ਪ੍ਰੋਫ਼ੈਸਰ ਕੇਵਲ ਸਿੰਘ ਦੀ ਪ੍ਰੇਮ-ਵਿਆਹ ਦੀ ਪਹਿਲੀ ਪਤਨੀ ਸਵਰਗਵਾਸ ਹੋ ਗਈ ਸੀ ਜੋ ਆਪਣੇ ਪਿੱਛੇ, ਪਤੀ ਤੋਂ ਬਿਨਾਂ, ਦੋ ਸੁਹਣੇ ਪੁੱਤਰਾਂ ਨੂੰ ਜਨਮ ਦੇ ਕੇ ਛੱਡ ਗਈ ਸੀ। ਵੱਡਾ ਪੁੱਤਰ, ਰਾਜਾ, ਉਦੋਂ ਦਸ ਕੁ ਵਰ੍ਹੇ ਦੀ ਉਮਰ ਦਾ ਸੀ, ਛੋਟਾ ਸੱਤ ਕੁ ਵਰ੍ਹੇ ਦਾ। ਵੱਡੇ ਪੁੱਤਰ ਦਾ ਪਿਆਰ ਦਾ ਨਾਂਅ ਜੇ ‘ਰਾਜਾ’ ਰੱਖਿਆ ਗਿਆ ਸੀ ਤਾਂ ਛੋਟੇ ਦਾ ਨਾਂਅ ‘ਕੌਰ’ ਸੀ। ਇਹ ਉਨ੍ਹਾਂ ਦੇ ਘਰ ਦੇ ਨਾਂਅ ਹੀ ਸਨ; ਉਂਝ ਆਮ ਲੋਕਾਂ ਲਈ ਉਨ੍ਹਾਂ ਦੇ ਨਾਂਅ ਹੋਰ ਸਨ।
ਵੱਡੇ ਪੁੱਤਰ ਦੇ ਨੈਣ-ਨਕਸ਼, ਕੱਦ-ਕਾਠ, ਮੁੜੰਗਾ ਆਦਿ ਆਪਣੇ ਪਿਤਾ ਪ੍ਰੋ. ਕੇਵਲ ਸਿੰਘ ਵਰਗਾ ਸੀ; ਪਰ ਛੋਟਾ ਪੁੱਤਰ, ਕੌਰ, ਆਪਣੇ ਦਾਦੇ ਕਿਰਪਾਲ ਸਿੰਘ ਵਰਗਾ ਲੰਮਾ, ਪਤਲਾ, ਗੋਰੇ ਰੰਗ ਦਾ, ਬਹੁਤ ਸੁਹਣੇ ਮੂੰਹ ਵਾਲਾ। ਜਿਥੇ ਰਾਜੇ ਦਾ ਚਿਹਰਾ ਆਪਣੇ ਪਿਤਾ ਵਰਗਾ ਗੋਲ ਸੀ, ਉਥੇ ਕੌਰ ਦਾ ਦਾਦੇ ਵਾਂਗੂੰ ਥੋੜ੍ਹਾ ਜਿਹਾ ਲੰਬੂਤਰਾ। ਪਰ ਦਾਦਾ-ਪੋਤਾ ਦੋਵੇਂ ਜਿਵੇਂ ਚੰਦਰਮਾ ਦੀ ਚਾਨਣੀ ਵਾਂਗੂੰ ਝਲਕਾਂ ਮਾਰ ਰਹੇ ਸਨ।
ਪ੍ਰੋ. ਕੇਵਲ ਸਿੰਘ ਦੀ ਉਮਰ ਚਾਲੀ ਕੁ ਵਰ੍ਹੇ ਦੀ ਸੀ। ਇਹ ਉਮਰ ਅਜਿਹੀ ਸੀ ਜਿਸ ਵਿਚ ਕੋਈ ਚਾਹੇ ਤਾਂ ਬਿਨਾਂ ਵਿਆਹ ਵੀ ਰਹਿ ਲਵੇ, ਚਾਹੇ ਤਾਂ ਖ਼ੁਸ਼ੀ ਨਾਲ ਦੂਜਾ ਵਿਆਹ ਕਰਵਾ ਲਵੇ। ਇਹ ਹਰ ਕਿਸੇ ਦੀ ਆਪਣੀ-ਆਪਣੀ ਸੋਚ ਉਤੇ ਨਿਰਭਰ ਹੈ।
ਪ੍ਰੋ. ਕੇਵਲ ਸਿੰਘ ਨੂੰ ਸਾਥ ਦੀ ਜ਼ਰੂਰਤ ਸੀ। ਰੋਟੀ-ਟੁੱਕ ਕਹਿ ਲਵੋ ਜਾਂ ਜੀਵਨ-ਸਾਥ ਕਹਿ ਲਵੋ, ਦੋਵੇਂ ਗੱਲਾਂ ਸਹੀ ਸਨ। ਜਿਵੇਂ ਉਸ ਕੋਲ ਪਾਲਣਾ ਲਈ ਉਸਦੇ ਦੋ ਪੁੱਤਰ ਸਨ, ਇਸ ਕਾਰਨ ਉਹ ਵਿਆਹ ਕਰਵਾਉਣ ਤੋਂ ਮੁੱਖ ਵੀ ਮੋੜ ਸਕਦਾ ਸੀ ਤਾਂ ਜੋ ਉਸਦੇ ਪੁੱਤਰਾਂ ਨੂੰ ਮਤ੍ਰੇਈ ਦੇ ਵਸ ਨਾ ਪੈਣਾ ਪਵੇ; ਪਰ ਇਸੇ ਕਾਰਨ ਉਹਦੇ ਲਈ ਵਿਆਹ ਜ਼ਰੂਰੀ ਹੋ ਸਕਦਾ ਸੀ; ਕਿਉਂਕਿ ਬੱਚੇ ਪਿਤਾ ਨੂੰ ਪਾਲਣੇ ਸਦਾ ਹੀ ਮੁਸ਼ਕਿਲ ਹੁੰਦੇ ਹਨ। ਉਹ ਕੰਮ ਕਰੇ ਜਾਂ ਬੱਚੇ ਪਾਲੇ? ਭੈਣ-ਭਰਾ ਜਾਂ ਰਿਸ਼ਤੇਦਾਰ ਕੋਈ ਹੋਰ ਅਜਿਹਾ ਨਹੀਂ ਸੀ ਜੋ ਉਹਦੇ ਇਨ੍ਹਾਂ ਪੁੱਤਰਾਂ ਦੀ ਜ਼ਿੰਮੇਵਾਰੀ ਲੈ ਸਕਦਾ ਸੀ। ਕਿਉਂਕਿ ਕਿਸੇ ਦੇ ਬੱਚੇ ਪਾਲਣੇ ਔਖੇ ਵੀ ਤਾਂ ਬਹੁਤ ਹਨ। ਸੋ ਪ੍ਰੋ. ਕੇਵਲ ਸਿੰਘ ਨੂੰ ਦੂਜਾ ਵਿਆਹ ਕਰਵਾ ਲੈਣਾ ਹੀ ਠੀਕ ਜਾਪ ਰਿਹਾ ਸੀ।
ਕੁਝ ਮਹੀਨੇ ਬੀਤ ਗਏ। ਇਕ ਬੜੀ ਸੁਹਣੀ-ਸੁਨੱਖੀ, ਨੌਜਵਾਨ ਤੇ ਲੰਮੀ-ਲੰਝੀ, ਸੁਹਣੇ ਵਿਅਕਤਿੱਤਵ ਵਾਲੀ, ਤੇਈ ਕੁ ਵਰ੍ਹੇ ਦੀ ਸਮਾਰਟ ਜਿਹੀ ਕੁੜੀ, ਮਿੱਤਰਾਂ-ਸਨੇਹੀਆਂ ਨੂੰ ਪ੍ਰੋ. ਕੇਵਲ ਸਿੰਘ ਦੇ ਘਰ ਵਿਚ ਨਜ਼ਰ ਆਉਣ ਲੱਗੀ। ਇਹ ਕੁੜੀ ਇਹਨੀਂ ਦਿਨੀਂ ਹੀ ਆਪਣੇ ਪਿੰਡੋਂ ਆਈ ਸੀ ਜੋ ਪ੍ਰੋ. ਕੇਵਲ ਸਿੰਘ ਦੇ ਘਰ ਰਹਿਣ ਲੱਗ ਪਈ ਸੀ। ਪ੍ਰੋ. ਕੇਵਲ ਸਿੰਘ ਨੂੰ ਮਿਲਣ ਵਾਲੇ ਦੋਸਤ-ਮਿੱਤਰ ਜਦੋਂ ਕੁਝ ਹੈਰਾਨੀ ਨਾਲ ਉਸ ਕੁੜੀ ਵੱਲ ਦੇਖਦੇ ਤਾਂ ਉਨ੍ਹਾਂ ਦੀਆਂ ਪ੍ਰਸ਼ਨ-ਭਰੀਆਂ ਨਜ਼ਰਾਂ ਵੱਲ ਦੇਖ ਕੇ ਉਹ ਉਨ੍ਹਾਂ ਨੂੰ ਇਉਂ ਦੱਸਣ ਲੱਗਦਾ :
”ਇਹ ਮੇਰੀ ਭਤੀਜ-ਨੂੰਹ ਹੈ। ਮੈਨੂੰ ਮੇਰੇ ਭਰਾ ਤੇ ਭਾਬੀ ਬਹੁਤ ਪਿਆਰ ਕਰਦੇ ਹਨ। ਭਾਬੀ ਨੇ ਤਾਂ ਮੈਨੂੰ ਆਪਣੇ ਪੁੱਤਰਾਂ ਵਾਂਗ ਹੀ ਪਿਆਰਿਆ ਹੈ, ਮੇਰੀ ਛੋਟੀ ਉਮਰ ਤੋਂ ਹੀ। ਮੇਰੀ ਪਤਨੀ ਗੁਜ਼ਰੀ ਤਾਂ ਭਾਬੀ ਨੂੰ ਬਹੁਤ ਚਿੰਤਾ ਹੋਈ ਕਿ ਮੇਰੇ ਰੋਟੀ-ਟੁੱਕਰ ਆਦਿ ਦਾ ਕੀ ਪ੍ਰਬੰਧ ਹੋਵੇਗਾ। ਸੋ ਉਹਨੇ ਇਹਨੂੰ ਭੇਜ ਦਿੱਤਾ। ‘ਜਾਹ ਕੁੜੇ ਕੰਵਲਜੀਤ! ਆਪਣੇ ਪਤਿਓ੍ਹਰੇ ਕੋਲ ਚੰਡੀਗੜ੍ਹ ਜਾ ਕੇ ਰਹਿ। ਜਾਕੇ ਇਹਦਾ ਘਰ ਸੰਭਾਲ। ਜਦੋਂ ਰਾਜਾ ਵਿਆਹਿਆ ਗਿਆ, ਉਦੋਂ ਪਿੰਡ ਪਰਤ ਆਈਂ। ਉਂਜ ਵਿਚੋਂ ਵੀ ਕਦੇ-ਕਦੇ ਆਉਂਦੀ-ਜਾਂਦੀ ਰਹੇਂਗੀ।’ ਸੋ ਇਹ ਏਥੇ ਆ ਗਈ। ਮੇਰੀ ਭਾਬੀ ਨੇ ਭੇਜ ਦਿੱਤੀ।’’
ਜਦੋਂ ਵੀ ਬੁਲਾਉਂਦਾ ਸੀ, ਪ੍ਰੋਫ਼ੈਸਰ ਇਸ ਕੁੜੀ ਨੂੰ ‘ਕੁੜੇ’ ਆਖਦਾ ਹੁੰਦਾ ਸੀ। ”ਕੁੜੇ, ਚਾਹ ਬਣਾ ਕੇ ਲਿਆ।’’ ਨੂੰਹਾਂ-ਧੀਆਂ ਨੂੰ ‘ਕੁੜੇ’ ਆਖਣਾ ਪਿਆਰ ਦਾ ਵੀ ਸੂਚਕ ਹੈ, ਆਦਰ ਅਤੇ ਸਤਿਕਾਰ ਦਾ ਵੀ। ਇਸ ਵਿਚ ਉੱਚ ਕੋਟੀ ਦੀਆਂ ਮੋਹ-ਭਿੱਜੀਆਂ ਮਾਤ੍ਰੀ-ਪਿਤ੍ਰੀ ਭਾਵਨਾਵਾਂ ਹੁੰਦੀਆਂ ਹਨ।
