ਓਕੁਲਵੰਤ ਮੈਨੂੰ ਪਤੈ ਤੈਨੂੰ ਯਕੀਨ ਨੲ੍ਹੀਂ ਆਉਣਾ। ਐਵੇਂ ਤੀਵੀਂਆਂ ਵਾਲੀ ਗੱਲ ਕਹਿ ਕੇ ਪਰ੍ਹੇ ਸਿੱਟ੍ਹ ਦੇਵੇਂਗਾ। ਤਾਂ ਈ ਮੈਂ ਤੈਨੂੰ ਦੱਸਣ ਤੋਂ ਝਕਦੀ ਰਹੀ। ਪਰ ਮੇਰਾ ਮਨ ਆਂਹਦੈ ਏਹ ਪੱਕੀ ਗੱਲ ਐ, ਰੱਤੀ-ਮਾਸਾ ਝੂਠ ਨ੍ਹੀਂ ਏਹਦੇ ਵਿਚ। ਮੇਰੀ ਦਾਦੀ ਆਂਹਦੀ ਹੁੰਦੀ ਸੀ, ਵਰਤਾਂ ਵਾਲੇ ਦਿਨ ਵੇਖਿਆ ਜਨਾਨੀ ਦਾ ਸੁਪਨਾ ਸੌ ਵਿਸਵੇ ਸੱਚ ਹੁੰਦੈ।… ਯਾਨੀ ਕੀ ਮੈਂ ਨਾ ਤੇਰਾ ਸਿਰ ਝੱਸ ਰਹੀ ਆਂ। ਸਿਰ ਦੀ ਚਮੜੀ ਤਾਂ ਮੈਨੂੰ ਜਿਵੇਂ ਆਵੇ ਦੀਆਂ ਕੰਧਾਂ ਵਾਂਗੂੰ ਲੂਸੀ ਪਈ ਲਗਦੀ ਐ। ਝਸਦੀ ਝਸਦੀ ਦੀਆਂ ਮੇਰੀਆਂ ਤਲੀਆਂ ’ਚੋਂ ਲਹੂ ਸਿੰਮਣ ਲਗਦੈ। ਥੱਕ-ਹਾਰ ਕੇ ਮੈਂ ਹਟਣ ਲਗਦੀ ਆਂ ਤਾਂ ਦਾਦੀ ਹੱਲਾਸ਼ੇਰੀ ਦਿੰਦੀ ਐ, ‘ਹਟੀਂ ਨਾ ਕੁੜੇ, ਏਹ ਤਾਂ ਤੇਰੀ ਪ੍ਰੀਖਿਆ ਐ ਧੀਏ, ਝੱਸੀ ਚੱਲ, ਅੱਜ ਤੇਰੇ ਮਨ ਦੀ ਮੁਰਾਦ ਪੂਰੀ ਹੋ ਕੇ ਰਹੂ।’ ਬੇਸੁੱਧ ਜਿਹੀ ਮੈਂ ਕਮਲਿਆਂ-ਹਾਰ ਫੇਰ ਜੁਟ ਪੈਨੀ ਆਂ। ਹੌਲੀ ਹੌਲੀ ਚਮੜੀ ਫਿਰ ਤਿਆਰ ਜ਼ਮੀਨ ਵਾਂਗੂੰ ਭੁਰਪੁਰੀ ਹੋਣ ਲਗਦੀ ਐ। ਮੈਨੂੰ ਲਗਦੈ ਜਿਵੇਂ ਖੇਤ ਵਿਚ ਕਣਕ ਦੀਆਂ ਤੂਈਆਂ ਫੁੱਟ ਆਈਆਂ ਹੋਣ। ‘ਨੲ੍ਹੀਂ ਇਹ ਤਾਂ ਲੂੰਈ ਐ’, ਮੈਂ ਦਾਦੀ ਨੂੰ ਬੋਲ ਮਾਰਦੀ ਆਂ। ‘ਕੁੜੇ ਜੂੜਾ ਕਰਦੇ ਭਾਗਾਂ ਵਾਲੀਏ’ ਆਖ ਕੇ ਦਾਦੀ ਧਰਤੀ ਨਮਸਕਾਰਨ ਲੱਗ ਪੈਂਦੀ ਐ। ਕੇਸਾਂ ਦਾ ਥੱਬਾ ਮੇਰੇ ਵੱਸ ’ਚ ਨੲ੍ਹੀਂ ਆਉਂਦਾ, ਕਾਲੇ ਸ਼ਾਹ ਕੇਸ ਢਿਲਕ ਢਿਲਕ ਜਾਂਦੇ ਐ, ਬੱਸ ਕੇਸ ਸੰਭਾਲਦੀ ਦੀ ਮੇਰੀ ਅੱਖ ਖੁੱਲ੍ਹ ਜਾਂਦੀ ਐ।…” ਪੂਰੇ ਵਜ਼ਦ ਵਿਚ ਆ ਕੇ ਸੁਪਨਾ ਸੁਣਾਉਂਦੀ ਸੁਰਜੀਤ ਦੀਆਂ ਉਂਗਲਾਂ ਹਵਾ ਵਿਚ ਇਉਂ ਲਹਿਰਾ ਰਹੀਆਂ ਹਨ, ਜਿਵੇਂ ਉਹ ਹੁਣ ਵੀ ਹੱਥਾਂ ’ਚੋਂ ਫਿਸਲਦੇ ਭਾਰੇ ਕੇਸਾਂ ਨੂੰ ਸੰਭਾਲ ਰਹੀ ਹੋਵੇ। ਜਦੋਂ ਉਹ ਇਉਂ ਆਪਣੇ ਰੰਗ ਵਿਚ ਹੁੰਦੀ ਹੈ ਤਾਂ ਫਿਰ ਹੁੰਘਾਰਾ ਭਰਨ ਦੀ ਵੀ ਲੋੜ ਨਹੀਂ ਪੈਂਦੀ। ਪਹਿਲਾਂ ਤਾਂ ਮੈਂ ਉਸ ਦੀਆਂ ਅਜਿਹੀਆਂ ਬਿਨਾਂ ਸਿਰ-ਪੈਰ ਗੱਲਾਂ ਦਾ ਕੱਟੜ ਵਿਰੋਧੀ ਹੁੰਦਾ ਸਾਂ ਪਰ ਹੁਣ ਚੁੱਪ-ਚਾਪ ਸੁਣ ਲੈਂਦਾ ਹਾਂ, ਭਾਵੇਂ ਹੁੰਘਾਰਾ ਨਾ ਵੀ ਭਰਾਂ। ਇਹ ਤਬਦੀਲੀ ਮੇਰੇ ’ਚ ਕੈਂਸਰ ਵਰਗੀ ਭਿਆਨਕ ਬਿਮਾਰੀ ਤੋਂ ਬਾਅਦ ਹੀ ਆਈ ਹੈ। ਉਂਜ ਹੁਣ ਵੀ ਮੇਰਾ ਯਕੀਨ ਤਾਂ ਮੈਡੀਕਲ ਸਾਇੰਸ ਉਤੇ ਹੀ ਹੈ ਅਤੇ ਡਾਕਟਰੀ ਭਾਸ਼ਾ ਵਿਚ ਕਹੀਏ ਤਾਂ ਸੱਚ ਇਹ ਹੈ ਕਿ ਅਜੇ ਕੈਂਸਰ ਦਾ ਕੋਈ ਇਲਾਜ਼ ਨਹੀਂ। ਨਾ ਹੀ ਕੋਈ ਡਾਕਟਰ ਹਿੱਕ ਥਾਪੜ ਕੇ ਇਹ ਦਾਅਵਾ ਕਰ ਸਕਦਾ ਹੈ ਕਿ ਕੈਂਸਰ ਸੌ ਫੀਸਦੀ ਇਸ ਕਾਰਨ ਹੀ ਹੋਇਆ ਹੈ। ਇਸ ਲਈ ਮੈਂ ਸੁਰਜੀਤ ਵਾਂਗ ਕਿਸੇ ਖਾਮ-ਖ਼ਿਆਲੀ ਵਿਚ ਨਹੀਂ ਰਹਿਣਾ ਚਾਹੁੰਦਾ। ਕਿਸੇ ਕ੍ਰਿਸ਼ਮੇ ਦੀ ਥਾਂ ਮੈਂ ਆਪਣੀ ਹੋਣੀ ਨੂੰ ਮੰਨ ਲਿਆ ਹੈ। ਮੈਂ ਤਾਂ ਚਾਹੁੰਦਾ ਹਾਂ ਸੁਪਨਿਆਂ ਵਿਚ ਉਲਝਣ ਦੀ ਥਾਂ ਉਹ ਵੀ ਚਿੱਟੇ ਦਿਨ ਵਰਗੀ ਹਕੀਕਤ ਨੂੰ ਮੰਨ ਲਵੇ। ਮੇਰੇ ਪਿੱਛੋਂ ਉਸ ਉਤੇ ਜੋ ਬੀਤਣੀ ਹੈ, ਉਸ ਤਲਖ਼ ਜ਼ਿੰਦਗੀ ਦੀ ਸਚਾਈ ਨੂੰ ਸਮਝੇ। ਬੇਟੀ ਜਸ਼ਨ ਦੀ ਆਪਣੇ ਸਿਰ ਪੈਣ ਵਾਲੀ ਜ਼ਿੰਮੇਵਾਰੀ ਬਾਰੇ ਸੋਚੇ, ਪਰ ਉਸ ਦੀਆਂ ਗੱਲਾਂ ਅੱਗੇ ਮੇਰੀ ਪੇਸ਼ ਨਹੀਂ ਚਲਦੀ। ਕੌਣ ਜਿੱਤੇ ਇਸ ਗੱਲਾਂ ਦੀ ਪਟਾਰੀ ਨੂੰ ? ਆਪਣੀ ਬਿਮਾਰੀ ਤੋਂ ਵੀ ਵੱਧ ਮੈਨੂੰ ਇਸੇ ਗੱਲ ਦੀ ਚਿੰਤਾ ਹੈ, ਪਰ ਇਕ ਸੁਰਜੀਤ ਹੈ ਕਿ ਹਰੇਕ ਵਕਤ ਗੱਲਾਂ ਦੇ ਘੋੜੇ ’ਤੇ ਸਵਾਰ ਰਹਿੰਦੀ ਹੈ। ਸ਼ਾਮ ਨੂੰ ਸੂਰਜ ਰਤਾ ਕੁ ਨੀਵਾਂ ਹੁੰਦਾ ਹੈ ਤਾਂ ਇਹ ਤਿੰਨ ਕੁਰਸੀਆਂ ਇਸ ਵਿਹੜੇ ਵਾਲੇ ਅਮਲਤਾਸ ਕੋਲ ਲਿਆ ਰੱਖਦੀ ਹੈ। ਬੱਸ ਗੱਲਾਂ ਲਈ ਮੰਚ ਤਿਆਰ ਹੋ ਜਾਂਦਾ ਹੈ।
ਓ ਨੲ੍ਹੀਂ ਆਇਆ ਨਾ ਯਕੀਨ ਮੇਰੇ ਸੁਪਨੇ ਦਾ ?”… ਮੇਰੇ ਹੁੰਘਾਰਾ ਨਾ ਭਰਨ ਤੋਂ ਅਨੁਮਾਨ ਲਾ ਕੇ ਉਹ ਆਖਦੀ ਹੈ। ਫਿਰ ਅਮਲਤਾਸ ਵੱਲ ਵੇਖਦਿਆਂ ਆਪਮੁਹਾਰੇ ਨਵੀਂ ਗੱਲ ਛੇੜ ਲੈਂਦੀ ਹੈ, ਓ ਆਹ ਮਹੀਨਾ ਕੁ ਪਹਿਲਾਂ ਮਈ ’ਚ ਇਕ ਦਿਨ ਮੈਂ ਤੇ ਜਸ਼ਨ ਐਥੇ ਈ ਬੈਠੀਆਂ ਸਾਂ, ਜਸ਼ਨ ਆਪਣੇ ਖੜਸੁੱਕ ਹੋਏ ਅਮਲਤਾਸ ਨੂੰ ਵੇਖ ਕੇ ਆਂਹਦੀ, ਮੰਮੀ ਏਹ ਤਾਂ ਸੁੱਕ ਗਿਆ ਲਗਦੈ ਬਿਲਕੁਲ। ਮੈਂ ਦੱਸਿਆ, ਨੲ੍ਹੀਂ ਮੂਰਖੇ ਸੁੱਕਿਆ ਨੀਂ, ਅਜੇ ਏਹਦੀ ਰੁੱਤ ਨੀਂ ਆਈ ਫੁੱਟਣ ਦੀ। ਫੇਰ ਮੈਂ ਪਿਛਲੇ ਦਿਨੀਂ ਵਿਖਾਇਆ ਓਹਨੂੰ, ਕਿਵੇਂ ਸੁੱਕੀਆਂ ਟਾਹਣੀਆਂ ’ਚੋਂ ਕੂਲੀਆਂ ਕੂਲੀਆਂ ਪਪੀਸੀਆਂ ਫੁੱਟ ਆਈਆਂ ਨੇ। ਬੜੀ ਹੈਰਾਨ ਹੋਈ ਅਖੇ ਆਹ ਤਾਂ ਮੈਜ਼ਿਕ ਐ ਨੇਚਰ ਦਾ। ਤੇ ਹੁਣ ਵੇਖੋ ਜ਼ਰਾ ਸਾਡੇ ਅਮਲਤਾਸ ਹੋਰੀਂ ਕਿਵੇਂ ਪੂਰੇ ਜਲੌਅ ਵਿਚ ਆਏ ਹੋਏ ਨੇ।…” ਸੁਰਜੀਤ ਖੜ੍ਹੀ ਹੋ ਕੇ ਅਮਲਤਾਸ ਦੇ ਪੀਲੇ ਨਰਮ ਫੁੱਲਾਂ ਦੇ ਝੁਮਕਿਆਂ ਨੂੰ ਦੁਲਾਰਦੀ ਹੈ। ਜੂਨ ਦੇ ਇਹ ਵੀਹ ਕੁ ਦਿਨ, ਜਿੰਨਾ ਸਮਾਂ ਅਮਲਤਾਸ ਦੇ ਰੁੱਖ ਪੂਰੇ ਖੇੜੇ ਵਿਚ ਰਹਿਣਗੇ, ਸੁਰਜੀਤ ਨੇ ਹਰ ਰੋਜ਼ ਕਿਸੇ ਨਾ ਕਿਸੇ ਬਹਾਨੇ ਇਨ੍ਹਾਂ ਦੀ ਗੱਲ ਛੇੜਨੀ ਹੀ ਛੇੜਨੀ ਹੈ। ਇਨ੍ਹਾਂ ਦਿਨਾਂ ਵਿਚ ਤਾਂ ਇਹ ਕੈਂਪਸ ਤੋਂ ਬਾਹਰ ਵੀ ਨਹੀਂ ਜਾਣਾ ਚਾਹੁੰਦੀ। ਜੇ ਮਜ਼ਬੂਰੀ-ਵੱਸ ਜਾਣਾ ਵੀ ਪੈ ਜਾਵੇ ਤਾਂ ਰਿਸ਼ਤੇਦਾਰੀ ਵਿਚ ਜਾ ਕੇ ਵੀ ਇਹ ਯੂਨੀਵਰਸਿਟੀ ਦੇ ਇਨ੍ਹਾਂ ਅਮਲਤਾਸਾਂ ਦੇ ਕਿੱਸੇ ਇਉਂ ਹੀ ਵਧਾ-ਚੜ੍ਹਾ ਕੇ ਸੁਣਾਉਂਦੀ ਹੈ, ਜਿਵੇਂ ਇਸ ਤੋਂ ਅਹਿਮ ਹੋਰ ਕੋਈ ਗੱਲ ਨਾ ਹੋਵੇ।
