ਇਹ 1961 ਦੀ ਗੱਲ ਹੈ।
ਦਸੰਬਰ ਦਾ ਮਹੀਨਾ ਸੀ ਅਤੇ ਕੜਾਕੇ ਦੀ ਠੰਢ ਪੈ ਰਹੀ ਸੀ। ਸ਼ਾਇਦ ਭਾਖੜਾ ਡੈਮ ਵਿਚ ਪਾਣੀ ਦੀ ਕਮੀ ਸੀ। ਪੰਜਾਬ ਬਿਜਲੀ ਬੋਰਡ ਵਾਲ਼ੇ ਰੋਜ਼ ਸਵੇਰੇ ਪੰਜ ਵਜੇ ਬਿਜਲੀ ਬੰਦ ਕਰ ਦਿੰਦੇ ਸਨ। ਇਸ ਨਾਲ਼ ਲੋਕਾਂ ਨੂੰ ਬੜੀ ਔਖਿਆਈ ਹੁੰਦੀ ਸੀ। ਲੋਕ ਬੜੀ ਹਾਲ-ਪਾਹਰਿਆ ਮਚਾ ਰਹੇ ਸਨ। ਅਖ਼ਬਾਰਾਂ ਵਿਚ ਰੋਜ਼ ਵਾਵੇਲਾ ਮਚਦਾ ਸੀ। ਬੜੇ ਹਾਦਸੇ ਵੀ ਹੋ ਰਹੇ ਸਨ ਪਰ ਕੋਈ ਸੁਣਵਾਈ ਨਹੀਂ ਸੀ ਹੋ ਰਹੀ।
ਸ਼ਾਮ ਦੇ ਸਵਾ ਪੰਜ ਵੱਜੇ ਸਨ। ਅਪਣੇ ਦਫ਼ਤਰ ਵਿਚ ਬੈਠਾ ਮੈਂ ਜ਼ਰੂਰੀ ਫ਼ਾਈਲਾਂ ਨਿਪਟਾ ਰਿਹਾ ਸਾਂ। ਜ਼ਿਲ੍ਹਾ ਨਾਜ਼ਰ ਆਇਆ। ਉਸਦੇ ਜ਼ਿੰਮੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਦੀ ਹੇਠਲੇ ਪੱਧਰ ਦੀ ਦੇਖ-ਰੇਖ ਦਾ ਕੰਮ ਸੀ। ਉਸਨੇ ਆ ਕੇ ਕਿਹਾ, “ਸਰ, ਅੱਜ ਇੱਥੇ ਗਵਰਨਰ ਸਾਹਿਬ ਨੇ ਚਿਰਕੇ ਜਿਹੇ ਤਸ਼ਰੀਫ਼-ਆਵਰ ਹੋਣਾ ਹੈ। ਬਿਜਲੀ ਵਾਲ਼ੇ ਰੋਜ਼ ਸਵੇਰੇ ਪੰਜ ਵਜੇ ਬਿਜਲੀ ਬੰਦ ਕਰ ਦਿੰਦੇ ਹਨ। ਉਹਨਾਂ ਨੂੰ ਤੁਸੀਂ ਹਦਾਇਤ ਕਰ ਦੇਵੋ ਕਿ ਕੱਲ੍ਹ ਸਵੇਰੇ ਕੈਨਾਲ਼ ਰੈਸਟ ਹਾਊਸ ਵਾਲੇ ਪਾਸੇ ਦੀ ਬਿਜਲੀ ਬੰਦ ਨਾ ਕਰਨ, ਤਾਂ ਜੋ ਗਵਰਨਰ ਸਾਹਿਬ ਨੂੰ ਕੋਈ ਤਕਲੀਫ਼ ਨਾ ਹੋਵੇ।” ਮੈਂ ਅੱਗੋਂ ਉੱਤਰ ਦਿੱਤਾ, “ਮੈਂ ਕਿਸੇ ਨੂੰ ਅਜਿਹਾ ਕਰਨ ਲਈ ਨਹੀਂ ਕਹਿਣਾ। ਜੇ ਬਿਜਲੀ ਬੰਦ ਹੁੰਦੀ ਹੈ ਤੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਤਾਂ ਗਵਰਨਰ ਸਾਹਿਬ ਨੂੰ ਵੀ ਪਤਾ ਲੱਗਣਾ ਚਾਹੀਦਾ ਹੈ ਕਿ ਲੋਕਾਂ ਨਾਲ਼ ਕੀ ਬੀਤਦੀ ਹੈ।’’ ਉਸਨੇ ਕਿਹਾ, “ਸੋਚ ਲਵੋ ਜੀ, ਐਵੇਂ ਕੋਈ ਪੰਗਾ ਨਾ ਖੜ੍ਹਾ ਹੋ ਜਾਵੇ।’’ ਮੈਂ ਕਿਹਾ, “ਕੋਈ ਨਹੀਂ ਦੇਖੀ ਜਾਊ। ਗਵਰਨਰ ਸਾਹਿਬ ਨੂੰ ਵੀ ਤੇ ਅਸਲ ਹਾਲਾਤ ਦਾ ਪਤਾ ਲੱਗਣਾ ਚਾਹੀਦਾ ਹੈ। ਇਸ ਤੋਂ ਹੋਰ ਕਿਹੜਾ ਵਧੀਆ ਮੌਕਾ ਆਉਣਾ ਹੈ ਗਵਰਨਰ ਸਾਹਿਬ ਨੂੰ ਲੋਕਾਂ ਦੀਆਂ ਮੁਸ਼ਕਲਾਂ ਤੋਂ ਜਾਣੂ ਕਰਵਾਉਣ ਦਾ।’’ ਨਾਜ਼ਰ ਅਪਣਾ ਮੂੰਹ ਭੈੜਾ-ਜਿਹਾ ਬਣਾ ਕੇ ਤੁਰ ਗਿਆ।
ਮੇਰੇ ਚੰਗੇ ਭਾਗਾਂ ਨੂੰ ਥੋੜ੍ਹੀ ਦੇਰ ਬਾਅਦ ਹੀ ਬਿਜਲੀ ਮਹਿਕਮੇ ਦੇ ਸੁਪਰਟੈਂਡਿੰਗ ਇੰਜੀਨੀਅਰ ਮੈਨੂੰ ਮਿਲਣ ਆ ਗਏ। ਉਹਨਾਂ ਨੇ ਜੋ ਕੰਮ ਉਹਨਾਂ ਨੂੰ ਸੀ, ਦੱਸ ਲਿਆ ਅਤੇ ਮੈਂ ਉਸ ਦਾ ਸਮਾਧਾਨ ਵੀ ਕਰ ਦਿੱਤਾ, ਤਾਂ ਮੈਂ ਉਹਨਾਂ ਨੂੰ ਕਿਹਾ, “ਅੱਜ ਚਿਰਕੇ ਜਿਹੇ ਗਵਰਨਰ ਸਾਹਿਬ ਜਲੰਧਰ ਤਸ਼ਰੀਫ਼ ਲਿਆ ਰਹੇ ਹਨ, ਉਹ ਕੈਨਾਲ ਰੈਸਟ ਹਾਊਸ ਵਿਚ ਠਹਿਰਨਗੇ। ਤੁਸੀਂ ਸਵੇਰੇ ਰੋਜ਼ ਪੰਜ ਵਜੇ ਬਿਜਲੀ ਬੰਦ ਕਰ ਦਿੰਦੇ ਹੋ। ਪਰ ਕੱਲ੍ਹ ਕੈਨਾਲ ਰੈਸਟ ਹਾਊਸ ਵਾਲ਼ੇ ਪਾਸੇ ਅਜਿਹਾ ਨਹੀਂ ਹੋਣਾ ਚਾਹੀਦਾ। ਬਿਜਲੀ ਬੰਦ ਹੋਣ ਨਾਲ਼ ਗਵਰਨਰ ਸਾਹਿਬ ਨੂੰ ਅਸੁਵਿਧਾ ਹੋਵੇਗੀ।’’ ਸ. ਪ੍ਰਤਾਪ ਸਿੰਘ ਐੱਸ.ਈ. ਨੇ ਕਿਹਾ, “ਤੁਸੀਂ ਕੋਈ ਫ਼ਿਕਰ ਨਾ ਕਰੋ। ਮੈਂ ਹੁਣੇ ਅਪਣੇ ਦਫ਼ਤਰ ਜਾ ਕੇ ਮਾਤਹਿਤ ਅਮਲੇ ਨੂੰ ਜ਼ਰੂਰੀ ਹਦਾਇਤਾਂ ਜਾਰੀ ਕਰ ਦਿੰਦਾ ਹਾਂ।’’ ਮੈਂ ਵੀ ਸੰਤੁਸ਼ਟ ਹੋ ਗਿਆ ਅਤੇ ਆਪਣਾ ਕੰਮ ਨਿਪਟਾ ਕੇ ਘਰ ਚਲਾ ਗਿਆ।
