ਬਟਾਲਵੀ ਬਨਾਮ ਸ਼ਰਮਾ – ਸ਼ਹਰਯਾਰ

Date:

Share post:

ਪੰਜਾਬ ਦੀ ਧਰਤੀ ਨੇ ਦੋ ਸ਼ਿਵ ਕੁਮਾਰ ਪੈਦਾ ਕੀਤੇ। ਦੋਵੇਂ ਵੱਡੇ ਕਵੀ। ਦੋਵੇਂ ਇੱਕੋ ਸਮੇਂ ਚੋਟੀ ਦੀਆਂ ਕਵਿਤਾਵਾਂ ਲਿਖਦੇ ਰਹੇ। ਬਟਾਲੇ ਵਾਲਾ ਸ਼ਿਵ ਕੁਮਾਰ ਬਹੁਤ ਵਧੀਆ ਗਾਉਂਦਾ ਸੀ ਤੇ ਫਿਰੋਜ਼ਪੁਰ ਵਾਲਾ ਸ਼ਿਵ ਕੁਮਾਰ ਬੜਾ ਜ਼ਹੀਨ ਸੀ ਪਰ ਨਾ ਗਾਉਂਦਾ ਹੋਣ ਕਰਕੇ ਬਟਾਲੇ ਵਾਲੇ ਸ਼ਿਵ ਕੁਮਾਰ ਦੀ ਛਾਂ ਵਿੱਚ ਅਲੋਪ ਹੁੰਦਾ ਰਿਹਾ। ਏਨਾ ਅਲੋਪ ਕਿ ਬਟਾਲੇ ਵਾਲੇ ਨੂੰ ਸਾਰਾ ਜੱਗ ਜਾਣਦਾ ਸੀ ਪਰ ਫਿਰੋਜ਼ਪੁਰੀਏ ਦੀ ਫੋਟੋ ਹਾਸਲ ਕਰਨੀ ਵੀ ਸਾਡੇ ਲਈ ਇੱਕ ਸਮੱਸਿਆ ਬਣ ਗਈ।
ਦੋਹਾਂ ਨੇ ਮਹਾਕਾਵਿ ਲਿਖੇ। ਬਟਾਲੇ ਵਾਲੇ ਨੇ 'ਲੂਣਾ' ਤੇ ਫਿਰੋਜ਼ਪੁਰੀਏ ਨੇ 'ਨਾਇਕਾ'। 'ਲੂਣਾ' ਨੂੰ ਸਾਹਿਤ ਅਕਾਡਮੀ ਦਾ ਵਕਾਰੀ ਇਨਾਮ ਮਿਲਿਆ ਪਰ 'ਨਾਇਕਾ' ਗੁੰਮਨਾਮ ਰਹੀ। ਇਸ ਲੇਖ ਵਿੱਚ ਸ਼ਹਰਯਾਰ ਜੀ ਇਨ੍ਹਾਂ ਦੋਹਵਾਂ ਲਿਖਤਾਂ ਬਾਰੇ ਤੋਲਵੀਂ ਚਰਚਾ ਕਰਦੇ ਹਨ। -ਸੰਪਾਦਕ

ਇਹ ਦੋ ਸ਼ਿਵਾਂ ਦੀ ਕਹਾਣੀ ਹੈ। ਸ਼ਿਵ ਕੁਮਾਰ ਬਟਾਲਵੀ ਤੇ ਸ਼ਿਵ ਕੁਮਾਰ ਸ਼ਰਮਾ

ਬਟਾਲਵੀ ਸੰਨ 1937 ’ਚ ਜੰਮਿਆ ਤੇ 1973 ’ਚ ਪੂਰਾ ਹੋ ਗਿਆ । ਸ਼ਰਮਾ ਅਠਵੰਜਾ ਸਾਲ ਦੀ ਸਰਕਾਰੀ ਨੌਕਰੀ ਭੋਗ ਕੇ ਦੋ-ਚਾਰ ਸਾਲ ਦੀ ‘ਪਿਲਸਨ’ ਖਾ ਕੇ ਅਜੇ ਪਿਛਲੇ ਸਾਲ ਹੀ ਮੁੱਕਿਆ ਹੈ। ਮਤਲਬ ਕਿ ਦੋਹਵਾਂ ਸ਼ਿਵਾਂ ਦੀਆਂ ਉਮਰਾਂ ਕੁਝ ਕੁ ਸਾਲਾਂ ਦੇ ਫ਼ਰਕਾਂ ਦੇ ਨਾਲ਼-ਨਾਲ਼ ਹੀ ਚੱਲੀਆਂ। ਬਟਾਲਵੀ ਬਾਰੇ ਪੰਜਾਬੀ ਲਿਖਾਰੀ ਕੋਸ਼ ਵਿਚ ਬੜਾ ਕੁਝ ਲਿਖਿਆ ਮਿਲ਼ਦਾ ਹੈ। ਉਹਦੀਆਂ ਅਪਣੀਆਂ ਪੋਥੀਆਂ, ਇਨਾਮਾਂ ਦੀਆਂ ਝੜੀਆਂ, ਸ਼ਿਵ ਬਾਰੇ ਪੀ ।ਐੱਚ. ਡੀਆਂ ਵਗ਼ੈਰਾ-ਵਗ਼ੈਰਾ। ਸ਼ਾਇਰ ਸ਼ਰਮੇ ਬਾਰੇ ਕੋਸ਼ਕਾਰ ਲਿਖਣੋਂ ਸ਼ਰਮਾ ਗਿਆ ਜਾਪਦਾ ਹੈ। ਇਸ ਬਾਰੇ ਕੋਈ ਹਵਾਲਾ ਨਹੀਂ। ਇਹ ਕੋਈ ਅਣਹੋਣੀ ਵੀ ਨਹੀਂ। ਬੜਾ ਕੁਝ ਇਜੇਹਾ ਹੁੰਦਾ ਹੈ, ਜੋ ਇਤਿਹਾਸਕਾਰੀ ਤੋਂ ਸਹਿਵਨ ਖੁੰਝ ਵੀ ਸਕਦਾ ਹੈ। ਫਿਰ ਕੋਸ਼ਕਾਰ ਦੀ ਸੰਪਾਦਨਾ ਤਾਂ ਹੋਰ ਵੀ ਸਿਲੈਕਟਿਵ ਹੁੰਦੀ ਹੈ। ਇਹ ਕੋਸ਼ ਦੀ ਮਜਬੁੂਰੀ, ਮਰਜ਼ੀ, ਅਲਗ਼ਰਜ਼ੀ ਜਾਂ ਫ਼ਰਜ਼ੀ ਵੀ ਹੋ ਸਕਦੀ ਹੈ। ਲੇਕਿਨ ਸ਼ਿਵ ਕੁਮਾਰ ਸ਼ਰਮਾ ਦੀ ਪਹਿਲੀ ਕਿਤਾਬ ਬਾਰੇ ਤਾਂ ਵਾਹਵਾ ਜ਼ਿਕਰ ਵੀ ਹੋਇਆ ਸੀ। ਖ਼ੈਰ! ਫੇਰ ਸ਼ਰਮਾ ਕਿਧਰੇ ਰਸਤੇ ਵਿਚ ਹੀ ਗੁਆਚ ਗਿਆ। ਇਸ ਵਿਚ ਗ਼ਲਤੀ ਸ਼ਰਮੇ ਦੀ ਅਪਣੀ ਵੀ ਸੀ। ਕਿਉਂਕਿ ਜ਼ਿਕਰ-ਗੋਚਰੀ ਪੋਥੀ ਨਾਇਕਾ ਫਿਰ ਅਗਾਂਹ ਜਾ ਕੇ 1996 ਵਿਚ ਛਪਦੀ ਹੈ। ਬਹੁਤੇ ਪਾਠਕਾਂ ਲਈ ਤਾਂ ਇਹ ਕੋਈ ਨਵੀਂ ਕਿਤਾਬ ਜਾਂ ਨਵਾਂ ਸ਼ਾਇਰ ਹੀ ਜਾਪਦਾ ਸੀ। ਉਸ ਸਮੇਂ ਤਕ ਪ੍ਰਕਾਸ਼ਨਾਵਾਂ ਦਾ ਕਾਫ਼ਲਾ ਵੀ ਹੁਣ ਕਾਫ਼ਲਾ ਨਹੀਂ, ਹੇੜ ਦੀ ਹੇੜ ਹੀ ਬਣ ਚੱਲਿਆ ਸੀ। ਹਾਲ ਦੂਸਰੀਆਂ ਭਾਸ਼ਾਵਾਂ ਵਿਚ ਵੀ ਇਹੋ ਹੀ ਹੈ। ਹੁਣ ਕਿਸੇ ਸਿਆਣੇ ਲੇਖਕ ਨੂੰ ਪੁੱਛ ਵੇਖੋ ਕਿ ਕੁਝ ਨਵਾਂ ਵੀ ਪੜ੍ਹਦੇ ਹੋ?’ ਜਵਾਬ ਤਕਰੀਬਨ ਅਜਿਹਾ ਹੀ ਮਿਲੇਗਾ। ਨਾਇਕਾ ਵੀ ਰੁਲ਼ ਸਕਦੀ ਹੈ, ਆਰਾਮ ਨਾਲ਼। ਪਰ ਕੁਝ ਪਾਠਕਾਂ ਲੇਖਕਾਂ ਨੂੰ ਮੁੜ ਪ੍ਰੇਸ਼ਾਨ ਕਰਨ ਦੀ ਸਮਰੱਥਾ ਇਸ ਵਿਚ ਹੈ। ਮਸਲਨ ਮੈਂ ਪ੍ਰੇਸ਼ਾਨ ਹੋਇਆ ਹਾਂ; ਅਕਸਰ, ਕਈ ਵਾਰ। ਮੈਨੂੰ ਇਹ ਦੋਹਾਂ ਸ਼ਿਵਾਂ ਦੀਆਂ ਨਾਇਕਾਵਾਂ ਦੀਆਂ ਕਹਾਣੀਆਂ ਵਿਚ ਕੁਝ ਰਲ਼ਦਾ-ਮਿਲ਼ਦਾ ਲੱਗਦਾ ਹੈ। ਦੋਹਵਾਂ ਨੇ ਕਵਿਤਾ ਵਿਚ ਇਨ੍ਹਾਂ ਬਾਰੇ ਲਿਖਿਆ ਹੈ। ਇਕ ਸ਼ਿਵ ਨੇ ਕਾਵਿ-ਨਾਟਕ ਲੂਣਾ ਲਿਖਿਆ ਹੈ। ਦੂਜੇ ਨੇ ਨਾਟਕ ਨੂੰ ਸੀਮਾ ਸਮਝ ਕੇ (ਹਾਲਾਂ ਕਿ ਉਹ ਨਾਟਕ ਖੇਡਦਾ-ਖਿਡਾਉਂਦਾ ਵੀ ਸੀ) ਇਸ ਦੀ ‘ਕਾਵਿ ਕਥਾ’ ਬਣਾ ਦਿੱਤੀ। ਇਸ ਬਾਰੇ ਉਹ ਆਪ ਵੀ ਸੁਚੇਤ ਹੈ। ਕਹਿੰਦਾ ਹੈ, “ਰਚਨਾ ਦਾ ਰੂਪ ਪੱਖ ਗਲਪ, ਨਾਟਕ ਅਤੇ ਕਾਵਿ ਵਿਧਾ ਵਿਚਾਲੇ ਹੱਦ ਬੰਦੀ ਦੀ ਦੀਵਾਰ ਨੂੰ ਤੋੜ ਕੇ ਉਨ੍ਹਾਂ ਨੂੰ ਸਮਰੂਪ ਕਰਨ ਦਾ ਪ੍ਰਯੋਗ ਮਾਤਰ ਹੈ।” (ਦੋ ਸ਼ਬਦ ਨਾਇਕਾ ਬਾਰੇ)।
ਇਕ ਦੀ ਨਾਇਕਾ ‘ਲੂਣਾ’ ਅਪਣਾ ਕੁਝ ਨਾ ਪ੍ਰਾਪਤ ਕਰ ਸਕਣ ਕਰਕੇ ਪੂਰਨ ਦੀ ਬਲੀ ਦੇ ਦੇਂਦੀ ਤੇ ਆਪ ਜਿਉਂਦੀ, ਸਲਾਮਤ ਰਹਿੰਦੀ ਹੈ। ਇਸ ਲਈ ਇਹ ਸ਼ਿਵ ਵਧੀਆ ਸ਼ਾਇਰੀ ਦੇ ਚਿਤਰਪਟ ‘ਤੇ ਵੀ ਨਾਇਕਾ ਦਾ ਰੂਪ ਨਹੀਂ ਅਖ਼ਤਿਆਰ ਕਰ ਸਕਿਆ। ਸ਼ਰਮੇ ਦੀ ਨਾਇਕਾ ਬਾਰੇ ਜੇ ਕਹਿ ਲਿਆ ਜਾਵੇ ਕਿ ਮੰਗਤਿਆਂ ਦੀ ਤ੍ਰਾਸਦਿਕ ਜ਼ਿੰਦਗੀ ਬਾਰੇ ਇਹ ਸ਼ਾਇਦ ਪਹਿਲੀ ਪੋਥੀ ਹੈ। ਇਸ ਜ਼ਿੰਦਗੀ ਬਾਰੇ ਅਜੇ ਬਹੁਤ ਕੁਝ ਨਹੀਂ ਮਿiਲ਼ਆ। ਇਹ ‘ਨਾਇਕਾ’ ਅਪਣੀ ਨਾਇਕਾ ਨੂੰ ਜਾਣਦੀ ਹੈ, ਪਰ ਸ਼ਾਇਦ ਸਮਝਦੀ ਨਹੀਂ। ਲੂਣਾ ਸਮਝੌਤਾ ਕਰਦੀ ਆ ਰਹੀ ਹੈ ਲਗਾਤਾਰ। ‘ਨਾਇਕਾ’ ਸਮਝੌਤਾ ਨਹੀਂ ਕਰਦੀ, ਇਸ ਲਈ ਉਹਨੂੰ ਮੌਤ ਕਬੂਲਣੀ ਪੈਂਦੀ ਹੈ। ਇਸ ਨੂੰ ਉਹ ਹੱਸਦੀ-ਹੱਸਦੀ ਕਬੂਲ ਕਰਦੀ ਹੈ। ਕੋਈ ਇਸ ਨੂੰ ਨਾਇਕਾ ਕਹੇ, ਨਾ ਕਹੇ, ਸ਼ਰਮੇ ਲਈ ਇਹ ਨਾਇਕਾ ਹੈ। ਮੈਨੂੰ ਵੀ ਸ਼ਰਮੇ ਦਾ ਕਹਿਣਾ ਮੰਨਣਾ ਪੈਂਦਾ ਹੈ।
ਕਾਰਣ: ਸ਼ਿਵ ਕੁਮਾਰ ਦੀ ਲੂਣਾ ਖੂਬਸੂਰਤ ਹੈ। ਕਿਰਦਾਰ ਦੇ ਤੌਰ ‘ਤੇ ਵੀ ਸ਼ਿਵ ਸ਼ਾਇਰੀ ਵਜੋਂ ਵੀ , ਜਿਵੇਂ ਵਹਾਅ ਵਿਚ ਸ਼ਿਵ ਦੀ ਸ਼ਾਇਰੀ ਤੁਰਦੀ ਹੈ, ਉਥੇ ਵਾਰਿਸ ਸ਼ਾਹ ਵੀ ਨਹੀਂ ਤੁਰ ਸਕਦਾ। ਪਰ ਕਥਾ ਰੂਪ ਵਿਚ ਸ਼ਿਵ ਛੇਕੜ ‘ਤੇੇ ਹਾਰ ਜਾਂਦਾ ਹੈ। ਆਖ਼ਰੀ ਦੋ ਤਿੰਨ ਅੰਕਾਂ ਵਿਚ ‘ਲੂਣਾ’ ਨਹੀਂ ਲੱਭਦੀ, ਨਜ਼ਰ ਨਹੀਂ ਆਉੁਂਦੀ । ਜਦੋਂ ਕਿ ਉਹਦਾ ਰੋਲ ਹੋਰ ਵੀ ਵਡੇਰਾ ਹੋਣਾ ਚਾਹੀਦਾ ਸੀ। ਪਰ ਇਥੇ ਪੂਰਨ ਛਾ ਜਾਂਦਾ ਹੈ, ਕਿਉਂਕਿ ‘ਪੂਰਨ’ ਪੂਰਨ ਰਹਿੰਦਾ ਹੈ। ਬੇਸ਼ੱਕ ਸ਼ਿਵ ਕੁਮਾਰ ਕੋਸ਼ਿਸ਼ ਕਰਦਾ ਵੀ ਹੈ, ਉਹ ਆਪ ਕਹਿੰਦਾ ਹੈ ਕਿ ਕਾਦਰ ਯਾਰ ਦਾ ਬਾਰਾਂ ਸਾਲਾਂ ਦਾ ਪੂਰਨ ਲੂਣਾ ਨਾਲ਼ ਪ੍ਰੇਮ ਕ੍ਰੀੜਾ ਵਾਲ਼ਾ ਪੂਰਨ ਨਹੀਂ ਹੋ ਸਕਦਾ, ਇਸ ਲਈ ਮੈਂ ਪੂਰਨ ਨੂੰ ਅਠਾਰਾਂ ਸਾਲਾਂ ਦਾ ਭਰ-ਜਵਾਨ ਗੱਭਰੂ ਬਣਾਉਂਦਾ ਹਾਂ। ਪਰ ਪੂਰਨ ਉਥੇ ਵੀ ਪੂਰਨ ਰਹਿੰਦਾ ਹੈ। ਲੂਣਾ ਨਾਲ਼ੋਂ ਰਿਸ਼ਤੇ ਦੀ ਡੋਰ ਨਹੀਂ ਤੋੜਦਾ। ਤੇ ਲੂਣਾ ਦੀ ਦੇਹ ਦੀ ਤ੍ਰਾਸਦੀ ਨੂੰ ਸਮਝਦਾ ਹੈ। ਪਰ ਇਹ ਵੀ ਜਾਣਦਾ ਹੈ ਕਿ ਇਹ ਇਸ ਘੜੀ ਦਾ ਹੱਲ ਨਹੀਂ। ਸ਼ਰਮੇ ਦੀ ਨਾਇਕਾ ਲਈ ਰਿਸ਼ਤੇ ਨਾਤੇ ਦੇ ਸੰਬੰਧ ਦੀਵਾਰਾਂ ਵਾਲੇ ਸੰਬੰਧ ਨਹੀਂ ਹਨ। ਗਦਾਗਿਰੀ, ਸੰਬੰਧਾਂ ਨੂੰ ਪ੍ਰਾਥਿਮਕਤਾ ਨਹੀਂ ਦਿੰਦੀ। ਇਥੇ ਪ੍ਰਾਥਮਿਕ ਹੈ ਰੋਟੀ। ਪਰ ਇਹ ਨਾਇਕਾ ਗਦਾਗਿਰੀ ਦੀ ਕੋਫ਼ਤ ਵੀ ਮਹਿਸੂਸ ਕਰਦੀ ਹੈ। ਭਿਖਾਰਣ, ਨਾਇਕਾ ਦੇ ਰੋਲ ਤਕ ਪਹੁੰਚਦੀ ਹੈ। ਇਹ ਸ਼ਰਮੇ ਦਾ ਵਡੇਰਾ ਹਾਸਿਲ ਹੈ।
ਸ਼ਿਵ ਦੀ ਸੀਮਾ
ਸ਼ਿਵ ਦਾ ਇਕ ਹਾਸਿਲ ਇਹ ਸੀ ਕਿ ੳਹਨੇ ਪੂਰਨ ਭਗਤ ਦੇ ਕਿੱਸੇ ਨੂੰ ਭਗਤੀ ਨਾਲ਼ੋਂ ਜੁਦਾ ਕਰਨ ਦੀ ਕਵਾਇਦ ਕੀਤੀ। ਪੂਰਨ ਜਿੱਥੇ ਜਿਉਂਦਾ ਹੈ ਉਥੇ ਹੋਰ ਲੋਕ ਵੀ ਜਿਉਂਦੇ ਹਨ। ਰਾਜੇ ਵੀ, ਨੌਕਰ ਵੀ, ਰਾਣੀਆਂ ਵੀ, ਗੋਲੀਆਂ ਵੀ, ਪਟਰਾਣੀਆਂ ਵੀ, ਸ਼ਰੀਕਣੀਆਂ ਵੀ, ਸਵਰਣ ਜਾਤੀਆਂ ਦੀ ਹਉਮੈ ਵੀ, ਸ਼ੂਦਰ ਜਾਤੀਆਂ ਦੀ ਬੇਵਸੀ ਵੀ। ਬੜੀ ਦਫ਼ਾ ਰਾਜ ਦਰਬਾਰ ਤਕ ਦੀਆਂ ਬੇਵਸੀਆਂ ਵੀ, ਕੁਦਰਤ ਨਾਲ਼ ਕਲਚਰ ਦਾ ਟਕਰਾਅ ਵੀ। ਮਸਲਨ ਰਾਜਾ ਹੈ ਸਲਵਾਨ, ਰਾਣੀ ਹੈ ਇੱਛਰਾਂ। ਸਲਵਾਨ ਬਾਰੇ ਤਾਂ ਸ਼ਿਵ ਕੁਝ ਨਹੀਂ ਕਹਿੰਦਾ, ਪਰ ਸਲਵਾਨ ਨੂੰ ਇੱਛਰਾਂ ਸੋਹਣੀ ਨਹੀਂ ਲੱਗਦੀ। ਇਸ ਤਰ੍ਹਾਂ ਤਾਂ ਉਹ ਰਾਜਾ ਹੋ ਕੇ ਵੀ ‘ਕੁਚੱਜ’ ਹੰਢਾਉਂਦਾ ਲੱਗਦਾ ਹੈ। ਉਹ ਲੂਣਾ ਨੂੰ ਵੇਖਣ ਤੋਂ ਮਗਰੋਂ ਰਾਜਾ ਵਰਮਨ ਨਾਲ਼ ਇੱਛਰਾਂ ਦੀ ਹਾਣੀ ਨਾ ਹੋਣ ਦੀ ਬਾਤ ਕਰਦਾ ਹੈ।