ਉਂਜ ਗੱਲ ਇਹ ਨਹੀਂ ਸੀ ਜਿਹੜੀ ਦੱਸੀ ਜਾਂਦੀ ਸੀ। ਵਿਚੋਂ ਗੱਲ ਕੁਝ ਹੋਰ ਸੀ। ਇਸ ਗੱਲ ਨੇ ਸਾਫ਼ ਹੋਣ ਵਿਚ ਕੁਝ ਸਮਾਂ ਲੈ ਲਿਆ ਸੀ।
ਕੰਵਲਜੀਤ ਦੇ ਮਾਂ-ਬਾਪ ਉਸਦੀ ਛੋਟੀ ਉਮਰ ਵਿਚ ਹੀ ਅੱਗੜ-ਪਿੱਛੜ ਜਾ ਚੁੱਕੇ ਸਨ। ਭਰਾਵਾਂ ਅਤੇ ਭਰਜਾਈਆਂ ਨੇ ਹੀ ਉਹਨੂੰ ਪਾਲਿਆ-ਪੋਸਿਆ ਤੇ ਉਹਦਾ ਵਿਆਹ ਕੀਤਾ ਸੀ। ਰਾਏਪੁਰ-ਗੁੱਜਰਵਾਲ ਨੇੜੇ ਉਸ ਦਾ ਪੇਕਾ ਪਿੰਡ ਸੀ, ਜ਼ਿਲ੍ਹਾ ਲੁਧਿਆਣਾ ਵਿਚ। ਆਪਣੇ ਪਿੰਡੋਂ ਥੋੜ੍ਹੀ ਦੂਰ ਨਹਿਰ-ਕੰਢੇ ਦੇ ਇਕ ਪਿੰਡ ਵਿਚ ਉਹਦਾ ਵਿਆਹ ਕਰ ਦਿੱਤਾ ਗਿਆ। ਉਹਨੀਂ ਦਿਨੀਂ ਕੁੜੀਆਂ ਨੂੰ ਪੜ੍ਹਾਇਆ ਜਾਣਾ ਆਮ ਸੀ ਤੇ ਉਹਦੇ ਜਿਹੀਆਂ ਬੀ.ਏ.-ਐਮ.ਏ. ਆਮ ਹੀ ਕਰ ਰਹੀਆਂ ਸਨ। ਪਰ ਉਹਨੂੰ ਇਕ ਦਿਨ ਵੀ ਸਕੂਲ ਨਹੀਂ ਭੇਜਿਆ ਗਿਆ ਤੇ ਵਿਆਹ ਕੇ ਗਲੋਂ ਲਾਹਿਆ ਗਿਆ। ਹੁਣ ਉਹ ਸਹੁਰੇ-ਘਰ ਜਾ ਕੇ ਗਾਈਆਂ-ਮੱਝਾਂ ਨੂੰ ਸਾਂਭਣ ਤੇ ਉਨ੍ਹਾਂ ਦਾ ਗੋਹਾ-ਕੂੜਾ ਕਰਦੇ ਰਹਿਣ ਜੋਗੀ ਰਹਿ ਗਈ ਸੀ। ਇਸ ਤੋਂ ਬਿਨਾਂ ਜਿਹੜਾ ਉਸ ਲਈ ਵਰ ਸਹੇੜਿਆ ਗਿਆ ਸੀ, ਸੀ ਤਾਂ ਉਹ ਬਹੁਤ ਸੁਹਣਾ ਤੇ ਗੋਰਾ ਅਤੇ ਲੰਮਾ-ਲੰਝਾ, ਪਰ ਸੀ ਉਹ ਉੱਕਾ ਹਲਵਾਹ, ਉਜੱਡ ਜਿਹਾ, ਅਨਪੜ੍ਹ। ਇਸ ਤੋਂ ਬਿਨਾਂ ਬੜੀ ਭੈੜੀ ਉਹਨੂੰ ਸ਼ਰਾਬ ਦੀ ਲਤ ਸੀ। ਦੇਸੀ, ਅੰਗਰੇਜ਼ੀ, ਘਰ ਦੀ ਕੱਢੀ, ਹਰ ਵੇਲੇ ਧੁੱਤ ਰਹਿੰਦਾ। ਘੱਟ ਜ਼ਮੀਨ ਹੋਣ ਕਾਰਨ ਟਰੱਕ ਚਲਾਉਂਦਾ ਹੁੰਦਾ ਸੀ ਤੇ ਕਈ-ਕਈ ਦਿਨ ਬਾਹਰ ਰਹਿੰਦਾ। ਤਨਖ਼ਾਹ ਸਾਰੀ ਬਾਹਰ ਦੀ ਬਾਹਰ ਸ਼ਰਾਬ ਦੇ ਲੇਖੇ ਲੱਗ ਜਾਂਦੀ।
ਕੰਵਲਜੀਤ ਨੂੰ ਇਹ ਜੋੜ ਪਸੰਦ ਨਹੀਂ ਸੀ ਆ ਰਿਹਾ। ਇਹ ਜੋੜ ਅਨਜੋੜ ਸੀ। ਉਮਰ ਪੱਖੋਂ ਨਹੀਂ, ਰਹਿਣ-ਸਹਿਣ ਤੇ ਆਦਤਾਂ ਪੱਖੋਂ। ਉਹ ਇਸ ਪਿੰਜਰੇ ਵਿਚੋਂ ਫੜਫੜਾ ਕੇ ਉੱਡਣਾ ਤੇ ਖੁੱਲ੍ਹੀ ਤੇ ਸੁਹਣੀ ਦੁਨੀਆਂ ਵਿਚ ਉਡਾਰੀਆਂ ਮਾਰਨਾ ਚਾਹੁੰਦੀ ਸੀ। ਨੇਤ ਨਾਲ ਛੇਤੀ ਹੀ ਉਹਦੀ ਮਨੋ-ਕਾਮਨਾ ਪੂਰੀ ਹੋਈ। ਉਹਦੇ ਇਕ ਪੁੱਤਰ ਸੀ ਜੋ ਡੇਢ-ਦੋ ਸਾਲ ਦਾ ਸੀ। ਹੁਣ ਉਹ ਦੋਵੇਂ ਮਾਂ-ਪੁੱਤਰ ਪ੍ਰੋ. ਕੇਵਲ ਸਿੰਘ ਕੋਲ ਚੰਡੀਗੜ੍ਹ ਆ ਕੇ ਰਹਿਣ ਲੱਗੇ।
ਸਨ ਤਾਂ ਉਹ ਨੂੰਹ-ਪਤਿਓ੍ਹਰਾ, ਪਰ ਛੇਤੀ ਹੀ ਉਹ ਪਤੀ-ਪਤਨੀ ਬਣਕੇ ਰਹਿਣ ਲੱਗ ਪਏ ਸਨ। ਪ੍ਰੋਫ਼ੈਸਰ ਦੇ ਪੁੱਤਰਾਂ ਦੀ, ਰਾਜੇ ਅਤੇ ਕੌਰ ਦੀ, ਲਗਦੀ ਤਾਂ ਉਹ ਭਾਬੀ ਸੀ; ਪਰ ਉਹ ਉਹਨੂੰ ਅਦਬ ਨਾਲ ਮੰਮੀ ਆਖਣ ਲੱਗ ਪਏ ਸਨ।
ਰਾਜੇ ਅਤੇ ਕੌਰ ਵਿਚ ਇਕ ਬੜੀ ਉਚਿਆਈ ਸੀ। ਉਹ ਆਪਣੇ ਪਿਤਾ ਦੀ ਖ਼ੁਸ਼ੀ ਵਿਚ ਵਿਘਨ ਨਹੀਂ ਸਨ ਪਾਉਂਦੇ ਕੋਈ। ਸਗੋਂ ਉਸਦੀ ਖ਼ੁਸ਼ੀ ਵਿਚ ਉਹ ਖ਼ੁਸ਼ੀ ਮਹਿਸੂਸ ਕਰਦੇ ਸਨ। ਜਿਵੇਂ ਕਦੇ ਭੀਸ਼ਮ ਪਿਤਾਮਾ ਨੇ ਆਪਣੇ ਪਿਤਾ ਸ਼ਾਂਤਨੂੰ ਦੀ ਖ਼ੁਸ਼ੀ ਵਿਚ ਖ਼ੁਸ਼ੀ ਹੀ ਚਾਹੀ ਸੀ। ਇਸ ਗੱਲੋਂ ਇਹ ਦੋਵੇਂ ਲੜਕੇ ਉੱਚ ਕਿਰਦਾਰ ਦੇ ਸਾਬਿਤ ਹੋਏ।
ਪ੍ਰੋ. ਕੇਵਲ ਸਿੰਘ ਵਿਚ ਇਕ ਸਿਫ਼ਤ ਬਹੁਤ ਦੇਖੀ। ਪਤੀ-ਪਤਨੀ ਹੁੰਦੇ ਹੋਏ ਵੀ ਆਪਣੀ ਪਤਨੀ ਨੂੰ ਲੰਮਾ ਸਮਾਂ ਉਹ ‘ਕੁੜੇ’ ਹੀ ਆਖਦਾ ਰਿਹਾ ਸੀ। ਕਿਉਂਕਿ ਲੋਕਾਂ ਦੀਆਂ ਨਜ਼ਰਾਂ ਵਿਚ ਉਹ ਉਹਦੀ ਭਤੀਜ-ਨੂੰਹ ਹੀ ਸੀ ਜੋ ਧੀਆਂ ਵਰਗੀ ਹੁੰਦੀ ਹੈ, ਪਰ ਧੀਆਂ ਵਰਗੀ ਨਹੀਂ ਸੀ ਤੇ ਪਤਨੀ ਹੀ ਬਣ ਚੁੱਕੀ ਸੀ ਤੇ ਉਸਨੂੰ ਜਦੋਂ ਵੀ ਆਖਣਾ, ਧੀਆਂ ਵਾਂਗੂੰ ‘ਕੁੜੇ’ ਆਖਣਾ ਸੌਖੀ ਗੱਲ ਨਹੀਂ ਸੀ, ਬੜਾ ਹੀ ਔਖਾ ਹੁਨਰ ਸੀ। ਨਹੀਂ ਤਾਂ ਬੰਦਾ ਕਦੇ ਨਾ ਕਦੇ ਤਾਂ ਟਪਲਾ ਖਾ ਹੀ ਜਾਂਦਾ ਹੈ। ਇਹ ‘ਕੁੜੇ’ ਬਾਕਾਇਦਗੀ ਨਾਲ ਉਹ ਤਦ ਤਕ ਆਖਦਾ ਰਿਹਾ ਸੀ, ਜਦ ਤਕ ਉਸ ਬਾਕਾਇਦਾ ਉਸ ਨਾਲ ਵਿਆਹ ਨਹੀਂ ਕਰਵਾਇਆ ਸੀ। ਵਿਆਹ ਕਰਵਾਉਣ ਤੋਂ ਮਗਰੋਂ ਉਹਨੇ ‘ਕੁੜੇ’ ਆਖਣਾ ਬੰਦ ਕਰ ਦਿੱਤਾ। ਹੁਣ ਉਹ ਉਸ ਲਈ ਕੰਵਲਜੀਤ, ਕੰਵਲ ਜਾਂ ਡਾਰਲਿੰਗ ਹੁੰਦੀ।
ਵਿਆਹ ਕਰਵਾਉਣ ਲਈ ਕੁਝ ਕੁ ਵਰ੍ਹੇ ਇਸ ਲਈ ਲੱਗ ਗਏ ਸਨ ਕਿ ਪਹਿਲੇ ਵਿਆਹ ਦਾ ਅਜੇ ਤਕ ਤਲਾਕ ਨਹੀਂ ਹੋ ਸਕਿਆ ਸੀ। ਇਹ ਤਲਾਕ ਹੋਇਆ ਤਾਂ ਝੱਟ ਵਿਆਹ ਕਰ ਲਿਆ ਗਿਆ। ਵਿਆਹ ਸੰਗਰੂਰ ਜਾ ਕੇ ਇਕ ਦੋਸਤ ਦੇ ਰਾਹੀਂ ਕੀਤਾ ਸੀ। ਚੰਡੀਗੜ੍ਹ ਵਿਚ ਲੋਕਾਂ ਲਈ ਤਮਾਸ਼ਾ ਜਿਹਾ ਬਣ ਜਾਣਾ ਸੀ। ‘ਅੱਛਾ! ਅਜੇ ਵਿਆਹ ਹੋਇਆ ਨਹੀਂ ਸੀ? ਏਨਾ ਚਿਰ ਬਿਨਾਂ ਵਿਆਹ ਹੀ ਕੰਮ ਚੱਲਦਾ ਰਿਹਾ ਸੀ?’
