ਰਚੇਤਾ. ਤੇਜਵੰਤ ਸਿੰਘ ਗਿੱਲ
ਪ੍ਰਕਾਸ਼ਕ : ਪਬਲੀਕੇਸ਼ਨ ਬਿਊਰੋ
ਪੰਜਾਬੀ ਯੂਨੀਵਰਸਿਟੀ, ਪਟਿਆਲਾ
ਸਿੱਖ ਪਿਤਾ ਅਤੇ ਹੰਗੇਰੀਅਨ ਮਾਂ ਦੀ ਜਾਈ ਚਿੱਤਰਕਾਰ ਅੰਮ੍ਰਿਤਾ ਸ਼ੇਰਗਿੱਲ (30 ਜਨਵਰੀ 1913-5 ਦਿਸੰਬਰ 1941) ਨੇ ਭਾਰਤ ਵਿਚ ਆਧੁਨਿਕ ਕਲਾ ਦਾ ਮੁੱਢ ਬੰਨਿ੍ਹਆ. ਉਹ ਪਹਿਲੀ ਭਾਰਤੀ ਕਲਾਕਾਰ ਸੀ ਜਿਸਨੇ ਪੈਰਿਸ ਦੀ ਉੱਘੀ ਕਲਾ ਸੰਸਥਾ (ਓਚੋਲੲ ਦੲਸ ਭੲਅੁਣ ੳਰਟਸ) ਤੋਂ ਵਿਧੀਵਤ ਚਿੱਤਰਕਲਾ ਦੀ ਸਿਖਿਆ ਗ੍ਰਹਿਣ ਕੀਤੀ। ਸਿਖਿਆ ਪੂਰੀ ਕਰਨ ਉਪਰੰਤ ਉਸ ਨੂੰ ਮਹਿਸੂਸ ਹੋਇਆ ਕਿ ਚਿੱਤਰਕਾਰ ਦੇ ਤੌਰ ‘ਤੇ ਉਸਦੀ ਕਰਮ-ਭੂਮੀ ਯੂਰਪ ਨਹੀਂ ਸਗੋਂ ਭਾਰਤ ਹੈ ਜਿਸ ਦਾ ਜ਼ਿਕਰ ਉਸਨੇ ਅਪਣੇ ਇਕ ਲੇਖ ਵਿਚ ਇਸ ਤਰਾਂ ਕੀਤਾ ਹੈ:
“1933 ਦੇ ਖ਼ਤਮ ਹੋਣ ਵੇਲੇ ਮੈਨੂੰ ਭਾਰਤ ਪਰਤ ਜਾਣ ਦੀ ਤੀਖਣ ਲਾਲਸਾ ਨੇ ਬੇਚੈਨ ਕਰਨਾ ਸ਼ੁਰੂ ਕਰ ਦਿੱਤਾ। ਅਜੀਬ ਜਿਹੇ ਰਹੱਸ ਨੇ, ਜਿਸਨੂੰ ਬਿਆਨ ਨਹੀਂ ਕੀਤਾ ਸਕਦਾ, ਮੈਨੂੰ ਇਹ ਮਹਿਸੂਸ ਕਰਨ ਲਾ ਦਿੱਤਾ ਕਿ ਚਿੱਤਰਕਾਰ ਦੇ ਤੌਰ ‘ਤੇ ਉਹੀ ਮੇਰੀ ਹੋਣੀ ਦਾ ਸਥਲ ਸੀ.” ਸ਼ਾਇਦ ਅਜਿਹਾ ਹੀ ਅਹਿਸਾਸ ਚਾਰ ‘ਕੁ ਦਹਾਕੇ ਪਹਿਲਾਂ ਚਿੱਤਰਕਾਰ ਪਾਲ ਗੈਗੂਨ (ਫਅੁਲ ਘਅੁਗਨਿ) ਨੂੰ ਹੋਇਆ ਸੀ ਜਦ ਉਹ ਪੈਰਿਸ ਦਾ ਤੜਕ-ਭੜਕ ਭਰਿਆ ਜੀਵਨ ਛੱਡ ਕੇ ਸਦਾ ਲਈ ਦੂਰ-ਦੁਰਾਡੇ ਟਾਪੂ ਤਾਹਿੱਤੀ ਦੇ ਆਦਿਵਾਸੀ ਲੋਕਾਂ ਵਿਚ ਜਾ ਵਸਿਆ ਸੀ। ਅੰਮ੍ਰਿਤਾ ਦੀ ਰੰਗਾਂ ਦੀ ਵਰਤੋਂ ਵੇਖ ਕੇ ਉਸ ਦੇ ਅਧਿਆਪਕ ਪ੍ਰੌਫੈਸਰ ਲੂਸੀਅਨ ਸਾਈਮੋਨ ਨੇ ਵੀ ਇਹੋ ਸੁਝਾਅ ਦਿੱਤਾ ਸੀ ਕਿ ਪੱਛਮ ਦੇ ਬੇਰੰਗ ਸਟੂਡੀਓ ਉਸ ਨੂੰ ਰਾਸ ਨਹੀਂ ਆਉਣੇ ਅਤੇ ਉਸ ਲਈ ਪੂਰਬ ਦੇ ਰੰਗ ਅਤੇ ਰੋਸ਼ਨੀ ਵਧੇਰੇ ਉਪਯੁਕਤ ਹੋਣਗੇ।
ਭਾਰਤ ਆ ਕੇ ਅਗਲੇ ਅੱਠ ਸਾਲਾਂ ਵਿਚ ਅੰਮ੍ਰਿਤਾ ਨੇ ਜੋ ਕੈਨਵਸ ਪੇਂਟ ਕੀਤੇ ਉਹ ਲਾਸਾਨੀ ਹਨ। ਭਾਵੇਂ ਕੁਦਰਤ ਨੇ ਇਸ ਕਲਾਕਾਰ ਨੂੰ ਬਹੁਤ ਥੋਹੜਾ ਜੀਵਨ ਕਾਲ ਦਿੱਤਾ ਪਰ ਇਸ ਥੋਹੜੇ ਸਮੇਂ ਵਿਚ ਹੀ ਉਸਨੇ ਭਾਰਤ ਦੀ ਆਮ ਲੋਕਾਈ ਨੂੰ ਅਪਣੇ ਚਿੱਤਰਾਂ ਦਾ ਵਿਸ਼ਾ ਬਣਾਕੇ ਮੁਲਕ ਦੀ ਚਿੱਤਰਕਲਾ ਨੂੰ ਨਵਾਂ ਮੋੜ ਦੇ ਦਿੱਤਾ। ਉਸ ਦੇ ਚਿੱਤਰਾਂ ਵਿਚ ਭਾਰਤੀ ਜਨ-ਜੀਵਨ ਦੀ ਰੂਹ ਧੜਕਦੀ ਹੈ। (ਅੰਮ੍ਰਿਤਾ ਦੇ ਅਨੇਕਾਂ ਅਸਲ ਚਿੱਤਰ ਦਿੱਲੀ ਦੀ ਨੇਸ਼ਨਲ ਗੈਲਰੀ ਆਵ ਮਾਡਰਨ ਆਰਟ ਵਿਖੇ ਵੇਖੇ ਜਾ ਸਕਦੇ ਹਨ ਜਿੱਥੇ ਇਕ ਪੂਰਾ ਸੈਕਸ਼ਨ ਉਸ ਦੇ ਚਿੱਤਰਾਂ ਨੂੰ ਸਮਰਪਿਤ ਹੈ)
ਡਾ. ਤੇਜਵੰਤ ਸਿੰਘ ਗਿੱਲ ਨੇ ਅੰਮ੍ਰਿਤਾ ਸ਼ੇਰਗਿੱਲ ਦੇ ਜੀਵਨ ਸਫ਼ਰ ਅਤੇ ਕਲਾ ‘ਤੇ ਆਧਾਰਿਤ ਕਿਤਾਬ “ਅੰਮ੍ਰਿਤਾ ਸ਼ੇਰਗਿੱਲ: ਜੀਵਨ ਅਤੇ ਕਲਾ” ਪੰਜਾਬੀ ਦੇ ਪਾਠਕਾਂ ਸਨਮੁਖ ਪੇਸ਼ ਕੀਤੀ ਹੈ। 