ਮੇਰੇ ਪਿਤਾ ਜੀ ਦੇ ਵੱਡੇ ਭਰਾ ਕਰਨੈਲ ਸਿੰਘ ਨੂੰ ਅਸੀਂ ਸਾਰੇ ਦਾਰਜੀ ਕਹਿੰਦੇ ਹਾਂ। ਅੱਜ ਉਨ੍ਹਾਂ ਦੇ ਘਰ ‘ਸਿੰਮੀ’ ਦਾ ਫੈਸਲਾ ਹੋਣਾ ਸੀ। ਸੱਤਰ ਦੇ ਕਰੀਬ ਹੋ ਚੱਲੀ ਸੀ ਉਨ੍ਹਾਂ ਦੀ ਉਮਰ, ਬੀਬੇ ਕਬੂਤਰਾਂ ਦੇ ਖੰਭਾਂ ਵਰਗੀ ਚਿੱਟੀ ਦਾਹੜੀ, ਖਾਮੋਸ਼ ਚਿਹਰਾ, ਝੁਰੜੀਆਂ ਨਾਲ ਭਰਿਆ ਜਿਵੇਂ ਦਰਿਆ ਸਮੁੰਦਰ ਨਾਲ ਮਿਲਣੀ ਤੋਂ ਪਹਿਲਾਂ ‘ਡੈਲਟਾ’ ਬਣਾਉਂਦਾ ਕਈ ਦਿਸ਼ਾਵਾਂ ’ਚ ਵੰਡਿਆ ਜਾਂਦਾ ਹੈ। ਪਰਿਵਾਰ ’ਚ ਜਦੋਂ ਵੀ ਕਦੇ ਵੱਡਾ ਫੈਸਲਾ ਲੈਣਾ ਹੁੰਦਾ, ਵਿਆਹ-ਸ਼ਾਦੀ ਦੀ ਗੱਲ ਚੱਲਦੀ ਜਾਂ ਕੋਈ ਨਵਾਂ ਕੰਮ ਆਰੰਭ ਕਰਨਾ ਹੁੰਦਾ ਤਾਂ ਦਾਰਜੀ ਦੀ ਸਲਾਹ ਲਏ ਬਗੈਰ ਜਾਂ ਘੱਟ ਤੋਂ ਘੱਟ ਉਨ੍ਹਾਂ ਨੂੰ ਦੱਸੇ ਬਗੈਰ ਕਿਸੇ ਦੀ ਹਿੰਮਤ ਨਾ ਹੁੰਦੀ ਕਿ ਕੋਈ ਕਾਰਜ ਆਰੰਭ ਕਰ ਲਿਆ ਜਾਵੇ। ਇਸ ਦੀ ਇਕ ਵਜ੍ਹਾ ਇਹ ਵੀ ਸੀ ਕਿ ਉਹ ਕਿਸੇ ਦੇ ਕਾਰੋਬਾਰ ’ਚ ਦਖਲਅੰਦਾਜ਼ੀ ਨਹੀਂ ਕਰਦੇ ਸੀ ਸਗੋਂ ਲੋੜ ਪੈਣ ’ਤੇ ਬਿਨਾ ਕਿਹਾਂ ਹੀ ਮਦਦ ਕਰਦੇ ਸਨ।
ਮੇਰੇ ਤਾਂ ਉਹ ਖਾਸ ਦਾਰਜੀ ਸਨ। ਪੁੱਤਰਾਂ ਵਾਂਗ ਹੀ ਪਿਆਰ ਕਰਦੇ ਮੈਨੂੰ। ਉਨ੍ਹਾਂ ਦੀ ਆਪਣੀ ਕੋਈ ਔਲਾਦ ਨਹੀਂ। ਵੱਡੇ ਸਰਕਾਰੀ ਅਹੁਦੇ ਤੋਂ ਰਿਟਾਇਰ ਹੋਏ, ਕੋਈ ਐਬ ਨਹੀਂ ਮੇਰੀ ਮਾਂ ਦੱਸਦੀ ਕਿ ਉਨ੍ਹਾਂ ਨੇ ਤਾਂ ਬਚਪਨ ’ਚ ਮੈਨੂੰ ‘ਅਡਾਪਟ’ ਹੀ ਕਰ ਲਿਆ ਸੀ ਪਰ ਜੇ ਮੇਰੇ ਛੋਟੇ ਭਰਾ ਦੀ ਜੋ ਕਿ ਮੇਰੇ ਤੋਂ ਸਿਰਫ ਇਕ ਸਾਲ ਛੋਟਾ ਸੀ, ਤੇਰਾਂ ਵਰਿ੍ਹਆਂ ਦੀ ਉਮਰ ’ਚ ਮੌਤ ਨਾ ਹੋ ਗਈ ਹੁੰਦੀ ਤਾਂ ਮੈਂ ਦਾਰਜੀ ਕੋਲ ਹੀ ਸਾਰੀ ਉਮਰ ਫਿਰੋਜ਼ਪੁਰ ਪਲਣਾ ਸੀ, ਜਿੱਥੇ ਉਨ੍ਹਾਂ ਦੀ ਉਮਰ ਦੇ ਅਠਾਈ ਵਰ੍ਹੇ ਬੀਤੇ ਸਨ। ਮੈਂ ਬਚਪਨ ਦੀਆਂ ਸਰਦੀਆਂ ਗਰਮੀਆਂ ਦੀਆਂ ਬਹੁਤੀਆਂ ਛੁੱਟੀਆਂ ਫਿਰੋਜ਼ਪੁਰ ਜਾ ਕੇ ਹੀ ਬਿਤਾਈਆਂ ਸਨ।