ਮੈਂ ਸੂਰਜ ਸਾਂ ਪਰ ਕਾਲਖ ਦੀ ਜੂਨ ਹੰਢਾਈ
ਅੱਗ ਦੀ ਸੱਪਣੀ ਨੂੰ ਪਰ ਦੁੱਖ ਦੀ ਮਹਿਕ ਨਾ ਆਈ
ਮੈਂ ਵੀ ਵੇਦਨ ਦੀ ਉਸ ਅੱਗੇ ਬਾਤ ਨਾ ਪਾਈ
ਸੌਂ ਗਈ ਮੇਰੀ ਚੰਦਨ ਦੇਹ ਸੰਗ ਦੇਹ ਚਿਪਕਾਈ
ਮੈਂ ਜਾਗਾਂ ਉਸ ਨੀਂਦਰ ਆਈ (ਪੰ: 459)

ਇਉਂ ਇਹ ਰਾਜਾ ਸਲਵਾਨ ਦੁਖੀ ਰਾਜਾ ਹੈ, ਪਰ ਲੂਣਾ ਨੂੰ ਵੇਖ ਕੇ ਉਸ ਦਾ ਦੁੱਖ ਹੋਰ ਤਿੱ੍ਰਖਾ ਹੋ ਜਾਂਦਾ ਹੈ। ਕਾਮਵੱਸ ਉਹਨੂੰ ਸਵਰਨ ਤੇ ਸ਼ੂਦਰ ਦਾ ਫ਼ਰਕ ਨਜ਼ਰ ਨਹੀਂ ਆਉਂਦਾ। ਪਰ ਬਾਕੀ ਰਾਜ ਲੋਕ ਉਹਨੂੰ ਸਮਝਦੇ ਹਨ। ਜਦੋਂ ਸਲਵਾਨ ਲੂਣਾ ਦਾ ਹੱਥ ਮੰਗਣ ਦੀ ਗੱਲ ਤੋਰਦਾ ਹੈ। ਪਰ ਕੱਲ੍ਹ ਸੁਪਨਾ ਅੱਖੀਂ ਤੱਕ ਕੇ ਮੈਨੂੰ ਮੁੜ ਕੇ ਛਲ ਚੱਲਿਆ ਹੈ। ਮੇਰੀ ਮਹਿਕ-ਵਿਛੁੰਨੀ ਰੂਹ ਦੇ ਮੁੜ ਕੋਈ ਚੇਤਰ ਮਲ਼ ਚੱਲਿਆ ਹੈ। ਤੇ ਵਰਮਨ ਦੇ ਪੁੱਛਣ ‘ਤੇੇ ਉਸ ਦੀ ਖ਼ੂਬਸੂਰਤੀ ਦਾ ਜ਼ਿਕਰ ਕਰਦਾ ਹੈ।

ਦੁੱਧੀਂ ਧੋਤੇ ਰੰਗਾਂ ਵਾਲੀ ਲੰਮ ਸਲੰਮੀ ਚੰਦਨ ਗੋਲੀ
ਭਾਰੇ ਜਿਹੇ ਨਿਤੰਭਾਂ ਵਾਲੀ, ਮੋਤੀ ਵੰਨੇ ਦੰਦਾਂ ਵਾਲੀ
ਲੂਣਾ! ਜਿਹੜੀ ਕੱਲ੍ਹ ਉਤਸਵ ‘ਚ ਚੁਣੀ ਸੀ ਯੁਵਤੀ ਸੰਗਾਂ ਵਾਲੀ
ਸੁਪਨ ਸਰਪਨੀ ਡੰਗਾਂ ਵਾਲੀ। (ਪੰਨਾ 54-55)

ਇਹ ਸੀ ਰਾਜੇ ਦੀ ਰਾਜਾਨੀ ਕਥਾ। ਇੱਛਰਾਂ ਉੱਚੀ ਕੁੱਲ ਦੀ ਹੈ, ਪਰ ਸੋਹਣੀ ਨਹੀਂ ਸਲਵਾਨ ਲਈ। ਲੂਣਾ ਸੋਹਣੀ ਹੈ ਅੰਤਾਂ ਦੀ, ਪਰ ਉਹ ਸ਼ੂਦਰ ਕੰਨਿਆ ਹੈ। ਉਧਰ, ਲੂਣਾ ਸਲਵਾਨ ਦੀ ਦੱਸੀ ਗਈ ਖ਼ੁੂਬਸੂਰਤੀ, ਸਲਵਾਨ ਤੇ ਲੂਣਾ ਦੇ ਦੇਹੀ ਦੇ ਨਾ ਮੇਚ ਆਉਣ ਦਾ ਸਾਕਾ ਵੀ ਹੈ। ਪਰ ਸ਼ੂਦਰ ਕੰਨਿਆ ਹਾਰ ਜਾਂਦੀ ਹੈ ਤੇ ਉਹ ਕਹਿੰਦੀ ਹੈ:

ਮੈਂ ਅੱਗ ਟੁਰੀ ਪਰਦੇਸ ਨੀ ਸਈਓਂ ਅੱਗ ਟੁਰੀ ਪਰਦੇਸ
ਇਕ ਛਾਤੀ ਮੇਰੀ ਹਾੜ ਤਪਦਾ ਦੂਜੀ ਤਪਦਾ ਜੇਠ
ਪਰ ਸਈਓ ਮੈਂ ਕੈਸੀ ਅੱਗ ਹਾਂ ਕੈਸੇ ਮੇਰੇ ਲੇਖ
ਇਕ ਤਾਂ ਸੁੱਖ ਦਾ ਸੂਰਜ ਬਲਦਾ ਦੂਜੇ ਥਲ ਪੈਰਾਂ ਦੇ ਹੇਠ
ਤੀਜੇ ਬੈਠੀ ਮਚਦੀ ਦੇਹ ਦੇ ਅਗਨ ਬ੍ਰਿਛ ਦੇ ਹੇਠ
ਫਿਰ ਵੀ ਸਈਓ ਬੁਝਦਾ ਜਾਂਦਾ ਇਸ ਅਗਨੀ ਦਾ ਸੇਕ
ਜੋ ਬਾਬਲ ਵਰ ਢੂੰਡ ਲਿਆਇਆ ਸੋ ਨਾ ਆਇਆ ਮੇਚ ॥ (ਪੰਨਾ 68-70)

ਜੇ ਨਾ ਮੇਚ ਆਉਂਦਾ ਵਰ ਮਿਲਦਾ ਹੈ, ਤਾਂ ਸਮਝਿਆ ਜਾ ਸਕਦਾ ਹੈ ਫਿਰ ਜੇ ਕੋਈ, ‘ਸੁਪਨ ਸਰਪਨੀ ਡੰਗਾਂ’ ਵਾਲੀ ਦੀ ‘ਅੱਗ’ ਅੱਗੇ ਆ ਜਾਏ ਫਿਰ ਕੀ ਹੋ ਸਕਦਾ ਹੈ?

ਪੂਰਨ!
ਲੂਣਾ ਦੇ ਰਗਾਂ ਵਿਚ ਆਪਣਾ ਸੂਹਾ ਰੰਗ ਮਿਲਾ ਦੇ
ਨਹੀਂ ਤਾਂ ਸੰਭਵ ਹੈ ਕਿ ਲੂਣਾ
ਇਸ ਘਰ ਦਾ ਹਰ ਰੰਗ ਜਲਾ ਦੇ
ਸਭ ‘ਤੇ ਆਪਣਾ ਰਗ ਚੜ੍ਹਾ ਦੇ
ਆਪਣੇ ਰੰਗ ਦੀ ਲੋਥ ਬਣਾ ਦੇ (ਪੰਨਾ 162)

ਸ਼ਿਵ ਦੇ ਇਸ ਕਿੱਸੇ ਵਿਚ ਸਭ ਤੋਂ ਜ਼ਿਆਦਾ ਜ਼ੋਰ ਅੱਗ ਤੇ ਸਪ-ਸੱਪਣੀ ‘ਤੇੇ ਦਿੱਤਾ ਗਿਆ ਹੈ। ਪੁੂਰਨ ਸਿੰਘ ਨੇ ਵੀ ਲੂਣਾ ਨੂੰ ਲਿਖਦਿਆਂ ਲਿਖਿਆ ਹੈ ਕਿ ਲੂਣਾ ‘ਨਿਰੀ ਅੱਗ’ ਸੀ।
ਸ਼ਿਵ ਪੂਰਨ ਸਿਘ ਦੀ ਅੱਗ ਨੂੰ ਵੀ ਨਿਰੀ ਅੱਗ ਹੀ ਬਣਾਉਣਾ ਚਾਹੰੁਦਾ ਹੈ। ਬੱਸ ਹੋਰ ਕੁਝ ਨਹੀਂ। ਪਰ ਸ਼ਿਵ ਨਹੀਂ ਸਮਝ ਸਕਿਆ ਕਿ ਨਿਰੀ ਅੱਗ ਲੂਣਾ ਜਦੋਂ ਰਾਜ ਮਹਿਲ ਵਿਚ ਪਹੁੰਚਦੀ ਹੈ, ਤਾਂ ਰਾਣੀ ਬਣ ਜਾਂਦੀ ਹੈ। ਹੁਣ ਉਹ ਬਾਰੂ ਸ਼ੂਦਰ ਦੀ ਧੀ ਨਹੀਂ। ਸਲਵਾਨ ਰਾਜੇ ਦੀ ਰਾਣੀ ਹੈ। ਸਭ ਤੋਂ ਮਨਮੋਹਣੀ ਰਾਣੀ। ਉਸ ਦੇ ਕਿਸੇ ਵੀ ਇਨਕਾਰ ਨੂੰ ਸ਼ਾਹੀ ਇਨਕਾਰ ਸਮਝਿਆ ਜਾ ਸਕਦਾ ਹੈ ਤੇ ਲੂਣਾ ਦਾ ਫ਼ਰਮਾਨ, ਅੱਗ ਦਾ ਫ਼ਰਮਾਨ ਪੂਰਨ ‘ਤੇ ਆਇਦ ਕਰਦੀ ਹੈ। ਆਪ । ਪਰ ਪੂਰਨ। ਉਹ ਵੀ ਪੂਰਨ ਹੈ। ਤਪ ਸਾਧਨ ਕੀਤਾ ਸਾਧੂ। ਰਾਜੇ ਸਲਵਾਨ ਦੇ ਨਾ ਮੇਚੇ ਆਉਣ ਵਾਲ਼ੇ ਰਾਣੀ ਇੱਛਰਾਂ ਦਾ ਪੁੱਤਰ। ਰਾਜਗਰਦੀ ਦੀ ਵੀ ਸਮਝ ਸਕਣ ਦੇ ਸਮਰੱਥ ਪੂਰਨ। ਇਸ ਰਾਜ ਕਲੇਸ਼ ਨੂੰ ਸਮੇਤ ਲੂਣਾ ਦੇ, ਲੂਣਾ ਨੂੰ ਹੀ ਸਮਝਾਉਂਦਾ ਹੈ। ਇਕ ਸੁੂਰਵੀਰ ਦੀ ਸਮਝਾਉਣੀ।

ਇਕ ਪੂਰਨ ਤਾਂ ਆਪਣੀ ਅੱਗ ਵਿਚ ਸੜਦਾ ਹੈ
ਦੂਜਾ ਆਪਣੀ ਮਾਂ ਦੇ ਹਾਅਵੇ ਮਰਦਾ ਹੈ
ਤੀਜਾ ਆਪਣੇ ਪਿਓ ਦੀ ਕਾਲੀ ਦੁਨੀਆਂ ਦੇ
ਮੂੰਹ ‘ਤੇ ਪਰਛਾਵੇਂ ਤੋਂ ਡਰਦਾ ਹੈ
ਚੌਥੇ ਅੱਜ ਤੋਂ ਤੇਰਾ ਵੀ ਵਿਹੜਾ ਨਾ ਮੇਰਾ
ਤੇਰਾ ਵੀ ਵਿਹੜਾ ਮੇਰੇ ਲਈ ਬਲਦਾ ਹੈ (ਪੰਨਾ 152-53)

ਅਜਿਹੇ ਕਿੰਨੇ ਹੀ ਹੋਰ ਸਵਾਲ ਸ਼ਿਵ ਕੁਮਾਰ ਦਾ ਪੂਰਨ ਤੋਰ ਦਿੰਦਾ ਹੈ। ਉਹ ਲੁੂਣਾ ਨੂੰ ਵਾਰ-ਵਾਰ ਮਾਂ ਕਹਿ ਕੇ ਸੰਬੋਧਨ ਕਰਦਾ ਹੈ। ਲੇਕਿਨ ਜਦੋਂ ਲੂਣਾ ਸਿਰਫ਼ ਅੱਗ ਤੋਂ ਰਾਜ ਅਗਨੀ ਦਾ ਖ਼ੌਫ਼ ਪੂਰਨ ਨੂੰ ਦੇ ਕੇ, ਪੂਰਨ ਨੂੰ ਪੂਰਾ ਸੂਰਾ ਖੋਹਣਾ ਚਾਹੰੁਦੀ ਹੈ; ਤਾਂ ਪੂਰਨ ਨੂੰ ਮਾਂ ਦੀ ਥਾਂ ਸਿਰਫ਼ ‘ਲੂਣਾ’ ਦੇ ਸੰਬੋਧਨ ‘ਤੇੇ ਉਤਰਨਾ ਪੈਂਦਾ ਹੈ।

ਜੋ ਲੂਣਾ ਚਾਹੇ ਕਰਵਾਏ ਚੰਗਾ ਹੀ ਹੈ
ਜੇ ਪੂਰਨ ਦਾ ਇਹ ਬੇਰੰਗਾ ਰੰਗ ਮਰ ਹੀ ਜਾਏ। (ਪੰਨਾ 162)
ਲੂਣਾ,
ਪਿਆਰ ਅੱਖਾਂ ਵਿਚ ਵਸਦਾ
ਜੀਭ ‘ਤੇ ਉਹ ਤਾਂ ਕਦੇ ਨਾ ਆਉਂਦਾ
ਉਹ ਨਾ ਤੇਰੇ ਵਾਂਗ ਬੜਾਂਦਾ
ਪਿਆਰ ਪਿਆਰ ਨਾ ਕਦੇ ਜਿਤਾਂਦਾ
ਲੂਣਾ ਤੈਨੂੰ ਕਾਮ ਸਤਾਂਦਾ
ਪੂਰਨ
ਪਿਆਰ ਵੀ ਕਰ ਸਕਦਾ ਸੀ
ਜੇ ਲੂਣਾ ‘ਚੋਂ ਨਜ਼ਰੀ ਆਂਦਾ (ਪੰਨਾ 164-65)

