ਸਤੀ ਕਪਿਲ
…while I charge noisily
from place to place around Russia
as a bird diverts the hunters
from its nest.
(Andrei Voznesensky/ My Achilles Heart)
…ਮੈਂ ਜਦ ਵੀ ਜ਼ਖ਼ਮੀ ਹੁੰਦਾ
ਸਿਗਰਟ ਸੁਲਗਾ ਕੇ ਬੈਠੀ ਰਹਿੰਦੀ ਉਹ
ਮੇਰੀ ਉਡੀਕ ‘ਚ
ਮੈਂ ਸੋਚ ਹੀ ਰਿਹਾ ਸੀ ਉਸ ਸਿਗਰਟ ਬਾਰੇ
ਕਿ ਮੇਰੇ ਨਾਲ ਬੈਠਾ ਵੌਜ਼ਨੇਸੇਂਸਕੀ
ਕਵਿਤਾ ਸੁਣਾਉਣ ਲਈ ਉੱਠ ਖੜ੍ਹਾ ਹੋਇਆ
ਤੇ ਹਵਾ ‘ਚ ਹੱਥ ਉਲਾਰ ਕੇ ਬੋਲਿਆ:
-ਦੇਣਾ ਹੈ ਤਾਂ ਸਾਰਾ ਚੰਨ ਦਿਉ
ਨਹੀਂ ਤਾਂ ਰਹਿਣ ਦਿਉ!
ਦੇਣਾ ਹੈ ਤਾਂ ਸਾਰਾ ਹਨ੍ਹੇਰਾ ਦਿਉ
ਨਹੀਂ ਤਾਂ ਰਹਿਣ ਦਿਉ!
…ਤਾੜੀਆਂ ਦੇ ਸ਼ੋਰ ‘ਚ
ਉਹ ਕਵਿਤਾ ਸੁਣਾ ਕੇ ਬੈਠ ਗਿਆ ਤਾਂ
ਮੈਂ ਉਸ ਦੇ ਕੰਨ ‘ਚ ਪੁੱਛਿਆ:
-ਕਿਹੜੇ ਚੰਨ ਦੀ ਤੂੰ ਗੱਲ ਕਰਦਾ ਹੈਂ ਕਾਮਰੇਡ?
ਕਿਹੜੇ ਹਨ੍ਹੇਰੇ ਦੀ?
-ਇਹ ਤਾਂ ਕਵਿਤਾ ਹੀ ਸੀ ਮੇਰੇ ਦੋਸਤ,
ਬੋਲਿਆ ਉਹ ਹੱਸ ਕੇ,
ਅਸਲ ‘ਚ ਮੈਨੂੰ
ਨਾ ਪੂਰਾ ਚੰਨ ਪਸੰਦ ਹੈ
ਨਾ ਹਨ੍ਹੇਰਾ ਹੀ!
(“ਮਾਇਆਜਾਲ” `ਚੋਂ)
ਉਤਲੀਆਂ ਕਾਵਿ-ਸਤਰਾਂ ਨਾਲ ਮੇਰੀੇ ਇਕ ਲੰਬੀ ਕਵਿਤਾ ਦਾ ਅੰਤ ਹੁੰਦਾ ਹੈ। ਕਵਿਤਾ ਦਾ ਨਾਂ ਹੈ ‘ਮਾਸਕੋ ‘ਚ ਕਵਿਤਾ-ਪਾਠ’। ਸੋਵੀਅਤ-ਸੰਘ ‘ਚ ਰਮਦਿਆਂ ਮੱਥੇ ਦੀ ਫੱਟੀ ਤੇ ਉੱਕਰੇ ਕੁਝ ਵਿਲੱਖਣ ਪ੍ਰਭਾਵਾਂ ਦੀ ਅੰਤਰ-ਕਥਾ ਹੈ ਇਹ ਕਵਿਤਾ। ਇਸ ਲਈ ਇਸ ਕਵਿਤਾ ਤੋਂ ਗੱਲ ਸ਼ੁਰੂ ਕਰ ਰਿਹਾ ਹਾਂ।
ਇਸ ਕਵਿਤਾ ਦੇ ਕਈ ਪਾਠਾਂਤਰ ਹਨ। ਪਹਿਲਾ ਪਾਠ ਮੇਰੇ ਕਾਵਿ-ਸੰਗ੍ਰਿਹ ‘ਘੋੜਿਆਂ ਦੀ ਉਡੀਕ’ (1971) ‘ਚ ਛਪਿਆ ਸੀ। “ਮਾਇਆਜਾਲ” ‘ਚ ਇਸ ਕਵਿਤਾ ਦਾ ਚੌਥਾ ਪਾਠਾਂਤਰ ਹੈ। ਇਸ ਕਵਿਤਾ ‘ਚ ਸ਼ਬਦ ਅਤੇ ਵਾਕ ਕੁਝ ਬਦਲੇ ਹੋਏ ਹਨ। ਦਿਨ-ਬ-ਦਿਨ ਲਫਜ਼ਾਂ ਨੂੰ ਕੌਡੀਆਂ ਵਾਂਗ ਸੁੱਟਦੇ ਰਹਿਣਾ ਲੇਖਕ ਦੀ ਦੁਬਿਧਾ ਹੁੰਦੀ ਹੈ। ਕੌਡੀਆਂ ਸੁੱਟਣ ਵਾਲੇ ਨੂੰ ਤਾਂ ਪਤਾ ਲੱਗ ਜਾਂਦਾ ਹੈ ਕਿ ਫਰਸ਼ ’ਤੇ ਕਦੋਂ ਕੌਡੀਆਂ ਚਿੱਤ ਹੋ ਗਈਆਂ, ਜਾਂ ਨਹੀਂ ਹੋਈਆਂ। ਪਰ ਲੇਖਕ ਨੂੰ ਸ਼ਾਇਦ ਇਸ ਗੱਲ ਦਾ ਪਤਾ ਕਦੇ ਵੀ ਨਹੀਂ ਲੱਗਦਾ।
ਵਰ੍ਹੇ 2000ਵੇਂ ਦੀਆਂ ਗਰਮੀਆਂ ‘ਚ ਹਿੰਦੀ ਦੀ ਨਾਮਵਰ ਲੇਖਿਕਾ ਕ੍ਰਿਸ਼ਨਾ ਸੋਬਤੀ ਇਥੇ ਸਟੌਕਹੋਮ ਆਈ ਸੀ। ਅਸੀਂ ਸਟੌਕਹੋਮ ‘ਚ ਘੁੰਮਣ ਨਿੱਕਲੇ ਤਾਂ ਮੈਂ ਉਸਨੂੰ ਉਲਫ ਪਾਲਮੇ ਦੀ ਕਬਰ ਦੇ ਦਰਸ਼ਨ ਕਰਾਉਣ ਲੈ ਗਿਆ।
ਉਲਫ ਪਾਲਮੇ ਸਵੀਡਨ ‘ਚ ਸੋਸ਼ਲ-ਡੈਮੋਕਰੈਟਿਕ ਸਰਕਾਰ ਦਾ ਪ੍ਰਧਾਨ-ਮੰਤਰੀ ਹੁੰਦਾ ਸੀ। ਬਿਨਾ ਅੰਗ-ਰਖਿਅਕਾਂ ਦੇ ਉਹ ਸਟੌਕਹੋਮ ਦੀਆਂ ਗਲੀਆਂ ‘ਚ ਘੰਮੁਦਾ-ਫਿਰਦਾ ਰਹਿੰਦਾ। ਵੀਅਤਨਾਮ ਯੁੱਧ ਦੌਰਾਨ ਅਮਰੀਕਾ ਵਿਰੁੱਧ ਸਟੈਂਡ ਲੈਣ ਕਾਰਨ ਤੀਜੀ ਦੁਨੀਆਂ ‘ਚ ਉਸਦੇ ਨਾਂ ਦੀ ਧੁੰਮ ਪਈ ਹੋਈ ਸੀ। ਸੱਠਵਿਆਂ ਦੇ ਅਖੀਰ ‘ਚ ਅਮਰੀਕਾ ਦੇ ਖਿਲਾਫ ਕਿੰਗਸ-ਰੋਡ ਤੇ ਨਿਕਲੇ ਇਕ ਜਲੂਸ ‘ਚ ਉਹ ਸਭ ਤੋਂ ਮੂਹਰੇ ਸੀ। ਇਸ ਜਲੂਸ ਦੀ ਫੋਟੋ ਦੁਨੀਆਂ ਭਰ ਦੇ ਅਖਬਾਰਾਂ ‘ਚ ਛਪੀ । ਇਹ ਉਹਨਾਂ ਦਿਨਾਂ ਦੀ ਗੱਲ ਹੈ ਜਦੋਂ ਮੈਂ ਅਤੇ ਇਵਾਂਕਾ ਸੋਫੀਆ ‘ਚ ਵਿਆਹ ਰਚਾ ਕੇ ਯੋਰੁਪ ‘ਚ ਲਟੌਰੀਆਂ ਲਾਉਂਦੇ ਹੋਏ ਹਨੀ-ਮੂਨ ਮਨਾ ਰਹੇ ਸੀ। ਬਰਲਿਨ ਗਾਹਣ ਤੋਂ ਬਾਅਦ ਅਸੀਂ ਸਟੌਕਹੋਮ ਦੇ ਇਕ ਸਟੂਡੈਂਟਸ ਹੌਸਟਲ ‘ਚ ਟਿਕੇ ਹੋਏ ਸੀ।’