ਹੁਣ ਉਹ ਖੁੱਲ੍ਹੇ ਆਕਾਸ਼ ਹੇਠ, ਸਿਤਾਰਿਆਂ ਦੇ ਥੱਲੇ, ਬੇਧੜਕ ਹੋ ਕੇ ਸੌਂ ਸਕਦੇ ਸਨ। ਐਸੀ ਦੀ ਤੈਸੀ ਸਮਾਜ ਦੀ। ਸਾਲੇ ਰਿਸ਼ਤੇ ਘੜਨ ਦੇ। ਇਹ ਨੂੰਹ ਹੈ, ਇਹ ਭਤੀਜ-ਨੂੰਹ। ਸਾਲਿਓ! ਇਕ ਮਰਦ ਹੈ, ਇਕ ਔਰਤ ਹੈ, ਰਿਸ਼ਤੇ ਕਿਥੋਂ ਆ ਗਏ ਏਥੇ? ਬ੍ਰਹਮਾ ਦੀ ਕਹਾਣੀ ਦੱਸੋ! ਅਖੇ ਜੀ ਖੱਬੀ ਬਾਂਹ ਵਿਚੋਂ ਵਾਮਾ ਨੇ ਜਨਮ ਲਿਆ ਸੀ। ਪੁੱਤਰੀ ਸੀ ਇਹ ਬ੍ਰਹਮਾ ਦੀ ਸਰਸਵਤੀ, ਸੰਧਿਆ, ਸਤਰੂਪਾ ਨਾਵਾਂ ਵਾਲੀ। ਕੀ ਇਹ, ਠੀਕ, ਪੁੱਤਰੀ ਹੀ ਸੀ? ਮਤਲਬ ਹੈ, ਕੀ ਉਹਨੇ ਪੁੱਤਰੀ ਬਣਾ ਕੇ ਹੀ ਰੱਖੀ ਸੀ ਉਹ? ਅਖੇ ਜੀ ਬ੍ਰਹਮਾ ਜੀ ਨੇ ਸੰਸਾਰ ਦੀ ਸਿਰਜਣਾ ਕਰਨੀ ਸੀ। ਰਿਸ਼ਤੇ ਕਿੱਥੇ ਗਏ ਫੇਰ? ਸਾਫ਼ ਕਹੋ ਕਿ ਰਿਸ਼ਤਾ ਸਿਰਫ਼ ਮਰਦ ਅਤੇ ਔਰਤ ਦਾ ਹੈ। ਇਹ ਰਿਸ਼ਤਿਆਂ ਦਾ ਰਿਸ਼ਤਾ ਹੈ। ਨਹੀਂ ਤਾਂ ਰਿਸ਼ਤੇ ਚਿੱਟੇ ਦਿਨ ਰੋਜ਼ ਹੀ ਟੁੱਟ ਰਹੇ ਹਨ। ਧੀਆਂ ਨਾਲ ਬਲਾਤਕਾਰ। ਆਪਣੀਆਂ ਸਕੀਆਂ ਧੀਆਂ ਨਾਲ।
ਨਿਰਸੰਦੇਹ, ਇਕ ਗੱਲੋਂ ਪ੍ਰੋ. ਕੇਵਲ ਸਿੰਘ ਦੀ ਬੜੀ ਹੀ ਖ਼ੁਸ਼ਕਿਸਮਤੀ ਸੀ। ਉਹਦੇ ਦੋ ਵਿਆਹ ਹੋਏ, ਦੋਵੇਂ ਪ੍ਰੇਮ-ਵਿਆਹ ਹੋਏ। ਪ੍ਰੋਫ਼ੈਸਰ ਜਦੋਂ ਆਪਣੇ ਪਿੰਡ ਜਾਂਦਾ ਹੁੰਦਾ ਸੀ, ਕੰਵਲਜੀਤ ਦੇ ਉਸ ਦੇ ਪਿੰਡ ਵਿਆਹੀ ਜਾਣ ਤੋਂ ਕੁਝ ਕੁ ਮਗਰੋਂ, ਕੰਵਲਜੀਤ ਤੇ ਉਹਦੇ ਵਿਚ ਕੁਝ ਆਪਸੀ ਜਿਹੀ ਸਮਝਦਾਰੀ ਤੇ ਸਹਿਮਤੀ ਪੈਦਾ ਹੋ ਗਈ ਸੀ। ਪ੍ਰੋ. ਕੇਵਲ ਸਿੰਘ ਪੜ੍ਹਿਆ-ਲਿਖਿਆ ਤਾਂ ਸੀ ਹੀ ਕਾਫ਼ੀ, ਸਮਾਰਟ ਵੀ ਉਹ ਬਹੁਤ ਸੀ। ਕੰਵਲਜੀਤ ਨੂੰ ਉਦੋਂ ਹੀ ਉਹ ਮਾਡਲ ਵਾਂਗੂੰ ਲੱਗਾ ਸੀ ਕਿ ਉਹਨੂੰ ਤਾਂ ਪ੍ਰੋਫ਼ੈਸਰ ਵਰਗਾ ਬੰਦਾ ਮਿਲਣਾ ਚਾਹੀਦਾ ਸੀ। ਭਾਵੇਂ ਉਹ ਉਮਰ ਵਿਚ ਵੱਡਾ ਸੀ, ਪਰ ਵੱਡਾ ਜਾਪਦਾ ਨਹੀਂ ਸੀ। ਸ਼ਖ਼ਸੀਅਤ ਹੀ ਅਜਿਹੀ ਸੀ। ਵੱਡੀ ਉਮਰ ਸ਼ਖ਼ਸੀਅਤ ਦੇ ਜਲੌਅ ਉਹਲੇ ਹੋ ਜਾਂਦੀ ਸੀ।
ਪ੍ਰੋ. ਕੇਵਲ ਸਿੰਘ ਦੇ ਮਾਂ-ਬਾਪ ਤੇ ਰਿਸ਼ਤੇਦਾਰ ਇਨ੍ਹਾਂ ਪ੍ਰ੍ਰੇਮ-ਵਿਆਹਾਂ ਕਾਰਨ ਉਸ ਨਾਲ ਖ਼ੁਸ਼ ਨਹੀਂ ਸਨ। ਪਹਿਲੀ ਪਤਨੀ ਅਖਾਉਤੀ ਨੀਵੀਂ ਦਲਿਤ ਜ਼ਾਤੀ ਵਿਚੋਂ ਸੀ, ਇਹ ਦੂਜੀ ਸੀ ਭਤੀਜ-ਨੂੰਹ। ਸੋ ਉਨ੍ਹਾਂ ਪ੍ਰੋ. ਕੇਵਲ ਸਿੰਘ ਦਾ ਬਾਈਕਾਟ ਹੀ ਕੀਤੀ ਰੱਖਿਆ। ਪਿਤਾ ਨੇ ਤਾਂ ਆਪਣੇ ਪੁੱਤਰ ਨੂੰ ਇਸ ਕਾਰਨ ਜਾਇਦਾਦ ਤੋਂ ਹੀ ਬੇਦਖ਼ਲ ਕਰ ਦਿੱਤਾ ਸੀ। ਭਾਵੇਂ ਉਹ ਗੁਰੂਆਂ ਦੇ ਸਿੱਖ ਸਨ ਜੋ ਜ਼ਾਤ-ਪਾਤ ਦੀ ਸੰਸਥਾ ਦੇ ਉੱਕਾ ਹੀ ਵਿਰੋਧੀ ਸਨ, ਪਰ ਗੁਰੂਆਂ ਦੀਆਂ ਸਿੱØਖਿਆਵਾਂ ਉਨ੍ਹਾਂ ਦੇ ਨੇੜੇ ਨਹੀਂ ਆ ਰਹੀਆਂ ਸਨ। ਇਹ ਗੁਰੂ ਗ੍ਰੰਥ ਸਾਹਿਬ ਤਕ ਹੀ ਸੀਮਤ ਹੋ ਕੇ ਰਹਿ ਗਈਆਂ ਸਨ।
ਪਹਿਲੀ ਪਤਨੀ ਬੜੀ ਖ਼ੁਸ਼-ਤਬੀਅਤ ਅਤੇ ਮਨ-ਮੋਹਣੀ ਸੀ। ਰੰਗ ਤਾਂ ਉਸਦਾ ਆਮ ਸੀ, ਥੋੜ੍ਹਾ ਜਿਹਾ ਪਕਿਆਈ ਉਤੇ, ਪਰ ਨੈਣ-ਨਕਸ਼ ਤਿੱਖੇ ਅਤੇ ਖਿੱਚਾਂ ਨਾਲ ਭਰਪੂਰ ਸਨ। ਉਹ ਪ੍ਰੋ. ਕੇਵਲ ਸਿੰਘ ਦੀ ਕਾਲਜ ਵਿਚ ਵਿਦਿਆਰਥਣ ਸੀ। ਆਪਸ ਵਿਚ ਪਿਆਰ ਹੋਇਆ। ਸੰਝਾਂ ਵੇਲੇ ਝੀਲ ਉਤੇ ਘੁੰਮਣ-ਫਿਰਨ ਜਾਣ ਲੱਗੇ। ਕਾਲਜ ਵਿਚ ਗੱਲ ਫੈਲੀ। ਪ੍ਰਿੰਸੀਪਲ ਨੂੰ ਪਤਾ ਲੱਗਾ ਤੇ ਪ੍ਰੋਫ਼ੈਸਰ ਨੂੰ ਤਲਬ ਕੀਤਾ : ”ਪ੍ਰੋਫ਼ੈਸਰ ਸਾਹਿਬ, ਇਹ ਕੀ ਗੱਲਾਂ ਹੋ ਰਹੀਆਂ ਨੇ?’’ ਪ੍ਰੋਫ਼ੈਸਰ ਦਾ ਉੱਤਰ ਸੀ : ”ਠੀਕ ਨੇ ਜੀ ਸਾਰੀਆਂ ਗੱਲਾਂ।’’ ਪ੍ਰਿੰਸੀਪਲ ਫੁਕਰਾ ਸੀ। ਝੱਟ ਚਾਂਭਲ ਕੇ ਬੋਲਿਆ : ”ਫੇਰ ਸਾਡਾ ਹਿੱਸਾ?’’ ਪ੍ਰੋ. ਕੇਵਲ ਸਿੰਘ ਗੰਭੀਰਤਾ ਨਾਲ ਬੋਲਿਆ : ”ਪ੍ਰਿੰਸੀਪਲ ਸਾਹਿਬ, ਸਾਡੇ ਵਿਚ ਪਿਆਰ ਹੈ। ਸਾਡਾ ਵਿਆਹ ਹੋ ਰਿਹਾ ਹੈ, ਅਗਲੇ ਹਫ਼ਤੇ।’’
ਪ੍ਰੋ. ਕੇਵਲ ਸਿੰਘ ਦੀ ਇਕੋ-ਇਕ ਭੈਣ ਸੀ, ਵੱਡੀ। ਪਰ ਉਹ ਆਪਣੇ ਭਰਾ ਨਾਲ ਸਦਾ ਨਾਰਾਜ਼ ਰਹਿੰਦੀ ਸੀ। ਨਾਰਾਜ਼ਗੀ ਤਾਂ ਬਹੁਤੀ ਉਹਦੇ ਪ੍ਰੇਮ-ਵਿਆਹਾਂ ਕਾਰਨ ਸੀ, ਪਰ ਆਖਦੀ ਉਹ ਇਹ ਰਹਿੰਦੀ : ਆਉਂਦਾ ਨਈਂ, ਮਿਲਦਾ ਨਈਂ, ਨਮੋਹਰਾ ਏ, ਪੁੱਛਦਾ ਨਈਂ। ਪਰ ਇਕ ਦਿਨ ਉਹ ਅੱਭੜਵਾਹੇ ਹੋਰ ਹੀ ਕੁਝ ਬੋਲ ਪਈ : ”ਆਪ ਤਾਂ ਦੋ-ਦੋ ਲਵ-ਮੈਰਿਜਾਂ ਕਰਵਾਈਆਂ ਨੇ, ਮੇਰੀ ਇਕ, ਉਹ ਵੀ ਸੋਸ਼ਿਲ। ਮੇਰੀ ਲਵ-ਮੈਰਿਜ ਕਿੱਧਰ ਗਈ?’’
ਪ੍ਰੋਫ਼ੈਸਰ ਇਸ ਗੱਲ ਦਾ ਕੀ ਜਵਾਬ ਦੇ ਸਕਦਾ ਸੀ? ਉਹ ਇਹ ਨਹੀਂ ਸੀ ਜਾਣਦੀ ਕਿ ਲਵ-ਮੈਰਿਜ ਕਿਸੇ ਦੀ ਕੋਈ ਹੋਰ ਨਹੀਂ ਕਰਵਾਉਂਦਾ ਹੁੰਦਾ। ਇਹ ਲਵ ਕਰਨ ਵਾਲਿਆਂ ਨੂੰ ਆਪ ਹੀ ਕਰਨੀ ਪੈਂਦੀ ਹੈ।
‘ਅੱਠ, ਦਸ, ਬਾਰਾਂ, ਚੌਦਾਂ, ਪੰਦਰਾਂ ਵਰ੍ਹੇ ਬੀਤ ਗਏ।
ਕੰਵਲਜੀਤ ਨੂੰ ਕਿਸੇ ਗੁਆਂਢਣ ਨੇ ਇਕ ਗੱਲ ਆਖ ਦਿੱਤੀ ਜਿਹੜੀ ਉਹਦੇ ਘਰ-ਪਰਵਾਰ ਦੀ ਸਾਰੀ ਹਾਲਤ ਨੂੰ ਜਾਣਦੀ ਸੀ। ”ਕੰਵਲਜੀਤ! ਗੱਲ ਸੁਣ, ਇਕ ਗੱਲ ਮੈਂ ਕਹਿਨੀ ਆਂ ਤੈਨੂੰ। ਤੇਰੀ ਤੇ ਪ੍ਰੋਫ਼ੈਸਰ ਦੀ ਉਮਰ ਲਗਭਗ ਅੱਧੋ-ਅੱਧੀ ਐ। ਤੂੰ ਜਵਾਨ ਏਂ ਸੁਖ ਨਾਲ, ਪ੍ਰੋਫ਼ੈਸਰ ਢਲਣ ਲੱਗ ਪਿਆ ਏ। ਵਾਹਿਗੁਰੂ ਨਾ ਕਰੇ, ਕਲ੍ਹ ਨੂੰ ਉਹ ਨਾ ਰਹੇ ਤਾਂ ਤੇਰਾ ਕੀ ਠਕਾਣਾ ਏਂ? ਤੈਨੂੰ ਝੱਟ ਉਹਦੇ ਮੁੰਡੇ ਘਰੋਂ ਬਾਹਰ ਕਰ ਦੇਣਗੇ। ਦੱਸ, ਕਿੱਧਰ ਜਾਵੇਂਗੀ? ਤੂੰ ਅਤੇ ਤੇਰਾ ਮੁੰਡਾ ਦੋਵੇਂ ਰੁਲਦੇ ਫਿਰੋਂਗੇ। ਘੱਟੋ-ਘੱਟ ਮਕਾਨ ਵਿਚੋਂ ਤਾਂ ਆਪਣਾ ਹਿੱਸਾ ਨਾਂਅ ਕਰਵਾ! ਕੋਠੀ ਮੰਗ। ਅੱਧੀ ਕੋਠੀ। ਘੱਟੋ-ਘੱਟ ਅੱਧੀ ਕੋਠੀ ਤੇਰੇ ਨਾਂਅ ਹੋਣੀ ਚਾਹੀਦੀ ਐ। ਕਿਥੇ ਰਹੂਗਾ ਤੇਰਾ ਮੁੰਡਾ?’’
ਇਹ ਗੱਲ ਕੰਵਲਜੀਤ ਦੇ ਦਿਲ ਉਤੇ ਬੈਠ ਗਈ। ਉਹਨੂੰ ਜਿਵੇਂ ਧੱਕਾ ਲੱਗਾ। ਸੱਚ-ਮੁੱਚ ਪ੍ਰੋਫ਼ੈਸਰ ਉਹਨੂੰ ਕਾਫ਼ੀ ਬੁੱਢਾ ਨਜ਼ਰ ਆਇਆ। ਪ੍ਰੋਫ਼ੈਸਰ ਦਾੜ੍ਹੀ ਰੰਗਦਾ ਸੀ, ਜਿਸ ਨਾਲ ਉਹ ਸਦਾ ਹੀ ਜਵਾਨ ਦਿਸਦਾ ਰਹਿੰਦਾ ਸੀ। ਪਰ ਹੁਣ ਉਹਨੂੰ ਡਾਈ ਪਿੱਛੇ ਧੌਲੇ ਨਜ਼ਰ ਆਉਣ ਲੱਗੇ। ਚਿਹਰੇ ਉਤੇ ਉਮਰ ਦੀਆਂ ਰੇਖਾਵਾਂ ਵੀ ਦਿਸ ਰਹੀਆਂ ਸਨ।
ਮੋਹਾਲੀ ਵਿਚ ਪ੍ਰੋਫ਼ੈਸਰ ਦੀ ਦਸ ਮਰਲਾ ਕੋਠੀ ਸੀ ਜੋ ਪੂਰੀ ਢਾਈ ਮੰਜ਼ਲਾਂ ਮੁਕੰਮਲ ਬਣੀ ਹੋਈ ਸੀ। ਚੰਡੀਗੜ੍ਹ ਦੀ ਥਾਂ ਹੁਣ, ਰਿਟਾਇਰ ਹੋਣ ਮਗਰੋਂ ਉਹ, ਮੋਹਾਲੀ ਆਪਣੀ ਕੋਠੀ ਵਿਚ ਆ ਕੇ ਰਹਿਣ ਲੱਗ ਪਏ ਸਨ। ਸਰਕਾਰੀ ਕਾਲਜ ਵਿਚ ਹੋਣ ਕਰਕੇ ਚੰਡੀਗੜ੍ਹ ਸਰਕਾਰੀ ਕੁਆਰਟਰ ਸੀ ਜੋ ਛੱਡਣਾ ਪੈ ਗਿਆ ਸੀ। ਪਹਿਲਾਂ ਕੁਝ ਕਿਰਾਏਦਾਰ ਕੋਠੀ ਵਿਚ ਰਹਿ ਰਹੇ ਸਨ। ਕਿਰਾਏਦਾਰਾਂ ਤੋਂ ਕੋਠੀ ਛੇਤੀ ਵਿਹਲੀ ਕਰਵਾ ਲਈ ਗਈ ਸੀ।
ਕੰਵਲਜੀਤ ਨੇ ਜਿਸ ਵੇਲੇ ਕੋਠੀ ਨਾਂਅ ਕਰਵਾਉਣ ਲਈ ਪ੍ਰੋਫ਼ੈਸਰ ਨਾਲ ਗੱਲ ਕੀਤੀ ਤਾਂ ਘਰ ਵਿਚ ਝਗੜਾ ਹੋਣ ਲੱਗਾ। ”ਕੋਠੀ ਨਾਂਅ ਕਰਵਾ ਦਿਆਂ? ਕੀ ਮਤਲਬ? ਕਾਹਦੇ ਲਈ? ਪਤੀ-ਪਤਨੀ ਵਿਚ ਵੀ ਕੋਈ ਵੰਡ-ਵੰਡਾਈ ਹੁੰਦੀ ਐ? ਜਿਵੇਂ ਮੈਂ ਮਾਲਿਕ ਆਂ, ਉਵੇਂ ਤੂੰ ਮਾਲਿਕ ਏਂ?’’
”ਨਹੀਂ, ਮੈਂ ਮਾਲਿਕ ਨਹੀਂ, ਤੇਰੇ ਮੁੰਡੇ ਮਾਲਕ ਨੇ। ਤੇਰੇ ਮੁੰਡੇ ਹੋਰ ਨੇ, ਮੇਰਾ ਮੁੰਡਾ ਹੋਰ ਏ। ਮੇਰਾ ਮੁੰਡਾ ਮੇਰੇ ਮਗਰ ਲੱਗ ਕੇ ਆਇਆ ਹੋਇਆ ਏ। ਇਹਦੀ ਹਾਲਤ ਕਿਸੇ ਤਰ੍ਹਾਂ ਵੀ ਤੇਰੇ ਮੁੰਡਿਆਂ ਵਰਗੀ ਨਹੀਂ। ਇਹਦੀ ਮੈਂ ਹਾਂ ਸਾਰਾ ਕੁਝ। ਮੈਂ ਹੀ ਇਹਦੀ ਰਖਵਾਲੀ ਆਂ।’’
”ਨਹੀਂ, ਇਹ ਗ਼ਲਤ ਐ। ਕੀ ਕਦੇ ਮੁੰਡੇ ਨਾਲ ਮੈਂ ਕੋਈ ਦ੍ਵੈਤ ਵਰਤੀ ਐ? ਤੇਰੇ ਨਾਲੋਂ ਵੱਧ ਮੈਂ ਇਹਨੂੰ ਪਿਆਰ ਨਾਲ ਰੱਖਦਾ ਰਿਹਾ ਹਾਂ।’’
ਗੱਲ ਇਹ ਬਹੁਤ ਠੀਕ ਸੀ। ਪ੍ਰੋ. ਕੇਵਲ ਸਿੰਘ ਨੇ, ਠੀਕ, ਮੁੰਡੇ ਦੀ ਪਰਵਰਿਸ਼ ਬੜੇ ਮੋਹ ਤੇ ਹਿਤ ਨਾਲ ਕੀਤੀ ਸੀ। ਭਾਵੇਂ ਇਸ ਮੋਹ ਤੇ ਹਿਤ ਦੇ ਪਿੱਛੇ ਲੁਕਿਆ ਅਸਲੀ ਕਾਰਨ ਪਰੀਆਂ ਵਰਗੀ ਕੰਵਲਜੀਤ ਦਾ ਹੁਸਨ ਅਤੇ ਜਵਾਨੀ ਹੀ ਸੀ।
”ਹੁਣ ਪਿਆਰ ਫੇਰ ਕਿਥੇ ਗਿਆ? ਕੋਠੀ ਨਾਂਅ ਲੁਆਣ ਵੇਲੇ?’’
