ਭਗਤ ਸਿੰਘ ਦੇ ਵਿਚਾਰਾਂ ਨਾਲ ਖਿਲਵਾੜ

Date:

Share post:

ਪੰਜਾਬੀਆਂ ਲਈ ਇਹ ਮਾਣ ਵਾਲੀ ਗੱਲ ਹੈ ਕਿ ਭਗਤ ਸਿੰਘ ਦੇ ਸ਼ਤਾਬਦੀ ਜਸ਼ਨ ਸੰਸਾਰ ਪੱਧਰ ’ਤੇ ਮਨਾਏ ਜਾ ਰਹੇ ਹਨ। ਇਨ੍ਹਾਂ ਜਸ਼ਨਾਂ ਵਿਚ ਪੰਜਾਬ ਦੇ ਇਸ ਮਹਾਨ ਸਪੂਤ ਦੇ ਸੰਖੇਪ ਪਰ ਸੰਘਰਸ਼ਮਈ ਜੀਵਨ ਬਾਰੇ ਅਤੇ ਸ਼ਹੀਦ ਵਲੋਂ ਆਪ ਪ੍ਰਗਟਾਏ ਜਾਂ ਸੁਝਾਏ ਵਿਚਾਰਾਂ ’ਤੇ ਭਰਪੂਰ ਚਰਚਾ ਹੋ ਰਹੀ ਹੈ। ਭਾਰਤ ਦੀ ਆਜ਼ਾਦੀ ਸੰਗਰਾਮ ਦੇ ਉਨ੍ਹਾਂ ਸਮਿਆਂ ਨੂੰ ਯਾਦ ਕੀਤਾ ਜਾ ਰਿਹਾ ਹੈ ਜਿਸ ਵਿਚ ਸਿਰਫ ਤੇਈ ਸਾਲ ਦੇ ਇਸ ਗੱਭਰੂ ਨੇ ਹੱਸਦਿਆਂ ਤੇ ਮਖੌਲ ਕਰਦਿਆਂ ਆਪਣੇ ਆਦਰਸ਼ ਲਈ ਫਾਂਸੀ ਦਾ ਰੱਸਾ ਚੁੰਮ ਲਿਆ ਸੀ।
ਭਾਰਤੀਆਂ ਨੇ ਉਹਦੇ ਹੌਸਲੇ, ਸਾਬਤਕਦਮੀ ਅਤੇ ਬੁਲੰਦ ਖਿਆਲੀ ਨੂੰ ਲੈਕੇ ਅਪਣੇ ਦਿਲਾਂ ਵਿਚ ਜੋਸ਼ ਦੀਆਂ ਤਰੰਗਾਂ ਨੂੰ ਵੀ ਜਗਾਇਆ ਅਤੇ ਉਸਨੂੰ ਕਈ ਰੂਪਾਂ ਵਿਚ ਚਿਤਵ ਕੇ ਗੀਤਾਂ ਅਤੇ ਘੋੜੀਆਂ ਦਾ ਹੜ੍ਹ ਵੀ ਲੈ ਆਂਦਾ।
ਪਰ ਇਨ੍ਹਾਂ ਜਸ਼ਨਾਂ ਦੌਰਾਨ ਹੀ ਕੁਝ ਇਹੋ ਜਿਹਾ ਵੀ ਵਾਪਰ ਰਿਹਾ ਹੈ ਜਿਸ ਨੂੰ ਦੇਖ, ਸੁਣ ਅਤੇ ਪੜ੍ਹਕੇ ਦਿਲ ਦੁੱਖ ਨਾਲ ਭਰ ਜਾਂਦਾ ਹੈ। ਹਰ ਕਿਸਮ ਦੇ ਸਿਆਸਤਦਾਨਾਂ ਦੀ ਮੌਕਾਪ੍ਰਸਤੀ ਦੀ ਇੰਤਹਾ ਇਹ ਹੈ ਕਿ ਉਹ ਮੱਲੋਜ਼ੋਰੀ ਭਗਤ ਸਿੰਘ ਨੂੰ ਆਪਣੀ ਧਿਰ ਬਣਾ ਕੇ ਪੇਸ਼ ਕਰਦੇ ਹਨ। ਸੰਪਰਦਾਵਾਂ ਅਤੇ ਧਰਮਾਂ ਦੇ ਠੇਕੇਦਾਰ ਸ਼ਹੀਦ ਦੀ ਅੱਧਜਲੀ ਲਾਸ਼ ਦੇ ਗਲ ਵਿਚ ਅਪਣੇ ਧਰਮ ਦੀ ਮਾਲਾ ਪਾ ਕੇ ਖੁਸ਼ ਹੁੰਦੇ ਹਨ। ਕੱਚਘਰੜ ਵਿਚਾਰਵਾਨ ਕੁਝ ਸਾਲਾਂ ਵਿਚ ਹੀ ਮਿਹਨਤ ਕਰਕੇ ਕਮਾਏ ਭਗਤ ਸਿੰਘ ਦੇ ਪਰਪੱਕ ਹੋ ਰਹੇ ਵਿਚਾਰਾਂ ਨੂੰ ਅਜੀਬ ਢੰਗ ਨਾਲ ਪੇਸ਼ ਕਰ ਰਹੇ ਹਨ। ਸ਼ਹੀਦ ਦੇ ਸਰੂਪ, ਨਾਮ ਅਤੇ ਆਸ਼ੇ ਨੂੰ ਵਿਗਾੜ ਕੇ ਪੇਸ਼ ਕਰਨ ਵਿਚ ਕੋਈ ਕਸਰ ਨਹੀਂ ਛੱਡੀ ਜਾ ਰਹੀ।
ਪੰਜਾਬ ਦਾ ਇੱਕ ਉੱਘਾ ਸਿਆਸਤਦਾਨ ਭਗਤ ਸਿੰਘ ਨੂੰ ਅੱਤਵਾਦੀ ਕਹਿ ਰਿਹਾ ਹੈ।
ਭਾਰਤ ਦੇ ਪਾਰਲੀਮੈਂਟ ਹਾਊਸ ਵਿਚ ਲੱਗਣ ਵਾਲੇ ਸ਼ਹੀਦ ਦੇ ਬੁੱਤ ’ਤੇ ਏਸ ਲਈ ਇਤਰਾਜ ਹੋ ਰਿਹਾ ਹੈ ਕਿ ਉਸ ਪੱਥਰ ਦੇ ਟੁਕੜੇ ’ਤੇ ਪਗੜੀ ਬੰਨ੍ਹੀ ਕਿਉਂ ਦਿਖਾਈ ਗਈ ਹੈ। ਪਾਕਿਸਤਾਨ ਵਿਚ ਭਗਤ ਸਿੰਘ ਨੂੰ ਸੰਧੂ ਕਹਿਕੇ ਮਸ਼ਹੂਰ ਕੀਤਾ ਜਾ ਰਿਹਾ ਹੈ। ਸਿੱਖ ਪ੍ਰਚਾਰਕ ਇਸ ਗੱਲ ਦੀ ਸਨਸਨੀ ਵਿਚ ਮਾਣ ਨਾਲ ਆਪਣਾ ਸਿਰ ਉਚਾ ਕਰਦੇ ਹਨ ਕਿ ਫਾਂਸੀ ਚੜ੍ਹਨ ਤੋਂ ਕੁਝ ਪਲ ਪਹਿਲਾਂ ਹੀ ਭਗਤ ਸਿੰਘ ਨੇ ਸਿੱਖ ਧਰਮ ਨੂੰ ਗਲੇ ਲਾ ਲਿਆ ਸੀ।
ਕੋਈ ਪੂਰੀ ਤਰ੍ਹਾਂ ਨਹੀਂ ਜਾਣਦਾ ਕਿ ਸ਼Lਹੀਦ ਦੇ ਆਖਰੀ ਪਲਾਂ ਵਿਚ ਕੀ ਹੋਇਆ ਸੀ। ਪਰ ਸਹੀ ਢੰਗ ਨਾਲ ਸੋਚਣ ਵਾਲੇ ਕਦੇ ਉਨ੍ਹਾਂ ਹਕੀਕਤਾਂ ਨੂੰ ਅੱਖੋਂ ਉਹਲੇ ਨਹੀਂ ਕਰਦੇ ਹੁੰਦੇ ਜੋ ਕਿਸੇ ਨਾ ਕਿਸੇ ਰੂਪ ਵਿਚ ਸਾਡੇ ਤੱਕ ਪਹੁੰਚੀਆਂ ਹਨ।
ਯਾਦ ਰੱਖਣ ਵਾਲੀ ਗੱਲ ਇਹ ਹੈ ਕਿ ਹਰ ਸੂਝਵਾਨ ਵਿਅਕਤੀ ਦੇ ਵਿਚਾਰਾਂ ਦੀ ਦੀਵਾਰ ਲਗਾਤਾਰ ਉਸਾਰੀ ਵਿਚ ਰਹਿੰਦੀ ਹੈ। ਭਗਤ ਸਿੰਘ ਅਪਣੇ ਆਖਰੀ ਸਾਲਾਂ ਵਿਚ ਕਿਸ ਪਾਸੇ ਵੱਲ ਜਾ ਰਿਹਾ ਸੀ ਇਸ ਬਾਰੇ ਤਾਂ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ। ਜੇਲ੍ਹ ਦੀ ਕਾਲ ਕੋਠੜੀ ਵਿਚ ਬੈਠਾ ਉਹ ਕਿਹੜੀਆਂ ਕਿਤਾਬਾਂ ਪੜ੍ਹ ਰਿਹਾ ਸੀ; ਇਹ ਉਹਦੀ ਡਾਇਰੀ ਅਤੇ ਖਤਾਂ ਵਿਚ ਉਹਦੇ ਹੱਥੀਂ ਲਿਖੀਆਂ ਹੋਈਆਂ ਹਨ। ਜਿਨ੍ਹਾਂ ਨੇ ਦੇਖਿਆ ਹੈ ਉਹ ਦੱਸਦੇ ਹਨ ਕਿ ਫਾਂਸੀ ਜਾਣ ਵਾਲੇ ਪਲਾਂ ਵਿਚ ਉਹ ਲੈਨਿਨ ਦੀ ਜੀਵਨੀ ਦਾ ਪਾਠ ਕਰ ਰਿਹਾ ਸੀ।
ਭਗਤ ਸਿੰਘ ਅਤੇ ਉਸਦੇ ਸਾਥੀਆਂ ਦੀਆਂ ਲਿਖਤਾਂ ਕਾਫੀ ਗਿਣਤੀ ਵਿਚ ਸਾਡੇ ਕੋਲ ਮੌਜੂਦ ਹਨ। ਅਪਣੇ ਜੀਵਨ ਵਿਚ ਉਹ ਕਦੀ ਕੱਟੜਵਾਦੀ ਅਤੇ ਅੱਤਵਾਦੀ ਨਹੀਂ ਹੋਇਆ। ਅਸੈਂਬਲੀ ਵਿਚ ਬੰਬ ਸੁੱਟਣ ਜਾਂ ਸਾਂਡਰਸ ’ਤੇ ਗੋਲੀ ਚਲਾਉਣ ਦੇ ਆਸ਼ੇ ਬਾਰੇ ਉਹ ਆਪ ਹੀ ਲਿਖਦਾ ਹੈ। ਯਾਦ ਰੱਖਣਾ ਪਵੇਗਾ ਕਿ ਭਗਤ ਸਿੰਘ ਤੋਂ ਪਹਿਲੋਂ ਦੇ ਸਾਰੇ ਹੀ ਮਹਾਨ ਕ੍ਰਾਂਤੀਕਾਰੀ ਧਾਰਮਿਕ ਗ੍ਰੰਥਾਂ ਨੂੰ ਹੱਥ ਵਿੱਚ ਲੈ ਕੇ ਸ਼ਲੋਕ ਉਚਾਰਦੇ ਹੋਏ ਫਾਂਸੀਆਂ ਦੇ ਰੱਸਿਆਂ ’ਤੇ ਝੂਲ ਗਏ। ਪਰ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੇ ਸ਼ਹਾਦਤ ਨੂੰ ਵੀ ਉਦੋਂ ਨਵੇਂ ਅਰਥ ਦੇ ਦਿੱਤੇ ਜਦੋਂ ਇਹ ਇਨਕਲਾਬ ਜ਼ਿੰਦਾਬਾਦ ਦੇ ਨਾਹਰੇ ਲਾਉਂਦੇ ਹੋਏ ਫਾਂਸੀਆਂ ’ਤੇ ਚੜ੍ਹੇ। ਉਹਦਾ ਵੱਡਾ ਲੇਖ ‘ ਮੈਂ ਨਾਸਤਕ ਕਿਉਂ ਹਾਂ ’ ਪੜ੍ਹਨ ਬਾਅਦ ਕੋਈ ਉਹਲਾ ਨਹੀਂ ਰਹਿ ਜਾਂਦਾ ਕਿ ਉਹ ਕਿਸੇ ਵੀ ਧਰਮ ਦੇ ਦਾਇਰੇ ਵਿਚ ਬੱਝਣਾ ਨਹੀਂ ਸੀ ਚਾਹੁੰਦਾ। ਉਹਦੇ ਨਾਲ ਬੈਠਦੇ ਉਠਦੇ ਤੇ ਉਹਦੇ ਨਾਲ ਹੀ ਫਾਂਸੀ ’ਤੇ ਚੜ੍ਹੇ ਹੋਰ ਨੌਜਵਾਨਾਂ ਦੀ ਸੰਗਤ ਭਲਾ ਭਗਤ ਸਿੰਘ ਨੂੰ ਇਕੋ ਧਰਮ ਨਾਲ ਕਿਵੇਂ ਬੰਨ੍ਹਦੀ।
ਦਰਅਸਲ; ਭਗਤ ਸਿੰਘ ਹੋਣਾ ਹੀ ਇਸ ਗੱਲ ’ਤੇ ਨਿਰਭਰ ਕਰਦਾ ਹੈ ਕਿ ਉਹਨੇ ਜੋ ਸਿੱਖਿਆ ਅਨੁਭਵ ਤੋਂ ਸਿੱਖਿਆ। ਛੋਟੀ ਉਮਰ ਦੇ ਬਾਵਜੂਦ ਲਗਾਤਾਰ ਅਧਿਐਨ ਨੇ ਹੀ ਉਹਦੀ ਵਿਚਾਰਧਾਰਾ ਨੂੰ ਪੱਕਿਆਂ ਕੀਤਾ। ਅਪਣੇ ਆਲੇ-ਦੁਆਲੇ ਹੀ ਨਹੀਂ ਸਗੋਂ ਸੰਸਾਰ ਭਰ ਵਿੱਚ ਵਾਪਰਦੀ ਹਰ ਘਟਨਾ ’ਤੇ ਉਹਦੀ ਤਿੱਖੀ ਨਜ਼ਰ ਰਹੀ ਤੇ ਉਹ ਇਨ੍ਹਾਂ ਘਟਨਾਵਾਂ ਨਾਲ ਰਾਬਤਾ ਕਾਇਮ ਕਰ ਰਿਹਾ ਸੀ। ਉਹ ਰੂਸ ਦੇ ਇਨਕਲਾਬ ਨਾਲ ਉਭਰੀ ਅਗਾਂਹਵਧੂ ਸੋਚ ਨਾਲ ਕਦਮ ਮਿਲਾ ਰਿਹਾ ਸੀ। ਇਸੇ ਲਈ ਉਹ ਕੌਮੀ ਮੁਕਤੀ ਲਹਿਰ ਨੂੰ ਕੌਮਾਂਤਰੀ ਅੰਦੋਲਨ ਨਾਲ ਜੋੜ ਕੇ ਦੇਖਣ ਵਾਲੇ ਪਹਿਲੇ ਕ੍ਰਾਂਤੀਕਾਰੀ ਨੌਜਵਾਨ ਦਾ ਰੁਤਬਾ ਹਾਸਿਲ ਕਰਦਾ ਹੈ। ਉਹ ਫਿਰਕਿਆਂ ਦੀ ਸਿਆਸਤ ਤੋਂ ਬਹੁਤ ਉਪਰ ਉਠ ਗਿਆ ਸੀ ਤੇ ਉਹਦੇ ਧਾਰਮਿਕ ਹੋਣ ਬਾਰੇ ਤਾਂ ਕਿਆਸਿਆ ਵੀ ਨਹੀਂ ਸੀ ਜਾ ਸਕਦਾ।
‘ਹੁਣ’ ਨੂੰ ਆਸ ਹੈ ਕਿ ਇਸ ਅਨੋਖੇ ਅਤੇ ਸਾਡੀਆਂ ਯਾਦਾਂ ਵਿਚ ਸਦਾ ਲਈ ਅਮਰ ਹੋ ਗਏ ਲਾਡਲੇ ਨਾਇਕ ਦੇ ਜੀਵਨ ਅਤੇ ਵਿਚਾਰਾਂ ਨੂੰ ਦਿਸਦੀਆਂ ਹਕੀਕਤਾਂ ਦੀ ਰੌਸ਼ਨੀ ਵਿਚ ਸਹੀ ਢੰਗ ਨਾਲ ਸਮਝਿਆ ਜਾਵੇਗਾ।

