ਪਿਛਲੇ ਦੋ ਦਹਾਕਿਆਂ ਵਿਚ ਅਮਰੀਕਾ-ਯੂਰਪ ਤੋਂ ਚੱਲੇ ਸਰਮਾਏਦਾਰੀ ਦੇ ਕਲ਼ਜੁਗ ਦੇ ਅਗਨ ਰੱਥ ਨੇ ਪੂਰਬੀ ਪੰਜਾਬ ਨੂੰ ਵੀ ਅਪਣੇ ਪਹੀਆਂ ਥੱਲੇ ਦਰੜ ਕੇ ਰੱਖ ਦਿੱਤਾ ਹੈ। ਇਹਨੇ ਸਮਾਜਕ ਰਿਸ਼ਤਿਆਂ ਦੇ ਨਾਲ਼-ਨਾਲ਼ ਸਾਡੀ ਰੀਤ ਸਾਡੇ ਇਤਿਹਾਸ ਦੀਆਂ ਨਰੋਈਆਂ ਕਦਰਾਂ ਨੂੰ ਰੋਲਣ ਚ ਵੀ ਕੋਈ ਕਸਰ ਨਹੀਂ ਛੱਡੀ। ਸੰਗੀਤ ਤੇ ਹੋਰ ਕਲਾਵਾਂ ‘ਤੇ ਵੀ ਇਹਦਾ ਪੜਛਾਵਾਂ ਪਿਆ ਹੈ। ਪੰਜਾਬੀ ਸੰਗੀਤ ਦੀ ਸੁਹਜੀ ਰੀਤ ਦਾ ਲੁਧਿਆਣੇ ਬੱਸ ਅੱਡੇ ਦੇ ਚੁਬਾਰਿਆਂ ਅਤੇ ਭਦੌੜ ਹਾਉਸ ਦੀ ਰੀਲ ਇੰਡਸਟਰੀ ਇੰਗਲੈਂਡ-ਕੈਨੇਡਾ ਦੇ ਮਿਹਨਤੀ ਮਾਪਿਆਂ ਦੀ ਵਿਗੜੀ ਬਾਂਦਰ-ਟਪੂਸੀਆਂ ਮਾਰਦੀ ‘ਰੈਪ-ਮਿਕਸੀਆਂ’ ਵਾਲ਼ੀ ਬੇਸੁਰੀ ਔਲਾਦ ਨਾਲ਼ ਰਲ਼ ਕੇ ਰੱਜ ਕੇ ਸੱਤਿਆਨਾਸ ਕਰੀ ਜਾਂਦੀ ਹੈ।
ਪਰ ਏਸ ਘੜਮੱਸ-ਚੌਦੇ ਵਿਚ ਵੀ ਕੁਝ ਸਿਰੜੀ ਬੰਦੇ ਅਪਣੇ ਵਿਰਸੇ ਨੂੰ ਸਾਂਭਣ ਦਾ ਹੀਲਾ ਕਰ ਰਹੇ ਹਨ। ਇਨ੍ਹਾਂ ਵਿਚ ਬੰਬਈ ਵਸਦਾ ਪੋਠੋਹਾਰੀ ਮਾਪਿਆਂ ਦਾ ਫ਼ਿਲਮਸਾਜ਼ ਪੁੱਤ ਗੁਰਵਿੰਦਰ ਸਿੰਘ ਸਿਰ-ਕੱਢਵਾਂ ਹੈ। ਇਹਨੇ ਪੰਜਾਬ ਦੇ ਮੁੱਢ-ਕਦੀਮੀਂ ਗੀਤ-ਸੰਗੀਤ ਦੀ ਸੀ ਡੀ ਕੱਢੀ ਹੈ, ਜਿਹਦਾ ਨਾਂ ਹੈ: ਕਿੱਸਾ ਪੰਜਾਬ ਅਤੇ ਦੂਜੀ ਡੀ ਵੀ ਡੀ ਦਾ ਨਾਂ ਹੈ: ਪਾਲਾ