”ਕੋਠੀ ਨਹੀਂ ਮੈਂ ਨਾਂਅ ਲੁਆਣੀ। ਬਿਲਕੁਲ। ਉੱਕਾ ਹੀ।’’
ਕੰਵਲਜੀਤ ਨੂੰ ਉਹੋ ਜਿਹਾ ਇਕ ਧੱਕਾ ਹੋਰ ਲੱਗਾ। ਉਹਦਾ ਮਨ ਹਿੱਲ ਗਿਆ। ਉਹ ਪਰਲ-ਪਰਲ ਰੋਣ ਲੱਗੀ। ਇਹ ਮਾਨਸਿਕ ਧੱਕਾ ਸੀ। ਹਲਕਾ ਜਿਹਾ ਡਿਪਰੈਸ਼ਨ। ਪੀ.ਜੀ.ਆਈ. ਦੇ ਮਨੋਰੋਗ ਵਿਭਾਗ ਵਿਚ ਜਾਣਾ ਪਿਆ। ਗੋਲੀਆਂ ਖਾਣ ਲੱਗ ਪਈ। ਹੌਲ-ਹੌਲ ਕੇ ਰੋਂਦੀ ਰਹਿੰਦੀ।
ਇਕ ਦਿਨ ਉਨ੍ਹਾਂ ਦੋਹਾਂ ਨੇ ਆਪਣੇ ਇਕ ਸਾਂਝੇ ਹਿਤੂ ਮਹੀਂਪਾਲ ਨਾਲ ਗੱਲ ਕੀਤੀ। ਦਲਜੀਤ ਸਿੰਘ ਮਹੀਂਪਾਲ ਪ੍ਰੋ. ਕੇਵਲ ਸਿੰਘ ਦਾ ਉਸਦੀ ਪਹਿਲੀ ਪਤਨੀ ਦੇ ਸਮੇਂ ਦਾ ਮਿੱਤਰ ਚਲਿਆ ਆਉਂਦਾ ਸੀ। ਉਸਦੀ ਮਿੱਤਰਤਾਈ ਵਿਚ ਹੀ ਪਹਿਲੀ ਪਤਨੀ ਗੁਜ਼ਰੀ ਤੇ ਕੰਵਲਜੀਤ ਆ ਗਈ ਸੀ ਜੋ ਉਹਨੂੰ ਬੜੀ ਸਮਾਰਟ ਅਤੇ ਪੜ੍ਹੀ-ਲਿਖੀ ਲੱਗੀ ਸੀ ਜੋ ਘੱਟੋ-ਘੱਟ ਗਰੈਜੂਏਟ ਤਾਂ ਉਹਨੂੰ ਜਾਪ ਹੀ ਰਹੀ ਸੀ। ਜਦੋਂ ਪਤਾ ਲੱਗਾ ਕਿ ਉਹ ਤਾਂ ਉੱਕਾ ਅਨਪੜ੍ਹ ਹੈ ਤੇ ਮਾੜੀ-ਮੋਟੀ ਗੁਰਮੁਖੀ ਹੀ ਪੜ੍ਹ ਲਿਖ ਸਕਦੀ ਹੈ ਤਾਂ ਉਹਨੂੰ ਬਹੁਤ ਹੈਰਾਨੀ ਹੋਈ। ਕਿਉਂਕਿ ਉਹਨੂੰ ਉਹ ਸੁਹਣੀ ਤੋਂ ਬਿਨਾਂ ਕਾਫ਼ੀ ਪੜ੍ਹੀ-ਲਿਖੀ ਅਤੇ ਕਲਚਰਡ ਵੀ ਨਜ਼ਰ ਆਈ ਸੀ ਜੋ ਅੱਜ-ਕੱਲ੍ਹ ਦੀਆਂ ਮਾਡਰਨ ਔਰਤਾਂ ਵਾਂਗੂੰ ਕਾਰ ਵੀ ਚਲਾਉਂਦੀ ਸੀ। ਫ਼ੋਨ ਉਤੇ ਪ੍ਰੋ. ਕੇਵਲ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਇਕ ਸਮੱਸਿਆ ਹੈ, ਜਿਸਨੂੰ ਮਹੀਂਪਾਲ ਹੋਰੀਂ ਹੀ ਹੱਲ ਕਰਵਾ ਸਕਦੇ ਹਨ। ਦੋਵੇਂ ਆ ਕੇ ਬੈਠੇ ਤਾਂ ਮਹੀਂਪਾਲ ਨੇ ਪ੍ਰਸ਼ਨ ਕੀਤਾ :
”ਹਾਂ, ਕੀ ਸਮੱਸਿਆ ਏ?’’ ਉਹਨੇ ਪ੍ਰੋਫ਼ੈਸਰ ਵੱਲ ਸੰਬੋਧਨ ਹੁੰਦੇ ਆਖਿਆ।
”ਕੰਵਲਜੀਤ ਚਾਹੁੰਦੀ ਐ ਕਹਿਣਾ ਕੁਝ। ਦੱਸ ਕੰਵਲਜੀਤ! ਤੂੰ ਹੀ ਕਰ ਗੱਲ!’’
ਕੰਵਲਜੀਤ ਪਰਲ-ਪਰਲ ਅੱਥਰੂ ਕੇਰਨ ਲੱਗ ਪਈ। ਫੇਰ ਬੋਲੀ : ”ਇਹਨੇ ਮੇਰੇ ਨਾਲ ਧੋਖਾ ਕੀਤਾ। ਆਹ, ਜਿਹੜਾ ਬੈਠਾ ਏ,’’ ਉਹਨੇ ਪ੍ਰੋਫ਼ੈਸਰ ਵੱਲ ਸੈਨਤ ਕੀਤੀ, ”ਕੁੱਤਾ! ਹਰਾਮੀ!’’
‘ਹੈਂ! ਇਹ ਕੀ?’ ਮਹੀਂਪਾਲ ਹੈਰਾਨ ਹੋਇਆ। ‘ਇਸ ਤਰ੍ਹਾਂ ਦੇ ਬੋਲ?’ ਪਰ ਉਹਨੇ ਕੰਵਲਜੀਤ ਨੂੰ ਕਿਹਾ, ”ਕੰਵਲਜੀਤ! ਇਉਂ ਨਾ ਬੋਲ। ਧੀਰਜ ਕਰ। ਹੌਲੀ ਬੋਲ। ਕੰਵਲਜੀਤ! ਤੁਹਾਡੇ ਵਿਚ ਤਾਂ ਬਹੁਤ ਪਿਆਰ ਹੁੰਦਾ ਸੀ?’’
”ਹੁੰਦਾ ਸੀ, ਪਰ ਹੁਣ ਨਹੀਂ।’’ ਉਹ ਉਸੇ ਤਰ੍ਹਾਂ ਰੋ ਰਹੀ ਸੀ।
ਪ੍ਰੋਫ਼ੈਸਰ ਚੁੱਪ ਸੀ।
”ਕੰਵਲਜੀਤ! ਰੋ ਨਾ ਬੀਬੀ। ਆਖ਼ਿਰ ਗੱਲ ਤਾਂ ਦੱਸ ਮੈਨੂੰ, ਕੀ ਹੋਈ।’’
”ਗੱਲ ਏਸੇ ਨੂੰ ਪੁੱਛੋ ਜਿਹੜਾ ਮੀਸਣਾ ਬਣੀਂ ਬੈਠਾ ਏ।’’
ਪ੍ਰੋ. ਕੇਵਲ ਸਿੰਘ ਨੇ ਮਹੀਂਪਾਲ ਨੂੰ ਕੋਠੀ ਵਾਲੀ ਸਾਰੀ ਗੱਲ ਦੱਸ ਦਿੱਤੀ।
ਕੰਵਲਜੀਤ ਬੋਲੀ :
”ਨਾ ਮੈਨੂੰ ਖ਼ਰਚ ਕਰਨ ਲਈ ਕੋਈ ਪੈਸਾ ਮਿਲਦਾ ਏ। ਸਾਰੀ ਦੀ ਸਾਰੀ ਪੈਨਸ਼ਨ ਆਪਣੀ ਜੇਬ ਵਿਚ ਪਾ ਕੇ ਰੱਖਦਾ ਏ। ਇਹ ਜਾਣੇ, ਇਹਦੇ ਮੁੰਡੇ ਜਾਨਣ।’’
”ਪੈਨਸ਼ਨ ਬੈਂਕ ਵਿਚ ਜਾਂਦੀ ਐ। ਜਿੰਨੀ ਲੋੜ ਹੁੰਦੀ ਐ, ਖ਼ਰਚ ਕਢਵਾ ਲਈਦਾ ਏ।’’
”ਮੈਨੂੰ ਵੀ ਤਾਂ ਚਾਹੀਦੈ ਖ਼ਰਚ ਲਈ, ਵੱਖ ਕੁਝ।’’
”ਦੱਸ, ਤੈਨੂੰ ਕੀ ਚਾਹੀਦੈ, ਮਹੀਂਪਾਲ ਜੀ ਬੈਠੇ ਨੇ, ਮੇਰੇ ਲਈ ਪਿਤਾ-ਸਮਾਨ ਨੇ ਇਹ। ਜਿੰਨੇ ਇਹ ਆਖਣਗੇ, ਮੈਂ ਉਨੇ ਹੀ ਦੇ ਦਿਆਂਗਾ।’’
”ਘੱਟੋ-ਘੱਟ ਹਜ਼ਾਰ ਰੁਪਿਆ ਮੈਨੂੰ ਮਿਲਣਾ ਚਾਹੀਦੈ, ਮਹੀਨੇ ਦਾ, ਜਿਹੜਾ ਸਿਰਫ਼ ਮੇਰਾ ਹੋਵੇ। ਮੇਰੇ ਵੀ ਤਾਂ ਖ਼ਰਚ ਨੇ!’’
”ਕੰਵਲਜੀਤ,’’ ਮਹੀਂਪਾਲ ਨੇ ਦਖ਼ਲ ਦਿੱਤਾ, ”ਇਹ ਗੱਲ… ਮੈਨੂੰ ਕੁਝ… ਸਮਝ ਨਹੀਂ ਆ ਰਹੀ। ਤੂੰ ਇਹਦੀ ਪਤਨੀ ਏਂ, ਰਖੇਲ ਨਹੀਂ। ਸਭ ਕਾਸੇ ਦੀ ਮਾਲਿਕ ਐਂ ਤੂੰ! ਇਉਂ ਬੰਨ੍ਹਵੇਂ ਖ਼ਰਚ ਤਾਂ ਕਿਸੇ ਰਖੇਲ ਦੇ ਹੁੰਦੇ ਨੇ?’’
