ਖ਼ਰਾਇਤ
ਰੂਹ ਨੂੰ ਸੀ
ਇਕ ਬੁਰਕੀ ਦੀ ਭੁੱਖ
ਇਕ ਘੁੱਟ ਦੀ ਪਿਆਸ
ਤੇਰੇ ਸਾਹਵੇਂ ਕਸ਼ਕੌਲ ਕਰਦਿਆਂ ਹੀ
ਤੂੰ ਆਪਣੇ ਜਿਸਮ ਦੀ
ਸਾਰੀ ਭੁੱਖ, ਪਿਆਸ
ਇਹਦੀ ਖੈLਰ ਕਰ ਦਿੱਤੀ|
ਆਤਮ ਦਰਸ਼ਨ
ਸਮਭਾਵੀ
ਸਮਦਰਸੀ
ਸਮਰੂਪ
ਸਮਵਰਤੀ
“ਇਕ ਜੋਤਿ ਦੋਇ ਮੂਰਤਿ”
ਅਮੀਆ ਹੋਵੇ
ਜਾਂ
ਜ਼ਿੰਦਗੀ
ਕੋਈ ਖ਼ਾਸ ਫ਼ਰਕ ਨਹੀਂ
ਵਾਈਰਲ
ਸੀਤ ਹਵਾਵਾਂ ਝੁੱਲ ਰਹੀਆਂ
ਧੁੱਪ ਨੂੰ ਉਡੀਕਦੇ
ਪਾਲੇ’ਚ ਠੁਰਦੇ ਲੋਕ
ਪੂਰਾ ਸ਼ਹਿਰ ਮੁਤਲਾਸ਼ੀ
ਸੂਰਜ ਦਾ, ਨਿੱਘੀ ਧੁੱਪ ਦਾ
ਖ਼ੌਰੇ ਕਿਥੇ ਮੂੰਹ ਲੁਕੋਇਆ ਉਹਨੇ
ਘੜੀ ਪਹਿਰ ਪਿੰਡੇ ਨੂੰ
ਸੇਕ ਦੇਣ ਦੇ ਆਹਰ’ਚ
ਘਰਾਂ ’ਚ ਅੰਗੀਠੀਆਂ ਭੱਖਣ ਲੱਗੀਆਂ
ਸੜਕਾਂ ਕੰਢੇ, ਅਲਾਵ ਨੇੜੇ
ਢੁੱਕ ਕੇ ਬੈਠੇ ਮਜ਼ੂਰ ਦਿਹਾੜੀਏ
ਕਿਤੇ ਕਾਂਗੜੀ ਧੁੱਖਦੀ ਸੀਨੇ ਅੰਦਰ
ਜੀਉਣ ਦਾ ਹੱਜ ਲੋੜਦੀ
ਲੱਭਦੀ ਦੂਜੇ ਦੀ ਛਾਤੀ ਦੀ ਚਿਣਗ
ਕਿਸੇ ਘਰ ਦੀ ਇਕ ਨੁੱਕਰੇ
ਤਾਪ’ਚ ਹੂੰਗਦੀ
ਆਪਣਾ ਆਪਾ ਸੇਕਦੀ
ਸੌਲੀ ਜ਼ਿੰਦਗੀ
ਬੇਸੁਰਤੀ’ ਚ ਸੁਰਤ ਜਾਗਦੀ
ਮਹਿਸੂਸਦੀ
ਸੂਰਜ ਸਾਰੇ ਦਾ ਸਾਰਾ
ਉਹਦੀ ਦੇਹੀ ਅੰਦਰ ਭੱਖ ਰਿਹਾ ਏ|
ਰੂਪਾਂਤਰਣ
ਪਿਆਰ ਤੇਰਾ
ਵਰਿ੍ਹਆਂ ਤੀਕ ਰਿਹਾ
ਸਿੰਬਲੀ ਰੂੰ ਜਿਹਾ|
ਸਰਦ ਮੌਸਮ ਹੋਣ ਜਾਂ ਸਰਦ ਹਾਦਸੇ
ਜਿਹਦੇ ਅੰਦਰ ਸਮੋਣ ਨੂੰ ਮਨ ਚਾਹੇ
ਹੌਲਾ ਫੁੱਲ
ਮਲੂਕ
ਮੁਲਾਇਮ
ਨਿੱਘਾ
ਊਰਜ਼ੀ
ਅੱਜ ਸੇਜਲਤਾ ਤੇਰੀ ਨੇ
ਵਜ਼ਨੀ ਕੀਤਾ ਇਉਂ
ਹੁਣ ਉਹ
ਨਾ ਰਿਹਾ ਮੁਲਾਇਮ
ਨਾ ਹੀ ਮਲੂਕ
ਨਾ ਨਿੱਘ ਮਿਲੇ ਉਸ ’ਚੋਂ
ਨਾ ਜਾਪੇ ਉਹ ਹੌਲਾ ਫੁੱਲ
ਊਰਜਾ ਹੋਈ ਬੀਤੇ ਦੀ ਗੱਲ
ਰੂੰ ਭਾਰੀ ਹੁੰਦਿਆਂ ਹੀ
ਇਹਨਾਂ ਸਭਨਾਂ ਦੇ ਅਰਥ ਗਏ ਗੁਆਚ|
ਤੇਰਾ ਪਿਆਰ
ਨਾ ਬੀਅ ਬੀਜਿਆ
ਨਾ ਪਨੀਰੀ ਲਾਈ
ਨਾ ਜੜ੍ਹ ਤੋਂ ਪੁੰਗਰਿਆ
ਨਾ ਕਲਮ ਦਬਾਈ
ਨਾ ਫੁੱਲ ਤੋਂ ਕਿਰਿਆ
ਨਾ ਪਿਉਂਦ ਚੜ੍ਹਾਈ
ਨਾ ਪੱਤ ਤੋਂ ਪਲਮਿਆ
ਨਾ ਧਰਤ ਛੁਹਾਈ
ਤੇਰਾ ਪਿਆਰ
ਨੋਲੀਨਾ ਰੁੱਖ ਜਿਹਾ
ਮਨਆਈ ’ਤੇ ਉਤਰਿਆ
ਆਪਹੁਦਰਿਆ
ਸਵੈ-ਭਰੋਸੇ ਨਾਲ ਭਰਿਆ
ਖ਼ਬਰੇ ਕਦੋਂ ਵੱਖੀ ਤੋਂ ਫੁੱਟਿਆ
ਕੁਝ ਪਤਾ ਨਹੀਂ…