ਸੰਸਾਰ ਦੇ ਸਭ ਪ੍ਰਸਿੱਧ ਕਵੀਆਂ ਵਿਚੋਂ ਇਹ ਮਾਣ ਸ਼ਾਇਦ ਇਕੱਲੇ ਫਰਾਂਸੀਸੀ ਕਵੀ ਪਾੱਲ ਐਲੁਆਰ (1895-1952) ਨੂੰ ਹੀ ਜਾਂਦਾ ਹੈ ਕਿ ਉਹਦੀ ’ਆਜ਼ਾਦੀ’ ਨਾਮ ਦੀ ਕਵਿਤਾ ਦੇਸ ਦੀ ਹਵਾਈ ਸੈਨਾ ਨੇ ਪਿੰਡ ਪਿੰਡ ਖਲੇਰੀ ਸੀ ਤਾਂ ਜੋ ਜਣਾ ਖਣਾ ਉਸਨੂੰ ਪੜ੍ਹ ਸਕੇ। ਆਮ ਲੋਕਾਂ ਦਾ ਕਵੀ ਸੀ ਐਲੁਆਰ, ਸਾਦੇ ਸ਼ਬਦਾਂ ਵਿਚ ਲਿਖਣ ਵਾਲਾ, ਪਿਕਾਸੋ ਦੇ ਬਣਾਏ ਚਿਤ੍ਰਾਂ ਅਤੇ ’ਗਰਨੀਕਾ’ ਦਾ ਆਸ਼ਕ, ਕੋਰਾ ਕਾਵਿਕ ਸੱਚ ਬੋਲਣ ਵਾਲਾ। ਉਹਦੀ ਇੱਕ ਪੁਸਤਕ ਦਾ ਨਾਮ ਵੀ ‘ਕਵਿਤਾ ਅਤੇ ਸੱਚ’ ਹੈ।
ਪਾੱਲ ਐਲੁਆਰ ਪੈਰਸ ਦੀ ਇਕ ਮਜ਼ਦੂਰਾਂ ਦੀ ਬਸਤੀ ਸੇਂਤ-ਦਨੀਸ ਵਿਚ ਪੈਦਾ ਹੋਇਆ ਸੀ। ਉੱਨੀ ਸਾਲ ਦਾ ਸੀ ਉਹ ਜਦੋਂ ਪਹਿਲੀ ਸੰਸਾਰ ਜੰਗ ਲੱਗੀ ਤੇ ਹੋਰਨਾਂ ਨਾਲ ਉਹਨੂੰ ਵੀ ਮੋਰਚੇ ’ਤੇ ਝੋਕ ਦਿੱਤਾ ਗਿਆ। 1916 ਵਿਚ ਉਸਨੇ ਅਪਣੀਆਂ ਦਸ ਕਵਿਤਾਵਾਂ ਦੀ ਪਹਿਲੀ ਕਿਤਾਬ ਛਾਪੀ ਤੇ 1918 ਵਿਚ ਛਪੀ ਉਹਦੀ ਦੂਜੀ ਕਿਤਾਬ ਦਾ ਨਾਮ ਸੀ ‘ਯੁੱਧ ਅਤੇ ਅਮਨ’। ਅਗਲੇ ਚਾਰ ਕੁ ਸਾਲਾਂ ਵਿਚ ਫਰਾਂਸ ਅੰਦਰ ਇੱਕ ਬਾਗੀਆਂ ਦੀ ਲਹਿਰ ਚੱਲੀ ਜਿਸਨੂੰ ‘ਦਾਦਾ’ ਲਹਿਰ ਦਾ ਨਾਂ ਦਿੱਤਾ ਗਿਆ। ਇਹ ਧਰਮ ਸਮੇਤ ਸਭ ਪਰੰਪ੍ਰਾਵਾਂ ਤੋਂ ਆਕੀ ਹੋ ਗਏ ਨੌਜੁਆਨਾਂ ਦੀ ਲਹਿਰ ਸੀ ਜਿਸ ਵਿਚੋਂ ਉਹਦੇ ਅਗਲੇ ਕਾਵਿ ਸੰਗ੍ਰਹਿ ‘ਧਰਤੀ ਤੇ ਜੀਣਾ’ ਦੀਆਂ ਕਵਿਤਾਵਾਂ ਨੇ ਜਨਮ ਲਿਆ।
