ਅਸੀਂ ਕੱਲ-ਮੁਕੱਲੇ ਰਹਿਣਾ
ਵਿਚ ਬਾਜ਼ਾਰੀਂ ਮਜਮਾ ਲਾ ਕੇ
ਉੱਚੀ ਉੱਚੀ ਹਾਲ ਦੁਹਾਈ ਪਾ ਕੇ, ਰੋਂਦਿਆਂ ਰਹਿਣਾ
ਅਸੀਂ ਕੱਲ ਮੁਕੱਲੇ ਰਹਿਣਾ
ਤੇਰੀ ਚਪਲੀ ਸਿੱਧੀ ਕਰਕੇ
ਸੁੱਤੇ ਪੁੱਤਰ ਦਾ ਮੂੰਹ ਚੁੰਮ ਕੇ
ਮੂੰਹ ਹਨੇਰੇ ਬੂਹਾ ਲਾਹ ਕੇ
ਸੁੱਤਿਆਂ ਕੁੱਤਿਆਂ ਕੋਲ਼ੋਂ ਲੰਘਣਾ
ਜਾ ਨਿਆਈਂ ਬਹਿਣਾ
ਅਸੀਂ ਕੱਲ-ਮੁਕੱਲੇ ਰਹਿਣਾ
ਤੇਰੇ ਨਾਂ ਦੀ ਤਸਬੀ ਫੜ ਕੇ
ਅਪਣਾ ਕਿੱLਸਾ ਕਹਿਣਾ
ਅਸੀਂ ਕੱਲ-ਮੁਕੱਲੇ ਰਹਿਣਾ
ਅੱਧੀ ਰਾਤੀਂ
ਅੱਧੀ ਰਾਤੀਂ ਉੱਲੂ ਬੋਲਣ
ਚੋਰਾਂ ਗੁੱਠਾਂ ਮੱਲੀਆਂ
ਠੰਢੀ ਸੀਤ ਹਵਾ ਦੇ ਬੁੱਲੇ
ਟੁੱਟੀ ਤਾਕੀ ਖੋਲ੍ਹਣ
ਲੇਫ਼ ਦੇ ਵਿੱਚੋਂ ਸਿਰ ਕੱਢਾਂ, ਚੋਰਾਂ ਦਾ ਭਓ ਡਰਾਵੇ
ਜੇ ਮੈਂ ਅੰਦਰ ਮੂੰਹ ਕਰਾਂ ਉਹ ਕੁੜੀ ਨਜ਼ਰ ਨਾ ਆਵੇ
ਜਿਹੜੀ ਚਲਦੀ ਗੱਡੀ ਦੇ ਵਿਚ ਸਿਰ ਬਾਰੀ ਨਾਲ਼ ਲਾ ਕੇ
ਠੰਢੀ ਸੀਤ ਹਵਾ ਦੇ ਪਾਰੋਂ ਅੱਥਰੂ ਕੇਰਦੀ ਜਾਵੇ
ਸੁਹਣਾ ਦਿਨ
ਛਾਉਣੀ ਆਲ਼ੇ ਪੁਲ਼ ਤੋਂ
ਪਹਿਲਾਂ ਲੰਘਿਆ ਮੁੰਡਾ
ਫੇਰ ਲੰਘੀ ਕੁੜੀ
ਫੇਰ ਲੰਘੀ ਚਿੱਟੀ ਕਾਰ
ਹੇਠੋਂ ਲੰਘੀ ਤੇਜ਼ ਗਾਮ
ਬੰਦਿਆਂ ਨਾਲ਼ ਭਰੀ
ਐਡਾ ਸੁਹਣਾ ਦਿਨ ਸੀ
ਮੈਂ ਛੁੱਟੀ ਲੈ ਲਈ
ਔਖਾ ਘਾਟ ਫ਼ਕੀਰੀ ਦਾ
ਔਖਾ ਘਾਟ ਫ਼ਕੀਰੀ ਦਾ, ਭਈ ਔਖਾ ਘਾਟ ਫ਼ਕੀਰੀ ਦਾ
ਮਿਸਲਾਂ ਦੇ ਵਿਚ ਵੇਲਾ ਕੱਢਣਾ, ਮੀਟਿੰਗ ਦੇ ਵਿਚ ਬਹਿਣਾ
ਔਖਿਆਂ ਦੇ ਨਾਲ ਮੱਥਾ ਲਾ ਕੇ ਯੈੱਸ ਸਰ ! ਯੈੱਸ ਸਰ ! ਕਹਿਣਾ
ਹੱਸਦੇ ਹੱਸਦੇ ਰਹਿਣਾ
ਅਪਣੀ ਸੀਟ ਤੇ ਆਜਜ਼ ਬਣ ਕੇ ਅੱਗੇ ਹੋ ਕੇ ਬਹਿਣਾ
ਮੁਰਸ਼ਦ ਮੁਹਰੇ ਗੱਲ ਨਾ ਕਰਨੀ, ਜੋ ਆਖੇ ਸੋ ਸਹਿਣਾ
ਦੁਨੀਆਦਾਰੀ ਕੰਮ ਨਈਂ, ਇਹ ਕੰਮ ਹੈ ਪਿੱਤਾ ਚੀਰੀ ਦਾ
ਔਖਾ ਘਾਟ ਫ਼ਕੀਰੀ ਦਾ
…
ਉੱਚੇ ਉੱਚੇ, ਤਿੱਖੇ ਤਿੱਖੇ, ਕਾਲ਼ੇ ਸ਼ਾਹ ਪਹਾੜ
ਸੋਗ ਚ ਡੁੱਬੀ ਹਉਕੇ ਭਰਦੀ, ਕੰਬਣਹਾਰ ਉਜਾੜ
ਚੁੱਪ ਚਾਂ ਦੀ ਘੂਕਰ ਅੰਦਰ
ਵਿਰਲੇ ਵਿਰਲੇ ਘਰ
ਟੇਢੀ ਰਾਹ ’ਤੇ ਹੇਠਾਂ ਤੱਕਦਿਆਂ
ਸੋਚ ਵੀ ਜਾਏ ਡਰ
ਪੱਥਰ ਉੱਤੇ ਤੇੜੋਂ ਨੰਗਾ, ਆਕਾ ਬਾਕਾ ਕਾਕਾ
ਬੱਕਰੀਆਂ ਦਾ ਰਾਖਾ
ਬੇਖ਼ਬਰਾ, ਅੰਞਾਣ
ਐਨੀ ਗੱਲ ਨਾ ਸਮਝੇ
ਐਨਾ ਵੀ ਨਾ ਜਾਣੇ
ਵਰ੍ਹਿਆਂ ਪਿੱਛੋਂ
ਵਰ੍ਹਿਆਂ ਪਿੱਛੋਂ ਯਾਦ ਨੇ ਤੇਰੀ ਆ ਕੁੰਡੀ ਖੜਕਾਈ
ਦਿਲ ਦੇ ਕਾਲ਼ੇ ਬੂਹੇ ਉੱਤੇ
ਵੰਨ-ਸੁੰਵਨੀਆਂ ਸ਼ਕਲਾਂ ਵਾਲ਼ੇ
ਚੁਭਕ ਮਾਰਦੇ ਕੋਕਿਆਂ ਵਿੱਚੋਂ
ਮੁੰਦਰੀ ਦੀ ਠਾਕ ਆਈ
ਮੇਰੀ ਨੂੰਹ ਨੇ ਬੂਹਾ ਲਾਹ ਕੇ
ਬਾਹਰ ਝਾਤੀ ਪਾਈ
ਦੋਵੇਂ ਪਾਸੇ ਵੇਖ ਕੇ ਪਰਤੀ
ਮੈਨੂੰ ਪੁੱਛਣ ਲੱਗੀ
ਬਾਬਾ! ਐਥੇ ਕੌਣ ਸੀ?
ਕਿਸ ਬੂਹਾ ਖੜਕਾਇਆ ਸੀ?
ਕੌਣ ਸਾਡੇ ਘਰ ਆਇਆ ਸੀ?
ਮੈਂ ਕਹਿਆ ਧੀਏ ਰਾਣੀਏ!
ਤੇਰਾ ਮੇਰਾ ਵਹਿਮ ਸੀ
ਤੇਰਾ ਮੇਰਾ ਚਾਅ ਸੀ
ਸੰਨ 1947 ਦੇ ਸਾਕੇ ਬਾਰੇ ਉਰਦੂ ਦੀ ਲਾਸਾਨੀ ਕਹਾਣੀ ਗਡੱਰੀਆ ਦੇ ਕਰਤਾ ਅਸ਼ਫ਼ਾਕ ਅਹਮਦ (1925 ਫ਼ੀਰੋਜ਼ਪੁਰ - 2004 ਲਹੌਰ) ਦਾਸਤਾਨਗੋ ਅਤੇ ਲੈਲੋ ਨਹਾਰ ਅਦਬੀ ਪਰਚਿਆਂ ਦੇ ਸੰਪਾਦਕ ਹੁੰਦੇ ਸਨ। ਇਨ੍ਹਾਂ ਦੀਆਂ ਛਪੀਆਂ ਵੀਹ ਤੋਂ ਵਧ ਕਿਤਾਬਾਂ ਚ ਕਹਾਣੀਆਂ ਦੀ ਕਿਤਾਬ ਤੋਤਾ ਕਹਾਨੀ, ਮਹਿਮਾਨ-ਏ-ਬਹਾਰ (ਨਾਵਲਿਟ) ਅਤੇ ਪੰਜਾਬੀ ਕਵਿਤਾ ਦੀ ਕਿਤਾਬ ਖੱਟਿਆ ਵੱਟਿਆ ਅਤੇ ਡਰਾਮੇ ਵੀ ਹਨ। ਇਨ੍ਹਾਂ ਦੀ ਪਤਨੀ ਬਾਨੋ ਕੁਦੱਸੀਆ ਉਰਦੂ ਦੀ ਨਾਵਲਕਾਰ ਹੈ।