ਓ ਸੁਰਜੀਤ ਮੈਂ ਇਕ ਬੜੀ ਅਹਿਮ ਗੱਲ ਕਰਨੀ ਚਾਹੁੰਨੈ ਤੇਰੇ ਨਾਲ, ਧਿਆਨ ਨਾਲ ਸੁਣਨੀ ਐਂ। ਠੀਕ ?… ਮੈਂ ਉਸਨੂੰ ਪੱਕਾ ਕਰਦਿਆਂ ਕਹਿੰਦਾ ਹਾਂ। ਓ ਮੇਰੀ ਮੰਨ ਅਤੇ ਪੀ.ਜੀ.ਡੀ.ਸੀ ਕਰਲੈ ਤੂੰ, ਅੱਜ-ਕੱਲ੍ਹ ਇਕੱਲੀ ਬੀ.ਏ., ਐਮ.ਏ. ਨਾਲ ਤਾਂ ਕਲਰਕ ਵੀ ਭਰਤੀ ਨਹੀਂ ਕਰਦੇ।…” ਮੈਂ ਨਿੱਤ ਵਾਂਗ ਮੌਕਾ ਮਿਲਦਿਆਂ ਹੀ ਫਿਰ ਆਪਣੇ ਏਜੰਡੇ ਵੱਲ ਆਉਂਦਾ ਹਾਂ।
ਓ ਤਾਂ ਈ ਕਰਾਂ ਨਾ ਜੇ ਕਲਰਕ ਲੱਗਣਾ ਹੋਵੇ।… ਉਹ ਮੁੱਢੋਂ-ਸੁੱਢੋਂ ਹੀ ਮੇਰੀ ਸਲਾਹ ਨੂੰ ਰੱਦ ਕਰ ਦਿੰਦੀ ਹੈ।
ਓ ਹੋਰ ਕੀ ਵਾਈਸ-ਚਾਂਸਲਰ ਲੱਗੇਂਗੀ ਤੂੰ ?… ਮੈਂ ਥੋੜ੍ਹਾ ਖਿਝ ਕੇ ਆਖਦਾ ਹਾਂ।
ਓ ਹਮ ਤੋ ਸੇਵਾਦਾਰ ਈ ਚੰਗੇ ਆਂ ਆਪਣੇ ਮੀਏਂ ਤੇ ਬੇਟੀ ਜਸ਼ਨ ਦੇ, ਸਮਝੇ ? ਜਿਵੇਂ ਦਾਦੀ ਆਂਹਦੀ ਹੁੰਦੀ ਸੀ ਅਖੇ ਸੇਵਕ ਕੋ ਸੇਵਾ ਬਨ ਆਈ।… ਉਹ ਲਾਡ ਨਾਲ ਮੇਰੀ ਗੱਲ ਕੱਟਦੀ ਹੈ ਅਤੇ ਫਿਰ ਆਪਣੇ ਢੰਗ ਨਾਲ ਕਹਾਣੀ ਪਾ ਕੇ ਸਮਝਾਉਣ ਲਗਦੀ ਹੈ, ਓ ਤੈਨੂੰ ਸੱਚੀ ਗੱਲ ਦੱਸਾਂ ਮੈਂ ਕੁਲਵੰਤ, ਇਸ ਵੇਲੇ ਮੇਰੀ ਨੌਕਰੀ ਨਾਲੋਂ ਵੱਧ ਜਸ਼ਨ ਨੂੰ ਮੰਮੀ ਦੀ ਘਰੇ ਲੋੜ ਐ, ਬੰਦਿਆਂ ਨੂੰ ਨੀ ਪਤਾ ਲਗਦਾ ਐਹੋ ਜਿਹੀਆਂ ਗੱਲਾਂ ਦਾ। ਆਹ ਦੂਰ ਕੀ ਜਾਣੈਂ ਆਪਣੀ ਗਲੀ ਵਾਲੀ ਮੈਡਮ ਮਿੱਤਲ ਹੋਰਾਂ ਦੀ ਸੁਣਲੈ। ਆਪ ਤਾਂ ਏਹ ਦੋਨੋਂ ਜੀਅ ਡਿਪਾਰਟਮੈਂਟ ਤੋਂ ਦੋ-ਢਾਈ ਵਜੇ ਮੁੜਦੇ ਐ। ਪੇਪਰਾਂ ਕਰਕੇ ਇਨ੍ਹਾਂ ਦੀ ਕਿਰਨ ਡੇੜ ਕੁ ਵਜੇ ਸਕੂਲੋਂ ਮੁੜ ਆਉਂਦੀ ਸੀ। ਇਕ ਦਿਨ ਮੈਂ ਸੁਭਾਇਕੀਂ ਬਾਹਰ ਨਿਕਲੀ ਦੁਪਹਿਰੇ, ਦੋ ਲੰਡਰ ਜੇ ਮੁੰਡੇ ਖੜ੍ਹੇ ਉਹਨਾਂ ਦੇ ਗੇਟ ਤੋਂ ਦੀ ਝਾਤੀਆਂ ਮਾਰਨ। ਮੈਂ ਤਾੜ ਗਈ ਉਨ੍ਹਾਂ ਦੇ ਚਿਹਨ-ਚੱਕਰ। ਮੈਂ ਫਿਰ ਦਿੱਤੀ ਧਨੇਸੜੀ ਕੋਲ ਜਾ ਕੇ। ‘ਸੌਰੀ ਅੰਟੀ, ਸੌਰੀ ਅੰਟੀ’ ਕਰਦੇ ਭੱਜ-ਗੇ ਫਿਰ। ਐਹੋ ਜਿਹਾ ਤਾਂ ਹਿਸਾਬ-ਕਿਤਾਬ ਹੋਇਆ ਪਿਐ ਅੱਜ-ਕੱਲ੍ਹ ਲੋਕਾਂ ਦਾ।… ਉਹ ਗੱਲ ਨੂੰ ਬਦਲਕੇ ਹੋਰ ਰੁਖ ਦਿੰਦਿਆਂ ਉØੱਠ ਕੇ ਅੰਦਰ ਚਲੀ ਗਈ ਹੈ।
‘ਲੋਕਾਂ ਦੇ ਅਜਿਹੇ ਹਿਸਾਬ-ਕਿਤਾਬ’ ਬਾਰੇ ਹੀ ਤਾਂ ਮੈਂ ਇਸਨੂੰ ਸਮਝਾਉਣਾ ਚਾਹੁੰਦਾ ਹਾਂ। ਅਚਾਨਕ ਜਦੋਂ ਸਿਰ ਆ ਪਈ ਤਾਂ ਇਸ ਨੇ ਫੁੜਕ ਕੇ ਡਿੱਗ ਪੈਣਾ ਹੈ। ਇਸ ਦਾ ਨਮੂਨਾ ਤਾਂ ਮੈਂ ਵੇਖ ਹੀ ਚੁੱਕਿਆ ਹਾਂ। ਬਿਮਾਰੀ ਦੀ ਖ਼ਬਰ ਸੁਣ ਕੇ ਜੋ ਵਾਪਰਿਆ ਸੀ, ਉਸ ਤੋਂ ਹੀ ਮੈਨੂੰ ਚਾਨਣ ਹੋ ਗਿਆ ਸੀ।
ਉਸ ਦਿਨ ਮੈਂ, ਸੁਰਜੀਤ ਤੇ ਜਸ਼ਨ ਖਾਣਾ ਖਾ ਰਹੇ ਸਾਂ। ਇਹ ਆਪਣੀਆਂ ਗੱਲਾਂ ’ਚ ਮਸਤ ਸੀ। ਮੈਨੂੰ ਜਾਪਿਆ ਜਿਵੇਂ ਗਰਾਹੀ ਮੇਰੀ ਖੁਰਾਕ-ਨਾਲੀ ਵਿਚ ਅਟਕ ਗਈ ਹੋਵੇ। ਮੈਂ ਪਾਣੀ ਦੀ ਘੁੱਟ ਭਰੀ। ਪਾਣੀ ਵੀ ਗਰਾਹੀ ਨਾਲ ਵੱਜੇ ਬੰਨ੍ਹ ਤੋਂ ਉਤਾਂਹ ਹੀ ਫਸ ਗਿਆ ਮਹਿਸੂਸ ਹੋਇਆ। ਫਿਰ ਜਕੜਨ ਹੋਰ ਵਧਣ ਲੱਗੀ। ਮੇਰੇ ਡੇਲੇ ਬਾਹਰ ਨਿਕਲਣ ਵਾਲੇ ਹੋ ਗਏ। ਅੱਖਾਂ ’ਚੋਂ ਪਾਣੀ ਦੇ ਘਰਾਲ ਵਹਿ ਤੁਰੇ। ਸੁਰਜੀਤ ਤੇ ਜਸ਼ਨ ਬੁਰੀ ਤਰ੍ਹਾਂ ਘਬਰਾਈਆਂ ਐਧਰ-ਓਧਰ ਹੱਥ-ਪੈਰ ਮਾਰਦੀਆਂ ਰਹੀਆਂ ਪਰ ਇਨ੍ਹਾਂ ਨੂੰ ਸੁੱਝੇ ਕੁਝ ਨਾ। ਬੌਂਦਲੇ ਜਿਹੇ ਨੇ ਮੈਂ ਦੋ ਉਂਗਲਾਂ ਸੰਘ ਦੀ ਡੂੰਘ ਤੱਕ ਅੰਦਰ ਘਸੋੜੀਆਂ ਤਾਂ ਕਿਤੇ ਹਿਚਕੀ ਜਿਹੀ ਆਈ ਅਤੇ ਗਰਾਹੀ ਬਾਹਰ ਨਿਕਲੀ। ਸੁਰਜੀਤ ਅਜੇ ਵੀ ਡੈਂਬਰਿਆਂ ਵਾਂਗ ਮੇਰੇ ਵੱਲ ਵੇਖੀ ਜਾਂਦੀ ਸੀ। ਇਸ ਦਾ ਸਾਰਾ ਸਰੀਰ ਬੇਤਹਾਸ਼ਾ ਕੰਬ ਰਿਹਾ ਸੀ। ਮੈਂ ਆਪ ਹੀ ਹਿੰਮਤ ਕੀਤੀ ਅਤੇ ਯੂਨੀਵਰਸਿਟੀ ਦੀ ਡਿਸਪੈਂਸਰੀ ਵਿਚ ਫੋਨ ਕਰਕੇ ਐਂਬੂਲੈਂਸ ਮੰਗਾਈ। ਫਿਰ ਐਕਸਰੇ, ਇੰਡੋਸਕੋਪੀ, ਅਲਟਰਾਸਾਊਂਡ ਵੇਲੇ ਵੀ ਇਹ ਡੁੰਨ-ਵੱਟਾ ਜਿਹੀ ਬਣੀਂ ਨਾਲ ਤਾਂ ਤੁਰੀ ਫਿਰਦੀ ਪਰ ਇਸਨੂੰ ਸਮਝ ਕੁਝ ਨਾ ਆਉਂਦਾ, ਬੱਸ ਰੋਣ ’ਤੇ ਜ਼ੋਰ ਸੀ। ਜਿਸ ਦਿਨ ਰਿਪੋਰਟ ਮਿਲਣੀ ਸੀ, ਫਿਰ ਉਹੋ ਗੱਲ ਵਾਪਰੀ। ਲੈਬਾਟਰੀ ਦੀ ਰਿਸੈਪਸ਼ਨਿਸਟ ਕੰਪਿਊਟਰ ’ਤੇ ਰਿਪੋਰਟ ਦਾ ਪ੍ਰਿੰਟ ਕੱਢਣ ਲੱਗੀ ਸੀ। ਇਹ ਉਤਸਕ ਅਤੇ ਸਹਿਮੀ ਜਿਹੀ ਮੇਰਾ ਮੋਢਾ ਫੜ੍ਹੀ ਨਾਲ ਖੜ੍ਹੀ ਸੀ, ਜਿਵੇਂ ਮੇਰੇ ਆਸਰੇ ਹੀ ਖੜ੍ਹੀ ਹੋਵੇ। ਰਿਪੋਰਟ ਲੈ ਕੇ ਸਾਹਮਣੇ ਸ਼ੀਸ਼ੇ ਦੇ ਕੈਬਨ ’ਚ ਬੈਠੇ ਐਮ.ਡੀ ਕੋਲ ਗਏ ਤਾਂ ਇਸ ਵਿਚ ਤੁਰਨ ਦੀ ਹਿੰਮਤ ਵੀ ਬਾਕੀ ਨਹੀਂ ਸੀ। ਰਿਪੋਰਟ ’ਚ ਕੈਂਸਰ ਆਉਣ ਦਾ ਪਤਾ ਲੱਗਿਆ ਤਾਂ ਇਹ ਉਥੇ ਹੀ ਬੱਚਿਆਂ ਵਾਂਗ ਵਿਲਕਣ ਲੱਗ ਪਈ। ਮੈਂ ਬਾਂਹ ਨਾ ਫੜ੍ਹਦਾ ਤਾਂ ਇਸਨੇ ਧੜੰਮ ਫਰਸ਼ ’ਤੇ ਡਿੱਗਣਾ ਸੀ। ਮੈਨੂੰ ਸੰਭਾਲਣ ਵਾਸਤੇ ਗਈ ਸੁਰਜੀਤ ਨੂੰ ਮੈਂ ਮਸਾਂ ਆਟੋ-ਰਿਕਸ਼ਾ ’ਚ ਬਿਠਾ ਕੇ ਘਰ ਲਿਆਇਆ ਸਾਂ।
