ਬਦਲੀ ਹੋਈ ਸੋਚ ਦੀ ਸ਼ਾਇਰੀ
ਪੰਜਾਬੀ ਸਾਹਿਤ ਜਗਤ ਵਿਚ ਅਮਰਜੀਤ ਚੰਦਨ ਕੋਈ ਜਾਣ-ਪਛਾਣ ਦਾ ਮੁਹਤਾਜ ਨਹੀਂ। ਇਹਨੇ 1970ਵਿਆਂ ਦੇ ਸ਼ੁਰੂ ਵਿਚ ਖੱਬੀ-ਅੱਤਵਾਦੀ ਨਕਸਲੀ ਲਹਿਰ ਦੇ ਸਾਹਿਤਕ ਤੇ ਸਿਆਸੀ ਪਰਚੇ ਕੱਢੇ ਸੀ। ਇਹ ਸੰਖੇਪ ਜਿਹੀ ਸੂਚਨਾ ਤਾਂ ਪ੍ਰਕਾਸ਼ਕ ਨੇ ਦਿੱਤੀ ਹੈ, ਪਰ ਪੁਸਤਕ ਦੇ ਅਖ਼ੀਰ ਵਿਚ ਲੇਖਕ ਨੇ ‘ਕੁਝ ਆਪਣੇ ਬਾਰੇ’ ਵਿਚ ਲਿਖਿਆ ਹੈ, “ਵੀਹਵੀਂ ਸਦੀ ਦੇ ਜੁਝਾਰ ਦੌਰ ਦਾ ਮੁੱਢ ਦਸਤਾਵੇਜ਼ ਪਰਚੇ ਨਾਲ਼ ਬੱਝਾ ਸੀ, ਜੋ ਮੈਂ ਕੱਢਦਾ ਹੁੰਦਾ ਸੀ। ਲੋਕ ਨਕਸਲੀ ਲਹਿਰ ਦੇ ਆਗੂਆਂ ਨਾਲ਼ੋਂ ਇਹ ਦੇ ਕਵੀਆਂ ਨੂੰ ਵੱਧ ਜਾਣਦੇ ਸਨ। ਇਸ ਭੀੜ ਵਿਚ ਵੀ ਮੈਂ ਇਕੱਲਾ ਹੀ ਰਿਹਾ।’’ ਉਸ ਦੌਰ ਵਿਚ ਅਮਰਜੀਤ ਚੰਦਨ ਨੇ ਲਿਖਿਆ ਸੀ :
ਉਹ ਆ ਰਿਹਾ ਹੈ, ਉਹ ਆਵੇਗਾ,
ਉਸਦੇ ਹੱਥ ਵਿਚ ਬੰਦੂਕ ਹੋਵੇਗੀ
ਜਿਸਨੂੰ ਉਹ ਮਧੁਰ ਰਾਗਨੀਆਂ ਦਾ ਸਾਜ਼ ਕਹਿੰਦਾ ਹੈ।
ਪਰ ਹਾਲਾਤ ਦੀ ਸਿਤਮਜ਼ਰੀਫ਼ੀ ਦੇਖੋ ਕਿ ”ਉਹ’’ ਨਹੀਂ ਆਇਆ ਅਤੇ ਅੰਨਜਲ ਅਮਰਜੀਤ ਚੰਦਨ ਨੂੰ ਲੰਦਨ ਲੈ ਗਿਆ ਅਤੇ ਉੱਥੇ ਜਾ ਕੇ ਉਸਦੇ ਵਿਚਾਰਾਂ ਵਿਚ ਹੈਰਾਨਕੁਨ ਤਬਦੀਲੀ ਆ ਗਈ ਹੈ। ਹੁਣ ਉਸ ਨੂੰ ‘ਵਲਾਇਤੀ ਪੰਜਾਬੀ ਸ਼ਾਇਰਾਂ ਦੇ ਚਹੇਤੇ ਵਿਸ਼ੇ ਗੋਰਾ ਨਸਲਵਾਦ ਤੇ ਕਿਰਤੀ ਦੀ ਪੂੰਜੀਵਾਦੀ ਲੁੱਟ’ ਨਜ਼ਰ ਨਹੀਂ ਆਉਂਦੀ। ਉਸ ਅਨੁਸਾਰ, ‘ਇਹ ਮੇਰੇ ਸਿੱਧੇ ਤਜਰਬੇ ਵਿਚ ਸ਼ਾਮਲ ਨਹੀਂ ਹਨ।’ ਇਸੇ ਲਈ ਉਹ ਹੁਣ ”ਖੜਤਾਲਾਂ ਵਾਲ਼ਾ ਬਾਂਦਰ’’ ਜਿਹੀ ਕਵਿਤਾ ਲਿਖਦਾ ਹੈ, ਇਹ ਕਵਿਤਾ ਉਸਦੇ ਸੱਜਰੇ ਵਲਾਇਤੀ ਅਨੁਭਵ ਦੀ ਤਰਜਮਾਨੀ ਕਰਦੀ ਹੈ। ਕਵਿਤਾ ਏਨੀ ਸਰਲ ਹੈ ਕਿ ਪਾਠਕ ਨੂੰ ਸਮਝਣ ਵਿਚ ਜ਼ਰਾ ਜਿੰਨੀ ਵੀ ਦਿੱਕਤ ਨਹੀਂ ਹੁੰਦੀ।
ਗੁੰਮ ਹੈ ਗੁੰਮ ਹੈ
ਇਕ ਬਾਂਦਰ ਜਿਸਦਾ ਨਾਂ ਬਲੂਰਾ
ਗੁੰਮ ਹੈ
ਆਦਮ ਬਾਵਾ ਚੇਤੇ ਆਵੇ
ਕਦ ਸੀ ਵਿਛੜੇ ਹੋ ਗਏ ਜੁਗੜੇ
ਆੜੀ ਮੇਰਾ ਨਾਲ ਸੀ ਰਹਿੰਦਾ
ਸਕੂਲ ਦੇ ਬਸਤੇ
ਘਰ ਦੀ ਨੁੱਕਰੇ ਸੌਂਦਾ ਵੀ ਤਾਂ ਜਾਗਦਾ ਲਗਦਾ
ਚਾਬੀ ਦੇਣੀ
ਨੱਚਣ ਲੱਗਣਾ ਖੜਤਾਲਾਂ ਦੀ ਤਾਲ ਅਨੋਖੀ
ਮੈਂ ਸੋਚਣਾ ਬਾਂਦਰ ਬੂਥੀ ਕਰੀ ਕੀ ਜਾਂਦੀ
ਬਣਿਆ ਠਣਿਆ ਪੀਲੀ ਵਾਸਕਟ
ਲਾਲ ਕਛਿਹਰਾ
ਲਗਦਾ ਸ਼ੂਕਾ ਬੜਾ ਰੌਣਕੀ
ਉਹਦਾ ਕਿਸੇ ਨੂੰ ਪਤਾ ਹੋਵੇ ਤਾਂ ਦੱਸੇ
ਜਾਂ ਉਹ ਆਪ ਹੀ ਸੁਣਦਾ ਹੋਵੇ
ਮੁੜ ਆਏ ਜਾਂ ਫ਼ੋਨ ਕਰੇ
ਅਗਲੇ ਦਾ ਉਸ ਪੁੱਛਣਾ ਤਾਂ ਨਹੀਂ
ਅਪਣਾ ਹਾਲ ਤਾਂ ਦੱਸੇ।
ਇਸ ਪੁਸਤਕ ਵਿਚ ਇਸ ਰੰਗ ਵਿਚ ਰੰਗੀਆਂ ਬੇਸ਼ੁਮਾਰ ਕਵਿਤਾਵਾਂ ਹਨ। ਇਹਨਾਂ ਕਵਿਤਾਵਾਂ ਵਿਚੋਂ ਸਮਾਜਿਕ ਸਰੋਕਾਰ ਇਕ ਸਿਰੇ ਤੋਂ ਗ਼ਾਇਬ ਹੈ। ਇਕ ਹੋਰ ਕਵਿਤਾ ਦੇਖੋ।
ਸੱਤਾਂ ਪਰਦਿਆਂ ਵਿਚ
ਦਿਨ ਦੇ ਹਨੇਰੇ ਵਿਚ
ਅੰਬਾਂ ਦੀ ਪੈਲ ਪੈ ਰਹੀ ਹੈ …
ਅੰਬ ਪੈਲ ਪਾ ਰਹੇ ਹਨ
ਮਿੱਟੀ ਨੂੰ ਰੁੱਖ ਨੂੰ ਯਾਦ ਕਰਦਾ
