ਇਹੋ ਬੰਦਾ
ਇਹੋ ਬੰਦਾ
ਯਾਰਾਂ ਵਾਂਙੂੰ
ਮਿੱਠਾ ਮਿੱਠਾ
ਵੈਰੀ ਵਾਂਙੂੰ
ਕੌੜਾ ਤੁੰਮਾ
ਬਿਲਕੁਲ ਈਵੇਂ
ਜਿਵੇਂ ਦੁਨੀਆ
ਬਿਲਕੁਲ ਈਵੇਂ
ਜਿਵੇਂ ਬੰਦਾ
ਨਵਾਂ ਪੈਕਿਜ
ਚੂਹੇਦਾਨ ਦੇ ਅੰਦਰ ਲਾਵੋ
ਰੋਟੀ ਦਾ ਕੋਈ ਤਾਜ਼ਾ ਟੁਕੜਾ
ਜੇਦ੍ਹੀ ਖ਼ੁਸ਼ਬੋ ਦਾ ਲਸ਼ਕਾਰਾ
ਹਕਲਾਂ ਮਾਰੇ
ਬਾਹਵਾਂ ਲੰਬੀਆਂ ਕਰ-ਕਰ ਸੱਦੇ
ਵੇਂਹਦੇ ਪਏ ਹੋ
ਅੱਗੋਂ ਆਵਣ ਵਾਲਾ ਮੰਜ਼ਰ
ਚੂਹੇ ਦਾ
ਇਹੋ ਸਾਡਾ ਖੇਡ ਤਮਾਸ਼ਾ
ਜਿਵੇਂ-ਜਿਵੇਂ ਖਾਵੋ ਠੁੱਡੇ
ਓਵੇਂ ਮਾਰੋ ਠੁੱਡੇ
ਬੋਝੇ ਪਾਵੋ ਖੋਟੇ ਸਿੱਕੇ
ਸਿਰ ਵਿਚ ਪਾਵੋ ਧੂੜ
ਬੋਲੋ ਰੱਜ ਕੇ ਕੂੜ
ਢੋਡਰ ਕਾਵਾਂ ਦਿੱਤੇ ਅੰਡੇ
ਕਿੱਕਰ ਉੱਤੇ
ਟਾਹਲੀ ਉੱਤੇ ਨੱਚਣ ਬਾਂਦਰ
ਥੱਲੇ ਨੱਚਣ ਮੋਰ
ਰੋਵੋ ਜ਼ੋਰੋ ਜ਼ੋਰ
ਇਹੋ ਸਾਡਾ ਖੇਡ ਤਮਾਸ਼ਾ
ਇਹੋ ਸਾਡਾ ਰੋਗ
ਖਿੜ ਖਿੜ ਹੱਸਦੇ ਬਾਲਾਂ ਵਾਂਙੂੰ
ਖਿੜ ਖਿੜ ਹੱਸਦੇ ਲੋਕ
ਪੱਖੀ, ਜਾਤਕ ਤੇ ਰਸਤਾ
ਕਿਵੇਂ ਪੱਖੀ
ਹਿਕ ਰਸਤਾ ਜਿਹਾ ਲੀਕੀ ਵੇਂਦਨ
ਹਵਾ ਵਿਚ
ਨਵੇਂ ਤੋਂ ਨਵਾਂ
ਜਿਵੇਂ ਜਾਤਕ
ਕੋਰੇ ਕਾਗ਼ਜ਼ ਉੱਤੇ
ਨੀਲੀ ਪੈਂਸਲ ਦੇ ਨਾਲ
ਹਿਕ ਰਸਤਾ ਜਿਹਾ ਲੀਕੀ ਵੇਂਦਨ
ਦਰਿਆ ਵਾਂਙੂੰ
ਪਹਾੜਾਂ ਵਿੱਚੋਂ ਤੇ ਥੱਲਾਂ ਵਿੱਚੋਂ
ਜਿਵੇਂ ਨਵੀਆਂ ਨਵੀਆਂ ਸੋਚਾਂ
ਹਿਕ ਰਸਤਾ ਜਿਹਾ ਲੀਕੀ ਵੇਂਦਨ
ਵੰਨ-ਸਵੰਨਾ
* ਪੱਖੀ = ਪੰਛੀ