”ਅੰਕਲ, ਮੈਂ ਰਖੇਲ ਈ ਆਂ। ਤੁਸੀਂ ਨਹੀਂ ਜਾਣਦੇ। ਜੇ ਮੈਂ ਪਤਨੀ ਹੁੰਦੀ ਤਾਂ ਕੋਠੀ ਮੇਰੇ ਨਾਂਅ ਲੁਆਣ ਵਿਚ ਇਹਨੂੰ ਕੀ ਇਨਕਾਰ ਹੁੰਦਾ? ਫੇਰ ਤਾਂ ਮੈਂ ਆਪਣੇ ਆਪ ਹੀ ਕੋਠੀ ਦੀ ਮਾਲਿਕ ਹੋਣਾ ਸੀ? ਹੁਣ ਮੈਂ ਮਾਲਿਕ ਨਹੀਂ ਆਂ। ਕਿਉਂਕਿ ਮੈਂ ਰਖੇਲ ਆਂ।’’
”ਕੰਵਲਜੀਤ, ਇਉਂ ਨਾ ਆਖ। ਇਹ ਗੱਲ ਨਹੀਂ ਸ਼ੋਭਦੀ। ਮੈਨੂੰ ਤੁਹਾਡਾ ਇਹ ਝਗੜਾ ਦੇਖ ਕੇ ਬਹੁਤ ਦੁੱਖ ਹੋ ਰਿਹਾ ਏ। ਮੈਂ ਤੁਹਾਡਾ ਵੈਲਵਿੱਸ਼ਰ ਆਂ। ਦੋਹਾਂ ਦਾ ਹੀ ਇਕੋ ਜਿਹਾ।’’
ਝਗੜਾ ਖ਼ਤਮ ਕਰਨ ਲਈ ਇਕ ਹਜ਼ਾਰ ਰੁਪਿਆ ਮਹੀਨਾ ਦੇਣ ਦਾ ਇਕਰਾਰ ਹੋਇਆ। ਇਕ ਹਜ਼ਾਰ ਕੰਵਲਜੀਤ ਨੂੰ ਥੋੜ੍ਹਾ ਜਾਪਣ ਲੱਗ ਪਿਆ। ਡੇਢ ਹਜ਼ਾਰ ਕੀਤਾ ਗਿਆ। ਘਰ ਦਾ ਖ਼ਰਚ ਡੇਢ ਹਜ਼ਾਰ ਤੋਂ ਵੱਖ ਕੀਤਾ ਜਾਂਦਾ ਸੀ। ਤਿੰਨ ਜੀਅ ਸਨ ਸਾਰੇ ਇਹ। ਪ੍ਰੋਫ਼ੈਸਰ, ਕੰਵਲਜੀਤ, ਤੀਜਾ ਸੀ ਸੁਰਿੰਦਰਜੀਤ ਕੰਵਲਜੀਤ ਦਾ ਪੁੱਤਰ। ਸੁਰਿੰਦਰਜੀਤ ਸੋਲ੍ਹਾਂ ਵਰ੍ਹੇ ਦਾ ਟੀਨਏਜਰ ਹੋ ਚੁੱਕਾ ਸੀ। ਹੌਲੀ-ਹੌਲੀ ਉਹਨੂੰ ਇਸ ਸੱਚਾਈ ਦਾ ਪਤਾ ਲੱਗ ਚੁੱਕਾ ਸੀ ਕਿ ਉਸਦਾ ਪਿਤਾ ਕੌਣ ਸੀ। ਪਹਿਲਾ ਪਿਤਾ ਤੇ ਹੁਣ ਦਾ ਪਿਤਾ। ਪਹਿਲੇ ਪਿਤਾ ਦੀ ਉਹਨੂੰ ਕੋਈ ਖ਼ਾਸ ਪਛਾਣ ਨਹੀਂ ਸੀ। ਉਹਦੇ ਲਈ ਤਾਂ ਹੁਣ ਦਾ ਪਿਤਾ ਹੀ ਉਹਦਾ ਅਸਲੀ ਪਿਤਾ ਸੀ ਜਿਹੜਾ ਉਹਨੂੰ ਉਦੋਂ ਤੋਂ ਹੀ ਲਾਡ ਲਡਾਂਦਾ ਰਿਹਾ ਸੀ ਜਦੋਂ ਉਹਨੂੰ ਇਸ ਸੰਸਾਰ ਦੀ ਪੂਰੀ ਸੋਝੀ ਨਹੀਂ ਸੀ। ਗੱਡੀ ਵਿਚ ਪ੍ਰੋਫ਼ੈਸਰ ਉਹਨੂੰ, ਡੇਢ-ਦੋ ਸਾਲ ਦੇ ਨੂੰ, ਆਪਣੇ ਨਾਲ ਦੀ ਸੀਟ ਉਤੇ ਅੱਗੇ ਬਿਠਾਉਂਦਾ ਹੁੰਦਾ ਸੀ ਤੇ ਉਹਦੀ ਮੰਮੀ ਕੰਵਲਜੀਤ ਪਿੱਛੇ ਬੈਠਦੀ ਹੁੰਦੀ ਸੀ। ਭਾਵੇਂ ਕਾਰਨ ਇਹ ਵੀ ਸੀ ਕਿ ਅਜੇ ਉਹ ‘ਕੁੜੇ’ ਹੀ ਹੁੰਦੀ ਸੀ। ਬਾਕਾਇਦਾ ਵਿਆਹ ਕਰਵਾਉਣ ਤੋਂ ਮਗਰੋਂ ਉਹ ਅੱਗੇ ਬੈਠਣ ਲੱਗ ਪਈ ਸੀ।
ਰਾਜਾ ਵਿਆਹਿਆ ਜਾ ਚੁੱਕਾ ਸੀ। ਉਹ ਕੋਠੀ ਦੀ ਉੱਪਰਲੀ ਮੰਜ਼ਲ ਵਿਚ ਆਪਣਾ ਵੱਖ ਰਹਿ ਰਿਹਾ ਸੀ ਤੇ ਕਿਸੇ ਕੰਪਿਊਟਰ ਫ਼ਰਮ ਵਿਚ ਚੰਗੀ ਨੌਕਰੀ ਕਰਦਾ ਸੀ। ਛੋਟਾ ਪੁੱਤਰ, ਕੌਰ, ਆਸਟਰੇਲੀਆ ਚਲਿਆ ਗਿਆ ਸੀ। ਉਹਨੂੰ ਕਿਸੇ ਕੁੜੀ ਵੱਲੋਂ ਉਧਰ ਸੱਦ ਲਿਆ ਗਿਆ ਸੀ ਤੇ ਉਸ ਨਾਲ ਵਿਆਹਿਆ ਗਿਆ ਸੀ ਤੇ ਉਥੇ ਹੋਟਲ ਮੈਨੇਜਮੈਂਟ ਦਾ ਕੋਰਸ ਵੀ ਕਰ ਰਿਹਾ ਸੀ। ਦੋਹਾਂ ਦਾ ਜੀਵਨ ਸਫ਼ਲ ਸੀ। ਪਿਤਾ ਨੂੰ ਉਨ੍ਹਾਂ ਦੀ ਕਿਸੇ ਕਿਸਮ ਦੀ ਕੋਈ ਵੀ ਚਿੰਤਾ ਨਹੀਂ ਸੀ। ਸਗੋਂ ਆਪਣੇ ਪਿਤਾ ਦੀ ਉਹ ਮਦਦ ਹੀ ਕੁਝ ਕਰਦੇ ਸਨ।
ਇਨ੍ਹਾਂ ਦਿਨਾਂ ਵਿਚ ਹੀ ਮੋਹਾਲੀ ਵਿਚ ਹੀ ਕੰਵਲਜੀਤ ਨੇ ਕਿਸੇ ਨਾਲ ਦੇ ਫ਼ੇਜ਼ ਵਿਚ ਕਮਰਾ ਲੈ ਕੇ ਬੂਟੀਕ ਸ਼ੁਰੂ ਕਰ ਲਈ ਸੀ। ਔਰਤਾਂ ਦੇ ਨਵੇਂ-ਨਵੇਂ ਫ਼ੈਸ਼ਨਾਂ ਦੇ ਕੱਪੜਿਆਂ ਦਾ ਕੰਮ ਉਸ ਲਈ ਠੀਕ ਰਿਹਾ। ਕਾਰੀਗਰ ਰੱਖ ਲਏ ਸਨ। ਪ੍ਰੋਫ਼ੈਸਰ ਨਹੀਂ ਸੀ ਚਾਹੁੰਦਾ ਕਿ ਉਹ ਅਜਿਹਾ ਕੰਮ ਕਰੇ। ਉਹ ਚਾਹੁੰਦਾ ਸੀ ਕਿ ਕੰਵਲਜੀਤ ਹਰ ਸਮੇਂ ਘਰ ਹੀ ਰਹੇ ਤੇ ਘਰ ਨੂੰ ਹੀ ਸੰਭਾਲਦੀ ਰਹੇ। ਪਰ ਉਹ ਆਪ ਵੀ ਕੁਝ ਨਾ ਕੁਝ ਕਰਦੀ ਰਹਿਣਾ ਚਾਹੁੰਦੀ ਤੇ ਆਪ ਆਪਣੇ ਪੈਰਾਂ ਉਤੇ ਖੜ੍ਹੇ ਹੋਣਾ ਚਾਹੁੰਦੀ ਸੀ। ਇਕ ਦਿਨ ਬੜੀ ਲੜਾਈ ਹੋਈ ਕੋਠੀ ਨਾਂਅ ਲੁਆਣ ਪਿੱਛੇ। ਇਹ ਲੜਾਈ ਇਹਨੀਂ ਦਿਨੀਂ ਕਾਫ਼ੀ ਤਿੱਖੀ ਹੋ ਗਈ ਸੀ। ਮਹੀਂਪਾਲ ਵੀ ਕੋਲ ਹੀ ਸੀ। ਕੰਵਲਜੀਤ ਨੇ ਪ੍ਰੋਫ਼ੈਸਰ ਨੂੰ ਕੁੱਤਾ ਵੀ ਕਿਹਾ, ਹਰਾਮੀ ਵੀ, ਕਮੀਨਾ ਤੇ ਧੋਖੇਬਾਜ਼ ਵੀ। ਪ੍ਰੋਫ਼ੈਸਰ ਦੁਖੀ ਹੋਇਆ ਤੇ ਆਪਣੇ ਅੰਤਹਕਰਣ ਦੀਆਂ ਡੂੰਘਾਣਾਂ ਵਿਚੋਂ ਬੋਲਿਆ :
”ਕੰਵਲਜੀਤ! ਕੁਝ ਸ਼ਰਮ ਕਰ। ਮੈਂ ਤੇਰਾ ਸਹੁਰਾ ਲਗਦਾਂ!’’ ਉਹਦੇ, ਦੁਖੀ ਹੋਏ ਦੇ, ਨੰਗਾ ਸੱਚ ਆਪਣੇ ਆਪ ਹੀ ਮੂੰਹ ਉਤੇ ਆ ਗਿਆ ਸੀ। ਪਰ ਕੰਵਲਜੀਤ ਨੂੰ ਪਤਾ ਸੀ, ਉਹ ਉਹਦਾ ਕਿੰਨਾ ਕੁ ਸਹੁਰਾ ਸੀ।
ਮਹੀਂਪਾਲ ਨੇ ਰਾਏ ਦਿੱਤੀ : ”ਕੇਵਲ ਸਿੰਘ, ਐਂ ਕਰ, ਕਰਵਾ ਦੇ ਕੋਠੀ ਇਹਦੇ ਨਾਂਅ। ਆਖ਼ਿਰ ਇਹ ਤੇਰੀ ਪਤਨੀ ਏ। ਇਹਦੀ ਹੋਈ ਕਿ ਤੇਰੀ ਹੋਈ। ਥੋੜ੍ਹੀ ਬਹੁਤ ਜ਼ਰੂਰ ਕਰਵਾ। ਚਾਹੇ ਅੱਧਾ ਪੋਰਸ਼ਨ ਹੀ।’’
”ਨਹੀਂ ਮਹੀਂਪਾਲ ਜੀ! ਕੋਠੀ ਨਹੀਂ ਮੈਂ ਇਹਦੇ ਨਾਂਅ ਕਰਵਾਉਣੀ ਕਿਸੇ ਵੀ ਹਾਲਤ ਵਿਚ। ਤੁਹਾਡੀ ਗੱਲ ਮੈਂ ਮੋੜਦਾ ਨਹੀਂ ਹੁੰਦਾ, ਪਰ ਹੁਣ ਮੈਂ ਮੋੜ ਰਿਹਾ ਹਾਂ। ਮੁਆਫ਼ ਕਰਨਾ। ਕੋਠੀ ਨਾਂਅ ਕਰਵਾ ਦਿੱਤੀ ਤਾਂ ਇਹ ਤਾਂ ਮੈਨੂੰ ਦੂਜੇ ਦਿਨ ਘਰੋਂ ਬਾਹਰ ਕਰ ਦੇਵੇਗੀ।’’
”ਆਖ਼ਿਰ ਇਹਦਾ ਪੁੱਤਰ ਐ ਜੋ ਤੇਰਾ ਵੀ ਹੁਣ ਪੁੱਤਰ ਐ ਸੁਰਿੰਦਰਜੀਤ, ਉਹਨੂੰ ਵੀ ਤਾਂ ਚਾਹੀਦੈ ਕੁਝ?’’