ਸਵਾਦ ਪੱਕ ਰਿਹਾ ਹੈ
ਅੰਬ ਹੌਲ਼ੀ-ਹੌਲ਼ੀ ਰਸਣ ਲੱਗੇ ਹਨ
ਪਰਦੇਸੀਆਂ ਦੀ ਉਡੀਕ ਵਿਚ
ਅਮਰਜੀਤ ਚੰਦਨ ਅਨੁਸਾਰ ‘ਬੜਾ ਮੁੱਲ ਤਾਰ ਕੇ ਪਤਾ ਲੱਗਾ ਕਿ ਤਰੱਕੀਪਸੰਦ ਕਵਿਤਾ ਦੀ ਰੀਤ ਨੂੰ ਪੰਜਾਬੀ ਲਿਖਾਰੀਆਂ ਨੇ ਪੂਰੀ ਤਰ੍ਹਾਂ ਜਾਣਿਆ ਨਹੀਂ।’ ਹੁਣ ਅਮਰਜੀਤ ਚੰਦਨ ਅਨੁਸਾਰ ਉਹ ‘ਗੁਰਬਾਣੀ, ਸੂਫ਼ੀਬਾਣੀ ਦੀ ਇਨਸਾਨਦੋਸਤ ਸੋਚ ਨੂੰ ਅਗਾਂਹ ਖੜਨ ਵਾਲੀ ਤਰੱਕੀਪਸੰਦ ਕਵਿਤਾ ਦੀ ਰੀਤ ਦਾ ਕਵੀ ਹੈ।’ ਸ਼ਾਇਦ ਇਸੇ ਕਰਕੇ ਉਸ ਨੇ ਢੇਰ ਸਾਰੀਆਂ ਕਵਿਤਾਵਾਂ ਸੂਫ਼ੀਆਂ ਦੇ ਕਲਾਮ ਦੀ ਰੀਸੇ ਲਿਖੀਆਂ ਹਨ :
ਮਾਏ ਨੀ ਮੈਂਤੋਂ ਕੱਤਿਆ ਮੂਲ ਨਾ ਜਾਏ
ਚੰਨਣ ਚਰਖਾ ਵਿਹੜੇ ਖੜਿਆ
ਤੰਦ ਕੱਢਣੇ ਦਾ ਚੱਜ ਨਾ ਜੁੜਿਆ
ਦਿਲ ਦੇ ਅੰਦਰ ਮੋਰ ਕੂਕਦਾ
ਦੱਸਿਆ ਮੂਲ ਨਾ ਜਾਏ
ਮਾਏ ਨੀ ਮੈਤੋਂ ਕੱਤਿਆ ਮੂਲ ਨਾ ਜਾਏ
ਰੋਗ ਅਵੱਲੜਾ ਉਮਰ ਅਵਾਣੀ
ਭਾਂਡਾ ਕੱਚੜਾ ਗਲ ਗਲ ਪਾਣੀ
ਕੱਪਰ ਛੱਲਾਂ ਅੱਗ ਦੀਆਂ ਨਦੀਆਂ
ਤਰਿਆ ਮੂਲ ਨਾ ਜਾਏ।
ਮਾਏ ਨੀ ਮੈਤੋਂ ਕੱਤਿਆ ਮੂਲ ਨਾ ਜਾਏ
ਇਸੇ ਸੂਫ਼ੀਵਾਦ ਦੇ ਪ੍ਰਭਾਵ ਅਧੀਨ ਉਸ ਨੇ ਅਪਣੇ ਦੋਸਤ ਪਾਸ਼ ਨੂੰ ਯਾਦ ਕਰਦਿਆਂ ਨਿਮਨ-ਲਿਖਤ ਕਵਿਤਾ ਲਿਖੀ ਹੈ। ਇਹ ਕਵਿਤਾ ਉਸ ਦੀ ਬਦਲੀ ਹੋਈ ਮਾਨਸਿਕਤਾ ਦਾ ਪ੍ਰਮਾਣ ਹੈ।
ਚੰਗਾ ਹੋਇਆ ਮਿੱਤਰਾ
ਤੇਰੀ ਝੱਟ ਖਲਾਸੀ ਹੋਈ
ਮਨ ਦੀ ਸੱਖਣ ਜੇ ਤੂੰ ਭਰਦਾ, ਕਿੰਨੀ ਭਰਦਾ?
ਮੈਂ ਜਾਣਾ ਤੂੰ ਦੁੱਖ ਜੀਉਂਦਾ ਸੀ
ਕਿਉਂ ਲਿਖਦਾ ਨਹੀਂ ਸੀ
ਤੂੰ ਕਿਉਂ ਸਿਖਰ ਦੁਪਹਿਰੇ ਸੁੱਤਾ
ਤੂੰ ਕਿਹੜਾ ਸੁਪਨਾ ਤੱਕਣਾ ਸੀ,
ਚੰਗਾ ਹੈ, ਸੁਪਨੇ ਦੇ ਮਰ ਜਾਣ ਤੋਂ ਪਹਿਲਾਂ
ਆਪ ਹੀ ਮਰਨਾ
ਚੰਗਾ ਹੋਇਆ ਮੋਇਆ ਮਿੱਤਰਾ
ਤੇਰੀ ਝੱਟ ਖ਼ਲਾਸੀ ਹੋਈ।
ਅਮਰਜੀਤ ਚੰਦਨ ਦੇ ਵਿਚਾਰਾਂ ਵਿਚ ਕਿਸ ਹੱਦ ਤਕ ਤਬਦੀਲੀ ਆ ਚੁੱਕੀ ਹੈ, ਇਸ ਦਾ ਅੰਦਾਜ਼ਾ ਉਸਦੀ ਕਵਿਤਾ ਬੈਂਗਣ ਤੋਂ ਭਲੀ -ਭਾਂਤ ਲਗ ਸਕਦਾ ਹੈ। ਹੁਣ ਉਸਨੂੰ ਬੈਂਗਣ ਹੀ ‘ਅਮਰ ਸ਼ਹੀਦ’ ਜਾਪਦਾ ਹੈ।
ਬੰਦੇ ਲਈ ਕੁਰਬਾਨੀ ਦਿੰਦਾ ਅਮਰ ਸ਼ਹੀਦ ਬਤਾਊਂ
ਅੱਗ ਵਿਚ ਸੜਦਾ
ਕੁੰਦਨ ਬਣਦਾ
ਬੰਦ ਬੰਦ ਕੱਟਦਾ ਸੀਅ ਨਾ ਕਰਦਾ
ਬਣਦਾ ਬਣਦਾ ਕੀ ਕੁਛ ਬਣਿਆ ਬੈਂਗਣ।
ਇਸ ਪੁਸਤਕ ਵਿਚ ਅਮਰਜੀਤ ਚੰਦਨ ਦੀ ਕਵਿਤਾ ਦਾ ਇਕ ਹੋਰ ਨਵਾਂ ਪਹਿਲੂ ਉਜਾਗਰ ਹੁੰਦਾ ਹੈ; ਉਹ ਹੈ ‘ਜਿਸਮਾਨੀ/ਜਿਨਸੀ ਤਾਅੱਲਕ ਦੀ ਸ਼ਾਇਰੀ’। ਚੰਦਨ ਇਸਨੂੰ ਪਿਆਰ ਕਵਿਤਾ ਨਹੀਂ ਮੰਨਦਾ। ਉਸ ਅਨੁਸਾਰ ਅਜਿਹਾ ਆਖਣਾ ‘ਇਹਨੂੰ ਬੰਨ੍ਹਣ ਵਾਲੀ ਗੱਲ ਹੈ।’
ਸਾਹ ਵਿਚ ਸਾਹ ਆਇਆ
ਸੰਖ ਪੂਰਿਆ
ਮੰਗਲ ਬਾਜਾ ਬੱਜਿਆ
ਫੁੱਲਾਂ ਉੱਤੇ ਕਾਟੋ ਨਾਚੀ
ਵਗ ਖੁਸ਼ਬੋਇਆ
ਪਰਸੀਨੇ ਦੀ ਸੁਰਗੰਧੀ ਨਾਲ
ਮੁਰਲੀ ਵੱਜੀ
ਘੋੜਾ ਭੱਜਾ
ਪਿੰਡੇ ਅਪਣਾ ਆਪਾ ਛੋਹਿਆ