ਇਕ ਦਿਨ ਮੂਹਰਿੳ ਜਲੂਸ ਜਾਂਦਾ ਵੇਖ ਪਾਲਮੇ ਵਾਲੇ ਇਸ ਜਲੂਸ ‘ਚ ਅਸੀਂ ਵੀ ਸ਼ਾਮਿਲ ਹੋ ਗਏ। ਅਮਰੀਕਾ ਦੇ ਹੌਲੀਵੁਡ ਐਕਟਰ ਪਾੱਲ ਨਿਉਮੈਨ ਦਾ ਸਹਿਪਾਠੀ ਰਹਿ ਚੁਕੇ ਉਲਫ ਪਾਲਮੇ ਨੂੰ ਉਦੋਂ ਪਹਿਲੀ ਵਾਰ ਮੈਂ ਸਟੌਕਹੋਮ ‘ਚ ਵੇਖਿਆ। ਸਟੌਕਹੋਮ ‘ਚ ਉਹਨੀਂ ਦਿਨੀ ਹਰ ਰੋਜ਼ ਹੀ ਕੋਈ ਨਾ ਕੋਈ ਜਲੂਸ ਨਿਕਲਦਾ ਰਹਿੰਦਾ ਤੇ ਅਸੀਂ ਬਿਨਾ ਜਾਣੇ-ਬੁੱਝੇ ਹਰ ਜਲੂਸ ‘ਚ ਸ਼ਾਮਿਲ ਹੋ ਜਾਂਦੇ। ਸਵੀਡਨ ਦੀ ਲੋਕਲ ਪੌਲਿਟਿਕਸ ਅਤੇ ਸਟੌਕਹੋਮ ਦੀਆਂ ਕੁੜੀਆ-ਮੁੰਡਿਆਂ ਨੂੰ ਜਾਣਨ ਪਛਾਣਨ ਦਾ ਇਹ ਵਧੀਆ ਤਰੀਕਾ ਸੀ। 1968 ਦੌਰਾਨ ਪੈਰਿਸ ਦੀਆਂ ਗਲੀਆਂ ‘ਚ ਸੌਰਬੋਰਨ ਯੂਨੀਵਰਸਿਟੀ ਦੇ ਵਿਦਿਅਰਥੀਆਂ ਦੀ ਲਿਆਂਦੀ ਕ੍ਰਾਂਤੀ ਦੀ ਚਰਚਾ ਹਰ ਥਾਵੇਂ ਹੋ ਰਹੀ ਸੀ। ਪੈਰਿਸ ਤੋਂ ਬਾਅਦ ਸ਼ਾਇਦ ਸਟੌਕਹੋਮ ਹੀ ਯੋਰਪ ਦਾ ਅਜੇਹਾ ਸ਼ਹਿਰ ਸੀ ਜਿਸਦੇ ਨਾ ਵਿਦਿਆਰਥੀ ਹੀ ਕਦੇ ਸੌਂਦੇ ਸੀ, ਤੇ ਨਾ ਹੀ ਸੜਕਾਂ। ਸੱਠਵਿਆਂ ਦੇ ਅਖੀਰ ‘ਚ ਇਹਨਾਂ ਜਾਗਦੀਆਂ ਸੜਕਾਂ ਤੇ ਮਿੱਤਰ ਬਣੇ ਵਿਦਿਆਰਥੀ ਅੱਗੋਂ ਜਾ ਕੇ ਪਾਰਲੀਆਮੈਂਟ ਦੇ ਮੈਂਬਰ ਜਾਂ ਟਰੇਡ ਯੁਨੀਅਨ ਦੇ ਲੀਡਰ ਬਣਕੇ ਚਮਕਦੇ ਦਿਸੇ। ਕਿੰਨੇ ਹੀ ਹੀਰੋ ਇਹਨਾਂ ਜਲੂਸਾਂ ਨੇ ਘੜੇ।’
ਦੋ ਕੁ ਸਾਲ ਪਿੱਛੋਂ ਬਲਗਾਰੀਆ ਛੱਡ ਕੇ ਅਸੀਂ ਵੀ ਸਟੌਕਹੋਮ ਆ ਗਏ। ਪਾਲਮੇ ਕਦੇ ਕਦੇ ਸਾਨੂੰ ਸਟੌਕਹੋਮ ਦੇ ਓਲਡ ਟਾਊਨ ‘ਚ ਪਾਰਲੀਆਮੈਂਟ ਨੂੰ ਜਾਂਦਾ ਨਜ਼ਰ ਆ ਜਾਂਦਾ। ਕੋਲੋਂ ਦੀ ਲੰਘਦਿਆਂ ਜੇ ਸਾਡੀ ਕਦੇ ਅੱਖ ਮਿਲ ਜਾਂਦੀ ਤਾਂ ਮੈਂ ਉਸਨੂੰ ਜ਼ਰਾ ਸਿਰ ਨਿਵਾ ਦਿੰਦਾ, ਉਹ ਜ਼ਰਾ ਕੁ ਹੱਸ ਕੇ ਕੋਲੋਂ ਦੀ ਲੰਘ ਜਾਂਦਾ। ਓਲਡ ਟਾਊਨ ‘ਚ ਉਸਦਾ ਆਪਣਾ ਫਲੈਟ ਸੀ। ਪਾਰਲੀਮੈਂਟ ਤੋਂ ਵੀਹ ਕੁ ਮਿੰਟ ਦੀ ਦੂਰੀ ਤੇ। ਉਹ ਪੈਦਲ ਜਾਂਦਾ ਤੇ ਪੈਦਲ ਘਰ ਮੁੜਦਾ। ਇਸ ਦੌਰਾਨ ਉਸਨੂੰ ਕੋਈ ਵੀ ਹੈਲੋ ਕਰ ਸਕਦਾ ਸੀ। ਜਨਤੰਤਰ ਦਾ ਅਜੇਹਾ ਜਲਵਾ ਮੈਂ ਕਿਤੇ ਹੋਰ ਨਹੀਂ ਵੇਖਿਆ। ਕਮਿਉਨਿਸਟ ਦੇਸ਼ਾਂ ਦੇ ਲੀਡਰ ਤਾਂ ਦਿਸਦੇ ਹੀ ਸਾਲ ‘ਚ ਇਕ ਵਾਰ ਪੈਰੇਡਾਂ ਵੇਲੇ ਸੀ, ਲੋਕਾਂ ਤੋਂ ਦੂਰ ਇਕੋ ਰੰਗ ਦੇ (ਅਕਸਰ ਕਾਲੇ) ਸੂਟ ਪਾਈ ਖੜੋਤੇ। ਜਾਂ ਉਹ ਕਦੇ ਕਦੇ ਕਾਲੀਆਂ ਕਾਰਾਂ ‘ਚ ਗੁਜ਼ਰਦੇ ਵਿਖਾਈ ਦਿੰਦੇ ‘ਤੇ ਅੱਗੇ ਪਿੱਛੇ ਉਹਨਾਂ ਦੇ ਪੁਲਿਸ ਦੀਆਂ ਕਾਰਾਂ ਹੁੰਦੀਆਂ। ਸਵੀਡਨ ‘ਚ ਮੈਂ ਆਖਦਾ ਫਿਰਦਾ-ਅਸਲੀ ਸੋਸ਼ਲਿਜ਼ਮ ਆਇਆ ਹੋਇਆ ਹੈ। ਕਮਿਉਨਿਸਟ ਦੇਸ਼ਾਂ ‘ਚ ਸੋਸ਼ਲਿਜ਼ਮ ਨੇ ਲੋਕਾਂ ਨੂੰ ਕੈਦ ਬਖਸ਼ੀ। ਸਵੀਡਨ ਨੇ ਆਜ਼ਾਦੀ। ਸਾਲਾਂ ਬੱਧੀ ਕਮਿਉਨਿਸਟ ਦੇਸ਼ਾਂ ਦੇ ਹਵਾ-ਪਾਣੀ ‘ਚ ਗੋਤੇ ਖਾਣ ਪਿਛੋਂ, ਸਵੀਡਨ ਆ ਕੇ ਪਹਿਲੀ ਵਾਰ ਮੈਂ ਸੋਸ਼ਲਿਜ਼ਮ ਦਾ ਅਸਲੀ ਜਲੌਅ ਵੇਖ ਰਿਹਾ ਸੀ।
ਰਾਜੀਵ ਗਾਂਧੀ ਦੇ ਕਾਲ ‘ਚ ਬੁਫੋਰਸ਼ ਸਕੈਂਡਲ ਕਾਰਨ ਪਾਲਮੇ ਨੂੰ ਭਾਰਤ ‘ਚ ਵੀ ਲੋਕ ਜਾਣਦੇ ਹਨ। ਪਰ ਜਿਸ ਪਾਲਮੇ ਨੂੰ ਮੈਂ ਵੇਖਿਆ ਹੋਇਆ ਹੈ, ਉਸ ਵਰਗੇ ਮਾਈ ਦੇ ਲਾਲ ਇਸ ਧਰਤੀ ਤੇ ਬਹੁਤੇ ਨਹੀਂ ਹੋਏ। ਤੀਜੀ ਦੁਨੀਆਂ ਦੇ ਹੱਕ ‘ਚ ਆਵਾਜ਼ ਉਠਾ ਕੇ, ਅਤੇ ਅਮਰੀਕਾ ਨਾਲ ਸਿੰਗ ਭਿੜਾ ਕੇ, ਪਾਲਮੇ ਨੇ ਸ਼ਕਤੀਸ਼ਾਲੀ ਦੁਸ਼ਮਨ ਵੀ ਪੈਦਾ ਕਰ ਲਏ ਸੀ। ਇਸਦੇ ਬਾਵਜੂਦ ਉਹ ਬੌਡੀ-ਗਾਰਡਾਂ ਨੂੰ ਛੁੱਟੀ ਦੇ ਕੇ ਆਮ ਮਨੁੱਖਾਂ ਵਾਂਗ ਸਟੌਕਹੋਮ ਦੀਆਂ ਗਲੀਆਂ ‘ਚ ਘੁੰਮਣ ਨਿਕਲਦਾ। ਇਕ ਸ਼ਾਮ ਸਿਨਮਾ ਦੇਖ ਕੇ ਆਪਣੀ ਪਤਨੀ ਲਿਜ਼ ਨਾਲ ਘਰ ਮੁੜ ਰਿਹਾ ਸੀ ਤਾਂ ਭਰੀ ਸੜਕ ਤੇ ਕਿਸੇ ਨੇ ਉਸਨੂੰ ਗੋਲੀ ਮਾਰ ਦਿਤੀ। ਇਸ ਤਰ੍ਹਾਂ ਇਸ ਲੋਕ-ਨਾਇਕ ਦਾ ਅੰਤ ਹੋ ਗਿਆ।
ਸੋਸ਼ਲਿਜਮ ਦੇ ਇਸ ਸ਼ਹੀਦ ਨਾਲ ਮੇਰਾ ਭਾਵੁਕ ਰਿਸ਼ਤਾ ਸੀ। ਇਸ ਲਈ ਬਾਹਰੋਂ ਜਦੋਂ ਕੋਈ ਦੋਸਤ ਸਵੀਡਨ ਮਿਲਣ ਆਉਂਦਾ ਹੈ ਤਾਂ ਮੈਂ ਉਸਨੂੰ ਪਾਲਮੇ ਦੀ ਕਬਰ ਤੇ ਫੁੱਲ ਚਾੜ੍ਹਨ ਲਈ ਲੈ ਜਾਂਦਾ ਹਾਂ। ਇਹ ਨਿਮਾਣੀ ਜਿਹੀ ਕਬਰ ਸਟੌਕਹੋਮ ਦੇ ਸੈਂਟਰ ‘ਚ ਉਸ ਸੜਕ ਦੇ ਕੋਲ ਹੀ ਹੈ, ਜਿੱਥੇ ਉਸਨੂੰ ਪਿਸਤੌਲ ਦੀ ਗੋਲੀ ਵੱਜੀ ਸੀ। ਮੈਂ ਅਤੇ ਕ੍ਰਿਸ਼ਨਾ ਸੋਬਤੀ ਕੌਫੀ ਪੀਣ ਨਿਕਲੇ ਤਾਂ ਉਸ ਨੂੰ ਵੀ ਉਲਫ ਪਾਲਮੇ ਦੀ ਕਬਰ ਵੱਲ ਲੈ ਜਾਣਾ ਸੁਭਾਵਕ ਹੀ ਸੀ। ਇਸ ਸੈਰ ਦੌਰਾਨ ਮੈਂ ਕ੍ਰਿਸ਼ਨਾ ਨੂੰ ਪੁੱਛਿਆ ਸੀ “ਨਾਵਲਕਾਰਕਾ ਨੂੰ ਇਹ ਕਦੋਂ ਪਤਾ ਲੱਗਦਾ ਹੈ ਕਿ ਰਚਨਾ ਪੂਰੀ ਹੋ ਗਈ, ਕਿ ਹੁਣ ਇਸ ਤੋਂ ਅੱਡ ਹੋਣ ਦਾ ਸਮਾਂ ਹੈ?
ਉਸ ਕੋਲ ਮੇਰੀ ਗੱਲ ਦਾ ਜਵਾਬ ਜਿਵੇਂ ਪਹਿਲਾਂ ਹੀ ਤਿਆਰ ਪਿਆ ਸੀ ।ਉਹ ਝੱਟ ਬੋਲੀ, “ਪਤਾ ਤਾਂ” ਕਦੇ ਵੀ ਨਹੀਂ ਲਗਦਾ। ਪਰ ਮੈਂ ਆਪਣੀ ਕਿਰਤ ਨੂੰ ਤਿੰਨ ਵਾਰ ਰਿਵਾਈਜ਼ ਕਰ ਕੇ ਉਸ ਤੋਂ ਅੱਡ ਹੋ ਜਾਂਦੀ ਹਾਂ”
“ਜ਼ਿੰਦਗੀਨਾਮਾ” ਵਰਗੇ ਨਾਵਲ ਨੂੰ ਤਿੰਨ ਵਾਰ ਲਿਖਣ ‘ਚ ਕਿੰਨੇ ਸਮੇਂ ਤੇ ਸਬਰ ਦੀ ਲੋੜ ਪਈ ਹੋਵੇਗੀ, ਇਸਦੀ ਕਲਪਨਾ ਹੀ ਕੀਤੀ ਜਾ ਸਕਦੀ ਹੈ। ਇਹ ਕਰੀਬ 400 ਪੰਨਿਆਂ ਦਾ ਨਾਵਲ ਹੈ। ਇਤਹਾਸਕ ਖੋਜ ਤੇ ਲਗਿਆ ਵਕਤ ਅੱਡ। ਇਸ ਦੇ ਮੁਕਾਬਲੇ ‘ਚ ਮੇਰੇ ਵਰਗੇ ਕਿਸੇ ਲੇਖਕ ਕੋਲ ਇਕੋ ਕਵਿਤਾ ਦੇ ਦਸ ਪਾਠਾਂਤਰ ਵੀ ਹੋਣ ਤਾਂ ਕੀ ਫਰਕ ਪੈਂਦਾ ਹੈ? ਕਵਿਤਾ ਦੀ ਰਾਤ ਵੀ ਛੋਟੀ ਹੁੰਦੀ ਹੈ ਤੇ ਦਿਨ ਵੀ। ਪਰ ਧੰਨ ਹਨ ਉਹ ਲੇਖਕ ਜੋ ਕਾਗਜ਼ ਤੇ ਇਕੋ ਠੱਪਾ ਲਾਉਂਦੇ ਨੇ। ਉਸਨੂੰ ਕੱਟਣ-ਵੱਢਣ ਉਤੇ ਵਕਤ ਬਰਬਾਦ ਨਹੀਂ ਕਰਦੇ।
(ਇਥੇ ਮੈਨੂੰ ਹਿੰਦੀ ਦਾ ਕਵੀ-ਮਿਤਰ ਅਸ਼ੋਕ ਵਾਜਪੇਈ ਯਾਦ ਆ ਰਿਹਾ ਹੈ। ਕੁਝ ਸਾਲ ਹੋਏ ਉਸਦੇ ਘਰ ਦਿੱਲੀ ‘ਚ ਸਾਡੀ ਗਪ-ਸ਼ਪ ਹੋ ਰਹੀ ਸੀ। ਉਸਦੇ ਮੂਹਰੇ ਮੇਜ਼ ਤੇ ਅੱਧੀ ਸਦੀ ਪੁਰਾਣਾ ਇਕ ਟਾਈਪ-ਰਾਈਟਰ ਰੱਖਿਆ ਹੋਇਆ ਸੀ। ਮੈਨੂੰ ਉਸ ਵਲੱ ਝਾਕਦਿਆਂ ਵੇਖ ਉਹ ਮੇਰੀ ਗੁੰਝਲ ਸਮਝ ਗਿਆ ਤੇ ਹੱਸ ਕੇ ਬੋਲਿਆ ” ਦੋਸਤ ਇਸਨੂੰ ਵੇਖ ਕੇ ਹੈਰਾਨ ਹੁੰਦੇ ਹਨ। ਪਰ ਮੈਂ ਅੱਜ ਵੀ ਇਸ ਟਾਈਪ ਰਾਈਟਰ ਤੇ ਹੀ ਲਿਖਦਾ ਹਾਂ। ਕੰਪਿਉਟਰ ਨਹੀਂ ਰੱਖਿਆ। ਇਹੋ ਨਹੀਂ। ਟਾਈਪ ਕੀਤੇ ਨੂੰ ਕਦੇ ਕੱਟਦਾ-ਵੱਢਦਾ ਨਹੀਂ। ਜੋ ਟਾਈਪ ਕਰ ਦਿਤਾ ਉਹੋ ਅੰਤਿਮ ਹੁੰਦਾ ਹੈ।”
ਇਸ ਤਰ੍ਹਾਂ ਦੇ ਪਹੁੰਚੇ ਹੋਏ ਪੂਰਨ-ਵਿਰਾਮੀ ਲੇਖਕ ਹੋਰ ਵੀ ਬਹੁਤ ਹੋਣਗੇ। ‘ਬਹੁਵਚਨ” ਵਰਗੀ 300 ਸਫਿਆਂ ਦੀ ਹਿੰਦੀ ਪੱਤਰਿਕਾ ਦੇ ਨਿੱਗਰ ਸੰਪਾਦਕੀ-ਲੇਖ ਪੜ੍ਹਦਿਆਂ ਯਕੀਨ ਹੀ ਨਹੀਂ ਆਉਂਦਾ ਕਿ ਉਹ ਕਿਸੇ ਦੇ ਜ਼ਿਹਨ ਚੋਂ, ਪੂਰਨ-ਵਿਰਾਮਾਂ ਤੇ ਅਰਧ-ਵਿਰਾਮਾਂ ਸਮੇਤ, ਰੈਡੀ-ਮੇਡ ਕਾਗਜ਼ ਤੇ ਉਤਰੇ ਹਨ। ਪਰ ਵਾਜਪੇਈ ਸਾਹਿਬ ਠੀਕ ਹੀ ਕਹਿੰਦੇ ਹੋਣਗੇ!)
‘ਮਾਸਕੋ ‘ਚ ਕਵਿਤਾ-ਪਾਠ” ਕਵਿਤਾ ‘ਚ ਆਂਦ੍ਰੇਈ ਵੌਜ਼ਨੇਸੇਂਸਕੀ ਦਾ ਨਾਂ ਆਉਂਦਾ ਹੈ। ਕੌਣ ਹੈ ਇਹ ਕਵੀ?
