ਕੱਚੇ ਕੋਠੇ! ਇੱਕ ਹੀ ਕੰਧ ‘ਤੇ ਰੱਖੀਆਂ ਛਤੀਰੀਆਂ। ਸਾਡੇ ਘਰ ਦਾ ਮੂੰਹ ਲੈਂਹਦੇ ਨੂੰ ਤੇ ਚਾਚੇ ਮਿਹਰਦੀਨ ਦੇ ਘਰ ਦਾ ਮੂੰਹ ਚੜ੍ਹਦੇ ਨੂੰ। ਭਰਾਵਾਂ ਤੋਂ ਵੱਧ ਪਿਆਰ ਪਿਤਾ ਨਾਲ। ਪਿੰਡ ‘ਚ ਵਧੀਆ ਸੱਚੇ ਸੌਦੇ ਦੀ ਹੱਟੀ ਚਾਚੇ ਮਿਹਰਦੀਨ ਦੀ। ਇੱਕ ਦੋ ਮੱਝਾਂ ਰੱਖਕੇ ਚਾਚੀ ਰੇਸ਼ਮਾਂ ਨੇ ਘਿਓ ਬਣਾਕੇ ਵੇਚਣਾ, ਸਵਾ ਰੁਪਈਏ ਸੇਰ। ਦੁੱਧ ਨਹੀਂ ਸੀ ਵਿਕਦਾ। ਸਾਨੂੰ ਜਦੋਂ ਵੀ ਲੋੜ ਪੈਣੀਂ, ਮੈਨੂੰ ਪਿਤਾ ਨੇ ਘਿਓ ਲੈਣ ਭੇਜਣਾ। ਬਾਰਾਂ ਕੁ ਸਾਲ ਸੀ ਉਮਰ ਮੇਰੀ। ਮੈਨੂੰ ਅੱਜੀਂ ਪੁੱਜੀਂ ਕਿੰਨ੍ਹਾ ਹੀ ਚਿਰ ਲਾ ਦੇਣਾ ਰੇਸ਼ਮਾਂ ਚਾਚੀ ਨੇ। ਜੀਅ ਮੇਰਾ ਵੀ ਉੱਠਣ ਨੂੰ ਨਹੀਂ ਸੀ ਕਰਦਾ। ਏਹ ਕਰਲਾਂ ਔਹ ਕਰਲਾਂ। ਗੱਲ੍ਹਾਂ ਚੁੰਮ- ਚੁੰਮ ਕੇ ਲਾਲ ਕਰ ਦੇਣੀਆਂ, ਤੇ ਘੁੱਟ ਘੁੱਟ ਕੇ ਜੱਫੀਆਂ। ਉਸਦੇ ਬੱਚਾ ਨਹੀਂ ਸੀ ਉਦੋਂ। ਮਮਤਾ ਦਾ ਪਿਆਰ ਮੇਰੇ ਲਈ, ਉਸਦੇ ਪਿਆਰ ਦੀ ਮੈਨੂੰ ਸਮਝ ਨਹੀਂ ਸੀ। ਦੋ ਵੀਰ ਸਾਂ। ਮਾਂ 1947 ਚ, ਮਾਂ-ਮਹਿੱਟਰ ਛੱਡਕੇ ਇਸ ਦੁਨੀਆਂ ਤੋਂ ਤੁਰ ਗਈ। ਪਿਤਾ ਦੀ ਇੱਕ ਉਂਗਲੀ ਮੈਂ ਤੇ ਦੂਜੀ ਛੋਟੇ ਨੇ ਫੜ੍ਹਕੇ ਸਿੱਖਿਆ ਤੁਰਨਾ ਇਸ ਦੁਨੀਆਂ ਚ। ਹੱਦੋਂ ਵੱਧ ਪਿਆਰ ਚਾਚੇ ਮਿਹਰਦੀਨ ਨਾਲ।
“ਉਰਦੂ ਦਾ ਹਫਤਾਵਾਰੀ ਅਖਬਾਰ ਬੰਬਈ ਤੋਂ ਆਉਂਦਾ ਤੇ “ਜੰਗਿ ਆਜਾਦੀ” ਲਾਹੌਰ ਤੋਂ, ਪੜ੍ਹਕੇ ਸੁਨਾਉਣੇ ਪਿਤਾ ਨੂੰ, ਜਦ ਕਦੀ ਦੁਪਹਿਰੇ ਥੋੜ੍ਹੀ ਵੇਹਲ ਮਿਲਣੀ। ਸਦਾ ਸਿਰ ‘ਤੇ ਕੰਮਾਂ ਦੀ ਪੰਡ ਦਾ ਭਾਰ, ਘਰ ਦਾ ਸਾਰਾ ਸੌਦਾ ਚਾਚੇ ਮਿਹਰਦੀਨ ਦੀ ਹੱਟੀ ਤੋਂ। ਤੇ ਪੈਸਾ ਧੇਲਾ ਵੀ ਲੋੜ ਪੈਣ ‘ਤੇ ਵਰਤ ਕੇ ਕਣਕ ਕਪਾਹ ਤੋਂ ਵਾਪਸ। ਝੋਨੇ ਦਾ ਕਿਤੇ ਨਾਂ ਨਹੀਂ। ਘਰੋਗੀ ਹਾਲਤ ਮਾੜੀ ਹੋਣ ਕਰਕੇ ਵੀ ਸਾਨੂੰ ਸਕੂਲੇ ਘੱਲਣਾ। ਪਿਤਾ ਵੱਲੋਂ ਸ੍ਹਾਂਬਣਾ ਸੌਖਾ ਨਹੀਂ ਸੀ ਕੰਮ। ਏਨੇ ਨੂੰ ਪਾਕਿਸਤਾਨ ਬਨਣ ਦੀਆਂ ਖਬਰਾਂ ਸ਼ੁਰੂ।
ਮੁਸਲਮਾਨ ਤੇ ਹਿੰਦੂ ਸਿੱਖਾਂ ਚ, ਨਫਰਤ। ਦੰਗੇ ਫਸਾਦ ਸ਼ੁਰੂ। ਪਿੰਡਾਂ ਚ, ਅਮਨ ਕਮੇਟੀਆਂ, ਚਾਚਾ ਮਿਹਰਦੀਨ ਵੀ ਮੈਂਬਰ। ਦੋਵਾਂ ਨੇ ਪਾਰਟੀ ਹੁਕਮ ਦੇ ਬੱਧੇ, ਅਮਨ ਕਰੋ ਅਮਨ ਕਰੋ ਕਰਦੇ ਫਿਰਨਾ ਪਿੰਡ ਪਿੰਡ। ਕਦ ਜਰਦੇ ਧਰਮਾਂ ਦੇ ਠੇਕੇਦਾਰ। ਦੋਵੇਂ ਫ਼ਿਰਕੂ ਪਾਰਟੀਆਂ ਦੀ ਨਜਰਾਂ ਚ, ਲੁਟੇਰੇ ਤਾਂ ਉਹ ਦਿਨ-ਉਡੀਕਦੇ ਲੁੱਟਣ ਮਾਰਨ ਲਈ। ਆਖਰ ਅਗਸਤ 1947 ਆ ਹੀ ਗਿਆ। ਪੌ ਬਾਰਾਂ ਡਾਕੂ ਲੁਟੇਰਿਆਂ ਦੇ। ਚਾਚਾ ਮਿਹਰਦੀਨ ਤੇ ਚਾਚੀ ਰੇਸ਼ਮਾਂ ਨੇ ਹਨੇਰੇ ਪੌੜੀਆਂ ਉੱਤਰ ਕੇ ਕਿੰਨਾਂ ਹੀ ਚਿਰ ਰਾਤ ਗਈ ਡਰ ਸੈਂਹਮ ਦੀਆਂ ਗੱਲਾਂ ਕਰਦੇ ਰਹਿਣਾ, ਕੀ ਕਰਾਂਗੇ ਭਾਈ ਜੀ? ਦੋਹਾਂ ਨੇ ਇੱਕੇ ਮੂੰਹ ਇਹੋ ਹੀ ਕਹੀ ਜਾਣਾ, ਯਕੀਨ ਧਰਵਾਸ ਦੇਣ ‘ਤੇ ਵੀ ਨਾ ਹਟਣਾ। ਲੋਹੜੇ ਦਾ ਹੁਸਨ ਸੀ ਚਾਚੀ ਰੇਸ਼ਮਾਂ ‘ਤੇ। ਚਾਚੀ ਰੇਸ਼ਮਾਂ ਦਾ ਲਾਲ ਰੰਗ ਪੀਲਾ ਹੋਣਾ ਸ਼ੁਰੂ। ਸਾਨੂੰ ਦੋਹਾਂ ਵੀਰਾਂ ਨੂੰ ਘੁੱਟ ਘੁੱਟ ਗਲ ਨਾਲ ਲਾਉਣਾ। ਵੱਧ ਪਿਆਰ ਸਕੀ ਜਨਣ ਵਾਲੀ ਤੋਂ। ਚਾਰੇ ਪਾਸੇ ਸੈਂਹਮ ਹੀ ਸੈਂਹਮ। ਇਲਾਕੇ ਚ, ਮੁਸਲਮਾਨ ਘਰਾਂ ਚ, ਲੁੱਟਾਂ ਖੋਹਾਂ । ਜਾਨੋਂ ਮਾਰਨ ਦੀਆਂ ਧਮਕੀਆਂ । ਲਾਗਲੇ ਪਿੰਡ ਭੁੱਸੇ ਚ ਘਰਾਂ ਨੂੰ ਅੱਗਾਂ। ਕੱਟ ਵੱਢ। ਮਾਸੂਮ ਬੱਚਿਆਂ ਨੂੰ ਵੀ ਨਾ ਬਖਸ਼ਣਾ!