ਰੂਹ ਨੇ ਚੁੰਮਿਆ ਰੂਹ ਨੂੰ
ਕਾਸਾ ਭਰਿਆ ਕੰਢੇ ਉਛਲੇ
ਖ਼ੁਸ਼ੀ ਗਈ ਨਾ ਸਾਂਭੀ
ਅਸੀਂ ਕੱਠਿਆਂ ਹਉਕੇ ਲਏ
ਅਸੀਂ ਬੜੇ ਈ ਨੇੜੇ ਹੋਏ।
ਪਾਠਕਾਂ ਦੀ ਸਹੂਲਤ ਲਈ ਚੰਦਨ ਨੇ ਇਸ ਕਵਿਤਾ ਦੇ ਥੱਲੇ ਫ਼ੁੱਟਨੋਟ ਦਿੱਤਾ ਹੈ, ਤਾਂ ਜੋ ਕਿਸੇ ਪਾਠਕ ਨੂੰ ਕਵਿਤਾ ਸਮਝਣ ਵਿਚ ਕੋਈ ਸ਼ੱਕ ਰਹਿ ਗਿਆ ਹੋਵੇ, ਤਾਂ ਉਹ ਨਾ ਰਹੇ: ਲਾਹੋਰਨਾਂ ਦੀ ਬੋਲੀ ਵਿਚ ਨੇੜੇ ਹੋਣ ਦਾ ਮਤਲਬ ਹੈ ਸੇਜ ਮਾਨਣੀ।
ਅਖ਼ੀਰ ਵਿਚ ਅਮਰਜੀਤ ਚੰਦਨ ਨੇ ਐਲਾਨ ਕੀਤਾ ਹੈ: ”ਮੈਂ ਅਮਰਜੀਤ ਚੰਦਨ, ਹਾਲੇ ਵੀ ਸਮਝਦਾ ਹਾਂ ਕਿ ਇਤਿਹਾਸ ਮੁੱਕਿਆ ਨਹੀਂ। ਦੁਨੀਆ ਹਾਲੇ ਵੀ ਲੋਕਾਂ ਤੇ ਜੋਕਾਂ ਵਿਚ ਵੰਡੀ ਹੋਈ ਹੈ।’’ ਪਰ ਅੰਨਜਲ ਵਿਚ ਇਸ ਐਲਾਨ ਦਾ ਝਲਕਾਰਾ ਨਹੀਂ ਮਿਲ਼ਦਾ। ਲੋਕਾਂ ਅਤੇ ਜੋਕਾਂ ਦੀ ਵੰਡ ਵਾਲੀ ਗੱਲ ਉਸਦੀ ਸੱਜਰੀ ਕਵਿਤਾ ਤੋਂ ਗ਼ਾਇਬ ਹੈ। ਹੁਣ ਚੰਦਨ ਨਿਮਨ-ਲਿਖਤ ਰੰਗ ਵਿਚ ਕਵਿਤਾਵਾਂ ਲਿਖਦਾ ਹੈ :
ਮੀਂਹ ਹਵਾ ਨੂੰ ਚੁੰਮ ਕੇ ਤੁਰ ਚੱਲਿਆ ਹੈ
ਪੱਥਰ ਨੂੰ ਪਾਣੀ ਕਰਕੇ
ਤ੍ਰਿੱਖਾ ਮਨ ਦੀ ਹੋਰ ਵਧਾ ਕੇ
ਐਸਾ ਮੀਂਹ ਤਪਦੀ ਮਿੱਟੀ ਵਰ੍ਹਿਆ
ਆਏ ਸਨ ਬੱਦਲ ਕਿਤਿਓਂ
ਵਰ੍ਹ ਕੇ ਚਲੇ ਗਏ
…
ਪਿਆਰੇ ਸੂਰਜ ਸਾਹਿਬ ਜੀਓ
ਕਿੰਨੀ ਦੇਰ ਲਗਾ ਕੇ ਆਏ
ਹੁਣ ਜਾਣ ਦੀ ਕਾਹਲੀ ਕਾਹਦੀ
ਨੱਸ ਕੇ ਜਾਣਾ ਕਿੱਥੇ?
