾ ਕਰ ਗਏ। ਇਸ ਥਾਂ ਜਿਹੜੀ ਗੱਲ ਖ਼ਾਸ ਤੌਰ ’ਤੇ ਨੋਟ ਕਰਨ ਵਾਲੀ ਹੈ, ਉਹ ਇਹ ਹੈ ਕਿ ਉਪਰੋਕਤ ਲਿਸਟ ਵਿਚੋਂ ਖ਼ਾਂ ਸਾਹਿਬ ਅਬਦੁਲ ਰਹੀਮ, ਪ੍ਰੋ: ਵਲੀ ਮੁਹੰਮਦ, ਹਾਜ਼ੀ ਮਹਿਬੂਬ ਕੱਵਾਲ ਗੋਲ੍ਹੜਾ ਸ਼ਰੀਫ਼ ਅਤੇ ਉਸ ਦਾ ਪਿਓ ਦੀਨ ਮੁਹੰਮਦ-ਇਨ੍ਹਾਂ ਚਾਰ ਪੰਜ ਨਾਵਾਂ ਤੋਂ ਛੁਟ ਸਾਰੇ ਦੇ ਸਾਰੇ ਹੋਰ ਕਲਾਕਾਰ ਸਭੇ ਰਬਾਬੀ ਸੰਪਰਦਾ ਨਾਲ ਸਬੰਧ ਰੱਖਦੇ ਸਨ।
ਇਸ ਥਾਂ ਕਲੌਂਤ (ਕਸਬੀਆਂ) ਜਾਂ ਰਬਾਬੀਆਂ ਬਲਕਿ ‘ਅਤਾਈਆਂ’ ਦੇ ਫ਼ਰਕ ਨੂੰ ਆਪਸ ਵਿਚ ਮਾੜਾ ਮੋਟਾ ਵਿਚਾਰ ਲੈਣਾ ਕੋਈ ਮਾੜੀ ਗੱਲ ਨਹੀਂ ਹੋਵੇਗੀ। ਮੋਟੇ ਠੁੱਲੇ ਰੂਪ ਵਿਚ ਕਲੌਂਤੀ ਜਾਂ ਕਲਾਵੰਤੀ ਉਹ ਜੋ ਕਲਾਪ੍ਰਵੀਨ ਹੋਵੇ, ਰਾਗ ਨੂੰ ਕਲਾ ਕਲਾ ਕੇ ਗਾਵੇ। ਆਮ ਤੌਰ ’ਤੇ ਇਹ ਲੋਕ ਜੱਦੀ ਪੁਸ਼ਤੀ ਸੰਗੀਤਕਾਰ ਹੁੰਦੇ ਸਨ। ਰਬਾਬੀ ਉਹ ਜਿਹੜਾ ਰੱਬ ਦਾ ਹੀ ਜਸ ਕਰੇ, ਕਾਦਰ ਦੀ ਕੀਰਤੀ ਕਰੇ, ਕੀਰਤਨ ਦੁਆਰਾ। ‘ਅਤਾਈ’ ਉਹ ਜਿਸ ਨੂੰ ਗੁਣ ਜੱਦੀ ਪੁਸ਼ਤੀ ਨਾ ਮਿਲਿਆ ਹੋਵੇ, ਸਗੋਂ ਉਹ ਗੁਣ ਜਿਸ ਨੇ ਆਪਣੀ ਮਿਹਨਤ ਨਾਲ ਕਿਸੇ ਉਸਤਾਦ ਕੋਲੋਂ ਪ੍ਰਾਪਤ ਕੀਤਾ ਹੋਵੇ। ਇਸ ਤੀਸਰੀ ਸ਼੍ਰੇਣੀ ਨੂੰ ਮੈਂ ਇਸ ਲਈ ਨਹੀਂ ਮੰਨਦਾ ਕਿਉਂਕਿ ਮੈਂ ਸਮਝਦਾ ਹਾਂ ਕਿ ਕਸਬ ਉਹਦਾ ਜਿਹੜਾ ਕਰੇ। ‘ਅਮਲਾਂ ’ਤੇ ਹੋਣ ਨਬੇੜੇ’ ਵਾਲੀ ਗੱਲ। ਮੇਰੇ ਨੇੜੇ ਅਤਾਈ/ਗ਼ੈਰ-ਅਤਾਈ ਵਿਚ ਬਹੁਤਾ ਫ਼ਰਕ ਇਸ ਲਈ ਵੀ ਨਹੀਂ ਕਿ ਸਾਡੇ ਸਾਹਮਣੇ ਅਜਿਹੀਆਂ ਅਨੇਕ ਮਿਸਾਲਾਂ ਹਨ ਕਿ ਸਾਡੇ ਕੁਝ ‘ਅਤਾਈਆਂ’ ਨੇ ਕਈ ਵੇਰ ਅਜਿਹਾ ਕਰਕੇ ਵੀ ਵਿਖਾ ਦਿੱਤਾ ਜਿਹੜਾ ਕਈ ਕਲੌਂਤੀਏ ਵੀ ਨਹੀਂ ਕਰ ਸਕੇ। ਉਸਤਾਦ ਅੱਲਾ ਰੱਖਾ-ਤਬਲਾ ਨਵਾਜ਼ ਦੀ ਮਿਸਾਲ ਸਾਡੇ ਸਾਹਮਣੇ ਹੈ।
‘ਮੁਅਦਨਲ ਮੌਸੀਕੀ’ ਕਿਤਾਬ ਦੇ ਸਫ਼ਾ 24 ’ਤੇ ਦਰਜ ਹੈ, ”ਯੇ ਲੋਗ ਖ਼ਾਨਦਾਨੀ ਮਲਾਨ ਪੁਸ਼ਤਨਾਮਾ ਸੇ ਪਾਏ ਜਾਤੇ ਹੈਂ ਔਰ ਅਕਸਰ ਕਲਾਵੰਤ ਸਿਲਸਿਲਾ ਬੇ-ਬੀਜੋ-ਬੁਨਿਆਦ ਪਾਇਆ ਔਰ ਕਲਾਵੰਤ ਕਹਿਲਾਤੇ ਹੈਂ ਔਰ ਜਿਨ ਬਾਤੋਂ ਕਾ ਉਨ ਕੇ ਯਹਾਂ ਐਬ ਹੈ…. ਯਾਅਨੀ ਤਵਾਇਫੋਂ ਕੇ ਸਾਥ ਬਰਮਲਾ ਗਾਤੇ ਬਜਾਤੇ ਹੈਂ ਔਰ ਸ਼ੈਤਾਨ ਕੋ ਸ਼ਰਮਾਤੇ ਹੈਂ।’’
ਇਸ ਦੇ ਉਲਟ ਰਬਾਬੀਆਂ ਦੀ ਸਭ ਤੋਂ ਵੱਡੀ ਖੂਬੀ ਇਹ ਰਹੀ ਹੈ ਕਿ ਉਨ੍ਹਾਂ ਨੇ ਕਦੇ ਵੀ ਕਿਸੇ ਕੰਚਨੀ ਨੂੰ ਰਾਗ ਨਹੀਂ ਸਿਖਾਇਆ। ਪ੍ਰਸਿੱਧ ਘਟਨਾ ਹੈ ਕਿ ਪਟਿਆਲਾ ਵਾਲੇ ਜਰਨੈਲ ਸਾਹਿਬ ਦੇ ਬੇਟੇ ਉਸਤਾਦ ਅਖ਼ਤਰ ਹੁਸੈਨ (ਮੁਬਾਰਕ ਅਲੀ ਫ਼ਤਹਿ ਅਲੀ ਖ਼ਾਂ ਦੇ ਪਿਤਾ) ਦੀ ਜਦੋਂ ਸ਼ਾਦੀ ਸੀ ਤਾਂ ਉਨ੍ਹਾਂ ਭਾਈ ਮਹਿਬੂਬ ਅਲੀ ਰਬਾਬੀ ਨੂੰ ਸ਼ਿਰਕਤ ਕਰਨ ਲਈ ਵਿਸ਼ੇਸ਼ ਨਿਮੰਤਰਣ ਦੇ ਕੇ, ਜ਼ੁਬਾਨੀ-ਕਲਾਮੀ ਵੀ ਬੇਨਤੀ ਕੀਤੀ।
ਕੁਝ ਭਾਈ ਫ਼ਰਿੰਦੇ ਦੀ ਕੁੱਲ ’ਚੋਂ ਹੋਣ ਕਰਕੇ ਅਤੇ ਕੁਠ ਆਪਣੀ ਕਲਾਤਮਿਕ ਉੱਚਤਾ ਨੂੰ ਸਾਹਮਣੇ ਰੱਖਦਿਆਂ ਹੋਇਆਂ ਉਸ ਦੇ ਖਾਣੇ ਲਈ ਸੋਨੇ ਦੇ ਭਾਂਡੇ ਤਿਆਰ ਕਰਵਾਏ ਗਏ ਸਨ, ਜਿਹੜੇ ਪਿਛੋਂ ਉਸ ਨੂੰ ਨਜ਼ਰ ਵਜੋਂ ਦੇ ਦੇਣੇ ਸਨ। ਇਸ ਪ੍ਰਤੀ ਭਾਈ ਸਾਹਿਬ ਨੂੰੂ ਕਿਹਾ ਸੁਣਿਆ ਵੀ ਗਿਆ ਸੀ ਪਰ ਉਹ ਜੰਜ ਵਿਚ ਸ਼ਾਮਲ ਹੋਣ ਲਈ ਨਹੀਂ ਸਨ ਮੰਨੇ….. ”ਅਖੇ ਮੈਂ ਇਹ ਸੋਨੇ ਦੇ ਭਾਂਡੇ ਕੀ ਕਰਨੇ ਹਨ?’’ ਆਪਣੀ ਮਰਯਾਦਾ ਦਾ ਮਿਆਰ ਜਾਂ ਗ਼ੈਰਤ ਦੀ ਸਿਖਰ ਸਮਝ ਲਓ।
ਇਸੇ ਤਰ੍ਹਾਂ ਇਸ ਸਦੀ ਦੇ ਸ਼ੁਰੂ ਵਿਚ ਭਾਈ ਸਾਹਿਬ ਨੇ ਆਲ ਇੰਡੀਆ ਦੀ ਇਕ ਸੰਗੀਤਕ ਕਾਨਫਰੰਸ ਵਿਚ ਰੁਦਰ ਵੀਣਾ ਵਜਾ ਕੇ ਜਦੋਂ ਸੋਨੇ ਦਾ ਤਮਗਾ ਜਿੱਤਿਆ ਤਾਂ ਸਰਟੀਫਿਕੇਟ ਲੈਣ ਤੋਂ ਉਨ੍ਹਾਂ ਇਸ ਲਈ ਨਾਂਹ ਕਰ ਦਿੱਤੀ ਸੀ ਕਿ ਸੰਚਾਲਕ ਉਸ ਸਰਟੀਫਿਕੇਟ ਉਤੇ ਅਵੇਸਲੇ ਹੀ ‘ਭਾਈ’ ਲਿਖਣ ਦੀ ਥਾਂ ‘ਖਾਂ ਸਾਹਿਬ’ ਲਿਖ ਚੁੱਕੇ ਸਨ। ਉਨ੍ਹਾਂ ਇਸ ਗੱਲ ਦਾ ਬਹੁਤ ਬੁਰਾ ਮਨਾਇਆ ਸੀ।
ਹੁਣ ਤਕ ਆਪਣਾ ਧਿਆਨ ਅਸੀਂ ਜ਼ਿਆਦਾਤਰ ਉੱਨੀਵੀਂ ਸਦੀ ਦੇ ਕਪੂਰਥਲੇ ਵਲਾਂ ਕੇਂਦਰਤ ਕੀਤਾ ਹੈ। ਵੀਹਵੀਂ ਸਦੀ ’ਚ ਇਹ ਕਿਹੋ ਜਿਹਾ ਸੀ? ਹੁਣ ਅਸੀਂ ਇਸ ਵਲਾਂ ਝਾਤ ਮਾਰਨ ਦੀ ਕੋਸ਼ਿਸ਼ ਕਰਾਂਗੇ।
‘ਰਾਜਾ-ਇ-ਰਾਜਗਾਨ ਖੜਕ ਸਿੰਘ (1849-1877) ਦੇ ਫਰਜ਼ੰਦ ਟਿੱਕਾ ਜਗਤਜੀਤ ਸਿੰਘ ਨੇ ਜਨਮ ਭਾਵੇਂ 23 ਨਵੰਬਰ 1872 ਈ. ਨੂੰ ਲੈ ਲਿਆ ਸੀ, ਪਰ ਉਸਨੂੰ 16 ਅਕਤੂਬਰ, 1877 ਨੂੰ ਰਾਜਗੱਦੀ ਮਿਲਣ ਤਕ ਵੀ ਅਜੇ ਪੂਰੇ ਅਧਿਕਾਰ ਪ੍ਰਾਪਤ ਨਹੀਂ ਸਨ ਹੋਏ। ਹਾਂ, 1890 ਵਿਚ ਉਸਨੂੰ ਪੂਰਨ ਅਧਿਕਾਰ ਪ੍ਰਾਪਤ ਹੋ ਗਏ ਸਨ। ਉਸ ਪਿਛੋਂ ਇਸ ਰਿਆਸਤ ਦੇ ਸਰਵਪੱਖੀ ਵਿਕਾਸ ਦਾ ਇਕ ਨਵਾਂ ਕਾਂਡ ਸ਼ੁਰੂ ਹੋ ਜਾਂਦਾ ਹੈ। ਸ਼ਹਿਰ ਵਿਚ ਉਸਨੇ ਪੈਰਿਸ ਦੇ ਆਰਕੀਟੈਕਚਰ ਦੇ ਆਧਾਰ ’ਤੇ ਕੁਝ ਇਮਾਰਤਾਂ ਜਿਵੇਂ ਕਿ ਜਗਤਜੀਤ ਪੈਲਸ, ਜਿਹੜਾ ਕਿ 1900 ਵਿਚ ਸ਼ੁਰੂ ਹੋ ਕੇ ਅੱਠਾਂ ਸਾਲਾਂ ’ਚ ਤਿੰਨ ਕਰੋੜ ਦੀ ਲਾਗਤ ਨਾਲ ਮੁੰਕਮਲ ਕੀਤਾ ਗਿਆ ਸੀ-ਅਤੇ ਅਜਿਹੀਆਂ ਕੁਝ ਹੋਰ ਇਮਾਰਤਾਂ ਬਣਵਾਈਆਂ ਕਿ ਸ਼ਹਿਰ ਦੀ ਕਾਇਆ ਹੀ ਪਲਟ ਕੇ ਰੱਖ ਦਿੱਤੀ। ਸਾਫ਼ ਸੁਥਰੀਆਂ ਸੜਕਾਂ ਅਤੇ ਬਾਗ ਬਗੀਚੇ ਕੁਝ ਅਜਿਹੇ ਸਲੀਕੇ ਨਾਲ ਲਗਵਾਏ ਕਿ ਲੋਕੀਂ ਇਸ ਨੂੰ ‘ਪੰਜਾਬ ਦਾ ਪੈਰਿਸ’ ਸੱਦਣ ਲੱਗ ਪਏ ਸਨ। ਮਹਾਰਾਜਾ ਗਾਹੇ-ਬਗਾਹੇ ਬਦੇਸ਼ੀ ਦੌਰਿਆਂ ’ਤੇ ਜਾਂਦਾ ਰਹਿੰਦਾ ਅਤੇ ਉਥੋਂ ਖ਼ਾਸ ਕਰਕੇ ਫਰਾਂਸ ਤੋਂ ਵਿਸ਼ਵ ਪੱਧਰ ਦੀਆਂ ਮਹਿੰਗੀਆਂ ਤੋਂ ਮਹਿੰਗੀਆਂ ਪੇਂਟਿੰਗਾਂ ਖ਼ਰੀਦ ਕੇ ਲਿਆਉਂਦਾ ਅਤੇ ਏਕੇ ਆ ਕੇ ਆਪਣੇ ਮਹਲਾਂ ’ਚ ਲਾਉਂਦਾ ਸਜਾਉਂਦਾ। ਸ਼ਹਿਰ ਦੀ ਭਵਨ ਉਸਾਰੀ ਲਈ ਆਉਣ ਲੱਗਿਆਂ ਆਪਣੇ ਨਾਲ ਉਹ ਸਿਖਰ ਦੇ ਆਰਕੀਟੈਕਟ ਜਿਵੇਂ ਕਿ ਮਾਰਕਲ ਆਦਿ ਨੂੰ ਵੀ ਲੈ ਆਉਂਦਾ ਸੀ। ਉਸਦੇ ਏਹੋ ਜਿਹੇ ਗੂੜੇ ਪ੍ਰਬਲ ਸ਼ੌਕ ਉਸਦੇ ਉੱਚੇ ਸੋਹਜ ਦੇ ਪ੍ਰਤੀਕ ਸਨ। ਇਹ ਉਸਦੇ ਸਮੇਂ ਹੀ ਸੀ ਕਿ ਏਥੋਂ ਦਾ ਰਣਧੀਰ ਕਾਲਜ 1896 ਵਿਚ ਇੰਟਰਮਿਡੀਏਟ ਅਤੇ 1945 ਵਿਚ ਡਿਗਰੀ ਪੱਧਰ ਤਕ ਕਰ ਦਿੱਤਾ ਗਿਆ ਸੀ। ਏਥੇ ਦੇ ਸੰਗੀਤਕ ਮਾਹੌਲ ਦਾ ਹਾਲ ਉਨ੍ਹੀਵੀਂ ਸਦੀ ਦੇ ਅਖ਼ੀਰ ਵਿਚ ਇਸ ਥਾਂ ਭਾਈ ਮਹਿਬੂਬ ਅਲੀ ਉਰਫ਼ ਬੂਬਾ ਰਬਾਬੀ, ਭਾਈ ਲਾਲ ਅਤੇ ਵਲੀ ਮੁਹੰਮਦ, ਕਰਾਮਤ, ਕੁਰਬਾਨ ਅਤੇ ਸੁਹਬਤ ਅਲੀ ਵਰਗੇ ਗਵੱਈਏ ਇਸ ਰਿਆਸਤ ਦੀ ਸ਼ਾਨ ਹੋਇਆ ਕਰਦੇ ਸਨ। ਇਹ ਫਿਰ 1910 ਦੀ ਗੱਲ ਹੈ ਕਿ ਭਾਈ ਬੂਬਾ ਕਪੂਰਥਲਾ ਛੱਡ ਕੇ ਰਿਆਸਤ ਪਟਿਆਲਾ ਵਿਚ ਚਲੇ ਗਏ ਸਨ। ਮਹਾਰਾਜਾ ਜਗਤਜੀਤ ਸਿੰਘ ਨੂੰ ਸੰਗੀਤ ਦਾ ਕਿੰਨਾ ਕੁ ਜ਼ੋਕ-ਸ਼ੋਕ ਸੀ, ਇਸ ਬਾਰੇ ਤਾਂ ਕੁਝ ਨਹੀਂ ਕਿਹਾ ਜਾ ਸਕਦਾ, ਪਰ ਉਹ ਕੋਮਲ ਕਲਾਵਾਂ ਦਾ ਕਦਰਦਾਨ ਜ਼ਰੂਰ ਸੀ। ਚੋਟੀ ਦੇ ਚਿੱਤਰਕਾਰ ਉਸਦੇ ਕੋਲ ਸਨ। ਹੋਰ ਤਾਂ ਹੋਰ ਕੁਝ ਪ੍ਰਸਿੱਧ ਲਿਖਾਰੀ ਅਤੇ ਤਾਰੀਖਦਾਨ ਜਿਵੇਂ ਕਿ ਸਰ ਲੈਪਲ ਗ੍ਰਿਫਿਨ (ਕਰਤਾ; ਰਾਜਾਜ਼ ਔਫ਼ ਦੀ ਪੰਜਾਬ-1870, ਲੰਡਨ) ਵੀ ਇਸ ਸ਼ਹਿਰ ’ਚ ਕੁਝ ਸਮਾਂ ਰਹੇ। ਸੁਣਦੇ ਹਾਂ ਕਿ ਆਮ ਜਣਾ-ਖਣਾ ਉਸਦੇ ਦਰਬਾਰ ਵਿਚ ਗਾਉਣ ਦੀ ਜੁੱਰਤ ਨਹੀਂ ਸੀ ਕਰ ਸਕਦਾ। ਸ੍ਰੀ ਬਾਬਾ ਹਰਿਵੱਲਭ ਸੰਗੀਤ ਮਹਾਂ-ਸਭਾ ਦੇਵੀ ਤਲਾਬ ਜਲੰਧਰ ਵਾਲਿਆਂ ਨੇ ਇਕ ਵੇਰ ਆਪਣੇ ਬਰੋਸ਼ਰ ਵਿਚ ਉਸ ਬਾਰੇ ਇੰਝ ਲਿਖਿਆ ਸੀ;
