ਐਲਬੀ ਮਿੱਤਰਾ
ਤੂੰ ਤਾਂ ਉਨ੍ਹਾਂ ਵਾਂਙ ਹੀ ਕਾਰ ਚ ਬਹਿੰਦਾ
ਤੇਰੇ ਪਿੱਛੇ ਕਾਹਤੋਂ ਮੌਤ ਜਿਹਾ ਕੁਝ ਤੁਰਦਾ ਰਹਿੰਦਾ?
ਨਹੀਂ ਅਜਨਬੀ ਮਿੱਤਰਾ
ਮੇਰੀ ਕਾਰ ਚ ਮੇਰੇ ਅੰਦਰ ਰੋਹ ਦਾ ਭਰਿਆ ਸਗਲ ਸਵੈਟੋ
ਸਣੇ ਸਲੱਮਾਂ ਵਸਦਾ
ਬਹੁਤ ਵਿਸ਼ਾਲ ਹਰੇ ਘਾਹ
ਪੂਲ, ਫੁਹਾਰੇ, ਚਾਂਦੀ ਵਾਲ਼ੇ ਗੇਟਾਂ ਦੇ ਬੰਗਲੇ ਵਿਚ ਰਹਿੰਦਾ ਟੋਲਾ
ਮੇਰੇ ਅੰਦਰ ਵਸਦੇ ਸਵੈਟੋ ਕੋਲ਼ੋਂ ਤ੍ਰਹਿੰਦਾ
ਮੇਰਾ ਜੀਣਾ ਕਦੇ ਨ ਸਹਿੰਦਾ
ਐਲਬੀ ਐਲਬੀ
ਤੇਰਾ ਰੰਗ ਤਾਂ ਉਨ੍ਹਾਂ ਵਾਂਗ ਹੀ ਚਿੱਟਾ ਗੋਰਾ
ਨਹੀਂ ਅਜਨਬੀ ਮਿੱਤਰਾ
ਮੈਂ ਨ ਗੋਰਾ ਨਾ ਕਾਲ਼ਾ
ਮੈਂ ਕਦ ਰੰਗਾਂ ਦੀ ਮਾਇਆ ਵਿਚ ਫਸਿਆ
ਮੇਰੀ ਚਮੜੀ ਦੀ ਤਾਂ ਇਕ ਤਹਿ ਚਿੱਟੀ ਇਕ ਤਹਿ ਕਾਲ਼ੀ
ਚਿੱਟੇ ਰਾਜਿਆਂ ਨੂੰ ਇਹ ਚਿੱਟੇ ਰੰਗ ਦਾ ਬਹੁਤ ਨਿਰਾਦਰ ਲਗਦਾ
ਐਲਬੀ ਐਲਬੀ ਐਲਬੀ
ਤੇਰੀ ਕਾਰ ਚ ਬੰਬ ਫਟਿਆ ਕਿ ਫਟਿਆ
ਤੇਰਾ ਹਾਸਾ ਬਸ ਮੁੱਕਿਆ ਕਿ ਮੁੱਕਿਆ
ਚਾਰ ਚੁਫੇਰੇ ਦੂਰ ਦੂਰ ਤਕ ਭੁੱਬਲ਼ ਵਸਤਰ
ਬਾਂਹ ਦੇ ਟੁੱਕੜੇ ਵਾਂਙ ਸਵੈੱਟੋ ਖਿੱਲਰੇ
ਖੜ੍ਹੀ ਭੀੜ ਨੇ ਸਹਿਮ ਜਿਹੇ ਵਿਚ ਤੱਕਿਆ
ਸੇਕ ਚ ਵਾਲ਼ ਹੋਏ ਘੁੰਗਰਾਲ਼ੇ
ਬੁੱਲ੍ਹ ਮੋਟੇ
ਰੰਗ ਕਾਲ਼ਾ
ਸਹਿਜੇ ਸਹਿਜੇ ਐਲਬੀ ਮਿੱਤਰ ਹੱਸਿਆ
8 ਅਪ੍ਰੈਲ 1988
ਅਜਮੇਰ ਰੋਡੇ
ਇਹ ਐਲਬੀ ਸਾਕਸ ਕੌਣ ਹੈ?