ਇਸ ਤੋਂ ਛੇਤੀ ਬਾਅਦ ਹੀ ਪਾੱਲ ਤੇ ਉਹਦੇ ਸਾਥੀਆਂ ਨੇ ਸਾਹਿਤ ਵਿਚ ਪੜਯਥਾਰਥਵਾਦ ਦੀ ਨੀਂਹ ਰੱਖੀ ਜਿਸਦਾ ਮਤਲਬ ਸੀ ਮਨ ਦੀਆਂ ਡੂੰਘਾਈਆਂ ਵਿਚ ਉਤਰਕੇ ਸੱਚ ਦੀ ਤਲਾਸ਼ ਕਰਨਾ। 1927 ਵਿਚ ਇਹ ਸਾਰੇ ਲੇਖਕ ਫਰਾਂਸ ਦੀ ਕਮਿਊਨਿਸਟ ਪਾਰਟੀ ਵਿਚ ਸ਼ਾਮਲ ਹੋ ਗਏ ਜਿਥੇ ਇਨ੍ਹਾਂ ਦਾ ਸਟੈਂਡ ਸੀ ਕਿ ਕਾਰਲ ਮਾਰਕਸ ਸੰਸਾਰ ਬਦਲਨਾ ਚਾਹੁੰਦਾ ਹੈ ਅਤੇ ਰਿੰਬੋ ਨਿੱਤ ਦਿਹਾੜੇ ਦਾ ਜੀਵਨ। ਦੋਵਾਂ ਵਿਚ ਡੂੰਘੀ ਸਾਂਝ ਸੀ ਪਰ ਪਾਰਟੀ ਦੇ ਅੰਦਰ ਕੋਈ ਇਸ ਲਚਕੀਲੀ ਸੋਚ ਨੂੰ ਪਸੰਦ ਨਹੀਂ ਸੀ ਕਰਦਾ। ਸਿੱਟੇ ਮੂਜਬ ਉਸ ਨੂੰ ਪਾਰਟੀ ਵਿਚੋਂ ਕੱਢ ਦਿੱਤਾ ਗਿਆ।
ਇਸ ਦੇ ਬਾਵਜੂਦ ਪਾੱਲ ਦੀ ਖੱਬੇ ਪੱਖੀ ਹਮਦਰਦੀ ਨਾ ਗਈ । ਉਸਨੇ ਅਮਨ ਲਹਿਰ ਲਈ ਜਾਨ ਮਾਰ ਕੇ ਕੰਮ ਕੀਤਾ ਅਤੇ ਆਮ ਲੋਕਾਂ ਦੇ ਹੱਕ ਵਿਚ ਖੂਬਸੂਰਤ ਨਜ਼ਮਾਂ ਲਿਖੀਆਂ। ਉਸੇ ਨੇ ਪਾਬਲੋ ਪਿਕਾਸੋ ਨੂੰ ਅਮਨ ਲਹਿਰ ਨਾਲ ਜੁੜ ਜਾਣ ਲਈ ਪ੍ਰੇਰਿਆ ਸੀ। ਦੂਜੀ ਸੰਸਾਰ ਜੰਗ ਵੇਲੇ ਉਸਨੇ ਬਾਜ਼ਾਰਾਂ ਵਿਚ ਖਲੋਕੇ ਨਾਜ਼ੀਆਂ ਵਿਰੁੱਧ ਹਜ਼ਾਰਾਂ ਦੀ ਗਿਣਤੀ ਵਿਚ ਇਸ਼ਤਿਹਾਰ ਵੰਡੇ ਸੀ।