ਪੂਰਨ ਨੇਚਰ ਤੇ ਕਲਚਰ ਦਾ ਸੰਬੰਧ ਬਾਖ਼ੂਬੀ ਸਮਝਦਾ ਹੈ, ਉਹ ਇਹ ਵੀ ਸਮਝਦਾ ਹੈ ਕਿ ਪਟਰਾਣੀ ਦੇ ਬੋਲਾਂ ਦੀ ਕੀਮਤ ਹੁੰਦੀ ਹੈ। ਉਹ ਇਹ ਵੀ ਜਾਣਦਾ ਹੈ ਕਿ ਉਹ ਇੱਕੋ-ਇਕ ਰਾਜ ਪੁੱਤਰ ਹੈ। ਆਉਣ ਵਾਲੀ ਕੱਲ ਦਾ ਰਾਜਾ। ਉਸ ਦਾ ਵੀ ਕੋਈ ਬੋਲ ਲੂਣਾ ਲਈ ਖ਼ਤਰਨਾਕ ਸਾਬਤ ਹੋ ਸਕਦਾ ਹੈ। ਪਰ ਉਹ ‘ਨਿਰੀ ਅੱਗ’ ਦਾ ਪੁੱਤਰ ਨਹੀਂ। ਖ਼ੰੂਖ਼ਾਰ ਬਦਲਾਖ਼ੋਰ ਨਹੀਂ ਅਤੇ ਉਹ ਲੂਣਾ ਨੂੰ ਕੋਈ ਸਜ਼ਾ ਦਿਵਾਉਣ ਤੋਂ ਵੀ ਬਚਾਉਣਾ ਚਾਹੁੰਦਾ ਹੈ ਤੇ ਆਰਾਮ ਨਾਲ਼ ਬਲੀ ਦੇਣ ਲਈ ਤਿਆਰ ਹੈ। ਇਉਂ ਸ਼ਿਵ ਕੁਮਾਰ ਲੂਣਾ ਲੂਣਾ ਕਰਦਾ ਛੇਕੜ ਪੂਰਨ ਦੇ ਸੰਪੂਰਨਤਾ ਦੇ ਵਿਹੜੇ ਜਾ ਵੜਦਾ ਹੈ। ਇਹ ਸ਼ਿਵ ਕੁਮਾਰ ਦੀ ਬੇਵਸੀ ਸੀ। ਉਹ ਲੂਣਾ ਦਾ ਕਿਰਦਾਰ ਨਹੀਂ ਬਦਲ ਸਕਿਆ। ਕੁਝ ਸਵਾਲ ਜ਼ਰੂਰ ਖੜ੍ਹੇ ਕਰ ਦਿੱਤੇ ਹਨ। ਜੋ ਅਹਿਮ ਵੀ ਹਨ ਤੇ ਵਡੇਰੇ ਸਵਾਲ ਵੀ। ਸ਼ਿਵ ਕੁਮਾਰ ਲੂਣਾ ਨੂੰ ਨਾਇਕਾ ਬਣਾਉਂਦਾ ਬਣਾਉਂਦਾ ਖ਼ਲਨਾਇਕਾ ਬਣਾ ਗਿਆ ਹੈ। ਕਿੱਸਾ ਪੂਰਨ ਭਗਤ।
ਸ਼ਿਵ ਕੁਮਾਰ ਸ਼ਰਮੇ ਦੀ ਨਾਇਕਾ ਤਕ ਆਉਂਦਿਆਂ-ਆਉਂਦਿਆਂ ਮੈਂ ਵਿੰਹਦਾਂ ਹਾਂ ਕਿ ਇਹ ਸ਼ਿਵ ਗਏ-ਗਵਾਚੇ ਲੋਕਾਂ ਨੂੰ ਤਲਾਸ਼ਦਾ ਹੈ। ਇਸੇ ਤਲਾਸ਼ ਵਿੱਚੋਂ ਛੇਕੜ ‘ਕੇਸੂ’ ਲੱਭ ਪੈਂਦੀ ਹੈ। ਇਹ ਬਟਾਲਵੀ ਵਾਂਗ ਔਰਤ ਜਾਤ ਦੀ ਬਦਕਿਸਮਤੀ ਨੂੰ ਕੋਸਦਾ ਹੈ।

ਗ਼ਮ ਤਾਂ ਉਸ ਦੀ ਜਾਤ ਨੂੰ ਹੈ
ਸੋਗਦਾ ਰਹਿੰਦਾ ਹਾਂ ਮੈਂ
ਵਾਪਰੇ ਜੋ ਕੁਝ ਵੀ ਉਸ ‘ਤੇ
ਭੋਗਦਾ ਰਹਿੰਦਾ ਹਾਂ ਮੈਂ

ਇਸੇ ਲਈ ਇਸ ਸ਼ਿਵ ਦੇ ਦਰ ਦੀ ਵੀ ਇਹ ਖਾਸੀਅਤ ਹੈ ਕਿ ਇਹ ਸ਼ਿਵ ਦਾ ਦਰਦ ਕਿਸੇ ਰਾਜ ਦਰਦ ਦਾ ਹਿੱਸਾ ਨਹੀਂ। ਕੁਝ ਇੰਨ੍ਹਾਂ ਲੋਕਾਂ ਦਾ ਕੁਝ ਹੰਢਾਇਆ ਦਰਦ ਹੈ:

ਮੈਂ ਤਾਂ ਸ਼ਿਵ ਹਾਂ ਹਰ ਕਿਸੇ ਦਾ ਜ਼ਹਿਰ ਪੀ ਲੈਂਦਾ ਹਾਂ ਮੈਂ
ਇਸ ਜ਼ਹਿਰ ਦੇ ਆਸਰੇ ਹਰ ਰੋਜ਼ ਜੀ ਲੈਂਦਾ ਹਾਂ ਮੈਂ

ਇਹ ਇਸ ਪੁਸਤਕ ਨਾਇਕਾ ਦਾ ਪਰੀਚੈ ਹੈ। ਇਸ ਪਰੀਚੈ ਵਿੱਚੋਂ ਇਸ ਦੀ ਸ਼ਾਇਰੀ ਦੀ ਪੁਖ਼ਤਗੀ ਦੀ ਖ਼ਾਸੀਅਤ ਵਿੱਚੋਂ ਇਕ ਗੱਲ ਨਜ਼ਰ ਆ ਜਾਂਦੀ ਹੈ, ਇਹ ਕਿ ਸ਼ਾਇਰ ਸੰਭਾਵਨਾ ਨਿਭਾ ਸਕੇਗਾ। ਲੇਕਿਨ ਇਹ ਸੰਭਾਵਨਾ ਤਾਂ ਬਟਾਲਵੀ ਵਿਚ ਵੀ ਸੀ। ਪਰ ਉਹ ਸੰਭਾਵਨਾ ਨਹੀਂ ਨਿਭਾ ਸਕਿਆ। ਉਸ ਦਾ ਕੋਈ ਵੱਡਾ ਕਾਰਣ ਵੀ ਸੀ। ਜਿਸ ਕਥਾ ਵਿੱਚੋਂ ਉਹ ਅਪਣੀ ਲੂਣਾ ਲੱਭਣ ਦਾ ਯਤਨ ਕਰਦਾ ਹੈ, ਜਾਂ ਚੈਲੰਜ ਲੱਭਦਾ ਹੈ, ਉਸ ਵਿਚ ਪਹਿਲਾਂ ਦੋ ਟਕਸਾਲੀ ਸ਼ਾਇਰ ਆ ਚੁੱਕੇ ਸਨ, ਕਾਦਰਯਾਰ ਤੇ ਪੂਰਨ ਸਿੰਘ। ਬਟਾਲਵੀ ਲੂਣਾ ਲਿਖਦਾ-ਲਿਖਦਾ ਕਾਦਰਯਾਰ ਤੇ ਪੂਰਨ ਸਿੰਘ ਦੇ ਪੂਰਨ ਵੱਲ ਤੁਰ ਪੈਂਦਾ ਹੈ। ਪਹਿਲੀ ਕਥਾ ਅਧੂਰੀ ਛੱਡ ਕੇ ਦੂਜੀਆਂ ਕਥਾਵਾਂ ਵਿੱਚੋਂ ਫੇਰ ਆਤਮ ਚਿੰਤਨ ਕਰਨ ਤੁਰ ਪੈਂਦਾ ਹੈ। ਇਸ ਲਈ ਮਨਚਾਹਿਆ ਪੂਰਨ ਮਿਲਣ ਦੀ ਥਾਂ ਕਾਦਰਯਾਰ ਤੇ ਪੂਰਨ ਸਿੰਘ ਦਾ ਪੂਰਨ ਹੀ ਬਣ ਜਾਂਦਾ ਹੈ। ਦੋ ਅਲੱਗ-ਅਲੱਗ ਕਥਾਵਾਂ ‘ਤੇ ਬਟਾਲਵੀ ਦਾ ਥਕੇਵਾਂ। ਅਧੂਰੀ ਕਥਾ।
ਲੇਕਿਨ ਸ਼ਰਮੇ ਲਈ ਇਹ ਸਮੱਸਿਆ ਨਹੀਂ। ਉਹ ਨਾਇਕਾ ਤਲਾਸ਼ਦਾ ਹੈ, ਤਰਾਸ਼ਦਾ ਹੈ ਤੇ ਇਸ ਕਥਾ ਨੂੰ ਹਾਰਨ ਵੀ ਨਹੀਂ ਦੇਂਦਾ। ਇਸਦਾ ਇਕ ਬਚਾਉ ਪੱਖ ਵੀ ਹੈ। ਬਟਾਲਵੀ ਗਾਉਂਦਾ ਹੈ। ਬਹੁਤ ਵਧੀਆ।
ਮੇਲੇ ਲੁੱਟਣਾ ਉਸ ਲਈ ਕੋਈ ਓਪਰੀ ਬਾਤ ਨਹੀਂ। ਪਰ ਇਸੇ ਕਾਰਣ ਲੂਣਾ ਲਿਖਦਿਆਂ/ਸੁਣਾਉਂਦਿਆਂ ਕਈ ਹੋਰ ਮਸ਼ਵਰੇ ਇਸ ਟੈਕਸਟ ਵਿਚ ਖ਼ਲਲ ਪਾਉਂਦੇ ਹੋਣਗੇ। ਸ਼ਰਮਾ ਇਸ ਖ਼ਲਲ ਤੋਂ ਮੁਕਤ ਹੈ। ਤਲਾਸ਼ਣ ਤੋਂ ਤਰਾਸ਼ਣ ਵਿਚ ਉਹਨੂੰ ਕੋਈ ਬਹੁਤੇ ਮਸ਼ਵਰਿਆਂ ਨੇ ਨਹੀਂ ਛੇੜਿਆ ਹੋਵੇਗਾ। ਇਕ ਹੋਰ ਜਮ੍ਹਾ ਮਨਫ਼ੀ ਕਾਰਣ ਇਹ ਵੀ ਸੀ ਕਿ ਇਸ ਸ਼ਿਵ ਦੀ ਬਟਾਲਵੀ ਨਾਲ਼ ਛੰਦ ਤੇ ਛੰਦ ਦੇ ਵਹਾਅ ਦੀ ਡੂੰਘੀ ਸਾਂਝ ਹੈ। ਇਸ ਲਈ ਇਸ ਨਾਇਕਾ ਦੇ ਲਿਖੇ ਜਾਣ ਸਮੇਂ ਜਮ੍ਹਾ ਇਹ ਬਣਦੀ ਹੈ ਕਿ ਇਹ ਛੰਦ ਬਟਾਲਵੀ ਪਹਿਲਾਂ ਪਾਪੂਲਰ ਫ਼ਾਰਮ ਵਿਚ ਲਿਖ ਚੁੱਕਾ ਹੈ। ਮਨਫ਼ੀ ਇਹ ਹੈ ਕਿ ਸ਼ਰਮਾ ਬਟਾਲਵੀ ਦੀ ਖ਼ੂਬਸੂਰਤੀ ਤਕ ਨਹੀਂ ਪਹੁੰਚ ਸਕਦਾ। ਇਸ ਜਮ੍ਹਾ-ਮਨਫ਼ੀ ਦੇ ਚੈਲੰਜ ਵਿਚ ਸ਼ਰਮਾ ਕਈ ਕੁਝ ਪ੍ਰਾਪਤ ਕਰਨ ਦਾ ਤਰਕ ਵੀ ਲੱਭ ਲੈਂਦਾ ਹੈ। ਸੁਹਣਾ ਹੋਣਾ ਹੋਰ ਚੀਜ਼ ਹੈ, ਵਡੇਰਾ, ਦਾਨਿਸ਼ਵਰ ਹੋਣਾ ਹੋਰ। ਬਟਾਲਵੀ ਵਿਚ ਕਾਵਿ-ਸੰੁਦਰਮ ਭਾਰੂ ਹੈ, ਸ਼ਰਮੇ ਵਿਚ ਵੱਥ। ਉਸ ਦੀ ਆਪ-ਸਹੇੜੀ ਵੱਥ। ਇਸ ਲਈ ਉਹ ਬਟਾਲਵੀ ਵਾਲ਼ਾ ਵਹਾਅ ਲੈ ਕੇ ਵੀ ਵਖਰੇਵਾਂ ਸਿਰਜ ਲੈਂਦਾ ਹੈ ਤੇ ਕਾਮਯਾਬ ਰਹਿੰਦਾ ਹੈ। ਆਮ ਪਾਠਕ ਲਈ ਦੋਹਾਂ ਸ਼ਾਇਰਾਂ ਦੇ ਇੱਕੋ ਹੋਣ ਦਾ ਭੁਲੇਖਾ ਤਕ ਪੈ ਸਕਦਾ ਹੈ। ਇਹ ਮਨਫ਼ੀ ਪੱਖ ਵੀ ਸ਼ਰਮੇ ਵਾਸਤੇ ਚੈਲੰਜ ਹੀ ਹੈ। ਫਿਰ ਵੀ ਦੋਹਵੇਂ ਪੋਥੀਆਂ ਅਪਣੀ-ਅਪਣੀ ਪਛਾਣ ਬਣਾ ਲੈਂਦੀਆਂ ਹਨ। ਸ਼ਿਵ ਦੀ ਲੂਣਾ ਨੂੰ ਬਹੁਤੇ ਆਲੋਚਕ ‘ਨਾਇਕਾ’ ਹੀ ਸਮਝਦੇ ਹਨ, ਜਿਸ ਨੂੰ ਮੈਂ ਕੇਵਲ ‘ਕਾਵਿ-ਵਸੀਕਰਣ’ ਕਹਿ ਸਕਦਾ ਹਾਂ, ਬਟਾਲਵੀ ਦੀ ਸੀਮਾ। ਸ਼ਰਮਾ ਲਈ ਅਜਿਹੀ ਕੋਈ ਸੀਮਾ ਨਹੀਂ।
ਨਾਇਕਾ ਮੰਗਤਾ, ਭਿਖਾਰੀ ‘ਤਬਕੇ’ ਦੀ ਕਥਾ ‘ਚੋਂ ਵਖਰਿਆਈ ਕਥਾ ਹੈ। ਸਾਨੂੰ ਇਸ ਵਰਗ ਦੇ ਮਾਨਸਿਕ ਜੰਜਾਲ਼ ਬਾਰੇ ਬਹੁਤੀ ਖ਼ਬਰ ਨਹੀਂ। ਇਸ ਵਰਗ ਦੀ ਸਾਰ ਲੈਣੀ ਵੀ ਨਾਇਕਾ ਦੀ ਪ੍ਰਾਪਤੀ ਹੈ। ਫੇਰ ਇਹ ਵਰਗ ਸਿਰਫ਼ ਤੇ ਸਿਰਫ਼ ਭਿਖਾਰੀ ਕਾਰੋਬਾਰ ਨਾਲ਼ ਤਾਂ ਸੀਮਿਤ ਨਹੀਂ ਰਹਿ ਸਕਦਾ? ਗੱਡੀ ਦੀਆਂ ਦੁਮੂੰਹੀਆਂ-ਤਿਮੂੰਹੀਆਂ ਪਟੜੀਆਂ ਅਤੇ ਪੁਲ਼ਾਂ ਦੇ ਲਾਗੇ-ਚਾਗੇ ਰਹਿੰਦੇ ਲੋਕਾਂ ਨੂੰ ਦੁਨੀਆਂ ਦੀ ਖ਼ਬਰ ਰਹਿੰਦੀ ਹੈ, ਖ਼ਬਰ ਦੀ ਪਛਾਣ ਵੀ। ਲੋਕਾਂ ਲਈ ਇਹ ਸਿਰਫ਼ ਵਰਗ ਹੈ, ਗਿਆ-ਗੁਆਚਾ। ਗੋਰਕੀ ਦੇ ‘ਤਿੰਨ ਜਣੇ’ ਉਹਨੂੰ ਬਹੁਤ ਵੱਡਾ ਨਾਵਲਿਸਟ ਬਣਾ ਦੇਂਦੇ ਹਨ।
ਜ਼ਿੰਦਗੀ ਹਾਰ ਚੁੱਕੀ ਬੁੱਢੀ ਮੰਗਤੀ, ‘ਸ਼ਾਰਕ’ ਬਣ ਜਾਂਦੀ ਹੈ। ਮਰਨ ਵਾਲ਼ੀ ਮਾਂ ਪੰਜਾਂ ਵਰਿ੍ਹਆਂ ਦੀ ਬੱਚੀ ਨੂੰ ਸ਼ਾਰਕ ਦੇ ਹਵਾਲੇ ਕਰ ਜਾਂਦੀ ਹੈ ਤੇ ਮਰ ਜਾਂਦੀ ਹੈ। ਸ਼ਾਰਕ ਖ਼ੁਸ਼ ਹੈ ਕਿ ਉਹਨੂੰ ਸ਼ਿਕਾਰ ਲੱਭ ਪਿਆ ਹੈ। ਮਰਦੀ ਵੀ ਉਸੇ ਗੱਡੀ ਥੱਲੇ ਆਣ ਕੇ ਹੈ, ਜਿਸ ਨਾਲ਼ ਉਹ ਰੋਜ਼ ਖਹਿ ਕੇ ਆਉਂਦੀ ਜਾਂਦੀ ਹੈ। ਜਿਸ ਪੁਲ਼ ਥੱਲਿਓਂ ਗੱਡੀਆਂ ਲੰਘਦੀਆਂ ਨੇ, ਉਸੇ ਪੁਲ਼ ਥੱਲੇ ਮੀਂਹ ਕਣੀ ਤੇ ਠੰਢ-ਠੰਢੀਰ ਤੋਂ ਬਚਣ ਲਈ ਉਹ ਆਸਰਾ ਭਾਲ਼ਦੀ ਹੈ।