“Even the respected Pt. Onkar Nath who is well known all over India had to produce the Harballabh’s testimonial of merit once prior to his being allowed to perform before the Maharaja of Kapurthala”. Shree Baba Harballabh Sangeet Mahasabha Devi Talab Jullundhur Sangeet Sammelan December, 1965; page-2)
ਆਮ ਵਿਸ਼ਵਾਸ ਹੈ ਕਿ ਪੰਜਾਬ ਵਿਚ ਸਭ ਤੋਂ ਪਹਿਲੇ ਫੋਟੋਗ੍ਰਾਫਰ ਕਪੂਰ ਸਿੰਘ ਚਿਤ੍ਰਕਾਰ ‘ਅੰਮ੍ਰਿਤਸਰ ਵਾਲੇ’ ਇਸ ਰਿਆਸਤ ਦੇ ਹੀ ਦਰਬਾਰੀ ਸਨ। ਦਰਬਾਰੀ ਵੀ ਕਾਹਦੇ, ਪਹਿਲਾਂ ਐਵੇਂ ਅਦਨਾ ਜਿਹੇ, ਹਮਾਤੜ ਜਿਹੇ ਕਰਮਚਾਰੀ। ਦੇਖੋ ਕਿਵੇਂ ਸਬੱਬ ਬਣਦਾ ਹੈ ਅਤੇ ਹਾਲਾਤ ਕਿਵੇਂ ਮੋੜਾ ਖਾਂਦੇ ਹਨ। ਕਪੂਰ ਸਿੰਘ ਜਿਹੜਾ ਕਿ ਕਿਸ਼ਨ ਸਿੰਘ ਚਿਤ੍ਰਕਾਰ ਦਾ ਪੁੱਤਰ ਸੀ, ਅਸਲ ਵਿਚ ਕਪੂਰਥਲੇ ਵਿਚ ਉਸਦੀ ਪਹਿਲੀ ਨੌਕਰੀ ਇਹ ਸੀ ਕਿ ਉਹ ਅੰਗਰੇਜ਼ ਚਿਤ੍ਰਕਾਰਾਂ ਨੂੰ ਜਿਹੜੇ ਕਿ ਮਹਾਰਾਜਾ ਨੇ ਮੁਲਾਜ਼ਮ ਰੱਖੇ ਹੋਏ ਹੁੰਦੇ ਸਨ-ਪੱਖਾ ਝੱਲਣ, ਜਿਹੜਾ ਕਿ ਉਨ੍ਹੀਂ ਦਿਨੀਂ ਛੱਤ ਨਾਲ ਬੰਨਿ੍ਹਆ ਹੁੰਦਾ ਸੀ ਅਤੇ ਰੱਸੀ ਖਿੱਚਣ ਨਾਲ ਹਰਕਤ ’ਚ ਆਉਂਦਾ ਸੀ; ਨਤੀਜਤਨ, ਥੋੜ੍ਹੀ ਜਿਹੀ ਹਵਾ ਰੁਮਕ ਪੈਂਦੀ ਸੀ। ਕਪੂਰ ਸਿੰਘ ਦੀ ਅਸਲ ਡਿਊਟੀ ਪਹਿਲਾਂ ਇਹੋ ਸੀ, ਪਰ ਇਕ ਜ਼ਹੀਨ ਬੱਚਾ ਹੋਣ ਕਰਕੇ ਉਹ ਉਨ੍ਹਾਂ ਚਿਤ੍ਰਕਾਰਾਂ ਦੀ ਤਕਨੀਕ ਨੂੰ ਚੰਗੀ ਤਰ੍ਹਾਂ ਵਾਚਦਾ ਘੋਖਦਾ ਰਹਿੰਦਾ। ਪਿਛੋਂ ਆਪ ਪੇਂਟਿੰਗਾਂ ਬਣਾਉਣ ਲੱਗ ਪਿਆ ਅਤੇ ਉਹ ਦਿਨ ਫਿਰ ਛੇਤੀ ਹੀ ਆ ਗਿਆ ਜਦ ਕਿ ਤੇਲ ਚਿਤਰਾਂ ਵਿਚ ਅੰਗਰੇਜ਼ਾਂ ਵਾਂਗ ਉਹ ਵੀ ਇਕ ਨਾਮਵਰ ਨਿਪੁੰਨ ਚਿਤ੍ਰਕਾਰ ਬਣ ਗਿਆ।