‘ਸਿੰਮੀ’ ਦੇ ਫੈਸਲੇ ਵਾਲੀ ਅਦਾਲਤ ’ਚ ਸ਼ਾਮਿਲ ਹੋਣ ਲਈ ਜਦੋਂ ਅਸੀਂ ਦਾਰਜੀ ਦੇ ਘਰ ਪਹੁੰਚੇ ਤਾਂ (ਦਾਰਜੀ ਰਿਟਾਇਰਮੈਂਟ ਤੋਂ ਬਾਅਦ ਅੰਮ੍ਰਿਤਸਰ ਸੈਟਲ ਹੋ ਗਏ ਸਨ) ਤਾਈ ਦੇ ਪੈਰੀਂ ਹੱਥ ਲਾਉਂਦਿਆਂ ਮੈਂ ਕਿਹਾ, ”ਲੱਗਦਾ ਅਸੀਂ ਹੀ ਸਭ ਤੋਂ ਪਹਿਲਾਂ ਆਏ ਹਾਂ। ਹੋਰ ਤਾਂ ਕੋਈ ਨਹੀਂ ਆਇਆਂ।’’ ਤਾਈ ਜ਼ਰਾ ਤਿੱਖੇ ਸੁਭਾਅ ਦੀ ਹੈ, ਪਰ ਦਿਲੋਂ ਸਾਫ। ਚਿੱਟੇ ਰੰਗ ਨਾਲ ਚਿਹਰੇ ’ਤੇ ਜਿਹੜੀ ਕਰੂਪਤਾ ਹੁੰਦੀ ਉਹ ਤਾਈ ’ਚ ਸੀ। ਪਤਲੇ ਬੇਢੱਬੇ ਸਰੀਰ ਵਾਲੀ ਸਲਵਾਰ ਕਮੀਜ਼ ਆਪਣੇ ਬਦਨ ਦੇ ਸਾਈਜ਼ ਤੋਂ ਬਹੁਤ ਖੁੱਲ੍ਹੀ, ਤੇਲ ਨਾਲ ਚੋਪੜੇ ਵਾਲ ਤੇ ਪਿੱਛੇ ਬਰੀਕ ਜਿਹੀ ਵਾਲਾਂ ਦੀ ਗੁੱਤ, ਅਖੀਰ ਤੋਂ ਖੁੱਲ੍ਹੀ ਹੋਈ, ਅੱਧੀ ਕੁ ਲਾਲ ਰਿਬਨ ਨਾਲ ਬੰਨੀ, ਹੱਥ ’ਚੋਂ ਗੁਟਕਾ ਮੇਜ਼ ’ਤੇ ਰੱਖਦਿਆਂ ਤਪਾਕ ਬੋਲੀ, ”ਚੰਗਾ ਹੋ ਗਿਆ ਤੁਸੀਂ ਆ ਗਏ। ਆਪਣੀ ਅੱਖੀਂ ਵੇਖ ਲੈਣਾ ਕਿਵੇਂ ਕੰਨੋ ਫੜ੍ਹ ਕੇ ਇਸ ਔਂਤਰੀ ਸਿੰਮੀ ਨੂੰ ਸਦਾ ਲਈ ਘਰੋਂ ਬਾਹਰ ਕੱਢਦੀ ਹਾਂ, ਇਹਨੇ ਤਾਂ ਖਾਨਦਾਨ ਦੀ ਨੱਕ ਹੀ ਵਢਾ ‘ਤੀ, ਮੈਂ ਵੀ ਕਹਵਾਂ ਇਹ ਨਿੱਤ ਨਵੇਂ ਸੂਟ ਕਿਥੋਂ ਆਉਂਦੇ ਨੇ। ਖਾ ਖਾ ਫਿੱਟੀ ਕਿਵੇਂ ਜਾਂਦੀ ਆ। ਨਿੱਤ ਨਵੇਂ ਸੈਂਡਲ ਕਿਥੋਂ ਆਉਂਦੇ ਆ? ਪਰ ਕੀ ਪਤਾ ਸੀ ਕਿਥੇ ਖੇਹ ਖਾਣ ਡਈ ਸੂ। ਜੇ ਮੈਂ ਪਿਆਰ ਨਾਲ ਹੱਥੀਂ ਵਿਆਹ ਕੇ ਘਰ ਲਿਆਂਦਾ ਤਾਂ ਆਪਣੇ ਹੱਥੀਂ ਜੁੱਤੀਆਂ ਮਾਰ ਕੇ ਬਾਹਰ ਵੀ ਕੱਢੂੰ।’’ ਦਾਰਜੀ ਨੇ ਤਾਈ ਦੇ ਗੁੱਸੇ ਵੱਲ ਧਿਆਨ ਨਾ ਦਿੰਦਿਆਂ ਸਾਨੂੰ ਅਸ਼ੀਰਵਾਦ ਦਿੱਤਾ ਤੇ ਫਿਰ ਸ਼ਾਂਤ ਹੋ ਕੇ ਰਜਾਈ ’ਚ ਬੈਠ ਗਏ।
ਸਿੰਮੀ ਮੇਰੇ ਚਾਚੇ ਦੀ ਨੂੰਹ ਹੈ। ਚਾਚੇ ਨੂੰ ਰੰਡਾ ਹੋਇਆਂ ਵੀਹ ਸਾਲ ਹੋ ਗਏ। ਚਾਚੇ ਦੇ ਚਾਰ ਧੀਆਂ ਹਨ। ਕੰਮ ਕਾਰ ਕੋਈ ਹੈ ਨਹੀਂ ਸੀ। ਚੋਰੀ ਛਿਪੇ ਅਸ਼ਲੀਲ ਕਿਤਾਬਾਂ ਵੇਚਦਾ ਹੁੰਦਾ ਸੀ। ਪਹਿਲੀ ਵੇਰ ਚਾਚੇ ਨੇ ਹੀ ਮੈਨੂੰ ਦੱਸਿਆ ਕਿ ਕੋਕ-ਸ਼ਾਸ਼ਤਰ ਕਿਸਨੂੰ ਕਹਿੰਦੇ ਹਨ। ਥੋੜ੍ਹੇ ਚਿਰ ਬਾਅਦ ਕਿਤਾਬਾਂ ਦਾ ਧੰਦਾ ਦਾਰਜੀ ਨੇ ਬੰਦ ਕਰਵਾ ‘ਤਾ। ਦਿਹਾੜੀਆਂ ਲਾਉਂਦਾ, ਕਦੇ ਲੱਗਦੀ ਕਦੇ ਨਾ। ਰੋਟੀ ਕਦੇ ਕਿਸੇ ਘਰੋਂ, ਕਦੇ ਕਿਸੇ ਪਰ ਪਊਆ ਸ਼ਰਾਬ ਦਾ ਪਤਾ ਨਹੀਂ ਕਿਥੋਂ ਆ ਜਾਂਦਾ। ਬੱਚੇ ਵੀ ਇਸ ਤਰ੍ਹਾਂ ਹੀ ਗਲੀਆਂ ’ਚ ਹੀ ਰੁਲ-ਰੁਲ ਕੇ ਵੱਡੇ ਹੋ ਗਏ। ਸਭ ਤੋਂ ਵੱਡਾ ਮੁੰਡਾ ‘ਨੀਟੂ’ ਸੀ। ਬਚਪਨ ਤੋਂ ਹੀ ਬਾਪ ਦੇ ਗੁੱਸੇ ਦਾ ਸ਼ਿਕਾਰ। ਦੱਬੂ ਜਿਹਾ। ਗਲੀ ’ਚ ਕੋਈ ਝੁਡੂ ਕਹਿੰਦਾ, ਕੋਈ ਲੋਹਲਾ। ਇਸ ਤਰ੍ਹਾਂ ਦੇ ਨਾਵਾਂ ’ਚ ਜਦੋਂ ਵੱਡਾ ਹੋਇਆ ਤਾਂ ਇੰਜ ਲੱਗਦਾ ਸੀ ਜਿਵੇਂ ਰੱਬ ਨੇ ਉਸਦੀ ਵਾਈਰਿੰਗ ਤਾਂ ਪੂਰੀ ਕੀਤੀ ਹੋਵੇ ਪਰ ਕਰੰਟ ਛੱਡਣਾ ਭੁੱਲ ਗਿਆ। ਨਿਰਜੀਵ ਜਿਹਾ ਜਿਵੇਂ ਰਗਾਂ ’ਚ ਲਹੂ ਨਹੀਂ ਕੋਈ, ਲੇਸਲਾ ਜਿਹਾ, ਸੁਸਤ ਜਿਹਾ ਦ੍ਰਵ ਤੁਰ ਰਿਹਾ ਹੋਵੇ। ਕੋਈ ਊਰਜਾ ਨਹੀਂ, ਘਰ-ਪਰਿਵਾਰ ਚਲਾਉਣ ਲਈ ਦੋ ਸਾਲ ਪਹਿਲਾਂ ਸਾਰੇ ਰਿਸ਼ਤੇਦਾਰਾਂ ਮਿਲ ਕੇ ਵਿਆਹ ਕਰ ਦਿੱਤਾ। ਉਹਦਾ ਨਾਂ ਸਿੰਮੀ ਸੀ। ਗਰੀਬ ਪਰਿਵਾਰ ’ਚੋਂ। ਉਮਰ ਮਸਾਂ ਹੀ ਵੀਹ ਕੁ ਦੀ। ਉਹਦਾ ਸੁਹੱਪਣ ਤੇ ਜੋਬਨ ਤੱਕਣ ਹੀ ਵਾਲਾ ਸੀ-ਕੜ੍ਹ-ਕੜ੍ਹ ਕੇ ਜਿਵੇਂ ਦੁੱਧ ਦਾ ਰੰਗ ਤੇ ਸਵਾਦ ਵੱਖਰਾ ਜਿਹਾ ਹੋ ਜਾਂਦਾ। ਪਰ ਮੁੰਡੇ ਕੋਲੋਂ ਇਹ ਪਾਵਰ ਹਾਉੂਸ ਸਾਂਭਿਆ ਨਾ ਗਿਆ। ਇਕ ਦਿਨ ਅਚਾਨਕ ਕਿਸੇ ਗੈLਰ ਨਾਲ ਕਾਰ ’ਚ ਸੈਰ ਕਰਦੀ ਫੜੀ ਗਈ। ਕੁੜੀ ਮੁੰਡਾ ਵੱਖ ਹੋ ਗਏ। ਮੁੰਡੇ ਨੂੰ ਪੁੱਛਿਆ, ”ਤੂੰ ਰੱਖਣੀ ਹੈ ਕਿ ਨਹੀਂ।’’ ਮੁੰਡੇ ਦਾ ਜਵਾਬ ਸੀ, ”ਜਿਮੇਂ ਤੁਸੀਂ ਸਾਰੇ ਆਖੋ।’’ ਅੱਜ ਉਸੇ ਦਾ ਫੈਸਲਾ ਸੀ, ਕੁੜੀ ਤੇ ਮੁੰਡੇ ਦੋਹਾਂ ਦੇ ਰਿਸ਼ਤੇਦਾਰਾਂ ਇਕੱਠੇ ਹੋਣਾ ਸੀ।
ਪਰ ਦਾਰਜੀ ਅੱਜ ਲੋੜ ਤੋਂ ਵੱਧ ਖ਼ਾਮੋਸ਼ ਲੱਗ ਰਹੇ ਸਨ। ਸਾਰੀ ਗੱਲ ਉਨ੍ਹਾਂ ਦੇ ਸਿਰ ਸੀ। ਕੁੜੀ ਵਾਲੇ ਕਹਿ ਰਹੇ ਸਨ ਕਿ ਮੁੰਡਾ ਹੀ ਨਿੰਪੁਸਕ ਹੈ ਜਿਹੜਾ ਘਰ ਵਾਲੀ ਨਾ ਸਾਂਭ ਸਕਿਆ। ਇਹਦੇ ’ਚ ਉਹ ਅੱਗ ਹੈ ਹੀ ਨਹੀਂ ਜਿਸ ’ਚ ਕਿਸੇ ਔਰਤ ਦੀ ਕੱਚੀ ਇੱਟ ਪਕਾਈ ਜਾ ਸਕੇ। ਨਾਲੇ ਸਹੁਰਾ ਕਿਹੜਾ ਦੁੱਧ ਨਾਤ੍ਹਾ। ਆਨੇ ਬਹਾਨੇ ਨੂੰਹ ਤੋਂ ਲੱਤਾ ਘੁਟਾਉਂਦਾ ਰਹਿੰਦਾ। ਜਦੋਂ ਮਨਾ ਕੀਤਾ ਤਾਂ ਕੁੜੀ ਦੇ ਖਿਲਾਫ਼ ਹੋ ਗਿਆ। ਤਾਈ ਕਹਿ ਰਹੀ ਸੀ ਜੇ ਕੁੜੀ ’ਚ ਏਨੀ ਹੀ ਅੱਗ ਸੀ ਤਾਂ ਵਿਆਹ ਕਿਉਂ ਕਰਵਾਇਆ। ਬੈਠੀ ਰਹਿੰਦੀ ਘਰ ਮਾਂ ਨੂੰ ਕਮਾਈ ਕਰ ਕਰ ਦੇਂਦੀ। ਦਾਰਜੀ ਨੇ ਮੈਨੂੰ ਆਪਣੇ ਕੋਲ ਰਜਾਈ ’ਚ ਬਿਠਾ ਲਿਆ। ਉਹ ਮੈਨੂੰ ਤਹਿ ਦਿਲੋਂ ਪਿਆਰ ਕਰਦੇ ਸਨ। ਰਜਾਈ ’ਚ ਮੇਰਾ ਹੱਥ ਘੁੱਟ ਕੇ ਫੜ ਲਿਆ। ਦਾਰਜੀ ਦੀ ਤੇ ਮੇਰੀ ਇਨਟਿਊਸ਼ਨ ਬਹੁਤ ਮਿਲਦੀ ਸੀ। ਮੈਨੂੰ ਲੱਗ ਰਿਹਾ ਉਨ੍ਹਾਂ ਦਾ ਹੱਥ ਰੋ ਰਿਹਾ। ਉਨ੍ਹਾਂ ਦੇ ਹੱਥਾਂ ’ਚੋਂ ਗਰਮੀ ਪਿਘਲ -ਪਿਘਲ ਕੇ ਆਪਣਾ ਫ਼ੈਸਲਾ ਦੇ ਰਹੀ ਸੀ। ਉਨ੍ਹਾਂ ਨੇ ਮੇਰਾ ਹੱਥ ਹੋਰ ਘੁੱਟ ਲਿਆ ਤੇ ਆਪਣੀ ਘੁੱਟਣ ’ਚ ਮੈਨੂੰ ਅਤੀਤ ਵੱਲ ਲੈ ਗਏ।
ਮੇਰੀ ਮਾਂ ਅਕਸਰ ਦੱਸਦੀ ਸੀ ਕਿ ਜਦੋਂ ਉਹ ਵਿਆਹੀ ਆਈ ਤਾਂ ਸਾਂਝਾ ਪਰਿਵਾਰ ਸੀ। ਪਿਤਾ ਜੀ ਤੇ ਤਿੰਨੇ ਭਰਾ ਇਕੋ ਹੀ ਮਕਾਨ ’ਚ ਪਰਿਵਾਰਾਂ ਸਮੇਤ ਰਹਿੰਦੇ ਸਨ। ਦਾਰਜੀ-ਤਾਈ ਨੂੰ ਵੱਖ ਹੋਇਆਂ ਕਈ ਸਾਲ ਹੋ ਗਏ ਸਨ। ਦਾਰਜੀ ਤੇ ਤਾਈ ਇਕ ਸਾਲ ਹੀ ਇਕੱਠੇ ਰਹੇ। ਉਨ੍ਹਾਂ ਦੇ ਘਰ ਸਤਮਾਇਆ ਮਰਿਆ ਹੋਇਆ ਬੱਚਾ ਪੈਦਾ ਹੋਇਆ ਸੀ। ਮਾਂ ਦੱਸਦੀ ਤਾਈ ਦਾ ਸੁਭਾਅ ਸ਼ੁਰੂ ਤੋਂ ਹੀ ਤਿੱਖਾ ਸੀ ਜਿਵੇਂ ਪਤਲੀ ਜਹੀ ਰੱਸੀ ਦੋਹਾਂ ਸਿਰਿਆਂ ਤੋਂ ਕੱਸ ਕੇ ਬੱਝੀ ਹੋਈ, ਮਾੜਾ ਜਿਹਾ ਛੂਹਿਆਂ ਵੀ ਤੇਜ਼ ਤੇਜ਼ ਹਿਲਦੀ ਹੈ। ਮੈਨੂੰ ਬਚਪਨ ਤੋਂ ਹੀ ਦਾਰਜੀ ਨੇ ਪਾਲਿਆ ਪੋਸਿਆ। ਅਦਾਲਤ ਨੇ ਤਾਈ ਦਾ ਖਰਚਾ ਬੰਨਿ੍ਹਆ ਹੋਇਆ ਸੀ ਤੇ ਤਲਾਕ ਦਾ ਕੇਸ ਚੱਲ ਰਿਹਾ ਸੀ। ਚੌਦਾਂ ਸਾਲਾਂ ਬਾਅਦ ਮੇਰੀ ਮਾਂ ਦੀਆਂ ਕੋਸ਼ਿਸ਼ਾਂ ਸਦਕਾ ਤਾਇਆ ਤਾਈ ਫਿਰ ਇਕ ਹੋ ਗਏ। ਇਸ ਗੱਲੋਂ ਤਾਇਆ ਤਾਈ ਮੇਰੀ ਮਾਂ ਦੇ ਅਜੇ ਤੱਕ ਸ਼ੁਕਰਗੁਜ਼ਾਰ ਨੇ। ਤਾਈ ਦਾ ਸੁਭਾਅ ਰੁੱਖਾ ਹੀ ਸਹੀ ਪਰ ਮੇਰੀ ਮਾਂ ਤੇ ਮੇਰੇ ਨਾਲ ਉਹਦਾ ਵਰਤਾਅ ਨਰਮ ਹੀ ਹੁੰਦਾ। ਦਾਰਜੀ ਤੇ ਤਾਈ ਦੇ ਚੌਂਦਾ ਭਰੇ ਹੋਏ ਸਾਲ ਗੁੰਮ ਹੋ ਗਏ। ਬਿਨਾ ਆਵਾਜ਼ ਕੀਤਿਆਂ। ਅੱਜ ਸੋਚਦਾਂ ਪਤਾ ਨਹੀਂ ਇਨ੍ਹਾਂ ਚੌਦਾਂ ਵਰਿ੍ਹਆਂ ’ਚ ਦਾਰਜੀ ਦੇ ਅੰਦਰ ਕਿਸ ਤਰ੍ਹਾਂ ਦੇ ਵਿਸਫੋਟ ਹੋਏ ਹੋਣਗੇ। ਕਿਹੜੀਆਂ ਕਿਹੜੀਆਂ ਆਵਾਰਾ ਆਵਾਜ਼ਾਂ ਪਈਆਂ ਹੋਣਗੀਆਂ। ਕਿਸ-ਕਿਸ ਤਰ੍ਹਾਂ ਦੇ ਨੈਤਿਕ ਤੇ ਕਾਮੁਕ ਮੋੜ ’ਚੋਂ ਲੰਘਦੇ ਹੋਏ ਦਾਰਜੀ ਨੇ ਆਪਣੇ ਸੁਡੌਲ ਬਦਨ ਨੂੰ ਅਨੈਤਿਕ ਵਹਿਣ ’ਚ ਰੁੜਨ ਤੋਂ ਬਚਾਇਆ ਹੋਵੇਗਾ। ਦਾਰਜੀ ਦਾ ਨੈਤਿਕ ਪੱਖ ਸ਼ੁਰੂ ਤੋਂ ਹੀ ਬੜਾ ਉਸਾਰੂ ਤੇ ਸ਼ਕਤੀਸ਼ਾਲੀ ਸੀ ਜਦਕਿ ਮੇਰੇ ਚਾਚੇ ਦਾ ਇਸ ਪੱਖੋਂ ਗਰਾਫ ਬੜਾ ਹੇਠਾਂ ਸੀ। ਦਾਰਜੀ ਨਿਤ ਨੇਮ ਕਰਦੇ, ਦਾੜ੍ਹੀ ਬੰਨਦਿਆਂ ਦੋ ਘੰਟੇ ਲਾਉਂਦੇ, ਡਿਊਟੀ ਜਾਂਦੇ, ਡਿਊਟੀ ਤੋਂ ਵਾਪਿਸ ਆ ਗੁਰਦੁਆਰੇ ਤੇ ਫਿਰ ਰਾਤ ਸੌਂ ਜਾਂਦੇ। ਇਸ ਸਾਰੇ ਵਿਵਹਾਰ ’ਚ ਜੇ ਉਨ੍ਹਾਂ ਦਾ ਬਦਨ ਕਿਤੇ ਚਾਂਗਰ ਮਾਰਦਾ ਵੀ ਹੋਵੇਗਾ ਤਾਂ ਉਹ ਚਾਂਗਰ ਉਨ੍ਹਾਂ ਦੀ ਨੈਤਿਕਤਾ ਦੀ ਡੂੰਘੀ ਖਾਈ ’ਚ ਖਪਤ ਹੋ ਜਾਂਦੀ ਹੋਵੇਗੀ। ਤਾਇਆ-ਤਾਈ ਦੀ ਸੁਲਾਹ ਸਫਾਈ ਹੋਣ ਤੋਂ ਬਾਅਦ ਉਨ੍ਹਾਂ ਦੀ ਬਦਲੀ ਫਿਰੋਜ਼ਪੁਰ ਰੇਲਵੇ ਛਾਉਣੀ ’ਚ ਹੋ ਗਈ ਤੇ ਉੱਥੇ ਹੀ ਸੈੱਟ ਹੋ ਗਏ। ਸੁਖ-ਸਹੂਲਤਾਂ ਸਭ ਮਿਲੀਆਂ ਪਰ ਔਲਾਦ ਕੋਈ ਨਾ ਹੋਈ।
ਮੈਂ ਅਕਸਰ ਗਰਮੀਆਂ ਦੀਆਂ ਲੰਮੀਆਂ ਛੁੱਟੀਆਂ ਬਿਤਾਉਣ ਫਿਰੋਜ਼ਪੁਰ ਜਾਂਦਾ। ਉਦੋਂ ਮੈਂ ਸ਼ਾਇਦ ਚੌਦਾਂ ਕੁ ਸਾਲਾਂ ਦਾ ਹੋਵਾਂਗਾ। ਇਕ ਪੈਰ ਬਚਪਨ ਦੀ ਦਹਿਲੀਜ਼ ਦੇ ਅੰਦਰ ਇਕ ਬਾਹਰ। ਦਾਰਜੀ ਰੋਜ਼ ਘੁਮਾਉਣ ਲੈ ਕੇ ਜਾਂਦੇ। ਮੇਰੇ ਨਾਲ ਹੀ ਉੱਠਦੇ ਬੈਠਦੇ ਸੌਂਦੇ। ਦਾਰਜੀ ਦੇ ਘਰ ਦੇ ਨੇੜੇ ਹੀ ਰੇਲਵੇ ਸਟੇਸ਼ਨ ਹੁੰਦਾ ਸੀ। ਸਭ ਤੋਂ ਪਹਿਲਾਂ ਦਾਰਜੀ ਦੇ ਨਾਲ ਹੀ ਉਨ੍ਹਾਂ ਦਾ ਹੱਥ ਫੜ ਕੇ ਨੱਕ ’ਚੋਂ ਮਣਾ ਮੂੰਹੀਂ ਧੂੰਆਂ ਕੱਢਦਾ ਇੰਜਣ ਵੇਖਿਆ ਸੀ ਏਨਾ ਨੇੜਿਓਂ। ਇਕ ਦਿਨ ਮੈਂ ਪੰਜ ਪੈਸੇ ਦਾ ਚੌਰਸ ਸਿਕਾ ਪਟੜੀ ’ਤੇ ਰੱਖਿਆ ਤੇ ਉਤੋਂ ਇੰਜਣ ਲੰਘ ਗਿਆ। ਪੂਰੀਆਂ ਛੁੱਟੀਆਂ ਮੈਂ ਉਹ ਪੰਜ ਪੈਸੇ ਦਾ ਚੌੜਾ ਹੋਇਆ ਸਿੱਕਾ ਜੇਬ ’ਚ ਪਾਈ ਫਿਰਦਾ ਰਿਹਾ ਤੇ ਫਿਰ ਇਕ ਦਿਨ ਮਨਿਆਰੀ ਦੀ ਦੁਕਾਨ ’ਤੇ ਚਲਾ ਦਿੱਤਾ। ਜਦੋਂ ਮੈਨੂੰ ਪੈਸੇ ਚਾਹੀਦੇ ਹੁੰਦੇ ਦਾਰਜੀ ਅਕਸਰ ਕਹਿ ਦਿੰਦੇ ਜਾਹ ਮੇਰੀ ਪੈਂਟ ਦੀ ਜੇਬ ’ਚੋਂ ਕੱਢ ਲੈ।
ਇਕ ਦਿਨ ਦਾਰਜੀ ਦਫਤਰ ਗਏ ਹੋਏ ਸਨ। ਮੇਰਾ ਜੀਅ ਕੀਤਾ ਮੈਂ ਬਜ਼ਾਰ ਜਾਵਾਂ ਤੇ ਕੁਝ ਚਟਪਟਾ ਖਾਵਾਂ। ਜੇਬ ’ਚ ਪੈਸੇ ਨਹੀਂ ਸਨ। ਤਾਈ ਬਾਹਰ ਗੁਆਂਢੀਆਂ ਕੋਲ ਬੈਠੀ ਗੱਲਾਂ ਕਰ ਰਹੀ ਸੀ। ਮੈਂ ਅੰਦਰ ਕਮਰੇ ’ਚ ਗਿਆ ਤੇ ਦਾਰਜੀ ਦੀਆਂ ਪੈਂਟਾਂ ਫਰੋਲਣ ਲੱਗ ਪਿਆ ਪਰ ਕਿਤੇ ਕਿਸੇ ਜੇਬ ’ਚੋਂ ਰੁਪਈਆ ਧੇਲਾ ਨਾ ਮਿਲਿਆ। ਇਧਰ ਉੱਧਰ ਫਰੋਲਾ ਫਰਾਲੀ ਕੀਤੀ ਕੁਝ ਨਾ ਮਿਲਿਆ। ਅਲਮਾਰੀ ਦੀ ਚਾਬੀ ਬੰਦ ਸੀ। ਪਰੇ ਲਾਲ ਜਹੇ ਕੱਪੜੇ ’ਚ ਦਾਰਜੀ ਦਾ ਜਪੁਜੀ ਸਾਹਿਬ ਦਾ ਗੁਟਕਾ ਪਿਆ ਸੀ। ਆਸ ਤਾਂ ਨਹੀਂ ਸੀ ਪਰ ਦਿਲ ਨੇ ਕਿਹਾ ਖੋਲ੍ਹ ਕੇ ਵੇਖ ਲਈਏ ਸ਼ਾਇਦ ਕਿਤੇ ਇਕ ਅੱਧ ਰੁਪਈਆ ਗੁਰਾਂ ਦੇ ਚਰਨਾਂ ’ਚ ਰੱਖਿਆ ਹੋਵੇ। ਮੈਂ ਲਾਲ ਕੱਪੜਾ ਉਤਾਰਿਆ ਕੋਈ ਪੈਸਾ ਨਾ ਮਿਲਿਆ, ਇਕ ਦਮ ਹਨੇਰੇ ’ਚ ਗੁਟਕਾ ਮੇਰੇ ਹੱਥੋਂ ਡਿੱਗ ਪਿਆ। ਗੁਟਕੇ ’ਚੋਂ ਕੋਈ ਰੁਪੈ ਵਰਗੀ ਚੀਜ਼ ਉੱਡ ਕੇ ਪਰ੍ਹਾਂ ਜਾ ਡਿੱਗੀ। ਮੈਂ ਕਿਹਾ ਲੈ ਬਈ ਬਣ ਗਿਆ ਕੰਮ। ਮੈਂ ਚੁੱਕ ਕੇ ਫਟਾ ਫਟ ਜੇਬ ’ਚ ਪਾ ਲਿਆ। ਗੁਟਕਾ ਲਾਲ ਕੱਪੜੇ ’ਚ ਲਪੇਟ ਉਸੇ ਤਰ੍ਹਾਂ ਹੀ ਉੱਥੇ ਰੱਖਿਆ ਤੇ ਫਟਾ ਫਟ ਗੁਸਲਖਾਨੇ ’ਚ ਵੜ ਵੇਖਣਾ ਚਾਹਿਆ ਕਿ ਹੱਥ ਰੁਪਈਏ ਦਾ ਨੋਟ ਲੱਗਾ ਹੈ ਜਾਂ ਪੰਜਾਂ ਦਾ। ਜੇਬ ’ਚੋਂ ਹੱਥ ਕੱਢ ਕੇ ਵੇਖਿਆ ਤਾਂ ਮੈਂ ਦੰਗ ਰਹਿ ਗਿਆ। ਇਕ ਅਖਬਾਰੀ ਜਹੇ ਕਾਗਜ਼ ’ਤੇ ਇਕ ਔਰਤ ਤੇ ਇਕ ਮਰਦ ਕਾਮੁਕ ਹਾਲਤ ’ਚ ਇਕ ਖਾਸ ਮੁਦਰਾ ਬਣਾਏ ਸੈਕਸ ਕਰ ਰਹੇ ਸਨ। ਮੈਂ ਸਤੰਭ ਰਹਿ ਗਿਆ। ਇਹ ਤਾਂ ਉਸ ਕੋਕ-ਸ਼ਾਸ਼ਤਰ ਵਾਲੀ ਕਿਤਾਬ ਦੀ ਕਟਿੰਗ ਹੈ ਜਿਹੜੀ ਮੇਰਾ ਚਾਚਾ ਮੈਨੂੰ ਲੁਕ-ਲੁਕ ਵਿਖਾਉਂਦਾ ਸੀ ਤੇ ਦਾਰਜੀ ਨੇ ਆਪ ਹੀ ਇਹ ਅਸ਼ਲੀਲ ਕਿਤਾਬਾਂ ਚਾਚੇ ਨੂੰ ਵੇਚਣ ਤੋਂ ਮਨਾਂ ਕੀਤਾ ਸੀ।