ਸਾਉਥ ਅਫ਼ਰੀਕਾ ਦਾ ਜੰਮਪਲ਼ ਐਲਬੀ ਸਾਕਸ 7 ਅਪ੍ਰੈਲ 1988 ਨੂੰ ਅਪਣੇ ਉੱਤੇ ਹੋਏ ਕਾਰ-ਬੰਬ ਹਮਲੇ ਅਤੇ ਇਸ ਕਵਿਤਾ ਦੇ ਲਿਖਣ ਵੇਲੇ ਮੋਜ਼ਾਂਬੀਕ ਵਿਚ ਜਲਵਤਨੀ ਚ ਰਹਿੰਦਿਆਂ ਅਪਣੇ ਮੁਲਕ ਦੀ ਆਜ਼ਾਦੀ ਲਈ ਲੜ ਰਿਹਾ ਸੀ। ਪਹਿਲਾਂ ਇਹ ਸਾਉਥ ਅਫ਼ਰੀਕਾ ਵਿਚ 1960ਆਂ ਦੇ ਸ਼ੁਰੂ ਚ ਦੋ ਵਾਰ ਕੈਦ ਕਟ ਚੁੱਕਾ ਸੀ ਅਤੇ ਰਾਇਲ ਸ਼ੈਕਸਪੀਅਰ ਕੰਪਨੀ ਨੇ ਇਹਦੀ ਜੇਲ ਡਾਇਰੀ (1966) ਦਾ ਡਰਾਮਾ ਬਣਾ ਕੇ ਲੰਡਨ ਵਿਚ ਸੰਨ 79 ਵਿਚ ਖੇਡਿਆ ਸੀ।
ਕਾਰ ਵਿਚ ਰੱਖੇ ਬੰਬ ਦੇ ਫਟਣ ਨਾਲ਼ ਇਹ ਇਹਦੀ ਸੱਜੀ ਬਾਂਹ ਉੜ ਗਈ ਅਤੇ ਖੱਬੀ ਅੱਖ ਦੀ ਲੋਅ ਚਲੇ ਗਈ।
ਲਿਥੂਨੀਆ-ਵਾਸੀ ਐਲਬੀ ਦੇ ਯਹੂਦੀ ਮਾਂ-ਬਾਪ ਧਾਰਮਿਕ ਵਿਤਕਰੇ ਅਤੇ ਮੰਦਹਾਲੀ ਕਰਕੇ ਪਹਿਲੀ ਜੰਗ ਵੇਲੇ ਅਪਣੇ ਮਾਪਿਆਂ ਨਾਲ਼ ਸਾਉਥ ਅਫ਼ਰੀਕਾ ਜਾ ਵਸੇ ਸਨ। ਵੱਡੇ ਹੋ ਕੇ ਦੋਹਵੇਂ ਕਮਿਉਨਿਸਟ ਪਾਰਟੀ ਚ ਰਲ਼ ਗਏ। ਬਾਪ ਦਰਜ਼ੀਆਂ ਦੀ ਯੂਨੀਅਨ ਦਾ ਆਗੂ ਸੀ ਅਤੇ ਮਾਂ ਪਾਰਟੀ ਦੇ ਜਨਰਲ ਸਕੱਤਰ ਦੀ ਟਾਈਪਿਸਟ ਸੀ।
ਐਲਬੀ ਨੇ ਕਾਨੂੰਨ ਦੀ ਪੜ੍ਹਾਈ ਕੀਤੀ ਅਤੇ ਸਿਆਸਤ ਵਿਚ ਸਰਗਰਮੀ ਦੌਰਾਨ ਸੰਨ 66 ਵਿਚ ਇੰਗਲੈਂਡ ਜਲਾਵਤਨ ਹੋ ਗਿਆ ਅਤੇ ਓਥੇ ਇਹਨੇ ਗਿਆਰਾਂ ਸਾਲ ਸਾਉਥਐਂਪਟਨ ਤੇ ਕੈਂਬ੍ਰਿੱਜ ਯੂਨੀਵਰਸਟੀ ਵਿਚ ਪੜ੍ਹਾਂਦਿਆਂ ਕੱਟੇ। ਮੋਜ਼ਾਂਬੀਕ ਆਜ਼ਾਦ ਹੋਣ ਤੋਂ ਦੋ ਸਾਲ ਮਗਰੋਂ ਓਥੇ ਜਾ ਕੇ ਰਹਿਣ ਲੱਗਾ। ਸੰਨ 1990 ਵਿਚ ਜਦ ਅਫ਼ਰੀਕਨ ਨੈਸ਼ਨਲ ਕਾਂਗਰਸ ਤੋਂ ਪਾਬੰਦੀ ਹਟ ਗਈ, ਤਾਂ ਇਹ ਮੁੜ ਅਪਣੇ ਵਤਨ ਚਲੇ ਗਿਆ।
ਹੁਣ ਐਲਬੀ ਕੀ ਕਰਦਾ ਹੈ?