ਇਹ ਸ਼ਰਫ਼ ਸਿਰਫ਼ ਕਪੂਰਥਲਾ ਰਿਆਸਤ ਦੇ ਸ਼ਹਿਰ ਸੁਲਤਾਨਪੁਰ ਲੋਧੀ ਨੂੰ ਹੀ ਹਾਸਲ ਹੈ ਕਿ ਜਗਤਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ, ਆਪਣੀ ਉਮਰ ਦਾ ਸਭ ਤੋਂ ਵੱਧ ਹਿੱਸਾ ਏਥੇ ਰਹੇ। ਲਾਗਲੇ ਪਿੰਡ ਭਰੋਆਣਾ ਤੋਂ ਹੀ ਰਬਾਬ ਬਣਵਾਈ ਗਈ। ਇਸ ਦੀਆਂ ਸਭ ਤੋਂ ਪਹਿਲੀਆਂ ਰੱਬ ਰੱਬ ਕਰਦੀਆਂ ਧੁਨਾਂ ਵੀ ਏਥੇ ਹੀ ਨਿਕਲੀਆਂ। ਇਹ ਏਸੇ ਰਿਆਸਤ ’ਚ ਹੀ ਸੀ ਕਿ ਭਾਈ ਫ਼ਰਿੰਦੇ ਜੀ ਦੇ ਵੰਸ਼ਜ ਭਾਈ ਮਹਿਬੂਬ ਅਲੀ ਉਰਫ਼ ਬੂਬਾ ਰਬਾਬੀ ਵਿਸਮਾਦ ਵਿਚ ਆ ਕੇ ਧਰੁਪੱਦ ਅੰਗ ’ਚ ”ਤਰਨਤਾਰਨ ਤੂ ਹੀ ਪ੍ਰਭੂ’’ ਝੱਪਤਾਲ ’ਚ ਬਿਹਾਗ ਰਾਗ ਬੜੇ ਲੀਨ ਹੋ ਕੇ ਗਾਇਆ ਕਰਦੇ ਸਨ। ਕਪੂਰਥਲਾ ਲਾਗੇ ਹੀ ਪਿੰਡ ਸੈਦਪੁਰ ਠੱਠਾ ਟਿੱਬਾ ਦੇ ਗੁਰੂ ਘਰ ਦੇ ਪ੍ਰਸਿੱਧ ਕੀਰਤਨੀ ਪਰਿਵਾਰ ਦੇ ਵੰਸ਼ਜ ਭਾਈ ਅਵਤਾਰ ਸਿੰਘ, ਗੁਰਚਰਨ ਸਿੰਘ, ਜਿਹੜੇ ਕਿ ਚੌਧਵੀਂ ਪੀੜ੍ਹੀ ’ਚੋਂ ਸਨ, ਵੀ ਕਿਸੇ ਨਾ ਕਿਸੇ ਰੂਪ ਵਿਚ ਕਪੂਰਥਲਾ ਨਾਲ ਜੁੜੇ ਰਹੇ ਹਨ। ਡਾਗਰ ਬਾਣੀ ਦੇ ਪੈਰੋਕਾਰ ਕਪੂਰਥਲਾ ਘਰਾਣੇ ਦੇ ਕਲਾਕਾਰਾਂ ਨੇ ਜਿਥੇ ਸਾਡੇ ਸੰਗੀਤ ਦੀ ਪਵਿੱਤਰਤਾ ਨੂੰ ਕਾਇਮ ਰੱਖਿਆ ਹੈ, ਓਥੇ ਲੋਕ ਧੁਨੀਆਂ ਦੇ ਪ੍ਰਭਾਵ ਨੂੰ ਵੀ ਆਪਣੇ ਵਿਚ ਸਮੋਣ ਤੋਂ ਸੰਕੋਚ ਨਹੀਂ ਕੀਤਾ। ਇਸ ਦੀ ਸਭ ਤੋਂ ਵੱਡੀ ਮਿਸਾਲ ਮੰਡੇਰਾਂ, ਜ਼ਿਲ੍ਹਾ ਜਲੰਧਰ (ਸ਼ਾਮ ਚੁਰਾਸੀ ਨੇੜੇ) ਦੇ ਜੰਮਪਲ ਉਸਤਾਦ ਤੁਫ਼ੈਲ ਨਿਆਜ਼ੀ (1916-1990) ਦੀ ਹੈ, ਜਿਹੜੇ ਕਿ ਕਪੂਰਥਲੇ ਦੇ ਮੀਆਂ ਵਲੀ ਮੁਹੰਮਦ ਦੇ ਸ਼ਾਗਿਰਦ ਸਨ। ਸਾਡਾ ਨਹੀਂ ਖ਼ਿਆਲ ਕਿ ਵੀਹਵੀਂ ਸਦੀ ਨੇ ਉਸ ਨਾਲੋਂ ਵੀ ਵੱਡਾ ਕੋਈ ਹੋਰ ‘ਫੋਕ ਗਾਇਕ’ ਪੈਦਾ ਕੀਤਾ ਹੋਵੇ। ਇਸ ਮਹਾਨ ਉਸਤਾਦ, ਜਿਸਦਾ ਅਸਲਾ ਪਖਾਵਜੀ ਰਬਾਬੀਆਂ ਦਾ ਸੀ, ਦੀਆਂ ਗਾਈਆਂ ਕੁਝ ਦੁਰਲਭ ਚੀਜ਼ਾਂ ਜਿਹੜੀਆਂ ਸਾਡੇ ਪਾਸ ਸੁਰੱਖਿਅਤ ਹਨ, ਇਸ ਗੱਲ ਦੀ ਸਹਿਜੇ ਹੀ ਸ਼ਾਹਦੀ ਭਰਦੀਆਂ ਹਨ। ਜਦ ਹੀ ਕਦੇ ਉਹ ”ਆ ਵੇ ਮਾਹੀ ਗਲ਼ ਲੱਗ ਵੇ, ਤੇਰੀ ਦੀਦ ਗ਼ਰੀਬਾਂ ਦਾ ਹੱਜ ਵੇ!’’ ਜਿਹੀਆਂ ਚੀਜ਼ਾਂ ਲਟਕਾ ਲਟਕਾ ਕੇ ਗਾਉਂਦਾ ਸੀ ਤਾਂ ਕਲੇਜਾ ਧੂਹ ਲੈਂਦਾ ਸੀ। ਆਵਾਜ਼ ਵਿਚ ਬੇਓੜਕਾ ਠਹਿਰਾਓ। ‘ਸਾਡਾ ਚਿੜੀਆਂ ਦਾ ਚੰਬਾ ਵੇ’, ‘ਮੇਰਾ ਸੋਹਣਾ ਸੱਜਣ ਘਰ ਆਇਆ’, ‘ਮੈਂ ਨਹੀਓਂ ਜਾਣਾ ਖੇੜਿਆਂ ਦੇ ਨਾਲ’, ‘ਦਰਦਾਂ ਮਾਰ ਲਿਆ ਵੇ ਮੇਰਾ ਦਿਲ ਡਰਦਾ ਨਾ ਬੋਲੇ’ ਉਸਦੀਆਂ ਕੁਝ ਚਹੇਤੀਆਂ ਚੀਜ਼ਾਂ ਸਨ। ਇਨ੍ਹਾਂ ਵਿਚ ਉਸਨੇ ਲੋਕ-ਸੁਰਾਂ ਅਤੇ ਜਜ਼ਬਿਆਂ ਨੂੰ ਕਲਾਸੀਕਲ ਸੰਗੀਤ ’ਚ ਕੁਝ ਇਸ ਤਰ੍ਹਾਂ ਸਮੋਇਆ ਕਿ ਕੀ ਗੱਲਾਂ। ਇਕ ਰਾਗ ਵਿਚ ਕੋਈ ਧੁਨ ਗਾਉਂਦੇ ਹੋਏ, ਕਿਸੇ ਦੂਜੇ ਰਾਗ ਦੀਆਂ ਸੁਰਾਂ ਨੂੰ ਹਲਕਾ ਜਿਹਾ ਕੁਝ ਅਜਿਹੀ ਖੂਬਸੂਰਤੀ ਨਾਲ ਛੋਹਣਾ ਕਿ ਸਰੋਤੇ ਅਸ਼-ਅਸ਼ ਕਰ ਉਠਦੇ ਸਨ। ਕਹਿਣ ਨੂੰ ਹੀ ਉਹ ਇਕ ਲੋਕ ਗਾੲਕ ਜਾਂ ‘ਫੋਕ ਗਾਇਕ’ ਸੀ, ਪਰ ਗਾਉਣ ਸਮੇਂ ਸ਼ਾਸਤ੍ਰੀ ਸੰਗੀਤ ਦੀਆਂ ਸਭ ਲੱਜ਼ਤਾਂ ਜਿਵੇਂ ਕਿ ਅਲਾਪ, ਤਾਨ, ਪਲਟਾ, ਬਹਿਲਾਵਾ ਆਦਿ, ਵਿਚ ਸਭ ਕੁਝ ਹੀ ਪੇਸ਼ ਕਰ ਕੇ ਉਹ ਪ੍ਰਲੋਕ ਗਾਇਕ ਹੋ ਨਿਬੜਦਾ ਸੀ। ਇਹ 1988 ਦੀ ਗੱਲ ਹੈ ਕਿ ਆਪਣੇ ਭਾਰਤੀ ਦੌਰੇ ’ਤੇ ਆਇਆ, ਦਿੱਲੀ ਦੀ ਇਕ ਪ੍ਰਾਈਵੇਟ ਮਹਿਫ਼ਿਲ ’ਚ ਉਹ ‘ਹਾਲ ਮੁਰੀਦਾਂ ਦਾ ਕਹਿਣਾ ਮਿਤ੍ਰ ਪਿਆਰੇ ਨੂੰ ਗਾਉਣ ਲੱਗ ਪਿਆ ਤਾਂ ਤਬਾਹੀ ਮਚਾ ਦਿੱਤੀ… ਓੜਕ ਰਬਾਬੀ ਪੁੱਤਰ ਜੁ ਸੀ ਨਾ ਭਈ! ਮੇਜ਼ਬਾਨ ਰਾਜਕੁਮਾਰੀ ਕਪੂਰਥਲਾ ਨੇ ਜਿਥੇ ਆਪ ਨੂੰ ਇਕ ਚਾਂਦੀ ਦੀ ਸ਼ੀਲਡ ਦੇ ਕੇ ਸਨਮਾਨਿਆ-ਓਥੇ ਨਾਲ ਹੀ 3000 ਰੁਪਏ ਦਾ ਇਕ ਖੁਬਸੂਰਤ ਹਾਰਮੋਨੀਅਮ ਬਾਜਾ ਵੀ ਭੇਂਟ ਕੀਤਾ ਸੀ।
ਜਿਥੋਂ ਤਕ ਸ਼ਾਸਤ੍ਰੀ ਸਤਹ ਦਾ ਸਬੰਧ ਹੈ, ਕੀ ਇਹ ਕੋਈ ਛੋਟੀ ਗੱਲ ਹੈ ਕਿ ਹਿੰਦੁਸਤਾਨ ਭਰ ਵਿਚ ਮੰਨੇ ਪ੍ਰਮੰਨੇ ਬੇਮਿਸਾਲ ਬੀਨਕਾਰ ਉਸਤਾਦ ਬੰਦੇ ਅਲੀ ਖ਼ਾਂ ਸਹਾਰਨਪੁਰ ਵਾਲੇ (1830-1890) ਮੀਰ ਨਾਸਿਰ ਦੇ ਹੀ ਸ਼ਾਗਿਰਦ ਸਨ, ਜਿਸ ਨੂੰ ਕਦੇ ਕਪੂਰਥਲਾ ਦੇ ਪ੍ਰਤਿਪਾਲਕਾਂ ਨੇ ਅੰਗਰੇਜ਼ਾਂ ਦੀ ਕੈਦ ਵਿਚੋਂ ਛੁਡਵਾਇਆ ਸੀ? ਨਹੀਂ ਤਾਂ ਰੱਬ ਜਾਣੇ, ਉਸਦੀ ਐਨੀ ਅਮੀਰ ਵਿਰਾਸਤ ਮਿੱਟੀ ਘੱਟੇ ਵਿਚ ਹੀ ਰੁਲ ਜਾਣੀ ਸੀ। ਕਪੂਰਥਲਾ ਘਰਾਣੇ ਦੇ ਕਲਾਕਾਰਾਂ ਜਿਵੇਂ ਕਿ ਤੁਫ਼ੈਲ ਨਿਆਜ਼ੀ, ਗੁਲਾਮ ਹਸਨ ਸ਼ਗਨ, ਭਾਈ ਅਵਤਾਰ ਸਿੰਘ, ਗੁਰਚਰਨ ਸਿੰਘ ਹੋਰਾਂ ਨਾਲ ਲੇਖਕ ਦੀ ਜਦ ਕਦੇ ਵੀ ਕੋਈ ਗੱਲ ਚੱਲੀ, ਉਨ੍ਹਾਂ ਨੇ ਹਮੇਸ਼ਾਂ ਹੀ ਇਸਦੀ ਮਹਾਨਤਾ ਨੂੰ ਸਜਦਾ (ਡੰਡੋਤ) ਕੀਤਾ। ਪਰ ਅੱਜ ਬੜੇ ਅਫ਼ਸੋਸ ਦੀ ਗੱਲ ਹੈ ਕਿ ਐਨੇ ਅਮੀਰ ਵਿਰਾਸਤੀ ਸ਼ਹਿਰ ਦੀਆਂ ਬਹੁਤੀਆਂ ਇਤਿਹਾਸਕ ਇਮਾਰਤਾਂ ਸਾਂਭ ਸੰਭਾਲ ਪੱਖੋਂ ਬਹੁਤ ਬੁਰੀ ਖਸਤਾ ਹਾਲਤ ਵਿਚ ਹਨ। ਕੁਝ ਤਾਂ ਖੋਲੇ ਬਣਨ ਕੰਢੇ ਹਨ ਅਤੇ ਕੁਝਨਾ ਨੂੰ ਸਾਂਭਣ ਸੁਆਰਨ ਲਈ ਅਰਬਾਂ ਰੁਪਿਆ ਦਰਕਾਰ ਹੈ। ਹੋਰ ਤਾਂ ਹੋਰ ਮਨਸੂਰਵਾਲਾ ਪੀਰ ਜ਼ਿਆਉਦੀਨ, ਪੀਰ ਚੌਧਰੀ ਦੀ ਦਰਗਾਹ ਨੇੜੇ ਬਣਾਇਆ ਗਿਆ ਮੀਰ ਨਾਸਿਰ, ਜਿਨ੍ਹਾਂ ਨੇ ਇਸ ਘਰਾਣੇ ਵਾਸਤੇ ਮੋਢੀਆਂ ਵਰਗੀ ਭੂਮਿਕਾ ਨਿਭਾਈ, ਦਾ ਮਕਬਰਾ ਹੁਣ ਖੰਡਰ ਬਣ ਚੁੱਕਾ ਹੈ। ਛੋਟੀਆਂ ਇੱਟਾਂ ਦੀ ਬਣੀ ਇਸ ਯਾਦਗਾਰੀ ਇਮਾਰਤ ਨੂੰ ਦੇਖ ਕੇ ਰੋਣ ਆਉਂਦਾ ਹੈ। ਚੰਗਾ ਹੁੰਦਾ ਜੇਕਰ ਏਥੇ ਵਿਸ਼ਾਲ ਪੱਧਰ ਦੀ ਕੋਈ ਸੰਗੀਤ ਅਕੈਡਮੀ ਜਾਂ ਮਿਊਜ਼ੀਅਮ ਹੀ ਬਣਾਇਆ ਜਾਂਦਾ, ਪਰ ਕਿੱਥੇ? ਸਾਡਾ ਪੁਰਾਤਤਵ ਵਿਭਾਗ ਅਤੇ ਦੂਸਰੇ ਤੀਸਰੇ ਅਦਾਰੇ, ਬਲਕਿ ਯੂਨੈਸਕੋ ਵਾਲੇ ਵੀ ਇਸ ਪੱਖੋਂ ਬਿਲਕੁਲ ਕੁੰਭਕਰਨੀ ਨੀਂਦ ਸੁੱਤੇ ਪਏ ਹਨ। ਚਾਹੀਦਾ ਤਾਂ ਇਹ ਸੀ ਕਿ ਜਗਤਜੀਤ ਪੈਲੇਸ ਵਿਚ ਅੰਤਰਰਾਸ਼ਟਰੀ ਪੱਧਰ ਦੀ ਇਕ ਮਿਊਜ਼ੀਅਮ ਬਣਾਈ ਜਾਂਦੀ, ਜਿਥੇ ਕਿ ਸਾਰੀਆਂ ਰਿਆਸਤੀ ਵਿਰਾਸਤੀ ਦੁਰਲਭ ਵਸਤਾਂ ਸਾਂਭੀਆਂ ਜਾਂਦੀਆਂ, ਪਰ ਉਸ ਥਾਂ ਸੈਨਿਕ ਸਕੂਲ ਚੱਲ ਰਿਹਾ ਹੈ।
ਇਸ ਸ਼ਾਹੀ ਰਾਜ ਘਰਾਣੇ ਨਾਲ ਸਬੰਧਿਤ ਰਾਣੀ ਰਿਪਜੀਤ ਸਿੰਘ-ਨੈਣਾ ਦੇਵੀ ਜੀ (1918-1993) (ਪ੍ਰਸਿੱਧ ਐਕਟਰੈਸ ਕੱਥਕ ਨ੍ਰਿਤਕੀ ਸਾਧਨਾ ਬੋਸ ਦੇ ਭੈਣ ਜੀ) ਆਲ ਇੰਡੀਆ ਰੇਡੀਓ ਦਿੱਲੀ ਵਿਚ ਕੰਮ ਕਰਦਿਆਂ ‘ਸੁਰ ਔਰ ਸੰਗੀਤ’ ਪ੍ਰੋਗਰਾਮ ਰਾਹੀਂ ਹਿੰਦੁਸਤਾਨੀ ਸੰਗੀਤ ਦੀ ਸਾਂਭ ਸੰਭਾਲ ਲਈ ਆਪਣਾ ਯੋਗਦਾਨ ਪਾਉਂਦੇ ਰਹੇ। 1964 ਵਿਚ ਆਪ ਨੇ ਰਿਆਸਤ ਰਾਮਪੁਰ ਦੇ ਪ੍ਰਸਿੱਧ ਉਸਤਾਦ ਮੁਸ਼ਤਾਕ ਹੁਸੈਨ ਖ਼ਾਂ (1878-….?) ਸਹਿਸਵਾਂ ਘਰਾਣਾ ਵਾਲਿਆਂ ਤੇ, ਜਿਸਦੇ ਉਹ ਸ਼ਾਗਿਰਦ ਵੀ ਸਨ ਅਤੇ ਅੰਜਨੀ ਬਾਈ ਮਾਲਪੇਕਰ ਤੇ ਸੰਗੀਤ ਨਾਟਕ ਅਕੈਡਮੀ ਦਿੱਲੀ ਲਈ ਅੰਗਰੇਜ਼ੀ ਵਿਚ ਦੋ ‘ਮੋਨੋਗ੍ਰਾਫ’ (ਕਿਤਾਬਚੇ) ਵੀ ਲਿਖੇ ਸਨ। ਅੱਜਕਲ੍ਹ ਰਾਜਾ ਪਰਮਜੀਤ ਸਿੰਘ ਜੀ ਦੀ ਮਾਇਆ ਨਾਜ਼ ਧੀ ਰਾਣੀ ਸ੍ਰੀਮਤੀ ਅਨੀਤਾ ਸਿੰਘ ਪੰਜਾਬ ਦੇ ਵਿਰਾਸਤੀ ਮੇਲਿਆਂ ਦੁਆਰਾ ਜਿਸ ਤਰ੍ਹਾਂ ਦੀ ਕਲਾਤਮਿਕ ਪੁਨਰ-ਸੁਰਜੀਤੀ ਦੇ ਕਾਰਜ ਕਰ ਰਹੇ ਹਨ, ਉਹ ਸਿਰਫ਼ ਉਨ੍ਹਾਂ ਦਾ ਹੀ ਹਿੱਸਾ ਹੈ।