ਇਸ ਦੁਮੂੰਹੀ ਸਭਿਆਚਾਰ ਦੀ ਜੰਮੀ ਮੰਗਤੀ ਕੀ ਹੁੰਦੀ ਹੈ?
ਇਹ ਜਿਸ ਦਲਦਲ ‘ਚ ਹੁਣ ਗਰਕੀ ਹੋਈ ਹੈ
ਇਹ ਦਲਦਲ ਵੀ ਮੇਰੀ ਸਿਰਜੀ ਹੋਈ ਹੈ
ਫ਼ਕੀਰੀ ਅਰਸ਼ ਤੋਂ ਉਤਰੀ ਹੋਈ ਹੈ
ਇਹ ਦਲਦਲ ਫਰਸ਼ ਦੀ ਜਨਮੀ ਹੋਈ ਹੈ । (ਪੰਨਾ 13)

ਇਹ ਫ਼ਕੀਰੀ ਸਾਧੁੂਆਂ ਵਾਲੀ ਫ਼ਕੀਰੀ ਨਹੀਂ ਹੈ, ਮੰਗਤਿਆਂ ਵਾਲੀ ਹੈ। ਨਾਇਕਾ ਦੀ ਫ਼ਕੀਰੀ ਦਾ ਰੂਪ ਮੰਗਤਿਆਂ ਦਾ ਰੂਪ ਹੈ। ਇਸੇ ਤਰ੍ਹਾਂ ਦੇ ਆਦਮੀ ਲਈ ਦਿਨੇ ਕੀ ਕੀ ਬੀਤਦਾ ਹੈ, ਉਸ ਦੇ ਰੰਗ ਰੂਪ ਬੜੀ ਤਰ੍ਹਾਂ ਦੇ ਹਨ, ਲੇਕਿਨ ਉਹਨੇ ਵੀ ਸੌਣਾ ਹੁੰਦਾ ਹੈ।

ਆਥਣ ਸੁਲਾ ਰਹੀ ਹੈ ਸਾਰੀ ਕਾਇਨਾਤ ਨੂੰ
ਨੀਂਦਰ ਵੀ ਇਕ ਸੌਗਾਤ ਹੈ ਥੱਕੀ ਹਯਾਤ ਨੂੰ (ਪੰਨਾ 18)

ਮਗਰ

ਨਾਦਾਨ ਮੇਰੀ ਨਾਇਕਾ, ਮਜਬੂਰ ਹੋ ਗਈ
ਸਰਘੀ ਸਮੇਂ ਤੋਂ ਜ਼ਿੰਦਗੀ ਨਾਸੂਰ ਹੋ ਗਈ। (ਪੰਨਾ 19)

ਇਹ ਹੈ ਜ਼ਿੰਦਗੀ ਦਾ ਸੌਣਾ, ਜਾਗਣਾ, ਜੋ ਸਿਰਫ਼ ਮੰਗਤੀਆਂ ਲਈ ਹੀ ਹੁੰਦਾ ਹੈ। ਬਲਕਿ ਪੂਰੇ ਮੰਗਤਾ-ਵਰਗ ਲਈ ਹੀ।

ਤੜਪੇਗੀ ਪਹੁ ਫੁਟਾਲੇ ਤੋਂ
ਸਾਹਾਂ ਦੀ ਸ਼ਾਮ ਤਕ
ਤ੍ਰੀਮਤ ਜਾਤ ਪਹੰੁਚੇਗੀ ਕਿਹੜੇ ਮੁਕਾਮ ਤਕ (ਪੰਨਾ19)

ਇਸ ਬੱਚੀ, ਸ਼ਾਰਕ ਦੀ ਸਾਂਭੀ ਬੱਚੀ ਨੇ ਉਮਰ ਤਕ ਪਹੁੰਚਣਾ ਹੈ। ਪਰ ਮੰਗਤੀ ਦੀ ਉਮਰ ਦੀ ਉਸ ਦਹਿਲੀਜ਼ ਨੇ ਅਗਲਾ ਪੜਾ ਪਾਰ ਕਰਨਾ ਹੈ। ਸਾਰੇ ਸਭਿਆਚਾਰਕ ਵਰਤਾਰੇ ਤੋਂ ਅਲਹਿਦਾ ਹੈ। ‘ਅਹਿਸਾਸ ਦੀ ਡਾਲੀ ਪਹਿਲਾ ਬੂਰ ਲਗਦਾ ਹੈ।’ ਤੇ ਵਰਤਾਰਾ?

ਜਦੋਂ ਅੰਗਾਂ ‘ਚ ਇਕ ਮਿੱਠੀ ਜਿਹੀ ਛਿੜਦੀ ਹੈ ਝਰਨਾਹਟ
ਜਦੋਂ ਚੇਤਨ ਦਾ ਰੌਸ਼ਨਦਾਨ ਨਾ ਖੁਲ੍ਹਿਆ, ਨਾ ਭਿੜਿਆ ਹੈ
ਜਿਸਮ ਦੀ ਜਦ ਹਰੀ ਬੂਬੀ ਵਿਗਸ ਕੇ ਮਹਿਕਣਾ ਲੋਚਾ
ਜਦੋਂ ਨਾਂ ਬਚਪਨਾ-ਸੁੱਤਾ ਨਾ ਜੋਬਨ ਜਾਗਿਆ ਹੋਵੇ

ਇਹ ਮੰਗਤੀ ਹੈ। ਲੇਕਿਨ ਕੋਈ ਮਨਚਲਾ ਜਦੋਂ ਮਾਇਆ ਉਸ ਦੇ ਹੱਥ ਵਿਚ ਥਮਾਉਂਦਾ ਹੈ। ਤਾਂ ਉਹਨੂੰ ਇਸ ਹਰਕਤ ਦੀ ਪੂਰੀ ਸਮਝ ਨਹੀਂ ਆਉਂਦੀ ਪਰ ਉਹਦੀ ਇਸ ਹਰਕਤ ਨੂੰ ਕੁਝ ਕੁਝ ਸਮਝ ਵੀ ਜਾਂਦੀ (ਪੰਨਾ 28)
ਇਸ ‘ਕੁਝ ਕੁਝ ਸਮਝਣ’ ਤੋਂ ਮਗਰੋਂ ਉਸਦੀ ਅਗਲੀ ਜ਼ਿੰਦਗੀ ਸ਼ੁਰੂ ਹੁੰਦੀ ਹੈ

ਅਤੇ ਉਸ ਦਿਨ ਉਹ ਖੁਦ ਉਸ ਮਨਚਲੇ ਨੂੰ ਮਿਲਣ ਜਾਂਦੀ ਸੀ
ਸ਼ਿਕਾਰਨ ਮੰਗਤੀ ਤੇ ਲੋਭ ਦਾ ਚੱਕਰ ਚਲਾਉਂਦੀ ਸੀ
ਤੇ ਇਕ ਦਿਨ ਸ਼ਾਮ ਨੂੰ ਜਾ ਕੇ ਉਹੀ ਡੂੰਘੀ ਰਾਤ ਨੂੰ ਪਰਤੀ
ਮੈਂ ਕੀ ਬੋਲਾਂ ਕਿ ਉਸ ਰਾਤੇ ਮੇਰੀ ਨਾਇਕਾ ‘ਤੇ ਕੀ ਬੀਤੀ?
ਕਿਸੇ ਜੰਗਲ ਜਿਹਾ ਕੋਠਾ ਸ਼ਿਲਾਵਾਂ ਵਾਂਗ ਬੂਹੇ ਸਨ
ਡਰੀ ਖ਼ਰਗੋਸ਼ਨੀ ਖੁਦ ਸੀ ਸ਼ਿਕਾਰੀ ਕੁਝ ਦਰਿੰਦੇ ਸਨ
ਉਨ੍ਹਾਂ ਵਿਚ ਉਹ ਵੀ ਸ਼ਾਮਲ ਸੀ ਕਿ ਜੋ ਪੈਸੇ ਥਮਾਉਂਦਾ ਸੀ
ਅਤੇ ਕੁਝ ਮੁਸਕਰਾ ਕੇ ਉਸਦੀ ਜੋ ਉਂਗਲੀ ਦਬਾਉਂਦਾ ਸੀ (ਪੰਨਾ 29)
ਤੇ ਪਹਿਲਾ ਬੁਰਕ ਉਸਦੇ ਮਾਸ ਦਾ, ਉਸਨੇ ਹੀ ਭਰਿਆ ਸੀ
ਉਹਦੇ ਮਗਰੋਂ ਉਹਦੇ ਅੰਗਾਂ ਨੇ ਇਕ ਤੂਫਾਨ ਜਰਿਆ ਸੀ (ਪੰਨਾ 30)