‘ਉਹ ਘਟਨਾ ਤਾਂ ਸ਼ਾਇਦ ਸੁਰਜੀਤ ਨੂੰ ਕਦੋਂ ਦੀ ਭੁਲ-ਭੁਲਾ ਗਈ ਹੋਵੇਗੀ ਪਰ ਆਪਣੇ ਫਜ਼ੂਲ ਕਿਸਮ ਦੇ ਨੇਮ ਅਤੇ ਪ੍ਰਣ ਇਸਨੂੰ ਭੁਲਾਇਆਂ ਵੀ ਨਹੀਂ ਭੁਲਦੇ।’ ਬਦਾਮ ਰੋਗਨ ਦੀ ਸ਼ੀਸ਼ੀ ਚੁੱਕੀ ਆਉਂਦੀ ਸੁਰਜੀਤ ਨੂੰ ਵੇਖ ਕੇ ਮੈਂ ਸੋਚਦਾ ਹਾਂ। ਇਹ ਇਸਨੂੰ ਸਾਡੀ ਗਲੀ ਦੇ ਕਾਰਨਰ ਵਾਲੇ ਮਕਾਨ ’ਚ ਰਹਿੰਦੀ ਮਿਸਜ਼ ਸ਼ੇਰਗਿੱਲ ਨੇ ਦੱਸਿਆ ਸੀ ਕਿ ਬਦਾਮ ਰੋਗਨ ਦੀ ਮਾਲਸ਼ ਨਾਲ ਸਿਰ ਦੇ ਵਾਲ ਜਲਦੀ ਉਗ ਆਉਂਦੇ ਹਨ। ਇਸ ਨੇ ਉਹ ਨਸੀਹਤ ਐਸੀ ਪੱਲੇ ਬੰਨ੍ਹੀ ਹੈ ਕਿ ਸਵੇਰੇ-ਸ਼ਾਮ ਇਸ ਕਿਰਿਆ ਨੂੰ ਪੂਰੇ ਨੇਮ ਨਾਲ ਨਿਭਾਅ ਰਹੀ ਹੈ।
ਓ ਕੁਲਵੰਤ, ਗੁਰਦੁਆਰੇ ਜਾਣ ਤੋਂ ਪਹਿਲਾਂ ਲਿਆਓ ਸਿਰ ਝੱਸ ਦਿਆਂ।… ਸੁਰਜੀਤ ਆਪਣਾ ਨਿੱਤ-ਨੇਮ ਯਾਦ ਕਰਾਉਂਦੀ ਹੈ।
ਓ ਨੲ੍ਹੀਂ, ਮੇਰਾ ਮਨ ਨੲ੍ਹੀਂ ਅਜੇ।… ਮੈਨੂੰ ਪਤਾ ਹੈ ਕਿ ਟਲਣਾ ਤਾਂ ਇਸਨੇ ਹੈ ਨਹੀਂ, ਸੋ ਥੋੜ੍ਹੀ ਦੇਰ ਲਈ ਪ੍ਰੋਗਰਾਮ ਮੁਲਤਵੀ ਕਰਦਾ ਹਾਂ।
ਓ ਠੀਕ ਐ, ਫਿਰ ਆ ਕੇ ਸਹੀ, ਚਲੋ ਪਹਿਲਾਂ ਗੁਰਦੁਆਰੇ ਹੋ ਆਉਂਦੇ ਆਂ।… ਉਹ ਫੈਸਲਾ ਸੁਣਾਉਂਦੀ ਹੈ। ਮਨ ਤਾਂ ਮੇਰਾ ਗੁਰਦੁਆਰੇ ਜਾਣ ਦਾ ਵੀ ਨਹੀਂ। ਅਸਲ ਵਿਚ ਮੈਂ ਤਾਂ ਆਪਣੀ ਇਸ ਬਦਲੀ ਸੂਰਤ ਨਾਲ ਘਰੋਂ ਬਾਹਰ ਕਿਤੇ ਵੀ ਜਾਣ ਤੋਂ ਸੰਕੋਚੀ ਹਾਂ। ਕੀਮੀਉਥਰੈਪੀ ਲੈਣ ਪਿੱਛੋਂ ਮੇਰੇ ਸਿਰ ਦੇ ਵਾਲ ਹੀ ਨਹੀਂ ਝੜੇ, ਚਿਹਰੇ ਦੀ ਕਲੱਤਣ ਵੀ ਵਧ ਗਈ ਹੈ। ਲੋਕਾਂ ਸਾਹਮਣੇ ਜਾਂਦਿਆਂ ਅਜੀਬ ਜਿਹਾ ਹੀਣ-ਭਾਵ ਮੈਨੂੰ ਆ ਘੇਰਦਾ ਹੈ। ਨਾਲੇ ਜਿਸ ਤਰ੍ਹਾਂ ਸੁਰਜੀਤ ਨੇ ਨੰਗੇ ਪੈਰੀਂ, ਹਥੇਲੀ ਉਤੇ ਘਿਓ ਦੇ ਦੀਵੇ ਵਾਲੀ ਥਾਲੀ ਰੱਖੀ ਨਾਲ ਜਾਣਾ ਹੈ, ਉਸ ਤਰ੍ਹਾਂ ਤਾਂ ਮੈਨੂੰ ਅਸਲੋਂ ਹੀ ਆਪਣਾ ਆਪ ਅਣਪੜ੍ਹ ਤੇ ਅੰਧਵਿਸ਼ਵਾਸੀ ਜਾਪਣ ਲਗਦਾ ਹੈ। ਇਸ ਲਈ ਉਸ ਨੂੰ ਸਪੱਸ਼ਟ ਢੰਗ ਨਾਲ ਮਨ੍ਹਾਂ ਕਰਨ ਦੀ ਥਾਂ ਮੈਂ ਰਤਾ ਕੁ ਟੇਢ ਦਾ ਸਹਾਰਾ ਲੈਂਦਾ ਆਖਦਾ ਹਾਂ, ਓ ਅੱਜ ਮੇਰਾ ਮਨ ਤਾਂ ਹਲਕੀ ਜਿਹੀ ਸੈਰ ਲਈ ਕਰਦੈ, ਚਲੋ ਅਮਲਤਾਸਾਂ ਵਾਲੀ ਸੜਕ ਦਾ ਚੱਕਰ ਲਾਉਂਦੇ ਆਂ।… ਮੈਂ ਉਸਦੀ ਅਮਲਤਾਸਾਂ ਲਈ ਕਮਜ਼ੋਰੀ ਦਾ ਫਾਇਦਾ ਉਠਾਉਂਦਾ ਹਾਂ।
ਓ ਸੱਚ! ਕਿੰਨੇ ਚਿਰ ਪਿੱਛੋਂ ਤੇਰਾ ਮਨ ਇਉਂ ਆਪਮੁਹਾਰੇ ਕਿਸੇ ਗੱਲ ਲਈ ਕੀਤੈ, ਇਸਦਾ ਮਤਲਬ ਐ ਸੁਣ-ਲੀ ਬਾਬਾ ਜੀ ਨੇ ਆਪਣੀ, ਜ਼ਰੂਰ ਫਰਕ ਪੈਣ ਲੱਗ ਪਿਐ ਅੰਦਰੋਂ।… ਉਹ ਗੁਰਦੁਆਰੇ ਵਾਲੀ ਦਿਸ਼ਾ ’ਚ ਸਿਰ ਝੁਕਾਉਂਦੀ ਆਪਣੇ ਹੀ ਅਰਥ ਕੱਢਦੀ, ਖੁਸ਼ੀ ਵਿਚ ਚਹਿਕ ਰਹੀ ਹੈ।
ਓ ਜਸ਼ਨ, ਓ ਜਸ਼ਨ, ਹੈਥੋਂ ਪੱਗ ਲਿਆ ਪਾਪਾ ਦੀ ਬਚਾ ਕੇ, ਢਾਹ ਨਾ ਦੇਈਂ ਕਿਤੇ।… ਜਸ਼ਨ ਅੰਦਰੋਂ ਕੋਈ ਹੁੰਘਾਰਾ ਨਹੀਂ ਦਿੰਦੀ। ਈਅਰ-ਫੋਨ ਲਾਈ ਉਹ ਗੀਤ ਸੁਣਦੀ ਆਪਣੀ ਦੁਨੀਆਂ ਵਿਚ ਮਸਤ ਹੋਵੇਗੀ। ਬਿਨਾ ਉਡੀਕੇ ਸੁਰਜੀਤ ਆਪ ਹੀ ਮੇਰੀ ਪੱਗ ਚੁੱਕ ਲਿਆਉਂਦੀ ਹੈ।
ਓ ਕੁਲਵੰਤ, ਮਿਸਜ਼ ਅਗਰਵਾਲ ਨੂੰ ਪਤੈ ਕਾਹਦਾ ਝੱਲ ਐ?… ਸਾਡੀ ਗੁਆਂਢਣ, ਇੰਗਲਿਸ਼ ਦੀ ਲੈਕਚਰਾਰ ਅਨੀਤਾ ਅਗਰਵਾਲ ਦੇ ਘਰ ਮੂਹਰਿਉਂ ਲੰਘਦਿਆਂ ਸੁਰਜੀਤ ਕੋਈ ਨਵਾਂ ਪ੍ਰਸੰਗ ਛੇੜਦਿਆਂ ਆਖਦੀ ਹੈ। ਫਿਰ ਬਿਨ ਹੁੰਘਾਰਿਉਂ ਹੀ ਸ਼ੁਰੂ ਹੋ ਜਾਂਦੀ ਹੈ, ਓ ਏਹਨੂੰ ਸੈਟਿੰਗ ਚੇਂਜ ਦਾ ਬੜਾ ਖ਼ਬਤ ਐ। ਕੇਰਾਂ ਦਸਦੀ ਸੀ ਅਖੇ ਮੇਰਾ ਤਾਂ ਮਾਟੋ ਐ ‘ਚੇਂਜ ਫਾਰ ਲਾਈਫ਼।’ ਇਕ ਦਿਨ ਮੈਂ ਸਬੱਬੀਂ ਗਈ ਇਨ੍ਹਾਂ ਦੇ ਘਰੇ, ਮੈਨੂੰ ਕੁਝ ਵੱਖਰਾ ਵੱਖਰਾ ਜਾ ਲੱਗੇ, ਪਰ ਸਮਝ ਨਾ ਆਵੇ। ਮੈਨੂੰ ਭੁਚੱਕੀ ਜਿਹੀ ਵੇਖ ਕੇ ਉਹ ਮੁਸ਼ਕੜੀਏਂ ਹੱਸੀ ਜਾਵੇ। ਫੇਰ ਦੱਸਿਆ, ਆਂਹਦੀ ਸੋਫਿਆਂ ਤੇ ਕੱਪੜਾ ਨਵਾਂ ਚੜ੍ਹਵਾਇਐ, ਨਾਲੇ ਡਾਇਰੈਕਸ਼ਨ ਬਦਲੀ ਐ। ਸੋਫਿਆਂ ਦੀ ਦਾਖੀ ਜਿਹੇ ਰੰਗ ਦੀ ਵੈਲਵੱਟ ਪੀਲੇ ਰੰਗ ਦੀਆਂ ਕੰਧਾਂ ਨਾਲ ਬਹੁਤ ਈ ਜਚੇ। ਮੈਂ ਸੋਚਿਆ ਬਈ ਬਾਣੀਆਂ ਕੌਮ ਤਾਂ ਇਉਂ ਈ ਉਲਟਾ-ਪੁਲਟੀ ਨਾਲ ਦਸੀ ਦਾ ਕੰਮ ਦੁੱਕੀ ’ਚ ਚਲਾ ਲੈਂਦੀ ਐ। ਮੈਂ ਮਜ਼ਾਕ ’ਚ ਆਖਿਆ, ਭੈਣ ਜੀ ਪ੍ਰੋ. ਸਾਹਿਬ ਨੂੰ ਵੀ ਕਿਤੇ ਐਂ ਈ ਕੋਈ ਮਾਟੋ-ਮੂਟੋ ਦੱਸ ਕੇ ਟਿਕਾ ਲਿਆ ਹੋਊ। ਆਂਹਦੀ, ਐਂ ਕੌਣ ਟਿਕਦੈ ਹੁੰਦੈ ਜੇ ਸੰਯੋਗ ਨਾ ਹੋਣ ਤਾਂ। ਮੈਂ ਆਖਿਆ, ਏਹ ਤਾਂ ਜੀ ਸੋਲਾਂ ਆਨੇ ਸੱਚ ਐ।… ਸੁਰਜੀਤ ਨੇ ਇਹ ਗੱਲ ਭਾਵੇਂ ਕਿਸੇ ਵਿਸ਼ੇਸ਼ ਭਾਵ ਨਾਲ ਨਹੀਂ ਸੁਣਾਈ, ਕਿਉਂਕਿ ਇਉਂ ਬੇ-ਸਿਰ-ਪੈਰ ਗੱਲਾਂ ਕਰਨਾ ਤਾਂ ਉਸਦਾ ਸੁਭਾਅ ਹੀ ਹੈ। ਪਰ ਸੁਣਕੇ ਮੈਂ ਸੁਰਜੀਤ ਨਾਲ ਆਪਣੇ ‘ਸੰਯੋਗ’ ਦਾ ਤਰਕ ਜ਼ਰੂਰ ਤਲਾਸ਼ਣ ਲੱਗ ਪਿਆ ਹਾਂ। ਅਸੀਂ ਦੋ ਮੂਲੋਂ ਵੱਖ ਵੱਖ ਸੁਭਾਵਾਂ ਵਾਲੇ ਕਿਵੇਂ ਇਕ ਸੂਤਰ ਵਿਚ ਬੱਝ ਗਏ ? ਕੀ ਇਹ ਸੱਚਮੁਚ ਕਿਸੇ ‘ਸੰਯੋਗ’ ਕਰਕੇ ਹੀ ਸੀ ?