ਉਸਦਾ ਪਹਿਲਾ ਵਿਆਹ ਗਾਲਾ ਨਾਮ ਦੀ ਇੱਕ ਰੂਸੀ ਕੁੜੀ ਨਾਲ ਹੋਇਆ ਜੋ ਪਿਛੋਂ ਜਾ ਕੇ ਮਸ਼ਹੂਰ ਚਿਤ੍ਰਕਾਰ ਸਾਲਵਾਡੋਰ ਡਾਲੀ ਦੀ ਪਤਨੀ ਬਣੀ। ਪਾੱਲ ਨੇ ਕੁੱਲ ਮਿਲਾਕੇ ਵੀਹ ਤੋਂ ਉਪਰ ਕਾਵਿ ਸੰਗ੍ਰਹਿ ਫਰਾਂਸੀਸੀ ਬੋਲੀ ਦੀ ਝੋਲੀ ਪਾਏ ਤੇ ਉਹਦੀਆਂ ਕੁਝ ਕਵਿਤਾਵਾਂ ਏਨੀਆਂ ਹਰਮਨ ਪਿਆਰੀਆਂ ਹੋਈਆਂ ਕਿ ਲੋਕਾਂ ਨੂੰ ਉਹ ਜ਼ਬਾਨੀ ਯਾਦ ਹੋ ਗਈਆਂ। 1952 ਵਿਚ ਦਿਲ ਦਾ ਦੌਰਾ ਪੈਣ ਨਾਲ ਉਸਦੀ ਮੌਤ ਹੋ ਗਈ।
ਸੰਸਾਰ ਵਿਚ ਉਹ ਪਹਿਲਾ ਹੀ ਸੀ ਜੋ ਅਪਣੀ ਕਵਿਤਾ ਵਿਚ ਕਿਤੇ ਵੀ ਵਿਸਰਾਮ ਚਿੰਨ੍ਹ ਦੀ ਵਰਤੋਂ ਵੀ ਨਹੀਂ ਸੀ ਕਰਦਾ। ਰੇਡੀਉ ’ਤੇ ਹੋਈ ਗੱਲ ਬਾਤ ਵਿਚ ਇਕ ਵਾਰ ਉਸਨੇ ਕਿਹਾ ਸੀ, ‘ਕਵਿਤਾ ਵਿਚ ਲੋੜ ਤੋਂ ਵੱਧ ਮਿੱਠੇ ਸ਼ਬਦਾਂ ਦੀ ਵਰਤੋਂ, ਹੰਝੂਆਂ ਨੂੰ ਵੀ ਸਤਰੰਗੀ ਭਾਅ ਦੇਕੇ ਦਰਸਾਉਣਾ ਕਵਿਤਾ ਦਾ ਨਾਸ ਕਰਨਾ ਹੈ।’ ਪਾੱਲ ਗਲੀਆਂ ਵਿਚ ਵਿਚਰਦੇ ਲੋਕਾਂ ਦੀ ਬੋਲੀ ਦਾ ਕਵੀ ਸੀ।
ਪਾੱਲ ਐਲੁਆਰ ਦੀਆਂ ਕਵਿਤਾਵਾਂ
ਅਜ਼ਾਦੀ
ਅਪਣੇ ਸਕੂਲ ਦੀਆਂ ਕਾਪੀਆਂ ਵਿਚ
ਅਪਣੇ ਡੈਸਕ ਉਤੇ ਦਰਖਤਾਂ ਉਤੇ
ਰੇਤ ਅਤੇ ਸੱਜਰੀ ਪਈ ਬਰਫ ਉਤੇ
ਮੈਂ ਤੇਰਾ ਨਾਮ ਲਿਖਦਾ ਹਾਂ
ਸਾਰੇ ਪੜ੍ਹੇ ਜਾ ਚੁੱਕੇ ਵਰਕਿਆਂ ਤੇ
ਸਾਰੇ ਕੋਰੇ ਪਏ ਵਰਕਿਆਂ ਤੇ
ਪੱਥਰਾਂ ਖੂਨ ਦੇ ਕਾਗਜ਼ ਜਾਂ ਭੁਬੱਲ ਤੇ
ਮੈਂ ਤੇਰਾ ਨਾਮ ਲਿਖਦਾ ਹਾਂ
ਸੋਨੇ ਦੀ ਝਾਲ ਵਾਲੇ ਖਿਆਲਾਂ ਤੇ
ਯੋਧਿਆਂ ਦੀਆਂ ਮਜ਼ਬੂਤ ਬਾਹਾਂ ਤੇ
ਰਾਜਿਆਂ ਦੇ ਪਹਿਨੇ ਹੋਏ ਤਾਜਾਂ ਤੇ
ਮੈਂ ਤੇਰਾ ਨਾਮ ਲਿਖਦਾ ਹਾਂ
ਜੰਗਲ ਦੇ ਰੁੱਖਾਂ ਤੇ ਥਲਾਂ ਦੇ ਮੱਥੇ ਤੇ
ਖੁੱਡਾਂ ਅਤੇ ਆਲ੍ਹਣਿਆਂ ਤੇ
ਅਪਣੇ ਬਚਪਨ ਦੀਆਂ ਯਾਦਾਂ ਦੀ ਗੂੰਜ ਤੇ
ਮੈਂ ਤੇਰਾ ਨਾਮ ਲਿਖਦਾ ਹਾਂ
ਰਾਤਾਂ ਦੇ ਅਚਰਜ ਵਰਤਾਰਿਆਂ ਤੇ
ਦਿਨਾਂ ਦੀ ਚਿੱਟੀ ਰੋਟੀ ਤੇ
ਸ਼ਗਨਾਂ ਵਾਲੀਆਂ ਰੁੱਤਾਂ ਤੇ
ਮੈਂ ਤੇਰਾ ਨਾਮ ਲਿਖਦਾ ਹਾਂ
ਮੇਰੇ ਹਿੱਸੇ ਦੇ ਅੰਬਰ ਦੀਆਂ ਲੀਰਾਂ ਤੇ
ਛੱਪੜ ਵਿਚ ਬੁੱਸੇ ਹੋਏ ਸੂਰਜ ਤੇ
ਚੰਦ ਦੀ ਜੀਊਂਦੀ ਝੀਲ ਤੇ
ਮੈਂ ਤੇਰਾ ਨਾਮ ਲਿਖਦਾ ਹਾਂ
ਖੇਤਾਂ ਵਿਚ ਦੋਮੇਲ ਤੇ
ਪੰਛੀਆਂ ਦੇ ਖੰਭਾਂ ਤੇ
ਪ੍ਰਛਾਵਿਆਂ ਦੇ ਖਰਾਸ ਤੇ
ਮੈਂ ਤੇਰਾ ਨਾਮ ਲਿਖਦਾ ਹਾਂ
ਪਹੁਫੁਟਾਲੇ ਦੇ ਹਰ ਬੁੱਲੇ ਤੇ
ਸਾਗਰ ਤੇ ਜਹਾਜ਼ਾਂ ਤੇ
ਰੋਹ ਭਰੇ ਪਹਾੜਾਂ ਤੇ
ਮੈਂ ਤੇਰਾ ਨਾਮ ਲਿਖਦਾ ਹਾਂ
ਬੱਦਲਾਂ ਦੀ ਝੱਗ ਤੇ
ਤੂਫਾਨਾਂ ਦੀ ਕਠੋਰਤਾ ਤੇ
ਸੰਘਣੀਆਂ ਬੇਸੁਆਦੀਆਂ ਕਣੀਆਂ ਤੇ
ਮੈਂ ਤੇਰਾ ਨਾਮ ਲਿਖਦਾ ਹਾਂ
ਚਮਕੀਲੀਆਂ ਸ਼ਕਲਾਂ ਤੇ
ਰੰਗਾਂ ਦੀਆਂ ਘੰਟੀਆਂ ਤੇ
ਸਥੂਲ ਸੱਚ ਤੇ
ਮੈਂ ਤੇਰਾ ਨਾਮ ਲਿਖਦਾ ਹਾਂ
ਜਾਗੇ ਹੋਏ ਰਾਹਾਂ ਤੇ
ਫੈਲੀਆਂ ਹੋਈਆਂ ਸੜਕਾਂ ਤੇ
ਨੱਕੋ ਨੱਕ ਭਰੇ ਚੌਕਾਂ ਤੇ
ਮੈਂ ਤੇਰਾ ਨਾਮ ਲਿਖਦਾ ਹਾਂ
ਭੜਕ ਰਹੀ ਬੱਤੀ ਤੇ
ਬੁਝ ਰਹੀ ਬੱਤੀ ਤੇ