23 ਚੈਪਟਰਜ਼ ਵਿਚ ਫੈਲਿਆ ਟੈਕਸਟ ਇਸ ਕਲਾਕਾਰ ਦੇ ਨਾਨਕਾ ਦਾਦਕਾ ਪਿਛੋਕੜ ਤੋਂ ਲੈ ਕੇ ਦਿਹਾਂਤ ਤੀਕ, ਜੀਵਨ ਦੇ ਹਰ ਪਹਿਲੂ ‘ਤੇ ਰੋਸ਼ਨੀ ਪਾਉਂਦਾ ਹੈ। ਲੇਖਕ ਨੇ ਥਾਂ ਥਾਂ ‘ਤੇ ਕਲਾਕਾਰ ਦੇ ਅਨੇਕਾਂ ਚਿੱਤਰਾਂ ਦਾ ਵਿਸ਼ਲੇਸ਼ਣ ਵੀ ਕੀਤਾ ਹੈ। ਇਕ ਚੈਪਟਰ ਵਿਚ ਲੇਖਕ ਨੇ ਅੰਮ੍ਰਿਤਾ ਦੇ ਜੀਵਨ ਅਤੇ ਕਲਾ ਦੀ ਤੁਲਨਾ ਮੈਕਸੀਕਨ ਪੇਂਟਰ ਫਰੀਦਾ ਕੱਹਲੋ (1907-54) ਦੀ ਜ਼ਿੰਦਗੀ ਅਤੇ ਕਲਾ ਨਾਲ ਕੀਤੀ ਹੈ। 22ਵੇਂ ਚੈਪਟਰ ਵਿਚ ਕਲਾਕਾਰ ਬਾਰੇ ਹੁਣ ਤੀਕ ਜੋ ਕੁਝ ਅੰਗ੍ਰੇਜ਼ੀ ਅਤੇ ਪੰਜਾਬੀ ਵਿਚ ਲਿਖਿਆ ਗਿਆ ਹੈ, ਉਸ ਦੀ ਪੜਚੋਲ ਹੈ। ਅਤੇ ਅੰਤਿਕਾ ਵਿਚ ਅੰਮ੍ਰਿਤਾ ਦੀ ਡਾਇਰੀ ਦਾ ਸਫਾ, ਅਪਣੇ ਮਾਤਾ-ਪਿਤਾ, ਭੈਣ ਇੰਦਰਾ, ਕਲਾ ਸਮੀਖਿਅਕ ਕਾਰਲ ਖੰਡਾਲਵਾਲਾ ਅਤੇ ਦੋਸਤ ਹੈਲਨ ਨੂੰ ਲਿਖੇ ਖ਼ਤ ਅਤੇ ਉਸਦਾ ਅਪਣੀ ਕਲਾ ਬਾਰੇ ਲੇਖ ਦਾ ਅਨੁਵਾਦ ਸ਼ਾਮਿਲ ਹੈ। ਇਹ ਸਾਰੀ ਸਾਮਗਰੀ ਕਿਤਾਬ ਨੂੰ ਮਹੱਤਵਪੂਰਣ ਦਸਤਾਵੇਜ਼ ਬਣਾ ਦਿੰਦੀ ਹੈ।
ਕਿਤਾਬ ਵਿਚ ਕੁਝ ਉਕਾਈਆਂ ਵੀ ਹਨ। ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਭਾਸ਼ਾ ਵਿਭਾਗ ਵੱਲੋਂ ਛਪੀ ਹੋਣ ਦੇ ਬਾਵਜ਼ੂਦ ਛਪਾਈ ਦੀਆਂ ਅਨੇਕਾਂ ਗ਼ਲਤੀਆਂ ਹਨ। ਉਦਾਹਰਣ ਦੇ ਤੌਰ ਤੇ ਸਫਾ 7 ‘ਤੇ 13ਵੀਂ ਲਾਈਨ ਵਿਚ ਮਾਰੀ ਆਂਤੂਆਨੱਤ ਨੂੰ ਕੁਝ ਸ਼ਬਦਾਂ ਬਾਅਦ ਹੀ ‘ਮੇਰੀ’ ਲਿਖਿਆ ਹੈ। ਪੰਜ ਲਾਈਨਾਂ ਬਾਅਦ ਹੀ ‘ਪਿਆਨੋ’ ਨੂੰ ਪਿਅਨੋ’ ਲਿਖਿਆ ਹੈ।
ਅੰਗ੍ਰੇਜ਼ੀ ਦੇ ਵਧੀਆ ਪ੍ਰਕਾਸ਼ਕਾਂ ਕੋਲ ਸੰਪਾਦਕ ਵੀ ਹੁੰਦੇ ਹਨ। ਵੱਡੇ ਤੋਂ ਵੱਡੇ ਲੇਖਕ ਦੀ ਰਚਨਾ ਨੂੰ ਵੀ ਮਾਹਿਰ ਸੰਪਾਦਕ ਸੋਧਦੇ ਹਨ ਅਤੇ ਸਿਰਜਨਾਤਮਕ ਲੇਖਕ ਵੱਲੋਂ ਰਹਿ ਗਈਆਂ ਉੇਕਾਈਆਂ ਵੱਲ ਧਿਆਨ ਦਿਵਾਉਂਦੇ ਹਨ. ਪਰ ਪੰਜਾਬੀ ਵਿਚ ਅਜੇਹੀ ਕੋਈ ਪਰੰਪਰਾ ਨਹੀਂ ਹੈ ਜਿਸ ਕਾਰਣ ਸਾਡੀਆਂ ਕਿਤਾਬਾਂ ਵਿਚ ਅਨੇਕਾਂ ਨੁਕਸ ਰਹਿ ਹੀ ਜਾਂਦੇ ਹਨ, ਜਿਵੇਂ ਹਥਲੀ ਕਿਤਾਬ ਵਿੱਚ ਕਈ ਥਾਂਈਂ ਦੁਹਰਾਅ ਹੈ – ਸਫਾ 20 ‘ਤੇ ਦਰਜ ਹੈ:”ਉਮਰਾਉ ਸਿੰਘ ਨੇ ਫ਼ਕੀਰਾਨਾ ਚੋਗਾ ਪਹਿਨਣਾ ਸ਼ੁਰੂ ਕਰ ਦਿੱਤਾ ਜਿਸਦਾ ਆਵੇਸ਼ ਉਸਨੂੰ ਜਗਤ ਪ੍ਰਸਿੱਧ ਰੂਸੀ ਲੇਖਕ ਲਿਉ ਤਾਲਸਤਾਏ ਤੋਂ ਹੋਇਆ”। ਸਫਾ 24 ‘ਤੇ ਫੇਰ ਲਿਖਿਆ ਹੈ ਕਿ “ਇਸ ਪ੍ਰਕਾਰ ਦੀ ਸੂਰਤ ਬਣਾ ਰੱਖਣ ਦੀ ਪ੍ਰੇਰਣਾ ਉਸ ਨੂੰ ਰੂਸ ਦੇ ਮਹਾਨ ਸਾਹਿਤਕਾਰ ਲਿਉ ਤਾਲਸਤਾਏ ਤੋਂ ਮਿਲੀ ਸੀ।” ਇਸੇ ਤਰਾਂ ਯੂਸਫ ਅਲੀ ਖਾਂ ਬਾਰੇ ਵੀ ਸਫਾ 32 ਅਤੇ 61 ‘ਤੇ ਇਸ ਗੱਲ ਦਾ ਦੁਹਰਾਅ ਹੈ ਕਿ ਮੁਸਲਮਾਨ ਹੋਣ ਕਾਰਣ ਉਸਨੇ ਹੋਰ ਬੀਵੀਆਂ ਲੈ ਆਉਣੀਆਂ ਸਨ। ਸਫਾ 45 ‘ਤੇ ਦਰਜ “ਸੀਜ਼ਾਨ ਦਾ ਤਾਹਿੱਤੀ ਦੀਆਂ ਮੁਟਿਆਰਾਂ ਪ੍ਰਤੀ ਰਵੱਈਆ” ਸ਼ਾਇਦ ” ਗੈਗੂਨ ਦਾ ਤਾਹਿੱਤੀ ਦੀਆਂ ਮੁਟਿਆਰਾਂ ਪ੍ਰਤੀ ਰਵੱਈਆ” ਹੋਣਾ ਚਾਹੀਦਾ ਸੀ। ਅਜੇਹੀਆਂ ਗਲਤੀਆਂ ਸੰਪਾਦਕ ਦੂਰ ਕਰਦੇ ਹਨ।
ਕਲਾ-ਸ਼ੈਲੀਆਂ ਦੇ ਨਾਂ ਪੰਜਾਬੀ ਅਨੁਵਾਦਾਂ ਦੇ ਨਾਲ ਨਾਲ ਅੰਗ੍ਰੇਜ਼ੀ ਵਿਚ ਅਸਲ ਨਾਂ ਵੀ ਦਿੱਤੇ ਜਾਂਦੇ ਤਾਂ ਬੇਹਤਰ ਹੁੰਦਾ ਕਿਉਂਕਿ ਅਨੁਵਾਦ ਵਿਚ ਕਈ ਨਾਂ ਪਛਾਣੇ ਨਹੀਂ ਜਾਂਦੇ। ਉਦਾਹਰਣ ਦੇ ਤੌਰ ‘ਤੇ ਸਫਾ 38 ‘ਤੇ ਦਰਜ “ਤਿਕੋਣਵਾਦ” ਚੱਕਰ ਵਿਚ ਪਾ ਦਿੰਦਾ ਹੈ।ਸ਼ਇਦ ਲੇਖਕ ਦਾ ਮਨਸ਼ਾ ‘ਕਯੂਬਿਜ਼ਮ’ ਹੈ, ਜਿਸ ਲਈ ‘ਘਣਵਾਦ’ ਬੇਹਤਰ ਅਤੇ ਸਵੀਕਾਰਤ ਸ਼ਬਦ ਹੈ। ਇਸੇ ਤਰਾਂ ਵਿਦੇਸ਼ੀ ਕਲਾਕਾਰਾਂ ਦੇ ਨਾਂ ਵੀ ਪੰਜਾਬੀ ਦੇ ਨਾਲ ਅੰਗ੍ਰੇਜ਼ੀ ਵਿਚ ਦਿੱਤੇ ਜਾਣੇ ਚਾਹੀਦੇ ਸਨ ਕਿਉਂਕਿ ਸਾਨੂੰ ਬਹੁਤ ਘੱਟ ਕਲਾਕਾਰਾਂ ਦੇ ਨਾਵਾਂ ਦਾ ਸਹੀ ਉਚਾਰਣ ਪਤਾ ਹੈ। ਮੈਂ ਬਹੁਤ ਅਰਸਾ ਅੰਗੇ੍ਰਜ਼ੀ ਸਪੈਲਿੰਗਜ਼ ਕਾਰਣ ਨਾਂ ‘ਪਾਲ ਗਾਗਿਨ’ ਪੜ੍ਹਦਾ ਰਿਹਾ ਫੇਰ ਡਾ. ਐਚ. ਕੇ. ਮਨਮੋਹਨ ਸਿੰਘ ਹੋਰਾਂ ਤੋਂ ਪਤਾ ਲੱਗਾ ਕਿ ਸਹੀ ਉਚਾਰਣ ‘ਪਾਲ ਗੌਗੇਂ’ ਹੈ। ਹੁਣ ਗਿੱਲ ਸਾਹਿਬ ਮੁਤਾਬਿਕ ਇਹ “ਗੈਗੂਨ” ਹੈ. ਇਹ ਵੀ ਨਹੀਂ ਪੱਕਾ ਕਿ ਇਹ ਉਚਾਰਣ ਵੀ ਪੂਰੀ ਤਰ੍ਹਾਂ ਠੀਕ ਹੈ ਕਿ ਨਹੀਂ.