ਵੈਸੇ ਤਾਂ ਮੈਂ ਸੁਰਜੀਤ ਨੂੰ ਬਚਪਨ ਤੋਂ ਹੀ ਜਾਣਦਾ ਸਾਂ। ਉਹ ਮੇਰੀ ਚਾਚੀ ਦੀ ਸਕੀ ਭਤੀਜੀ ਹੈ। ਸਾਡਾ ਸਾਂਝਾ ਪਰਿਵਾਰ ਹੁੰਦਾ ਸੀ। ਗਰਮੀ ਦੀਆਂ ਛੁੱਟੀਆਂ ਵਿਚ ਮੈਂ ਹੋਸਟਲ ’ਚੋਂ ਘਰ ਆਇਆ ਹੁੰਦਾ ਅਤੇ ਸੁਰਜੀਤ ਆਪਣੀ ਭੂਆ ਨੂੰ ਮਿਲਣ ਆਈ ਸਾਡੇ ਘਰ ਮਹੀਨਾ ਮਹੀਨਾ ਰਹਿ ਜਾਂਦੀ। ਇਸਦੇ ਆਉਣ ਨਾਲ ਘਰ ਦਾ ਮਾਹੌਲ ਹੀ ਬਦਲ ਜਾਂਦਾ। ਇਹ ਸਾਰੇ ਘਰ ਵਿਚ ਖੁੱਲ੍ਹ-ਖੁਲਾਸੇਪਣ ਦਾ ਛਿੱਟਾ ਦੇ ਦਿੰਦੀ। ਸਾਡੇ ਘਰ ਵਿਚ ਇਕ ਅਜੀਬ ਜਿਹੇ ਸੰਕੋਚ ਦਾ ਵਾਸਾ ਸੀ। ਜੀ-ਜੀ ਜ਼ਿਆਦਾ ਹੁੰਦੀ ਤੇ ਗੱਲਬਾਤ ਘੱਟ।
ਓ ਕੁੜੇ ਪੁੱਤ ਸੁਰਜੀਤ ਕੁਸ਼ ਤਾਂ ਛੋਟੇ-ਵੱਡੇ ਦੀ ਤਾਮੀਜ਼ ਰੱਖਿਆ ਕਰ।… ਕਈ ਵਾਰ ਮੇਰੀ ਬੀ-ਜੀ ਟਕਰ ਟਕਰ ਗੱਲਾਂ ਮਾਰਦੀ ਸੁਰਜੀਤ ਨੂੰ ਸਮਝਾਉਂਦੀ। ਬੇਇਜ਼ਤੀ ਮਹਿਸੂਸ ਕਰਦੀ ਚਾਚੀ ਜੇ ਝਿੜਕਦੀ ਤਾਂ ਇਹ ਡੁਸਕਣ ਲੱਗ ਪੈਂਦੀ। ਬੀ-ਜੀ ਦੁਲਾਰਦੀ ਤਾਂ ਇਹ ਫਿਰ ਸਭ ਭੁੱਲ-ਭੁਲਾ ਕੇ ਖਿੜ ਖਿੜ ਹੱਸਣ ਲਗਦੀ। ਮੈਨੂੰ ਇਸ ਦਾ ਇਉਂ ਹੱਸਣਾ-ਰੋਣਾ ਅਜੀਬ ਜਿਹਾ ਲਗਦਾ। ਉਨ੍ਹਾਂ ਦਿਨਾਂ ਵਿਚ ਹੀ ਮੈਂ ਅੰਦਰੋ-ਅੰਦਰੀ ਇਸਨੂੰ ‘ਰਸਟਿਕ ਬਿਊਟੀ’ ਦਾ ਵਿਸ਼ੇਸ਼ਣ ਦਿੱਤਾ ਸੀ। ਇਹ ਵਿਸ਼ੇਸ਼ਣ ਮੈਂ ਕਿਸੇ ਅੰਗਰੇਜ਼ੀ ਨਾਵਲ ਵਿਚੋਂ ਤਾਜਾ ਤਾਜਾ ਹੀ ਪੜ੍ਹਿਆ ਸੀ।
ਕਈ ਵਾਰ ਮੈਂ ਆਪਣੀ ਬੈਠਕ ਵਿਚ ਬੈਠਾ ਨਾਵਲ ਪੜ੍ਹਦਾ ਕਿਸੇ ਅਜਨਬੀ ਸੰਸਾਰ ਵਿਚ ਗੁਆਚਿਆ ਹੁੰਦਾ ਤਾਂ ਇਹ ਅਚਾਨਕ ਆ ਕੇ ਸਾਰਾ ਤਲਿੱਸਮ ਪਲਾਂ ਵਿਚ ਤੋੜ ਦਿੰਦੀ।
ਓ ਕੁਲਵੰਤ ਸਿੰਘ ਸਰਦਾਰ, ਹੁਣ ਨਿਕਲੋ ਭੋਰੇ ’ਚੋਂ ਬਾਹਰ। ਗਰੰਥਾਂ ਨੂੰ ਕਰੋ ਜੀ ਬੰਦ, ਪਰਸ਼ਾਦੇ ਦਾ ਹੋ ਗਿਐ ਪ੍ਰਬੰਧ। ਭੂਆ ਰਹੀ ਐ ਬੁਲਾ, ਨੲ੍ਹੀਂ ਤਾਂ ਡੰਡਾ ਲੈ ਕੇ ਜਾਊਗੀ ਆ।… ਇਹ ਢਾਕਾਂ ਉਤੇ ਹੱਥ ਰੱਖੀ ਉਨਾ ਚਿਰ ਤੁਕਬੰਦੀ ਕਰਦੀ ਰਹਿੰਦੀ ਜਿੰਨੀ ਦੇਰ ਮੈਂ ਰੋਟੀ ਖਾਣ ਲਈ ਨਾਲ ਨਾ ਤੁਰ ਪੈਂਦਾ। ਇਉਂ ਕਰਦੀ ਸੁਰਜੀਤ ਮੈਨੂੰ ਕਿਸੇ ਨਾਵਲ ਦੀ ਜਿਉਂਦੀ-ਜਾਗਦੀ ਪਾਤਰ ਹੀ ਲਗਦੀ, ਅਸਲੀ ਜ਼ਿੰਦਗੀ ਵਿਚ ਇਸ ਨਾਵਲੀ-ਪਾਤਰ ਨਾਲ ਕੋਈ ਪੱਕਾ ਸਬੰਧ ਜੋੜਨ ਦਾ ਖ਼ਿਆਲ ਕਦੇ ਨਹੀਂ ਸੀ ਆਇਆ। ਪਰ ਸੁਰਜੀਤ ਦੇ ਕਹਿਣ ਅਨੁਸਾਰ ਇਸਨੇ ਤਾਂ ਪਹਿਲੀ ਮਿਲਣੀ ਵਿਚ ਹੀ ਅੰਦਰੋ-ਅੰਦਰੀ ਮੈਨੂੰ ਆਪਣਾ ਸਭ ਕੁਝ ਮੰਨ ਲਿਆ ਸੀ। ਫਿਰ ਇਸਦੇ ਆਤਮ-ਸਮੱਰਪਣੀ ਅਤੇ ਜ਼ਨੂੰਨੀ ਪਿਆਰ ਦੀ ਸ਼ਿੱਦਤ ਹੀ ਸੀ ਕਿ ਨੌਕਰੀ ਵਾਲੀ ਕੁੜੀ ਦੀ ਥਾਂ ਮੈਂ ਸਾਫ਼-ਦਿਲ ਸੁਰਜੀਤ ਦੀ ਚੋਣ ਕੀਤੀ ਸੀ। ਮੈਂ ਸੋਚਿਆ, ਨੌਕਰੀ ਤਾਂ ਪੜ੍ਹੀ-ਲਿਖੀ ਸੁਰਜੀਤ ਨੂੰ ਬਾਅਦ ਵਿਚ ਵੀ ਦਿਵਾਈ ਜਾ ਸਕਦੀ ਸੀ ਪਰ ਨੌਕਰੀ ਵਾਲੀ ਕੁੜੀ ਤੋਂ ਸੁਰਜੀਤ ਵਰਗਾ ਪਿਆਰ ਹਾਸਿਲ ਹੋ ਸਕਣ ਦੀ ਗਾਰੰਟੀ ਨਹੀਂ ਸੀ ਮਿਲ ਸਕਦੀ, ਇਸ ਦਲੀਲ ਨਾਲ ਮੈਂ ਆਪਣੇ ਮਨ ਨੂੰ ਸਮਝਾਇਆ ਸੀ।
ਓ ਹੁਣ ਕਿੰਨ੍ਹਾਂ ਦਲੀਲਾਂ ’ਚ ਪਾ ਲਿਐ ਮਨ ?… ਸੁਰਜੀਤ ਨੇ ਮੈਨੂੰ ਬੇਧਿਆਨਾ ਜਿਹਾ ਤੁਰਦਾ ਵੇਖ ਕੇ ਮੇਰਾ ਹੱਥ ਪਲੋਸਦਿਆਂ ਪੁੱਛਿਆ ਹੈ।
ਓ ਮੈਂ ਜਸ਼ਨ ਬਾਰੇ ਸੋਚ ਰਿਹਾ ਸਾਂ। ਮੇਰਾ ਮਨ ਐ ਉਸ ਨੂੰ ਨਾਨ-ਮੈਡੀਕਲ ਸਟਰੀਮ ’ਚ ਪਾਇਆ ਜਾਵੇ ਤਾਂ ਕਿ…।… ਮੈਂ ਐਵੇਂ ਹੀ ਬਣਤ ਬਨਾਉਣ ਦਾ ਯਤਨ ਕਰਦਾ ਹਾਂ।
ਓ ਪਰ ਉਹ ਤਾਂ ਮਿਊਜ਼ਕ ਵਾਲੀ ਸਾਈਡ ਜਾਣਾ ਚਾਹੁੰਦੀ ਐ।… ਸੁਰਜੀਤ ਉਸ ਦੀ ਵਕਾਲਤ ਕਰਦੀ ਹੈ।
ਓ ਚਾਹੁਣਾ ਹੋਰ ਗੱਲ ਐ ਪਰ ਕੈਰੀਅਰ ਪੱਖੋਂ…।… ਮੈਂ ਚਾਹੁੰਦਾ ਹਾਂ ਕਿ ਜਸ਼ਨ ਦਾ ਕੈਰੀਅਰ ਤਾਂ ਘੱਟੋ ਘੱਟ ਛੇਤੀ ਬਣ ਜਾਵੇ।
ਓ ਐਵੇਂ ਨੀ ਹਰ ਵੇਲੇ ਚਿੰਤਾ ਸਹੇੜੀ ਰੱਖਣੀ ਚਾਹੀਦੀ ਕਾਸੇ ਨਾ ਕਾਸੇ ਦੀ, ਵੇਲਾ ਆਉਣ ’ਤੇ ਆਪੇ ਲੈਲੂ-ਗੀ ਫੈLਸਲਾ ਕੋਈ…।… ਕਹਿਕੇ ਉਹ ਮੇਰਾ ਧਿਆਨ ਬਦਲਣ ਲਗਦੀ ਹੈ, ਓਹਾਂ ਸੱਚ, ਮਿਸਜ਼ ਸ਼ੇਰਗਿੱਲ ਨੇ ਵੀ ਲੈ ਲਿਆ ਫੈLਸਲਾ।… ਉਹ ਉਤਸ਼ਾਹ ਨਾਲ ਦੱਸਦੀ ਹੈ।
ਓ ਕਾਹਦਾ ਫੈLਸਲਾ ?… ਮੈਂ ਉਸਦੇ ਇਉਂ ਕਾਂਟਾ ਬਦਲਣ ਨਾਲ ਹੈਰਾਨ ਹੁੰਦਾ ਹਾਂ।