20 ਦਸੰਬਰ, 2007
-ਅਵਤਾਰ ਜੰਡਿਆਲਵੀ
-ਸੁਸ਼ੀਲ ਦੁਸਾਂਝ

LEAVE A REPLY

Please enter your comment!
Please enter your name here

spot_img

Related articles

ਜਿਨਿ ਨਾਮੁ ਲਿਖਾਇਆ ਸਚੁ

ਰਚੇਤਾ: ਪ੍ਰੋ. ਬਲਵਿੰਦਰ ਸਿੰਘ ਜੌੜਾ ਸਿੰਘ, ਸ.ਸਿਮਰਜੀਤ ਸਿੰਘਪ੍ਰਕਾਸ਼ਕ: ਧਰਮ ਪ੍ਰਚਾਰ ਕਮੇਟੀ 'ਜਿਨਿ ਨਾਮੁ ਲਿਖਾਇਆ ਸਚੁ'ਸ੍ਰੀ ਗੁਰੂ ਗ੍ਰੰਥ ਸਾਹਿਬ ਦੀ...

ਚਿੱਠੀਆਂ – ‘ਹੁਣ-11’

ਕੁੱਝ ਵੱਖਰਾ, ਕੁੱਝ ਅੱਡਰਾ ਤੁਹਾਡੀ ਜੋੜੀ ਸੋਹਣੀ ਬਣੀ ਬਈ। ਤੁਹਾਨੂੰ ਦੋਹਾਂ ਨੂੰ ਲਗਨ ਵੀ ਹੈ। ਕੁਝ ਵੱਖਰਾ, ਅੱਡਰਾ ਕਰਨ...

ਅੰਮ੍ਰਿਤਾ ਸ਼ੇਰਗਿੱਲ ਜੀਵਨ ਤੇ ਕਲਾ

ਰਚੇਤਾ. ਤੇਜਵੰਤ ਸਿੰਘ ਗਿੱਲਪ੍ਰਕਾਸ਼ਕ : ਪਬਲੀਕੇਸ਼ਨ ਬਿਊਰੋਪੰਜਾਬੀ ਯੂਨੀਵਰਸਿਟੀ, ਪਟਿਆਲਾ ਸਿੱਖ ਪਿਤਾ ਅਤੇ ਹੰਗੇਰੀਅਨ ਮਾਂ ਦੀ ਜਾਈ ਚਿੱਤਰਕਾਰ ਅੰਮ੍ਰਿਤਾ ਸ਼ੇਰਗਿੱਲ...

ਕਿਸ ਤਰ੍ਹਾਂ ਦਾ ਹੋਵੇ ਨਾਟਕ?-ਰਿਪੋਰਟ:ਹਰਪ੍ਰੀਤ ਸਿੰਘ

ਕੋਈ ਸੌ ਵਰ੍ਹੇ ਪਹਿਲਾਂ ਨੌਰਾ ਰਿਚਰਡਜ਼ ਨੇ ਦਿਆਲ ਸਿੰਘ ਕਾਲਜ ਲਾਹੌਰ ਵਿੱਚ ਈਸ਼ਵਰ ਚੰਦਰ ਨੰਦਾ ਵਰਗੇ ਵਿਦਿਆਰਥੀਆਂ ਨੂੰ...
error: Content is protected !!