”ਜ਼ਮੀਨ ਲਵੇ ਜਾ ਕੇ ਪਿੰਡ ਬਾਪ ਦੀ ਆਪਣੇ ਦੀ, ਸਾਂਭੇ ਜਾ ਕੇ ਪਿੰਡ ਜ਼ਮੀਨ। ਮਾਲਿਕ ਐ ਜ਼ਮੀਨ ਦਾ ਇਹ।’’
”ਜ਼ਮੀਨ ਕਿਵੇਂ ਦੇ ਦੇਵੇਗਾ ਉਹ ਇਹਨੂੰ ਏਥੇ ਰਹਿੰਦੇ ਨੂੰ, ਤੇ ਆਪਣੀ ਮਾਂ ਨਾਲ ਆਏ ਨੂੰ? ਇਹ ਤਾਂ ਦੋਵੇਂ ਪਾਸਿਓਂ ਗਿਆ, ਨਾ ਏਧਰ ਦਾ, ਨਾ ਉਧਰ ਦਾ।’’
”ਨਹੀਂ, ਇਹ ਹੱਕਦਾਰ ਐ ਬਾਪ ਦੀ ਜ਼ਮੀਨ ਦਾ। ਇਹ ਕਾਨੂੰਨੀ ਮਾਲਿਕ ਐ। ਕਰੇ ਜਾ ਕੇ ਦਾਵਾ।’’
”ਮੈਂ ਨਹੀਂ ਫੇਰ ਏਥੇ ਰਹਿੰਦੀ,’’ ਕੰਵਲਜੀਤ ਰੋਹ ਨਾਲ ਬੋਲੀ, ”ਮੈਂ ਆਪਣੇ ਪੇਕੇ ਚੱਲੀ ਆਂ।’’
”ਚਲੀ ਜਾਹ।’’ ਪ੍ਰੋਫ਼ੈਸਰ ਨੇ ਕਿਹਾ, ”ਜੋ ਕੁਝ ਲੈਣੈਂ, ਲੈ ਜਾ ਨਾਲ। ਬੰਨ੍ਹ ਗਠੜੀ ਆਪਣੀ। ਹੱਥ ਨਹੀਂ ਮੈਂ ਫੜਾਂਗਾ। ਜੋ ਮਰਜ਼ੀ, ਲੈ ਜਾ। ਪਰ ਇਕ ਗੱਲ ਸੁਣ ਲੈ! ਜੇ ਤੂੰ ਇਉਂ ਇਕ ਵਾਰ ਸ਼ਟਰ ਤੋਂ ਬਾਹਰ ਹੋ ਗਈ, ਮੈਂ ਮੁੜਕੇ ਨਹੀਂ ਵੜਨ ਦੇਣਾ। ਜੇ ਕਹੇਂ ਮੈਂ ਪੇਕਿਓਂ ਆ ਕੇ ਫੇਰ ਏਥੇ ਆ ਜਾਵਾਂਗੀ। ਫੇਰ ਉਥੇ ਪੇਕੇ ਈ ਰਹੀਂ।’’
ਕੰਵਲਜੀਤ ਚੁੱਪ ਹੋ ਗਈ। ਜਿੰਦ ਘਾਰੀ ਵਿਚ ਆ ਗਈ। ਨਾ ਏਧਰ ਦੀ, ਨਾ ਉਧਰ ਦੀ। ਭਰਾ-ਭਰਜਾਈ ਵੀ ਕਿਹੜਾ ਉਹਨੂੰ ਸਦਾ ਲਈ ਰੱਖਣ ਵਾਲੇ ਸਨ? ਉਹ ਤਾਂ ਏਥੇ ਚੰਡੀਗੜ੍ਹ ਆ ਕੇ ਹੀ ਰਹਿਣ ਦੇ ਵਿਰੋਧੀ ਸਨ। ਇਕ ਵਾਰ ਉਨ੍ਹਾਂ ਕਿਹਾ ਵੀ ਸੀ : ”ਉਸ ਕੁੱਤੇ ਪ੍ਰੋਫ਼ੈਸਰ ਕੋਲ ਜਾ ਕੇ ਰਹਿਣ ਦਾ ਮਤਲਬ ਕੀ? ਉਹ ਤਾਂ ਤੇਰਾ ਪਤਿਓ੍ਹਰਾ ਏ? ਉਹਨੂੰ ਸ਼ਰਮ ਨਹੀਂ ਆਉਂਦੀ ਨੂੰਹ ਨੂੰ ਰੱਖੀਂ ਬੈਠੇ ਨੂੰ? ਸਾਨੂੰ ਸਾਰਾ ਈ ਪਤਾ ਏ ਜਿਵੇਂ ਉਹ ਤੈਨੂੰ ਕਾਰਾਂ ਵਿਚ ਸੈਲਾਂ ਕਰਵਾਉਂਦਾ ਫਿਰਦਾ ਏ! ਘਰ ਵਾਲੇ ਨਾਲ ਕਿਉਂ ਨਾ ਰਹੀ ਜਿਥੇ ਤੈਨੂੰ ਵਿਆਹਿਆ ਸੀ?’’
”ਵੀਰ, ਮੈਂ ਕੋਈ ਗਾਂ-ਮੱਝ ਨਹੀਂ ਸਾਂ ਜਿੱਥੇ ਦੇਖੀ, ਭੇਜ ਦਿੱਤੀ। ਨਹੀਂ ਮੈਨੂੰ ਉਹ ਪਸੰਦ। ਹਰ ਵੇਲੇ ਸ਼ਰਾਬ ਵਿਚ ਧੁੱਤ ਹੋਇਆ ਰਹਿੰਦਾ ਏ। ਮੈਂ ਵੀ ਕੋਈ ਬੰਦਾ ਹਾਂ, ਡੰਗਰ-ਵੱਛਾ ਨਹੀਂ ਹਾਂ।’’ ਇਹ ਪਹਿਲਾਂ-ਪਹਿਲਾਂ ਦੀਆਂ ਗੱਲਾਂ ਹਨ, ਜਦ ਉਹ ਆਈ ਹੀ ਆਈ ਸੀ। ਸ਼ਿਮਲਾ, ਡਲਹੌਜ਼ੀ, ਹੇਮਕੁੰਟ, ਮਸੂਰੀ, ਕੁੱਲੂ, ਮਨਾਲੀ, ਉਹ ਥਾਂ-ਪਰ-ਥਾਂ ਘੁੰਮੇ ਸਨ_ਜਿਵੇਂ ਇਨ੍ਹਾਂ ਸੈਰਾਂ ਨਾਲ ਉਹ ਹਨੀਮੂਨ ਮਨਾਉਂਦੇ ਹੋਣ। ਸੀ ਵੀ ਹਨੀਮੂਨ ਹੀ। ਪਰ ਹੁਣ ਇਹ ਹਨੀਮੂਨ ਦੇ ਦਿਨ ਬਹੁਤ ਪਿੱਛੇ ਰਹਿ ਗਏ ਸਨ। ਹੁਣ ਇਹ ਮੂਨ ਹਨੀ ਦੀ ਥਾਂ ਅੱਕ-ਕੌੜਾ ਹੋ ਗਿਆ ਸੀ। ਹੁਣ ਵਾਸਤਵਿਕ ਜੀਵਨ ਦੀਆਂ ਖੁਰਦਰੀਆਂ ਸੱਚਾਈਆਂ ਉਨ੍ਹਾਂ ਦੇ ਸਾਹਮਣੇ ਆ ਗਈਆਂ ਸਨ।
ਉਹ ਪੇਕੇ ਤਾਂ ਉੱਠਕੇ ਨਹੀਂ ਗਈ, ਉਂਜ ਘਰੋਂ ਅੱਡ ਹੋ ਕੇ ਬੂਟੀਕ ਵਾਲੇ ਕਮਰੇ ਵਿਚ ਹੀ ਜਾ ਕੇ ਰਹਿਣ ਲੱਗ ਪਈ ਸੀ। ਮਹੀਂਪਾਲ ਨੂੰ ਫ਼ੋਨ ਆਇਆ : ”ਅੰਕਲ, ਮੈਂ ਘਰੋਂ ਆ ਕੇ ਏਥੇ ਰਹਿਣ ਲੱਗ ਪਈ ਆਂ।’’
”ਇਕੱਲੀ ਹੀ?’’