ਸੰਨ 1995 ਵਿਚ ਨੈਲਸਨ ਮੰਡੇਲੇ ਨੇ ਐਲਬੀ ਨੂੰ ਸਾਉਥ ਅਫ਼ਰੀਕਾ ਦੇ ਕਨਸਟੀਚੀਊਸ਼ਨ ਕੋਰਟ ਦਾ ਜੱਜ ਥਾਪਿਆ ਸੀ। ਇਹਨੇ ਜੋਹੈਨਸਬਰਗ ਦੀ ਪੁਰਾਣੀ ਜੇਲ ਨੂੰ (ਜਿੱਥੇ ਇਹਨੇ ਕਦੇ ਕੈਦ ਕੱਟੀ ਸੀ) ਕਨਸਟੀਚੀਊਸ਼ਨ ਕੋਰਟ ਬਣਾ ਦਿੱਤਾ। ਨਵੇਂ ਸਾਉਥ ਅਫ਼ਰੀਕਾ ਦਾ ਸੰਵਿਧਾਨ ਸਾਜਣ ਵਿਚ ਜਸਟਿਸ ਐਲਬੀ ਦਾ ਵੱਡਾ ਹੱਥ ਹੈ। ਇਹਨੇ ਸਾਉਥ ਅਫ਼ਰੀਕਾ ਵਿਚ ਮੌਤ ਦੀ ਸਜ਼ਾ ਖ਼ਤਮ ਕਰ ਦਿੱਤੀ ਹੈ ਅਤੇ ਸਮਲਿੰਗ ਵਿਆਹਾਂ ਦੀ ਖੁੱਲ੍ਹ ਦੇ ਦਿੱਤੀ ਹੈ ਅਤੇ ਹੁਣ ਉਸ ਮੁਲਕ ਵਿਚ ਕਾਨੂੰਨਨ ਕਿਸੇ ਨੂੰ ਮੁਕੱਦਮਾ ਚਲਾਏ ਬਗ਼ੈਰ ਕੈਦ ਚ ਨਹੀਂ ਰੱਖਿਆ ਜਾ ਸਕਦਾ। ਇਕਹੱਤਰ ਸਾਲਾਂ ਦੇ ਐਲਬੀ ਦਾ ਅਪਣੇ ਨਾਲ਼ੋਂ ਤੀਹ ਸਾਲ ਛੋਟੀ ਕਾਲ਼ੀ ਔਰਤ ਨਾਲ਼ ਵਿਆਹ ਪਰੂੰ 26 ਅਗਸਤ ਨੂੰ ਹੋਇਆ।
ਐਲਬੀ ਦਾ ਕੋਈ ਹੋਰ ਕਾਰਨਾਮਾ?
ਇਹਨੇ ਰੋਅਲੈਂਡ ਜੇਲ ਨੂੰ ਕੇਪ ਟਾਊਨ ਪਬਲਿਕ ਰੈਕਰਡਜ਼ ਆਫ਼ਿਸ ਚ ਬਦਲ ਦਿੱਤਾ ਹੈ; ਜਿੱਥੇ ਸਾਉਥ ਅਫ਼ਰੀਕਾ ਦੀ ਲੋਕ ਲਹਿਰ ਦੇ ਸਾਰੇ ਸਰਕਾਰੀ ਕਾਗ਼ਜ਼-ਪਤ੍ਰ ਸਾਂਭ ਕੇ ਰੱਖੇ ਜਾਣਗੇ।
ਜਿਸ ਪੁਲ਼ਸੀਏ ਨੇ ਇਹਦੀ ਕਾਰ ਵਿਚ ਬੰਬ ਰਖਵਾਇਆ ਸੀ, ਉਹ ਸੰਨ 2001 ਵਿਚ ਟਰੂਥ ਕਮਿਸ਼ਨ ਅੱਗੇ ਅਪਣਾ ਕਾਰਾ ਮੰਨਣੋਂ ਬਾਅਦ ਐਲਬੀ ਨੂੰ ਮਿiਲ਼ਆ, ਤਾਂ ਐਲਬੀ ਨੇ ਉਹਦੇ ਨਾਲ਼ ਅਪਣਾ ਖੱਬਾ ਹੱਥ ਮਿਲ਼ਾਇਆ ਸੀ। (ਕਮਿਸ਼ਨ ਨੇ ਵੀ ਪੁਲ਼ਸੀਏ ਨੂੰ ਬਖ਼ਸ਼ ਦਿੱਤਾ ਸੀ। ਸ਼ਹੀਦ ਸਟੀਵ ਬੀਕੋ ਦੇ ਘਰ ਦੇ ਤੇ ਹੋਰ ਵੀ ਕਈ ਇਸ ਕਮਿਸ਼ਨ ਦੇ ਹੱਕL ਵਿਚ ਨਹੀਂ ਹਨ। ਪਰ ਐਲਬੀ ਸਮਝਦਾ ਹੈ ਕਿ ਹੋਰ ਕੋਈ ਰਾਹ ਵੀ ਨਹੀਂ। ਇਸ ਕਮਿਸ਼ਨ ਦੀ ਤਾਕਤ ‘ਜੋ ਪਤਾ ਹੈ, ਉਹਨੂੰ ਮੰਨ ਲੈਣ ਅਤੇ ਮੁਆਫ਼ ਕਰ ਦੇਣ’ ਵਿਚ ਹੀ ਹੈ।)
ਟਰੂਥ ਕਮਿਸ਼ਨ ਵਿਚ ਕੀ ਹੁੰਦਾ ਹੈ?
ਟਰੂਥ ਕਮਿਸ਼ਨ ਦਾ ਪ੍ਰਧਾਨ ਸਾਉਥ ਅਫ਼ਰੀਕਾ ਦਾ ਲਾਟ ਪਾਦਰੀ ਡੈਸਮੰਡ ਟੂਟੂ ਹੈ ਅਤੇ ਇਹ ਕਮਿਸ਼ਨ ਮੰਡੇਲੇ ਤੇ ਸਾਕਸ ਦੇ ਆਖਣ ‘ਤੇ ਬਣਿਆ। ਇਸ ਕਮਿਸ਼ਨ ਵਿਚ ਗ਼ੁਲਾਮੀ ਵੇਲੇ ਦੇ ਜ਼ਾਲਿਮ ਅਤੇ ਮਜ਼ਲੂਮ ਆਹਮੋ-ਸਾਹਮਣੇ ਬੈਠ ਕੇ ਗੱਲਾਂ ਕਰਦੇ ਹਨ। ਇਹਦਾ ਮਕਸਦ ਈਸਾਈਅਤ ਦੇ ਸਿੱਧਾਂਤ ਵਾਲ਼ਾ ਹੈ ‘ਪਾਪ ਮੰਨ ਲਓ, ਭੁਲਾ ਦਿਓ ਤੇ ਮੁਆਫ਼ ਕਰ ਦਿਓ’।
ਕੋਈ ਕਿਵੇਂ ਭੁੱਲ ਸਕਦਾ ਹੈ?
ਬੰਦਾ ਹੀ ਭੁੱਲਦਾ ਹੈ ਅਤੇ ਬੰਦਾ ਹੀ ਮੁਆਫ਼ ਕਰਦਾ ਹੈ। ਇਹ ਕਰਾਮਾਤ ਐਸ ਵੇਲੇ ਸਾਉਥ ਅਫ਼ਰੀਕਾ ਵਿਚ ਵਾਪਰ ਰਹੀ ਹੈ। ‘ਖ਼ੂਨ ਕਾ ਬਦਲਾ ਖ਼ੂਨ’ ਦੇ ਪੈਰੋਕਾਰਾਂ, ਖ਼ਾਸ ਕਰਕੇ ਪੰਜਾਬੀ ਲੋਕਾਂ ਵਾਸਤੇ, ਇਨਸਾਨੀਅਤ ਦੀ ਇਸ ਧਾਰਣਾ ਨੂੰ ਮੰਨਣਾ ਰਤਾ ਔਖਾ ਹੈ। ਕਿਸੇ ਹੋਏ ਪਾਪ ਦਾ ਬਦਲਾ ਲੈਣਾ ਅਸੰਭਵ ਹੈ। ਪਰ ਕਿਸੇ ਨੂੰ ਪਾਪੀ ਹੋਣ ਦਾ ਅਹਿਸਾਸ ਕਰਵਾਉਣਾ ਬਦਲਾ ਲੈਣ ਨਾਲ਼ੋਂ ਵੀ ਵੱਡੀ ਗੱਲ ਹੁੰਦੀ ਹੈ। ਇਸ ਨਾਲ਼ ਦੋਹਵਾਂ ਧਿਰਾਂ ਦਾ ਜ਼ਾਲਿਮ ਅਤੇ ਮਜ਼ਲੂਮ ਦੇ ਮਨ ਦਾ ਮਣਾਂ-ਮੂੰਹੀਂ ਭਾਰ ਹੌਲ਼ਾ ਹੁੰਦਾ ਹੈ; ਆਤਮਾ ਦੀ ਸ਼ੁੱਧੀ ਹੁੰਦੀ ਹੈ। ਜ਼ਾਲਿਮ ਮਜ਼ਲੂਮ ਬਣ ਜਾਂਦਾ ਹੈ। ਇੰਜ ਜਿੱਤ-ਹਾਰ ਕਿਸੇ ਦੀ ਨਹੀਂ ਹੁੰਦੀ। ਪਰ ਕੁਰਆਨ (ਸੂਰਾ ਬਕਰਾ; ਆਇਤ 22) ਵਿਚ ‘ਈਮਾਨ ਵਾiਲ਼ਆਂ’ ਨੂੰ ਬਦਲਾ ਲੈਣ ਲਈ ਆਖਿਆ ਹੈ ਤੁਮਹਾਰੇ ਲੀਏ ਕਸਾਸ (ਯਾਨੀ ਬਦਲੇ ਵਿਚ) ਜ਼ਿੰਦਗੀ ਹੈ, ਤਾਕਿ ਤੁਮ ਬਚੋ।
ਬੰਦੇ ਬਹਾਦਰ ਨੇ, ਸ਼ਹੀਦ ਭਗਤ ਸਿੰਘ ਨੇ, ਸ਼ਹੀਦ ਊਧਮ ਸਿੰਘ ਨੇ ਬਦਲਾ ਲੈ ਕੇ ਨਹੀਂ ਸੀ ਦਖਾਲਿਆ?