ਓ ਭੁੱਲ ਗਿਆ ? ਦੱਸਿਆ ਨੀ ਸੀ ਓਦੇਂ ਰਾਤ ਨੂੰ ਬਈ ਉਹ ਅਗਲਾ ਇਸ਼ੂ ਲੈਣ ਬਾਰੇ ਦੁਬਿਧਾ ’ਚ ਐ, ਤੈਨੂੰ ਪਤਾ ਈ ਐ ਵਿਚਾਰੀ ਗੱਭਰੂ ਪੁੱਤ ਦੀ ਮੌਤ ਨਾਲ ਕਿਵੇਂ ਹਿੱਲ-ਗੀ ਸੀ। ਹੁਣ ਬੱਚਾ ਚਾਹੁੰਦੀ ਵੀ ਸੀ ਤੇ ਡਰਦੀ ਵੀ ਸੀ। ਪੱਕੀ ਉਮਰ ’ਚ ਡਲਿਵਰੀ ਵੇਲੇ ਕੋਈ ਅਹੁਰ ਪੈਣ ਦਾ ਸੌ ਖਤਰਾ ਹੁੰਦੈ। ਨਾਲੇ ਆਵਦੀ ਦਸ-ਬਾਰਾਂ ਵਰਿ੍ਹਆਂ ਦੀ ਕੁੜੀ ਦੀ ਸ਼ਰਮ ਵੀ ਮੰਨਦੀ ਸੀ। ਮੈਂ ਆਖਿਆ, ਭੈਣ ਜੀ ਤਕੜਾ ਜੇਰਾ ਕਰਕੇ ਲੈ-ਲੋ ਫੈਸਲਾ, ਤੁਰਨ ਵਾਲਾ ਤਾਂ ਤੁਰ ਗਿਐ, ਜਿਉਂਦੇ-ਜੀਅ ਨੂੰ ਤਾਂ ਸਾਰੇ ਕਾਰ-ਵਿਹਾਰ ਕਰਨੇ ਈ ਪੈਂਦੇ ਐ। ਨਾਲੇ ਤੁਸੀਂ ਦੋ ਨਿਆਣਿਆਂ ਦੇ ਹਿਲੇ ਵੇ ਓ। ਕੱਲ੍ਹ ਨੂੰ ਕੁੜੀ ਸੁੱਖ ਨਾ ਆਵਦੇ ਘਰ ਜਾਊਗੀ ਤਾਂ ਕੱਲ-ਮੁਕੱਲਿਆਂ ਨੂੰ ਸੁੰਨਾ ਘਰ ਵੱਢ-ਵੱਢ ਖਾਇਆ ਕਰੂਗਾ। ਵੇਖ ਲਿਓ ਨਵੇਂ ਜੀਅ ਦੇ ਆਉਣ ਨਾਲ ਥੋਨੂੰ ਇਉਂ ਲੱਗਣੇ ਬਈ ਜਿਵੇਂ ਸਾਵਾਂ ਸੋਡਾ ਮਨੀ ਹੀ ਮੁੜ ਕੇ ਆ ਗਿਆ ਹੁੰਦੈ। ਬੱਚਿਆਂ ਨਾਲ ਈ ਘਰ ’ਚ ਰੌਣਕ ਹੁੰਦੀ ਐ। ਮੇਰੀ ਦਾਦੀ ਆਂਹਦੀ ਹੁੰਦੀ ਸੀ ਅਖੇ ਸੌ ਸਿਆਣਾ ਤੇ ਇਕ ਨਿਆਣਾ।… ਸੁਰਜੀਤ ਦੀ ਗੱਲ ਨਾਲ ਮੈਨੂੰ ਇਉਂ ਲੱਗਿਆ ਹੈ ਜਿਵੇਂ ਉਸਦੇ ਮਨ ਵਿਚ ਵੀ ਕਿਧਰੇ ਮੁੰਡੇ ਦੀ ਖਾਹਸ਼ ਹੋਵੇ, ਪਰ ਮੈਂ ਹੁਣ ਇਸ ਮੁੱਦੇ ਨੂੰ ਨਹੀਂ ਛੇੜਦਾ। ਉਂਜ ਅੰਦਰੋਂ ਕਾਫੀ ਪਰੇਸ਼ਾਨ ਹੋ ਗਿਆ ਹਾਂ। ਸੜਕ ਦੇ ਦੋਵੇਂ ਪਾਸੇ ਅਮਲਤਾਸ ਦੇ ਰੁੱਖਾਂ ਦੀਆਂ ਦੂਰ ਤੱਕ ਦਿਸਦੀਆਂ ਕਤਾਰਾਂ ਪੂਰੇ ਖੇੜੇ ’ਚ ਹਨ ਪਰ ਮੇਰਾ ਓਧਰ ਧਿਆਨ ਹੀ ਨਹੀਂ ਜਾ ਰਿਹਾ। ਉਹ ਫਿਰ ਮੇਰੀ ਕਿਸੇ ਅਦਿੱਖ ਪਰੇਸ਼ਾਨੀ ਨੂੰ ਮਹਿਸੂਸ ਕਰਕੇ ਮੇਰਾ ਹੱਥ ਪਲੋਸਦੀ ਹੈ ਅਤੇ ਮੇਰਾ ਧਿਆਨ ਖਿੱਚਣ ਲਈ ਆਖਦੀ ਹੈ, ਉਲੈ ਕਮਾਲ ਐ, ਔਧਰ ਵੇਖੀਂ ਜ਼ਰਾ, ਔਹ ਬਟਾਲਵੀ ਵਾਲਾ ਬੋਰਡ ਫੇਰ ਲਾ ਗਿਆ ਐਤਕੀਂ ਕੋਈ।…
ਅਮਲਤਾਸ ਦੇ ਇਕ ਸਭ ਤੋਂ ਭਰਵੇਂ ਰੁੱਖ ਦੇ ਮੁੱਢ ਨਾਲ ਇਕ ਵੱਡਾ ਗੂੜ੍ਹੇ ਪੀਲੇ ਖਾਲਸਾਈ ਰੰਗ ਦਾ ਨਵਾਂ-ਨਕੋਰ ਬੋਰਡ ਲਾਇਆ ਹੋਇਆ ਹੈ। ਉਸ ’ਤੇ ਨੀਲੇ ਰੰਗ ਨਾਲ ਸ਼ਿਵ ਕੁਮਾਰ ਬਟਾਲਵੀ ਦੀਆਂ ਸਤਰਾਂ ਦੂਰੋਂ ਹੀ ਚਮਕਦੀਆਂ ਹਨ :
ਰੁੱਖ ਏਹ ਅਮਲਤਾਸ ਦੇ ਪੀਲੀ ਮਾਰਨ ਭਾਹ
ਇਉਂ ਜਾਪੇ ਗਗਨ ਕੁਠਾਲੀਏ ਕੋਈ ਸੋਨਾ ਪਿਘਲ ਰਿਹਾ
ਧਰਤ ਕੁੜੀ ਦੇ ਕੰਨ ’ਚੋਂ ਕੋਈ ਬੁੰਦਾ ਡਿੱਗ ਪਿਆ
ਵਾਹ ਨੀ ਧਰਤ ਸੁਹਾਵੀਏ ਤੈਨੂੰ ਚੜ੍ਹਿਆ ਰੂਪ ਕੇਹਾ।
ਹੇਠਾਂ ਇਕ ਬਾਰੀਕ ਜਿਹੀ ਸਤਰ ਲਿਖੀ ਹੈ : ਜੂਨ ਮਹੀਨੇ ਖਿੜਨ ਵਾਲੇ ਅਮਲਤਾਸ ਨੂੰ ਮੇਰਾ ਪ੍ਰਣਾਮ।
ਓ ਕੋਈ ਕਮਾਲ ਦਾ ਬੰਦਾ ਹੋਊਗਾ ਏਹ ਅਜਨਬੀ, ਅਮਲਤਾਸ ਦੇ ਫੁੱਲਾਂ ਦਾ ਆਸ਼ਕ, ਕਿਵੇਂ ਹਰ ਸਾਲ ਨੇਮ ਨਾਲ ਨਵਾਂ ਬੋਰਡ ਲਿਖਾ ਕੇ ਲਾ ਜਾਂਦਾ ਐ।… ਆਪਣੇ ਆਪ ਨਾਲ ਗੱਲਾਂ ਕਰਦੀ ਸੁਰਜੀਤ ਉਸਤੋਂ ਸਦਕੇ ਜਾ ਰਹੀ ਹੈ। ਓ ਏਹ ਭਾਈ ਤਾਂ ਮੈਨੂੰ ਜਵਾਂ ਮੇਰੀ ਦਾਦੀ ਵਰਗਾ ਈ ਲਗਦੈ।… ਸੁਰਜੀਤ ਨੇ ਕੋਈ ਨਵਾਂ ਪ੍ਰਸੰਗ ਛੋਹ ਲਿਆ ਹੈ, ਓ ਕਮਾਲ ਸੀ ਉਹ ਵੀ। ਦਾਦੀ ਨੂੰ ਵੇਹੜੇ ’ਚ ਲੱਗੀ ਸਬਜ਼ੀ-ਭਾਜੀ ਤੇ ਫੁੱਲਾਂ-ਬੂਟਿਆਂ ਨਾਲ ਗੱਲੀਂ ਲੱਗੀ ਨੂੰ ਵੇਖ ਕੇ ਅਸੀਂ ਹੱਸ-ਹੱਸ ਲੋਟ-ਪੋਟ ਹੋ ਜਾਂਦੇ। ਉਹ ਉØੱਚੀ ਉØੱਚੀ ਆਖਦੀ, ਆਹ ਵੇਖ ਨੀ ਵੱਡੀਏ ਰਕਾਨੇ, ਆਹ ਮੇਰੀ ਭਿੰਡੀ ਰਾਣੀ ਵੀ ਕੱਲ੍ਹ ਨੂੰ ਮੁਟਿਆਰ ਹੋ ਜਾਣੀ ਐਂ, …ਲਓ ਬਈ ਮੇਰੇ ਟੀਂਡੇ ਬਦਮਾਸ਼ ਦੇ ਵੀ ਮੱਸ ਫੁੱਟਣ ਲੱਗ-ਪੀ ਐ, …ਹਾਏ ਮੈਂ ਮਰਜਾਂ ! ਸਾਡੀ ਘਿਓ ਤੋਰੀ ਤਾਂ ਸਿਰ ’ਤੇ ਸੱਗੀ-ਫੁੱਲ ਪਾਈ ਖੜ੍ਹੀ ਐ ਨੀ, …ਅੱਜ ਤਾਂ ਸੁੱਖ ਨਾ ਆਪਣਾ ਗੇਂਦਾ ਵੀ ਖਿੜ ਖਿੜ ਹੱਸੀ ਜਾਂਦੈ। ਫਿਰ ਕਿਸੇ ਗੰਦਲ ਨੂੰ ਪਲੋਸਦੀ ਆਪਮੁਹਾਰੇ ਹੀ ਗਾਉਣ ਲਗਦੀ : ਜਦੋਂ ਰੰਗ ਸੀ ਸਰੋਂ ਦੇ ਫੁੱਲ ਵਰਗਾ, ਓਦੋਂ ਕਿਉਂ ਨਾ ਆਇਆ ਮੱਘਰਾ। ਮੈਂ ਹਸਦੀ ਹਸਦੀ ਪੁੱਛ ਲੈਂਦੀ, ਅੰਬੋ ਭਲਾ ਇਹ ਮੱਘਰ ਕੌਣ ਐਂ ? ਤਾਂ ਅੱਗੋਂ ਖੂੰਡੀ ਉਲਾਰ ਕੇ ਝਿੜਕਣ ਲਗਦੀ, ਚੁੱਪ ਕਰ ਨੀ ਹਰਾਮਣੇ, ਹੋਊਗਾ ਕੋਈ ਮਰਨ ਜੋਗਾ ਵਿਛੋੜੇ ਪਾਉਣਾ।… ਹੱਸ ਹੱਸ ਗੱਲਾਂ ਕਰਦੀ ਸੁਰਜੀਤ ਇਕਦਮ ਉਦਾਸ ਹੋ ਗਈ ਹੈ ਜਿਵੇਂ ਦਾਦੀ ਦਾ ਵਰਾਗ ਆ ਗਿਆ ਹੋਵੇ ਜਾਂ…। ਫਿਰ ਦੋ ਕੁ ਪਲ ਪਿੱਛੋਂ ਹੀ ਆਖਦੀ ਹੈ, ਓ ਕੁਲਵੰਤ ਤੂੰ ਤਾਂ ਮੁੱਢ ਤੋਂ ਈ ਪੜਾਕੂ ਐਂ, ਅਸੀਂ ਤਾਂ ਛੋਟੇ ਹੁੰਦੇ ਦਾਵੀ-ਦੁੱਕੜਾ ਖੇਡਦੇ ਖੇਡਦੇ ਅੱਧੀ ਰਾਤ ਤੱਕ ਧਮੱਚੜ ਪਾਉਂਦੇ ਫਿਰਦੇ ਸਾਂ। ਕੇਰਾਂ ਭਾਈ ਮੈਂ ਲੁਕਣ-ਮੀਟੀ ਖੇਡਦੀ ਨੀਰਾ ਕੁਤਰਨ ਵਾਲੀ ਮਸ਼ੀਨ ਕੋਲੇ ਪਈ ਪੱਲੀ ਹੇਠਾਂ ਲੁਕ-ਗੀ। ਜੁਆਕਾਂ ਨੇ ਵਾਹ ਜਹਾਨ ਦੀ ਲਾ-ਲੀ ਫੇਰ ਵੀ ਨਾ ਈ ਥਿਆਈ। ਜਦੋਂ ਪਤਾ ਲੱਗਿਆ ਬਈ ਕੁੜੀ ਗੁਆਚਗੀ ਤਾਂ ਮੇਰੀ ਦਾਦੀ ਨੇ ਤਾਂ ਤਪਾਤੀ ਭੈਦਵੀਂ। ਸਾਰਾ ਟੱਬਰ ਭਾਲਣ ਜੁਟ ਪਿਆ। ਪੂਰੇ ਦੋ ਘੰਟਿਆਂ ਪਿੱਛੋਂ ਕਿਸੇ ਨੇ ਪੱਲੀ ਖਿੱਚ ਕੇ ਵੇਖੀ ਤਾਂ ਮੈਂ ਹੇਠਾਂ ਸੁੱਤੀ ਪਈ। ਲੈ ਐਹੋ ਜੇ ਕਾਰਨਾਮੇ ਸੀ ਸਾਡੇ ਤਾਂ।… ਸੁਰਜੀਤ ਠਹਾਕਾ ਮਾਰ ਕੇ ਇੰਨਾ ਹੱਸੀ ਕਿ ਹਸਦੀ ਹਸਦੀ ਦੇ ਹੰਝੂ ਨਿਕਲ ਆਏ।
ਓ…ਯਾਅ…ਗੁੱਡ ਹੈਬੇਟ, ਲਾਫਿੰਗ ਐਂਡ ਵਾਕਿੰਗ, ਬੋਥਸ ਆਰ ਸਾਈਨਜ਼ ਆਫ ਹੈਪੀ ਲਿਵਿੰਗ।… ਐਮ ਆਈ ਰਾਈਟ?…… ਸੁਰਜੀਤ ਦਾ ਠਹਾਕਾ ਸੁਣ ਕੇ ਸਾਹਮਣਿਉਂ ਆਉਂਦੀ ਪ੍ਰੋ. ਅਰੁਣਾ ਭਟਨਾਗਰ ਸੜਕ ਵਿਚਾਲੇ ਹੀ ਰੁਕ ਗਈ ਹੈ। ਉਹ ਦੋਵੇਂ ਹੱਥ ਜੋੜ ਕੇ ਅਤੇ ਰਤਾ ਕੁ ਝੁਕ ਕੇ ਬੜੇ ਅਦਬ ਨਾਲ ਨਮਸਕਾਰ ਆਖਦੀ ਹੈ। ਮੈਨੂੰ ਇਹ ਵੇਖ ਕੇ ਹੈਰਾਨੀ ਹੁੰਦੀ ਹੈ। ਇਸ ਬਾਰੇ ਤਾਂ ਆਖਦੇ ਹਨ ਕਿ ਪ੍ਰੋਫ਼ੈਸਰ ਬਣਨ ਤੋਂ ਬਾਅਦ ਇਸ ਦੀ ਹਵਾ ਇੰਨੀ ਬਦਲ ਗਈ ਹੈ ਕਿ ਕਿਸੇ ਲੈਕਚਰਾਰ ਦੀ ਵਿਸ਼ ਤੱਕ ਦਾ ਜਵਾਬ ਦੇਣਾ ਪਸੰਦ ਨਹੀਂ ਕਰਦੀ।
ਓ ਕਮਾਲ ਐ, ਅੱਜ ਤਾਂ ਮੀਂਹ ਆਊ।… ਪ੍ਰੋ. ਭਟਨਾਗਰ ਦੇ ਅੱਗੇ ਲੰਘ ਜਾਣ ਪਿੱਛੋਂ ਆਪ ਮੁਹਾਰੇ ਮੇਰੇ ਮੂੰਹੋਂ ਨਿਕਲਦਾ ਹੈ।
ਓ ਨੲ੍ਹੀਂ ਕੁਲਵੰਤ, ਐਹੋ ਜਿਹੀ ਨੲ੍ਹੀਂ ਏਹ ਜਿਵੇਂ ਦੀ ਲੋਕ ਸਮਝਦੇ ਐ, ਬਾਦਾਮ ਦੇ ਛਿੱਲੜ ਵਾਂਗੂੰ ਉਤੋਂ ਈ ਸਖ਼ਤ ਲਗਦੀ ਐ, ਬੱਸ ਨਾ ਬੱਦੋਂ ਐਂ ਵਿਚਾਰੀ ਦਾ। ਮੈਂ ਦੱਸਾਂ…।… ਪ੍ਰੋ. ਭਟਨਾਗਰ ਦੀ ਹਮਾਇਤ ’ਤੇ ਉਤਰੀ ਸੁਰਜੀਤ ਨੇ ਉਸਦਾ ਕੋਈ ਹੋਰ ਕਿੱਸਾ ਛੂਹ ਲਿਆ ਹੈ, ਓ…ਅੱਜ ਨਾ ਦੁਪਹਿਰੇ ਮੈਂ ਮਿਸਜ਼ ਭਟਨਾਗਰ ਤੋਂ ਟਮਾਟਰ ਤੇ ਹਰੀਆਂ ਮਿਰਚਾਂ ਫੜ੍ਹੀ ਆਵਾਂ। ਤੜਕੇ ਮੈਂ ਕਿਤੇ ਬਾਥਰੂਮ ’ਚ ਸੀ ਤੇ ਸਬਜ਼ੀ ਵਾਲਾ ਪੌਂ-ਪੌਂ ਕਰਦਾ ਲੰਘ ਗਿਆ। ਮੈਂ ਸੋਚਿਆ ਮਨਾ ਰਾਜਮਾਂਹ ਤਾਂ ਅੱਜ ਲਾਜ਼ਮੀ ਬਣਾਉਣੇ ਆਂ, ਸਵੇਰੇ ਈ ਜਸ਼ਨ ਨੇ ਹੁਕਮ ਚਾੜ੍ਹ-ਤਾ ਸੀ ਲੰਚ ’ਚ ਰਾਜਮਾਂਹ-ਚੌਲ ਖਾਣ ਦਾ। ਭਲਾ ਟਮਾਟਰਾਂ ਬਿਨਾਂ ਕੀ ਬਣਨਗੇ ? ਕੌਣ ਖਾਊ ਬਕਬਕੇ ਜਿਹੇ ? ਮੈਂ ਮਿਸਜ਼ ਭਟਨਾਗਰ ਤੋਂ ਪੁੱਛਣ ਜਾਂਦੀ ਰਹੀ, ਆਂਹਦੀ ਹੈਗੇ ਆ ਲੈ-ਜਾ। ਮੁੜਦੀ ਨੂੰ ਕਿਤੇ ਮੈਨੂੰ ਮਿਸਜ਼ ਸ਼ੇਰਗਿੱਲ ਨੇ ਵੇਖ ਲਿਆ। ਬਣਾ-ਸੰਵਾਰ ਕੇ ਆਂਹਦੀ, ‘ਕੁੜੇ ਸੁਰਜੀਤ ਏਹ ਭਾਟੜੀ ਤਾਂ ਐਡੀ ਕੰਜੂਸ-ਮੱਖੀ-ਚੂਸ ਐ ਕਿ ਕਿਸੇ ਨੂੰ ਪਿੰਡੇ ਦੀ ਜੂੰ ਨਾ ਦੇਵੇ, ਘੰਟਾ ਘੰਟਾ ਰੇਹੜੀ ਵਾਲੇ ਨਾਲ ਭਾਅ ਮੁਕਾਉਂਦੀ ਰਹੂ ਤੇ ਪਿੱਛੋਂ ਟਮਾਟਰ ਤੁਲਾਊ ਅੱਧ-ਪਾ। ਤੂੰ ਪਤਾ ਨ੍ਹੀਂ ਅੱਜ ਕਿਵੇਂ ਝੋਟਾ ’ਚੋ ਲਿਆਈ ਐਂ।’ ਨੱਕ ਜਾ ਚਾੜ੍ਹ ਕੇ ਹੱਸਣ ਲੱਗ-ਪੀ ਮੁਸ਼ਕੜੀਏਂ। ਮੈਂ ਅੱਗੋਂ ਮੋੜਾ ਤਾਂ ਕੋਈ ਨਾ ਦਿੱਤਾ, ਮੈਨੂੰ ਪਤਾ ਸੀ ਬਈ ਸਾਰਾ ਗੁਆਂਢਣ-ਸਾੜਾ ਬੋਲਦੈ। ਫਿਰ ਵੀ ਤੁਰਦੀ ਤੁਰਦੀ ਮਾੜੀ ਜੀ ਰਮਜ਼ ਸਿੱਟ ਆਈ ਕਿ ਭੈਣ ਜੀ ਮੇਰੀ ਦਾਦੀ ਆਂਹਦੀ ਹੁੰਦੀ ਸੀ, ਨਾ ਕੋਈ ਕੰਜੂਸ ਹੁੰਦੈ ਨਾ ਸ਼ਾਹ-ਦਿਲ ਅਖੇ ਆਵਦੀ ਖੀਰ ਐ, ਕਿਸੇ ਬਿੱਧ ਖਾਲੈ।… ਸੁਰਜੀਤ ਨੇ ਗੱਲ ਦਾ ਤੋੜਾ ਝਾੜਿਆ। ਉਸ ਦੀ ਬੇਮਤਲਬ ਜਿਹੀ ਗੱਲ ਦਾ ਕੋਈ ਸਿਰਾ ਫੇਰ ਮੇਰੇ ਹੱਥ ਨਹੀਂ ਆਇਆ। ਅਸਲ ਵਿਚ ਮੈਂ ਕੋਈ ਸਿਰਾ ਲੱਭਣ ਦੀ ਕੋਸ਼ਿਸ਼ ਵੀ ਨਹੀਂ ਕਰਦਾ। ਕੁਝ ਨਵਾਂ ਲੱਭਣ-ਲੁਭਾਉਣ ਦੀ ਥਾਂ ਮੇਰੀ ਇੱਛਾ ਤਾਂ ਹੁਣ ਛੇਤੀ ਛੇਤੀ ਬੈਠਣ ਦੀ ਹੈ। ਸੈਰ ਦੇ ਲੰਮੇ ਚੱਕਰ ਨਾਲ ਮੈਂ ਅੱਜ ਕੁਝ ਜ਼ਿਆਦਾ ਹੀ ਹੰਭ ਗਿਆ ਹਾਂ। ਸਰੀਰ ਅਜੀਬ ਜਿਹੀ ਘਬਰਾਹਟ ਮਹਿਸੂਸ ਕਰ ਰਿਹਾ ਹੈ। ਘਰ ਪਹੁੰਚ ਕੇ ਵਿਹੜੇ ’ਚ ਪਈ ਕੁਰਸੀ ਉਤੇ ਮੈਂ ਜਿਵੇਂ ਬੈਠਣ ਦੀ ਥਾਂ ਡਿੱਗ ਹੀ ਪਿਆ ਹਾਂ। ਮੈਨੂੰ ਲਗਦਾ ਹੈ ਜਿਵੇਂ ਇਹ ਘਬਰਾਹਟ ਥੱਕਣ ਨਾਲੋਂ ਵੱਖ ਕਿਸੇ ਹੋਰ ਤਰ੍ਹਾਂ ਦੀ ਹੈ। ਜਸ਼ਨ ਈਅਰ-ਫੂਨ ਲਾਈ ਅੰਦਰੋਂ ਆ ਕੇ ਅਛੋਪਲੇ ਜਿਹੇ ਮੇਰੇ ਕੋਲ ਆ ਬੈਠੀ ਹੈ। ਸੁਰਜੀਤ ਅੱਖ ਦੇ ਫੋਰ ਵਿਚ ਸਿਕੰਜਵੀ ਬਣਾ ਲਿਆਈ ਹੈ। ਅਜੇ ਮੈਂ ਪਹਿਲੀ ਘੁੱਟ ਹੀ ਭਰੀ ਹੈ ਕਿ ਬਾਹਰ ਘੰਟੀ ਦੀ ਹੋਈ ਡਰਾਉਣੀ ‘ਟ…ਅ…ਲ’ ਨਾਲ ਮੈਂ ਤ੍ਰਬਕ ਗਿਆ ਹਾਂ। ਮੇਰਾ ਗਿਲਾਸ ਛਲਕ ਗਿਆ ਹੈ।
ਓ ਕਿਰਪਾਲ ਐ ਵਿਚਾਰਾ, ਬੁਲਾਵਾਂ ?… ਸੁਰਜੀਤ ਜਾਲੀ ਵਿਚੋਂ ਹੀ ਮੇਰੇ ਪੀ-ਐØੱਚ.ਡੀ ਦੇ ਵਿਦਿਆਰਥੀ ਨੂੰ ਪਛਾਣ ਕੇ ਮੇਰੇ ਤੋਂ ਪੁੱਛਦੀ ਹੈ।
ਓ ਵੀਰ ਜੀ ਪਹਿਲਾਂ ਵੀ ਦੋ ਵਾਰੀ ਪੁੱਛ ਕੇ ਗਏ ਐ।… ਮੋਬਾਈਲ ’ਚ ਚਲਦੇ ਗੀਤ ਨੂੰ ਪਾਜ ਕਰਕੇ ਜਸ਼ਨ ਵੀ ਦੱਸਦੀ ਹੈ। ਇੰਨਾ ਕਹਿ ਕੇ ਫਿਰ ਗੀਤ ਆਨ ਕਰ ਲੈਂਦੀ ਹੈ।