ਇਸ ਤੋਂ ਪਿਛਲਾ ਬਚਪਨ ਹਮੇਸ਼ਾਂ ਲਈ ਗੁੰਮ ਹੋ ਗਿਆ। ਤੇ ਹਮੇਸ਼ਾਂ ਲਈ ‘ਮੰਗਣ ਦੀ ਅਦਭੁਤ ਹੁਨਰਕਾਰੀ’ ਆ ਗਈ।
ਸ਼ਰਮੇ ਦੀ ਸ਼ਾਇਰੀ ਦੀ ਸੰਘਨਤਾ ਤੁਸੀਂ ਵੇਖ ਲਈ ਹੈ ਤੇ ਕਥਾਨਕ ਦੀ ਤਰਜ਼ ਵੀ। ਬਾਕੀ ਕਥਾ ਦੀ ਅਸੀਂ ਤੱਥ ਸਾਰ ਵਾਂਗੂ ਗੱਲ ਕਰਦੇ ਹਾਂ।
ਇਹ ਮੰਗਤੀ ਹੁਣ ਪੂਰੀ ਮੰਗਤੀ ਬਣ ਗਈ ਹੈ। ਪਰ ਉਹਨੂੰ ਹੁਣ ਰਾਤ ਦੇ ਆਸਰੇ ਦੀ ਲੋੜ ਮਹਿਸੁੂਸ ਹੋਣ ਲੱਗਦੀ ਹੈ। ਬਹੁਤ ਬਦਸ਼ਕਲ, ਚੇਚਕ ਮਾਰਿਆ, ਦਾਰੂਬਾਜ਼ ਮੰਗਤਾ ਆਸਰਾ ਬਣਦਾ ਹੈ, ਜਿਹਨੂੰ ਉਹ ਅੰਤਾਂ ਦੀ ਨਫ਼ਰਤ ਕਰਦੀ ਹੈ। ਫਿਰ ਉਹਦੀ ਜ਼ਿੰਦਗੀ ਵਿਚ ਕੋਈ ਬਾਂਕਾ ਆਉਂਦਾ ਹੈ। ਸਟੇਸ਼ਨ ‘ਤੇ ਉਹਨੂੰ ਉਹ ਮੰਗਤੀ ਬੜੀ ਸੁਹਣੀ ਲੱਗਦੀ ਹੈ। ਉਹ ਵੀ ਕਾਮ ਦਾ ਔੜਿਆ ਕਰੈਕਟਰ ਹੈ, ਲੇਕਿਨ ਮੱਧਵਰਗੀ ਨਾਇਕ ਵਰਗਾ। ਉਹ ਉਹਨੂੰ ਘਰ ਲੈ ਆਉਂਦਾ ਹੈ। ਮੰਗਤੀ ਨੂੰ ਪਹਿਲੀ ਵਾਰ ਘਰ ਦਾ ਅਹਿਸਾਸ ਹੁੰਦਾ ਹੈ। ਮੱਧਵਰਗੀ ਨਾਇਕ ਉਦੋਂ ਹੀ ਖਲਨਾਇਕ ਬਣ ਜਾਂਦਾ ਹੈ, ਜਦੋਂ ਉਹਨੂੰ ਅਹਿਸਾਸ ਹੁੰਦਾ ਹੈ ਕਿ ਉਸ ਦੇ ਪੇਟ ਵਿਚ ਕੋਈ ਵੇਸ਼ਵਾ ਵਰਗਾ ਕੀੜਾ ਪਲਰ ਰਿਹਾ ਹੈ। ਉਸ ਦੇ ਜੰਮਣ ‘ਤੇੇ ਲੋਕ ਕੀ ਕਹਿਣਗੇ?

ਕੁੱਖ ਦਾ ਅੱਠਵਾਂ ਮਹੀਨਾ ਘੂਰਦਾ ਹੈ ਆਦਮੀ
ਉਸ ਦੇ ਅੰਦਰ ਦੀ ਘਿਰਣਾ ਖੁੱਲ੍ਹ ਕੇ ਮੂੰਹੋਂ ਬੋਲਦੀ
ਸ਼ਬਦ ਕੁਝ ਤੇਜ਼ਾਬ ਵਰਗੇ ਸ਼ਬਦ ਕੁਝ ਮਿਰਚਾਂ ਜਿਹੇ
ਸ਼ਬਦ ਕੁਝ ਟੁੱਟਦੇ ਹੋਏ ਸ਼ੀਸ਼ੇ ਦੀਆਂ ਕਿਰਚਾਂ ਜਿਹੇ
ਬਾਹਰ ਹੋ ਜਾ ਕੁੱਖ ‘ਚ ਸਾਂਭੇ ਹੋਏ, ਕੂੜੇ ਸਮੇਤ
ਮੇਰਾ ਘਰ ਲੋਕਾਂ ਦੀ ਹੁਣ ਜੂਠਣ ਨਹੀਂ ਸਕਦਾ ਸਮੇਟ (ਪੰਨਾ 54-55)

ਉਹ ਮੁੜ ਕੇ ਉਸ ਮੰਗਤਾ ਕਲਚਰ ਵਿਚ ਆ ਜਾਂਦੀ ਹੈ ਤੇ ਉਥੇ ਬੱਚੀ ਜਨਮ ਲੈਂਦੀ ਹੈ ‘ਕੇਸੂ’। ਕੇਸੂ ਭਰ ਗਰਮੀ ਵਿਚ ਫੁੱਲ ਦੇਂਦਾ ਹੈ। ਅੱਖੀਆਂ ਨੂੰ ਠੰਢਕ ਦੇਂਦਾ ਹੈ। ਤਾਸੀਰ ਦਾ ਠੰਢਾ ਹੈ। ਕਈ ਬੀਮਾਰੀਆਂ ਦਾ ਇਲਾਜ। ਪਰ ਰੰਗ ਦਾ ਸੁਰਖ਼, ਸ਼ੋਖ਼, ਖ਼ੂਨ ਵਰਗਾ। ਮਾਂ ਦੇ ਕਾਲ਼ਜੇ ਠੰਢ ਪੈਂਦੀ ਹੈ । ਉਹਨੂੰ ਅਪਣੀ ਝੌਂਪੜੀ ਘਰ ਲੱਗਣ ਲਗਦੀ ਹੈ। ਪਰ ਜਦੋਂ ਕੇਸੁੂ ਜਵਾਨ ਹੁੰਦੀ ਹੈ, ਤਾਂ ਕੇਸੂ ਦਾ ਸਭ ਕੁਝ ਮੰਗਤਿਆਂ ਤੋਂ ਇਕਦਮ ਅਲਹਿਦਾ। ਉਹ ਅਪਣੀ ਖ਼ੂਬਸੂਰਤੀ ਨੂੰ ਮਹਿਸੁੂਸ ਕਰਦੀ ਹੈ। ਅਪਣੀ ਆਵਾਜ਼ ਦੇ ਜਾਦੂ ਨੂੰ ਜਾਣਦੀ ਹੈ। ਜਦੋਂ ਆਪਣੇ ਹਮਉਮਰ ਢੋਲਕੀ ਵਾਲ਼ੇ ਨਾਲ਼ ਨੱਚਦੀ ਤੇ ਗਾਉਂਦੀ ਹੈ ਤਾਂ ਜਾਦੂ ਜਗਾਉਂਦੀ ਹੈ। ਮਾਂ ਇਹ ਸਭ ਕੁਝ ਨਹੀਂ ਸਮਝ ਸਕਦੀ; ਡਰਦੀ ਹੈ। ਮਾਂ ਧੀ ਨੂੰ ਕੁਝ ਕਹਿੰਦੀ ਨਹੀਂ। ਪਰ ਦੋਹਾਂ ਵਿਚ ਪਾੜਾ-ਜਿਹਾ ਪੈ ਜਾਂਦਾ, ਚੁੱਪ ਦਾ ਪਾੜਾ। ਉਹ ਅਪਣੇ ਹਮਉਮਰ ਸਾਥੀ ਨਾਲ਼ ਅਪਣਾ ‘ਕੁਝ ਹੋਣਾ’ ਸਾਂਝਾ ਕਰਦੀ ਹੈ।

ਮੇਰੀ ਮਿੱਟੀ ‘ਚ ਗੀਤਾਂ ਦਾ ਕੋਈ ਚਸ਼ਮਾ ਮਚਲਦਾ ਹੈ
ਤੇ ਬਾਹਰ ਆਉਂਦਾ ਉਹਨੂੰ ਕੋਈ ਰਸਤਾ ਨਾ ਮਿਲਦਾ ਹੈ
ਬੜਾ ਲੋਚਾਂ ਕਿ ਪਿੰਘਰ ਕੇ ਮੈਂ ਐਸਾ ਗੀਤ ਬਣ ਜਾਵਾਂ
ਕੀ ਕਾਇਆ ਤੋਂ ਨਿਕਲ ਕੇ ਤਾਰਿਆਂ ਤਕ ਫੈਲਦੀ ਜਾਵਾਂ। (ਪੰਨਾ 83)

ਫੇਰ ਉਹਨੂੰ ਲੱਗਦਾ ਹੈ ਕਿ ਉਹਨੂੰ ਰਸਤਾ ਮਿਲ਼ ਗਿਆ ਹੈ। ਮਾਂ ਦੇ ‘ਆਸ਼ਕ’ ਵਾਂਗ ਹੀ ਉਹਨੂੰ ਵੀ ਕੋਈ ਆਦਮੀ ਮਿਲ਼ਦਾ ਹੈ, ਮਾਇਆ ਧਾਰੀ। ਉਹ ਉਹਨੂੰ ਮਾਇਆ ਨਗਰੀ, ਫ਼ਿਲਮ ਨਗਰੀ ਵਿਚ ਲੈ ਜਾਂਦਾ ਹੈ ਤੇ ਕਿਸੇ ਹੋਰ ਕੋਠੇ ਵਾਲ਼ੀ ਦੇ ਹਵਾਲੇ ਕਰ ਦਿੰਦਾ ਹੈ। ਸੰਗੀਤ ਸਿਖਾਉਣ ਦੇ ਬਹਾਨੇ ਉਹ ਉਸ ‘ਤੇ ਭਰੋਸਾ ਕਰਕੇ ਉਹਦੀ ਹਰ ਕਾਮਨਾ ਪੂਰੀ ਕਰਦੀ ਹੈ, ਆਪਣੀ ਰਾਗ ਵਿੱਦਿਆ ਸੰਪੂਰਣ ਕਰਨ ਲਈ। ਕਾਮਲ ਸਾਰੰਗੀਵਾਦਕ ਗੁਰੂ ਉਹਦੇ ਹੁਨਰ ਨੂੰ ਪਛਾਣਦਾ ਹੈ ਤੇ ਰਾਗ ਦੇ ਗੁਰ ਦੱਸਦਾ ਹੈ। ਉਹ ਰਾਗ ਤਾਂ ਸਿੱਖ ਲੈਂਦੀ ਹੈ, ਪਰ ਉਹ ਆਦਮੀ ਕੀ ਸੀ ਬੜੀ ਦੇਰ ਬਾਅਦ ਸਮਝਦੀ ਹੈ। ਉਹਨੂੰ ਅਪਣਾ-ਆਪ ਸਮਝ ਆਉਣ ਲੱਗਦਾ ਹੈ। ਉਹਨੂੰ ਨਾਲ਼ ਲਿਆਉਣ ਵਾਲ਼ਾ ਸੂਰਜ, ਵਿਉਪਾਰੀ। ਉਹ ਪਾਣੀ ਫਾਥੀ ਮੱਛਲੀ ਹੈ।

ਹੁਣ ਮਛਲੀ ਦੀ ਨੀਲੀ ਅੱਖ ਰੋਂਦੀ ਹੈ
ਕੇਸੂ ਤੱਕਦੀ ਹੈ, ਬਿਹਬਲ ਹੁੰਦੀ ਹੈ
ਅੰਦਰ ਤਾਂ ਛਲ ਦਾ ਲਾਵਾ ਘੁਲਦਾ ਹੈ
ਮਸਤਕ ਦਾ ਤੀਜਾ ਨੇਤਰ ਖੁਲ੍ਹਦਾ ਹੈ
ਪੂਰੀ ਦੀ ਪੂਰੀ ਕਾਇਆ ਮਘਦੀ ਹੈ
ਹੁਣ ਉਹ ਕਾਲ-ਜਣੀ ਚੰਡੀ ਲੱਗਦੀ ਹੈ
ਹੁਣ ਉਹ ਸੂਰਜ ਨੂੰ ਟੱਪ ਕੇ ਬੋਲੀ ਹੈ
“ਨਾਰ ਨਹੀਂ ਤੂੰ ਨਾਗਨ ਦਾ ਜਾਇਆ ਹੈਂ,
ਕਿਹੜੀ ਵਰਮੀ ਚੋਂ ਨਿਕਲ ਆਇਆਂ ਹੈਂ?” (ਪੰਨਾ 99)

ਉਹ ਜਾਣ ਦੀ ਗੱਲ ਕਰਦੀ ਹੈ, ਤਾਂ ਉਹ ਉਹਨੂੰ ਕੁੱਟ-ਮਾਰ ਕੇ ਫਿਰ ਲਿਆ ਕੇ, ਸੇਜ ਵਿਛਾ ਕੇ ਭੋਗ ਕੇ ਸੌਂ ਜਾਂਦਾ ਹੈ।

ਕੇਸੂ ਦਾ ਜ਼ਖ਼ਮੀ ਚੇਤਨ ਦੁਖਦਾ ਹੈ
ਵਿਸ਼ਵਾਸਾਂ ਦਾ ਸ਼ੀਸ਼ਮਹਲ ਟੁਟਦਾ ਹੈ
ਕਿਰਚਾਂ ਬਣ ਕੇ, ਸੁਪਨੇ ਖਿਲਰ ਰਹੇ ਨੇ (ਪੰਨਾ 101)