ਕੀ ਸੱਚੀਂ ਲੈ ਲਿਆ ਸੀ ਬਦਲਾ ਉਨ੍ਹਾਂ ਨੇ? ਸਾਡਾ ਭਾਈ ਘਨੱਈਆ ਵੀ ਤਾਂ ਹੋਇਆ ਹੈ। ਉਹ ਲੰਮੀਆਂ ਗੱਲਾਂ ਹਨ; ਹੁਣ ਇਸ ਕਵਿਤਾ ਦੀ ਗੱਲ ਕਰੀਏ।
ਅਜਮੇਰ ਰੋਡੇ ਨੇ ਇਹ ਕਵਿਤਾ ਕਿਉਂ ਲਿਖੀ ਸੀ? ਇਸ ਕਵਿਤਾ ਦੀ ਕਾਰੀਗਰੀ ਕੀ ਹੈ?
ਇਹ ਕਵਿਤਾ ਅਜਮੇਰ ਨੇ ਮੋਜ਼ਾਂਬੀਕ ਵਿਚ ਐਲਬੀ ਸਾਕਸ ‘ਤੇ ਹੋਏ ਕਾਤਿਲਾਨਾ ਹਮਲੇ ਦੇ ਅਗਲੇ ਦਿਨ ਹੀ 8 ਅਪ੍ਰੈਲ 1988 ਨੂੰ ਲਿਖੀ ਸੀ। ਕੈਨੇਡਾ ਦਰਪਣ (15-30 ਅਪ੍ਰੈਲ 1988) ਵਿਚ ਛਪੀ ਇਸ ਕਵਿਤਾ ਦੇ ਨਾਲ਼ ਬੰਬ ਚਲਣ ਪਿੱਛੋਂ ਸੜਕ ‘ਤੇ ਨਿਢਾਲ਼ ਪਏ ਨੰਗੇ ਐਲਬੀ ਦੀ ਤਸਵੀਰ ਵੀ ਛਪੀ ਸੀ; ਇਹਦੇ ਦੁਆਲ਼ੇ ਸੁੰਨ ਹੋਏ ਲੋਕ ਖੜ੍ਹੇ ਦਿਸਦੇ ਹਨ।
ਇਹ ਪੰਜਾਬੀ ਸਾਹਿਤ ਦੀ ਸਿੱਖੀ, ਮਾਰਕਸਵਾਦ ਅਤੇ ਇਨਸਾਨਦੋਸਤੀ ਦੀ ਰੀਤ ਦੀ ਸੋਝੀ ਹੈ ਕਿ ਸਤ ਸਮੁੰਦਰ ਪਾਰ ਰਹਿੰਦਾ ਕੋਈ ਅਜਨਬੀ ਵੀ ਅਖ਼ਬਾਰ ਚ ਪੜ੍ਹੀ ਖ਼ਬਰ ਜਾਂ ਕੁਝ ਮਿੰਟ ਟੈਲੀਵੀਯਨ ‘ਤੇ ਵੇਖੀ-ਸੁਣੀ ਖ਼ਬਰ ਨਾਲ਼ ਇਕ ਪਲ ਵਿਚ ਕਿਸੇ ਦਾ ਮਿੱਤਰ ਬਣ ਜਾਂਦਾ ਹੈ ਅਤੇ ਉਹਨੂੰ ਅਪਣੇ ਦਿਲੋਂ ਲਿਖੀ ਕਵਿਤਾ ਦੀ ਅਣਮੋਲ ਸੁਗ਼ਾਤ ਭੇਟ ਕਰਦਾ ਹੈ। ਇਸ ਕਵਿਤਾ ਦੀ ਗੂੰਜ “ਗ਼ਦਰ ਗੂੰਜਾਂ” ਨਾਲ਼ ਮਿਲ਼ਦੀ ਹੈ।
ਇਸ ਲਾਸਾਨੀ ਕਵਿਤਾ ਦੇ ਤਿੰਨ ਖੰਡ ਹਨ ਪਹਿਲਾ, ਕਵੀ ਜਿਵੇਂ ਐਲਬੀ ਨਾਲ਼ ਰਾਹ ਜਾਂਦਿਆਂ ਮਿਲ਼ਦਾ ਗੱਲੀਂ ਲਗ ਜਾਂਦਾ ਹੈ। ਲਗਦੈ, ਕਵੀ ਐਲਬੀ ਨੂੰ ਜਾਣਦਾ ਹੈ; ਪਰ ਐਲਬੀ ਕਵੀ ਨੂੰ ਨਹੀਂ ਜਾਣਦਾ, ਇਸੇ ਲਈ ਉਹਨੂੰ ‘ਅਜਨਬੀ ਮਿੱਤਰਾ’ ਆਖ ਕੇ ਜਵਾਬ ਦਿੰਦਾ ਹੈ। ਦੁਨੀਆ ਵਿਚ ਹਰ ਥਾਂ ਰਿਜ਼ਕ ਮੁਹੱਬਤ ਆਜ਼ਾਦੀ ਲਈ ਜੱਦੋਜਹਿਦ ਕਰਦਾ ਹਰ ਕੋਈ ਕਵੀ ਦਾ ਮਿੱਤਰ ਹੀ ਹੁੰਦਾ ਹੈ। ਇਹ ਰਿਸ਼ਤਾ ਮਾਰਕਸ ਤੋਂ ਕਿਤੇ ਪਹਿਲਾਂ ਸਾਡੇ ਵਡੇਰੇ ਫ਼ਰੀਦ ਨਾਨਕ ਹੁਰੀਂ ਗੰਢ ਗਏ ਸਨ।
ਕਵਿਤਾ ਦੇ ਦੂਜੇ ਖੰਡ ਵਿਚ ਕਵੀ ਐਲਬੀ ਨੂੰ ਤਾੜਨਾ ਕਰਦਾ ਹੈ ਕਿ ਬੰਬ ਫਟਣ ਲੱਗਾ ਹੈ। ਇਥੇ ਵੀ ਕਵੀ ਦੀ ‘ਗ਼ੈਬੀ ਨਜ਼ਰ’ ਦੀ ਗੱਲ ਹੈ। ਕਵੀ ਦੀ ਚਾਹਤ ਹੈ ਕਿ ਐਲਬੀ ‘ਤੇ ਹਮਲਾ ਹੋਣਾ ਨਹੀਂ ਸੀ ਚਾਹੀਦਾ; ਕਿਸੇ ਵੀ ਇਨਸਾਨ ਦੀ ਜਾਨ ਲੈਣ ਦੀ ਕੋਸ਼ਿਸ਼ ਕਰਨਾ ਮਹਾਂ ਪਾਪ ਹੈ। ਪਰ ਭਾਣਾ ਵਰਤ ਕੇ ਹੀ ਰਹਿਣਾ ਸੀ ਚਾਰ ਚੁਫੇਰੇ ਦੂਰ ਦੂਰ ਤਕ ਭੁੱਬਲ਼ ਵਸਤਰ/ ਬਾਂਹ ਦੇ ਟੁੱਕੜੇ ਵਾਂਙ ਸਵੈੱਟੋ ਖਿੱਲਰੇ/ ਖੜ੍ਹੀ ਭੀੜ ਨੇ ਸਹਿਮ ਜਿਹੇ ਵਿਚ ਤੱਕਿਆ/ ਸੇਕ ਚ ਵਾਲ਼ ਹੋਏ ਘੁੰਗਰਾਲ਼ੇ/ ਬੁੱਲ੍ਹ ਮੋਟੇ/ ਰੰਗ ਕਾਲ਼ਾ।
ਕਵਿਤਾ ਲਿਖਣ ਵੇਲੇ ਕਵੀ ਨੂੰ ਸ਼ਾਇਦ ਇਹ ਪਤਾ ਨਹੀਂ ਸੀ ਕਿ ਐਲਬੀ ਦੀ ਵਧੀ ਹੋਈ ਹੈ। ਤਾਂ ਵੀ ਤੀਸਰਾ ਖੰਡ ਸਿਰਫ਼ ਇਕ ਸਤਰ ਵਿਚ ਹੀ ਹੈ – ਸਹਿਜੇ ਸਹਿਜੇ ਐਲਬੀ ਮਿੱਤਰ ਹੱਸਿਆ। – ਇਹ ਕਵੀ ਖਵਰੇ ਅਚੇਤ ਲਿਖ ਗਿਆ; ਇਸ ਆਸ ਨਾਲ਼ ਕਿ ਐਲਬੀ ਦਾ ਹਾਸਾ ਮੁੱਕੇ ਨਾ। ਇਹ ਉਸ ਵੇਲੇ ਦੀ ਗੱਲ ਹੈ, ਜਦ ਮਹੀਨਿਆਂ ਬਾਅਦ ਐਲਬੀ ਮਿੱਤਰ ਅਪਣੇ ਘਰ ਪੁੱਜ ਕੇ ‘ਸਹਿਜੇ ਸਹਿਜੇ ਹੱਸਿਆ’ ਹੋਵੇਗਾ। ਇਸ ਸਹਿਜ ਹਾਸੇ ਦੀ ਵਾਰਤਾ ਐਲਬੀ ਦੀ ਅਦੁੱਤੀ ਕਿਤਾਬ ਦ’ ਸੌਫ਼ਟ ਵੈਨਜੀਐਂਸ ਆੱਵ ਏ ਫ਼ਰੀਡਮ ਫ਼ਾਈਟਰ (1990) ਵਿਚ ਦਰਜ ਹੈ।