ਅਪਣੇ ਵਿਰਸੇ ਨੂੰ ਸਾਂਭਣਾ ਤਾਂ ਪੰਜਾਬ ਦੀਆਂ ਯੂਨੀਵਰਸਟੀਆਂ, ਸੰਗੀਤ ਅਕਾਦਮੀਆਂ, ਅਤੇ ਕਲਚਰ ਜ਼ੋਨ ਵਰਗੇ ਅਦਾਰਿਆਂ ਦਾ ਕੰਮ ਹੈ। ਕੁਝ ਦਹਾਕੇ ਪਹਿਲਾਂ ਦਿੱਲੀ ਵਾਲ਼ੀ ਸੰਗੀਤ ਨਾਟਕ ਅਕਾਦੇਮੀ ਨੇ ਭਾਰਤ-ਭਰ ਦੇ ਲੋਕ-ਸੰਗੀਤ ਨੂੰ ਰਿਕੌਰਡ ਕਰਨ ਦਾ ਕਾਰਜ ਆਰੰਭਿਆ ਸੀ। ਮੁੜ ਕੇ ਇਹਦੀ ਕੋਈ ਭਿਣਕ ਨਹੀਂ ਪਈ। ਹਰ ਥਾਂ ਅੰਨੀ੍ਹ ਪੀਹੀ ਜਾਂਦੀ ਹੈ ਤੇ ਕੁੱਤੀ ਚੱਟੀ ਜਾਂਦੀ ਹੈ। ਜਦ ਸਾਡੇ ਕੋਲ਼ ਗੁਰਵਿੰਦਰ ਵਰਗੇ ਸਿਰੜੀ ਤੇ ਸੁੱਘੜ ਨੌਜਵਾਨ ਮੌਜੂਦ ਹਨ, ਤਾਂ ਸਰਕਾਰੀਆਂ ਨੂੰ ਮਿਹਣੇ ਦੇਣ ਦਾ ਕੋਈ ਮਤਲਬ ਨਹੀਂ ਬਣਦਾ। ਲੋਕ-ਵਿਰਸੇ ਨੂੰ ਸਾਂਭ ਕੇ ਰੱਖ ਲੈਣ ਦਾ ‘ਇਪਟਾ’ ਦੇ ਬਾਨੀ ਕਮਿਉਨਿਸਟ ਆਗੂ ਪੀ ਸੀ ਜੋਸ਼ੀ ਦਾ ਅੱਧੀ ਸਦੀ ਪਹਿਲਾਂ ਦਿੱਤਾ ਹੋਕਾ ਉਹਦੇ ਅਪਣਿਆਂ ਨੂੰ ਹੀ ਨਹੀਂ ਸੀ ਸੁਣਿਆ। ਤਾਂ ਵੀ ਗੱਲ ਨਿਰਾਸ ਹੋਣ ਵਾਲ਼ੀ ਨਹੀਂ।
ਗੁਰਵਿੰਦਰ ਨੂੰ ਪੰਜਾਬੀ ਲੋਕ-ਸੰਗੀਤ ਦੀ ਚੇਟਕ ਪੂਨੇ ਦੀ ਫ਼ਿਲਮ ਇੰਸਟੀਚੀਊਟ ਚ ਪੜ੍ਹਦਿਆਂ ਸ਼ਾਹਕੋਟ ਦੇ ਕਿਸੇ ਢਾਡੀ ਨੂੰ ਗਾਉਂਦਿਆਂ ਸੁਣ ਕੇ ਲੱਗੀ ਸੀ। ਫੇਰ ਇਹਨੇ ਟੇਪ-ਰਕਾਟ ਤੇ ਕੈਮਰਾ ਚੁੱਕ ਕੇ ਦੋ ਸਾਲਾਂ ਵਿਚ ਪੂਰਬੀ ਪੰਜਾਬ ਦੇ ਮਾਲਵੇ, ਮਾਝੇ ਤੇ ਦੁਆਬੇ ਦੇ ਪਿੰਡਾਂ ਚ ਲੱਗਦੇ ‘ਖਾੜਿਆਂ ਵਿਚ ਬਾਰਾਂ ਲੋਕ-ਗਾਇਕਾਂ ਦੇ ਗੀਤ ਰਕਾਟ ਕੀਤੇ। ਹੁਣ ਇਹਦੇ ਕੋਲ਼ ਇਕ ਸੌ ਤੋਂ ਵਧ ਘੰਟਿਆਂ ਦੀ ਰਿਕੌਰਡਿੰਗ ਮੌਜੂਦ ਹੈ। ਉਹਦੇ ਚੋਂ ਇਕ ਘੰਟੇ ਦੀ ਸੀ ਡੀ “ਕਿੱਸਾ ਪੰਜਾਬ” ਇਹਦੀ ਪਹਿਲੀ ਪੇਸ਼ਕਸ਼ ਹੈ। ਇਹਦੀ ਹਿੰਮਤ ਪਿੱਛੇ ‘ਇੰਡੀਆ ਫ਼ਾਉਂਡੇਸ਼ਨ ਫ਼ੌਰ ਦ’ ਆਰਟਸ’ ਦੀ ਸਰਪ੍ਰਸਤੀ ਹੈ।
‘ਕਿੱਸਾ ਪੰਜਾਬ’ ਸੀ ਡੀ ਵਿਚ ਕੁਲ ਚੌਦਾਂ ਡੰਡੀਆਂ ਹਨ: ਚੂੜ੍ਹ ਖ਼ਾਨ ਦਾ ਅਲਗ਼ੋਜ਼ਾ, ਨੂਰਦੀਨ ਤੇ ਮੁਹੰਮਦ ਸ਼ਾਦੀ ਦਾ ਜੈ ਮੱਲ ਫੱਤਾ ਅਤੇ ਚੋਟਾਂ ਇਸ਼ਕ ਦੀਆਂ, ਧੂਰੀ ਲਾਗਲੇ ਪਿੰਡ ਟਿੱਬੇ ਦੇ ਚਿਰਾਗ਼ਦੀਨ ਦੀ ਸੱਸੀ ਪੰਨੂੰ ਤੇ ਸੱਸੀ ਦੀ ਕਲੀ, ਸਮਾਣੇ ਦੇ ਸੁਰਜੀਤ ਸਫ਼ਰੀ ਦੀ ਸਿਫ਼ਤ ਸਖ਼ੀ ਸਰਵਰ ਤੇ ਜੁਗਨੀ, ਸ਼ਾਹਬਾਦ ਦੇ ਸੁਦਾਗਰ ਰਾਮ ਦਾ ਢੋਲ ਬਾਦਸ਼ਾਹ, ਮਿਰਜ਼ਾ ਸਾਹਿਬਾਂ ਤੇ ਹੀਰ ਵਾਰਿਸ, ਸਾਧੂ ਰਾਮ ਤੇ ਬਸ਼ੀਰ ਮੁਹੰਮਦ ਦਾ ਹੀਰ ਰਾਂਝਾ, ਨੂਰਦੀਨ ਤੇ ਮੁਹੰਮਦ ਹਬੀਬ ਦਾ ਚੁੰਨੀ ਦਾ ਸੁਹਣਾ ਰੰਗ, ਪਾਲੇ ਤੇ ਸ਼ੇਰ ਖ਼ਾਨ ਦੀ ਗੁਰੂ ਨਾਨਕ ਵੰਦਨਾ ਅਤੇ ਪੱਕੇ ਰਾਗ ਚ ਗਾਈ ਸ਼ਾਹਕੋਟ ਦੀ ਸਈਦਾ ਬੇਗਮ ਦੀ ਸੱਸੀ। ‘ਚੋਟਾਂ ਇਸ਼ਕ ਦੀਆਂ’ ਵਾਲ਼ੇ ਗੀਤ ਵਿਚ ਨੂਰਦੀਨ ਇਸ਼ਕ ਨੂੰ ‘ਇਸਕ’ ਕਰਕੇ ਗਾਉਂਦਾ ਬੜਾ ਪਿਆਰਾ ਲਗਦਾ ਹੈ।