ਇਸ ਆਰਟੀਕਲ ਨਾਲ ਵਰਤੇ ਗਏ ਦੋ ਫੋਟੋ ਪਾਠਕ ਦਾ ਧਿਆਨ ਮੰਗਦੇ ਹਨ। ਇਹ ਫੋਟੋ ਪੂਰਬੀ ਯੋਰਪ ‘ਚ ਨਵੇਂ ਲੇਖਕਾਂ ਦੇ ਸਮਾਜਵਾਦੀ-ਯਥਾਰਥਵਾਦ ਤੋਂ ਟੁੱਟ ਕੇ, ਸੱਜਾ-ਮੋੜ ਕੱਟਣ ਦਾ ਦਸਤਾਵੇਜ਼ ਹਨ।
ਪਹਿਲੀ ਫੋਟੋ ‘ਚ ਰੂਸ ਦਾ ਇਕ ਯੁਵਾ ਕਵੀ ਫੋਟੋ ਦੇ ਹੇਠਲੇ ਖੂੰਜੇ ‘ਚ ਖੜ੍ਹਾ ਕਵਿਤਾ-ਪਾਠ ਕਰ ਰਿਹਾ ਹੈ। ਜਾਂ ਸ਼ਾਇਦ ਕਵਿਤਾ ਪੜ੍ਹਦਾ-ਪੜ੍ਹਦਾ ਠਠੰਬਰ ਕੇ ਚੁਪ ਹੋ ਗਿਆ ਹੈ। ਇਸ ਯੁਵਾ ਕਵੀ ਦਾ ਨਾਂ ਹੈ ਆਂਦ੍ਰੇਈ ਵੌਜ਼ਨੇਸੇਂਸਕੀ। ਫੋਟੋ ਦੇ ਸਿਖਰ ‘ਚ, ਸੱਜੇ ਪਾਸੇ, ਸੋਵੀਅਤ-ਸੰਘ ਦਾ ਮਹਾ-ਸਚਿਵ ਨਿਕਿਤਾ ਖਰੁਸ਼ਚੋਵ ਕ੍ਰੋਧ ‘ਚ ਖੜ੍ਹਾ ਨਜ਼ਰ ਆ ਰਿਹਾ ਹੈ। ਖਰੁਸ਼ਚੋਵ ਤੋਂ ਤੀਜੇ ਨੰਬਰ ਦੀ ਕੁਰਸੀ ਤੇ ਬ੍ਰੇਜ਼ਨੇਵ ਵਿਰਾਜਮਾਨ ਹੈ। ਉਹ ਆਲੇ ਦੁਆਲੇ ਤੋਂ ਨਿਰਲੇਪ ਵਿਚਾਰ-ਮਗਨ ਬੈਠਾ ਹੈ। ਅਗਲੇ ਸਾਲ ਹੀ ਉਸਨੇ ਖਰੁਸ਼ਚੋਵ ਨੂੰ ਗੱਦੀ ਤੋਂ ਲਾਹ ਦੇਣਾ ਹੈ। ਸ਼ਾਇਦ ਇਸੇ ਭੇਤ ਨੇ ਉਸਦੀ ਸੋਚ ਮੱਲੀ ਹੋਈ ਹੋਵੇ।
ਇਹ ਦਸਤਾਵੇਜ਼ੀ ਫੋਟੋ 1963 ਦੀ ਹੈ। ਇਸ ‘ਚ ਖਰੁਸ਼ਚੋਵ ਆਂਦ੍ਰੇਈ ਨੂੰ ਝਾੜ ਪਾ ਕੇ ਉਸਨੂੰ ਸਮਾਜਵਾਦੀ ਯਥਾਰਥਵਾਦ ਦਾ ਸਬਕ ਸਿਖਾ ਰਿਹਾ ਹੈ। ਫੋਟੋ ‘ਚ ਕਵੀ ਕੁਝ ਸਹਿਮਿਆ ਹੋਇਆ ਹੈ। ਉਸਨੂੰ ਪਤਾ ਹੈ ਕਿ ਰੂਸ ‘ਚ ਲੀਡਰਾਂ ਨੂੰ ਨਾਰਾਜ਼ ਕਰ ਕੇ ਇਕ ਲੇਖਕ ਦਾ ਕੀ ਹਸ਼ਰ ਹੁੰਦਾ ਹੈ। ਖਰੁਸ਼ਚੋਵ ਦੇ ਕ੍ਰੋਧ ਨੇ ਜ਼ਰੂਰ ਹੀ ਆਂਦ੍ਰੇਈ ਦੇ ਪੈਰਾਂ ਹੇਠੋਂ ਉਸ ਦਿਨ ਧਰਤੀ ਹਿਲਾ ਦਿਤੀ ਹੋਵੇਗੀ।
ਖਰੁਸ਼ਚੋਵ ਨੇ ਮਹਾਰਿਸ਼ੀ ਵਿਆਸ ਵਾਂਗ ਹਵਾ ‘ਚ ਹੱਥ ਚੁਕਿਆ ਹੋਇਆ ਹੈ। ਵਿਆਸ ਜੀ ਕਿਸੇ ਨੂੰ ਸਾਵਧਾਨ ਕਰਦੇ ਸੀ ਤਾਂ ਹਵਾ ‘ਚ ਹੱਥ ਉਠਾ ਕੇ ਕਰਦੇ ਸੀ। ਨਾਲ ਕਹਿ ਵੀ ਦਿੰਦੇ ” ਮੈਂ ਹੱਥ ਉਠਾ ਕੇ ਕਹਿੰਦਾ ਹਾਂ!” ਪਰ ਖਰੁਸ਼ਚੋਵ ਨੂੰ ਇਹ ਕਹਿਣ ਦੀ ਲੋੜ ਨਹੀਂ। ਕੈਮਰਿਆਂ ਦੇ ਯੁੱਗ ‘ਚ ਉਸਦਾ ਹਵਾ ‘ਚ ਉੱਠਿਆ ਹੱਥ ਸਾਰੀ ਦੁਨੀਆਂ ਨੂੰ ਦਿਸ ਰਿਹਾ ਹੈ।( ਜੇ ਮੈਨੂੰ ਠੀਕ ਯਾਦ ਹੈ ਤਾਂ ਖਰੁਸ਼ਚੋਵ ਨੇ ਆਂਦ੍ਰੇਈ ਵੌਜ਼ਨੇਸੇਂਸਕੀ ਨੂੰ “”bourgeois formalist” ਕਹਿ ਕੇ ਭੰਡਿਆ ਸੀ।)
ਖਰੁਸ਼ਚੋਵ ਵੱਲ ਕਵੀ ਦੀ ਭਾਵੇਂ ਪਿੱਠ ਹੈ, ਪਰ ਯਕੀਨਨ ਹੀ ਉਸਨੂੰ ਵੀ ਖਰੁਸ਼ਚੋਵ ਦਾ ਹਵਾ ‘ਚ ਤਣਿਆ ਹੱਥ ਨਜ਼ਰ ਆ ਰਿਹਾ ਹੈ। ਭੈਅ ਦੇ ਮਾਰੇ ਬੰਦੇ ਨੂੰ ਸਭ ਕੁਝ ਦਿਸ ਰਿਹਾ ਹੁੰਦਾ ਹੈ।
ਆਂਦ੍ਰੇਈ ਸਹਿਮਿਆ ਹੋਇਆ ਹੈ। ਪਰ ਚੰਗੇ ਭਾਗਾਂ ਨੂੰ ਉਸ ਦਿਨ ਖਰੁਸ਼ਚੋਵ ਦੇ ਕੋਪ ‘ਚ ਉਹ ਭਸਮ ਨਾ ਹੋਇਆ, ਸਗੋਂ ਇਸ ਅਚਾਨਕ ਹਮਲੇ ਦੀ ਬਦੌਲਤ ਦੁਨੀਆਂ ‘ਚ ਉਸਦਾ ਨਾਂ ਚਮਕ ਉਠਿਆ। ਇਸ ਤੋਂ ਉਲਟ, ਖਰੁਸ਼ਚੋਵ, ਅਗਲੇ ਸਾਲ ਹੀ(1964) ਗੱਦੀਓਂ ਲਹਿ ਗਿਆ ਤੇ ਬ੍ਰੇਜ਼ਨੇਵ ਨੇ ਸੋਵੀਅਤ ਸੰਘ ਦੀ ਵਾਗਡੋਰ ਸੰਭਾਲ ਲਈ। (ਕੋਈ ਵੱਡੀ ਗੱਲ ਨਹੀਂ ਜੇ ਇਸ ਫੋਟੋ ‘ਚ ਮੰਚ ਤੇ ਨੀਵੀਂ ਪਾਈ ਬੈਠਾ ਬ੍ਰੇਜ਼ਨੇਵ ਕ੍ਰੋਧ ‘ਚ ਉਬਲਦੇ ਖਰੁਸ਼ਚੋਵ ਦੇ ਇਸ ਆਖਰੀ ਪਬਲਿਕ-ਸ਼ੋਅ ਨੂੰ ਵੇਖ ਦਿਲ ਹੀ ਦਿਲ ‘ਚ ਹੱਸ ਰਿਹਾ ਹੋਵੇ।)
ਕੱਟਰ ਮਾਰਕਸਵਾਦੀਆਂ ਵਾਂਗ, ਖਰੁਸ਼ਚੋਵ ਵੀ ਸਮਾਜਵਾਦੀ ਯਥਾਰਥਵਾਦ ਤੋਂ ਬਾਹਰ ਧਰਤੀ ਤੇ ਕਿਸੇ ਹੋਰ ਯਥਾਰਥ ਦੀ ਹੋਂਦ ਨੂੰ ਨਹੀਂ ਸੀ ਮੰਨਦਾ। ਸ਼ੇਕਸਪੀਅਰ ਦੇ ਨਾਟਕ ‘ਚ ਪ੍ਰਿੰਸ ਹੈਮਲੇਟ ਆਪਣੇ ਦੋਸਤ ਹੋਰੇਸ਼ਿੳ ਨੂੰ ਸਮਝਾਉਂਦਾ ਹੈ ਕਿ ਇਸ ਸੌਰ-ਮੰਡਲ ‘ਚ ਏਨੇ ਯਥਾਰਥ ਵਿਆਪਤ ਸਨ ਕਿ ਸੁਪਨੇ ‘ਚ ਵੀ ਮਨੁੱਖੀ ਚਿੰਤਨ ਦੀ ਲਪੇਟ ‘ਚ ਨਹੀਂ ਸੀ ਆ ਸਕਦੇ(ਸੀਨ 5)। ਪਾਸਤਰਨਾਕ ਨੇ ਰੋਜ਼ੀ-ਰੋਟੀ ਲਈ ਸ਼ੇਕਸਪੀਅਰ ਦਾ ਇਹ ਨਾਟਕ ਰੂਸੀ ਭਾਸ਼ਾ ‘ਚ ਅਨੁਵਾਦ ਕੀਤਾ ਹੋਇਆ ਹੈ। ਪਰ ਖਰੁਸ਼ਚੇਵ ਨੇ ਉਸਨੂੰ ਕਿਥੇ ਪੜ੍ਹਿਆ ਹੋਣੈ! ਸ਼ੇਕਸਪੀਅਰ ਸਕੂਲਾਂ ‘ਚ ਪੜ੍ਹਾਇਆ ਹੀ ਨਹੀਂ ਸੀ ਜਾਂਦਾ। ਨਾ ਹੀ ਬਿਥੋਵਨ ਦਾ ਸੰਗੀਤ ਇਹਨਾਂ ਦੇਸ਼ਾਂ ਨੂੰ ਪਰਵਾਨ ਸੀ