ਜੁੜੇ ਹੋਏ ਘਰਾਂ ਤੇ
ਮੈਂ ਤੇਰਾ ਨਾਮ ਲਿਖਦਾ ਹਾਂ
ਮੇਰੇ ਕਮਰੇ ਅਤੇ ਸ਼ੀਸ਼ੇ ਕੋਲ ਪਏ
ਕੱਟੇ ਹੋਏ ਫਲਾਂ ਤੇ
ਅਪਣੇ ਕਮਰੇ ਤੇ ਛਿੱਲਾਂ ਤੇ
ਮੈਂ ਤੇਰਾ ਨਾਮ ਲਿਖਦਾ ਹਾਂ
ਅਪਣੇ ਪਿਆਰੇ ਲਾਲਚੀ ਕੁੱਤੇ ਤੇ
ਉਹਦੇ ਖੜੇ ਕੀਤੇ ਹੋਏ ਕੰਨਾਂ ਤੇ
ਉਹਦੇ ਬੇਢੱਬੇ ਪੰਜਿਆਂ ਤੇ
ਮੈਂ ਤੇਰਾ ਨਾਮ ਲਿਖਦਾ ਹਾਂ
ਅਪਣੇ ਘਰ ਦੀ ਦਹਿਲੀਜ਼ ਤੇ
ਏਧਰ ਓਧਰ ਦਿਸਦੀਆਂ ਚੀਜ਼ਾਂ ਤੇ
ਪਵਿਤੱਰ ਅਗਨੀ ਦੇ ਵੇਗ ਤੇ
ਮੈਂ ਤੇਰਾ ਨਾਮ ਲਿਖਦਾ ਹਾਂ
ਇੱਕਸੁਰ ਹੋਈ ਚਮੜੀ ਤੇ
ਅਪਣੇ ਮਿੱਤਰਾਂ ਦੇ ਮੱਥਿਆਂ ਤੇ
ਸਭ ਫੈਲੇ ਹੋਏ ਹੱਥਾਂ ਤੇ
ਮੈਂ ਤੇਰਾ ਨਾਮ ਲਿਖਦਾ ਹਾਂ
ਅਸਚਰਜਤਾ ਦੀਆਂ ਖਿੜਕੀਆਂ ਤੇ
ਖਾਮੋਸ਼ੀ ਤੋਂ ਕਿਤੇ ਉਪਰ
ਸੁਚੇਤ ਹੋਏ ਬੁਲ੍ਹਾਂ ਤੇ
ਮੈਂ ਤੇਰਾ ਨਾਮ ਲਿਖਦਾ ਹਾਂ
ਅਪਣੇ ਤਬਾਹ ਹੋਏ ਟਿਕਾਣਿਆਂ ਤੇ
ਉਜੜ ਗਏ ਚਾਨਣ ਮੁਨਾਰਿਆਂ ਤੇ
ਅਪਣੀ ਥਕਾਵਟ ਦੀਆਂ ਕੰਧਾਂ ਤੇ
ਮੈਂ ਤੇਰਾ ਨਾਮ ਲਿਖਦਾ ਹਾਂ
ਅਣਚਾਹੀ ਗੈਰਹਾਜ਼ਰੀ ਤੇ
ਵੀਰਾਨ ਇਕੱਲ ਤੇ
ਮੌਤ ਦਿਆਂ ਕਦਮਾਂ ਤੇ
ਮੈਂ ਤੇਰਾ ਨਾਮ ਲਿਖਦਾ ਹਾਂ
ਮੁੜ ਕੇ ਵਾਪਸ ਆ ਗਈ ਸਿਹਤ ਤੇ
ਦੂਰ ਅਲੋਪ ਹੋ ਗਏ ਖਤਰੇ ਤੇ
ਬੇਕਿਆਸੀ ਉਮੀਦ ਤੇ
ਮੈਂ ਤੇਰਾ ਨਾਮ ਲਿਖਦਾ ਹਾਂ
ਤੇ ਸ਼ਬਦਾਂ ਦੇ ਜ਼ੋਰ ਨਾਲ
ਮੈਂ ਜ਼ਿੰਦਗੀ ਫੇਰ ਸ਼ੁਰੂ ਕਰਦਾ ਹਾਂ