ਅਗਲੇ ਦਿਨ ਹੁਸ਼ਿਆਰ-ਨਗਰ ‘ਤੇ ਹਮਲਾ। ਕਹਿੰਦੇ ਸਨ ਕਿ ਲੀਗ ਵਾਲੇ ਇਕ ਸੰਤ ਰੂਪੀ ਬਾਬੇ ਨੂੰ ਮਾਰ ਗਏ ਸਨ। ਲਟ-ਲਟ ਕਰਦਾ ਪਿੰਡ ਬਲ ਰਿਹਾ ਸੀ। ਲਾਸ਼ਾਂ ਹੀ ਲਾਸ਼ਾਂ, ਲਹੂ ਲੁਹਾਨ ਹੋਈਆਂ ਗਲੀਆਂ ਨਾਲੀਆਂ । ਪੱਥਰ ਅੱਖਾਂ, ਹੰਝੂ ਵੀ ਸੁੱਕ ਗਏ। ਏਧਰ ਤੜਫ ਕੇ ਚਾਚੇ ਮਿਹਰਦੀਨ ਹੁਰਾਂ ਨੂੰ ਦੋ ਦਿਨ ਲੰਘੇ। ਸਾਡੇ ਪਿੰਡ ਲੱਧੇਵਾਲ ਚ ਵੀ ਘੁਸਰ-ਘੁਸਰ ਸ਼ੁਰੂ। ਲੱਟ ਲਓ ਮੁਸਲਮਾਨ ਘੁਮਿਆਰਾਂ ਦੇ ਘਰ। ਮਾਰ ਦਿਓ ਬੰਦੇ। ਜਨਾਨੀਆਂ ਲੈ ਆਓ ਫੜ੍ਹਕੇ ਘਰੀਂ। ਮੱਚ ਗਈ ਹਫੜਾ ਦਫੜੀ ਪਿੰਡ ਚ, ਚਾਚੇ ਮਿਹਰਦੀਨ ਹੁਰਾਂ ਦੇ ਲਾਗਲੇ ਘਰ ਲੁੱਟ ਕੇ ਲੈ ਗਏ। ਰਾਤ ਪਈ ਤਾਂ ਸਾਡਾ ਘਰ ਬੰਦੇ ਬੁੜ੍ਹੀਆਂ ਨਾਲ ਭਰ ਗਿਆ। ਚਾਚੇ ਮਿਹਰਦੀਨ ਤੇ ਚਾਚੀ ਰੇਸ਼ਮਾਂ ਨਾਲ ਤਿੰਨ ਘਰ ਹੋਰ ਵੀ ਆ ਗਏ। ਪਨਾਹ ਕੇਵਲ ਕਾਮਰੇਡ ਪੂਰਨ ਸਿੰਘ ਹੁਰਾਂ ਦੇ ਘਰ। ਘਰ ਦੇ ਬੂਹੇ ਅੱਗੇ ਕੋਈ ਝਾਤੀ ਵੀ ਨਹੀਂ ਸੀ ਮਾਰ ਸਕਦਾ। ਹੱਦੋਂ ਵੱਧ ਦਬਦਬਾ। ਤਿੰਨ ਰਾਤਾਂ ਘੁੱਟੇ ਸਾਹ ਹੀ ਲੰਘਾਈਆਂ ਸਾਡੇ ਘਰ।
ਓਧਰੋਂ ਜਿਲ੍ਹਾ ਲਾਹੌਰ ਤੋਂ ਖਰਕ ਪਿੰਡ ਤੋਂ ਪਿਤਾ ਹੁਰਾਂ ਦਾ ਫੁੱਫੜ ਤੇ ਭੂਆ ਦਾ ਪੁੱਤ ਭਰਾ ਮਾਲ ਡੰਗਰ ਲੈ ਕੇ ਆ ਗਏ। ਬਹੁਤ ਹੀ ਘਬਰਾਏ ਹੋਏ, ਪਰ ਨੁਕਸਾਨ ਕੋਈ ਨਹੀਂ ਸੀ ਹੋਇਆ। ਜਦ ਉਹਨਾਂ ਘਰ ਚ, ਸਾਰਾ ਮਹੌਲ ਵੇਖਿਆ ਤੇ ਕਿਹਾ-
‘ਭਾਊ ਜੀ ਇਨ੍ਹਾਂ ਦਾ ਕੀ ਬਣੂ?’