1963 ‘ਚ ਮੈਂ ਦਿੱਲੀ ਦੀ ਧੂੜ ਛਾਣਦਾ ਫਿਰ ਰਿਹਾ ਸੀ। ਨਿਊਜ਼ਵੀਕ ‘ਚ ਨਵੇਂ ਲੇਖਕਾਂ ਅਤੇ ਕਲਾਕਾਰਾਂ ੳਤੇ ਖਰੁਸ਼ਚੋਵ ਦੇ ਕੋਪ ਦੀ ਰਿਪੋਰਟ ਛਪੀ ਤਾਂ ਪਹਿਲੀਵਾਰ ਮੈਂ ਆਂਦ੍ਰੇਈ ਵੌਜ਼ਨੇਸੇਂਸਕੀ ਦੇ ਨਾਮ ਤੋਂ ਪਰਿਚਿਤ ਹੋਇਆ।। ਇਹਨੀ ਹੀ ਦਿਨੀਂ ਰੂਸ ਦੇ ਤਿੰਨ ਕਵੀਆਂ ਯੇਵਤੁਸੈਂਕੋ, ਵੌਜ਼ਨੇਸੇਂਸਕੀ ਅਤੇ ਰੌਯਦੇਸਤਵੇਂਸਕੀ ਨੂੰ ਪੈਂਗੁਅਨ ਨੇ ਛਾਪਿਆ। ( ਮੈਂ ਇਹ ਕਿਤਾਬ ਗੁਰਵੇਲ ਪੰਨੂੰ ਤੋਂ ਲੈ ਕੇ ਪੜ੍ਹੀ ਸੀ, ਜੋ ਉਦੋਂ ਰੂਸੀ ਸਫਾਰਤਖਾਨੇ ਦਾ ਮੁਲਾਜ਼ਮ ਸੀ। ਵਾਅਦੇ ਅਨੁਸਾਰ ਕਿਤਾਬ ਵਕਤ-ਸਿਰ ਵਾਪਸ ਨਾ ਕਰ ਸਕਿਆ ਤਾਂ ਉਹ ਲੜ ਪਿਆ। ਪਰ ਉਸਦਾ ਗੁੱਸਾ ਕੁਝ ਦਿਨਾਂ ਬਾਅਦ ਹੀ ਲਹਿ ਵੀ ਗਿਆ। ਸੁਥਰਾ ਬੰਦਾ ਬਹੁਤੀ ਦੇਰ ਗੁੱਸੇ ਨਹੀਂ ਰਹਿੰਦਾ, ਖਾਸਕਰ ਜਦੋਂ ਦੋਸ਼ੀ ਮਾਫੀ ਮੰਗ ਲਵੇ!) ਉਹਨਾਂ ਕਵਿਤਾਵਾਂ ਨੂੰ ਪੜ੍ਹਦਿਆਂ, ਉਦੋਂ ਇਹ ਸਪਨੇ ‘ਚ ਵੀ ਨਹੀਂ ਸੀ ਸੋਚਿਆ ਕਿ ਚਾਰ-ਪੰਜ ਸਾਲਾਂ ਬਾਅਦ ਹੀ, ਮਾਸਕੋ ‘ਚ, ਮੈਂ ਵੌਜ਼ਨੇਸੇਂਸਕੀ ਨੂੰ ਮਿਲ ਰਿਹਾ ਹੋਵਾਂਗਾ। ਇਹੋ ਨਹੀਂ , ਕਿ ਅਸੀਂ ਇਕੋ ਮੰਚ ਤੋਂ ਕਵਿਤਾ-ਪਾਠ ਕਰਾਂਗੇ। ਇਹੋ ਜਿਹੇ ਮਹਾ-ਸਪਨੇ ਲੈਣਾ ਮੇਰੀ ਫਿਤਰਤ ‘ਚ ਸ਼ਾਮਿਲ ਨਹੀਂ।
ਆਂਦ੍ਰੇਈ ਬਾਰੇ ਅੰਗ੍ਰੇਜ਼ੀ ਦੇ ਕਵੀ ਰੌਬਰਟ ਲੌਵੇਲ ਨੇ ਕਿਹਾ ਹੈ “one of the greatest living poets in anylanguage”। ਪੇਂਟਰ ਬਣਨ ਦਾ ਸਪਨਾ ਲੈ ਰਹੇ ਆਂਦ੍ਰੇਈ ਨੂੰ ਕਵਿਤਾ ਦੇ ਰਾਹ ਪਾਸਤਰਨਾਕ ਨੇ ਪਾਇਆ ਸੀ। ਉਸਦੀਆਂ ਭੇਜੀਆਂ ਕੁਝ ਕਵਿਤਾਵਾਂ ਨੂੰ ਪੜ੍ਹ ਕੇ। ਰੂਸ ਦੀ ਨਵੀਂ ਕਵਿਤਾ ਨੂੰ ਪੱਛਮ ‘ਚ ਪ੍ਰਸਿਧੀ ਦੇਣ ਲਈ ਵੌਜ਼ਨੇਂਸੇਂਸਕੀ , ਯੇਵਤੁਸ਼ੈਂਕੋ ਅਤੇ ਬੇਲਾ ਅਖਮਾਦੁਲੀਨਾ ਦਾ ਨਾਂ ਸਭ ਤੋਂ ਪਹਿਲਾਂ ਯਾਦ ਆਂਉਂਦਾ ਹੈ।
ਕਿਸੇ ਵੀ ਭਾਸ਼ਾ ‘ਚ ਮਹਾਨਤਮ ਗਿਣੇ ਜਾਣ ਵਾਲੇ ਇਸ ਰੂਸੀ ਕਵੀ ‘ਚ ਅੰਤਾਂ ਦਾ ਆਕਰਸ਼ਨ ਸੀ। ਉਸ ਦਿਨ ਮਾਸਕੋ ‘ਚ, ਬੋਲਸ਼ੋਈ ਥਿਏਟਰ ਵਿਖੇ, ਉਸਨੂੰ ਵੇਖਣ ਆਇਆ, ਮਾਸਕੋ ਯੁਨੀਵਰਸਿਟੀ ਦੀਆਂ ਕੁੜੀਆਂ ਦਾ ਹਜੂਮ ਵੱਸੋਂ ਬਾਹਰ ਹੋ ਗਿਆ ਸੀ। ਮੈਨੂੰ ਬਾਅਦ ‘ਚ ਸਮਝ ਆਈ ਕਿ ਮੰਚ ਦੇ ਹੇਠਾਂ ਉਸ ਦਿਨ ਇਸ ਕਾਵਿ-ਉਤਸਵ ‘ਚ ਬੌਡੀਗਾਰਡ ਕਿਉਂ ਖੜ੍ਹੇ ਕੀਤੇ ਗਏ ਸੀ। ਰੂਸ ‘ਚ ਆਂਦ੍ਰੇਈ ਅਤੇ ਯੇਵਤੁਸ਼ੈਂਕੋ ਦੀ ਸੰਭਾਲ ਰੌਕ-ਸਟਾਰਾਂ ਵਾਂਗ ਕੀਤੀ ਜਾਂਦੀ ਸੀ।”
ਕਵਿਤਾ-ਪਾਠ ਤੋਂ ਬਾਅਦ ਉਹ ਕੁੜੀਆਂ ਨੂੰ ਆਟੋਗਰਾਫ ਦੇ ਰਿਹਾ ਸੀ ਤੇ ਉਹ ਚਾਮ੍ਹਲ ਕੇ ਉਸਨੂੰ ਚੂੰਢੀਆਂ ਵੱਢ ਰਹੀਆਂ ਸੀ, ਜਿਵੇਂ ਉਸਦੇ ਮੋਢਿਆਂ, ਚਿਹਰੇ ਤੇ ਵਾਲਾਂ ਨੂੰ ਛੋਹ ਕੇ ਉਹਨਾਂ ਨੇ ਅਮਰ ਹੋ ਜਾਣਾ ਹੋਵੇ। ਇਹਨਾਂ ਸੁਹਲ-ਛੋਹਾਂ ਦੀ ਮਸਤੀ ਆਂਦ੍ਰੇਈ ਨੂੰ ਵੀ ਚੜ੍ਹੀ ਹੋਈ ਸੀ। ਆਟੋਗਰਾਫ ਦੇ ਕੇ ਉਹ ਵੀ ਉਹਨਾਂ ਦੇ ਸਿਰ ਤੇ ਪਿਆਰ ਨਾਲ ਹੱਥ ਫੇਰ ਦਿੰਦਾ।
ਇਹ ਨਾਟਕ ਅੱਖਾਂ ਮੂਹਰੇ ਹੁੰਦਾ ਵੇਖ ਮੈਂ ਸਹਿਜ ਹੀ ਉਸ ਕੋਲ ਚਲਾ ਗਿਆ, ਉਸਨੂੰ ਆਪਣਾ ਪਰੀਚਾ ਦਿਤਾ ਤੇ ਹੱਸ ਕੇ ਰੂਸੀ ਭਾਸ਼ਾ ‘ਚ ਉਸ ਤੋਂ ਪੁੱਛਿਆ ” ਅੱਜ ਤੈਨੂੰ ਨੀਂਦ ਕਿਵੇਂ ਆਊ?