”ਨਹੀਂ, ਮੈਂ ਤੇ ਮੇਰਾ ਬੇਟਾ।’’
”ਕੰਵਲਜੀਤ, ਤੂੰ ਗ਼ਲਤੀ ਕੀਤੀ। ਘਰੋਂ ਨਹੀਂ ਸੀ ਚਾਹੀਦਾ ਤੈਨੂੰ ਬਾਹਰ ਪੈਰ ਪੁੱਟਣਾ।’’
”ਨਹੀਂ ਅੰਕਲ, ਮੈਂ ਠੀਕ ਹਾਂ। ਗ਼ਲਤੀ ਨਹੀਂ ਕੀਤੀ ਮੈਂ। ਮੇਰਾ ਉਥੇ ਰਹਿਣਾ ਹੁਣ ਬਹੁਤ ਮੁਸ਼ਕਿਲ ਹੋ ਗਿਆ ਸੀ।’’
ਮਹੀਂਪਾਲ ਚੁੱਪ ਰਿਹਾ। ਸਿਆਲ ਉੱਤਰ ਆਇਆ ਸੀ। ਕੰਵਲਜੀਤ ਦਾ ਫ਼ੋਨ ਆਇਆ : ”ਅੰਕਲ, ਉਹਨੂੰ ਆਖਣਾ, ਇਕ ਰਜ਼ਾਈ ਭੇਜ ਦੇਵੇ।’’
ਉਸ ਕੋਲ ਦੋ ਰਜ਼ਾਈਆਂ ਤੇ ਇਕ ਵਿਛੌਣਾ ਚਲੇ ਗਏ।
ਮਹੀਂਪਾਲ ਤੋਂ ਬਿਨਾਂ ਕਈ ਹੋਰ ਔਰਤਾਂ-ਮਰਦ ਵੀ ਸਨ ਜੋ ਇਸ ਪਰਵਾਰ ਦੇ ਸਾਂਝੇ ਦੋਸਤ-ਮਿੱਤਰ ਚਲੇ ਆਉਂਦੇ ਸਨ। ਕਈ ਸਿਆਣੇ ਲੋਕ ਸਨ, ਕਈ ਕਮ-ਅਕਲ ਵੀ ਸਨ ਜੋ ਇਕ-ਦੂਜੇ ਦੀਆਂ ਗ਼ਲਤ ਗੱਲਾਂ ਏਧਰ-ਉਧਰ ਕਰ ਦਿੰਦੇ ਸਨ। ਸਿਆਣੇ ਲੋਕ ਜੋੜਨਾ ਤੇ ਇਕ ਕਰ ਦੇਣਾ ਚਾਹੁੰਦੇ ਸਨ।
ਇਕ ਸਾਂਝੀ ਮਿੱਤਰ ਔਰਤ ਪ੍ਰੋਫ਼ੈਸਰ ਨੂੰ ਮਿਲਣ ਗਈ। ਉਸ ਔਰਤ ਨੇ ਆਖਿਆ ਕਿ ਕੰਵਲਜੀਤ ਦਾ ਕੰਮ ਕਾਫ਼ੀ ਚੰਗਾ ਚੱਲ ਰਿਹਾ ਏ। ਦਿਨ ਵਿਚ ਸਾਰਾ ਦਿਨ ਔਰਤਾਂ ਆਉਂਦੀਆਂ ਰਹਿੰਦੀਆਂ ਨੇ। ਸੁਣਕੇ ਪ੍ਰੋਫ਼ੈਸਰ ਨੇ ਕਿਹਾ : ”ਦਿਨ ਨੂੰ ਔਰਤਾਂ ਆਉਂਦੀਆਂ ਨੇ, ਰਾਤ ਨੂੰ ਮਰਦ ਆਉਣਗੇ। ਏਨੀ ਸੁਹਣੀ ਔਰਤ ਐ, ਮਰਦ ਤਾਂ ਰਾਤ ਨੂੰ ਆਉਣੇ ਈ ਨੇ।’’
ਮਹੀਂਪਾਲ ਨੂੰ ਫ਼ੋਨ ਆਇਆ : ”ਅੰਕਲ, ਇਉਂ ਕਹਿ ਰਿਹਾ ਏ, ਦਿਨ ਨੂੰ ਔਰਤਾਂ ਆਉਂਦੀਆਂ ਨੇ, ਰਾਤ ਨੂੰ ਮਰਦ ਆਉਣਗੇ। ਉਹਨੂੰ ਕਹੋ, ਬਕਵਾਸ ਨਾ ਕਰੇ।’’
”ਤੈਨੂੰ ਕੀਹਨੇ ਦੱਸਿਆ ਏ?’’
ਉਹਨੇ ਉਸ ਔਰਤ ਦਾ ਨਾਂਅ ਲਿਆ। ਮਹੀਂਪਾਲ ਨੇ ਆਖਿਆ, ”ਕੰਵਲਜੀਤ, ਅਜਿਹੇ ਲੋਕਾਂ ਦੀਆਂ ਕੱਚੀਆਂ ਗੱਲਾਂ ਨਾ ਸੁਣਿਆ ਕਰ। ਇਨ੍ਹਾਂ ਦਾ ਕੋਈ ਮਤਲਬ ਨਹੀਂ।’’
ਇਕ ਦਿਨ ਕੰਵਲਜੀਤ ਮਹੀਂਪਾਲ ਨੂੰ ਫ਼ੋਨ ਕਰਕੇ ਉਸਦੇ ਘਰ ਮਿਲਣ ਆਈ। ਬਹੁਤ ਗੱਲਾਂ ਕੀਤੀਆਂ। ਉਹਨੂੰ ਇਹ ਭਰੋਸਾ ਸੀ ਕਿ ਮਹੀਂਪਾਲ ਠੀਕ ਰਾਏ-ਮਸ਼ਵਰਾ ਦੇਣ ਵਾਲਾ ਤੇ ਟੁੱਟੀ ਨੂੰ ਗੰਢਣ ਵਾਲਾ ਏ। ਨਹੀਂ ਤਾਂ ਲੋਕ…
ਮਹੀਂਪਾਲ ਨੇ ਉਂਜੇ ਪੁੱਛਿਆ :
”ਕੰਵਲਜੀਤ, ਪਤੀ-ਪਤਨੀ ਵਾਲੇ ਸਬੰਧ ਤੁਹਾਡੇ ਵਿਆਹ ਤੋਂ ਮਗਰੋਂ ਹੋਏ ਨੇ ਜਾਂ ਪਹਿਲਾਂ ਵੀ ਸਨ?’’
”ਸ਼ੁਰੂ ਤੋਂ ਈ ਅੰਕਲ, ਸ਼ੁਰੂ ਤੋਂ ਈ, ਮੁੱਢੋਂ ਈ, ਮੇਰੇ ਆਉਂਦੀ ਸਾਰ ਈ। ਇਹ ਕਿਥੇ ਸੀ ਰੁਕਣ ਵਾਲਾ। ਆਉਂਦੀ ਨੂੰ ਈ ਕਹਿੰਦਾ ਸੀ, ਤੂੰ ਤਾਂ ਮੇਰੀ ਜਾਨ ਏਂ! ਤੂੰ ਤਾਂ ਮੈਨੂੰ ਇੰਦਰ ਦੇ ਅਖਾੜਿਓਂ ਭੇਜੀ ਗਈ ਏਂ!’’
”ਇਹ ਤਾਂ ਪਰ ਉਦੋਂ ਤੈਨੂੰ ‘ਕੁੜੇ’ ਆਖਦਾ ਹੁੰਦਾ ਸੀ?’’
ਕੰਵਲਜੀਤ ਹਸ ਪਈ। ”ਕੁੜੇ ਤਾਂ ਇਹ ਕਦੇ-ਕਦੇ ਹੁਣ ਵੀ ਆਖ ਦਿੰਦਾ ਏ। ਕੁੜੇ ਦੀ ਨਾ ਗੱਲ ਪੁੱਛੋ।’’
ਪਰਵਾਰ ਦੇ ਸਾਰੇ ਸ਼ੁਭਚਿੰਤਕ, ਦੋਸਤ-ਮਿੱਤਰ, ਹਮਦਰਦ ਆਦਿ ਇਨ੍ਹਾਂ ਨੂੰ ਮੁੜਕੇ ਇਕ ਕਰਨ ਦਾ ਯਤਨ ਕਰਦੇ ਰਹੇ ਸਨ। ਆਖ਼ਿਰ ਕੁਝ ਮਹੀਨਿਆਂ ਮਗਰੋਂ ਉਹ ਕਾਮਯਾਬ ਹੋ ਹੀ ਗਏ। ਕੰਵਲਜੀਤ ਘਰ ਆਈ ਤੇ ਉਸੇ ਤਰ੍ਹਾਂ ਰਹਿਣ ਲੱਗੀ। ਕੁਝ ਕੁ ਸਮਾਂ ਲੰਘਣ ਮਗਰੋਂ ਮਹੀਂਪਾਲ ਨੇ ਇਕ ਦਿਨ ਪ੍ਰੋਫ਼ੈਸਰ ਨਾਲ ਗੱਲ ਕੀਤੀ। ਕੰਵਲਜੀਤ ਵੀ ਕੋਲ ਹੀ ਸੀ।
”ਕਿਵੇਂ ਐ ਹੁਣ, ਠੀਕ ਐ?’’
”ਹਾਂ, ਬਿਲਕੁਲ ਠੀਕ-ਠਾਕ।’’
”ਹੁਣ ਤਾਂ ਨਹੀਂ ਨਾ ਝਗੜਾ ਕੋਈ?’’
ਪ੍ਰੋ. ਕੇਵਲ ਸਿੰਘ ਨੇ ਇਕ ਸ਼ੇਅਰ ਨਾਲ ਉੱਤਰ ਦਿੱਤਾ : ”ਆਸ਼ਿਕ ਔਰ ਮਾਸ਼ੂਕ ਮੇਂ ਝਗੜਾ ਬ੍ਹੀ ਕਿਆ, ਸ਼ਿਕਵਾ ਬ੍ਹੀ ਕਿਆ। ਜਬ ਗਲੇ ਸੇ ਆ ਲਗੇ, ਸਾਰਾ ਗਿਲਾ ਜਾਤਾ ਰਹਾ।’’
”ਚੰਗਾ-ਚੰਗਾ, ਸ਼ੁਕਰ ਐ, ਜੇ ਆਸ਼ਿਕ ਤੇ ਮਾਸ਼ੂਕ ਦੋਵੇਂ ਇਕਮਿਕ ਹੋ ਗਏ ਹਨ।’’ ਮਹੀਂਪਾਲ ਨੇ ਹਸਕੇ ਕਿਹਾ।
”ਬੂਟੀਕ ਬਾਰੇ ਕਿਹਾ ਸੀ ਮੈਂ ਕਿ ਛੱਡ ਇਹਨੂੰ, ਘਰ ਬੈਠ,’’ ਪ੍ਰੋਫ਼ੈਸਰ ਨੇ ਆਖਿਆ, ”ਪਰ ਇਹ ਮੰਨ ਨਹੀਂ ਰਹੀ।’’
”ਬੂਟੀਕ ਨਹੀਂ ਮੈਂ ਛੱਡਣੀ ਅੰਕਲ। ਕੰਮ ਮੈਂ ਕਰਦੀ ਰਹਾਂਗੀ। ਮੈਂ ਕਿਸੇ ਦੇ ਹੱਥਾਂ ਵੱਲ ਦੇਖਣਾ ਨਹੀਂ ਚਾਹੁੰਦੀ। ਮੈਂ ਆਪਣੇ ਪੈਰਾਂ ਉਤੇ ਖੜ੍ਹੀ ਹੋਣਾ ਚਾਹੁਨੀ ਆਂ। ਮੁੰਡਾ ਮੇਰਾ ਪੜ੍ਹ ਰਿਹਾ ਏ। ਇਹਨੂੰ ਹੋਰ ਪੜ੍ਹਾਵਾਂਗੀ। ਅੰਕਲ, ਬੰਦੇ ਦੇ ਪੈਰ ਮਜ਼ਬੂਤ ਹੋਣੇ ਚਾਹੀਦੇ ਨੇ। ਆਪਣੇ ਪੈਰ, ਅੰਕਲ, ਆਪਣੇ ਪੈਰ ਈ ਹੁੰਦੇ ਨੇ। ਇਨ੍ਹਾਂ ਦਾ ਹੋਰ ਕੋਈ ਬਦਲ ਨਹੀਂ।’’
ਕੰਵਲਜੀਤ ਦੀਆਂ ਗੱਲਾਂ ਅੱਗੇ ਉਹ ਸਾਰੇ ਚੁੱਪ ਬੈਠੇ ਸਨ। ਇਹ ਧਰਤੀ ਦਾ ਕਰੜਾ ਸੱਚ ਸਨ।