ਅਗਲੇ ਦਿਨ ਸਵੇਰੇ ਮੈਂ ਸਾਢੇ ਚਾਰ ਵਜੇ ਸੈਰ ਕਰਨ ਚਲਾ ਗਿਆ ਅਤੇ ਜਦੋਂ ਮੈਂ ਸਾਢੇ ਪੰਜ ਵਜੇ ਘਰ ਵਾਪਸ ਆਇਆ, ਤਾਂ ਮੈਂ ਦੇਖਿਆ ਮੇਰੇ ਮਾਤਾ ਜੀ ਘਰ ਦੇ ਬਾਹਰ ਗਲੀ ਵਿਚ ਖੜ੍ਹੇ ਮੇਰੀ ਰਾਹ ਤੱਕ ਰਹੇ ਸਨ। ਉਹ ਬੜੇ ਪ੍ਰੇਸ਼ਾਨ ਸਨ। ਉਹਨਾਂ ਮੈਨੂੰ ਦੱਸਿਆ ਕਿ ਠੀਕ ਪੰਜ ਵਜੇ ਬਿਜਲੀ ਬੰਦ ਹੋ ਗਈ ਸੀ ਅਤੇ ਇਸ ਤੋਂ ਤੁਰੰਤ ਬਾਅਦ ਕੈਨਾਲ ਰੈਸਟ ਹਾਊਸ ਤੋਂ ਗਵਰਨਰ ਸਾਹਿਬ ਦੇ ਸੈਕਟਰੀ ਦਾ ਟੈਲੀਫ਼ੋਨ ਆਇਆ ਸੀ ਅਤੇ ਉਸ ਨੇ ਤੇਰਾ ਪੁੱਛਿਆ ਸੀ ਅਤੇ ਤੁਰੰਤ ਬਿਜਲੀ ਚਾਲੂ ਕਰਵਾਉਣ ਲਈ ਕਿਹਾ ਸੀ। ਮੈਂ ਉਸ ਨੂੰ ਦੱਸ ਦਿੱਤਾ ਸੀ ਕਿ ਤੁਸੀਂ ਘਰ ਨਹੀਂ ਹੋ ਅਤੇ ਸੈਰ ਕਰਨ ਗਏ ਹੋ। ਉਸ ਦੇ ਪੰਦਰਾਂ ਮਿੰਟਾਂ ਬਾਅਦ ਕੋਈ ਮਿਲਟਰੀ ਅਫ਼ਸਰ ਜੀਪ ’ਤੇ ਇੱਥੇ ਆਇਆ ਸੀ ਅਤੇ ਉਸ ਨੇ ਫੇਰ ਤੇਰੇ ਬਾਬਤ ਪੁੱਛਗਿੱਛ ਕੀਤੀ ਸੀ ਅਤੇ ਮੈਂ ਫੇਰ ਉਸ ਨੂੰ ਦੱਸ ਦਿੱਤਾ ਸੀ ਕਿ ਉਹ ਅਜੇ ਸੈਰ ਤੋਂ ਵਾਪਸ ਨਹੀਂ ਆਏ। ਉਹ ਬੜਾ ਗੁੱਸੇ ਵਿਚ ਦਿਸਦਾ ਸੀ। ਇਸ ਤੋਂ ਥੋੜ੍ਹੀ ਦੇਰ ਬਾਅਦ ਹੀ ਡਿਪਟੀ ਕਮਿਸ਼ਨਰ ਦਾ ਟੈਲੀਫ਼ੋਨ ਆਇਆ ਸੀ ਅਤੇ ਉਸ ਨੇ ਵੀ ਤੇਰੀ ਬਾਬਤ ਪੁੱਛਿਆ ਸੀ। ਮੈਂ ਉਸ ਨੂੰ ਵੀ ਦੱਸ ਦਿੱਤਾ ਸੀ ਕਿ ਤੁਸੀਂ ਅਜੇ ਸੈਰ ਤੋਂ ਵਾਪਸ ਨਹੀਂ ਆਏ। ਡੀ.ਸੀ. ਵੀ ਬੜੇ ਗੁੱਸੇ ਜਾਪਦਾ ਸੀ।”
ਮੈਂ ਜਦੋਂ 9 ਵਜੇ ਦਫ਼ਤਰ ਗਿਆ, ਤਾਂ ਕੁਝ ਦੇਰ ਬਾਅਦ ਡਿਪਟੀ ਕਮਿਸ਼ਨਰ ਦੇ ਚਪੜਾਸੀ ਨੇ ਆ ਸਲਾਮ ਕੀਤੀ ਤੇ ਕਿਹਾ, “ਡੀ.ਸੀ. ਸਾਹਿਬ ਤੁਹਾਨੂੰ ਯਾਦ ਕਰ ਰਹੇ ਹਨ। ਤੁਸੀਂ ਹੁਣੇ ਉਹਨਾਂ ਨੂੰ ਮਿਲ਼ੋ।’’ ਮੈਂ ਜਦੋਂ ਡੀ.