“ਵੋਦਕਾ ਸਤੋਲਿਚਨਾਇਆ”
“ਉਸਨੇ ਮੇਰੇ ਵੱਲ ਮੁੜ ਕੇ ਜਵਾਬ ਦਿਤਾ।
ਰੂਸੀ ਵੋਦਕਾ ਸਤੋਲਿਚਨਾਇਆ ਦਾ ਪਾਨ ਹੌਲੀ ਹੌਲੀ ਰੂਸੀਆਂ ਦੇ ਸੰਗ ‘ਚ ਮੈਂ ਵੀ ਕੀਤਾ ਸੀ। ਪਰ ਵੋਦਕਾ ਪੀ ਕੇ ਜ਼ਿਹਨ ‘ਚ ਉਡਦੀਆਂ ਇਹ ਰੁਮਾਂਟਿਕ ਤਿਤਲੀਆਂ ਲੋਪ ਹੋ ਜਾਂਦੀਆਂ ਹੋਣਗੀਆਂ, ਮੈਨੂੰ ਇਸਦਾ ਯਕੀਨ ਨਾ ਆਇਆ। ਮੇਰੀ ਬਿਰਤਾਂਤੀ ਕਵਿਤਾ ‘ਮਾਸਕੋ ‘ਚ ਕਵਿਤਾ-ਪਾਠ” ਵਿਚਲੀ ਸੈਕਸ-ਇਮੇਜਰੀ ਨੂੰ ਰੂਸੀ ‘ਹਿਊਮਰ” ਦਾ ਪ੍ਰਭਾਵ ਕਿਹਾ ਜਾ ਸਕਦਾ ਹੈ। ਉਸ ਦਿਨ ਮੰਚ ਤੇ ਆਂਦੇ੍ਰਈ ਨਾਲ ਇਹ ਮੁਲਾਕਾਤ ਨਾ ਹੋਈ ਹੁੰਦੀ ਤਾਂ ਸ਼ਾਇਦ ਇਹ ਕਵਿਤਾ ਵੀ ਨਹੀਂ ਸੀ ਲਿਖੀ ਜਾਣੀ। ਆਂਦੇ੍ਰਈ ਨੇ ਆਪਣੀ ਗੱਲ ਸ਼ਾਇਦ ਮਜਾLਕ ‘ਚ ਹੀ ਕਹੀ ਸੀ। ਪਰ ਉਸਦੇ ਇਸ ਰੂਸੀ ਚਰਿੱਤਰ ਨੇ ਮੈਨੂੰ ਉਸਦੇ ਕਾਫੀ ਨੇੜੇ ਲੈ ਆਂਦਾ।”
ਲਉਬੋਮੀਰ ਲੇਵਚੇਵ ਬਲਗਾਰੀਆ ਦਾ ਅਜੇਹਾ ਕਵੀ ਹੈ ਜਿਸਦੇ ਉੱਦਮਾਂ ਨਾਲ ਬਲਗਾਰੀਆ ਦੇ ਸਾਹਿਤ-ਸੰਸਾਰ ‘ਚ ਪੱਛਮੀ ਹਵਾ ਵਗਣੀ ਸ਼ੁਰੂ ਹੋਈ ਸੀ। ਇਸ ਪੱਖੋਂ ਉਸਨੂੰ ਬਲਗਾਰੀਆ ਦਾ ਵੌਜ਼ਨੇਸੇਂਸਕੀ ਕਿਹਾ ਜਾ ਸਕਦਾ ਹੈ। ਬੀਟਲਜ਼ ਅਤੇ ਰੌਲਿੰਗ ਸਟੋਨਜ਼ ਵਰਗੇ ਪੌਪ-ਗਰੁਪਾਂ ਦੇ ਸੰਗੀਤ ਦਾ ਸ਼ੌਕੀਨ ਹੋਣ ਦੇ ਨਾਲ ਨਾਲ ਲਿਉਬੋੋਮੀਰ ਚੰਗਾ ਕੂਟਨੀਤਕ ਵੀ ਸੀ। ਬਲਗਾਰੀਆ ਪਹੁੰਚਨ ਤੋਂ ਕੁਝ ਕੁ ਮਹੀਨੇ ਬਾਅਦ ਹੀ ਉਸ ਨਾਲ ਮੇਰੀ ਮੁਲਾਕਾਤ ਸੋਫੀਆ ਦੇ ਇਕ ਕਾਹਵਾ ਘਰ ‘ਬੰਬੂਕਾ” ‘ਚ ਹੋਈ ਸੀ। ਇਹ ਸਥਾਨ ਬਲਗਾਰੀਆ ਦੇ ਅ-ਸਹਿਮਤ (ਡਿਸੀਡੈਂਟ) ਲੇਖਕਾਂ ਦਾ ਅੱਡਾ ਸੀ। ਮੇਰੇ ਵੇਖਦੇ ਵੇਖਦੇ ਉਹ ਇਹਨਾਂ ਵਿਸਥਾਪਤ ਲੇਖਕਾਂ ਦੀ ਢਾਣੀ ਚੋਂ ਉੱਠ ਕੇ,ਤਿੰਨ ਕੁ ਸਾਲਾਂ ‘ਚ ਹੀ, ਪਹਿਲਾਂ ਉਥੋਂ ਦੇ ਸਾਹਿਤਕ ਅਖਬਾਰ ਦਾ ਮੁੱਖ-ਸੰਪਾਦਕ ਤੇ ਫਿਰ ਸ਼ਕਤੀਸ਼ਾਲੀ ਰਾਈਟਰ ਯੂਨੀਆਨ ਦਾ ਪ੍ਰੈਜੀLਡੈਂਟ ਬਣ ਗਿਆ। ਇਸ ਔਹਦੇ ਤੋਂ ਉਸਨੇ ਅਜੇਹੀਆਂ ਇਨਟਰਨੈਸ਼ਨਲ ਰਾਈਟਰਜ਼ ਕਾਨਫਰੈਂਸਾਂ ਅਰੰਭ ਕੀਤੀਆਂ ਕਿ ਬਲਗਾਰੀਆ ਵਰਗੇ ਗੁਮਨਾਮ ਅਤੇ ਮਸਾਂ ‘ਹਥੇਲੀ ਜਿਡੇ ਦੇਸ਼” ( ਇਹ ਇਕ ਬਲਗਾਰੀਆਨ ਕਵੀ ਜਾਗਾਰੋਵ ਦੀ ਕਾਵਿ-ਸਤਰ ਹੈ) ਦੀ ਵੀ ਵਿਦੇਸ਼ਾਂ ‘ਚ ਧੁੰਮ ਪੈ ਗਈ। ਕਹਿਣ ਨੂੰ ਤਾਂ ਇਹਨਾਂ ਕਾਨਫਰੈਂਸਾਂ ਦਾ ਉਦੇਸ਼ ਬਲਗਾਰੀਅਨ ਸਾਹਿਤ ਦਾ ਪਰਚਾਰ ਸੀ, ਪਰ ਲੁਕਵਾਂ ਮੁੱਦਾ ਸੀ ਸਮਾਜਵਾਦੀ ਯਥਾਰਥਵਾਦ ਦੀ ਪਟਰੀ ਤੇ ਰੁੜ੍ਹਦੇ ਸਾਹਿਤ ਦਾ ਕਾਂਟਾ ਬਦਲਕੇ ਉਸਨੂੰ ਪੱਛਮ ਨਾਲ ਜੋੜਣਾ। ਪਤਾ ਨਹੀਂ ਉਸਨੇ ਵੇਲੇ ਦੇ ਹਾਕਮਾਂ ਨੂੰ ਕੀ ਘੋਲ ਕੇ ਪਿਲਾਇਆ ਸੀ ਕਿ ਉਹ ਪਾਸੇ ਖੜ੍ਹੇ ਇਸ ਖੇਡ ਨੂੰ ਵੇਖਦੇ ਵੀ ਰਹੇ ਤੇ ਲਿਉਬੋਮੀਰ ਦੇ ਗਗਨ-ਚੁੰਬੀ ਸੁਪਨਿਆਂ ਤੇ ਹਰ ਸਾਲ ਲੱਖਾਂ ਡਾਲਰ ਵੀ ਰੋੜ੍ਹਦੇ ਰਹੇ। (ਸਾਡੀ ਅਮ੍ਰਿਤਾ ਪ੍ਰੀਤਮ ਨੇ ਉਸ ਦੇ ਨਾਲ ਸ਼ੈਂਪੇਨ ਪੀਂਦੇ ਹੋਏ ਖਿੱਚੀ ਫੋਟੋ ਮਾਨ ਨਾਲ ‘ਰਸੀਦੀ ਟਿਕਟ” ‘ਚ ਵਰਤੀ ਹੈ।) ਇਸ ਸ਼ਾਹੀ ਰੁਤਬੇ ਦੇ ਬਾਵਜੂਦ ਮੇਰੇ ਲਈ ਉਹ ਬੰਬੂਕਾ ਵਾਲਾ ਲਿਉਬੋ ਹੀ ਰਿਹਾ। ਫਰਕ ਇਹ ਸੀ ਕਿ ਹੁਣ ਅਸੀਂ ਬੰਬੂਕਾ ਦੇ ਹਨ੍ਹੇਰੇ ਕੋਨੇ ‘ਚ ਬੈਠ ਕੇ ਸਸਤੀ ਬੀਅਰ ਪੀਣ ਦੀ ਥਾਵੇਂ, ਸ਼ਾਮ ਨੂੰ ਫਿਲਮੀ ਐਕਟਰਾਂ ਦੇ ਕਲਬ ‘ਚ, ਖਾਸ ਲਿਉਬੋ ਲਈ ਰਿਜ਼ਰਵਡ ਕੈਬਿਨ ‘ਚ ਬੈਠ ਕੇ, ਸਕੌਚ ਵਿ੍ਹਸਕੀ ਛਕਦੇ ਸੀ।