‘ਤਕੜਾ ਹੋ ਤੂੰ ਕੁਝ ਨਹੀਂ ਹੋਏਗਾ ਇਨ੍ਹਾਂ ਨੂੰ, ਕਿਸੇ ਦੀ ਕੀ ਮਜਾਲ ਹੈ ਅਪਣੇ ਘਰ ਵੱਲ ਕੋਈ ਅੱਖ ਚੁੱਕ ਕੇ ਵੀ ਵੇਖ ਜਾਏ।’
ਮੈਂ ਤੇ ਛੋਟਾ ਸਵਰਨ ਖੁਸ਼ ਵੀ ਤੇ ਸੈਂਹਮੇ ਵੀ। ਚਾਚੀ ਰੇਸ਼ਮਾਂ ਰੋਟੀਆਂ ਪਕਾਉਣੀਆਂ ਤੇ ਅਸੀਂ ਖੁਸ਼ ਹੋ ਕੇ ਖਾਂਦੇ।
ਏਧਰ ਗੁੰਡੇ ਹਰਲ-ਹਰਲ ਕਰਦੇ ਬੂਹੇ ਅੱਗੋਂ ਲੰਘਦੇ। ਪਰ ਕੀ ਮਜਾਲ ਕੋਈ ਬੂਹੇ ਅੱਗੋਂ ਖੰਘ ਕੇ ਵੀ ਲੰਘ ਜਾਏ। ਲੋਟੂਆਂ ਦੀ ਦਾਲ ਨਾ ਗੱਲੀ। ਰੇਸ਼ਮਾਂ ਚਾਚੀ ਗੁੰਡਿਆਂ ਤੋਂ ਬਚ ਗਈ। ਜਿਸ ਮਗਰ ਮਰਦਾ ਸੀ ਸਾਰਾ ਪਿੰਡ। ਅਖੀਰ ਪ੍ਰੋਗਰਾਮ ਬਣਾਕੇ ਪਿਤਾ ਨੇ ਛੋਟੇ ਭਰਾ ਨਾਲ ਚਾਚੀ ਰੇਸ਼ਮਾਂ ਨੂੰ ਘਰ ਵਾਲੀ ਦੇ ਬਹਾਨੇ ਮੁਹਾਵੇ ਭੇਜ ਦਿੱਤਾ। ਮੁਹਾਵੇ ਵਿਆਇਆ ਸੀ ਉਹ। ਨਾਲ ਹੀ ਕਹਿ ਦਿੱਤਾ ਕਿ ਅੱਧੀ ਰਾਤ ਨੂੰ ਅਸੀਂ ਮੁਹਾਵੇ ਵਾਲੇ ਥੇਹ ‘ਤੇ ਆ ਜਾਵਾਂਗੇ। ਤੂੰ ਰੇਸ਼ਮਾਂ ਨੂੰ ਲੈ ਕੇ ਥੇਹ ‘ਤੇ ਆ ਜਾਵੀਂ। ਓਥੋਂ ਇਹਨਾਂ ਸਾਰਿਆਂ ਨੂੰ ਸਰਹੱਦ ਲੰਘਾਂ ਆਵਾਂਗੇ, ਤਾਂ ਜੋ ਇਹ ਅੱਗੋਂ, ਪਾਕਿਸਤਾਨ ਚਲੇ ਜਾਣਗੇ। ਸਰਹੱਦ ਕੇਵਲ ਇੱਕ ਮੀਲ ਵੀ ਨਹੀਂ। ਕਦੀ ਯਾਦ ਕਰਿਆ ਕਰਨਗੇ ਭਰਪਣ ਨੂੰ। ਏਧਰ ਚਾਚੇ ਮਿਹਰਦੀਨ ਨੂੰ ਤਾਂ ਕੁਝ ਵੀ ਨਹੀਂ ਸੀ ਸੁੱਝ ਰਹੀ। ਘਬਰਾ ਪੈ ਜਾਂਦਾ ਘੜੀ ਘੜੀ। ਪਰ ਪਿਤਾ ਹੁਰਾਂ ‘ਤੇ ਰੱਬ ਵਰਗਾ ਭਰੋਸਾ ਸੀ ਉਸਨੂੰ। ਕਾਲੀ ਬੋਲੀ ਰਾਤ, ਘੁੱਪ ਹਨੇਰਾ, ਨਾਲ ਹੀ ਕਿਣ ਮਿਣ। ਪੌੜੀ ਲਾਕੇ ਪਿਛਲੇ ਪਸਿਓਂ ਸਾਰੇ ਹੀ ਆਦਮੀ ਤੇ ਜਨਾਨੀਆਂ, ਉਤਾਰ ਕੇ ਮੁਹਾਵੇ ਵੱਲ ਨੂੰ ਤੁਰ ਪਏ। ਪਿਤਾ ਤੇ ਖਰਕਾਂ ਵਾਲਾ ਚਾਚਾ ਭਜਨ ਸਿੰਘ ਨਾਲ । ਹਥਿਆਰ ਕੇਵਲ ਸੋਟਾ ਤੇ ਤਲਵਾਰ। ਓਧਰ ਚਾਚੀ ਰੇਸ਼ਮਾਂ ਸ਼ੁਕਰ ਕਰਕੇ ਜਦ ਮੁਹਾਵੇ ਅੱਪੜੀ, ਤਾਂ ਉਹਨਾਂ ਦੀਆਂ ਅੱਗੋਂ ਅੱਖਾਂ ਹੀ ਹੋਰ ਹੋ ਗਈਆਂ, ਰੂਪ ਵੇਖਕੇ ਚਾਚੀ ਰੇਸ਼ਮਾਂ ਦਾ। ਚਾਚੇ ਕਿਹਰ ਸਿੰਘ ਦਾ ਇਕ ਸਾਲਾ ਛੜਾ ਹੀ ਸੀ, ਕਿਓਂ ਨਾ ਇਸਨੂੰ ਕਰਤਾਰੇ ਦੇ ਘਰ ਬਿਠਾ ਦੇਈਏ। ਸਾਕ ਤਾਂ ਕੋਈ ਹੁੰਦਾ ਨਹੀਂ ਸੀ। ਬੱਕਰੀਆਂ ਚਾਰਦੇ ਜੱਟ ਨੂੰ ਕੌਣ ਸਾਕ ਕਰਦਾ ਸੀ। ਪੂਰੀ ਵਿਓਂਤ ਬਣ ਗਈ। ਰਾਤ ਨੂੰ ਉਹਨਾਂ ਸਾਰਿਆਂ ਥੇਹ ‘ਤੇ ਆ ਜਾਣਾ ਹੈ ਲੱਧੇਵਾਲ ਤੋਂ। ਸਾਰੇ ਵੱਢ ਟੁੱਕ ਕੇ ਪਾਰ ਬੁਲਾਵਾਂਗੇ। ਜਨਾਨੀਆਂ ਲੈ ਆਵਾਂਗੇ।
ਇਸ ਤਰ੍ਹਾਂ ਹੀ ਹੋਇਆ। ਪਿਤਾ ਹੁਰੀਂ ਸਹੀ ਸਲਾਮਤ ਸਾਰੇ ਥੇਹ ‘ਤੇ ਆ ਗਏ। ਡਿੱਗਦੇ ਡੈਂਹਦੇ। ਸ਼ੁਕਰ ਕੀਤਾ ਸਾਰਿਆਂ ਹੱਦ ਲਾਗੇ ਹੀ ਸੀ। ਪਰ ਏਨੇ ਨੂੰ ਘੁਸਰ-ਘੁਸਰ ਹੋਣ ਲੱਗੀ। ਪਤਾ ਓਦੋਂ ਹੀ ਲੱਗਾ, ਜਦੋਂ ਬਰਛੀਆਂ ਕ੍ਰਿਪਾਨਾਂ ਨਾਲ ਵੱਢ ਟੁੱਕ ਸ਼ੁਰੂ ਹੋ ਗਈ। ਚੀਕਾਂ ਹੀ ਚੀਕਾਂ, ਹਾਏ ਮਰ ਗਏ। ਹਾਏ ਮਰ ਗਏ! ਦੁਹਾਈ ਪੈ ਗਈ, ਚੀਕ ਚਿਹਾੜੇ ਚ, ਕੁਝ ਹੀ ਪਲਾਂ ਚ, ਲਾਸ਼ਾਂ ਦੇ ਢੇਰ ਲੱਗ ਗਏ। ਇਕ ਮੁੰਡਾ ਬਚਿਆ ਭੱਜ ਕੇ ਕੇਵਲ, ਕੌਣ ਸੀ? ਪਤਾ ਨਹੀਂ। ਚਾਚੀ ਰੇਸ਼ਮਾਂ ਦੀ ਇੱਕ ਭੈਣ ਜਿਸਦੇ ਚੂੜੇ ਦਾ ਅਜੇ ਰੰਗ ਵੀ ਨਹੀਂ ਸੀ ਲੱਥਾ, ਤੇ ਇਕ ਹੋਰ ਦਰਾਣੀ ਮਹਾਵੇ ਲੈ ਆਏ। ਜਦ ਚਾਚੀ ਰੇਸ਼ਮਾਂ ਨੇ ਉਹਨਾਂ ਨੂੰ ਵੇਖਿਆ ਤਾਂ ਭੁੱਬਾਂ ਹੀ ਨਿਕਲ ਗਈਆਂ ਉਸਦੀਆਂ। ਏਧਰ ਪਿਤਾ ਤੇ ਚਾਚਾ ਭਜਨ ਸਿੰਘ ਬਹੁਤ ਹੀ ਮੁਸ਼ਕਲ ਨਾਲ ਭੱਜ ਕੇ ਬਚੇ। ਬਚਾਅ ਸਿਰਫ਼ ਇਸ ਕਰਕੇ ਹੀ ਹੋਇਆ, ਕਿਉਂਕਿ ਉਹਨਾਂ ਦੇ ਵੱਡੇ ਲੜਕੇ ਨੂੰ ਭਰਾ ਕਿਹਰ ਸਿੰਘ ਨੇ ਵੱਡੇ ਸਾਲੇ ਦੀ ਲੜਕੀ ਦਾ ਰਿਸ਼ਤਾ ਕਰਾਇਆ ਸੀ। ਜੇਕਰ ਰਿਸ਼ਤਾ ਨਾ ਹੁੰਦਾ, ਤਾਂ ਉਹਨਾਂ ਦੋਵਾਂ ਨੂੰ ਵੀ ਟੁੱਕ ਸੁੱਟਦੇ।
ਏਧਰ ਸਾਨੂੰ ਦੋਵਾਂ ਵੀਰਾਂ ਨੂੰ ਵੀ ਨੀਂਦ ਸੀ ਆ ਰਹੀ। ਘਰ ਇੱਕ ਚਾਚਾ ਤੇ ਇੱਕ ਚਾਚੀ ਕਿਹਰ ਸਿੰਘ ਦੇ ਘਰੋਂ ਸੀ। ਏਨੇ ਨੂੰ ਹੌਲੀ ਜੇਹੀ ਵੱਡਾ ਦਰਵਾਜ਼ਾ ਖੜਕਿਆ। ਡੱਟ ਜਾ ਕੇ ਖੋਹਲਿਆ, ਪਿਤਾ ਤੇ ਚਾਚਾ ਬਹੁਤ ਹੀ ਘਬਰਾਏ ਹੋਏ ਸਨ। ਲਹੂ ਨਾਲ ਕੱਪੜੇ ਵੀ ਖਰਾਬ ਵੇਖ ਕੇ ਘਬਰਾ ਗਏ ਅਸੀਂ ਵੀ। ਸਾਰੀ ਕਹਾਣੀ ਦੱਸੀ, ਤਾਂ ਸਾਡੀਆਂ ਭੁੱਬਾਂ ਨਿਕਲ ਗਈਆਂ। ਹਾਏ! ਸਾਡੇ ਚਾਚੇ ਮਿਹਰਦੀਨ ਨੂੰ ਕੀ ਹੋ ਗਿਆ! ਕਿਓਂ ਮਾਰ ਦਿੱਤਾ ਉਹਨਾਂ ਨੂੰ। ਪਿਤਾ ਤੇ ਚਾਚਾ ਸਾਨੂੰ ਚੁੱਪ ਕਰਾ ਰਹੇ ਸਨ। ਡੱਕਿਆ ਨਹੀਂ ਸੀ ਜਾਂਦਾ ਰੋਂਣ। ਸਵੇਰ ਹੋ ਗਈ ਸਾਰੇ ਪਿੰਡ ਵਿੱਚ ਲੋਕ ਗੱਲਾਂ ਕਰ ਰਹੇ ਸਨ, ਕਿ ਭਾਈ ਪੂਰਨ ਸਿੰਘ ਨੇ ਮਹਿਰਦੀਨ ਹੁਰਾਂ ਦਾ ਸਾਰਾ ਟੱਬਰ ਖ਼ਤਮ ਕਰਕੇ ਰੇਸ਼ਮਾਂ ਨੂੰ ਆਪਣੇ ਘਰ ਰੱਖ ਲਿਆ ਹੈ। ਪਰ ਕੁਝ ਦਿਨਾਂ ਮਗਰੋਂ ਲੋਕਾਂ ਨੂੰ ਪਤਾ ਲੱਗ ਗਿਆ, ਜਦ ਇੱਕ ਹੋਰ ਪਰਿਵਾਰ ਅੱਛਰ ਸਿੰਘ ਅਪਣੇ ਮਿੱਤਰ ਪਰਿਵਾਰ ਨੂੰ, ਉਸੇ ਹੀ ਰਾਤ ਥੇਹ ਤੋਂ ਸਰਹੱਦ ਲੰਘਾ ਕੇ ਆਇਆ ਸੀ। ਸਾਰੀ ਕਹਾਣੀ ਦੱਸੀ ਉਸਨੇ ਹੀ- ਕਿ ਭਾਈ ਦਾ ਕੋਈ ਕਸੂਰ ਨਹੀਂ, ਇਹ ਤਾਂ ਸਗੋਂ ਆਪ ਜਾਨਾਂ ਬਚਾਕੇ ਭੱਜੇ ਹਨ। ਕਈ ਲੋਕ ਤਾਂ ਅਜੇ ਵੀ ਯਕੀਨ ਨਹੀਂ ਸਨ ਕਰਦੇ। ਓਧਰੋਂ ਸਵੇਰੇ ਮੁਹਾਵੇ ਤੋਂ ਕਿਹਰ ਸਿੰਘ ਵੀ ਆ ਗਿਆ। ਪਿਤਾ ਹੁਰੀਂ ਬਹੁਤ ਹੀ ਗੁੱਸੇ ਹੋਕੇ ਗਾਲਾਂ ਕੱਢ ਰਹੇ ਸਨ-
‘ਮੈਂ ਚੰਡਾਲਾ ਤੇਰਾ ਸਾਕ ਵੀ ਨਹੀਂ ਲੈਣਾ ਜਾਹ ਜਾ ਕੇ ਦੱਸਦੇ ਮੁਹਾਵੇ ਵਾਲਿਆਂ ਨੂੰ।’
ਪਰ ਜਿਸ ਦੀ ਲੜਕੀ ਦਾ ਰਿਸ਼ਤਾ ਕਰਾਇਆ ਸੀ, ਉਸ ਵਿਚਾਰੇ ਨੂੰ ਵੀ ਨਹੀਂ ਸੀ ਪਤਾ ਇਸ ਕਾਰੇ ਦਾ।
ਓਧਰੋਂ ਚਾਚੀ ਰੇਸ਼ਮਾਂ ਨੇ ਪਿਤਾ ਨੂੰ ਸੁਨੇਹੇ ਭੇਜਣੇ ਸ਼ੁਰੂ ਕਰ ਦਿੱਤੇ। ਸਾਰਾ ਪਤਾ ਲੱਗ ਗਿਆ ਸੀ, ਵਿਚਾਰੀ ਏਹੋ ਆਖਦੀ ਰਹੀ-