ਰਤਾ ਠਹਿਰ ਜਾਓ।
ਸਭ ਦਾ ਦਿਲ ਹੈ ਲੱਗਾ
ਬੱਚੇ ਪੰਛੀ ਤੇ ਪਰਛਾਵੇਂ ਦਾ।
ਅਮਰਜੀਤ ਚੰਦਨ ਅਨੁਸਾਰ, ”ਲੋਕ ਅਪਣੀ ਮੁਕਤੀ ਦਾ ਰਾਹ ਆਪ ਲੱਭਦੇ ਆਏ ਹਨ ਤੇ ਅੱਗੇ ਨੂੰ ਵੀ ਆਪ ਲੱਭਦੇ ਰਹਿਣਗੇ।’’ ਇਸ ਲਈ ਹੁਣ ਸਾਡੇ ਕਵੀ ਨੂੰ ਇਸ ਪਾਸੇ ਖੇਚਲ ਕਰਨ ਦੀ ਕੋਈ ਲੋੜ ਮਹਿਸੂਸ ਨਹੀਂ ਹੁੰਦੀ।
ਅਮਰਜੀਤ ਚੰਦਨ ਦੇ ਵਿਚਾਰਾਂ ਵਿਚ ਬੁਨਿਆਦੀ ਤਬਦੀਲੀ ਆ ਗਈ ਹੈ। “ਪਾਸ਼ ਤੇ ਮੇਰੇ ਵਰਗੇ ਕਵੀ ਸਾਹਿਤ ਦੇ ਸੁਨੇਹੇ ਤੇ ਸ਼ੈਲੀ ਦੀ ਦੁਚਿਤੀ ਚ ਫਸੇ ਰਹੇ ਹਨ। ਅਸੀਂ ਜੇ ਪ੍ਰਚਾਰ (ਐਜਿਟਪਰੌਪ) ਤੇ ਸਾਹਿਤ ਦੀ ਤਮੀਜ਼ ਕਰ ਲੈਂਦੇ, ਤਾਂ ਸਾਡਾ ਵਿਸ਼ਾਦ ਕਿਤੇ ਘੱਟ ਹੋਣਾ ਸੀ।’’ ਇਸ ਬਦਲੇ ਹੋਏ ਨਜ਼ਰੀਏ ਨੇ ਜਿਹੋ ਜਿਹੀ ਕਵਿਤਾ ਨੂੰ ਜਨਮ ਦਿੱਤਾ, ਉਸ ਨੂੰ ਵਾਚਣਾ ਦਿਲਚਸਪੀ ਤੋਂ ਖ਼ਾਲੀ ਨਹੀਂ ਹੋਵੇਗਾ।
ਖੜਕਾ ਹੋਇਆ ਬਿੱਲੀ ਨੱਸੀ
ਗੜਵੀ ਦੁੱਧ ਦੀ ਡੁੱਲ੍ਹ ਗਈ।
ਬੋਹੜ ਦੇ ਥੱਲੇ ਧੂਣੀ ਧੁਖਦੀ
ਧੁਖਦੀ ਧੁਖਦੀ ਬੁਝ ਗਈ।
ਉੜਦੀ ਟਹਿਔਲੀ ਚੀਕੀ
ਚੁੱਪ ਦਾ ਪਿੰਡਾ ਚੀਰ ਗਈ।
ਮਨ ਭਰ ਆਇਆ ਜਲ ਥਲ ਹੋਇਆ
ਮਿੱਟੀ ਦੁੱਖ ਬਦਲਾਂ ਦਾ ਜੀਰ ਗਈ।
ਵਸਲ ਹਿਜਰ ਵਿਚ ਨੀਂਦ ਨਾ ਨੈਣੀਂ
ਜਾਗਦਿਆਂ ਹੀ ਬੀਤ ਗਈ॥
ਚੰਦਨ ਨੇ ਲਿਖਿਆ ਹੈ ਕਿ ਇਸਨੇ ‘ਉਰਦੂ ਫ਼ਾਰਸੀ ਨਹੀਂ ਸਿੱਖੀ।’ ਸ਼ਾਇਦ ਇਸੇ ਕਰਕੇ ਉਹ ਉਰਦੂ ਫ਼ਾਰਸੀ ਦੇ ਲਫ਼ਜ਼ਾਂ ਦਾ ਇਸਤੇਮਾਲ ਕਰਨ ਵੇਲੇ ਵਾਅਜ਼ ਦਫ਼ਾ ਟਪਲਾ ਖਾ ਜਾਂਦਾ ਹੈ। ਮਸਲਨ ਪੰਨਾ 87 ’ਤੇ ਗ਼ਾਲਿਬ ਦੇ ਸ਼ੇਅਰ, “ਗ਼ਮੇ ਹਸਤੀ ਕਾ ਅਸਦ ਕਿਸ ਸੇ ਹੋ ਜੁਜ਼ ਮਰਗ ਇਲਾਜ-ਸ਼ਮਾਂ ਹਰ ਰੰਗ ਮੇ ਜਲਤੀ ਹੈ ਸਹਰ ਹੋਨੇ ਤਕ’’ ਵਿਚ ਲਫ਼ਜ਼ ਸਹਰ ਦਾ ਅਰਥ ਕੀਤਾ ਹੈ “ਮੌਤ’’; ਹਾਲਾਂਕਿ “ਸਹਰ’’ ਦਾ ਅਰਥ ਹੈ: ਸੁਬਹ। ਮਰਗ ਦਾ ਅਰਥ ਹੈ: ਮੌਤ।
ਚੰਦਨ ਅਨੁਸਾਰ, ‘ਸਹੀ ਤਾਂ ਮੱਧ ਮਾਰਗ ਹੀ ਹੈ ਕਿ ਲਿਖਾਰੀ ਗ਼ਮੇਂ-ਦੌਰਾਂ ਦੀ ਗੱਲ ਵੀ ਕਰੇ ਤੇ ਗ਼ਮੇ-ਹਸਤੀ ਦੀ ਵੀ’’। ਪਰ ਅੰਨਜਲ ਵਿਚ ਇਸ ਨਜ਼ਰੀਏ ਦੀ ਤਰਜਮਾਨੀ ਘੱਟ ਹੀ ਨਜ਼ਰੀ ਪੈਂਦੀ ਹੈ।
ਕੈਸੀ ਰਚਨਾ ਆਪ ਬਣੀ
ਕੈਸੀ ਰਚਨਾ ਉਚਰੀ ਵਾਣੀ
ਜਿਸ ਵੀ ਉਚਰੀ ਉਹ ਮੈਂ ਨਹੀਂ ਸਾਂ
ਜੋ ਮੈਂ ਕੱਲ੍ਹ ਸੀ ਉਹ ਅੱਜ ਨਹੀਂ ਹਾਂ
ਜੋ ਅੱਜ ਹਾਂ ਉਹ ਕੱਲ੍ਹ ਨਹੀਂ ਹੋਣਾ
ਉਹ ਸੀ ਕੋਈ ਬਾਲ ਅਵਾਣਾ
ਦਾਨਾ ਦੀਵਾਨਾ, ਕੱਲਾ ਕਾਰਾ ਪ੍ਰੇਮ ਭਿਖਾਰੀ
ਗੱਲਾਂ ਕਰਦਾ ਮਿੱਤਰਾਚਾਰੀ
ਵਾਂਙ ਭਰਾਵਾਂ ਪੁੱਤਰਾਂ ਸੇਤੀ
ਬਾਪ ਕਿਸੇ ਦਾ
ਜਿਸ ਵੀ ਲਿਖਿਆ ਉਹ ਮੈਂ ਨਹੀਂ ਸੀ
–ਪ੍ਰੀਤਮ ਸਿੰਘ