ਹਿਕ ਨਜ਼ਮ ਮੁਸ਼ਤਾਕ ਸੂਫ਼ੀ ਕੀ ‘ਤੇ
ਤੂੰ
ਜਿਹੜਾ ਹੋ ਆਇਆ ਏਂ
ਉੱਭੇ
ਲੰਮੇ
ਲੰਦਨ ਤੋਂ
ਵਾਸ਼ਿੰਗਟਨ ਤੋਂ
ਖਟਮੰਡੂ ਤੋਂ
ਤੂੰ ਮੈਨੂੰ ਦੇ ਸਲਾਹ
ਕੋਈ ਸਿਆਣੀ
ਜੇ ਥੁੱੜ ਵੰਞੇ ਟੁੱਕਰ ਪਾਣੀ
ਰਾਤ ਆਵੇ ਤਾਂ
ਖ਼ਾਬ ਨਾ ਆਵੇ
ਸੋਵਣ ਦਾ
ਦਿਨ ਆਵੇ ਤਾਂ
ਬਾਘੜ ਬਿੱਲਾ
ਖ਼ਾਬ ਨਾ ਆਵੇ
ਇਹੋ ਸਾਡਾ ਖੇਡ ਤਮਾਸ਼ਾ
ਇਹੋ ਸਾਡੀ ਦੁਨੀਆ
ਕਿਹੜੇ ਗਾਵਣ ਗਾਵੇ ਬੰਦਾ
ਭੁੱਖੇ-ਭਾਣੇ
ਕਿਹੜੀ ਝੁੰਮਰ ਪਾਵੇ ਬੰਦਾ
ਭੁੱਖੇ ਭਾਣੇ
ਜੰਗ ਤੇ ਅਮਨ
ਸ਼ਾਮ ਅੱਜ ਦੀ
ਜਿਵੇਂ
ਚਿੜੀਆਂ ਪਈਆਂ ਚੂਹਕਦੀਆਂ ਹੋਵਣ
ਸਵੇਰ ਨੂੰ
ਜਿਵੇਂ
ਗਲ ਵਿਚ ਬੱਧੀਆਂ ਟੱਲੀਆਂ ਵਾਲੇ
ਊਂਠ ਪਏ ਲੰਘਦੇ ਹੋਵਣ
ਥੱਲਾਂ ਵਿੱਚੋਂ
ਅੱਗੋਂ ਪਿੱਛੋਂ
ਇਸ ਫੇਰੀ
ਇਹ ਕਿਵੇਂ ਥਿਆ
ਅੰਬਾਂ ਉੱਤੋਂ ਬੂਰ
ਢਾਵਣ ਲਗ ਪਿਆ
ਕੋਈ ਲੱਗਿਆ ਇਹਨਾਂ ਨੂੰ ਰੋਗ ਅਜਿਹਾ
ਤੋਤੇ
ਚੁੱਪ ਕਰ ਗਏ ਨੇ
ਜਿਵੇਂ
ਇਨ੍ਹਾਂ ਡਿੱਠਾ ਹੋਵੇ
ਸੱਪ ਸ਼ੂਕਦਾ
ਚਿੜੀਆਂ ਚੂਹਕਣ ਲਗ ਪਈਆਂ,
ਇਕੱਠੀਆਂ
ਅਚਨਚੇਤ
ਕੁਰਲਾਹਟ ਵਿਚ
ਸਾਂਭੋ
ਸਾਂਭੋ
ਨਿੱਕੜੇ ਨਿੱਕੜੇ ਬਾਲਾਂ ਕੂੰ
ਵੇਂਹਦੇ ਪਏ ਓ
ਕਿਡੀਆਂ ਅੰਦਰ ਸ਼ੂਕਦੀਆਂ
ਬਲਦੀਆਂ ਬਲਦੀਆਂ ਅੱਖੀਆਂ ਨੇ
ਬਘਿਆੜ ਦੀਆਂ
ਖ਼ੈਰੀਂ ਮਿਹਰੀਂ ਦੁਨੀਆ ਵਸਦੀ
ਖ਼ੈਰੀਂ ਮਿਹਰੀਂ ਦੁਨੀਆ ਵਸਦੀ
ਰਹਵੇ ਕੌਣ ਮਲੂਲ
ਕਿੱਥਾਂ ਬਣੀਆਂ ਨਵੀਂ ਸੜਕਾਂ
