ਸੱਚ
ਬਾਦਸ਼ਾਹ ਵੀ
ਸੱਚ ਤੋਂ ਡਰਦਾ ਹੈ
ਔਰੰਗਜ਼ੇਬ ਨੂੰ ਪੁੱਛ ਕੇ ਵੇਖ ਲਵੋ
ਪਰ ਸੱਚ
ਕਿਸੇ ਤੋਂ ਨਹੀਂ ਡਰਦਾ
ਸਰਮਦ ਨੂੰ ਸੁਣ ਕੇ ਵੇਖ ਲਵੋ
ਪਾਠ/ ਮੁਹੱਬਤ
ਪਾਠ ਵੀ ਉਹੀ
ਜੋ ਬਿਨਾਂ ਸ਼ਬਦ
ਆਪਣੇ ਆਪ
ਹੁੰਦਾ ਰਵ੍ਹੇ
ਮੁਹੱਬਤ ਵੀ ਉਹੀ
ਜੋ ਚੁੱਪਚਾਪ
ਫੁੱਲਾਂ ਵਾਂਗ
ਜ਼ਿੰਦਗੀ ਵਿਚ
ਮਹਿਕਦੀ ਰਵ੍ਹੇ
ਨਜ਼ਮਾਂ
ਉੱਡਦੇ ਕਾਗ਼ਜ਼`ਤੇ
ਮੈਂ ਨਜ਼ਮਾਂ ਲਿਖੀਆਂ
ਕਿੰਨੀਆਂ ਤੈਨੂੰ ਪਹੁੰਚ ਗਈਆਂ
ਤੇ ਕਿੰਨੀਆਂ ਨਹੀਂ…
-ਪਤਾ ਨਹੀਂ
ਸ਼ੁਕਰੀਆ
ਜਦੋਂ ਤੂੰ ਆ ਜਾਂਦੀ ਏਂ
ਮਨ ਹੀ ਮਨ
ਮੈਂ ਨਚਦਾ ਰਹਿੰਦਾ ਵਾਂ-
ਤੇਰੀਂ ਹੋਂਦ ਨਾਲ…
ਜਦੋਂ ਤੂੰ ਚਲੀ ਜਾਂਦੀ ਏਂ
ਮੇਰੇ ਵਜੂਦ ਵਿਚ
ਆਪਣੇ ਆਪ
ਤੇਰੀਂ ਹੋਂਦ ਦਾ ਸ਼ੁਕਰੀਆ
ਹੁੰਦਾ ਰਹਿੰਦਾ ਏ…
ਰੱਬ
ਜਿਸ ਨੇ ਆਪਣਾ ਆਪ
ਗਵਾ ਲਿਆ
ਉਸ ਨੇ
ਰੱਬ ਵੀ ਗਵਾ ਲਿਆ…
ਅਸਮਾਨ/ਘਰ
ਧਰਤੀ ‘ਤੇ
ਆਪਣੇ ਆਪਣੇ
ਆਸਮਾਨ ਵੀ ਹੁੰਦੇ ਹਨ…
ਫੁੱਲ ਤਿਤਲੀਆਂ ਦੇ
ਰੁੱਖ ਪੰਛੀਆਂ ਦੇ
ਖ਼ਿਆਲ ਅੱਖਰਾਂ ਦੇ
ਸੁਪਨੇ ਜ਼ਿੰਦਗੀ ਦੇ
ਤੇ ਪਿਆਰ ਪਿਆਰ ਦੇ
ਆਸਮਾਨ ਹੁੰਦੇ ਹਨ…
ਦੀਦਾਰ
ਗੈਰ ਹਾਜ਼ਰ ਨੂੰ ਨਹੀਂ
ਹਾਜ਼ਰ ਨੂੰ ਹੀ
ਦੀਦਾਰ ਹੋ ਜਾਂਦਾ ਹੈ
ਰੱਬ ਦਾ ਵੀ
ਆਪਣੇ ਆਪ ਦਾ ਵੀ…
ਕਵਿਤਾ
ਜਿਵੇਂ ਜਿਵੇਂ
ਸਾਹਿਤ ਵਿਚ
ਕਵੀ ਵਧਦੇ ਜਾ ਰਹੇ ਹਨ
ਜ਼ਿੰਦਗੀ ਵਿਚ
ਕਵਿਤਾ ਘਟਦੀ ਜਾ ਰਹੀ ਹੈ…