ਪੰਡੋਰਿਆਂ ਦੇ ਵਾਸੀ ਇਨ੍ਹਾਂ ਮਿਹਨਤਕਸ਼ ‘ਦਲਿਤਾਂ’ ਦੀਆਂ ਸਾਦ-ਮੁਰਾਦੀਆਂ ਆਵਾਜ਼ਾਂ ਦੀ ਵੱਡੀ ਖ਼ੂਬੀ ਇਹੀ ਹੈ ਕਿ ਇਹ ਬੰਦਿਸ਼ਾਂ, ਇਨ੍ਹਾਂ ਸਾਜ਼ਾਂ (ਤੂੰਬੀ, ਲਗੋਜਾ, ਢੱਡ) ਦੀਆਂ ਧੁਨੀਆਂ ਸਦੀਆਂ ਪੁਰਾਣੇ ਦੇਸ ਪੰਜਾਬ ਦੀਆਂ ਆਵਾਜ਼ਾਂ ਹਨ, ਜਿਨ੍ਹਾਂ ਸਦਕਾ ਸ਼ਾਸਤਰੀ ਸੰਗੀਤ ਦਾ ਅਤੇ ਪੰਜਾਬੀ ਕੌਮ ਦਾ ਮੂੰਹ-ਮੁਹਾਂਦਰਾ ਬਣਿਆ। ਇਨ੍ਹਾਂ ਚ ਕਿਸੇ ਕਿਸਮ ਦਾ ਕੋਈ ਰਲ਼ਾਅ ਨਹੀਂ; ਅਜੋਕੇ ਫੂੰ-ਫਾਂ ਵਾਲ਼ੇ ਗਵੱਈਆਂ ਦੀਆਂ ਨਸ਼ੇ ਚ ਚਾਂਭਲ਼ ਕੇ ਲਾਈਆਂ ਮੁਰਕੀਆਂ-ਗਰਾਰੀਆਂ ਤੂਤਕ-ਤੂਤੀਆਂ ਨਹੀਂ; ਬੇਜਾਨ ਮਸ਼ੀਨੀ ਸਾਜ਼ਾਂ ਦੀ ਭਰਮਾਰ ਨਹੀਂ।
‘ਕਿੱਸਾ ਪੰਜਾਬ’ ਸੀ ਡੀ ਉਨ੍ਹਾਂ ਲੋਕਾਂ ਦੇ ਸੁਣਨ ਵਾਲ਼ੀ ਹੈ, ਜਿਨ੍ਹਾਂ ਨੂੰ ਠੇਠ ਲੋਕ-ਸੰਗੀਤ ਨਾਲ਼ ਮੱਸ ਹੈ। ਇਹ ਸੀ ਡੀ ਵਿਦੇਸੀ ਯੂਨੀਵਰਸਟੀਆਂ ਦੇ ਸੰਗੀਤ ਮਾਹਿਰਾਂ ਤੇ ਸਮਾਜ-ਵਿਗਿਆਨੀਆਂ ਦੇ ਕੰਮ ਆਉਣ ਵਾਲ਼ੀ ਹੈ ਅਤੇ ਪੰਜਾਬੀ ਜੜ੍ਹਾਂ ਦੀ ਤਲਾਸ਼ ਕਰਨ ਵਾਲ਼ੀ ਪੰਜਾਬੀ ਜੱਗਪਸਾਰੇ ਦੀ ਨਵੀਂ ਪੀੜ੍ਹੀ ਨੂੰ ਵੀ ਚੰਗੀ ਲੱਗੇਗੀ।
ਗੁਰਵਿੰਦਰ ਸਿੰਘ ਦੀ ਇਹ 68-ਮਿੰਟਾਂ ਦੀ ਫ਼ਿਲਮ ਰੋਪੜ ਦੇ ਢਾਡੀ ਪਾਲੇ ਬਾਰੇ ਹੈ। ਦੁੱਧ-ਧੋਤੇ ਲੀੜੇ ਪਾ ਕੇ ਸ਼ਮਲੇ ਵਾਲ਼ੀ ਹੰਸ ਜਿੱਡੀ ਪੱਗ ਬੰਨ੍ਹ ਕੇ ਪੈਲਾਂ ਪਾਉਂਦੇ, ਗਾਉਂਦੇ ਤੇ ਪਹੁੰਚੀਆਂ ਹੋਈਆਂ ਗੱਲਾਂ ਕਰਦੇ ਪੱਕੇ ਰੰਗ ਦੇ ਪਾਲੇ ਨੂੰ ਦੇਖ ਕੇ ਜੋ ਮਜ਼ਾ ਆਉਂਦਾ ਹੈ, ਉਹ ਲਿਖ ਕੇ ਦੱਸਣਾ ਔਖਾ ਹੈ।
ਫ਼ਿਲਮ ਰਾਜਸਥਾਨ ਦੇ ਗੁੱਗਾ ਮੇੜ੍ਹੀ ਦੇ ਮੇਲੇ ਨੂੰ ਰਾਤ ਵੇਲੇ ਨੱਸੀ ਜਾਂਦੀ ਰੇਲ ਗੱਡੀ ਚੋਂ ਦਿਸਦੇ ਨੌਵੀਂ ਦੇ ਚੰਨ ਦੇ ਹਿੱਲਦੇ ਬਿੰਬਾਂ ਨਾਲ਼ ਸ਼ੁਰੂ ਹੁੰਦੀ ਹੈ। ਪਿਛੋਕੜ ਚ ਗੱਡੀ ਚੱਲਣ ਦੀ ਆਵਾਜ਼ ਆਉਂਦੀ ਹੈ। ਰੇਲ ਦੀ ਏਨੀ ਸੰਗੀਤਕ ਧੁਨੀ ਮੈਂ ਪਹਿਲਾਂ ਕਦੇ ਨਹੀਂ ਸੀ ਸੁਣੀ। ਇਸ ਤੋਂ ਹੀ ਗੁਰਵਿੰਦਰ ਦੀ ਕਾਰੀਗਰੀ ਦੇ ਦਰਸ਼ਨ ਹੋ ਜਾਂਦੇ ਹਨ। ਫ਼ਿਲਮ ਵਿਚ ਪਾਲੱਾ ਅਪਣੇ ਆੜੀਆਂ ਤੂੰਬੇ ਵਾਲ਼ੇ ਸ਼ੇਰ ਖ਼ਾਨ, ਅਲਗ਼ੋਜ਼ਿਆਂ ਵਾਲ਼ੇ ਮਹਿੰਦਰ ਤੇ ਅਮਰ ਗਿਰੀ ਅਤੇ ਢੱਡ ਵਾਲ਼ੇ ਸ਼ੇਰ ਸਿੰਘ ਨਾਲ਼ ਪੰਜ ਥਾਈਂ ਜਾ ਕੇ ਅਪਣੀ ਕਲਾ ਦੇ ਜੌਹਰ ਦਿਖਾਉਂਦਾ ਹੈ: ਗੁੱਗਾ ਮੇੜ੍ਹੀ (ਰਾਜਸਥਾਨ), ਮਾਣਕਪੁਰ ਸ਼ਰੀਫ਼ ਭਵਾਨੀ ਕਲਾਂ, ਫਿਰਨੀ ਮਜਾਰਾ (ਰੋਪੜ), ਘੜਾਮ, ਢੰਡਾਰਸੀ (ਪਟਿਆਲ਼ਾ), ਮੁੂੰਡੀਆਂ (ਫ਼ਤਹਗੜ੍ਹ ਸਾਹਿਬ) ਅਤੇ ਰੋਹੜੂ (ਅੰਬਾਲ਼ਾ)।
ਪਾਲੇ ਦੇ ਗਾਉਣ ਦੇ ਸਰੋਤੇ ਨਿਰੇ ਮਾਣਸ ਹੀ ਨਹੀਂ; ਤਾਰਾਂ ‘ਤੇ ਬੈਠੀਆਂ ਚਿੜੀਆਂ, ਘੁੱਗੀ, ਊਠ, ਕਾਂ, ਬਗਲੇ, ਨਿਸ਼ਾਨ ਸਾਹਬ, ਬਨਸਪਤ ਪੈਲ਼ੀਆਂ ਬੋਹੜ, ਕੁੱਤੇ ਵੀ ਹਨ। ਦਵੈਤ ਕਿਤੇ ਨਹੀਂ ਦਿਸਦੀ। ਗੁਰਵਿੰਦਰ ਨੇ ਇਹ ਦਰਸ਼ਨ ਅਚੇਤ ਜਾਂ ਸਚੇਤ ਜਿਵੇਂ ਵੀ ਕਰਵਾਏ ਹਨ, ਕਮਾਲ ਦੀ ਗੱਲ ਹੈ। ਪਾਲੇ ਦੀਆਂ ਕੀਤੀਆਂ ਗੱਲਾਂ ਕਿਸੇ ‘ਓਸ਼ੋ ਭਗਵਾਨ’ ਦੀਆਂ ਬੇਥਵ੍ਹੀਆਂ ਨਾਲ਼ੋਂ ਸੁੱਚੀਆਂ ਹਨ, ਕਿਉਂਕਿ ਇਹ ਫ਼ਿਲਮ ਵਿਚ ਨਿਰਵਾਣ ਦਾ ਚੂਰਨ ਨਹੀਂ ਵੇਚ ਰਿਹਾ। ਕਹਿੰਦਾ ਹੈ ਮੈਨੂੰ ਗਾਉਣ ਦਾ ‘ਇਸ਼ਕ ਭੂਤਨਾ’ ਚੰਬੜਿਆ ਹੋਇਆ। ਪੁਰਖਿਆਂ ਦੀਆਂ ਚੀਜ਼ਾਂ ਗਾ ਕੇ ਹੰਕਾਰ ਢੈਲ਼ਾ ਹੁੰਦਾ; ਸੂਰਮੇ ਦੀ ਕਥਾ ਨਾਲ਼ ਜੋਸ਼ ਪੈਦਾ ਹੁੰਦਾ; ਅਕਲ ਆਉਂਦੀ।
ਮੈਨੂੰ ਯਕੀਨ ਹੈ, ਜੋ ਵੀ ਗੁਰਵਿੰਦਰ ਸਿੰਘ ਦੀ ਬਣਾਈ ਇਹ ਫ਼ਿਲਮ ਦੇਖੇਗਾ; ਉਹਦਾ ਹੰਕਾਰ ਢੈਲ਼ਾ ਹੋਵੇਗਾ, ਉਹਨੂੰ ਜੋਸ਼ ਚੜ੍ਹੇਗਾ ਅਤੇ ਪਤਾ ਲੱਗੇਗਾ ਕਿ ਸਾਡਾ ਵਿਰਸਾ ਕਿੰਨਾ ਅਮੀਰ ਹੈ ਅਤੇ ਪਾਲੇ ਵਰਗੇ ਇਹਦੇ ਲੱਜਪਾਲ ਕਿੰਨੇ ਪਿਆਰੇ ਜੀਉੜੇ ਹਨ। ਅ. ਚੰ.
Kissa Punjab Field Recordings of Popular Legends of Punjab. Underscore Records. 2004. Rs 300/- Pala a film by Gurvinder Singh. 68 minutes. Punjabi with English sub-titles by Madan Gopal Singh. 2005. E: gurvindarsingh@gmail.com