ਤੈਨੂੰ ਮੈਂ ਨਾ ਮੁੱਕਰਦੀ – ਮਨਿੰਦਰ ਸਿੰਘ ਕਾਂਗ

Date:

Share post:

ਇਹ ਸਭ ਕੁਛ, ਜੋ ਦਿੱਸਦਾ ਪਿਐ, ਜਾਂ ਫੇਰ ਮੇਰੇ ਨਾਲ ਵਾਪਰਦੈ, ਮੈਨੂੰ ਕੁਛ ਵੱਖਰਾ ਜਿਹਾ ਸੋਚਣ ਲਈ ਇਕੱਲਾ ਛੱਡ ਜਾਂਦਾ ਏ। ਜਾਪਦੈ, ਜਿਵੇਂ, ਜੋ ਵਾਪਰਿਆ ਸੀ, ਉਹ ਮੁੜ ਵਾਪਰੇਗਾ!… ਜਾਂ ਫੇਰ ਜੋ ਅੱਗੇ ਹੋਣਾ ਏ, ਉਹਦਾ ਮੈਨੂੰ ਪਤਾ ਏ!
ਮੈਂ ਇਕੱਲਾ ਘੱਟ ਹੀ ਹੁੰਨਾ! ਰਾਤ ਨੂੰ ਵੀ, ਬੜੀ ਡੂੰਘੀ ਰਾਤ ਗਈ ਤੱਕ ਸਾਥੀ ਮੇਰੇ ਨਾਲ ਰਹਿੰਦੇ ਨੇ। ਇਥੇ ਕਮਰੇ ਵਿਚ; ਜਾਂ ਕਹਿ ਲਵੋ; ਸਾਡੇ ਦਫਤਰੀ ਕਿਸਮ ਦੇ ਕਮਰੇ ਵਿਚ, ਇਥੇ ਵੀ ਰਾਤ ਦੂਸਰੇ ਪਾਸੇ ਕੋਠੜੀ ਜਿਹੀ ’ਚ ਕੋਈ ਨਾ ਕੋਈ ਸੌਂ ਰਹਿੰਦਾ ਏ। ਕਹਿਣ ਨੂੰ ਤੇ ਉਹ ਭਾਵੇਂ ਲੱਖ ਕਹਿਣ ਕਿ ਨਾਈਟ-ਡਿਊਟੀ ਵਾਲੇ ਵਰਕਚਾਰਜ ਵਾਰੀ ਸਿਰ ਆ ਕੇ ਸੌਂਦੇ ਨੇ, ਪਰ ਮੈਂ ਜਾਣਦਾ ਵਾਂ ਕਿ ਉਹ ਮੇਰੀ ਪਹਿਰੇਦਾਰੀ ਕਰਦੇ ਨੇ! ਚੁੱਪਚਾਪ! ਇਹ ਬੰਦੇ ਉਹ ਜਿਊੜੇ ਨੇ, ਜਿਹੜੇ ਪਾਰਟੀ ਦਾ ਹੁਕਮ ਚੁੱਪਚਾਪ ਮੰਨਦੇ ਨੇ!
ਇਹਨਾਂ ਜਿਊੜਿਆਂ ਨੂੰ ਵੇਖਕੇ ਮੈਨੂੰ ਧੁੰਦਲੇ ਪੈ ਗਏ ਬਚਪਨ ਦੇ, ਤੇ ਸਦਾ ਅੱਖਾਂ ਵਿਚ ਰਹਿੰਦੇ ਜਵਾਨੀ ਦੇ ਦਿਨ ਚੇਤੇ ਆ ਜਾਂਦੇ ਨੇ। ਮੈਂ ਕਦੀ ਸੁੱਤਿਆਂ; ਕਦੀ ਜਾਗਰਤ ਅਵਸਥਾ ਵਿਚ, ਕਦੀ ਝਿੱਕੇ, ਕਦੀ ਉੱਚੇ, ਕਦੀ ਬੰਗੇ ਸ਼ਹਿਰ, ਤੇ ਕਦੀ ਮੁਕੰਦਪੁਰ, ਤੇ ਕਦੀ ਖਟਕੜ ਫਿਰਦਾ ਰਹਿੰਨਾਂ! ਫਿਰੀ ਜਾਂਦਾ ਵੀ ਮੈਨੂੰ ਲਗਦੈ, ਠੀਕ ਵਾਕ ਨਹੀਂ! ਮੈਨੂੰ ਲਗਦੈ, ਜਿਵੇਂ ਕਾਮਰੇਡ ਬੱਚੀ ਆਪਣੀ ਦੇਹ ਨੂੰ ਹੌਲਾ ਫੁੱਲ ਕਰਕੇ, ਕਿਸੇ ਪ੍ਰੇਤ-ਸਾਏ ਵਾਂਗ ਮੇਰੇ ਆਲੇ-ਦੁਆਲੇ ਮੰਡਰਾਂਦਾ ਰਹਿੰਦੈ! ਬੱਚੀ ਤਾਂ ਜਿਵੇਂ ਮੇਰੇ ਸਵਾਸਾਂ ਵਿਚ ਬੋਲਦਾ ਰਹਿੰਦੈ! ਉਂਝ ਕਹਿਣ ਨੂੰ ਤਰਸੇਮ ਉਰਫ਼ ‘ਸੇਮੀ’ ਵੀ ਮੇਰੇ ਘੱਟ ਨੇੜੇ ਨਹੀਂ ਹੈ, ਪਰ ਬੱਚੀ! ਉਹ ਜਿਵੇਂ ਮੇਰੇ ਲਈ ਮੋਹ ਦਾ ਛਲਕਦਾ ਦਰਿਆ ਸੀ! ਇਕ ਅਸਮਾਨ, ਇਕ ਤਾਰਿਆਂ ਦਾ ਥਾਲ, ਜਿਹੜਾ ਮੇਰੇ ਮਾੜੇ ਦਿਨਾਂ ਨਾਲ ਭਰੇ ਬਚਪਨ ਤੇ ਮੇਰੇ ਸਿਰ ’ਤੇ ਸਦਾ ਤਣਿਆ ਰਿਹਾ! ਜਿਸ ਹਰ ਗਰਮ ਹਵਾ, ਹਰ ਲੂ ਨੂੰ ਆਪਣੇ ਤੱਕ ਮਹਿਦੂਦ ਕਰ ਲਿਆ, ਤੇ ਮੇਰੇ ਤੱਕ ਦੀ ਠੰਡੀ ਰੌਂਅ ਚਲਾਈ ਰੱਖੀ ਸੀ।
ਅੱਜ ਮੇਰੀ ਡਿਊਟੀ ਬਰਨਾਲਾ, ਧਨੌਲਾ ਵਾਲੇ ਡਵੀਜ਼ਨ ਨਾਲ ਲੱਗੀ ਹੋਈ ਏ। ਇਹ ਡਵੀਜ਼ਨ ਬੋਘੇ ਹੋਰਾਂ ਵਾਲੀ ਨਹੀਂ ਏ। ਤਰਸੇਮ ਦੀ ਸਾਰੇ ਬੰਨੇ ਚਲਦੀ ਏ। ਹਰ ਡਵੀਜ਼ਨ ਵਿਚ ਉਹਦੇ ਸੈØੱਲ ਨੇ। ਇਹ ਡਵੀਜ਼ਨ ਆਤਮ ਪ੍ਰਕਾਸ਼ ਐਸ. ਡੀ. ਓ. ਵਾਲੀ ਏ! ਇਹਦਾ ਜੇ. ਈ. ਮਹਿੰਦਰ ਸਿੰਘ ਏ! ਬੜਾ ਨੀਚ ਤੇ ਖਰਾਂਟ ਏ! ਪਰ ਇਹ ਵਰਕਚਾਰਜ ਤੇ ਲਾਈਨਮੈਨ ਏਨੇ ਚਾਲੂ, ਲੜਾਕੇ ਤੇ ਜੁਝਾਰੂ ਨੇ, ਪਈ ਮਹਿੰਦਰ ਦੀ ਉਹ ਮਾਂ-ਭੈਣ ਬਹਾਨੇ ਨਾਲ ਇਕ ਕਰ ਦੇਂਦੇ ਨੇ! ਮਹਿੰਦਰ ਕਿੰਨਾ ਕਲਪੇ, ਉਹ ਆਪਣੇ ਮਤਲਬ ਵੀ ਕੱਢ ਲੈਂਦੇ ਨੇ ਤੇ ਉਹਨੂੰ ਪੂਰਾ ਜਿੱਚ ਕਰਕੇ ਰੱਖਦੇ ਨੇ!