ਓ ਕੱਲ੍ਹ ਸ਼ਾਮ ਨੂੰ ਆਉਣ ਲਈ ਕਹਿ-ਦੇ।… ਮੈਂ ਕਿਰਪਾਲ ਦੇ ਮੱਥੇ ਲੱਗਣ ਤੋਂ ਵਕਤੀ ਬਚਾਅ ਕਰਦਾ ਹਾਂ। ਜਿਸ ਦਿਨ ਦਾ ਮੈਨੂੰ ਪਤਾ ਲੱਗਿਆ ਹੈ ਕਿ ਉਹ ਆਪਣਾ ਥੀਸਿਸ ਕਾਹਲੀ ਨਾਲ ਕਿਉਂ ਸਬਮਿਟ ਕਰਨਾ ਚਾਹੁੰਦਾ ਹੈ ਉਸ ਦਿਨ ਤੋਂ ਮੈਨੂੰ ਕਿਰਪਾਲ ਦੀ ਸ਼ਕਲ ਵੀ ਭੈਅਭੀਤ ਕਰ ਦਿੰਦੀ ਹੈ। ਮੇਰਾ ਠੀਕ ਅਨੁਮਾਨ ਇਹ ਹੈ ਕਿ ਉਹ ਮੇਰੇ ਵਾਲੀ ਪੋਸਟ ਦੇ ਨੇੜ ਭਵਿੱਖ ਵਿਚ ਖਾਲੀ ਹੋਣ ਦੀ ਤਾਕ ਵਿਚ ਹੈ। ਭੋਲ਼ੀ ਸੁਰਜੀਤ ਉਸਨੂੰ ਵੀ ਵਿਚਾਰਾ ਸਮਝਦੀ ਹੈ। ਉਸ ਭਾਣੇ ਉਹ ਮੇਰੇ ਨਾਲ ਹਮਦਰਦੀ ਵਜੋਂ ਵੱਧ ਚੱਕਰ ਮਾਰਦਾ ਹੈ। ਮਨ ਕਰਦਾ ਹੈ ਕਿ ਇਹ ਗੱਲ ਵੀ ਸੁਰਜੀਤ ਨੂੰ ਦੱਸਾਂ ਤਾਂ ਕਿ ਉਸ ਨੂੰ ਜ਼ਿੰਦਗੀ ਦਾ ਅਸਲ ਚਿਹਰਾ ਨਜ਼ਰ ਆਵੇ। ਪਤਾ ਲੱਗੇ ਕਿ ਕਿਰਪਾਲ ਨੂੰ ਹੁਣ ਮੇਰੀ ਨਹੀਂ ਸਿਰਫ ਮੇਰੇ ਸਾਈਨਾਂ ਦੀ ਜ਼ਰੂਰਤ ਹੈ। ਕੂਕ ਮਾਰਕੇ ਸੁਰਜੀਤ ਨੂੰ ਕਹਾਂ, ਅਸਲ ਵਿਚ ਇਹ ਹੁੰਦਾ ਹੈ ‘ਲੋਕਾਂ ਦਾ ਹਿਸਾਬ-ਕਿਤਾਬ’।
ਓ ਜਸ਼ਨ, ਆ ਜ਼ਰਾ ਗੁਰਦੁਆਰੇ ਹੋ ਆਈਏ, ਰਹਿਰਾਸ ਦਾ ਵੇਲਾ ਹੋ ਗਿਐ।… ਸੁਰਜੀਤ ਨੇ ਨਾਂਹ ਨਾਂਹ ਕਰਦੀ ਜਸ਼ਨ ਨੂੰ ਵਰਚਾ ਕੇ ਨਾਲ ਤੋਰ ਲਿਆ ਹੈ। ਮੇਰੀ ਥਕਾਵਟ ਦਾ ਖ਼ਿਆਲ ਕਰਦਿਆਂ ਅੱਜ ਮੈਨੂੰ ਉਸ ਨੇ ਛੋਟ ਕਰ ਦਿੱਤੀ ਹੈ। ਮੈਂ ਪਿੱਛੋਂ ਵੇਖਦਾ ਹਾਂ, ਸੁਰਜੀਤ ਥਾਲੀ ਵਿਚ ਦੀਵਾ ਅਤੇ ਮਾਚਸ ਰੱਖੀ ਨੰਗੇ ਪੈਰੀਂ ਤੁਰ ਪਈ ਹੈ। ਦੋਵਾਂ ਮਾਵਾਂ-ਧੀਆਂ ਨੂੰ ਇਉਂ ਇਕੱਠੀਆਂ ਜਾਂਦੀਆਂ ਵੇਖ ਕੇ ਮੈਨੂੰ ਅੰਦਰੋਂ ਹੁਲਾਸ ਜਿਹਾ ਮਹਿਸੂਸ ਹੁੰਦਾ ਹੈ। ਮੈਂ ਅਕਾਰਨ ਹੀ ਵਿਹੜੇ ਵਾਲੇ ਅਮਲਤਾਸ ਵੱਲ ਵੇਖਦਾ ਹਾਂ। ਉਸਦੇ ਪੀਲੇ ਝੁਮਕੇ-ਫੁੱਲਾਂ ਵਿਚੋਂ ਝਰ-ਝਰ ਆਉਂਦੀ ਉਸ ਤਿੱਖੀ ਲਾਲੀ ਦੀਆਂ ਰਿਸ਼ਮਾਂ ਨਜ਼ਰ ਆਉਂਦੀਆਂ ਹਨ ਜਿਹੜੀਆਂ ਛਿਪਦਾ ਸੂਰਜ ਪੱਛਮ ਦੀ ਬਾਹੀ ਉਤੇ ਛੱਡ ਗਿਆ ਹੈ।
ਸੁੰਨਸਾਨ ਵਿਹੜੇ ਵਿਚ ਇਕੱਲੇ ਬੈਠੇ ਨੂੰ ਬੜਾ ਅਜੀਬ ਜਿਹਾ ਮਹਿਸੂਸ ਹੋ ਰਿਹਾ ਹੈ, ਕੰਨਾਂ ਵਿਚ ਸਾਂ-ਸਾਂ ਸੁਣ ਰਹੀ ਹੈ, ਕਦੇ ਆਪਣੇ ਦਿਲ ਦੀ ਧੜਕਣ ਹੀ ਸੁਣਨ ਲੱਗ ਪੈਂਦੀ ਹੈ। ਮਨ ਕਰਦਾ ਹੈ ਸੁਰਜੀਤ ਵਾਂਗ ਆਪਣੇ ਆਪ ਨਾਲ ਹੀ ਬੋਲ ਬੋਲ ਕੇ ਗੱਲਾਂ ਕਰਨ ਲੱਗ ਪਵਾਂ ਜਾਂ ਅਮਲਤਾਸ ਨਾਲ ਹੀ ਕਰਾਂ। ਨਹੀਂ, ਇਹ ਮੇਰੇ ਵੱਸ ਦੀ ਗੱਲ ਨਹੀਂ ਜਾਪਦੀ। ਮੁੱਲ ਦਾ ਬੋਲਣ ਦੀ ਆਦਤ ਮੇਰੇ ਹੱਡੀਂ ਰਚ ਗਈ ਹੈ। ਸ਼ੁਕਰ ਹੈ ਮੈਂ ਰਿਸਰਚ ਵਾਲੇ ਵਿਭਾਗ ਵਿਚ ਹਾਂ ਜਿਥੇ ਪੜ੍ਹਾਉਣ ਦਾ ਕੰਮ ਹੀ ਨਹੀਂ, ਬੱਸ ਖੁਦ ਪੜ੍ਹਨਾ-ਲਿਖਣਾ ਹੁੰਦਾ ਹੈ। ਸੁਰਜੀਤ ਪਤਾ ਨਹੀਂ ਕਿਵੇਂ ਇੰਨੀਆਂ ਗੱਲਾਂ ਕਰ ਲੈਂਦੀ ਹੈ। ਕਈ ਵਾਰ ਤਾਂ ਇਹ ਵੇਖਕੇ ਹਾਸਾ ਆਉਂਦਾ ਹੈ ਕਿ ਜਸ਼ਨ ਈਅਰ-ਫੋਨ ਲਾਈ ਗੀਤ ਸੁਣਨ ਵਿਚ ਮਸਤ ਹੁੰਦੀ ਹੈ ਅਤੇ ਕੋਲ ਬੈਠੀ ਸੁਰਜੀਤ ਆਪਮੁਹਾਰੇ ਉਸ ਨਾਲ ਗੱਲਾਂ ਕਰੀ ਜਾਂਦੀ ਹੈ, ਉਜਸ਼ਨ ਤੇਰੀ ਦਾਜ ਵਾਲੀ ਪੇਟੀ ’ਚ ਤਾਂ ਹੁਣ ਇਕ ਫੁਲਕਾਰੀ ਰੱਖਣ ਜਿੰਨਾ ਥਾਂ ਵੀ ਨ੍ਹੀਂ ਬਚਿਆ, ਉਦੋਂ ਲੈਣ ਵੇਲੇ ਏਹੀ ਵੱਡੀ ਲਗਦੀ ਸੀ ਤੇ ਸਾਮਾਨ ਪਾਉਣ ਲੱਗੇ ਤਾਂ ਯਾਨੀ ਕਿ ਮਾੜੇ ਜਿਹੇ ਨਾਲ ਈ ਭਰ-ਗੀ। ਸਗੋਂ ਪੰਜ ਬਾਗ ਮੈਨੂੰ ਵੱਖ ਗੋਦਰੇਜ ਵਾਲੀ ਅਲਮਾਰੀ ’ਚ ਰੱਖਣੇ ਪਏ। ਤੇਰੇ ਜਨਮ ਵੇਲੇ ਈ ਦਾਦੀ ਨੇ ਮੇਰੇ ਹਵਾਲੇ ਕਰਕੇ ਆਖਿਆ ਸੀ, ਲੈ ਕੁੜੇ ਤੇਰੀ ਬੋਹਣੀ ਕਰਾਵਾਂ, ਅਖੇ ਸਿਆਣੀ ਮਾਂ ਤਾਂ ਸ਼ਿਲੇ ’ਚੋਂ ਨਿਕਲਦਿਆਂ ਈ ਧੀ ਦਾ ਦਾਜ ਬਨਾਉਣ ਲੱਗ ਜਾਂਦੀ ਹੁੰਦੀ ਹੈ। ਆਪਾਂ ਤਾਂ ਦਾਦੀ ਦੀ ਗੱਲ ਪੱਲੇ ਬੰਨ੍ਹ-ਲੀ ਸੀ ਉਦੋਂ ਈ, ਤਾਂ ਈ ਸਾਰਾ ਕੰਮ ਟੈਮ ਸਿਰ ਹੋ ਗਿਆ ਨੲ੍ਹੀਂ ਤਾਂ…।…
ਜਸ਼ਨ ਦੇ ਵਿਆਹ ਦਾ ਧੁੰਦਲਾ ਜਿਹਾ ਖ਼ਿਆਲ ਵੀ ਮੇਰੇ ਮਨ ਵਿਚ ਹਲਚਲ ਜਿਹੀ ਪੈਦਾ ਕਰ ਗਿਆ ਹੈ। ਸਿਰ ਝੰਜੋੜ ਕੇ ਇਸ ਖ਼ਿਆਲ ਨੂੰ ਦਿਮਾਗ ’ਚੋਂ ਪਰ੍ਹੇ ਧੱਕਦਾ ਹਾਂ। ਪੱਛਮ ਵੱਲ ਲਾਲੀ ਦੀ ਥਾਂ ਕਲੱਤਣ ਉਭਰ ਆਈ ਹੈ। ਘੁਸਮੁਸਾ ਜਿਹਾ ਹੋਣ ਲੱਗਿਆ ਹੈ। ਉਠਣ ਦੀ ਘੌਲ ਕਰਕੇ ਲਾਈਟ ਜਗਾਉਣ ਦੀ ਵੀ ਹਿੰਮਤ ਨਹੀਂ ਪੈ ਰਹੀ। ਅਚਾਨਕ ਬਾਹਰਲੇ ਬੂਹੇ ਵੱਲ ਰੋਸ਼ਨੀ ਹੋਈ ਹੈ। ਸ਼ਾਇਦ ਸੁਰਜੀਤ ਹੋਰੀਆਂ ਪਰਤ ਆਈਆਂ ਹਨ।
ਓ ਲੈਟ ਜਗਾ ਲੈਣੀ ਸੀ, ਨੇਰ੍ਹੇ ’ਚ ਈ ਬੈਠੈਂ, ਨਾਲੇ ਸੰਧਿਆ ਵੇਲੈ।… ਵਿਹੜੇ ਵਾਲੀ ਟਿਊਬ ਦਾ ਬਟਨ ਦਬਦਿਆਂ ਸੁਰਜੀਤ ਆਖਦੀ ਹੈ। ਸਾਰਾ ਵਿਹੜਾ ਚਾਨਣ ਨਾਲ ਭਰ ਗਿਆ ਹੈ। ਸੁਰਜੀਤ ਕੁਝ ਯਾਦ ਆਉਣ ’ਤੇ ਠਹਾਕਾ ਮਾਰ ਕੇ ਹੱਸਦਿਆਂ ਆਖਦੀ ਹੈ, ਓ ਅਕਸਰ ਬਲਬ ਜਗਾਉਂਦਿਆਂ ਮੇਰੀ ਦਾਦੀ ਆਖਦੀ ਹੁੰਦੀ ਸੀ, ਅਖੇ ਸਾਡੇ ਵੇਲਿਆਂ ’ਚ ਦਿਨ ਖੜ੍ਹੇ ਈ ਫਿਕਰ ਪੈ ਜਾਣਾ ਔਂਤਰੀ ਰਾਤ ਦਾ। ਟੈਮ ਨਾਲ ਈ ਲਾਲਟੈਣ ’ਚ ਤੇਲ ਵੇਖਣਾ, ਚਿਮਨੀ ਮਾਂਜਣੀ, ਧੂੰਏ ਵਾਲੀ ਜ਼ਾਲੀ ਸਾਫ਼ ਕਰਨੀ, ਬੱਤੀ ਉØੱਚੀ ਕਰਨੀ, ਤਾਂ ਭਾਈ ਕਿਤੇ ਭੋਰਾ ਰੋਸ਼ਨੀ ਦਾ ਜੁਗਾੜ ਹੋਣਾ। ਆਹ ਹੁਣ ਤਾਂ ਬਾਅਲੀ ਸੌਖ ਬਣਾਤੀ ਬਿਜਲੀ ਨੇ, ਸੁੱਚ ਦੱਬੋ ਤੇ ਪੰਜਾਂ ਮਿੰਟਾਂ ’ਚ ਲੈਟ ਈ ਲੈਟ ਹੋ ਜਾਂਦੀ ਐ।… ਸੁਰਜੀਤ ਦੇ ਖਿੜ ਖਿੜ ਹੱਸਣ ਨਾਲ ਵਿਹੜੇ ਵਿਚ ਫੈਲੀ ਸੁੰਨ-ਮਸਾਣ ਕਿਧਰੇ ਉØੱਡ ਗਈ ਹੈ। ਹਾਸਾ ਕਾਬੂ ’ਚ ਕਰਦਿਆਂ ਸੁਰਜੀਤ ਸਿਰ ਢਕ ਕੇ ਮੈਨੂੰ ਪ੍ਰਸਾਦਿ ਦਿੰਦੀ ਹੈ। ਫਿਰ ਕਾਹਲੀ ਨਾਲ ਰਸੋਈ ਵੱਲ ਜਾਂਦੀ ਹੈ ਅਤੇ ਬਾਦਾਮ ਰੋਗਨ ਦੀ ਸ਼ੀਸ਼ੀ ਚੁੱਕੀ ਮੁੜਦੀ ਹੈ।