ਸੀ. ਨੂੰ ਮਿiਲ਼ਆ, ਤਾਂ ਉਸਨੇ ਮੇਰੇ ਹੱਥ ਵਿਚ ਗਵਰਨਰ ਦੇ ਮਿਲਟਰੀ ਸੈਕਟਰੀ ਦਾ ਲਿਖਿਆ ਪੱਤਰ ਥਮਾ ਦਿੱਤਾ, ਜਿਸ ਵਿਚ ਲਿਖਿਆ ਹੋਇਆ ਸੀ ਕਿ ਸਵੇਰੇ ਪੰਜ ਵਜੇ ਬਿਜਲੀ ਬੰਦ ਹੋਣ ਨਾਲ਼ ਗਵਰਨਰ ਸਾਹਿਬ ਅਤੇ ਉਹਨਾਂ ਦੀ ਫ਼ੈਮਲੀ ਨੂੰ ਬੜੀ ਪ੍ਰੇਸ਼ਾਨੀ ਹੋਈ ਹੈ। ਇਸ ਮਾੜੇ ਪ੍ਰਬੰਧ ਲਈ ਜਿਹੜਾ ਵੀ ਅਫ਼ਸਰ ਜ਼ਿੰਮੇਵਾਰ ਹੈ, ਉਸ ਵਿਰੁੱਧ ਕਾਰਵਾਈ ਕਰਕੇ ਗਵਰਨਰ ਸਾਹਿਬ ਨੂੰ ਸੂਚਿਤ ਕੀਤਾ ਜਾਵੇ। ਡਿਪਟੀ ਕਮਿਸ਼ਨਰ ਨੇ ਕਿਹਾ, “ਤੁਸੀਂ ਵੇਲੇ ਸਿਰ ਬਿਜਲੀ ਮਹਿਕਮੇ ਨੂੰ ਲੋੜੀਂਦੀਆਂ ਹਦਾਇਤਾਂ ਕਿਉਂ ਨਹੀਂ ਜਾਰੀ ਕੀਤੀਆਂ? ਇਹ ਸਰਕਾਰੀ ਡਿਊਟੀ ਨਿਭਾਉਣ ਵਿਚ ਬੱਜਰ ਕੋਤਾਹੀ ਹੈ। ਇਸ ਲਈ ਤੁਸੀਂ ਅਪਣਾ ਜਵਾਬ ਤੁਰੰਤ ਦੇਵੋ। ਤੁਹਾਡੇ ਖ਼ਿਲਾਫ਼ ਕਰੜੀ ਅਨੁਸ਼ਾਸਨੀ ਕਾਰਵਾਈ ਹੋਵੇਗੀ।’’ ਮੈਂ ਅੱਗੋਂ ਉੱਤਰ ਦਿੱਤਾ, “ਮੈਂ ਅਪਣੀ ਡਿਊਟੀ ਨਿਭਾਉਣ ਵਿਚ ਕੋਈ ਕੁਤਾਹੀ ਨਹੀਂ ਵਰਤੀ। ਮੈਂ ਵੇਲੇ ਸਿਰ ਬਿਜਲੀ ਮਹਿਕਮੇ ਦੇ ਐੱਸ.ਸੀ. ਨੂੰ ਜ਼ਰੂਰੀ ਹਦਾਇਤ ਕਰ ਦਿੱਤੀ ਸੀ ਅਤੇ ਜੇ ਪੰਜ ਵਜੇ ਬੱਤੀ ਬੁਝ ਗਈ ਸੀ, ਤਾਂ ਬਿਜਲੀ ਮਹਿਕਮੇ ਦੇ ਕਰਮਚਾਰੀ ਜ਼ਿੰਮੇਵਾਰ ਹਨ, ਮੈਂ ਨਹੀਂ।’’ ਉਸ ਨੇ ਕਿਹਾ, “ਮਾਮਲਾ ਬੜਾ ਗੰਭੀਰ ਹੈ, ਇਸ ਵਿਚ ਤਾਂ ਪੂਰੀ ਜਾਂਚ ਪੜਤਾਲ ਹੋਵੇਗੀ।’’ ਮੈਂ ਕਿਹਾ, “ਹਾਂ ਜੀ ਪੂਰੀ ਜਾਂਚ ਪੜਤਾਲ ਹੋਣੀ ਚਾਹੀਦੀ ਹੈ ਅਤੇ ਦੋਸ਼ੀ ਅਫ਼ਸਰ ਨੂੰ ਬਣਦੀ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ।’’