ਮੈਂ ਤੇ ਸੇਬੀ ਇਕ ਸਾਇਕਲ ’ਤੇ ਹਾਂ। ਸੇਬੀ ਦੀ ਸਾਇਕਲ ਪੰਚਰ ਏ ਤੇ ਉਹਨੇ ਸੰਗਰੂਰ ਦੀਆਂ ਕੈਂਚੀਆਂ ’ਤੇ ਸਾਇਕਲ ਪੈਂਚਰਾਂ ਵਾਲੇ ਕੋਲ ਰੱਖ ਦਿੱਤੀ ਏ। ਵਾਪਸੀ ’ਤੇ ਚੁੱਕ ਲਵੇਗਾ। ਸਾਇਕਲ ਮੈਂ ਜ਼ਿੱਦ ਕਰਕੇ ਚਲਾ ਰਿਹਾਂ, ਨਹੀਂ ਤੇ ਸੇਬੀ ਕੀ, ਕੋਈ ਵੀ ਵਰਕਚਾਰਜ ਮੈਨੂੰ ਖੇਚਲ ਨਹੀਂ ਦੇਣਾ ਚਾਹੁੰਦਾ। ਹਰਖ਼ਾ, ਸਰੂਪ ਤੇ ਪੰਡਤ ਵੀ ਸਾਇਕਲਾਂ ਤੇ ਸਾਡੇ ਨਾਲ ਨੇ! ਸੰਗਰੂਰ ਤੋਂ ਪਿੰਡਾਂ ਵਿਚ ਦੀ ਜਾਂਦੇ ਅਸੀਂ ਧਨੌਲੇ, ਬਰਨਾਲੇ ਵਾਲੀ ਲਿੰਕ ਸੜਕ ’ਤੇ ਪੈ ਜਾਂਦੇ ਹਾਂ। ਹਰੇੜੀ, ਅੰਧੇੜੀ ਲੰਘ ਕੇ ਸੜਕ ਕਾਂਜਲੇ ਵਲ ਚਲੀ ਜਾਂਦੀ ਏ। ਅਸੀਂ ਪੁੰਨਾਵਾਲ ਪਿੰਡ ਦਿਆਂ ਖੇਤਾਂ ਵਿਚ ਪਹੁੰਚਣੈ! ਤੇ ਅਸੀਂ ਸਾਇਕਲ ਕੱਟੂ-ਬਾਲੀਆਂ ਵਾਲੇ ਪਿੰਡਾਂ ਵਲੋਂ ਪਾ ਲੈਂਦੇ ਹਾਂ। ਅੱਗੇ ਇਹੀ ਸੜਕ ਬਰਨਾਲੇ ਤੱਕ ਜਾਂਦੀ ਏ। ਪਰ ਅਸੀਂ ਪੁੰਨਾਵਾਲ ਰੁਕਾਂਗੇ!
ਇਹਨਾਂ ਪਿੰਡਾਂ ਵਿਚੋਂ ਲੰਘਦਿਆਂ ਮੇਰੇ ਅੰਦਰ ਕਦੀ ਬੰਗਿਆਂ, ਝਿੱਕੇ ਤੋਂ ਹੋ ਕੇ ਹੇਲਰਾਂ, ਲਸਾੜਾ ਵਿਚੋਂ ਲੰਘਣ ਦੇ ਦ੍ਰਿਸ਼ ਤਾਜ਼ਾ ਹੋ ਜਾਂਦੇ ਨੇ। ਕਦੀ ਮੈਂ ਜਿਵੇਂ ਮਾਹਿਲਪੁਰ ਤੋਂ ਜੇਜੋਂ ਨੂੰ ਜਾਂਦੀ ਸੜਕ ’ਤੇ ਸਾਇਕਲ ਭਜਾਈ ਫਿਰਦਾਂ ਜਿਵੇਂ, ਤੇ ਕਦੀ ਮੈਂ ਜਿਵੇਂ ਮੰਗੂਵਾਲ ਜਾਂ ਖਟਕੜ ਵਲ ਨੂੰ ਸਾਇਕਲ ਭਜਾਈ ਫਿਰਦਾਂ। ਪਿੱਛੇ ਬੈਠਾ ਸੇਬੀ ਕਦੀ-ਕਦੀ ਕੋਈ ਗੱਲ ਕਰਕੇ ਜਿਵੇਂ ਮੇਰੀ ਸੁਰਤ ਭੰਗ ਕਰ ਦੇਂਦਾ ਏ। ਨਹੀਂ ਤੇ ਮੈਂ ਬਸ ਕਿਸੇ ਸਮਾਧੀ ’ਚ ਬੈਠੇ ਰਿਖੀ ਵਾਂਗ ਅੰਤਰਧਿਆਨ ਹੋਇਆ ਸਾਇਕਲ ਖਿੱਚੀ ਜਾਨਾਂ।
ਪਿੰਡ ਪੁੰਨਾਵਾਲ ਤੋਂ ਪਹਿਲਾਂ ਹੀ ਅਸੀਂ ਕੱਚੇ ਪਹੇ ਤੋਂ ਖੇਤਾਂ ਵਲ ਮੁੜ ਗਏ ਹਾਂ। ਸਾਹਮਣੇ ਸਾਡੇ ਵਰਕਚਾਰਜ ਸਾਥੀ ਟੋਆ ਪੁੱਟ ਰਹੇ ਨੇ ਤੇ ਤਾਰਾਂ ਖਿੱਚ-ਖਿੱਚ ਸਿੱਧੀਆਂ ਕਰ ਰਹੇ ਨੇ। ਮੈਨੂੰ ਨਾਲ ਆਇਆ ਵੇਖ ਸਾਥੀਆਂ ਨੇ ਗੌਣ ਛੋਹ ਲਿਆ, ਤਾਂ ਜੋ ਮੈਨੂੰ ਖ਼ੁਸ਼ ਕਰ ਸਕਣ! ਵਿਚ-ਵਿਚ ਉਹ ਸੰਕੇਤ ਰੂਪ ਵਿਚ ਅਸ਼ਲੀਲ ਟੋਟੇ ਵੀ ਜੋੜ ਦੇਂਦੇ ਨੇ। ਬਸ ਜਿਵੇਂ ਜੀਵਨ ਦੀ ਧੁੱਪ ਤੇ ਆਪਣੇ ਸੜਦੇ-ਬਲਦੇ ਹੱਥਾਂ ਦੀ ਤਪਸ਼ ਭੁੱਲ ਸਕਣ। ਗੀਟਣ ਦੀ ਆਵਾਜ਼ ਕਰਾਰੀ ਹੈ। ਉਹਨੇ ਬੋਲ ਚੁੱਕੇ:
ਹਾਂ ਬਈ ਹਾਂ, ਸ਼ਹਿਰ ਜਲੰਧਰ
ਨੂੰਹ ਲੁੱਚੀ ਤੇ ਸਹੁਰਾ ਕੰਜਰ
ਵੜ ਕੇ ਬਹਿੰਦੇ ਪਿਛਲੇ ਅੰਦਰ
ਜ਼ੋਰ ਲਗਾ ਕੇ,
ਹਈ ਸ਼ਾ
ਪਤਾ ਨਹੀਂ ਕਿਉਂ, ਉਹ ਮੈਨੂੰ ਦੁਆਬੀਆ ਸਮਝ ਕੇ ਖ਼ੁਸ਼ ਹੁੰਦੇ ਰਹਿੰਦੇ ਨੇ? ਮੈਂ ਕਈ ਵਾਰ ਆਪ ਈ ਸੋਚੀਂ ਪੈ ਜਾਨਾਂ ਕਿ ਮੈਂ ਕੌਣ ਹਾਂ?
ਸਾਨੂੰ ਛਾਵੇਂ ਬਹਾ ਦਿੱਤਾ ਹੈ। ਗੀਟਣ ਦੇ ਇਸ਼ਾਰੇ ਤੇ ਸਾਨੂੰ ਲੱਸੀ ਦੇ ਗਲਾਸ ਫੜਾ ਦਿੱਤੇ ਗਏ ਨੇ। ਕੁਛ ਦੇਰ ਬਾਦ ਫੇਰ ਗੌਣ ਦੀਆਂ ਆਵਾਜ਼ਾਂ ਉØੱਭਰਦੀਆਂ ਨੇ। ਹੁਣ ਖੰਭੇ ਟਿਕਾ ਕੇ ਤਾਰਾਂ ਖਿੱਚ ਕੇ ਪਰੋ ਰਹੇ ਨੇ। ਨਾਲ ਦੀ ਨਾਲ ਮਹਿੰਦਰ ਜੇ.ਈ. ਦੀ ਮਾਂ-ਭੈਣ ਇਕ ਕੀਤੀ ਜਾ ਰਹੀ ਹੈ:
ਦੋ ਗੁੱਤਾਂ ਤੇ ਲੰਮੀ ਧੌਣ
…………ਹਈ ਸ਼ਾ
ਅੱਖਾਂ ਉੱਤੇ ਐਨਕ ਲੌਣ
…………ਹਈ ਸ਼ਾ
ਉੱਚੀ ਅੱਡੀ ਦੇ ਸੈਂਡਲ ਪੌਣ
…………ਹਈ ਸ਼ਾ
ਜ਼ੋਰ ਨਾ ਲਾਵੇ, ਹਈ ਸ਼ਾ
ਮਹਿੰਦੇ ਵਾਂਗੂੰ ਮਾਂ ਯੁਆਵੇ
…………ਹਈ ਸ਼ਾ
ਮਹਿੰਦਰ ਜੇ.ਈ. ਉਥੋਂ ਤੀਹ-ਪੈਂਤੀ ਕਿਲੋਮੀਟਰ ਦੂਰ ਕਿਸੇ ਠੰਢੇ, ਕੂਲਰ ਵਾਲੇ ਕਮਰੇ ਵਿਚ ਬੈਠਾ ਕੀ ਜਾਣ ਸਕਦੈ ਕਿ ਕਿਤੇ ਦੂਰ ਬਰਨਾਲੇ ਦੇ ਕੱਚੇ ਰਾਹਾਂ ਤੇ ਪੁੰਨਾਵਾਲ ਦਿਆਂ ਖੇਤਾਂ ਵਿਚ ਉਹਦੀ ਮਾਂ-ਭੈਣ ਇਕ ਹੋ ਰਹੀ ਹੈ…..?
ਬੰਦਾ ਬੜਾ ਕਰਨੀਹਾਰ ਹੈ! ਉਹ ਆਪਣੇ ਦੁੱਖਾਂ ਦੇ ਕਾਰਨ ਸਮਝਦੈ ਤੇ ਕਾਰਨਾਂ ਨੂੰ ਗਾਹਲਾਂ ਦੇ-ਦੇ ਕੇ ਸੰਤੁਸ਼ਟ ਹੁੰਦਾ ਰਹਿੰਦੈ!

2
ਹਵਾ ਵਿਚ ਮਾਦਕਤਾ ਸੀ। ਪਾਪਲਰ ਦਿਆਂ ਦਰੱਖ਼ਤਾਂ ਵਿਚੋਂ ਇਕ ਅਜੀਬ ਜਿਹੀ ਮਹਿਕ ਉØੱਠਦੀ। ਹਵਾ ਤੇ ਮਹਿਕ ਰਲ ਜਾਂਦੀਆਂ ਤੇ ਬੰਦੇ ਨੂੰ ਜਿਵੇਂ ਡੰਗਦੀਆਂ! ਮਖੀਲ ਦੇ ਨਿੱਕੇ-ਨਿੱਕੇ ਝੁੰਡ ਹਵਾ ਵਿਚ ਉØੱਡਦੇ, ਜਿਹੜੇ ਆਪਣੇ ਨਾਲ ਪੰਘਰੇ ਹੋਏ ਸ਼ਹਿਦ ਦੀ ਵਾਸ਼ਨਾ ਲਈ ਫਿਰਦੇ।
ਲਟਬੌਰਾ ਹੋਇਆ ਏਧਰ-ਉਧਰ ਫਿਰਦਾਂ! ਆਪੇ ਹੀ ਮਨ ਮੁਸਕਾਂਦਾ ਤੇ ਹੋਂਠ ਜਰਬ ਖਾਂਦੇ, ਅੱਖਾਂ ਕਿਸੇ ਆਨੰਦ ਵਿਚ ਮੀਚਦੀਆਂ ਜਾਂਦੀਆਂ…..! ਮੈਂ ਪੈਦਲ ਤੁਰਦਾ ਹੀ ਸੰਗਰੂਰ ਸ਼ਹਿਰ ਦੇ ਬਾਹਰੋਂ ਲੰਘਦੀ ਹਰੀਪੁਰ ਵਾਲੀ ਸੜਕ ‘ਤੇ ਪੈ ਜਾਨਾਂ ਅਕਸਰ…. ਤੇ ਜਾ ਨਿਕਲਦਾਂ ਬੰਗਾਲੀ ਜਾਦੂਗਰ ਦੇ ਟਿੱਬੇ’ ਤੇ, ਜਿਥੇ ਉਹ ਇਕੱਲਾ ਛੰਨ ਪਾ ਕੇ ਰਹਿੰਦੈ! ਪਿਛੋਂ ਉਹ ਬੰਗਾਲ ਦਾ ਹੈ, ਤੇ ਇਲਾਕੇ ਵਿਚ ਉਹਦੀ ਤਾਂਤਰਿਕ ਹੋਣ ਦੀ ਭੱਲ ਬਣੀ ਹੋਈ ਹੈ। ਖਣੀ ਪਿੱਛੋਂ ਕਿਤੋਂ ਕਤਲ ਕਰਕੇ ਆਇਆ ਹੋਇਐ, ਜਾਂ ਖ਼ਬਰੇ ਉਂਜ ਹੀ ਬੈਰਾਗਿਆ ਹੋਇਆ ਹੀ ਇਥੇ ਪੰਜਾਬ ਆ ਕੇ ਬੈਠ ਗਿਆ ਹੈ। ਦੱਸਣ ਵਾਲੇ ਦੱਸਦੇ ਨੇ ਪਈ ਮੁੜ ਕਦੀ ਇਹ ਕਿਧਰੇ ਗਿਆ ਨਹੀਂ ਸੀ। ਇਥੇ ਹੀ ਪਿਛਲੇ ਚਾਲ੍ਹੀ-ਪੰਜਾਹ ਸਾਲ ਤੋਂ ਬੈਠਾ ਹੋਇਆ ਹੈ। …..ਇਥੋਂ ਅਕਸਰ ਮੈਂ ਜ਼ੁਲਮਗੜ੍ਹ ਨਾਂ ਦੇ ਪਿੰਡ ਵਲ ਪੈਦਲ ਟੁਰ ਪਿਆ ਕਰਦਾ ਹਾਂ। ਪਰ ਮੇਰਾ ਉਸ ਸੜਕ ‘ਤੇ ਬਹੁਤਾ ਦਿਲ ਨਹੀਂ ਟਿਕਦਾ। ਕਦੀ ਹੀ ਮੈਂ ਉਧਰ ਪੂਰਾ ਚੱਕਰ ਕੱਟਿਆ ਹੋਣੈ, ਨਹੀਂ ਤੇ ਮੈਂ ਮੁੜ ਬੰਗਾਲੀ ਦੇ ਟਿੱਬੇ ਕੋਲ ਆ ਕੇ ਥੜੀਆਂ ‘ਤੇ ਬਹਿ ਜਾਨਾ ਹੁੰਨਾ। ਬੰਗਾਲੀ ਨੇ ਆਪੇ ਇੱਟਾਂ ਦੇ ਟੋਟੇ ਜੋੜ-ਜਾੜ ਕੇ ਦੋ ਥੜੀਆਂ ਆਹਮੋ-ਸਾਹਮਣੇ ਬਣਵਾ ਰੱਖੀਆਂ ਨੇ। ਕੋਈ ਵਿਰਲਾ ਟਾਵਾਂ ਭਗਤ, ਜਾਂ ਕੋਈ ਰਾਹੀ ਪਾਂਧੀ ਥੋੜੀ ਦੇਰ ਬਹਿ ਜਾਂਦੈ। ਜਾਂ ਫੇਰ ਮੇਰੇ ਵਰਗਾ ਕੋਈ ਪੱਕਾ ਹੀ ਇਧਰ ਆਉਣ ਵਾਲਾ ਬੈਠ ਜਾਂਦੈ। ਸਵੇਰ-ਸ਼ਾਮ ਹੀ ਇਧਰ ਆ ਕੇ ਬੈਠ ਹੁੰਦੈ, ਨਹੀਂ ਤੇ ਸਵੇਰੇ ਸੁਵਖਤੇ ਹੀ ਟਿੱਬੇ ਦੀ ਰੇਤਾ ਭੱਠ ਵਾਂਗ ਤਪਣ ਲਗ ਪੈਂਦੀ ਏ। ਸਿਖ਼ਰ ਦੁਪਹਿਰੈ ਗਹਿਰ ਛਾ ਜਾਂਦੀ ਤੇ ਟਿੱਬੇ ਦੀ ਰੇਤਾ ਵਰੋਲੇ ਬਣ-ਬਣ ਹਵਾ ’ਚ ਉØੱਡਦੀ, ਤੇ ਮੁੜ ਉਥੇ ਹੀ ਆ ਡਿੱਗਦੀ। ਸ਼ਾਮ ਜਿਹੇ ਨੂੰ ਠੰਡੀਰ ਸ਼ੁਰੂ ਹੋ ਜਾਂਦੀ ਤੇ ਰਾਤ ਤੱਕ ਰੇਤਾ ਠੰਡਾ ਹੋ ਕੇ ਪਸਰ ਜਾਂਦਾ।
ਇਹ ਬੰਗਾਲੀ ਤਾਂਤਰਿਕ ਮੈਨੂੰ ਖਿੱਚ ਪੌਂਦੈ। ਮੈਨੂੰ ਕਈ ਵਾਰ ਇਹ ਆਪਣੇ ਵਰਗਾ ਜਾਪਦੈ! ਮੈਂ ਵੀ ਉਖੜਿਆ ਪੌਦਾ ਈ ਆਂ, ਜੀਹਦੀ ਜੜ੍ਹ ਲਗਣ ਜੋਗੀ ਧਰਤੀ ਕਿਤੇ ਨਹੀਂ। ਕਿਥੇ ਬੰਗਾ, ਨਵਾਂਸ਼ਹਿਰ ਦੀਆਂ ਧਰਤੀਆਂ? ਕਿਥੇ ਸੰਗਰੂਰ, ਕਿਥੇ ਆਂਧਰਾ, ਬੰਗਾਲ ਦੇ ਇਲਾਕੇ, ਤੇ ਕਿਥੇ ਜਲੰਧਰ ਵਾਲਾ ਚੁਬਾਰਾ?…. ਜੀਵਨ ਦੇ ਰੰਗ ਵੇਖਦਾ ਕਿਤੇ ਕਿਸੇ ਭਾਰਤੀ ਖੁਫ਼ੀਆ ਏਜੰਸੀਆਂ ਦੇ ਬੰਦਿਆਂ ਦਾ, ਜਾਂ ਫੇਰ ਕਿਸੇ ਖੜੇ-ਖਾਲਸਤਾਨੀ ਦੀਆਂ ਗੋਲੀਆਂ ਦਾ ਸ਼ਿਕਾਰ ਨਾ ਬਣ ਜਾਵਾਂ? ਕੀ ਕਹਿ ਸਕਦਾਂ….?
