ਪੱਥਰ
ਤੂੰ ਹਰ ਰੋਜ਼-
ਮੇਰੇ ਨੈਣਾਂ ਦੇ ਖ਼ਾਰੇ ਸਮੁੰਦਰਾਂ ਨੂੰ
ਉਲਘੰਦਾ ਹੈਂ
ਮੇਰੇ ਦਿਲ ਦੀ ਤਪਦੀ ਰੇਤ ’ਤੇ
ਅਪਣੀ ਪੈੜ ਛੱਡਦਾ ਹੈਂ
ਸੁਪਨੇ ਵਿਚ ਮੇਰਾ ਕੰਬਦਾ ਹੱਥ ਫੜ ਕੇ
ਪਤਾ ਨਹੀਂ ਕਿੰਨਾ ਕੁ ਪੈਂਡਾ ਤੈਅ ਕਰਦਾ ਹੈਂ
ਮੇਰੇ ਮਨ ਦੇ ਸੁੰਨੇ ਵਣਾਂ ਵਿਚ
ਸਮਾਧੀ ਲਾ ਕੇ ਤਪ ਕਰਦਾ ਹੈਂ
ਨਿਤ ਨਵੀਂ ਬਿਰਹਾ ਦੀ ਰੁੱਤ
ਮੇਰੇ ਮੱਥੇ ’ਤੇ ਤਸਦੀਕ ਕਰਦਾ ਹੈਂ
ਫਿਰ ਕਿਉਂ ਨਹੀਂ ਬੁਝਦੀ
ਤੇਰੇ ਦਿਲ ਦੀ ਪਿਆਸ
ਮੇਰੇ ਮੋਹ ਦੀ ਨਦੀ ਵਿਚ
ਤੂੰ ਕੈਸਾ ਪੱਥਰ ਹੈਂ?
ਜੋ ਡੂੰਘੇ ਪਾਣੀਆਂ ਵਿਚ ਡੁੱਬ ਕੇ ਵੀ
ਅਭਿੱਜ ਰਹਿੰਦਾ ਹੈਂ।
ਪੱਥਰ (2)
ਮੈਂ ਸੁਣੀ ਹੋਈ ਸੀ
ਪੱਥਰਾਂ ਵਿਚੋਂ ਚਸ਼ਮਿਆਂ ਦੇ ਨਿਕਲਣ ਦੀ ਗੱਲ
ਇਸੇ ਭਰਮ ਵਿਚ ਮੈਂ
ਫੁੱਲ ਜਿਹੇ ਦਿਲ ਨੂੰ ਪੱਥਰ ਨਾਲ ਲਾ ਬੈਠੀ
ਤੇ ਉਦੋਂ ਹੋਸ਼ ਆਈ
ਜਦੋਂ ਮੇਰੇ ਅਹਿਸਾਸ ਉਸ ਪੱਥਰ ਨਾਲ ਟਕਰਾ-ਟਕਰਾ ਕੇ
ਜ਼ਖ਼ਮੀ ਹੋਏ
ਪੱਥਰ ਅਡੋਲ, ਅਹਿੱਲ ਪਿਆ ਸੀ
ਤੇ ਮੇਰੇ ਜਜ਼ਬੇ ਲਹੂ-ਲੁਹਾਣ।