ਮੈਂ ਅਪਣਾ ਉੱਤਰ ਲਿਖ ਦਿੱਤਾ ਅਤੇ ਉਸ ਵਿਚ ਇਹੋ ਕਿਹਾ ਕਿ ਮੈਂ ਤਾਂ ਵੇਲੇ ਸਿਰ ਬਿਜਲੀ ਮਹਿਕਮੇ ਦੇ ਸੁਪਰਟੈਂਡਿੰਗ ਇੰਜੀਨੀਅਰ ਨੂੰ ਲੋੜੀਂਦੀ ਹਦਾਇਤ ਕਰ ਦਿੱਤੀ ਸੀ। ਇਸ ਤੋਂ ਬਾਅਦ ਮੈਂ ਪਤਾ ਕੀਤਾ ਕਿ ਮਾਮਲਾ ਏਨਾ ਤੂਲ ਕਿਵੇਂ ਪਕੜ ਗਿਆ, ਤਾਂ ਪਤਾ ਲੱਗਾ ਕਿ ਜਦੋਂ ਬਿਜਲੀ ਬੁਝੀ, ਤਾਂ ਲੇਡੀ ਗਵਰਨਰ ਇਸ਼ਨਾਨ ਕਰ ਰਹੀ ਸੀ ਅਤੇ ਗਵਰਨਰ ਸਾਹਿਬ ਸ਼ੇਵ ਕਰ ਰਹੇ ਸਨ। ਉਹਨਾਂ ਦਿਨਾਂ ਵਿਚ ਨਰਹਰੀ ਵਿਸ਼ਣੂੰ ਗੈਡਗਲ ਪੰਜਾਬ ਦੇ ਗਵਰਨਰ ਸਨ। ਉਹ ਬਹੁਤ ਪੜ੍ਹੇ-ਲਿਖੇ ਅਤੇ ਸਹਿਣਸ਼ੀਲ ਵਿਅਕਤੀ ਸਨ। ਇਕ ਵਾਰ ਸਨਾਤਨ ਧਰਮ ਹਾਈ ਸਕੂਲ ਜਲੰਧਰ ਦਾ ਸਾਲਾਨਾ ਇਨਾਮ ਵੰਡ ਸਮਾਗਮ ਹੋ ਰਿਹਾ ਸੀ ਅਤੇ ਗਵਰਨਰ ਗੈਡਗਲ ਮੁੱਖ ਮਹਿਮਾਨ ਸਨ। ਗਵਰਨਰ ਸਾਹਿਬ ਜਦੋਂ ਆਪਣਾ ਭਾਸ਼ਣ ਦੇਣ ਉੱਠੇ, ਤਾਂ ਥੋੜ੍ਹੀ ਦੇਰ ਬਾਅਦ ਬਿਜਲੀ ਬੰਦ ਹੋ ਗਈ ਅਤੇ ਚਾਰੋਂ ਪਾਸੋਂ ਘੁਪ ਹਨੇਰਾ ਹੋ ਗਿਆ। ਡਿਪਟੀ ਕਮਿਸ਼ਨਰ ਸਕੂਲ ਦੇ ਹੈੱਡਮਾਸਟਰ ਦੇ ਗਲ਼ ਪੈ ਗਿਆ। ਗਵਰਨਰ ਨੇ ਉਸ ਨੂੰ ਠੰਢਾ ਕੀਤਾ ਅਤੇ ਕਿਹਾ, “ਇਸ ਬੇਚਾਰੇ ਦਾ ਕੀ ਕਸੂਰ ਹੈ? ਕੋਈ ਗੱਲ ਨਹੀਂ ਸਬਰ ਕਰੋ, ਹੁਣੇ ਬਿਜਲੀ ਆ ਜਾਵੇਗੀ। ਕੋਈ ਕਿਆਮਤ ਨਹੀਂ ਆ ਚੱਲੀ।’’ ਅਤੇ ਥੋੜ੍ਹੀ ਦੇਰ ਬਾਅਦ ਹੀ ਬਿਜਲੀ ਆ ਗਈ ਅਤੇ ਜਲਸੇ ਦੀ ਕਾਰਵਾਈ ਹਸਬ-ਮਾਮੂਲ ਚੱਲ ਕੇ ਸਮਾਪਤ ਹੋ ਗਈ।