ਹਰੀਪੁਰ ਆਲੀ ਸੜਕ ਤੋਂ ਮੈਂ ਅਕਸਰ ਤ੍ਰਹਿ ਜਾਂਦਾ ਹਾਂ। ਇਥੇ ਪਿੰਡ ਦੇ ਬਾਹਰਵਾਰ ਮਿਸਤਰੀਆਂ ਦੇ ਦੋ ਘਰ ਨੇ, ਜਿਹੜੇ ਪੱਕੀ ਸੜਕ ‘ਤੇ ਨੇ। ਪਿੰਡ ਦੀ ਫਿਰਨੀ ਕਦੇ ਸੰਗਰੂਰ ਨੂੰ ਏਸ ਪਿੰਡ ਨਾਲ ਜੋੜਦੀ ਪੱਕੀ ਸੜਕ ਬਣ ਜਾਏਗੀ, ਮਿਸਤਰੀਆਂ ਦੇ ਪੁਰਖ਼ਿਆਂ ਕਦੀ ਸੋਚਿਆ ਨਹੀਂ ਹੋਣਾ। ਹੁਣ ਇਹ ਸੜਕ ਦੇ ਕੰਢੇ ਆ ਗਏ ਦਸ-ਵੀਹ ਘਰ ਸਾਰੇ ਪਿੰਡ ਤੋਂ ਮਹਿੰਗੇ ਹੋਣਗੇ। ਪਰ ਮੇਰਾ ਮਸਲਾ ਇਹ ਨਹੀਂ ਹੈ। ਮੇਰਾ ਮਸਲਾ ਤੇ ਇਹ ਹੈ ਕਿ ਮਿਸਤਰੀਆਂ ਦੇ ਦੋ ਰਟੈਰ ਕੀਤੇ ਬੁੱਢੇ ਬਾਬੇ ਖ਼ਬਰੇ ਸਾਰਾ ਦਿਨ ਹੀ ਘਰ ਦੇ ਬਾਹਰ ਬੈਠੇ ਰਹਿੰਦੇ। ਸਿਖ਼ਰ ਦੁਪਹਿਰੇ ਵੀ, ਤੇ ਠੰਡੀਆਂ ਸ਼ਾਮਾਂ ਵਿਚ ਵੀ, ਮੈਂ ਉਹਨਾਂ ਨੂੰ ਬਾਹਰ ਬੈਠੇ ਦੇਖਦਾਂ। ਸਾਰੀ ਦੁਨੀਆ ਨੂੰ ਘੂਰਦੇ, ਚੁੱਪਚਾਪ…. ਬੱਸ ਇਕਟੱਕ! ਧੁੱਪ ਜ਼ਿਆਦਾ ਹੋਈ ਤਾਂ ਘਰ ਦੇ ਬਾਹਰ ਲੱਗੀ ਧਰੇਕ ਥੱਲੇ ਮੰਜੀ ਕਰ ਲੈਂਦੇ! ਕਈ ਵਾਰ ਇਕੋ ਬੁੱਢਾ ਵੀ ਬੈਠਾ ਮਿਲਦਾ। ਖ਼ਬਰੇ ਕੋਈ ਡਿਊਟੀ ਦੇਂਦੇ ਨੇ ਰੱਬ ਦੀ ਜਾਂ ਫੇਰ ਕੋਈ ਤਪ, ਕੋਈ ਜੁਹਦ ਕਰਦੇ ਨੇ!
ਮੈਂ ਅਕਸਰ ਉਹਨਾਂ ਨੂੰ ਵੇਖ ਕੇ ਢਿੱਲਾ ਜਿਹਾ ਪੈ ਜਾਨਾਂ, ਜਿਵੇਂ ਕੋਈ ਅਪਰਾਧੀ ਹੋਵਾਂ, ਜਾਂ ਜੀਹਨੇ ਕੋਈ ਗਲਤ ਗੱਲ ਕਰ ਦਿੱਤੀ ਹੋਵੇ! ਮੇਰਾ ਇਹ ਅਹਿਸਾਸ ਹਰ ਵਾਰ ਦੇਰ ਤੱਕ ਮੇਰੇ ਅੰਦਰ ਰਹਿੰਦਾ ਤੇ ਮੈਂ ਛੇਤੀਂ ਦੇਣੇ ਇਹ ਸੜਕ ਲੰਘਣ ਦੀ ਕਰਦਾ! ਜਦ ਮੈਂ ਕਿਸ਼ਨਪੁਰੇ ਪਿੰਡ ਵਾਲੀ ਸੜਕ ‘ਤੇ ਅਪੜ ਜਾਂਦਾ, ਸ਼ੁਕਰ ਕਰਦਾ! ਇਥੋਂ ਦਸ ਕਦਮਾਂ ਤੇ ਸਾਡਾ ਕਮਰਾ, ਦਫ਼ਤਰ, ਟਿਕਾਣਾ, ਜੋ ਵੀ ਕਹਿ ਲਈਏ, ਆ ਜਾਂਦਾ ਤੇ ਮੈਂ ਜਿਵੇਂ ਸੁਰਖਰੂ ਹੋ ਜਾਂਦਾ। ਚਾਹੇ ਮੈਂ ਏਸ ਵੱਡੇ ਜਿਹੇ ਢਾਰੇ, ਉਰਫ਼ ਕਮਰੇ ’ਚ ਉਸ ਵੇਲੇ ਨਾ ਵੀ ਵੜਦਾ, ਪਰ ਨਿਧੜਕ ਹੋ ਜਾਂਦਾ। ਸਾਹਮਣੇ ਟੈਣੀ ‘ਡਾਕੂ’ ਦੇ ਪਿਉ ਦੇ ਖੇਤ ਸਨ। ਉਹ ਅਕਸਰ ਟਿਊਬਵੈੱਲ ਚਲਾਕੇ ਡੇਕ ਥੱਲੇ ਬੈਠਾ ਹੁੰਦਾ। ਡੇਕ ਦੀ ਛਾਂ ਬੜੀ ਸੰਘਣੀ ਸੀ, ਮੈਂ ਵੀ ਅਕਸਰ ਉਸੇ ਕੋਲ ਬੈਠਾ ਰਹਿੰਦਾ। ਟੈਣੀ ਜਿੰਨਾ ਚੋਰ ਤੇ ਲੁਟੇਰਾ ਸੀ, ਉਹਦਾ ਪਿਉ ਉਨਾ ਹੀ ਸਾਧੂ ਸੀ। ਮੇਰੇ ਨਾਲ ਉਹਦਾ ਬੜਾ ਮੋਹ ਬਣ ਗਿਆ ਸੀ। ਕਈ ਵਾਰ ਤਾਂ ਘੰਟਿਆਂ ਬੱਧੀ ਬੋਲਦਾ ਹੀ ਨਾ, ਬੜਾ ਸ਼ਾਂਤ ਬਣਿਆ ਰਹਿੰਦਾ, ਪਰ ਸਮੇਂ-ਸਮੇਂ ਕਦੀ ਮੈਨੂੰ ਚਾਹ ਜਾਂ ਪਾਣੀ ਲਿਆ ਦੇਂਦਾ। ਘਰੋਂ ਕਈ ਵਾਰ ਭੱਜ ਕੇ ਰੋਟੀ ਲੈ ਕੇ ਆ ਜਾਂਦਾ, ਕਿਉਂਕਿ ਉਹਨੂੰ ਪਤਾ ਸੀ ਕਿ ਮੈਂ ਰੋਟੀ ਲਈ ਉਚੇਚਾ ਉੱਠ ਕੇ ਮੁਲਤਾਨੀ ਦੇ ਢਾਬੇ ‘ਤੇ ਜਾਵਾਂਗਾ ਹੀ ਜਾਵਾਂਗਾ।

ਮੇਰੇ ਕਮਰੇ ਵਾਲੇ ਪਾਸਿਓਂ ਵੇਖਿਆਂ ਸੰਗਰੂਰ ਦਾ ਬਸ ਅੱਡਾ ਦੂਰੋਂ ਦਿੱਖਦਾ, ਕਿਉਂਕਿ ਰਾਹ ਵਿਚ ਲੰਮਾ ਖਾਲੀ ਖੇਤ ਸੀ, ਜੀਹਦੀ ਮਾਲਕੀ ਮਿਊਂਸਪਲ ਕਮੇਟੀ ਦੀ ਸੀ। ਉਹ ਸਾਲਾਂ ਤੋਂ ਬੰਜਰ ਸੀ। ਅਸੀਂ ਜਿਵੇਂ ਅੱਧੇ ਤੇ ਪਿੰਡ ਕਿਸ਼ਨਪੁਰੇ ਦੀ ਧਰਤੀ ਵਿਚ ਸਾਂ ਤੇ ਅੱਧੇ ਕੁ ਸ਼ਹਿਰ ਸੰਗਰੂਰ ਦੀ ਰੌਣਕ ਨਾਲ ਜੁੜੇ ਹੋਏ ਸਾਂ। ਕਈ ਵਾਰ ਲਗਦਾ ਸੀ, ਜਿਵੇਂ ਕਿਸੇ ਡੂੰਘੇ ਵੀਰਾਨੇ ਵਿਚ ਲਹਿ ਗਏ ਹੋਈਏ, ਤੇ ਦੂਜੇ ਪਲ ਰਾਤ ਨੂੰ ਸੰਗਰੂਰ ਸ਼ਹਿਰ ਦੀਆਂ ਚਮਕਦੀਆਂ ਰੌਸ਼ਨੀਆਂ ਦੂਰੋਂ ਇੰਜ ਲਗਦੀਆਂ, ਮਾਨੋ ਵੀਰਾਨੇ ਨੂੰ ਵੰਗਾਰਦੀਆਂ ਹੋਣ!

ਬੇਬੇ ਦਾ ਇਹ ਘਰ ਕਿਸ਼ਨਪੁਰੇ ’ਚ ਪੈਂਦੇ ਖੇਤ ਵਿਚ ਸੀ। ਉਂਜ ਸ਼ਹਿਰੀ ਜਾਇਦਾਦ ਸੀ, ਪਰ ਪਟਵਾਰੀ ਦਿਆਂ ਕਾਗਜ਼ਾਂ ਵਿਚ ਪਿੰਡ ’ਚ ਪੈਂਦੇ ਖੱਤੇ ਬੋਲਦੇ ਸਨ। ਭਲੇ ਵੇਲਿਆਂ ਵਿਚ ਬੇਬੇ ਦੇ ਪੱਕੇ ਗ੍ਰਾਹਕ ਜਾਂ ‘ਖਸਮ’ ਨੇ ਕਿਸੇ ਗਰੀਬ ਸੈਣੀਆਂ ਦੇ ਟੱਬਰ ਕੋਲੋਂ ਬੈਅ ਕਰਵਾ ਲਏ ਸਨ। ਅੱਜ ਵੀ ਸਾਹਮਣੇ ਆਲੇ ਖੇਤ ਦਾ ਮਾਲਕ ਤੇਜਾ ਬੜੇ ਉਦਾਸ ਰੌਂਅ ਵਿਚ ਦੱਸਦਾ ਹੁੰਦੈ ਕਿ ਰਾਜੇ ਜੀਂਦ ਦੇ ਹਾਕਮ ਨੇ ਸੰਗਰੂਰ ਵੀ ਕੱਚੀ ਕਚਹਿਰੀ ਰੱਖੀ ਹੁੰਦੀ ਸੀ। ਕਚਹਿਰੀ ਦੇ ਚੋਬਦਾਰ ਦੀ ਅੱਖ ਏਸ ਜ਼ਮੀਨ ‘ਤੇ ਵੀ ਸੀ, ਤੇ ਉਹਨਾਂ ਦੇ ਵਡੇਰਿਆਂ ਵਿਚੋਂ ‘ਬਾਬੇ’ ਲਗਦੇ ਕਿਸੇ ਸੈਣੀ ਕੋਲੋਂ ਉਹਨੇ ਧੱਕੇ ਨਾਲ ਹੀ ਬੈਅ ਕਰਵਾ ਲਈ ਸੀ। ਉਦੋਂ ਤੇਜੇ ਦੇ ਦੱਸਣ ਮੂਜ਼ਬ ਇਥੇ ਰੇਤ ਉੱਡਦੀ ਸੀ ਤੇ ਦੋ-ਤਿੰਨ ਨਿੱਕੇ-ਨਿੱਕੇ ਟਿੱਬੇ ਹੁੰਦੇ ਸਨ। ਫ਼ਸਲ ਨਾਮਾਤਰ ਹੁੰਦੀ ਸੀ, ਪਰ ਸ਼ਹਿਰ ਦੇ ਨਾਭਾ ਗੇਟ ਕੋਲ ਜ਼ਮੀਨ ਲਗਦੀ ਹੋਣ ਕਾਰਨ ਚੋਬਦਾਰ ਨੂੰ ਜ਼ਮੀਨ ਦੀ ਮਹੱਤਤਾ ਦਾ ਪਤਾ ਸੀ। ਸੈਣੀ ਕਿਸੇ ਕੇਸ ਵਿਚ ਫਸੇ ਹੋਏ ਸਨ ਤੇ ਚੋਬਦਾਰ ਨੇ ਇਹ ਵੱਡਾ ਖੇਤ ਉਹਨਾਂ ਨੂੰ ਬਰੀ ਕਰਨ ਦੇ ਬਦਲੇ ’ਚ ਬੈਅ ਕਰਵਾ ਲਿਆ ਸੀ।
….. ਇਹ ਵੰਡ ਤੋਂ ਕੋਈ ਦੋ-ਚਾਰ ਸਾਲ ਪਹਿਲਾਂ ਦੀ ਗੱਲ ਦੱਸਦਾ ਹੈ ਤੇਜਾ ਸੁੰਹ, ਪਰ ਨਾਲ ਹੀ ਬੇਬੇ ਦੇ ਚੋਬਦਾਰ ਕੋਲ ਟਿਕ ਜਾਣ ਦੀ ਗੱਲ ਵੀ ਬੜੀ ਦੱਬੀ ਜ਼ਬਾਨ ਨਾਲ, ਪਰ ਹਿਰਖ਼ ਨਾਲ ਦੱਸਦਾ ਹੈ।
….. ਬੇਬੇ ਬਾਰੇ ਹਰ ਕੋਈ ਗੱਲ ਕਰਨਾ ਲੋਚਦੈ, ਪਰ ਹਰ ਕੋਈ ਜਾਂ ਡਰਦੈ ਜਾਂ ਝਿਜਕਦੈ! ਇਹ ਗੱਲ ਮੈਂ ਨੋਟ ਕੀਤੀ ਹੈ।

3
”ਇੱਥੇ ਰੱਖ!’’ ਮੇਰੇ ਸਾਇਕਲ ਦੇ ਬਰੇਕ ਮਾਰਦਿਆਂ ਹੀ ਬੋਘੇ ਨੇ ਕਿਹਾ। ਉਹਨੂੰ ਪਤਾ ਨਹੀਂ ਕਿਉਂ ਸਾਇਕਲ ਦੇ ਬਰੇਕ ਵੱਜਣ, ਡਿੱਗਣ ਤੇ, ਲੜਾਈ ਸ਼ੁਰੁੂ ਹੋਣ ਤੋਂ ਪਹਿਲਾਂ ਵੇਲੇ, ਜਾਂ ਫੇਰ ਪਹਿਲੇ ਪੈਗ ਦੇ ਮੁੱਕਦਿਆਂ ਹੀ ਗਲਾਸ ਥੱਲੇ ਰੱਖਣ ਵੇਲੇ ਉੱਚੀ ਸਾਰੀ ”ਇਥੇ ਰੱਖ’’ ਕਹਿਣ ਦੀ ਆਦਤ ਸੀ। ਮੈਂ ਸ਼ੁਰੂ ਆਲੇ ਇਕ-ਦੋ ਦਿਨ ਤੇ ਉਹਨੂੰ ਫ਼ੁਕਰਾ ਹੀ ਸਮਝਦਾ ਰਿਹਾ ਸਾਂ, ਪਰ ਬਾਦ ਵਿੱਚ ਜਿਉਂ-ਜਿਉਂ ਉਸ ਨਾਲ ਵਰਤਣ ਵਧੀ, ਉਹ ਤੇ ਅਸਲੋਂ ਹੀ ਵਲਾਯੌੜ ਪਾਤਰ ਨਿਕਲਿਆ ਸੀ।
”….. ਲੈ ਬੀ ਮੱਲਾ, ਕੱਪੀ ਚਾਹ ਦੀ ਮਾਰ ਅੰਦਰ! ਚੁਟਕੀ ਪਾਈ ਵੀ ਐ! ਕੇਰਾਂ ਬੰਬੂਕਾਟ ਨਾ ਬਣਗੇ ਦੁਬਾਰੇ, ਤਾਂ ਬੋਘਾ ਨਾ ਜਾਣੀ!’’ ਮੇਰੇ ਸਾਇਕਲ ਦੇ ਸਟੈਂਡ ਲਾਣ ਤੱਕ ਬੋਘੇ ਨੇ ਚਾਹ ਆਲੀ ਗੜ੍ਹਵੀ ’ਚੋਂ ਚਾਹ ਕੱਪ ’ਚ ਪਾ ਕੇ ਅਗੇ ਕਰ ਦਿੱਤੀ।
”ਪਾਣੀ ਤਾਂ ਪੀਣ ਲੈਣ ਦੇਹ ਪਤੰਦਰਾ।’’ ਮੈਂ ਮੋਢੇ ਵਾਲੇ ਪਰਨੇ ਨਾਲ ਮੂੰਹ ਪੂੰਝਦਿਆਂ ਕਿਹਾ। ਉਂਜ ਮੈਨੂੰ ਪਤਾ ਸੀ ਬੋਘੇ ਦੇ ਸੁਭਾ ਦਾ, ਕਿ ਉਹਨੇ ਸਾਹ ਨਹੀਂ ਲੈਣ ਦੇਣਾ। ਨਾਲੇ ਇਹ ਸਾਡੀ ਅੱਜ ਦੀ ਪਹਿਲੀ ਚਾਹ ਸੀ, ਜੀਹਦੇ ਵਿਚ ਭੁੱਕੀ ਦਾ ਚੰਗਾ ਰਲੌਟ ਕੀਤਾ ਹੋਇਆ ਸੀ।
”ਪੀ ਲੈ ਹੁਣ! ਮਾਂਚੋ ਪਾਣੀ ਦੀ ਲਲ੍ਹ ਤੈਨੂੰ ਪਹਿਲਾਂ ਲੱਗੀ ਜਾਂਦੀ ਐ।’’ ਕਰਨੈਲ ਕਹਿਣ ਲੱਗਾ।
”ਚੰਗਾ! ਦਿਉ ਫੇਰ!’’ ਮੈਂ ਕਿਹਾ।
”……. ਐਂ ਕਰ! ਮੇਰਾ ਸ਼ੇਰ! ਹਾਅ ਕੱਪੀ ਜਹੀ ਪੀ ਲੈ ਤੇ ਆਹ ਬਚਦੀ ਚਾਹ ਫੜਾ ਦੇਹ ਲੰਗੜ ਨੂੰ! ਫੜਾ ਦੇਹ! ਕੇਰਾਂ ਗਰਮ ਕਰਕੇ ਦੇ ਦਊ! ਉਬਲਦੀ ਚਾਹ ਦਾ ਸੁਆਦ ਈ ਹੋਰ ਹੁੰਦੈ ਮੇਰੇ ਆਰ!’’ ਬੋਘੇ ਨੇ ਕਿਹਾ।
ਮੈਨੂੰ ਭੁੱਕੀ ਨਾਲ ਬੜੀ ਅਲਰਜੀ ਸੀ। ਪਰ ਬੋਘਾ ਰੋਜ਼ ਨਹੀਂ ਤਾਂ ਇਕ ਅੱਧਾ ਦਿਨ ਛੱਡ ਕੇ ਮੈਨੂੰ ਭੁੱਕੀ ਆਲੀ ਚਾਹ ਦਾ ਕੱਪ ਜ਼ਰੂਰ ਪਿਆ ਛੱਡਦਾ ਸੀ। ਮੈਂ ਬਥੇਰਾ ਕਲਪਦਾ, ਪਰ ਮੇਰੀ ਵਾਹ ਨਹੀਂ ਸੀ ਚਲਦੀ। ਹੁਣ ਮੈਂ ਏਨਾ ਕੁ ਹੀ ਕਰ ਸਕਿਆ ਸਾਂ ਕਿ ਭੁੱਕੀ ਆਲੀ ਚਾਹ ਜਿੱਦਣ ਬਣਦੀ, ਮੈਂ ਉਹਦੀ ਮਾਤਰਾ ਘਟਾ ਕੇ ਇਕ ਛੋਟੀ ਜਿਹੀ ਕੱਪੀ ਪੀਣੀ ਮਿੱਥ ਲਈ ਸੀ। ਬੋਘੇ ਹੁਰਾਂ ਨੂੰ ਵੀ ਪਤਾ ਸੀ ਕਿ ਇਹ ਬਸ ਇਕੋ ਛੋਟੀ ਕੱਪੀ ਹੀ ਪੀਏਗਾ।
”ਫੇਰ ਮੱਲਾ? ਚੱਲੀਏ?’’ ਚਾਹ ਖਤਮ ਹੁੰਦਿਆਂ ਹੀ ਬੋਘੇ ਨੇ ਰਫ਼ਤਾਰ ਫੜਨ ਦੀ ਕੀਤੀ। ਉਹ ਭੁੱਕੀ ਦਾ ਅਮਲੀ ਸੀ। ਇਕ ਵਾਰ ਚਾਹ ਪੀ ਕੇ ਉਹ ਕੰਮ ਦੀ ਧੁੱਕੀ ਕੱਢ ਦੇਂਦਾ ਸੀ। ਇਸੇ ਲਈ ਜੇ.ਈ. ਤੇ ਲਾਈਨਮੈਨ ਉਹਦੇ ਮੁਰੀਦ ਸਨ। ਮਾੜੇ-ਮੋਟੇ ਕੰਮ ਉਹ ਇਕੱਲਾ ਹੀ ਕਰ ਲੈਂਦਾ। ਲੋੜ ਪਈ ਤੇ ਬਾਕੀ ਦੇ ਵਰਕਚਾਰਜਾਂ ਨੂੰ ਅਵਾਜ਼ਾਂ ਮਾਰਦਾ। ਮੈਨੂੰ ਤੇ ਉਹ ਬਸ ਬਹਾਨੇ ਸੇਤੀ ਹੀ ਨਾਲ ਰੱਖਦਾ, ਕਿਉਂਕਿ ਇਕ ਤੇ ਪਾਰਟੀ-ਲੀਡਰ ਤਰਸੇਮ ਸਿੰਘ ਦਾ ਬੜਾ ਸਟੈਂਡਿੰਗ ਹੁਕਮ ਸੀ ਕਿ ਮੈਨੂੰ ਇਕੱਲਾ ਨਹੀਂ ਛੱਡਣਾ, ਦੂਸਰਾ ਮੈਂ ਵੀ ਉਥੇ ਕਮਰੇ ’ਚ ਇਕੱਲਾ ਬੈਠਾ ਅੱਕ ਜਾਂਦਾ ਸੀ।