‘ਭਾਈ ਜੀ ਤੁਸੀਂ ਮੈਨੂੰ ਅਪਣੇ ਹੀ ਰੱਖ ਲੈਂਦੇ ਘਰ। ਮੈਂ ਤਾਂ ਪਹਿਲਾਂ ਹੀ ਮੋਹਣ (ਲੇਖਕ) ਤੇ ਸਵਰਨ (ਵਿੰਮਕੋ) ਨੂੰ ਪੁੱਤਾਂ ਤੋਂ ਵੀ ਵੱਧ ਪਿਆਰ ਕਰਦੀ ਸਾਂ, ਕਿਓਂ ਘੱਲ ਦਿੱਤਾ ਨਰਕ ਚ।’
ਆਖ਼ਰ ਜਦ ਕਰਤਾਰੇ ਨਾਲ ਚਾਦਰ ਪਈ ਤਾਂ ਉਹਨੂੰ ਸਾਰੀ ਕਹਾਣੀ ਦਾ ਪਤਾ ਲੱਗਾ, ਕਿ ਭਾਈ ਹੁਰਾਂ ਨਾਲ ਵੀ ਧੋਖਾ ਕੀਤਾ ਗਿਆ ਹੈ। ਉਹਨਾਂ ਤਾਂ ਅਪਣੀ ਪੂਰੀ ਦੋਸਤੀ ਨਿਭਾ ਦਿੱਤੀ। ਪਰ ਇਹਨਾਂ ਜੁਲਮਾਂ ਨੂੰ ਅੱਲਾ ਹੀ ਪਛਾਣੇਗਾ।
ਸਮਾਂ ਖਲੋਂਦਾ ਨਹੀਂ। ਲੰਘਦੇ ਗਏ ਦਿਨ। ਚਾਚੀ ਰੇਸ਼ਮਾਂ ਦੇ ਘਰ ਕਾਕਾ ਹੋ ਪਿਆ। ਇਹ ਸਾਰਾ ਪਰਿਵਾਰ ਖੁਸ਼ ਸੀ। ਘਰਰ…ਕਰਦਿਆਂ ਮਿਲਟਰੀ ਦੀ ਗੱਡੀ ਆ ਖਲੋਤੀ ਇਕ ਦਿਨ ਘਰ ਅੱਗੇ। ਚਾਚੀ ਰੇਸ਼ਮਾਂ ਨੇ ਜਦ ਅਪਣੇ ਭਰਾ ਨੂੰ ਉਤਰਦਿਆਂ ਵੇਖਿਆ ਤਾਂ, ਓੁਸ ਦੀਆਂ ਭੁੱਬਾਂ ਹੀ ਨਿਕਲ ਗਈਆਂ। ਦੂਸਰੀਆਂ ਦਾ ਉਸਨੂੰ ਪਤਾ ਨਹੀਂ ਸੀ। ਲੋਕ ਕੋਠਿਆਂ ‘ਤੇ ਖਲੋਕੇ ਵੇਖ ਰਹੇ ਸਨ। ਫਟਾ ਫਟ ਰੇਸ਼ਮਾਂ ਨੂੰ ਤੇ ਨਾਲ ਹੀ ਮੁੰਡੇ ਨੂੰ ਬਿਠਾ ਕੇ ਪਤਾ ਨਹੀਂ ਕਿੱਥੇ ਲੈ ਗਏ। ਜਿਸਦੀ ਅੱਜ ਤੱਕ ਕੋਈ ਦੱਸ ਧੁੱਖ ਨਹੀਂ ਪਈ। ਆਖ਼ਰ ਮੇਰਾ ਵਿਆਹ ਵੀ ਹੋ ਹੀ ਗਿਆ। ਜੇ ਚਾਚੀ ਰੇਸ਼ਮਾਂ ਨਾਂ ਜਾਂਦੀ ਤਾਂ ਸ਼ਾਇਦ…।
ਪਰ ਮੈਨੂ ਅੱਜ ਵੀ ਜਦ ਚਾਚਾ ਮਿਹਰਦੀਨ ਤੇ ਚਾਚੀ ਰੇਸ਼ਮਾਂ ਦੀ ਯਾਦ ਆਉਂਦੀ ਹੈ, ਤਾਂ ਮੇਰੇ ਪਿੰਡੇ ਲੂੰ ਕੰਡੇ ਹੋ ਜਾਂਦੇ ਹਨ, ਤੇ ਸੁੱਕੇ ਅੱਥਰੂ ਗਿੱਲੇ। ਆਮੀਨ