ਤੇ ਫੇਰ

‘ਰਾਹੂ’ ਦੀ ਸੇਜਾ ‘ਤੇ ਆ ਖੜਦੀ ਹੈ
‘ਰਾਹੂ’ ਨੀਂਦਰ ਦਾ ਸੁਖ ਮਾਣ ਰਿਹਾ
ਟੇਬਲ ‘ਤੇ ਅੱਧਕਟਿਆ ਸੇਬ ਪਿਆ ਹੈ,
ਲਾਗੇ ਖੁੱਲਿ੍ਹਆ ਚਾਕੂ ਸਿਸਕ ਰਿਹਾ ਹੈ
ਕੇਸੂ ਅੰਦਰ ਚੰਡੀ ਜਾਗ ਰਹੀ ਹੈ
ਖੰਡਾ ਬਣਿਆ ਚਾਕੂ ਚਮਕ ਰਿਹਾ ਹੈ
ਹੁਣ ‘ਰਾਹੂ’ ਤੇ ਤਾਂਡਵ ਦੀ ਛਾਇਆ ਹੈ
ਹੁਣ ਚੰਡੀ ਨੇ ਸ਼ਾਹਰਗ ਨੂੰ ਚੰਡਿਆ ਹੈ
ਹੁਣ ‘ਰਾਹੂ’ ਦੇਹ ਬਿਸਮਿਲ ਤੜਪ ਰਹੀ ਹੈ
ਬਿਸਤਰ ਦੀ ਚਾਦਰ ਨੂੰ ਰਤ ਲੜੀ ਹੈ (ਪੰਨਾ 102)

ਸਾਰਿਆਂ ਦੇ ਸਾਹਮਣੇ ਉਹ ਸੂਰਜ ਨੂੰ ਟੁੱਕਦੀ ਹੈ, ਗਸ਼ਤੀ ਨੂੰ ਵੀ। ਤੇ ਕੰਬਦੇ ਹੋਏ ਬੁੱਢੇ ਉਸਤਾਦ ਦੇ ਪੈਰੀਂ ਹੱਥ ਲਾਉਂਦੀ ਹੈ। ਸਿਰਫ਼ ਇੱਕੋ- ਇਕ ਸਬੂਤਾ ਕਰੈਕਟਰ ਜਿਹਨੇ ਇਹਨੂੰ ਤਨ-ਮਨ ਨਾਲ਼ ਰਾਗ ਵਿੱਦਿਆ ਦਿੱਤੀ।

ਹੁਣ ਉਹ ਕਾਨੂੰਨ ਦੇ ਹਵਾਲੇ ਹੈ। ਫਿਰ ਕਾਤਲ। ਤੇ ਫਾਂਸੀ।
ਰੋਜ਼ ਆਉਂਦੇ ਨੇ ਸੁਨਣ ਅਖ਼ਬਾਰ, ਉਸ ਦੀ ਦਾਸਤਾਨ।
ਡਾਇਰੀਆਂ ਨਿੱਤ ਪੁਛਦੀਆਂ ਨੇ ਕੁਝ ਪ੍ਰਸ਼ਨਾਂ ਦੇ ਜਵਾਬ।
ਦੇਸ਼ ਦੇ ਸੰਸਦ ਭਵਨ ਤਕ ਹੋ ਗਈ ਹੈ ਮੁਸ਼ਤਿਹਿਰ।
ਉਸ ਦੀ ਮੁਕਤੀ ਵਾਸਤੇ ਬੇਤਾਬ ਨੇ ਭੜਕੇ ਸ਼ਹਿਰ।
ਪਰ ਸਿਆਸਤ ਦੀ ਵਿਛੀ ਜੋ ਬੇਤੁਕੀ ਸ਼ਤਰੰਜ ਹੈ
ਚਾਲ ਵਿਚ ਮਰਦੀ ਹੋਈ ਗੋਟੀ ਦਾ ਕਾਹਦਾ ਰੰਜ ਹੈ
ਅੱਜ ਮੇਰੀ ਨਾਇਕਾ ਦਿਆਂ ਸਾਹਾਂ ਦੀ ਅੰਤਿਮ ਰਾਤ ਹੈ (ਪੰਨਾ 107)

‘ਮੌਤ ਨੂੰ ਛੂਹ ਕੇ ਜਿਸਮ ਦੀ ਕੈਦ ਤੋਂ ਆਜ਼ਾਦ
ਹੁਣ ਮੇਰੇ ਸ਼ਬਦਾਂ ‘ਚ ਮੇਰੀ ਨਾਇਕਾ ਆਬਾਦ’ (ਪੰਨਾ 111)

ਸ਼ਿਵ ਕੁਮਾਰ ਸ਼ਰਮੇ ਦੀ ਨਾਇਕਾ ਬਣ ਜਾਂਦੀ ਹੈ। ਲੇਕਿਨ ਸ਼ਿਵ ਕੁਮਾਰ ਬਟਾਲਵੀ ਦੀ ਨਾਇਕਾ ਲੂਣਾ ਨਾਇਕਾ ਬਣਨ ਤੋਂ ਪਹਿਲਾਂ ਹੀ ਖਲਨਾਇਕਾ ਬਣ ਜਾਂਦੀ ਹੈ। ਮੈਂ ਇਸ ਤ੍ਰਾਸਦਿਕ ਪ੍ਰਸੰਗ ‘ਤੇ ਗ਼ਮਗੀਨ ਹਾਂ। ਇਕ ਲਈ ਇਸ ਲਈ ਕਿ ਉਹ ਅਧਵਾਟੇ ਹੰਭ ਜਾਂਦੀ ਹੈ, ਦੂਜੀ ਲਈ ਇਸ ਕਰਕੇ ਕਿ ਇਹਦੀ ਆਜ਼ਾਦੀ ਦੀ ਅਜੇ ਕੋਈ ਕਿਰਨ ਨਜ਼ਰ ਨਹੀਂ ਆਉਂਦੀ ਜਾਪਦੀ।

ਲੂਣਾ ਵਿੱਚੋਂ

ਏਥੇ ਕੋਈ ਕਿਸੇ ਨੂੰ
ਪਿਆਰ ਨਾ ਕਰਦਾ
ਪਿੰਡਾ ਹੈ ਪਿੰਡੇ ਨੂੰ ਲੜਦਾ
ਰੂਹਾਂ ਦਾ ਸਤਿਕਾਰ ਨਾ ਕਰਦਾ
ਇਕ ਦੂਜੇ ਦੀ,
ਅੱਗ ਵਿਚ ਸੜਦਾ
ਇਕ ਦੂਜੇ ਦੇ ਪਾਲੇ ਠਰਦਾ
ਇਕ ਦੂਜੇ ਦੀ ਧੁੱਪ ਲਈ ਜਿਉਂਦਾ
ਇਕ ਦੂਜੇ ਦੀ,
ਛਾਂ ਲਈ ਮਰਦਾ।
ਦਿਨਦੀਵੀਂ ਲੋਕਾਂ ਤੋਂ ਡਰਦਾ
ਰਾਤ ਪਵੇ ਆਪੇ ਤੋਂ ਡਰਦਾ
ਕੋਹਲੂ ਵਾਲਾ ਚੱਕਰ ਚੱਲਦਾ
ਹਰ ਕੋਈ ਆਪਣਾ ਆਪਾ ਛਲਦਾ
ਆਪਣੇ ਸੰਗ ਹੀ ਧੋਖਾ ਕਰਦਾ
ਹਰ ਕੋਈ ਆਪਣਾ ਆਪੇ ਵਰਦਾ
ਆਪਣੇ ਰੂਪ ‘ਤੇਆਪੇ ਮਰਦਾ

ਏਥੋਂ ਦੀ ਹਰ ਰੀਤ ਦਿਖਾਵਾ
ਏਥੋਂ ਵੀ ਹਰ ਪ੍ਰੀਤ ਦਿਖਾਵਾ
ਏਥੋਂ ਦਾ ਹਰ ਧਰਮ ਦਿਖਾਵਾ
ਏਥੋਂ ਦਾ ਹਰ ਕਰਮ ਦਿਖਾਵਾ
ਹਰ ਸੂ ਕਾਮ ਦਾ ਸੁਲਘੇ ਲਾਵਾ
ਏਥੇ ਤਾਂ ਬਸ ਕਾਮ ਖੁਦਾ ਹੈ
ਕਾਮ ‘ਚ ਮੱਤੀ ਵੱਗਦੀ ਵਾ ਹੈ

ਏਥੇ ਹਰ ਕੋਈ ਦੌੜ ਰਿਹਾ ਹੈ
ਹਰ ਕੋਈ ਦਮ ਤੋੜ ਰਿਹਾ ਹੈ
ਏਥੇ ਹਰ ਕੋਈ ਖੂਹ ਵਿਚ ਡਿੱਗਿਆ
ਇਕ ਦੂਜੇ ਨੂੰ ਹੋੜ ਰਿਹਾ ਹੈ
ਹਰ ਕੋਈ ਏਥੇ ਭਜਿਆ ਟੁੱਟਿਆ
ਇਕ ਦੂਜੇ ਨੂੰ ਜੋੜ ਰਿਹਾ ਹੈ
ਇਕ ਦੂਜੇ ਨੂੰ ਤੋੜ ਰਿਹਾ ਹੈ
ਡਰਦਾ ਅੰਦਰ ਦੀ ਚੁੱਪ ਕੋਲੋਂ
ਸਾਥ ਕਿਸੇ ਦਾ ਲੋੜ ਰਿਹਾ ਹੈ
ਇਕ ਦੂਜੇ ਨੂੰ ਆਪਣੇ ਆਪਣੇ
ਪਾਣੀ ਦੇ ਵਿਚ ਰੋੜ ਰਿਹਾ ਹੈ
ਹਰ ਕੋਈ ਆਪਣੀ
ਕਥਾ ਕਹਿਣ ਨੂੰ
ਆਪਣੇ ਹੱਥ ਮਰੋੜ ਰਿਹਾ ਹੈ
ਆਪਣੇ ਆਪਣੇ ਦੁੱਖ ਦਾ ਏਥੇ
ਹਰ ਕਾਸੇ ਨੂੰ ਹੋੜ ਪਿਆ ਹੈ

ਹਰ ਕੋਈ
ਆਪਣੇ ਆਪ ਦੁਆਲੇ
ਸੁੱਚੀਆਂ ਤੰਦਾ ਕੱਤ ਰਿਹਾ ਹੈ
ਆਪਣੀ ਆਪਣੀ ਮੌਤ ਦਾ ਰਸਤਾ
ਹਰ ਕੋਈ ਆਪੇ ਦਸ ਰਿਹਾ ਹੈ
ਹਰ ਕੋਈ ਨੰਗਾ ਨੱਚ ਰਿਹਾ ਹੈ
ਆਪਣੇ ਉਤੇ ਹੱਸ ਰਿਹਾ ਹੈ
ਆਪਣੇ ਕੋਲੋਂ ਲੁਕ ਰਿਹਾ ਹੈ
ਆਪਣੇ ਕੋਲੋਂ ਬਚ ਰਿਹਾ ਹੈ
ਆਪਣੀ ਕਬਰ ਲਈ ਹਰ ਕੋਈ
ਆਪੇ ਮਿੱਟੀ ਪੱਟ ਰਿਹਾ ਹੈ

ਨਾਇਕਾ ਵਿੱਚੋਂ

ਸੌਲੀ ਸੱਜਨੀ
ਪਹਿਨ ਚੁੱਕੀ ਹੈ
ਸੌਲਾ ਸੌਲਾ
ਸੁਭਕ ਹਨੇਰਾ।
ਚੰਦਰਮਾ ਨੂੰ
ਘੇਰ ਰਿਹਾ ਹੈ
ਬੇਮੌਸਮ ਬੱਦਲਾਂ
ਦਾ ਘੇਰਾ।
ਭੇਦ ਭਰੀ ਪਵਨਾਂ
ਦੀ ਫਰ ਫਰ
ਫੌਜਾਂ ਵਾਂਗ,
ਜੁੜੇ ਨੇ ਜਲਧਰ।
ਉਹ ਭੈਅ-ਭੀਤ
ਘੜੇ ਦੀ ਮਛਲੀ
ਉਹ ਇਕ ਮਗਰ
ਸ਼ਰਾਬੀ, ਜਾਬਰ।
‘ਵਾ ਅੰਬਰ ਤੋਂ
ਪੁੱਛ ਰਹੀ ਹੈ
ਸਰ-ਸਰ, ਸਰ-ਸਰ
ਸੁਬਕ ਰਹੀ ਹੈ।
‘ਜਦ ਉਹ ਮਗਰ
ਜਿਹਾ ਭੜਕੇਗਾ
ਤਾਂ ਮਛਲੀ ‘ਤੇੇ
ਕੀ ਬੀਤੇ ਗੀ?
ਅੰਬਰ ਨੇ
ਹਉਕਾ ਭਰਿਆ ਹੈ
ਵਾਕ ਉਹਦਾ
ਇਕੁੰ ਸੁਣਿਆ ਹੈ
‘ਇਹ ਦੁਨੀਆਂ
ਧੁਰ ਤੋਂ ਦੰਗਲ ਹੈ
ਦੰਗਲ ਵਿਚ
ਜੇਤੂ ਬਹੁਬਲ ਹੈ’
‘ਅੱਜ ਮਛਲੀ
ਤਨਹਾ ਹੋਵੇਗੀ
ਬਹੁਬਲ ਤੋਂ
ਨਿਰਬਲ ਹੋਵੇਗੀ।
ਜਦ ਕਾਲੀ
ਬਾਰਿਸ਼ ਬਰਸੇਗੀ
ਜਲ ਅੰਦਰ
ਮਛਲੀ ਤੜਪੇਗੀ।
ਮਛਲੀ ਨੂੰ
ਜਲ ਤਾਂ ਭਾਉਂਦਾ ਹੈ
ਗਰਮ ਹੋਏ
ਤਾਂ ਮਨ ਲੂੰਹਦਾ ਹੈ

