ਬੀਤੀ ਰਾਤ ਕੋਈ ਰਾਤ ਦੇ ਬਾਰਾਂ ਵਜੇ ਮੈਂ ਇੱਕ ਨਾ ਦੱਸੀ ਜਾਣ ਵਾਲੀ ਖੁਸ਼ਬੂ ਨਾਲ ਜਾਗ ਉੱਠਿਆ ਸੀ | ਚੰਗੇ ਖਿਆਲਾਂ ਸਮੇਤ | ਆਪਣੀ ਸਮੱਗਰ ਸ਼ਕਤੀ ਨਾਲ ਇਕਸੁਰ ਹੋਇਆ | ਸਾਰੇ ਜੀਵਨ ’ਚ ਇਹ ਪਹਿਲੀ ਵਾਰ ਇਕਸੁਰ ਹੋਣ ਦਾ ਮੌਕਾ ਸੀ | ਮੇਰਾ ਸਰੀਰ ਬੰਸਰੀ ਵਾਂਗ ਸੁਰਾਂ ਕਢਦਾ-ਕਢਦਾ ਫੇਰ ਸੌਂ ਗਿਆ| ਕੋਈ ਦੋ ਘੰਟੇ ਬਾਅਦ ਜਾਗ ਫਿਰ ਖੁੱਲ ਗਈ ਤਾਂ ਦੱਸੀ ਜਾਣ ਵਾਲੀ ਗੱਲ ਦਾ ਵਾਰ ਵਾਰ ਸਿਮਰਨ ਹੁੰਦਾ ਰਿਹਾ,ਮਤਾਂ ਉਹ ਸਵੇਰ ਤੱਕ ਚੇਤੇ ’ਚੋਂ ਵਿਸਰ ਨਾ ਜਾਏ | ਤੜਕਸਾਰ ਸੁਹਣਾ ਜਿਹਾ ਖ਼ਤ ਲਿਖਿਆ ਜਾਣਾ ਸੀ | ਕਦੀ ਸਮਾਂ ਸੀ ਜਦ ਮੈਂ ਸੁਹਣੇ ਖ਼ਤ ਲਿਖਿਆ ਕਰਦਾ ਸੀ | ਰੰਗਦਾਰ ਲਿਫ਼ਾਫ਼ਾ ਲੈਣਾ, ਸੁਹਣੀ ਲਿਖਾਈ ਨਾਲ ਕਾਗਜ਼ਾਂ ਉੱਪਰ ਇਬਾਰਤ ਲਿਖਣੀ | ਫੇਰ ਡਾਕਖਾਨੇ ਖ਼ਤ ਨੂੰ ਖੁਦ ਪਾਉਣ ਜਾਣਾ | ਮੈਂ ਸਮਝਦਾ ਸੀ ਕਿ ਖ਼ਤ ਨੂੰ ਦੂਜੇ ਦੇ ਹੱਥ ਦੇਣਾ ਭਰੋਸੇਯੋਗ ਗੱਲ ਨਹੀਂ| ਲਿਫ਼ਾਫ਼ੇ ਦੇ ਸਾਈਜ਼ ਮੁਤਾਬਿਕ ਕਾਗਜ਼ ਦੀਆਂ ਤੈਹਾਂ ਲਾਉਣੀਆਂ, ਸਹੀ ਸਥਾਨ ’ਤੇ ਗੂੰਦ ਲਾਉਣੀ, ਫੇਰ ਉਸ ਨੂੰ ਬੰਦ ਕਰਨਾ| ਲਿਖਿਆ ਗਿਆ ਸਰਨਾਵਾਂ ਕਦੀ ਗਲਤ ਨਹੀਂ ਸੀ ਹੋਇਆ| ਅਕਸਰ ਇਹ ਖ਼ਤ ਅਦੀਬ ਲੋਕਾਂ ਤੇ ਦੋਸਤਾਂ ਨੂੰ ਲਿਖੇ ਜਾਂਦੇ ਸਨ| ਅੱਜ ਪਹਿਲੀ ਵਾਰ ਇਕ ਪਿਆਰਾ ਖ਼ਤ ਚੇਤੇ ’ਚੋਂ ਸਮੁੰਦਰ ਦੀ ਲਹਿਰ ਵਾਂਗ ਮਨ ’ਚ ਵਾਰ-ਵਾਰ ਉੱਠਦਾ ਰਿਹਾ | ਇਹ ਖ਼ਤ ਸਭ ਤੋਂ ਪਹਿਲਾਂ ਲਿਖੇ ਖ਼ਤਾਂ ਤੋਂ ਵੀ ਵੱਧ ਦਿਲ ਖਿਚਵਾਂ ਹੋਏਗਾ | ਮੈਂ ਵਾਰ ਵਾਰ ਜਾਗ ਉੱਠਦਾ ,ਵਾਰ ਵਾਰ ਲਮ-ਲੇਟ ਹੁੰਦਾ ਰਿਹਾ ਪਰ ਬੰਸਰੀ ’ਚੋਂ ਸ਼ਬਦਾਂ ਦੀਆਂ ਆਪ-ਮੁਹਾਰੇ ਉਠਦੀਆਂ ਲਹਿਰਾਂ ਬਰਾਬਰ ਬਰਕਰਾਰ ਰਹੀਆਂ| ਜੋ ਸ਼ਬਦ ਲਿਖੇ ਜਾਣੇ ਸਨ ਉਹ ਖੁਸ਼ੀ ਵਾਲੇ ਸਨ | ਹੁਣ ਇਸ ਵਿਚ ਵੀ ਕੋਈ ਸ਼ੱਕ ਨਹੀਂ ਸੀ ਕਿ ਇਹ ਖ਼ਤ ਦੇਵੀ ਅਤੇ ਉਸ ਦੀ ਨਿੱਕੀ ਭੈਣ ਵਲ ਲਿਖਿਆ ਜਾਣਾ ਸੀ | ਨਹੀਂ ਤਾਂ ਹੁਣ, ਉਸਦੀ ਗੱਲ ਨੂੰ ਕੌਣ ਸੁਣਦਾ ਸੀ ! ਕੌਣ ਪੜ੍ਹਦਾ ਸੀ !! ਜਿਵੇਂ ਜਿਵੇਂ ਉਮਰ ਅਨੁਸਾਰ ਅੰਦਰ ਮੌਤ ਵੱਡੀ ਹੋ ਰਹੀ ਸੀ ,ਤਿਵੇਂ ਤਿਵੇਂ ਦੇਵੀਆਂ ਵੱਡੀਆਂ ਹੋ ਰਹੀਆਂ ਸਨ | ਅੰਦਰ ਆਈ ਖੁਸ਼ੀ ਨੂੰ ਠੀਕ ਠੀਕ ਦੱਸਿਆ ਜਾਣਾ ਆਸਾਨ ਕੰਮ ਨਹੀਂ| ਅੱਜ ਉਸੇ ਸ਼ਕਤੀ ਤੋਂ ਕੰਮ ਲੈਣਾ ਪਏਗਾ ਜਿਸਨੇ ਮੈਂਨੂੰ ਅੱਧੀ ਰਾਤੀਂ ਉਠਾ ਕੇ ਬਿਠਾ ਦਿੱਤਾ ਸੀ | ਸਾਹਜਰੇ ਜਾਗਣ ਸਮੇਂ ਦੱਸੀ ਜਾਣ ਵਾਲੀ ਗੱਲ ਪੈਰਾਂ ਤੋਂ ਸਿਰ ਤੱਕ ਇਕ ਸੁਰ ਹੋਈ ਪਈ ਸੀ|
ਕਿਸੇ ਵੇਲੇ ਮੇਰੇ ਲੜਕੇ ਨੇ ਦੇਵੀ ਅਤੇ ਉਸ ਦੀ ਨਿੱਕੀ ਭੈਣ ਦੀਆਂ ਬਹੁਤ ਸੋਹਣੀਆਂ ਤਸਵੀਰਾਂ ਖਿੱਚੀਆਂ ਸਨ ਅਤੇ ਉਨ੍ਹਾਂ ਦੀ ਕੰਪਿਊਟਰ ਵਿਚ ਸੰਭਾਲ ਕਰ ਰੱਖੀ ਹੈ | ਸਾਰੀਆਂ ਫੋਟੋਆਂ ਬਹੁਤ ਸੋਹਣੀਆਂ ਨੇ ਪਰ ਦੇਵੀ ਦੀ ਇਕ ਫੋਟੋ ਤਾਂ ਸੋਚਣ ਸਮਝਣ ਤੋਂ ਵੀ ਬਾਹਰ ਹੈ | ਉਂਗਲਾਂ ਦੀ ਕੜਿੰਗੀ ਜਿਹੀ ਪਾਈ ਹੋਈ, ਵਿੰਗਾ ਜਿਹਾ ਖੁੱਲਾ੍ਹ ਹੋਇਆ ਮੂੰਹ ਜਿਸ ਵਿਚ ਦੋ ਉਤਲੇ ਅਤੇ ਦੋ ਹੇਠਲੇ ਦੰਦ, ਥੋੜ੍ਹਾ ਥੋੜ੍ਹਾ ਹੱਸਣ ਵਰਗੇ, ਅੱਧ ਪਚੱਧੇ ਪੈਰ ਇਕ ਦੂਜੇ ਉੱਤੇ ਰੱਖੇ ਹੋਏ, ਘੁੰਗਰਾਲੇ ਵਾਲ,ਬੰਦ ਅੱਖਾਂ ਜਾਣੋ ਰੱਬ ਨਾਲ ਗੱਲ ਕਰਨ ਬੈਠੀਆਂ ਹੋਣ | ਸਮੁੱਚਾ ਸਰੀਰ ਹੀ ਦੈਵੀ ਸ਼ਕਤੀ ਨਾਲ ਭਰਿਆ ਪਿਆ ਹੈ | ਇਹ ਫੋਟੋ ਜਦ ਮੈਂ ਦੇਖਣ ਲਗਦਾ ਹਾਂ ਤਾਂ ਦੇਖਣ ’ਤੇ ਹੀ ਲੱਗਾ ਰਹਿੰਦਾ ਹਾਂ | ਦੇਵੀ ਦੀ ਨਿੱਕੀ ਭੈਣ ਦੀਆਂ ਫੋਟੋਆਂ ਵੀ ਬਹੁਤ ਸੋਹਣੀਆਂ ਨੇ | ਇਕ ਫੋਟੋ ਵਿਚ ਉਹ ਕੰਪਿਊਟਰ ਦੇ ਮੇਜ ’ਤੇ ਬੈਠੀ ਹੈ ਅਤੇ ਉਸ ਨੇ ਗਾਣੇ ਸੁਣਨ ਲਈ ਹੈੱਡ-ਫੋਨ ਲਾ ਰੱਖਿਆ ਹੈ ਅਤੇ ਆਪਣੇ ਮਾਮੂ ਨੂੰ ਦੇਖ ਦੇਖ ਕੇ ਮਿੰਨ੍ਹਾ ਮਿੰਨ੍ਹਾ ਮੁਸਕਰਾਈ ਜਾਂਦੀ ਹੈ|
ਉਨ੍ਹਾਂ ਦਾ ਮਾਮੂ ਨੌਕਰੀ ਕਰਦਾ ਹੈ | ਹਰ ਸ਼ਨੀਵਾਰ ਆਉਂਦਾ ਹੈ ਅਤੇ ਸੋਮਵਾਰ ਸਵੇਰੇ-ਸਾਹਜਰੇ ਤੁਰ ਜਾਂਦਾ ਹੈ ਅਤੇ ਮਗਰ ਉਸਦਾ ਖਾਲੀ੍ਹ ਬਿਸਤਰ ਮੇਰੇ ਨਾਲ ਗੱਲਾਂ ਕਰਨ ’ਤੇ ਲੱਗਾ ਰਹਿੰਦਾ ਹੈ| ਇਕ ਵਾਰ ਉਸ ਦਾ ਐਸ ਐਮ ਐਸ ਆਇਆ ਸੀ ਜਿਸ ਨੂੰ ਪੜ੍ਹ ਕੇ ਮੇਰੇ ਅੰਦਰੋਂ ਸਾਰਾ ਦਿਨ ਖੁਸ਼ਬੂ ਦਾ ਦਰਿਆ ਵਗਦਾ ਰਿਹਾ ਭਾਵੇਂ ਅਜਿਹੇ ਸੁਨੇਹੇ ਹਰ ਕੋਈ ਹਰ ਕਿਸੇ ਨੂੰ ਭੇਜਦਾ ਰਹਿੰਦਾ ਹੈ ਪਰ ਪੁੱਤਰ ਵੱਲੋਂ ਪਿਤਾ ਨੂੰ ਅਜਿਹੇ ਸੁਨੇਹੇ ਗਹਿਰੇ ਮੋਹ ’ਚ ਉਤਾਰ ਜਾਂਦੇ ਹਨ। ਇਸ ਆਏ ਸੁਨੇਹੇ ਨੂੰ ਮੈਂ ਕਈਆਂ ਕੋਲ ਦੱਸ ਕੇ ਆਪਣੇ ਅੰਦਰ ਉਠਦੀ ਖੁਸ਼ੀ ਨੂੰ ਲੁਕੋਅ ਨਹੀਂ ਸੀ ਸਕਿਆ। ਮੋਬਾਇਲ ’ਤੇ ਸਤਰਾਂ ਪਈਆਂ ਸਨ।
ਡੈਡੀ, ਆਪ ਤੋ ਖੁਦ ਫੂਲ ਹੋ
ਹਮ ਆਪ ਕੋ ਕਿਆ ਦੇਂ
ਹੋਠੋਂ ਪੇ ਹਸੀਂ
ਆਖੋਂ ਮੇਂ ਖੁਸ਼ੀ
ਯੇ ਸੁਬ੍ਹਾ ਲੇ ਆਏ
ਆਪ ਕੇ ਲੀਏ ਇਤਨੀ ਖੁਸ਼ੀ
ਕਿ ਕਭੀ ਸ਼ਾਮ ਨਾ ਹੋ-Smile
ਉਸ ਦੀ ਮੁਸਕਰਾਹਟ ਹੀ ਮੈਨੂੰ ਦੁਗਣਾ ਚੌਗਣਾ ਕਰ ਜਾਂਦੀ ਹੈ। ਜਦ ਵੀ ਉਹ ਨੌਕਰੀ ’ਤੇ ਜਾਣ ਲਗਦਾ ਹੈ, ਉਸਨੂੰ ਕਹਿ ਤਾਂ ਨਹੀਂ ਹੁੰਦਾ ਪਰ ਚਿਤ ’ਚ ਆਈ ਜਾਂਦਾ ਹੈ ਕਿ ਉਹ ਇਕ ਦਿਨ ਹੋਰ ਠਹਿਰ ਜਾਂਦਾ ਤਾਂ ਚੰਗਾ ਸੀ। ਪਰ ਨੌਕਰੀ ਤਾਂ ਨੌਕਰੀ ਠਹਿਰੀ। ਉਤੋਂ ਚਾਰ ਘੰਟੇ ਦਾ ਸਫ਼ਰ। ਜਾਂਦੇ ਸਾਰ ਹੀ ਕਾਲਜ ਦੀ ਕਲਾਸ ਲਾਉਣੀ। ਜਿਹਾ ਮਿਲਣਾ ਤਿਹਾ ਖਾਣਾ। ਉਸਦੀ ਸਾਥਣ ਹੁੰਦੀ ਤਾਂ ਉਸਨੂੰ ਪਕਾ ਕੇ ਖੁਆਉਂਦੀ। ਉਹ ਮੇਰਾ ਹੀ ਨਹੀਂ ਆਪਣੀ ਮਿਹਨਤੀ ਮਾਂ ਦਾ ਵੀ ਪੂਰਾ ਖਿਆਲ ਰਖਦਾ ਹੈ। ਭੈਣ ਤੋਂ ਵੀ ਕੁਰਬਾਨ ਹੋ ਹੋ ਜਾਂਦਾ ਹੈ। ਅੱਖਾਂ ਨਾਲ ਹੀ ਸਾਰਿਆਂ ਦੀ ਰਮਜ਼ ਸਮਝ ਜਾਂਦਾ ਹੈ। ਹੁਣੇ ਉਹ ਏਥੇ ਸੀ ,ਹੁਣੇ ਨਹੀਂ ਹੈ | ਦਿਨ ਦੇ ਦਿਨ ਲੰਘੀ ਜਾਂਦੇ ਹਨ, ਚਿਰਾਂ ਤੋਂ ਉਸਦੇ ਵਿਆਹ ਲਈ ਸਹੀ ਰਿਸ਼ਤਾ ਨਹੀਂ ਜੁੜਿਆ| ਮੈ ਉਸਨੂੰ ਕਈ ਵਾਰ ਕਿਹਾ ਹੈ ਕਿ ਕਾਕਾ ਤੂੰ ਆਪਣਾ ਸਾਥੀ ਆਪ ਲੱਭ ਲੈ | ਜਾਤਾਂ ਵਿਚ ਕੀ ਪਿਆ ਹੈ | ਪਰ ਉਸਨੇ ਸਾਡੇ ਉੱਪਰ ਹੀ ਛੱਡ ਰੱਖੀ ਹੈ|ਇਕ ਵਾਰ ਜਦ ਮੈਂ ਅੰਮ੍ਰਿਤਸਰ ਗਿਆ ਹੋਇਆ ਸੀ ਤਾਂ ਉਸਦਾ ਫੋਨ ਆਇਆ ਕਿ ਡੈਡੀ ਦਰਬਾਰ ਸਾਹਿਬ ਜਾ ਕੇ ਮੇਰੇ ਲਈ ਦੁਆ ਕਰਨਾ | ਮੈਂ ਆਖਿਆ ਸੀ ਕਿ ਜਰੂਰ ਕਰਾਂਗਾ | ਮੇਰੇ ਹੱਥ ਉਸ ਲਈ ਜੁੜ ਜੁੜ ਜਾਂਦੇ ਰਹੇ | ਹੁਣ ਬੀਤੇ ਐਤਵਾਰ ਇਕ ਰਿਸ਼ਤਾ ਆਇਆ ਸੀ | ਕੁੜੀ ਵਾਲਿਆਂ ਨੂੰ ਮੁੰਡਾ ਪਸੰਦ ਆਇਆ ਅਤੇ ਅਗਲੇ ਪ੍ਰੋਗਰਾਮ ਦੇ ਉਲੀਕੇ ਜਾਣ ਦਾ ਇੰਤਜ਼ਾਰ ਸੀ | ਬਸ ਇਹੋ ਖ਼ਬਰ ਮੈਂ ਖ਼ਤ ਵਿਚ ਦੇਵੀਆਂ ਨੂੰ ਲਿਖਣੀ ਸੀ ਜਿਸਨੇ ਮੈਨੂੰ ਅੱਧੀ ਰਾਤੀਂ ਚਾਈਂ ਚਾਈਂ ਉਠਾ ਕੇ ਬਿਠਾ ਦਿੱਤਾ | ਖ਼ਤ ਮਿਲਦੇ ਸਾਰ ਹੀ ਦੇਵੀ ਅਤੇ ਉਸ ਦੀ ਨਿੱਕੀ ਭੈਣ ਨੇ ਖੁਸ਼ ਹੋ ਜਾਣਾ ਸੀ ,ਉਨਾਂ੍ਹ ਦੀ ਖੁਸ਼ੀ ਨੇ ਮੇਰੇ ਕੋਲ ਇਕ ਅਸੀਸ ਵਾਂਗ ਤੁਰੇ ਆਉਣਾ ਸੀ | ਇਸ ਖੁਸ਼ੀ ਵਿਚ ਹੀ ਪਰਿਵਾਰ ਨੇ ਆਉਣ ਵਾਲੀ ਕੁੜੀ ਲਈ ਸੋਨੇ ਦਾ ਬਣਦਾ-ਫਬਦਾ ਇਕ ਸੈਟ ਖਰੀਦ ਲਿਆਂਦਾ ਸੀ | ਸੋਨੇ ਦੇ ਹਾਰ ਨੂੰ ਚੁਣਨ ਲਈ ਪਰਿਵਾਰ ਨੇ ਪੂਰੇ ਦੋ ਦਿਨ ਲਾਏ ਸਨ | ਆੳਂੁਦੇ ਐਤਵਾਰ ,ਅਛੋਪਲੇ ਅਤੇ ਸਹਿਜਮਤੇ ਉਨਾਂ੍ਹ ਨੇ ਇਸ ਲਿਆਂਦੇ ਗਿਫ਼ਟ ਨੂੰ, ਦੇਵੀਆਂ ਦੇ ਮਾਮੂ ਨੂੰ, ਚਾਣਚਕ ਇਹ ਹਾਰ ਦਿਖਾ ਕੇ ਚੱਕ੍ਰਿਤ ਕਰਨਾ ਸੀ| ਕਈ ਹੋਰ ਸਕੀਮਾਂ ਵੀ ਅੰਦਰਖਾਤੇ ਘੜੀਆਂ ਜਾ ਰਹੀਆਂ ਸਨ। ਮਕਾਨ ਦੇ ਰੰਗ ਰੋਗਨ ਬਾਰੇ ਵੀ ਸੋਚਿਆ ਗਿਆ।
ਸਵੇਰ ਦੇ ਸੱਤ ਵਜੇ ਮੈ ਉਠ ਬੈਠਾ | ਚਾਹ ਆ ਗਈ | ਖਿਆਲਾਂ ਖਿਆਲਾਂ ਵਿਚ ਹੀ ਹੱਥ ਚਾਹ ਦੇ ਗਲਾਸ ਵਿਚ ਜਾ ਵੱਜਾ ਅਤੇ ਚਾਹ ਰੁੜ੍ਹਦੀ ਰੁੜ੍ਹਦੀ ਇਕ ਸਿਰੇ ਤੋਂ ਦੂਜੇ ਸਿਰੇ ਤੱਕ ਬਿਸਤਰ ਨੂੰ ਭਿਉਂਦੀ ਗਈ| ਅਖਬਾਰ, ਰਸਾਲੇ, ਕਾਗਜ਼ ਸਭ ਗਿੱਲੇ ਹੋ ਗਏ| ਸਭ ਕੁਝ ਨੂੰ ਠੀਕ ਕਰਨ ਅਤੇ ਥਾਂ ਸਿਰ ਕਰਨ ਵਿੱਚ ਅੱਧਾ ਘੰਟਾ ਲੱਗ ਗਿਆ। ਘਰਵਾਲੀ ਬੋਲੇ-ਬਿਨ ਰਹਿ ਨਾ ਸਕੀ “ਤੁਸੀਂ ਤਾਂ ਨਿਰੇ ਨਿਆਣੇ ਹੋ ਗਏ ਹੋ|” ਫੇਰ ਉਹ ਬਿਸਤਰ ਨੂੰ ਸੰਵਾਰਨ ’ਚ ਰੁਝ ਗਈ ਸੀ।
ਮੈਂ ਕਿਵੇਂ ਦੱਸਦਾ ਕਿ ਅੱਜ ਇੱਕ ਸੁੰਦਰ ਖ਼ਤ ਲਿਖਿਆ ਜਾਣਾ ਹੈ| ਹੋਰ ਖ਼ਲਲ ਪੈਣ ਤੋਂ ਪਹਿਲਾਂ ਮੈਂ ਕਾਗ਼ਜ਼ ,ਪੈੱਨ ਚੁੱਕ ਕੇ ਬਾਹਰ ਖਾਲ੍ਹੀ ਥਾਂ ’ਤੇ ਜਾ ਬੈਠਾ ਜਿੱਥੇ ਅਕਸਰ ਅੱਗੇ ਬੈਠਦਾ ਹੁੰਦਾ ਹਾਂ | ਖੁੱਲ੍ਹਾ ਆਕਾਸ਼ ਦੇਖਣ ਨੂੰ ਚੰਗਾ ਲੱਗਦਾ ਹੈ | ਅੱਗੇ ਵਾਂਗੂ ਨਿੱਕੇ ਬੱਚੇ ਮੇਰੇ ਕੋਲ ਆਏ | ਉਨ੍ਹਾਂ ਨੂੰ ਪਿਆਰ ਦੇ ਕੇ ਘਰੋ-ਘਰੀ ਤੋਰ ਦਿੱਤਾ ਗਿਆ ਤਾਂ ਜੋ ਲਿਖੇ ਜਾਂ ਰਹੇ ਖ਼ਤ ਵਿਚ ਕਿਸੇ ਤਰ੍ਹਾਂ ਦਾ ਖ਼ਲਲ਼ ਨਾ ਪਏ | ਮੈਂ ਖ਼ਤ ਲਿਖਣ ਹੀ ਲੱਗਾ ਸੀ ਕਿ ਧੁਰ ਅੰਦਰੋਂ ਆਵਾਜ਼ ਆਈ ਜੋ ਸਿਰ ਨੂੰ ਚੜ੍ਹ ਗਈ ਅਤੇ ਅੱਖਾਂ ਨਮ ਹੋ ਗਈਆਂ | ਇਸ ਤੋਂ ਪਹਿਲਾਂ ਕਿ ਅੱਖਾਂ ਦਾ ਪਾਣੀ ਸਮੁੰਦਰ ’ਚ ਬਦਲ ਜਾਏ, ਮੈਂ ਸਿਰ ਨੀਵਾਂ ਕਰ ਲਿਆ ਤਾਂ ਜੁ ਸੜਕ ਤੋਂ ਲੰਘਦੇ ਲੋਕ ਮੈਂਨੂੰ ਇਸ ਅਵਸਥਾ ਵਿਚ ਦੇਖ ਨਾ ਲੈਣ | ਜੇ ਕੋਈ ਸਤਿ ਸ੍ਰੀ ਅਕਾਲ ਕਰਨ ਲਈ ਖੜ੍ਹ ਵੀ ਜਾਂਦਾ ਤਾਂ ਮੈਂ ਸੱਜੇ ਹੱਥ ਦੇ ਇਸ਼ਾਰੇ ਨਾਲ ਉਸਨੂੰ ਅਗਾਂਹ ਜਾਣ ਲਈ ਆਖ ਦੇਂਦਾ | ਅੱਜ ਉਨ੍ਹਾਂ ਸਭ ਨੂੰ ਮੈਂ ਦੁਆ ਸਲਾਮ ਕਰਨ ਦੇ ਸਮਰੱਥ ਨਹੀਂ ਸੀ ਜਿਨ੍ਹਾਂ ਨੂੰ ਅਮੂਮਨ ਮੈਂ ਕਰਿਆ ਕਰਦਾ ਸੀ | ਅੰਦਰੋਂ ਆਈ ਆਵਾਜ਼ ਸੀ।
ਅੱਜ ਮੈਂ ਉਨ੍ਹਾਂ ਦੀ
ਆਵਾਜ਼ ਸੁਣੀ ਸੀ
ਹਾਕ ਹੂਕ ’ਚ ਬਦਲਦੀ ਬਦਲਦੀ
ਸਿਸਕੀਆਂ ’ਚ ਡੁੱਬ ਗਈ…
‘ਸਾਨੂੰ ਇਨ੍ਹਾਂ ਕੋਲ ਨਾ ਦਿਓ
ਨਾ ਦਿਓ ਨਾਨੂੰ’
ਗਿਰਝਾਂ ਦੇ ਪੰਜਿਆਂ ’ਚ
ਫੇਰ ਉਹ ਡੌਰ-ਭੌਰ ਹੋ ਗਈਆਂ
ਉਂਝ ਮੈਂ ਉਨ੍ਹਾਂ ਦੀ ਆਵਾਜ਼ ਸੁਣੀ ਸੀ…
ਬੀਤੀ ਰਾਤ ਜੋ ਖੁਸ਼ਬੂ ਲੈ ਕੇ ਮੈਂ ਉਠਿਆ ਸੀ, ਉਹ ਗੁੰਮ ਗੁਆਚ ਗਈ ਸੀ| ਖ਼ਤ ਤਾਂ ਲਿਖਿਆ ਗਿਆ, ਪਰ ਖ਼ਤ ਦੀ ਇਬਾਰਤ ਬਦਲ ਗਈ| ਸੁਪਨੇ ਕਿਤੇ ਸੱਚ ਹੁੰਦੇ ਹਨ !!