ਮੈਂ ਤੈਨੂੰ ਜਾਨਣ ਲਈ ਜਨਮਿਆ ਸਾਂ
ਤੇਰਾ ਨਾਮ ਲੈਣ ਲਈ ਪੈਦਾ ਹੋਇਆ
ਅਜ਼ਾਦੀ
ਸਪੇਨੀ ਕਿਸਾਨ ਦੀ ਕਬਰ ਦਾ ਪੱਥਰ
ਜਰਨੈਲ ਫਰਾਂਕੋ ਨੇ ਮੈਨੂੰ ਭਰਤੀ ਕੀਤਾ
ਤੇ ਮੈਂ ਦੁਖਿਆਰਾ ਫੌਜੀ ਬਣ ਗਿਆ
ਪਰ ਮੈਂ ਫੌਜ ’ਚੋਂ ਭੱਜਿਆ ਨਾ
ਮੈਂ ਡਰਦਾ ਸੀ ਉਹ ਮੈਨੂੰ ਗੋਲੀ ਮਾਰ ਦੇਣਗੇ
ਮੈਂ ਡਰਦਾ ਸੀ ਇਸੇ ਲਈ ਫੌਜ ਵਿਚ
ਮੈਂ ਅਜ਼ਾਦੀ ਵਿਰੁੱਧ ਲੜਿਆ, ਇਨਸਾਫ ਵਿਰੁੱਧ ਲੜਿਆ
ਇਰੁਨ* ਦੀਆਂ ਕੰਧਾ ਹੇਠ ਲੜਿਆ
ਪਰ ਮੌਤ ਆਉਣੀ ਹੀ ਸੀ ਆ ਹੀ ਗਈ
*ਸਪੇਨ ਦਾ ਇੱਕ ਸ਼ਹਿਰ
ਹੁਣ ਇਕੱਲੇ ਨਹੀਂ
ਕਾਲੇ ਪੰਛੀਆਂ ਦੀ ਉਡਾਣ ਵਾਂਗ ਉਹ ਰਾਤ ਭਰ ਨੱਚਦੇ ਰਹੇ
ਉਨ੍ਹਾਂ ਦੇ ਦਿਲ ਸਾਫ ਸਨ ਤੇ ਪਤਾ ਨਹੀਂ ਸੀ ਲਗਦਾ
ਕੌਣ ਕੁੜੀ ਹੈ ਤੇ ਕੌਣ ਮੁੰਡਾ
ਉਨ੍ਹਾਂ ਸਾਰਿਆਂ ਦੀਆਂ ਪਿੱਠਾਂ ’ਤੇ ਰਫਲਾਂ ਸਨ
ਇੱਕ ਦੂਜੇ ਦਾ ਹੱਥ ਫੜੀ ਉਹ ਨੱਚਦੇ ਗਾਉਂਦੇ ਰਹੇ
ਪੁਰਾਣਾ ਗੀਤ ਨਵਾਂ ਗੀਤ ਤੇ ਫੇਰ ਅਜ਼ਾਦੀ ਦਾ ਗੀਤ
ਗੀਤਾਂ ਨਾਲ ਹਨ੍ਹੇਰੇ ਨੂੰ ਚੁਆਤੀ ਲੱਗੀ ਤੇ ਉਹ ਬਲ ਪਿਆ
ਦੁਸ਼ਮਣ ਦੇ ਫੌਜੀ ਸੌਂ ਗਏ ਸਨ
ਤੇ ਗੂੰਜਾਂ ਨੇ ਫੇਰ ਕਿਹਾ ਉਨ੍ਹਾਂ ਨੂੰ ਜ਼ਿੰਦਗੀ ਕਿੰਨੀ ਪਿਆਰੀ ਹੈ
ਉਨ੍ਹਾਂ ਦੀ ਜੁਆਨੀ ਐਸੇ ਵਿਸ਼ਾਲ ਕੰਢੇ ਵਰਗੀ ਸੀ
ਜਿੱਥੇ ਸਮੁੰਦਰ ਦੁਨੀਆਂ ਨੂੰ ਚੁੰਮਣ ਦੇਣ ਲਈ ਆਉਂਦਾ ਹੈ
ਉਨ੍ਹਾਂ ’ਚੋਂ ਥੋੜ੍ਹਿਆਂ ਨੇ ਹੀ ਦੇਖਿਆ ਸੀ ਸਮੁੰਦਰ