ਹੁਣ ਮਛਲੀ ਨੇ
ਬਿੜਕ ਸੁਣੀ ਹੈ ।
ਹੁਣ ਉਹ ਸਾਵੇਂ,
ਆ ਖੜਿਆ ਹੈ।
ਹੁਣ ਉਸਦੇ,
ਕਾਮੀ ਤਨ ਅੰਦਰ।
ਮਧ ਮਾਤਾ,
ਦਾਨਵ ਤੜਿਆ ਹੈ।
ਛਮਕ ਜਿਹੀ,
ਕਾਇਆ ਨਿਰਬਲ ਦੀ।
ਬਹੁਬਲ ਦਾਨਵ,
ਨੇ ਜਕੜੀ ਹੈ।
ਨਿਰਬਲ ‘ਤੇ,
ਬਹੁਬਲ ਹਾਵੀ ਹੈ।
ਉਹ ਅਜਗਰ ਹੈ,
ਉਹ ਹਿਰਨੀ ਹੈ।
ਨਰ ਤਾਂ ਹਰ ਜੂਨੇ,
ਬਗਲਾ ਹੈ।
ਮਾਦਾ ਹਰ ਜੁੂਨੇ,
ਮਛਲੀ ਹੈ।
ਬਾਹਰ ਬੱਦਲ,
ਬਰਸ ਰਿਹਾ ਹੈ।
ਅੰਦਰ ਮਛਲੀ,
ਤੜਪ ਰਹੀ ਹੈ।
ਗੂੰਜ ਰਿਹਾ ਹੈ,
ਪ੍ਰਸ਼ਨ ਹਵਾ ਦਾ,
”ਕੀ ਬਣਿਆ
ਨਿਰਬਲ ਮਾਦਾ ਦਾ?”
ਧਰਤੀ ਸੁਣ ਕੇ,
ਸ਼ਰਮਿੰਦੀ ਹੈ।
ਅੰਬਰ ਧੁਰ ਤੋਂ,
ਹੀ ਗੁੂੰਗਾ ਹੈ।
ਹਾਏ ਨੀ!
ਹੱਵਾ ਦੀ ਜਣੀਏ!
ਕੈਸੀ ਕੁੱਖ ਦੀ,
ਮਜਬੂਰੀ ਹੈ।
ਕੁੱਖ ਤਾਂ ਜਾਏ,
ਕੁੱਖ ਦੇ ਵੈਰੀ।
ਤਾਂ ਵੀ ਵੈਰੀ,
ਜਨਮ ਰਹੀ ਹੈ।

ਬਾਹਰ ਬਰਖਾ
ਠਹਿਰ ਗਈ ਹੈ।
ਅੰਦਰ ਔਰਤ,
ਹਾਰ ਗਈ ਹੈ।
ਹਿਰਨੀ ਦੀ,
ਹਉਮੈ ਝਟਕਾ ਕੇ।
ਅਜਗਰ-ਦੇਹ,
ਨਿਸ਼-ਚੇਤ ਪਈ ਹੈ।
ਹੁਣ ਹਿਰਨੀ ਦਾ,
ਜੀਅ ਕਰਦਾ ਹੈ।
ਕਰਦ ਫੜੇ,
ਉਹਨੂੰ ਟੁੱਕ ਸੁੱਟੇ।
ਯਾ ਉਸ ਦੇ,
ਘ੍ਰਿਣਿਤ ਚਿਹਰੇ ‘ਤੇੇ।
ਆਪਣਾ ਪੈਰ ਧਰੇ-
ਥੁੱਕ ਸੁੱਟੇ।
ਜਾਂ ਉਹ ਰੂਪ ਧਰੇ,
ਚੰਡੀ ਦਾ।
ਉਸ ਮੈਖਾਸੁਰ,
ਦਾ ਸਿਰ ਲਾਹੇ।
ਤੇ ਉਹਨੂੰ,
ਵਾਲਾਂ ਤੋਂ ਧੁਹ ਕੇ।
ਆਣ ਧਰੇ
ਵਗਦੇ ਚੌਰਾਹੇ।
ਉਹ ਦਿਲ ਦੀ,
ਕਮਜ਼ੋਰ ਜਿਹੀ ਹੈ।
ਐਨੀ ਗੈਰਤ-ਮੰਦ
-ਨਹੀਂ ਹੈ।
ਪਰ ਹੁਣ ਹਿਰਨੀ,
ਤੇ ਅਜਗਰ ਦਾ।
ਇਕ ਥਾਂ ਰਹਿਣਾ
ਨਾਮੁਮਕਿਨ ਹੈ।

ਉਸ ਦਿਆਂ ਕਦਮਾਂ ਅੱਗੇ ਤਾਂ ਹੁਣ,
ਰਾਤ ਵਰ੍ਹੀ ਵਰਖਾ ਦਾ ਜਲ ਹੈ।
ਤੁਰਦੇ ਰਹਿਣਾ ਮਜਬੂਰੀ ਹੈ,
ਜਿਸ ਥਾਂ ਰਾਤ ਪਈ-ਜੰਗਲ ਹੈ।
ਰੂਹ ਉਸ ਦੀ ਤਪਦੀ, ਰੋਹੀ ਹੈ,
ਜ਼ਖ਼ਮਾਂ ਦੇ ਬੁੂਟੇ ਖਿੜਦੇ ਨੇ।
ਸ਼ਾਮ ਢਲੇ ਹਰ ਥਾਂ ਹਿਰਨੀ ਨੂੰ,
ਅਜਗਰ ਹੀ ਅਜਗਰ ਮਿਲਦੇ ਨੇ।
ਇਕ ਪੁਲ ਦੀ ਅੰਨ੍ਹੀ ਮਹਿਰਾਬੇ,
ਰਾਤ ਢਲੇ ਉਸ ਦਾ ਡੇਰਾ ਹੈ।
ਉਹ ਜਿਸ ਥਾਂ ਵੀ ਛਿਪ ਜਾਂਦੀ ਹੈ,
ਕਾਮੀ ਨਾਗਾਂ ਦਾ ਫੇਰਾ ਹੈ।
ਈਕੂੰ ਸਰਪ-ਸਰਪ ਦੀ ਡੰਗੀ,
ਨਗਰੀ-ਨਗਰੀ ਭਟਕ ਰਹੀ ਹੈ।
ਉਮਰਾਂ ਦਾ ਬਨਵਾਸ ਜਿਹਾ ਹੈ,
ਹਰ ਨਗਰੀ ਕਾਲਾ ਜੰਗਲ ਹੈ।
ਹੁਣ ਉਹ ਸ਼ਾਇਦ ਸਮਝ ਚੁੱਕੀ ਹੈ,
ਉਹ ਰਸਤੇ ਦੀ ਉਗਮੀ ਘਾਹ ਹੈ।
ਜਿਸ ਨੂੰ ਰੋਜ਼ ਪਸ਼ੂ ਬੁਰਕਣਗੇ,
ਪਸ਼ੂਆਂ ਤੋਂ ਬਚਣਾ ਔਖਾ ਹੈ।
ਆਦਮ ‘ਤੇਹੱਵਾ ਦਾ ਰਿਸ਼ਤਾ,
ਕਿਸ ਥਾਂ ਆ ਕੇ ਅਟਕ ਗਿਆ ਹੈ।
ਰੂਹਾਂ ਦੀ ਟਹਿਣੀ ਤੋਂ ਟੁੱਟ ਕੇ,
ਜਿਸਮਾਂ ਉਪਰ ਲਟਕ ਗਿਆ ਹੈ।

ਅੱਜ-ਕਲ੍ਹ ਉਹ ਮਹਿਸੂਸ ਰਹੀ ਹੈ,
ਕੁੱਖ ਉਸਦੀ ਭਾਰੀ-ਭਾਰੀ ਹੈ।
ਦਿਲ ਉਹਦਾ ਘਿਰਦਾ-ਘਿਰਦਾ ਹੈ,
ਸਾਹਾਂ ਅੰਦਰ ਬੇ-ਚੈਨੀ ਹੈ।
ਉਹ ਸ਼ੌਲੇ ਵਖਸ਼ਾ ਦੇ ਅੰਦਰ,
ਕੁਝ ਹਲ-ਚਲ ਅਨੁਭਵ ਕਰਦੀ ਹੈ।
ਜਿਉਂ ਉਸ ਦੀ ਤਿਰਿਆ-ਆਂਦਰ ‘ਚ,
ਨਾਜ਼ੁਕ ਕੋਪਲ ਵਿਗਸ ਰਹੀ ਹੈ।
ਹੁਣ ਉਸਦੇ ਭਟਕੇ ਅਨੁਭਵ ਨੂੰ,
ਤਜਿਆ ਡੇਰਾ ਯਾਦ ਆਉਂਦਾ ਹੈ।
ਅਹਿਸਾਸਾਂ ਦਾ ਜ਼ਖ਼ਮ ਦੁਖੇ-ਜਦ,
ਕਾਲਾ ਚਿਹਰਾ ਯਾਦ ਆਉਂਦਾ ਹੈ।

LEAVE A REPLY

Please enter your comment!
Please enter your name here

spot_img

Related articles

ਜਿਨਿ ਨਾਮੁ ਲਿਖਾਇਆ ਸਚੁ

ਰਚੇਤਾ: ਪ੍ਰੋ. ਬਲਵਿੰਦਰ ਸਿੰਘ ਜੌੜਾ ਸਿੰਘ, ਸ.ਸਿਮਰਜੀਤ ਸਿੰਘਪ੍ਰਕਾਸ਼ਕ: ਧਰਮ ਪ੍ਰਚਾਰ ਕਮੇਟੀ 'ਜਿਨਿ ਨਾਮੁ ਲਿਖਾਇਆ ਸਚੁ'ਸ੍ਰੀ ਗੁਰੂ ਗ੍ਰੰਥ ਸਾਹਿਬ ਦੀ...

ਚਿੱਠੀਆਂ – ‘ਹੁਣ-11’

ਕੁੱਝ ਵੱਖਰਾ, ਕੁੱਝ ਅੱਡਰਾ ਤੁਹਾਡੀ ਜੋੜੀ ਸੋਹਣੀ ਬਣੀ ਬਈ। ਤੁਹਾਨੂੰ ਦੋਹਾਂ ਨੂੰ ਲਗਨ ਵੀ ਹੈ। ਕੁਝ ਵੱਖਰਾ, ਅੱਡਰਾ ਕਰਨ...

ਅੰਮ੍ਰਿਤਾ ਸ਼ੇਰਗਿੱਲ ਜੀਵਨ ਤੇ ਕਲਾ

ਰਚੇਤਾ. ਤੇਜਵੰਤ ਸਿੰਘ ਗਿੱਲਪ੍ਰਕਾਸ਼ਕ : ਪਬਲੀਕੇਸ਼ਨ ਬਿਊਰੋਪੰਜਾਬੀ ਯੂਨੀਵਰਸਿਟੀ, ਪਟਿਆਲਾ ਸਿੱਖ ਪਿਤਾ ਅਤੇ ਹੰਗੇਰੀਅਨ ਮਾਂ ਦੀ ਜਾਈ ਚਿੱਤਰਕਾਰ ਅੰਮ੍ਰਿਤਾ ਸ਼ੇਰਗਿੱਲ...

ਕਿਸ ਤਰ੍ਹਾਂ ਦਾ ਹੋਵੇ ਨਾਟਕ?-ਰਿਪੋਰਟ:ਹਰਪ੍ਰੀਤ ਸਿੰਘ

ਕੋਈ ਸੌ ਵਰ੍ਹੇ ਪਹਿਲਾਂ ਨੌਰਾ ਰਿਚਰਡਜ਼ ਨੇ ਦਿਆਲ ਸਿੰਘ ਕਾਲਜ ਲਾਹੌਰ ਵਿੱਚ ਈਸ਼ਵਰ ਚੰਦਰ ਨੰਦਾ ਵਰਗੇ ਵਿਦਿਆਰਥੀਆਂ ਨੂੰ...
error: Content is protected !!