ਉਸਦੇ ਹੱਥ ਕਿਹੜੀ ਜਾਦੂ ਦੀ ਛੜੀ ਆ ਗਈ ਸੀ, ਇਸਦੀ ਕੁਝ ਭਿਣਕ ਮੈਨੂੰ ਇਕ ਦਿਨ ਉਸਦੇ ਘਰ ਬੈਠਿਆਂ ਮਿਲੀ। ਉਸਦੇ ਕਮਰੇ ਦੀ ਇਕ ਕੰਧ ਨਾਲ ਰੱਖੇ ਸ਼ੀਸ਼ੇ ਦੇ ਸ਼ੋਅ ਕੇਸ ‘ਚ ਤੀਹ ਕੁ ਰਿਵਾਲਵਰ ਤੇ ਕੁਝ ਬੰਦੂਖਾਂ ਸਜਾ ਕੇ ਰੱਖੀਆਂ ਹੋਈਆਂ ਸਨ। ਤੁਰਕੀ ਰਾਜ ਵੇਲੇ ਦੇ ਦੁਰਲੱਭ ਰਿਵਾਲਵਰ। ਉਹ ਵਧੀਆ ਕਵੀ ਹੀ ਨਹੀਂ ਸੀ, ਬਲਗਰੀਆ ਦਾ ਮਸ਼ਹੂਰ ਵੈਪੱਨ-ਕੋਲੈਕਟਰ ਵੀ ਸੀ। ਬਲਗਾਰੀਆ ਦੇ ਰਾਸ਼ਟਰਪਤੀ ਤੋਦੋਰ ਯਿਵਕੋਵ ਨੂੰ ਸ਼ਿਕਾਰ ਖੇਡਣ ਦਾ ਸ਼ੌਕ ਸੀ। ਹਥਿਆਰਾਂ ਦੇ ਸ਼ੌਕ ਨੇ ਸਾਡੇ ਲਿਉਬੋ ਨੂੰ ਵੀ ਯਿਵਕੋਵ ਦੇ ਅੰਦਰੂਨੀ ਘੇਰੇ ਦਾ ਮੈਂਬਰ ਬਣਾ ਦਿਤਾ ਸੀ, ਇਹ ਰਾਜ਼ ਉਸ ਦਿਨ ਖੁਲਿ੍ਹਆ। ( ਪੋਲਿਟਬਿਉਰੋ ਦੇ ਮੈਂਬਰਾਂ ਨਾਲ ਇਹਨਾਂ ਸ਼ਿਕਾਰੀ ਦਿਨਾਂ ਦਾ ਜ਼ਿਕਰ ਲਿਉਬੋਮੀਰ ਨੇ ਆਪਣੀ ਸਵੈ-ਜੀਵਨੀ ‘ਚ ਵਿਸਤਾਰ ਨਾਲ ਕੀਤਾ ਹੈ।)
ਬਲਗਾਰੀਆ ਦੀਆਂ ਇਹਨਾਂ ਚਰਚਿਤ ਕਾਨਫਰੈਂਸਾਂ ‘ਚ ਇਕ ਦਿਨ ਆਂਦ੍ਰੇਈ ਵੌਜ਼ਨੇਸੇਂਸਕੀ ਆ ਹਾਜ਼ਰ ਹੋਇਆ। ਮੈਂ ਉਸ ਨਾਲ ਖੜ੍ਹਾ ਗੱਪਾਂ ਮਾਰ ਰਿਹਾ ਸੀ ਕਿ ਲਿਉਬੋ ਨੇ ਸਾਡੇ ਕੋਲ ਆ ਕੇ ਪੁਛਿਆ, ” ਇਹ ਸਾਹਿਬ ਕੌਣ ਹਨ?”
“ਇਹ ਰੂਸ ਦਾ ਵੌਜ਼ਨੇਸੇਂਸਕੀ ਹੈ !” ਮੈਂ ਆਖਿਆ।
ਮੈਨੂੰ ਹੈਰਾਨੀ ਹੋਈ ਕਿ ਉਹ ਇਕ ਦੂਜੇ ਨੂੰ ਨਹੀਂ ਸੀ ਜਾਣਦੇ। ਵੌਜ਼ਨੇਸੇਂਸਕੀ ਦਰਅਸਲ ਸੋਫੀਆ ਕਦੇ ਆਇਆ ਹੀ ਨਹੀਂ ਸੀ। ਨਿਉਯੌਰਕ ਤੇ ਪੈਰਿਸ ਵਰਗੇ ਸ਼ਹਿਰਾਂ ’ਚ ਉਹ ਕਵਿਤਾ-ਪਾਠ ਕਰਣ ਜਾਂਦਾ। ਪਰ ਬਲਗਾਰੀਆ ’ਚ ਉਹ ਚ ਡੁਬਕੀਆਂ ਲਾ ਕੇ ਮੁੜ ਜਾਂਦਾ। ਪਰ ਲਿਉਬੋ ਦੀ ਕਿਰਪਾ ਨਾਲ ਉਸ ਕਾਨਫਰੈਂਸ’ ਤੋਂ ਬਾਅਦ ਉਹ ਹਰ ਸਾਲ ਸੋਫੀਆ ਕਾਲੇ ਸਮੁੰਦਰ ਆਉਣ ਲੱਗ ਪਿਆ। ਉਸ ਦੇ ਇਹਨਾਂ ਕਾਨਫਰੈਂਸਾਂ ’ਚ ਸ਼ਾਮਿਲ ਹੋਣ ਦਾ ਨਤੀਜਾ ਇਹ ਹੋਇਆ ਕਿ ਇਹਨਾਂ ਕਵਿਤਾ-ਪਾਠਾਂ ਨੂੰ ਸੁਣਨ ਸੋਫੀਆ ’ਚ ਅਪਾਰ ਭੀੜ ਜੁੜਨ ਲੱਗ ਪਈ। ਪਰ ਮੈਨੂੰ ਯਾਦ ਆਉਂਦੀਆਂ ਹਨ ਕਾਨਫਰੈਂਸਾਂ ਦੀ ਭੀੜ ਤੋਂ ਪਰ੍ਹੇ ਇਹਨਾਂ ਅਲਬੇਲੇ ਦੋਸਤਾਂ ਨਾਲ ਸੋਫੀਆ ਦੀਆਂ ਸੜਕਾਂ ਤੇ ਕੀਤੀਆਂ ਅਪਣੀਆਂ ਆਵਾਰਾ-ਗਰਦੀਆਂ
ਦੂਜੀ ਫੋਟੋ ਸੋਫੀਆ ’ਚ ਕੀਤੀ ਇਕ ਅਜੇਹੀ ਹੀ ਮਟਰਗਸ਼ਤੀ ਦੀ ਹੈ। ਅਸੀਂ ਸੋਫੀਆ ਦੇ ਆਜ਼ਾਦੀ ਪਾਰਕ “ਚ ਖੜ੍ਹੇ ਹਾਂ। ਇਹ ਪਾਰਕ ਕਈ ਕਿਲੋਮੀਟਰ ’ਚ ਫੈਲਿਆ ਹੋਇਆ ਹੈ। ਆਜ਼ਾਦੀ ਦਾ ਸਮਾਰਕ ਤਾਂ ਇਸ ਪਾਰਕ ਦੇ ਵਿਚਕਾਰ ਹੈ ਹੀ, ਪਰ ਇਸ ਪਾਰਕ ਦਾ ਸੰਘਣਾ ਜੰਗਲ ਸੋਫੀਆ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਪ੍ਰੇਮ-ਕ੍ਰੀੜਾ ਲਈ ਵੀ ਮਸ਼ਹੂਰ ਹੈ।
ਇਸ ਪਾਰਕ ’ਚ ਘੁੰਮਦਿਆਂ ਇਕ ਵਾਰ ਅਸੀਂ ਇਕ ਦੁ-ਰਾਹੇ ਤੇ ਆ ਰੁਕੇ ਤਾਂ ਮੈਂ ਲਿਉਬੋ ਤੋਂ ਪੁਛਿਆ ਸੀ “ਹੁਣ ਕਿੱਧਰ ਮੁੜੀਏ ਲੀਡਰਾ?”
