1
ਰਾਤ ਮੇਰੀਆਂ
ਅੱਖਾਂ ’ਚੋਂ ਸਮੁੰਦਰ ਭਰ ਲਿਆ
ਤੂੰ ਅਪਣੀ ਨਜ਼ਰ ਵਿਚ
ਸੂਰਜ ਦੀ ਲਪਟ ਬਗ਼ੈਰ
ਜਗਣਾ-ਦਨਦਨਾਉਣਾ
ਤੇਰੇ ਤੇ ਮੇਰੇ ਹਿੱਸੇ ਹੀ ਆਇਆ ਹੈ
ਗੁਆਂਢ ਦੇ ਤਾਰਿਆਂ ਤੋਂ
ਮੈਂ ਮੁੱਠੀ ਭਰ ਰੌਸ਼ਨੀ ਲਈ
ਤੇ ਤੇਰੇ ਅੰਦਰ ਦੇ ਹਰ ਰਸਤੇ ’ਚੋਂ
ਲੱਭਣਾ ਚਾਹਿਆ ਖ਼ੁਦ ਨੂੰ
ਪੈਰ ਨੱਕ ਕੰਨ ਤੇ ਹੱਥ
ਕਿੰਜ ਤੀਲੇ-ਤੀਲੇ
ਬਿਖ਼ਰੇ ਪਏ ਸਨ
ਤੇਰੇ ਜਿਸਮ ਦੀ ਪੋਟਲੀ ਵਿਚ
ਮੈਂ ਕਰਨਾ ਚਾਹਿਆ
ਸਲਾਮ
ਮੇਰੇ ਵੀਰਜ ਦੇ ਬੀਜ ਨੂੰ
ਰੌਸ਼ਨੀ ਦੀ ਇਕ ਕਾਤਰ
ਨਾਲ ਕਿਵੇਂ ਲੱਭਿਆ ਜਾ ਸਕਦਾ ਹੈ
ਜ਼ਿੰਦਗੀ ਦਾ ਸਫ਼ਰ
2
ਹਮਖ਼ਿਆਲ ਸੀ
ਇਕ ਰਾਤ ਦੇ ਪੈਰਾਂ ਹੇਠ
ਆ ਕੁਚਲਿਆ ਜਾ ਰਿਹਾ
ਦੀਵੇ ਦੇ ਬਲਣ ਤੱਕ
ਬੱਤੀ ਦੇ ਬੁਝਣ ਤੱਕ
ਸਾਹ ਸਨ ਬਾਕੀ ਕੁਝ
ਰੇਤ ਦੇ ਤਲ ਨਾਲ
ਸਿੰਜਿਆ ਜਾ ਰਿਹਾ
ਮੁਹੱਬਤ ਦਾ ਕੋਈ
ਅਖ਼ੀਰੀ ਪਲ
ਖੇਡ ਹੈ ਕੋਈ ਅਦਭੁੱਤ ਜਿਹੀ
ਗੁੰਮਣਾ-ਗੁਆਚਣਾ-ਦਫ਼ਨ ਹੋਣਾ
ਤੇ ਮੁੜ ਉਦੈ ਹੋਣਾ ਹੈ
ਖੇਡ-ਖੇਡ ਵਿਚ
3
ਖ਼ਿਆਲ ਸਨ ਮੇਰੇ
ਐਵੇਂ ਕੁਰੇਦਦਾ ਹਾਂ ਤੈਨੂੰ
ਤੇਰੇ ਅੰਦਰ ਤੱਕ ਪਹੁੰਚਣ ਲਈ
ਮੱਕੜੀ ਦਾ ਜਾਲਾ ਹੀ ਬਣਾ ਸਕਦੈ
ਕੋਈ ਰਸਤਾ
ਪੀਣ ਦੇ ਮੈਨੂੰ
ਵਿਆਕੁਲ ਹਾਂ ਮੈਂ
ਫੁੱਲ ਦੇ ਖਿੜਨ ਤੱਕ
ਬੀਜ ਦੇ ਫੁੱਟਣ ਤੱਕ
ਵੀਰਜ ਹਾਂ ਮੈਂ
ਜਾਣਦਾਂ ਧਰਤ ਦੀ ਤੜਪ ਨੂੰ
4
ਰਿਸ਼ਤਿਆਂ ਦੇ ਸਫ਼ਰ ’ਚ
ਇਮਤਿਹਾਨ ਹੈ
ਮੇਰੇ ਮਨ ਦਾ
ਕਤਾਰਾਂ ਹੀ ਕਤਾਰਾਂ ਹਨ
ਲਹੂ ਦੇ ਸਿੰਮਣ ਤਕ
ਸਭ ਕੁਝ ਉੱਭਰਦਾ ਹੈ
ਕੂੜੇਦਾਨ ਦੀ ਰਾਖ਼ ’ਚ
ਪਾਲਣਾ ਹੈ
ਮੁਹੱਬਤ ਦੇ ਜਾਦੂ ਦਾ ਭੇਤ
ਰਾਤ ਹੈ-ਦਿਨ ਹੈ
ਜਾਂ
ਦਿਨ ਹੈ ਜਾਂ ਰਾਤ
5
ਪੈਰਾਂ ਹੇਠ ਵੀ ਕੋਈ ਤਲ ਹੈ
ਮੈਨੂੰ ਨਹੀਂ ਪਤਾ ਸੀ
ਮੈਂ ਕਦਮਾਂ ਨੂੰ
ਲੱਖਾਂ ਪਤਾਲਾਂ ’ਚ
ਸੁੱਟਣਾ ਚਾਹਿਆ ਸੀ
ਤੇਰਾ ਜਿਸਮ ਵਿਸ਼ਰਾਮ ਹੈ
ਆਉਣਾ ਹੈ
ਜਾਣਾ ਹੈ
ਜ਼ਿੰਦਗੀ ਹੈ ਇਹ।