ਪਰ ਇੱਜ਼ਤ ਨਾਲ ਜੀਊਣਾ ਬਿਨਾਂ ਹੱਦਾਂ ਦਾ ਸਫਰ ਹੈ
ਉਹ ਅਪਣੇ ਲਈ ਤੇ ਸਾਥੀਆਂ ਲਈ ਇੱਜ਼ਤ ਨਾਲ ਜੀਵੇ
ਉਨ੍ਹਾਂ ਨੇ ਸਾਥੀਆਂ ਬਾਰੇ ਵੱਡੇ ਵੱਡੇ ਸੁਪਨੇ ਲਏ
ਤੇ ਪਹਾੜ ਉਨ੍ਹਾਂ ਦੇ ਸੁਪਨਿਆਂ ਤੇ ਜਿੱਤਾਂ ਨੂੰ ਚਿਤਵਦੇ
ਮੈਦਾਨਾਂ ਅਤੇ ਰੇਤਾਂ ਵਿਚ ਰਲ ਮਿਲ ਗਏ
ਜਿਵੇਂ ਹੱਥ ਹੱਥਾਂ ਨੂੰ ਮਿਲਦਾ ਹੈ ਤੇ ਬਹਾਰ ਸਮੁੰਦਰ ਨੂੰ
ਗੈਬਰੀਅਲ ਪੀਅਰੀ*
ਅੱਜ ਉਹ ਮਨੁੱਖ ਮਰਿਆ ਹੈ ਜਿਸ ਕੋਲ
ਚਪੱਟ ਖੁਲ੍ਹੀਆਂ ਬਾਹਾਂ ਤੋਂ ਬਿਨਾ ਕੋਈ ਢਾਲ ਨਹੀਂ ਸੀ
ਅੱਜ ਉਹ ਮਨੁੱਖ ਮਰਿਆ ਹੈ ਜਿਸ ਕੋਲ
ਉਸ ਸੜਕ ਤੋਂ ਬਿਨਾਂ ਕੋਈ ਸੜਕ ਨਹੀਂ ਸੀ ਜਿਸ ’ਤੇ
ਬੰਦੂਕਾਂ ਨੂੰ ਘੋਰ ਨਫਰਤ ਕੀਤੀ ਜਾਂਦੀ ਹੈ
ਅੱਜ ਉਹ ਮਨੁੱਖ ਮਰਿਆ ਹੈ ਜੋ ਅਜੇ ਵੀ
ਮੌਤ ਵਿਰੁੱਧ ਉਜਾੜੇ ਵਿਰੁੱਧ ਘੋਲ ਕਰ ਰਿਹਾ ਸੀ
ਅਸੀਂ ਵੀ ਉਹੀ ਚਾਹੁੰਦੇ ਹਾਂ
ਜੋ ਉਹ ਚਾਹੁੰਦਾ ਸੀ
ਅਸੀਂ ਅੱਜ ਹੀ ਚਾਹੁੰਦੇ ਹਾਂ
ਖੁਸ਼ੀ ਦੀ ਰਾਹ ਦਿਖਾਊ ਰੌਸ਼ਨੀ
ਦਿਲ ਅੰਦਰ ਵੀ ਤੇ ਅੱਖਾਂ ਵਿਚ ਵੀ
ਤੇ ਧਰਤੀ ਤੇ ਇਨਸਾਫ
ਕੁਝ ਸ਼ਬਦ ਹਨ ਜੋ ਜੀਣ ਵਿਚ ਮਦਦ ਕਰਦੇ ਹਨ
ਤੇ ਉਹ ਬਹੁਤ ਸਾਦੇ ਹਨ ਸ਼ਬਦ
ਸ਼ਬਦ ਨਿੱਘ ਸ਼ਬਦ ਭਰੋਸਾ
ਪਿਆਰ ਇਨਸਾਫ ਤੇ ਸ਼ਬਦ ਅਜ਼ਾਦੀ
ਸ਼ਬਦ ਬੱਚਾ ਸ਼ਬਦ ਮਿਹਰਬਾਨੀ
ਕੁਝ ਫੁੱਲਾਂ ਤੇ ਫਲਾਂ ਦੇ ਨਾਮ
ਸ਼ਬਦ ਭਰਾ ਸ਼ਬਦ ਸਾਥੀ
ਕੁਝ ਧਰਤੀਆਂ ਤੇ ਪਿੰਡਾਂ ਦੇ ਨਾਮ
ਇਸਤ੍ਰੀਆਂ ਦੇ ਮਿੱਤਰਾਂ ਦੇ ਨਾਮ
ਆਉ ਉਨ੍ਹਾਂ ਵਿਚ ਸ਼ਬਦ ਪੀਅਰੀ ਵੀ ਜੋੜ ਲਈਏ
ਜੋ ਉਸ ਸਭ ਕਾਸੇ ਲਈ ਮਰਿਆ ਹੈ
ਜਿਸਨੇ ਸਾਨੂੰ ਜ਼ਿੰਦਗੀ ਦੇਣੀ ਹੈ
ਉਹਦੀ ਛਾਤੀ ਵਿਚ ਗੋਲੀਆਂ ਹਨ
ਆਉ ਆਪਾਂ ਉਹਨੂੰ ਮਿੱਤਰ ਕਹੀਏ
ਉਹਦੇ ਕਰਕੇ ਅਸੀਂ ਇਕ ਦੂਜੇ ਨੂੰ ਵਧੇਰੇ ਸਮਝੇ ਹਾਂ
ਆਉ ਚਿਤਵੀਏ ਉਹਦੀਆਂ ਉਮੀਦਾਂ ਜੀਊਂਦੀਆਂ ਰਹਿਣ
*ਗੈਬਰੀਅਲ ਪੀਅਰੀ ਫਰਾਂਸ ਦੀ ਕਮਿਊਨਿਸਟ ਪਾਰਟੀ ਦਾ ਮੈਂਬਰ ਸੀ
ਜੋ ਜਰਮਨਾਂ ਦੇ ਹੱਥ ਆ ਗਿਆ ਤੇ ਗੋਲੀ ਨਾਲ ਉੜਾ ਦਿੱਤਾ ਗਿਆ।
ਦਸਤੂਰ
ਮਨੁੱਖਾਂ ਦਾ ਨਿਘ ਭਰਿਆ ਦਸਤੂਰ
ਅੰਗੂਰਾਂ ਤੋਂ ਬਣਾਉਣੀ ਸ਼ਰਾਬ
ਕੋਲੇ ਤੋਂ ਬਣਾਉਣੀ ਅੱਗ
ਤੇ ਚੁੰਮਣਾਂ ਤੋਂ ਬਣਾਉਣੇ ਮਨੁੱਖ
ਮਨੁੱਖਾਂ ਦਾ ਸਖਤੀ ਭਰਿਆ ਦਸਤੂਰ
ਜੰਗਾਂ ਦੇ ਬਾਵਜੂਦ
ਮੁਸੀਬਤਾਂ ਤੇ ਖਤਰਿਆਂ ਦੇ ਹੁੰਦਿਆਂ
ਜੀਊਂਦੇ ਹਨ ਜੀਅ ਭਰ ਕੇ
ਮਨੁੱਖਾਂ ਦਾ ਨਰਮੀ ਭਰਿਆ ਦਸਤੂਰ
ਪਾਣੀ ਨੂੰ ਰੌਸ਼ਨੀ ਵਿਚ ਬਦਲਨਾ
ਸੁਪਨਿਆਂ ਨੂੰ ਹਕੀਕਤਾਂ ਵਿਚ
ਤੇ ਵੈਰੀਆਂ ਨੂੰ ਦੋਸਤਾਂ ਵਿਚ
ਨਵਾਂ ਤੇ ਪੁਰਾਣਾ ਦਸਤੂਰ
ਅਪਣੇ ਆਪ ਨੂੰ ਸੁਧਾਰਦਾ
ਮਾਸੂਮ ਬੱਚੇ ਦੀ ਹਿੱਕ ’ਚੋਂ ਨਿਕਲਦਾ
ਤੇ ਪਰਮ ਸੱਚ ਤੱਕ ਪਹੁੰਚ ਜਾਂਦਾ ।
ਪੰਜਾਬੀ ਰੂਪ : ਅਵਤਾਰ ਜੰਡਿਆਲਵੀ