ਮੈਂ ਬਹੁਤ ਜ਼ਿਆਦਾ ਡਰ ਗਿਆ। ਉਸ ਦਿਨ ਸ਼ਾਮ ਨੂੰ ਦਾਰਜੀ ਦੇ ਘਰ ਆਉਣ ’ਤੇ ਮੈਂ ਕਿਤੇ ਵੀ ਉਨ੍ਹਾਂ ਨਾਲ ਬਾਹਰ ਨਾ ਗਿਆ ਤੇ ਦਾਰਜੀ ਨਾਲ ਅੱਖ ਮਿਲਾਉਣ ਨਾਲੋਂ ਚੋਰੀ ਚੋਰੀ ਉਨ੍ਹਾਂ ਵੱਲ ਵੇਖਦਾ ਰਿਹਾ। ਉਨ੍ਹਾਂ ਨੂੰ ਮੇਰੇ ਇਸ ਵਤੀਰੇ ਦੀ ਸਮਝ ਨਾ ਆਈ, ਜਦੋਂ ਮੈਂ ਸਵੇਰੇ ਉੱਠਿਆ ਤਾਂ ਪਾਠ ਕਰਨ ਤੋਂ ਬਾਅਦ ਉਨ੍ਹਾਂ ਮੈਨੂੰ ਡਾਂਟ ਜਹੇ ਨਾਲ ਇਹੀ ਕਿਹਾ, ”ਹੈਪੀ, ਕੀ ਤੂੰ ਮੇਰਾ ਗੁਟਕਾ ਛੇੜਿਆ ਸੀ…?’’ ਮੈਂ ਡਰ ਜਹੇ ਨਾਲ ਕਿਹਾ, ”ਨਹੀਂ ਦਾਰਜੀ ਨਹੀਂ।’’ ਪਰ ਦਾਰਜੀ ਨੂੰ ਪਤਾ ਲੱਗ ਗਿਆ ਕਿ ਮੈਂ ਝੂਠ ਬੋਲ ਰਿਹਾਂ। ਮੁੜ ਕੇ ਸੁੱਤਿਆਂ ਰਾਤ ਉਹ ਅਸ਼ਲੀਲ ਤਸਵੀਰ ਮੇਰੀ ਜੇਬ ’ਚੋਂ ਫਿਰ ਗਾਇਬ ਹੋ ਗਈ ਪਰ ਮੇਰੇ ਚੇਤਿਆਂ ’ਚ ਸਦਾ ਲਈ ਅਟਕ ਗਈ। ਦੋ ਚਾਰ ਦਿਨਾਂ ਬਾਅਦ ਮੈਂ ਅੰਮ੍ਰਿਤਸਰ ਗਿਆ ਤੇ ਗੱਲ ਭੁੱਲ ਭੁਲਾ ਗਈ।
ਦੋ ਕੁ ਗਰਮੀਆਂ ਬਾਅਦ ਜਦੋਂ ਦਾਰਜੀ ਤੇ ਤਾਈ ਕੁਝ ਛੁੱਟੀਆਂ ਲੈ ਕੇ ਅੰਮ੍ਰਿਤਸਰ ਆਏ ਤਾਂ ਇਕ ਦਿਨ ਬੈਠੇ ਬਿਠਾਏ ਤਾਈ ਗੱਲ ਸੁਣਾਉਣ ਲੱਗੀ, ”ਵੇ ਹੈਪੀ ਤੇਰੇ ਰੱਬ ਵਰਗੇ ਦਾਰਜੀ, ਜਿਨ੍ਹਾਂ ਨੂੰ ਸਾਰੀ ਗਲੀ-ਮੁਹੱਲੇ ਵਾਲੇ ਕਿਸੇ ਪੀਰ ਵਾਂਗ ਪੂਜਦੇ ਨੇ, ਜਿਨ੍ਹਾਂ ਨੇ ਮੁਹੱਲੇ ਦੀ ਹਰ ਧੀ ਭੈਣ ਨੂੰ ਆਪਣੀ ਧੀ ਭੈਣ ਸਮਝਿਆ, ਉਨ੍ਹਾਂ ’ਤੇ ਉਸ ਹਰਾਮਜ਼ਾਦੀ ਸਫਾਈ ਕਰਨ ਵਾਲੀ ਨੇ ਲਾਛਣ ਲਾਇਆ ਕਿ ਦਾਰਜੀ ਨੇ ਉਹਦੇ ਵੱਲ ਭੈੜੀ ਨੀਤ ਨਾਲ ਵੇਖਿਆ ਤੇ ਉਹਦੀ ਗਲਤ ਜਗ੍ਹਾ ਹੱਥ ਲਾਇਆ।’’ ਸਾਰੇ ਰਿਸ਼ਤੇਦਾਰ ਉਸ ਸਫਾਈ ਵਾਲੀ ’ਤੇ ਥੂ ਥੂ ਕਰਨ ਲੱਗੇ। ਪੈਸੇ ਨਾ ਵਧਾਉਣ ਕਰਕੇ ਇੰਝ ਕੀਤਾ ਉਸਨੇ।’’ ਦਾਰਜੀ ਇਕ ਦਮ ਖਿਝ ਕੇ ਬੋਲੇ, ਕੀ ਹਰਾ ਜਗ੍ਹਾ ਇਹ ਕਿੱਸਾ ਸੁਨਾਉਣਾ ਜ਼ਰੂਰੀ ਹੁੰਦਾ? ਚੱਲ ਛੱਡ ਵੀ ਜੇ ਉਸ ਨੇ ਝੂਠ ਬੋਲ ਹੀ ਦਿੱਤਾ।’’ ਪਤਾ ਨਹੀਂ ਕਿਉਂ ਦਾਰਜੀ ਨੇ ਇਕ ਦਮ ਪਹਿਲਾਂ ਮੇਰੇ ਵੱਲ ਵੇਖਿਆ ਤੇ ਫਿਰ ਉੱਠ ਕੇ ਬਾਹਰ ਚਲੇ ਗਏ। ਦੋ ਸਾਲ ਪਹਿਲਾਂ ਦੀ ਇਕ ਅਸ਼ਲੀਲ ਤਸਵੀਰ ਮੁੜ ਮੇਰੇ ਚਿਤਰਪਟ ’ਤੇ ਉਕਰ ਆਈ।