ਇਸ ਕਵਿਤਾ ਵਿਚ ਕੋਈ ‘ਇਨਕਲਾਬੀ ਰੌਲ਼ਾ’ ਨਹੀਂ ਹੈ। ਇਨਸਾਨੀਅਤ ਦੇ ਕਾਤਿਲਾਂ ਦੁਸ਼ਮਣਾਂ ਨੂੰ ਗਾਹਲ਼ਾਂ ਕੱਢਣ ਦੀ ਥਾਂ ਕਵੀ ਨੇ ਇਨਕਲਾਬੀ ਨਾਲ਼ ਹੀ ਸਹਿਜ-ਭਾ ਗੱਲਾਂ ਕੀਤੀਆਂ ਹਨ। ਕਵਿਤਾ ਨੂੰ ਮਾਣਨ-ਸਮਝਣ ਵਾਲ਼ੇ ਪਾਠਕ ਨੂੰ ਰੌਲ਼ੇ ਦੀ ਲੋੜ ਵੀ ਨਹੀਂ ਹੁੰਦੀ। ਪੰਜਾਬੀ ਦੇ ਬਹੁਤੇ ‘ਅਗਾਂਹਾਂਵਧੂ ਕਵੀ’ ਟਾਹਰਾਂ ਮਾਰਦਿਆਂ ਅਪਣੀ ਗੱਲ ਕਰਨ ਲੱਗੇ ਹੁਨਰ ਦਾ ਪੱਲਾ ਛੱਡ ਬੈਠਦੇ ਹਨ।
ਕਵੀ ਅਜਮੇਰ ਰੋਡੇ ਦਾ ਇਸ ਕਵਿਤਾ ਬਾਬਤ ਕੀ ਕਹਿਣਾ ਹੈ?
ਕਵੀ ਨੇ ਇਹ ਦੱਸਿਆ ਹੈ: ਐਲਬੀ ਸਾਕਸ ਵਾਲੀ ਘਟਨਾ ਦਾ ਮੇਰੇ ‘ਤੇ ਤੁਰੰਤ ਤੇ ਡੂੰਘਾ ਪ੍ਰਭਾਵ ਪੈਣ ਦਾ ਇਕ ਕਾਰਣ ਉਸ ਤੋਂ ਮਹੀਨਾ ਪਹਿਲਾਂ ਹੋਈ ਪਾਸ਼ ਦੀ ਮੌਤ ਸੀ। ਮੈਨੂੰ ਲੱਗਾ; ਇਕ ਹੋਰ ਪਾਸ਼ ਦਾ ਕਤਲ ਹੋ ਗਿਆ; ਇਕ ਹੋਰ ਲੇਖਕ ਦਾ। ਇਸ ਤਰ੍ਹਾਂ ਮਹਿਸੂਸ ਹੋਇਆ, ਜਿਵੇਂ ਜਬਰ ਵਿਰੁੱਧ ਬੋਲਣ ਵਾਲ਼ੇ ਕਲਾਕਾਰਾਂ ਉੱਤੇ ਹਰ ਥਾਂ ਹਮਲੇ ਹੋ ਰਹੇ ਹੋਣ। ਪਾਸ਼ ਦੇ ਕਤਲ ਪਿੱਛੋਂ ਆਪਮੁਹਾਰੇ ਕਵਿਤਾ ਲਿਖੀ ਗਈ ਸੀ। ਐਲਬੀ ਉੱਤੇ ਹਮਲੇ ਪਿੱਛੋਂ ਵੀ ਇਸੇ ਤਰ੍ਹਾਂ ਹੋਇਆ। ਅਖ਼ਬਾਰ ਵਿਚ ਫ਼ੋਟੋ ਵੇਖ ਕੇ ਸਕੈੱਚ ਵੀ ਉਲੀਕਿਆ ਗਿਆ। ਪਰ ਉਸ ਸਮੇਂ ਪਤਾ ਨਹੀਂ ਸੀ ਐਲਬੀ ਦੀ ਵਧੀ ਹੋਈ ਹੈ; ਸਾਡੇ ‘ਚੰਗੇ ਕਰਮ’ ਐਲਬੀ ਵਰਗਾ ਹੀਰਾ ਬਚ ਗਿਆ।