ਡਾ. ਗਿੱਲ ਦੀ ਭਾਸ਼ਾ ਵਿਚ ਰਵਾਨਗੀ ਦੀ ਘਾਟ ਵੀ ਰੜਕਦੀ ਹੈ। ਸਾਰੀ ਕਿਤਾਬ ਵਿਚ ਸ਼ਬਦ ‘ਭਾਰਤਵਰਸ਼’ ਵਰਤਿਆ ਗਿਆ ਹੈ ਜੋ ਕੁਝ ਭਾਰਾ ਜਿਹਾ ਲਗਦਾ ਹੈ। ਕੀ ‘ਭਾਰਤ’ ਕਾਫੀ ਨਹੀਂ ਸੀ? ਇਸੇ ਤਰ੍ਹਾਂ ਵਾਕਾਂਸ਼ ‘ਵੱਢੀ ਟੁੱਕੀ ਭਾਵੀ’ ਕਿਸੇ ਅੰਗ੍ਰੇਜ਼ੀ ਫਰੇਜ਼ ਦਾ ਖੁਸ਼ਕ ਜਿਹਾ ਅਨੁਵਾਦ ਹੈ ਜਿਸਦਾ ਅਰਥ ਸੌਖਿਆਂ ਪੱਲੇ ਨਹੀ ਪੈਂਦਾ।
ਅੰਗ੍ਰੇਜ਼ੀ ਵਿਚ ਕਲਾਕਾਰਾਂ ਦੀਆਂ ਜੀਵਨੀਆਂ ਲਿਖਣ ਦੀ ਨਿੱਗਰ ਪਰੰਪਰਾ ਹੈ ਅਤੇ ਇਰਵਿੰਗ ਸਟੋਨ ਦੀ ਲਸਟ ਫਾਰ ਲਾਈਫ (ਡੱਚ ਚਿੱਤਰਕਾਰ ਵਾਨ ਗੌਗ ਦੀ ਜੀਵਨੀ), ਅਤੇ ਐਗਨੀ ਐਂਡ ਦਾ ਐਕਸਟਸੀ (ਮੂਰਤੀਕਾਰ ਅਤੇ ਚਿੱਤਰਕਾਰ ਮਾਈਕਲਐਂਜਲੋ ਦੀ ਜੀਵਨੀ) ਵਿਸ਼ਵ ਪ੍ਰਸਿੱਧ ਕਲਾਸਿਕ ਰਚਨਾਵਾਂ ਹਨ। ਪੰਜਾਬੀ ਭਾਸ਼ਾ ਵਿਚ ਡਾ. ਗਿੱਲ ਦੀ ਕਿਤਾਬ ਨਵੀਂ ਸ਼ੁਰੂਆਤ ਹੈ। ਉਹਨਾਂ ਨੇ ਕਿਤਾਬ ਨੂੰ ਅੰਮ੍ਰਿਤਾ ਸ਼ੇਰਗਿੱਲ ਦੀ ਮਿਆਰੀ ਜੀਵਨੀ ਬਣਾਉਣ ਵਿਚ ਆਪਣੇ ਵੱਲੋਂ ਕੋਈ ਕਸਰ ਨਹੀਂ ਛੱਡੀ। ਅੰਗ੍ਰੇਜ਼ੀ ਵਿਚ ਅੰਮ੍ਰਿਤਾ ਦੀਆਂ ਦੋ ਜੀਵਨੀਆਂ ਛਪ ਚੁੱਕੀਆਂ ਹਨ-ਪਹਿਲੀ ਐਨ. ਇਕਬਾਲ ਸਿੰਘ ਦੀ ਲਿਖੀ (1984) ਅਤੇ ਦੂਜੀ ਯਸ਼ੋਧਰਾ ਡਾਲਮੀਆ (2006) ਦੀ ਲਿਖੀ। ਪਰ ਹੈਰਾਨੀ ਦੀ ਗੱਲ ਹੈ ਕਿ ਇਸ ਪੰਜਾਬਣ ਕਲਾਕਾਰ ਦੀ ਜੀਵਨੀ ਨੂੰ ਪੰਜਾਬੀ ਸ਼ਬਦਾਂ ਦਾ ਜਾਮਾ ਉਸ ਦੀ ਮ੍ਰਿਤੁ ਦੇ 67 ਸਾਲ ਬਾਅਦ ਮਿਲ ਸਕਿਆ।
ਉਂਜ ਤਾਂ ਕਿਤਾਬ ਦੀ ਕੀਮਤ 360 ਰੁਪਏ ਵੀ ਬਹੁਤੀ ਨਹੀਂ ਹੈ ਪਰ ਯੂਨੀਵਰਸਿਟੀ ਤੋਂ ਇਹ ਕਿਤਾਬ ਅੱਧੇ ਮੁੱਲ ‘ਤੇ ਵੀ ਮਿਲ ਸਕਦੀ ਹੈ।
–ਸੁਭਾਸ਼ ਪਰਿਹਾਰ