ਓ ਲੈ ਕੁਲਵੰਤ ਆਹ ਵੀ ਸ਼ਗਣ ਜੇਹਾ ਕਰ ਈ ਦਿਆਂ, ਫੇਰ ਈ ਵੜੂੰ ਰਸੋਈ ’ਚ।… ਆਖਦਿਆਂ ਉਹ ਮੇਰੇ ਕੋਲ ਆ ਖੜ੍ਹਦੀ ਹੈ। ਨਾ ਚਾਹੁੰਦਿਆਂ ਵੀ ਮੈਂ ਚੁੱਪ-ਚਾਪ ਪੱਗ ਉਤਾਰ ਕੇ ਨਾਲ ਦੀ ਕੁਰਸੀ ਉਤੇ ਰੱਖ ਦਿੰਦਾ ਹਾਂ। ਮੈਨੂੰ ਅੰਦਰ ਕੁਝ ਪੀੜ-ਭਰੀ ਮਤਲਾਹਟ ਜਿਹੀ ਮਹਿਸੂਸ ਹੁੰਦੀ ਹੈ ਪਰ ਮੈਂ ਸੁਰਜੀਤ ਨੂੰ ਨਹੀਂ ਦੱਸਦਾ ਅਤੇ ਉਵੇਂ ਹੀ ਦਿਲ ਤਕੜਾ ਕਰਕੇ ਬੈਠਾ ਰਹਿੰਦਾ ਹਾਂ। ਉਹ ਧਾਰ ਬੰਨ੍ਹ ਕੇ ਟੋਟਣ ਉਤੇ ਬਦਾਮ ਰੋਗਨ ਪਾਉਂਦੀ ਹੈ ਤਾਂ ਰਤਾ ਕੁ ਕੁਤਕੁਤਾੜੀ ਦਾ ਅਹਿਸਾਸ ਹੁੰਦਾ ਹੈ। ਫਿਰ ਪੋਲਾ ਪੋਲਾ ਹੱਥ ਫੇਰਨਾ ਸ਼ੁਰੂ ਕਰਦੀ ਹੈ। ਵਿਚ ਵਿਚ ਉਹ ਪੁੱਠਾ ਹੱਥ ਸਿਰ ਨੂੰ ਇਉਂ ਛੁਹਾਉਂਦੀ ਹੈ ਜਿਵੇਂ ਵਾਲਾਂ ਨੂੰ ਰੜਕਾਅ ਕੇ ਵੇਖ ਰਹੀ ਹੋਵੇ।
ਓ ਜਸ਼ਨ…ਜਸ਼ਨ ! ਬਾਹਰ ਆ ਦੌੜ ਕੇ।… ਉਹ ਟੀ.ਵੀ. ਵੇਖ ਰਹੀ ਜਸ਼ਨ ਨੂੰ ਬੁਲਾਉਂਦੀ ਹੈ ਪਰ ਜਸ਼ਨ ਘੇਸ ਮਾਰ ਗਈ ਹੈ।
ਓ ਕੀ ਹੋ ਗਿਐ ?… ਮੈਂ ਉਸ ਦੀ ਉਤਸੁਕਤਾ ਭਾਂਪਦਿਆਂ ਪੁੱਛਦਾ ਹਾਂ।
ਓ ਕੁਲਵੰਤ ! ਸੱਚੀਂ ਕ੍ਰਿਸ਼ਮਾ !! ਲਗਦੈ ਲੂੰਈ ਫੁੱਟਣ ਲੱਗ-ਪੀ, ਮੈਂ ਆਂਹਦੀ ਸੀ ਨਾ ਬਈ ਸੁਪਨੇ ’ਚ …। ਮੇਰੀ ਗੱਲ ਸੱਚੀ ਨਿਕਲੀ।… ਉਹ ਨਿੱਕੇ ਨਿਆਣਿਆਂ ਵਾਂਗ ਖੁਸ਼ੀ ਨਾਲ ਉਛਲਦੀ ਹੈ। ਉਸ ਦੇ ਬੋਲਾਂ ਵਿਚੋਂ ਭਾਵੁਕਤਾ ਡੁਲ੍ਹ ਡੁਲ੍ਹ ਪੈ ਰਹੀ ਹੈ।
ਓ ਅੱਛਾ !… ਕਹਿੰਦਿਆਂ ਮੈਂ ਉਸ ਦੀ ਖੁਸ਼ੀ ਵਿਚ ਸ਼ਾਮਿਲ ਹੋਣ ਦਾ ਯਤਨ ਕਰਦਾ ਹਾਂ। ਉਹ ਮਲਕੜੇ ਜਿਹੇ ਮੇਰਾ ਹੱਥ ਫੜ੍ਹ ਕੇ ਮੇਰੇ ਹੀ ਸਿਰ ਉਤੇ ਫੇਰਦੀ ਹੈ। ਮੈਨੂੰ ਕੋਈ ਵਾਲ ਰੜਕਦੇ ਮਹਿਸੂਸ ਨਹੀਂ ਹੁੰਦੇ ਪਰ ਮੈਂ ਆਪਣੇ ਮਨ ਦੀ ਗੱਲ ਉਸ ਨਾਲ ਸਾਂਝੀ ਨਹੀਂ ਕਰਦਾ।
ਓ ਠਹਿਰ ਇਕ ਮਿੰਟ, ਮੈਂ ਸ਼ੀਸ਼ੇ ’ਚ ਵੇਖਦਾ ਹਾਂ।… ਵੱਸੋਂ ਬਾਹਰ ਹੋ ਰਹੀ ਮਤਲਾਹਟ ਕਰਕੇ ਮੈਂ ਬਹਾਨੇ ਨਾਲ ਬਾਥਰੂਮ ’ਚ ਜਾਂਦਾ ਹਾਂ। ਪਰ ਸੁਰਜੀਤ ਮੇਰੇ ਪਿੱਛੇ ਹੀ ਆ ਖੜ੍ਹੀ ਹੈ। ਮੈਂ ਪੂਰੀ ਵਾਹ ਲਾ ਕੇ ਉਲਟੀ ਨੂੰ ਰੋਕਣ ਦਾ ਯਤਨ ਕਰਦਾ ਹਾਂ। ਕੈਂਸਰ ਵਾਲੇ ਬੰਦੇ ਦੀ ਕਿਹੜੀ ਉਲਟੀ ਖ਼ੂਨੀ ਅਤੇ ਆਖਰੀ ਹੋ ਜਾਵੇ, ਕੋਈ ਨਹੀਂ ਜਾਣਦਾ। ਇਹ ਸੋਚਦਾ ਮੈਂ ਸ਼ੀਸ਼ੇ ਸਾਹਵੇਂ ਖੜ੍ਹ ਕੇ ਆਪਣੇ ਆਪ ਨੂੰ ਨਿਹਾਰਦਾ ਹਾਂ। ਕਲੱਤਣ ਭਰੇ ਬਡਰੂਪ ਜਿਹੇ ਚਿਹਰੇ ਉਤੇ ਅਜੀਬ ਜਿਹੀ ਮੁਰਦੇਹਾਣੀ ਛਾਈ ਦਿਸਦੀ ਹੈ। ਆਖਰੀ ਵਕਤ ਦੇ ਖ਼ਿਆਲ ਨਾਲ ਮੇਰੀਆਂ ਅੱਖਾਂ ਭਰ ਆਉਂਦੀਆਂ ਹਨ ਪਰ ਮੈਂ ਜ਼ਾਬਤਾ ਕਾਇਮ ਰੱਖਦਿਆਂ ਚਿਹਰੇ ਉਤੇ ਮੁਸਕਰਾਹਟ ਬਿਖੇਰਨ ਵਿਚ ਕੁਝ ਸਫ਼ਲ ਹੋ ਜਾਂਦਾ ਹਾਂ। ਸੁਰਜੀਤ ਵੱਲ ਮੁੜਦਾ ਹਾਂ ਤਾਂ ਮੇਰੀਆਂ ਅੱਖਾਂ ’ਚੋਂ ਠਣਕ ਠਣਕ ਡਿੱਗਦੇ ਅੱਥਰੂਆਂ ਨੂੰ ਖੁਸ਼ੀ ਦੇ ਹੰਝੂ ਸਮਝ ਉਹ ਧਾਅ ਕੇ ਮੇਰੇ ਗਲ ਨੂੰ ਚੰਬੜ ਜਾਂਦੀ ਹੈ। ਉਸ ਦੇ ਪਿੱਛੇ ਆ ਖੜ੍ਹੀ ਜਸ਼ਨ ਡੌਰ-ਭੌਰ ਜਿਹੀ ਹੋਈ ਸਭ ਕੁਝ ਦਰਸ਼ਕਾਂ ਵਾਂਗ ਦੇਖੀ ਜਾਂਦੀ ਹੈ। ਕੁਝ ਵੀ ਬੋਲ ਕੇ ਸੁਰਜੀਤ ਦਾ ਸੁਪਨਾ ਤੋੜਨ ਲਈ ਮੇਰਾ ਮਨ ਨਹੀਂ ਮੰਨਦਾ। ਮੈਨੂੰ ਪਤਾ ਨਹੀਂ ਕਿਉਂ ਉਮੀਦ ਜਿਹੀ ਬੱਝ ਗਈ ਹੈ ਕਿ ਉਹ ਕਾਲੇ ਭਵਿੱਖ ਨੂੰ ਜ਼ਰੂਰ ਰੋਸ਼ਨ ਕਰ ਲਵੇਗੀ। ਸੁਰਜੀਤ ਤੋਂ ਨਜ਼ਰਾਂ ਚੁਰਾ ਕੇ ਮੈਂ ਵਿਹੜੇ ਵਿਚਲੇ ਅਮਲਤਾਸ ਵੱਲ ਵੇਖਣ ਲੱਗ ਪੈਂਦਾ ਹਾਂ। ਟਿਊਬ ਦੀ ਖਿੜਵੀਂ ਰੋਸ਼ਨੀ ਵਿਚ ਉਸ ਦੇ ਝੁਮਕਾ-ਫੁੱਲ ਫਨੂਸ ਵਾਂਗ ਚਮਕ ਰਹੇ ਹਨ ਪਰ ਪਾਣੀ ਭਰੀਆਂ ਅੱਖਾਂ ਨਾਲ ਮੈਨੂੰ ਧੁੰਦਲੇ ਧੁੰਦਲੇ ਦਿਸਦੇ ਹਨ।
ਪੰਜਾਬੀ ਕਹਾਣੀ ਅਤੇ ਅਲੋਚਨਾ ਦੇ ਖੇਤਰ ਵਿਚ ਬਲਦੇਵ ਧਾਲੀਵਾਲ ਇਕੋ ਜਿੰਨੀ ਹੈਸੀਅਤ ਰੱਖਦਾ ਹੈ। ਜਿਸ ਨਜ਼ਰ ਨਾਲ ਉਹ ਹੋਰਾਂ ਦੀਆਂ ਕਿਰਤਾਂ ਨੂੰ ਘੋਖਦਾ ਹੈ, ਉਹੀ ਨਜ਼ਰ ਉਹਦੀ ਅਪਣੀਆਂ ਕਿਰਤਾਂ ਦੇ ਆਰ-ਪਾਰ ਵੀ ਦੇਖਦੀ ਹੈ। ਪੰਜਾਬੀ ਸਮਾਜ ਅਤੇ ਮਨ ਵਿੱਚ ਪਲ ਪਲ ਉਠਦੇ ਤੂਫ਼ਾਨਾਂ ਨੂੰ ਉਹ ਅਪਣੀਆਂ ਕਹਾਣੀਆਂ ਵਿਚ ਸੁਚੇਤ ਰੂਪ ਵਿਚ ਟੱਕਰਦਾ ਪ੍ਰਤੀਤ ਹੁੰਦਾ।