‘ਹੁਣ’ ਦੇ ਪਿਛਲੇ ਅੰਕ ਵਿਚ ਪਟਿਆਲਾ ਘਰਾਣੇ ਵਾਲੇ ਲੇਖ ਵਿਚ ਅਸੀਂ ਤੁਫੈਲ ਨਿਆਜ਼ੀ ਨੂੰ ਇਸ ਘਰਾਣੇ ਵਿਚ ਸ਼ਾਮਲ ਕਰ ਗਏ ਸਾਂ। ਦਰਅਸਲ ਆਪ ਪ੍ਰੋ: ਵਲੀ ਮੁਹੰਮਦ ਦੇ ਗੰਡਾ-ਬੰਧ ਸ਼ਾਗਿਰਦ ਸਨ। ਗੁਣੀ-ਗੰਢ ਜਾਂ ਗੰਡਾ-ਬੰਧ ਰਸਮ ਵਾਲੀ ਸ਼ਾਗਿਰਦੀ ਕਿਉਂਕਿ ਵਧੇਰੇ ਮਹੱਤਵ-ਪੂਰਨ ਹੁੰਦੀ ਹੈ, ਇਸ ਲਈ ਤੁਫੈਲ ਨਿਆਜ਼ੀ ਦੀ ਗਿਣਤੀ ਪਟਿਆਲਾ ਘਰਾਣੇ ਨਾਲੋਂ ਜੇਕਰ ਕਪੂਰਥਲਾ ਘਰਾਣੇ ਵਿਚ ਕੀਤੀ ਜਾਵੇ, ਤਾਂ ਵਧੇਰੇ ਉਚਿਤ ਹੋਵੇਗਾ। ਸਾਡੇ ਵਲੋਂ ਇਸ ਸਹਿਵਨ ਹੋ ਗਈ ਗ਼ਲਤੀ ਨੂੰ ਪਾਠਕ-ਜਨ ਮੁਆਫ਼ ਕਰ ਦੇਣ (ਬੀ.ਐਸ.ਕੇ)।
[1] ਨਮੋ-ਭਾਵ ਨਮਸਕਾਰ ਕਰਨਾ; ਨਿਧਾਨ-ਆਸਰਾ (ਜਿਸ ਸੁ ਮਨਿ ਵਸੈ ਸੁਹੋਤ ਨਿਧਾਨ-ਸੁਖਮਨੀ ਸਾਹਿਬ); ਆਦ-ਪਹਿਲਾ, ਮੁਢਲਾ, ਮੂਲ (Basic)
[2] ਕਲਾਤਮਿਕ ਸੋਹਜ ਲਈ ਸ਼ਿੰਗਾਰ ਵਜੋਂ ਸਾਜ਼ ਦਾ ਥੱਲੜਾ ਹਿੱਸਾ(ਢਿੱਡ) ਜੇ ਕਰ ਮੋਰ ਦੀ ਸ਼ਕਲ ਦਾ ਬਣਾਇਆ ਜਾਂਦਾ ਤਾਂ ਉਸਨੂੰ ਮੋਰ ਵੀਣਾ ਆਖਦੇ ਸਨ ਅਤੇ ਜੇਕਰ ਕੱਛੂ ਦੀ ਸ਼ਕਲ ਬਣਾਈ ਜਾਂਦੀ ਤਾਂ ਉਸਨੂੰ ਕੱਛੂ ਜਾਂ ਕਛੂਆ ਵੀਣਾ ਕਿਹਾ ਜਾਂਦਾ ਹੈ।)
[3] “Futty Singh had commenced on a pucka fort a short distance from the town; but a hint having been received that the thing would not be agreeable to the ruler of the Punjab, the building of it was abruptly stopped.”–The Morning Heralfd–London 10 December, 1828)
[4] ਰੁਲੀਆ ਰਾਮ ਪਾਕਿਸਤਾਨ ਬਣਨ ਤੋਂ ਕਈ ਸਾਲ ਪਹਿਲਾਂ ਮਿਸ਼ਨ ਹਾਈ ਸਕੂਲ ਰੰਗ ਮਹੱਲ ਲਾਹੌਰ ਦੇ ਸਤਿਕਾਰਤ ਹੈੱਡਮਾਸਟਰ ਸਨ ਅਤੇ ਸ਼ਹਿਰ ਦੀ ਬੜੀ ਹਰਦਿਲ-ਅਜੀਜ਼ ਹਸਤੀ ਸਨ। ਆਪ ਹਾਰਮੋਨੀਅਮ ਦੇ ਬੜੇ ਮਾਹਿਰ ਸਨ ਅਤੇ ਵਾਜੇ ਵਿਚੀਂ ਕਲਾਸੀਕਲ ਧੁਨਾਂ ਕੱਢਣ ਦੀ ਕੋਸ਼ਿਸ਼ ਕਰਦੇ ਰਹਿੰਦੇ ਸਨ।)
[5] ਇਹ ਕਿਤਾਬਤ ਦੀ ਗਲਤੀ ਹੈ ਜਾਂ ਕੁਝ ਹੋਰ, ਏਥੇ ਨਿਸਾਰ ਦੀ ਥਾਂ ਨਾਸਿਰ ਹੋਣਾ ਚਾਹੀਦਾ ਹੈ — ਲੇਖਕ
[6] ਆਬਿ-ਹਯਾਤ (ਉਰਦੂ) ; ਮੁਹੰਮਦ ਹੁਸੈਨ ਆਜ਼ਾਦ; ਸਫ਼ਾ 385)