ਅੱਜ ਵੀ ਜਦੋਂ ਮੈਂ ਸਿੰਮੀ ਦੇ ਫੈਸਲੇ ’ਚ ਦਾਰਜੀ ਦੇ ਘਰ ਆਇਆਂ ਤਾਂ ਇਕ ਅਖ਼ਬਾਰ ਦੇ ਵਿਚਕਾਰਲੇ ਪੰਨੇ ’ਤੇ ਅੱਧੇ ਕੁ ਕੱਪੜੇ ਪਾਈ ਰਿਸ਼ਿਤਾ ਭੱਟ ਕਾਮੀਂ ਨਜ਼ਰਾਂ ਨਾਲ ਮੁਸਕਰਾ ਰਹੀ ਸੀ ਤੇ ਅਖ਼ਬਾਰ ਦੇ ਉੱਪਰ ਲਾਲ ਰੰਗ ਦੇ ਕੱਪੜੇ ’ਚ ਦਾਰਜੀ ਦਾ ਗੁਟਕਾ ਪਿਆ ਸੀ।
ਕੁਝ ਚਿਰਾਂ ਬਾਅਦ ਨੀਟੂ ਤੇ ਸਿੰਮੀ ਸਮੇਤ ਦੋਹਾਂ ਪਾਸਿਆਂ ਦੇ ਰਿਸ਼ਤੇਦਾਰ ਆ ਗਏ। ਲੰਮੀ ਬਹਿਸ ਤੇ ਗਹਿਮਾ ਗਹਿਮੀ ਹੋਈ। ਇਕ ਦੂਜੇ ’ਤੇ ਲਾਛਣ ਲੱਗਣ ਲੱਗੇ। ਦਾਰਜੀ ਚੁੱਪ ਚਾਪ ਰਜਾਈ ’ਚ ਬੈਠੇ ਸਭ ਸੁਣਦੇ ਰਹੇ। ਅਖੀਰ ’ਚ ਰਜਾਈ ਦੇ ਅੰਦਰੋਂ ਹੀ ਉਨ੍ਹਾਂ ਫਿਰ ਮੇਰਾ ਹੱਥ ਘੁੱਟਿਆ। ਗਰਮ ਜਿਹੇ ਹੱਥ ਜਿਵੇਂ ਕਿਸੇ ਨੂੰ ਤਾਪ ਚੜ੍ਹਿਆ ਹੋਵੇ। ਜਿਵੇਂ ਉਮਰ ਭਰ ਦੀ ਅੰਦਰ ਭਬਕਦੀ ਊਰਜਾ ਸਾਰੀ ਕਿਤੇ ਹੱਥਾਂ ’ਚ ਹੀ ਆ ਗਈ ਹੋਵੇ। ਉਹ ਉੱਠੇ, ਗਰਮ ਤਾਪ ਚੜ੍ਹੇ ਕੰਬਦੇ ਹੱਥਾਂ ਨਾਲ ਸਿੰਮੀ ਦੇ ਸਿਰ ’ਤੇ ਹੱਥ ਰੱਖਿਆ। ਸਿਰ ’ਤੇ ਹੱਥ ਰੱਖਣ ਦੀ ਦੇਰ ਸੀ ਕਿ ਉਹ ਮੋਮ ਵਾਂਗ ਪਿਘਲ ਕੇ ਭੁਬਕੀਂ ਰੋ ਉੱਠੀ। ਦਾਰਜੀ ਦੀਆਂ ਆਪਣੀਆਂ ਅੱਖਾਂ ਭਰੀਆਂ ਹੋਈਆਂ ਸਨ। ਹੰਝੂਆਂ ਨਾਲ ਕਿ ਪਤਾ ਨਹੀਂ ਕਿਸੇ ਹੋਰ ਅੱਗ ਨਾਲ। ਸਿੰਮੀ ਦਾ ਹੱਥ ਨੀਟੂ ਦੇ ਹੱਥ ’ਚ ਦਿੰਦਿਆਂ ਕਹਿਣ ਲੱਗੇ, ”ਔਰਤ ਤੇ ਮਰਦ ਨੂੰ ਇਕ ਦੂਜੇ ਨੂੰ ਸਾਂਭ ਕੇ ਰੱਖਣਾ ਆਉਣਾ ਚਾਹੀਦਾ।’’
ਦਾਰਜੀ ਨੇ ਰਜਾਈ ’ਚ ਬੈਠਦਿਆਂ ਫੇਰ ਮੇਰਾ ਹੱਥ ਘੁੱਟ ਕੇ ਫੜ ਲਿਆ। ਸਾਰੇ ਪਾਸੇ ਚੁੱਪ ਛਾ ਗਈ।
ਮੈਨੂੰ ਲੱਗਾ ਕਿ ਪੰਜ ਪੈਸੇ ਦੇ ਸਿੱਕੇ ’ਤੇ ਉਮਰ ਭਰ ਇਕ ਇੰਜਣ ਦਾ ਪਹੀਆ ਚੱਲਦਾ ਰਿਹਾ, ਪਰ ਇਸ ਉਮਰੇ ਪੰਜ ਪੈਸੇ ਦਾ ਚੌੜਾ ਹੋਇਆ ਸਿੱਕਾ ਹੁਣ ਕਿਤੇ ਕਿਸੇ ਵੀ ਦੁਨੀਆ ਦੇ ਬਾਜ਼ਾਰ ’ਚ ਨਹੀਂ ਚੱਲਣਾ।