ਪਰ ਵਿਚਾਰ-ਅਧੀਨ ਮਾਮਲੇ ਵਿਚ ਸਥਿਤੀ ਇਸ ਕਰਕੇ ਗੰਭੀਰ ਹੋ ਗਈ, ਕਿਉਂਕਿ ਲੇਡੀ ਗਵਰਨਰ ਇਸ਼ਨਾਨ ਕਰ ਰਹੇ ਸਨ ਅਤੇ ਰੋਸ਼ਨੀ ਦਾ ਹੋਰ ਕੋਈ ਪ੍ਰਬੰਧ ਨਹੀਂ ਸੀ ਕੀਤਾ ਗਿਆ। ਗ਼ੁਸਲਖ਼ਾਨੇ ਵਿਚ ਘੁੱਪ ਹਨੇਰਾ ਪਸਰ ਗਿਆ। ਉਹਨਾਂ ਦਿਨਾਂ ਵਿਚ ਇਨਵਰਟਰ ਤਾਂ ਹੁੰਦੇ ਨਹੀਂ ਸਨ। ਕੇਵਲ ਮੋਮਬੱਤੀ ਜਾਂ ਲਾਲਟੈਣ ਹੀ ਹੁੰਦੀ ਸੀ। ਪਰ ਗ਼ੁਸਲਖ਼ਾਨੇ ਅੰਦਰ ਉਹ ਵੀ ਨਹੀਂ ਸੀ। ਬਾਹਰੋਂ ਕੋਈ ਮੋਮਬੱਤੀ ਜਾਂ ਲਾਲਟੈਣ ਲੈ ਕੇ ਜਾਵੇ ਕੌਣ। ਅੰਦਰ ਲੇਡੀ ਗਵਰਨਰ ਨੰਗ-ਧੜੰਗ ਇਸ਼ਨਾਨ ਕਰ ਰਹੇ ਸਨ। ਬੜੀ ਕਸੂਤੀ ਸਥਿਤੀ ਸੀ। ਆਖ਼ਰਕਾਰ ਚੌਕੀਦਾਰ ਦੀ ਘਰ ਵਾਲ਼ੀ ਨੂੰ ਮੋਮਬੱਤੀ ਦੇ ਕੇ ਅੰਦਰ ਭੇਜਿਆ ਤਾਂ ਕਿਤੇ ਅਮਨ ਚੈਨ ਹੋਇਆ।
ਖ਼ੈਰ ਇਸ ਸਾਰੇ ਮਾਮਲੇ ਦੀ ਜਾਂਚ-ਪੜਤਾਲ ਸ਼ੁਰੂ ਹੋ ਗਈ। ਪਹਿਲਾਂ ਤਾਂ ਐੱਸ.ਸੀ. ਨੇ ਥੋੜ੍ਹੀ ਟਾਲਮਟੋਲ ਕਰਨ ਦੀ ਕੋਸ਼ਿਸ਼ ਕੀਤੀ, ਪਰ ਫੇਰ ਉਹ ਮੰਨ ਗਿਆ ਕਿ ਉਸ ਨੂੰ ਬਿਜਲੀ ਬੰਦ ਨਾ ਕਰਨ ਦੀ ਵੇਲੇ ਸਿਰ ਹਦਾਇਤ ਕਰ ਦਿੱਤੀ ਸੀ। ਪਰ ਉਸ ਨੇ ਅੱਗੋਂ ਆਖਿਆ ਕਿ ਮੈਂ ਅਪਣੇ ਐਕਸੀਅਨ ਨੂੰ ਲੋੜੀਂਦੀ ਹਦਾਇਤ ਜਾਰੀ ਕਰ ਦਿੱਤੀ ਸੀ। ਜਦੋਂ ਇਨਕਵਾਇਰੀ ਅਫ਼ਸਰ ਨੇ ਐਕਸੀਐਨ ਤੋਂ ਪੁੱਛਗਿੱਛ ਕੀਤੀ, ਤਾਂ ਉਸਨੇ ਕਿਹਾ, “ਮੈਂ ਆਪਣੇ ਐੱਸ.ਡੀ.ਓ. ਨੂੰ ਲੋੜੀਂਦੀ ਹਦਾਇਤ ਕਰ ਦਿੱਤੀ ਸੀ।’’ ਐੱਸ.ਡੀ.ਓ. ਨੇ ਕਿਹਾ, “ਮੈਂ ਸਬ ਸਟੇਸ਼ਨ ਦੇ ਓਵਰਸੀਅਰ ਨੂੰ ਕਹਿ ਦਿੱਤਾ ਸੀ।” ਜਦੋਂ ਓਵਰਸੀਅਰ ਤੋਂ ਪੁੱਛਿਆ ਗਿਆ, ਤਾਂ ਉਸਨੇ ਕਿਹਾ, “ਮੈਂ ਸਵਿੱਚ ਬੋਰਡ ਅਟੈਂਡੈਂਟ ਨੂੰ ਹਦਾਇਤ ਕਰ ਦਿੱਤੀ ਸੀ।’’ ਜਦੋਂ ਸਵਿੱਚ ਬੋਰਡ ਅਟੈਂਡੈਂਟ ਨੂੰ ਪੁੱਛਿਆ ਗਿਆ, ਉਸ ਨੇ ਕਿਹਾ, “ਮੈਂ ਜੀ ਜ਼ਰੂਰੀ ਹਦਾਇਤ ਰਜਿਸਟਰ ਵਿਚ ਦਰਜ ਕਰ ਦਿੱਤੀ ਸੀ।’’ ਇਹ ਇੰਦਰਾਜ ਅੰਗਰੇਜ਼ੀ ਵਿਚ ਕੀਤਾ ਗਿਆ ਸੀ। ਪਰ ਜਿਸ ਸਵਿੱਚ ਬੋਰਡ ਅਟੈਂਡੈਂਟ ਦੀ ਡਿਊਟੀ ਸਵੇਰੇ ਪੰਜ ਵਜੇ ਪੈਂਦੀ ਸੀ, ਉਸਨੂੰ ਅੰਗਰੇਜ਼ੀ ਨਹੀਂ ਆਉਂਦੀ ਸੀ। ਉਹ ਕੇਵਲ ਹਿੰਦੀ ਪੜ੍ਹਿਆ ਹੋਇਆ ਸੀ। ਇਸ ਲਈ ਉਸ ਨੇ ਪੰਜ ਵਜੇ ਹਸਬ ਮਾਮੂਲ ਬਿਜਲੀ ਬੰਦ ਕਰ ਦਿੱਤੀ। ਇਸ ਤਰ੍ਹਾਂ ਇਸ ਸਾਰੇ ਮਾਮਲੇ ਦਾ ਭੋਗ ਪੈ ਗਿਆ। ਜਿਹੜਾ ਮਾਮਲਾ ਬਹੁਤ ਗੰਭੀਰ ਪ੍ਰਸ਼ਾਸਨਿਕ ਸਮੱਸਿਆ ਬਣ ਕੇ ਸਾਰੇ ਅਫ਼ਸਰਾਂ ਦੇ ਰਾਹ ਵਿਚ ਖੜ੍ਹਾ ਹੋ ਗਿਆ ਸੀ, ਉਹ ਹਾਸੇ ਠੱਠੇ ਨਾਲ਼ ਖ਼ਤਮ ਹੋ ਗਿਆ।
ਇਕ ਵਾਰ ਰਾਜੀਵ ਗਾਂਧੀ ਨੇ ਕਿਹਾ ਸੀ ਕਿ ਕੇਂਦਰ ਵਿਚੋਂ ਅਸੀਂ ਜੇ ਸੌ ਰੁਪਇਆ ਵਿਕਾਸ ਕਾਰਜਾਂ ਲਈ ਪ੍ਰਾਂਤਾਂ ਵਿਚ ਭੇਜਦੇ ਹਾਂ, ਤਾਂ ਉਸ ਵਿੱਚੋਂ ਕੇਵਲ ਵੀਹ ਰੁਪਏ ਹੀ ਵਿਕਾਸ ਕਾਰਜਾਂ ’ਤੇ ਖ਼ਰਚ ਹੁੰਦੇ ਹਨ, ਬਾਕੀ ਦੇ ਰਸਤੇ ਵਿਚ ਹੀ ਖ਼ੁਰਦ-ਬੁਰਦ ਹੋ ਜਾਂਦੇ ਹਨ।
ਇਸ ਕਹਾਣੀ ਵਿਚ ਵੀ ਕੁਝ ਅਜਿਹਾ ਹੀ ਵਾਪਰਿਆ ਸੀ। ਸਰਕਾਰ ਦੇ ਇੰਜੀਨੀਅਰਿੰਗ ਡਿਪਾਰਟਮੈਂਟਸ ਵਿਚ ਦਿਹਾੜੀਦਾਰ ਕਾਮੇ ਭਰਤੀ ਕਰਨ ਦੀ ਪ੍ਰਥਾ ਹੈ। ਇਹ ਕਾਮੇ ਐੱਸ.ਡੀ.ਓ. ਅਤੇ ਕਈ ਵਾਰੀ ਜੂਨੀਅਰ ਇੰਜੀਨੀਅਰ ਦੀ ਪੱਧਰ ’ਤੇ ਰੱਖ ਲਏ ਜਾਂਦੇ ਹਨ। ਇਹਨਾਂ ਨੂੰ ਮਸਟਰ ਰੋਲ ਦੇ ਮੁਲਾਜ਼ਮ ਕਿਹਾ ਜਾਂਦਾ ਹੈ। ਇਹਨਾਂ ਦੀ ਭਰਤੀ ਮੌਕੇ ਦੇ ਅਫ਼ਸਰ ਦੀ ਮਰਜ਼ੀ ਨਾਲ਼ ਹੁੰਦੀ ਹੈ। ਉਹੋ ਹੀ ਇਹਨਾਂ ਦੀ ਵਿੱਦਿਅਕ ਯੋਗਤਾ ਸੰਬੰਧੀ ਫ਼ੈਸਲਾ ਕਰਦਾ ਹੈ। ਕੁਝ ਸਮਾਂ ਪਾ ਕੇ ਇਹਨਾਂ ਮੁਲਾਜ਼ਮਾਂ ਵੱਲੋਂ ਰੈਗੂਲਰ ਹੋਣ ਦੀ ਮੰਗ ਖੜ੍ਹੀ ਹੋ ਜਾਂਦੀ ਹੈ ਅਤੇ ਜਦੋਂ ਐਜੀਟੇਸ਼ਨ ਜ਼ੋਰ ਪਕੜਦੀ ਹੈ ਤਾਂ ਬਹੁਤੀਆਂ ਹਾਲਤਾਂ ਵਿਚ ਇਹ ਰੈਗੂਲਰ ਵੀ ਹੋ ਜਾਂਦੇ ਹਨ। ਕਈ ਵੇਰ ਮੁਕੱਦਮੇਬਾਜ਼ੀ ਹੁੰਦੀ ਹੈ ਅਤੇ ਮਾਮਲਾ ਹਾਈਕੋਰਟ ਅਤੇ ਫੇਰ ਸੁਪਰੀਮ ਕੋਰਟ ਤੱਕ ਪਹੁੰਚ ਜਾਂਦਾ ਹੈ ਅਤੇ ਫੇਰ ਇਹ ਮੁਲਾਜ਼ਮ ਪੱਕੇ ਹੋ ਜਾਂਦੇ ਹਨ।
ਭਾਰਤ ਸਰਕਾਰ ਨੇ ਭਾਰਤ ਨਿਰਮਾਣ ਪ੍ਰੋਗਰਾਮ ਅਧੀਨ ਕਈ ਵਿਕਾਸ ਕਾਰਜ ਚਲਾਏ ਹਨ, ਪਰ ਮੈਨੇਜਮੈਂਟ ਐਕਸਪਰਟ ਇਹੋ ਰਾਏ ਦੇ ਰਹੇ ਹਨ ਕਿ ਇਹ ਸਾਰੀ ਧਨ ਰਾਸ਼ੀ ਦਾ ਬਹੁਤਾ ਭਾਗ ਇਸੇ ਤਰ੍ਹਾਂ ਖੁਰਦ-ਬੁਰਦ ਹੋ ਜਾਵੇਗਾ। ਮੈਂ ਇਹ ਆਮ ਦੇਖਿਆ ਹੈ ਕਿ ਇਹਨਾਂ ਵਿਕਾਸ ਕਾਰਜਾਂ ਲਈ ਭਰਤੀ ਕੀਤੇ ਗਏ ਦਿਹਾੜੀਦਾਰ ਮੁਲਾਜ਼ਮ ਆਮ ਤੌਰ ’ਤੇ ਅਫ਼ਸਰਾਂ ਦੇ ਘਰਾਂ ਵਿਚ ਹੀ ਕੰਮ ਕਰਦੇ ਹਨ ਅਤੇ ਵਿਚ-ਵਿਚਾਲ਼ੇ ਖਾਨਾਪੂਰੀ ਲਈ ਸਰਕਾਰੀ ਵਿਕਾਸ ਕਾਰਜ ’ਤੇ ਗੇੜਾ ਮਾਰ ਆਉਂਦੇ ਹਨ ਅਤੇ ਵੇਲਾ ਲੰਘਣ ’ਤੇ ਮੌਕਾ ਮਿਲ਼ਦਿਆਂ ਰੈਗੂਲਰ ਹੋਣ ਲਈ ਹੱਥ ਪੈਰ ਮਾਰਦੇ ਹਨ ਅਤੇ ਆਖ਼ਰਕਾਰ ਪੱਕੇ ਸਰਕਾਰੀ ਮੁਲਾਜ਼ਮ ਵੀ ਬਣ ਜਾਂਦੇ ਹਨ।
ਇਸ ਕਹਾਣੀ ਦਾ ਨਾਇਕ ਵੀ ਪਹਿਲਾਂ ਮਸਟਰ ਰੋਲ ’ਤੇ ਦਿਹਾੜੀਦਾਰ ਮੁਲਾਜ਼ਮ ਸੀ ਅਤੇ ਫੇਰ ਵੇਲਾ ਪਾ ਕੇ ਪੱਕਾ ਹੋ ਗਿਆ। ਇਸ ਤਰ੍ਹਾਂ ਰਸੋਈਏ ਤੋਂ ਸਵਿੱਚ ਬੋਰਡ ਅਟੈਂਡੈਂਟ ਬਣੇ ਨੇ ਅੰਗਰੇਜ਼ੀ ਵਿਚ ਲਿਖੀ ਹਦਾਇਤ ਦੇ ਰਜਿਸਟਰ ਵਿਚ ਦਰਜ ਹੋਣ ਦੇ ਬਾਵਜੂਦ ਪੰਜ ਵਜੇ ਬੱਤੀ ਗੁੱਲ ਕਰ ਦਿੱਤੀ, ਕਿਉਂਕਿ ਉਹ ਕੇਵਲ ਹਿੰਦੀ ਪੜ੍ਹਿਆ ਹੋਇਆ ਸੀ। ਅੰਗਰੇਜ਼ੀ ਨਹੀਂ ਸੀ ਜਾਣਦਾ।