ਮੇਰਾ ਇਹ ਸਵਾਲ ਸੁਣ ਕੇ ਲਿਉਬੋ ਦੇ ਬੁੱਲ੍ਹਾਂ ’ਤੇ ਮੁਸਕਾਨ ਖਿੱਲਰ ਗਈ। ਉਹ ਸੱਜੇ ਹੱਥ ਨਾਲ ਇਸ਼ਾਰਾ ਕਰਕੇ ਬੋਲਿਆ ਸੀ, “ਰਾਈਟ ਟਰਨ ਲੈਂਦੇ ਹਾਂ! ਇਥੇ ਕਿਹੜਾ ਸਾਨੂੰ ਬਾਈ ਤੋਦੋਰ ਵੇਖ ਰਿਹੈ!”
ਬਲਗਾਰੀਆ ਦੇ ਰਾਸ਼ਟਰਪਤੀ ਤੋਦੋਰ ਯਿਵਕੋਵ ਨੂੰ ਉਸਦੇ ਨਿਕਟਵਰਤੀ “ਬਾਈ ਤੋਦੋਰ” ਕਹਿ ਕੇ ਬੁਲਾਇਆ ਕਰਦੇ ਸੀ। ਬਲਗਾਰੀਅਨ ਭਾਸ਼ਾ ’ਚ “ਬਾਈ” ਦਾ ਅਰਥ ਹੈ ਵੱਡਾ ਭਾਈ।
ਵਿਸ਼ਿਆਂਤਰ-1
Amos Os ਸਾਡੇ ਸਮੇਂ ਦੇ ਵੱਡੇ ਨਾਵਲਕਾਰਾਂ ‘ਚ ਗਿਣਿਆ ਜਾਂਦਾ ਹੈ। ਐਮੋਸ ਦੀ ਨਵੀਨ ਕਿਤਾਬ ਦਾ ਨਾਂ ਹੈ ‘ਇਕ ਅੱਤਵਾਦੀ ਨੂੰ ਕਿਵੇਂ ਸੁਧਾਰਿਆ ਜਾਵੇ’। ਐਮੋਸ ਦਾ ਨੁਸਖਾ, ਉਸਦੇ ਆਪਣੇ ਲਫਜ਼ਾਂ ’ਚ, ਇਹ ਹੈ:
ਅੱਗ ਲੱਗੀ ਹੋਈ ਹੈ। ਤੁਹਾਡੇ ਕੋਲ ਤਿੰਨ ਰਾਹ ਹਨ। ਪਹਿਲਾ ਰਾਹ: ਉੱਥੋਂ ਦੌੜ ਜਾਵੋ। ਦੂਜਾ ਰਾਹ: ਇਸ ਬਾਰੇ ਇਕ ਲੇਖ ਲਿਖੋ। ਤੀਜਾ ਰਾਹ: ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕਰੋ। ਤੁਸੀਂ ਇਕ ਬਾਲਟੀ ਲੱਭਦੇ ਹੋ, ਪਰ ਮਿਲਦੀ ਨਹੀਂ। ਪਰ ਇਕ ਚਮਚਾ ਲੱਭ ਜਾਂਦਾ ਹੈ। ਜੇ ਸਾਰੇ ਮਨੁੱਖ ਆਪਣਾ ਆਪਣਾ ਚਮਚਾ ਇਤੇਮਾਲ ਕਰਨ ਤਾਂ ਇਸ ਸਮੂਹਕ ਜਤਨ ਨਾਲ ਅੱਗ ਛੇਤੀ ਹੀ ਬੁਝ ਜਾਵੇਗੀ।
ਵਿਸ਼ਿਆਂਤਰ-2
ਪਹਿਲਾਂ ਟੈਲੀਫੋਨ ਅਤੇ ਫੇਰ ਕੁਝ ਬਿਜਲੀ ਖਤ। ਮੈਂ ਸਾਹਿਤ ਤੋਂ ਛੁੱਟੀ ਲੈ ਕੇ ਘਰੋਂ ਗਾਇਬ ਸੀ। ਘਰ ਮੁੜਿਆ ਤਾਂ ਪਤਾ ਲੱਗਾ ਮੈਨੂੰ ਸਵਰਨ ਲੱਭ ਰਿਹਾ ਸੀ। ਚੇਤਨਾ ਵਾਲਾ ਸ। ਸਵਰਨ। ਪੁਰਾਣੇ ਯਾਰ ਨੇ ਯਾਦ ਕੀਤਾ ਤਾਂ ਚਾਅ ਚੜ੍ਹਨਾ ਹੀ ਸੀ।
ਸਵਰਨ ਪੰਜਾਬੀ ਸਾਹਿਤ ‘ਚ ਮੁੜ-ਪਰਵੇਸ਼ ਕਰ ਰਿਹਾ ਹੈ। ਦਿੱਲੀ ਦੇ ਕੁਝ ਨਵਾਬੀ ਕਿਸਮ ਦੇ ਲੇਖਕਾਂ ਨਾਲ ਮਿਲ ਕੇ ਇਕ ਸੰਸਥਾ ਖੜ੍ਹੀ ਕਰ ਰਿਹਾ ਹੈ, ‘centre for panjabi culture’। ਸਵਰਨ ਲਿਖਦਾ ਹੈ ‘ਮੈਂ ਇਸ ਦਾ ਪ੍ਰੈਜ਼ੀਡੈਂਟ ਅਤੇ ਵੰਨਗੀ-2 ਦਾ ਸੰਪਾਦਕ ਹਾਂ’। ਬਾਕੀ ਔਹਦੇ ਦਾਰਾਂ ਦਾ ਨਾਂ ਮੈਨੂੰ ਉਜਾਗਰ ਨਹੀਂ ਕੀਤਾ। ਪਰ ਅੰਦਾਜ਼ਾ ਲਾਉਣਾ ਮੁਸ਼ਕਿਲ ਨਹੀਂ।
ਵੰਨਗੀ-2 ‘ਚ ਇਹ ਸੰਸਥਾ ਪਰਵਾਸੀ ਪੰਜਾਬੀ ਸਾਹਿਤਕਾਰਾਂ ਦੀਆਂ ਰਚਨਾਵਾਂ ਪ੍ਰਕਾਸ਼ਿਤ ਕਰੇਗੀ। ਪਰ ਉਹੋ ਲੇਖਕ ਜੋ 100 ਡਾਲਰ ਨਕਦ ਪੇਸ਼ ਕਰਣ।
ਵੰਨਗੀ-1 ਸਵਰਨ ਨੇ ਪੱਲਿਉਂ ਪੈਸੇ ਖਰਚ ਕੇ ਛਾਪੀ ਸੀ ਤੇ ਮੈਨੂੰ ਸਟੌਕਹੋਮ ਆ ਕੇ ਦੇ ਗਿਆ ਸੀ। ਉਸ ਕੋਲ ਉਦੋਂ ਰਚਨਾ ਚੁਣਨ ਤੇ ਰੱਦ ਕਰਣ ਦੀ ਸੰਪਾਦਕੀ- ਖੁੱਲ੍ਹ ਸੀ ਤੇ ਮਿਆਰ ਵੀ ਠੀਕ ਸੀ। ਪਰ ਇਸ ਵਾਰ ਡਾਲਰ ਸੁੱਟੋ ਤੇ ਗਜ਼ ਫਟਵਾੳ ਵਾਲੀ ਗੱਲ ਹੈ। ਲੰਡਨ ‘ਚ ਦਿੱਲੀ ਦਾ ਇਕ ਪ੍ਰਕਾਸ਼ਕ-ਕਹਾਣੀਕਾਰ ਇਸ ਥਾਣ ਦਾ ਕਪੜਾ ਵੇਚਦਾ ਫਿਰ ਰਿਹਾ ਹੈ। ਵੇਖੋ ਇਹ ਕੱਪੜਾ ਕਿੰਨਾਂ ਸ਼ਰਿੰਕ ਕਰਦਾ ਹੈ।
ਡਾਲਰ ਦੇ ਕੇ ਆਪਣਾ ਨਾਂ ਛਪਿਆ ਵੇਖਣ ਵਾਲਿਆਂ ਦੀ ਘਾਟ ਨਹੀਂ। ਬੰਬਈ ਇਕ ਵਾਰ ਅਕਸ ਵਾਲੇ ਅਮਰਜੀਤ ਨੇ ਤਾਜ ਹੋਟਲ ‘ਚ ਬੁਲਾ ਕੇ ਮੈਨੂੰ ਲੰਚ ਕਰਵਾਇਆ ਤੇ ਦੱਸਿਆ ‘ਮੇਰੇ ਕੋਲ ਬਾਹਰੋਂ ਰਚਨਾ ਛਪਣ ਲਈ ਆਉਂਦੀ ਹੈ ਤਾਂ ਨਾਲ ਕੁਝ ਡਾਲਰ ਵੀ ਨੱਥੀ ਕੀਤੇ ਹੁੰਦੇ ਨੇ’।
ਸਵਰਨ ਦਾ ਸੁਪਨਾ ਕੁਝ ਵੱਡਾ ਹੈ। ਪਰ ਇਹ ਚੇਤਨਾ ਵਾਲਾ ਸਵਰਨ ਨਹੀਂ, ਬੰਬਈ ਦਾ ਸਫਲ ਵਪਾਰੀ ਸਵਰਨ ਸਿੰਘ ਸੂਰੀ ਹੈ।
ਮੈਂ ਉਸੁਨੂੰ ਲਿਖਿਆ ਕਿ ਤੂੰ ਗੱਡੀ ਤੋਰ। ਪਰ ਮੈਂ ਪਲੇਟਫਾਰਮ ’ਤੇ ਖੜ੍ਹਾ ਹੀ ਚੰਗਾ ਲੱਗਦਾ ਹਾਂ!