ਕਿੱਥਾਂ ਨਵੇਂ ਸਕੂਲ
ਰੋਜ਼ ਦਿਹਾੜੇ ਅਖ਼ਬਾਰਾਂ ਵਿਚ
ਨਵੀਆਂ ਖੇਡਾਂ
ਨਵੀਆਂ ਖ਼ਬਰਾਂ
ਗੱਲਾਂ ਵਿੱਚੋਂ ਕੱਢੋ ਗੱਲਾਂ
ਲੱਛਿਆਂ ਵਿੱਚੋਂ ਲੱਛਾ
ਕਿਹੜੀ ਮੱਝ ਨੇ ਡਿੱਤੀ ਕੱਟੀ
ਕਿਹੜੀ ਗਾਂ ਨੇ ਵੱਛਾ
ਨੀਉ ਵਰਲਡ ਆਡਰ
ਨੀਉ ਵਰਲਡ ਆਡਰ
ਜਿਵੇਂ
ਹਿਕ ਪਰਛਾਵਾਂ ਹੋਵੇ
ਜਿਵੇਂ ਜਿਵੇਂ ਇਹ ਪਰਛਾਵਾਂ
ਨੇੜੇ ਆਵੇ
ਕਿਵੇਂ ਲਗਦਾ ਏ ਇਹ ਪਰਛਾਵਾਂ
ਜਿਵੇਂ ਹਿਕ ਸੁਨੇਹਾ ਹੋਵੇ
ਮਿੱਠਾ ਮਿੱਠਾ
ਸਾਡੇ ਬੰਨੇ
ਕਹੀਂ ਨਵੇਂ ਕਹਿਰ ਦਾ
ਜਿਵੇਂ ਕੋਈ ਸ਼ਰਬਤ ਹੋਵੇ
ਮਿੱਠਾ ਮਿੱਠਾ
ਕਹੀਂ ਨਵੇਂ ਜ਼ਹਿਰ ਦਾ
ਅਪਣਾ ਹਿਕ ਗਾਵਣ ਏ
ਅਪਣਾ ਹਿਕ ਗਾਵਣ ਏ
ਦਰਿਆਵਾਂ ਦਾ
ਬਹੂੰ ਨਵੇਕਲਾ
ਪੋਲੇ ਪੈਰੀਂ ਵੱਗਣ ਦਾ
ਅਪਣਾ ਹਿਕ ਗਾਵਣ ਏ
ਭੋਏਂ ਦਾ
ਨਵੀਆਂ ਨਵੀਆਂ ਫ਼ਸਲਾਂ ਦਾ
ਨਿੱਕੜੇ ਨਿੱਕੜੇ ਬਾਲਾਂ ਦਾ
ਅਪਣਾ ਹਿਕ ਗਾਵਣ ਏ
ਦੁਨੀਆ ਦਾ
ਅੱਚਨਚੇਤੀ ਸਾਡੇ ਅੰਦਰ
ਚੁੱਪ ਤੋੜਣ ਦਾ
ਲਹੌਰ
ਸੱਪ ਨੇ ਰੰਗੀਲੜੇ
ਰਸਤੇ
ਅੱਗ ਦੇ
ਲੀਕੇ ਹੋਏ ਨਕਸ਼ੇ
ਡੱਬੀਆਂ ਉੱਤੇ ਡੱਬੀਆਂ
ਇਹੋ ਗੱਲਾਂ ਕੂੜੀਆਂ
ਇਹੋ ਗੱਲਾਂ ਸੱਚੀਆਂ
ਆਬਿਦ ਅਮੀਕ ਮੁਲਤਾਨ ਦੇ ਕਿਸੇ ਕੌਲਿਜ ਵਿਚ ਅੰਗਰੇਜ਼ੀ ਪੜ੍ਹਾਉਂਦਾ ਰਿਹਾ ਹੈ। ਦੋ ਕਿਤਾਬਾਂ ਛਪ ਚੁੱਕੀਆਂ ਹਨ ਤਿਲ ਵਤਣੀ (ਰੁੱਤ ਲੇਖਾ. ਲਹੌਰ. 2000), ਪੱਖੀ ਜਾਤਕ ਤੇ ਰਸਤਾ (ਸੁਚੇਤ. ਲਹੌਰ. 2005)