ਉਹਦਾ ਬਚਿਆ ਇਕ ਹੱਥ ਹੀ ਲੱਖਾਂ ਵਰਗਾ ਹੈ, ਜਿਸ ਨਾਲ਼ ਉਹ ਲੱਖਾਂ ਲੋਕਾਂ ਲਈ ਚੰਗੇ ਕਾਨੂੰਨ ਲਿਖ ਸਕਦਾ ਹੈ। ਉਹਨੇ ਸਾਊਥ ਅਫ਼ਰੀਕਾ ਦਾ ਜੱਜ ਬਣਕੇ ਮੌਤ ਦੀ ਸਜ਼ਾ ਉਡਾ ਦਿੱਤੀ। ਇਸ ਨਾਲ਼ ਉਹ ਬੰਦਾ ਵੀ ਬਚ ਗਿਆ, ਜਿਹਨੇ ਐਲਬੀ ਨੂੰ ਬੰਬ ਨਾਲ਼ ਉਡਾਉਣ ਦਾ ਹੁਕਮ ਦਿੱਤਾ ਸੀ। ਐਲਬੀ ਨੇ ਉਹਨੂੰ ਮੁਆਫ਼ ਕਰ ਦਿੱਤਾ ਹੈ। ਉਹ ਲੋਕ ਉੱਚ-ਸੁੱਚੇ ਹਨ, ਜੋ ਇਜੇਹੇ ਵਿਅਕਤੀਆਂ ਨੂੰ ਵੀ ਮੁਆਫ਼ ਕਰ ਸਕਦੇ ਹਨ, ਜਿਨ੍ਹਾਂ ਨੇ ਉਨ੍ਹਾਂ ‘ਤੇ ਕਾਤਲਾਨਾ ਵਾਰ ਕੀਤੇ ਹੋਣ।
ਉਸ ਸਮੇਂ ਐਲਬੀ ਇਸ ਲਈ ਵੀ ਮਹਾਨ ਲਗਦਾ ਸੀ ਕਿ ਉਹ ਨਸਲਵਾਦ ਤੋਂ ਸਹੀ ਅਰਥਾਂ ਵਿਚ ਉੱਚਾ ੳੁੱਠਿਆ ਇਨਸਾਨ ਸੀ। ਅਜਿਹੇ ਬਹੁਤ ਲੋਕ ਹਨ, ਜੋ ‘ਉੱਚੀ ਨਸਲ’ ਦੇ ਹੋ ਕੇ ਨਸਲਵਾਦ ਦੇ ਵਿਰੁੱਧ ਗੱਲ ਕਰਦੇ ਹਨ; ਪਰ ਅੰਦਰੋਂ ਉਹਨੂੰ ਤਿਆਗ ਨਹੀਂ ਸਕਦੇ। ਜਿਵੇਂ ਪੰਜਾਬ ਵਿਚ ‘ਉੱਚੀ ਜਾਤ’ ਦੇ ਬਹੁਤ ਸਿੱਖ, ਜਾਤਪਾਤ ਵਿਰੁੱਧ ਪ੍ਰਚਾਰ ਤਾਂ ਕਰਦੇ ਹਨ; ਪਰ ਆਪ ਜਨਮ ਵਿਚ ਮਿਲ਼ੇ ‘ੳੁੱਚੀ ਜਾਤ’ ਦੇ ਤੁਹਫ਼ੇ ਨੂੰ ਤਿਆਗ ਨਹੀਂ ਸਕਦੇ।
ਜਦੋਂ ਹਮਲੇ ਪਿੱਛੋਂ ਐਲਬੀ ਦੇ ਬਚ ਜਾਣ ਦਾ ਸਮਾਚਾਰ ਪੜ੍ਹਿਆ, ਤਾਂ ਮੈਂ ਇਸ ਗੱਲ ਨੂੰ ਅੰਦਰੇ-ਅੰਦਰ ‘ਸੈਲੀਬਰੇਟ’ ਕੀਤਾ ਸੀ। ਅੱਖਾਂ ਵਿਚ ਪਾਣੀ ਆ ਗਿਆ, ਪਰ ਮੈਨੂੰ ਇਸ ਬਾਰੇ ਲਿਖਣ ਦੀ ਲੋੜ ਮਹਿਸੂਸ ਨਾ ਹੋਈ। ਹਾਦਸੇ ਬਾਰੇ ਲਿਖੀ ਕਵਿਤਾ ਵੀ ਵਿਸਰ ਗਈ ਸੀ। ਜੇ ਚੰਦਨ ਇਸ ਬਾਰੇ ਗੱਲ ਨਾ ਕਰਦਾ, ਤਾਂ ਇਹ ਲੀਲਾ ਵਿਚ ਵੀ ਸ਼ਾਮਿਲ ਨਹੀਂ ਹੋਣੀ ਸੀ। ਬਹੁਤੇ ਪੰਜਾਬੀ ਪਾਠਕ ਐਲਬੀ ਬਾਰੇ ਪਹਿਲੀ ਵਾਰ ਪੜ੍ਹਨਗੇ। ਐਲਬੀ ਅੱਜ ਉੱਚੀ ਪਦਵੀ ‘ਤੇ ਬਹਿ ਕੇ ਵੀ ਪਹਿਲਾਂ ਵਾਂਙ ਹੀ ਸੱਚਾ-ਸੁੱਚਾ ਇਨਸਾਨ ਹੈ; ਸਾਡਾ ਪ੍ਰੇਰਣਾ-ਸ੍ਰੋਤ।
– ਅ.ਚੰ.