”ਚੱਲੋ ਫੇਰ!’’ ਮੈਂ ਭਾਵੇਂ ਥੱਕ ਗਿਆ ਸੀ, ਪਰ ਤਿਆਰ ਹੋ ਪਿਆ। ਮੈਂ ਏਨੀਆਂ ਲੰਮੀਆਂ ਵਾਟਾਂ ‘ਤੇ ਸਾਇਕਲ ਚਲਾਣ ਤੇ ਤਾਰਾਂ ਦੇ ਬੰਡਲ ਚੁੱਕਣ ਦਾ ਆਦੀ ਨਹੀਂ ਸਾਂ, ਪਰ ਪਾਰਟੀ-ਲੀਡਰ ਤਰਸੇਮ ਨੇ ਸਮਝਾਇਆ ਸੀ ਕਿ ”ਜ਼ਾਹਰ ਨਹੀਂ ਹੋਣ! ਲੇਬਰ ਵਰਗਾ ਬਣ ਕੇ ਦਿਨ ਕੱਟੀਂ।’’ ਇਹ ਦਿਨ ਬੜੇ ਮਾੜੇ ਸਨ ਤੇ ਅਖੌਤੀ ‘ਖਾੜਕੂ ਤੇ ”ਖੜੇ-ਖਾਲਿਸਤਾਨੀ’’ ਹੱਥ ਧੋ ਕੇ ਸਾਡੇ ਵਰਕਰਾਂ ਮਗਰ ਪਏ ਹੋਏ ਸਨ। ਤਰਸੇਮ ਦਾ ਇਹੀ ਮੱਤ ਸੀ ਕਿ ”ਹਰ ਹਾਲਤ ਵਿਚ ਜਿਊਂਦੇ ਰਹਿਣਾ ਹੈ। ਜਿਵੇਂ-ਤਿਵੇਂ ਦਿਨ ਕੱਟੀ ਚਲੋ। ਭਲੇ ਦਿਨ ਵੀ ਪਰਤਣਗੇ….।’’
ਮੈਂ ਬੋਘੇ ਹੁਰਾਂ ਨਾਲ ਵਾਹ ਲਗਦੀ ਤੁਰਿਆ ਰਹਿੰਦਾ ਸਾਂ, ਅਜੇ ਕਿ ਉਹ ਮੈਨੂੰ ਭੋਰਾ ਤੰਗ ਨਹੀਂ ਸਨ ਹੋਣ ਦੇਂਦੇ। ਲਗੀ ਵਾਹ ਉਹ ਮੈਨੂੰ ਕਿਸੇ ਖੂਹ ‘ਤੇ, ਜਾਂ ਕਿਸੇ ਬਰੋਟੇ ਦੀ ਛਾਂ ਹੇਠ ਬਿਠਾ ਦੇਂਦੇ ਸਨ। ਕੰਮ ਸਾਰਾ ਆਪੇ ਖਿੱਚੀ ਜਾਂਦੇ। ਜਾਂ ਫੇਰ ਖੇਤ ਆਲੇ ਜੱਟ ਦੇ ਘਰੋਂ ਲੱਸੀ ਜਾਂ ਚਾਹ ਲੈਣ ਭੇਜ ਦੇਂਦੇ ਸਨ।
ਬੋਘੇ ਦੀ ਦੇਖਾ-ਦੇਖੀ ਬਾਕੀ ਦੇ ਵਰਕਚਾਰਜ ਤੇ ਲਾਈਨਮੈਨ ਮੈਨੂੰ ਵਿਸ਼ੇਸ਼ ਤਵੱਜੋ ਦੇਂਦੇ। ਜੇ.ਈ. ਸਾਡਾ ਤੇ ਅਸਲੋਂ ਨਰਮ ਸੀ। ਮੇਰੇ ਬੜਾ ਲੁਕੋਣ ਦੇ ਬਾਵਜੂਦ ਮੈਨੂੰ ਅੱਜ ਜਾਪਦੈ ਕਿ ਉਹ ਸਾਰੇ ਹੀ ਮੇਰੇ ‘ਕਾਮਰੇਡ’ ਹੋਣ ਬਾਰੇ ਤੇ ਲੁਕ-ਛਿਪ ਦਿਨ ਕੱਟਣ ਬਾਰੇ ਕੁਛ-ਕੁਛ ਜਾਣ ਗਏ ਸਨ।

4
…. ਦ੍ਰਿਸ਼ ਬੜਾ ਧੁੰਦਲਾ ਜਿਹਾ ਹੈ। ਮਨ ਦੇ ਕਿਸੇ ਕੋਨੇ ’ਚ ਪਤਾ ਨਹੀਂ ਕਿਵੇਂ ਟਿਕਿਆ ਰਹਿ ਗਿਆ ਹੈ? ਸ਼ਾਇਦ ਉਦੋਂ ਮੈਂ ਕਿਤੇ ਐਵੇਂ ਦੋ, ਹੱਦ ਢਾਈ ਕੁ ਸਾਲ ਦਾ ਹੋਵਾਂਗਾ। ਕਾਮਰੇਡ ਬੱਚੀ ਨੂੰ ਮੈਂ ਉਦੋਂ ਪੰਜਾਹਾਂ-ਸੱਠਵਿਆਂ ਵਿਚ, ਜਦ ਮੈਂ ਬੱਚਾ ਸਾਂ, ਇਹ ਦ੍ਰਿਸ਼ ਸੁਣਾਂਦਾ ਸਾਂ ਤਾਂ ਉਹ ਹਰ ਵਾਰ ਹੈਰਾਨ ਹੁੰਦਾ। ਹਰ ਵਾਰ…। ਉਹ ਮੰਨਦਾ ਹੀ ਨਹੀਂ ਸੀ ਕਿ ਦੋ ਕੁ ਸਾਲ ਦੇ ਬੱਚੇ ਅੰਦਰ ਏਨੀ ਸਿਮਰਤੀ ਰਹਿ ਸਕਦੀ ਹੈ! ਉਂਜ ਉਹ ਮੇਰੀਆਂ ਸਭੇ ਯਾਦਾਂ ਨੂੰ ਸੱਚਾ ਦੱਸਦਾ ਸੀ। ਉਹਦੇ ਸਾਹਮਣੇ ਹੀ ਤੇ ਸਭੋ ਕੁਝ ਵਾਪਰਿਆ ਸੀ….
ਪਿੱਛਲਝਾਤ:-
ਝਿੱਕਾ ਪਿੰਡ ਮਾਨੋ ਸੰਨ 47 ਤੋਂ ਮਗਰੋਂ ਮੁੜ ਕੇ ਵੱਸਿਆ ਸੀ। ਗੁੱਜਰਪੁਰ ਬਿੰਜੋ, ਪੱਦੀ ਮਟਵਾਲੀ ਤੋਂ ਲੈ ਕੇ ਲਸਾੜੇ ਤੱਕ, ਇਥੋਂ ਤੱਕ ਕਿ ਕੋਟ ਫਤੂਹੀ ਤੱਕ ਦੇ ਡੇਰਿਆਂ ਵਿਚ ਬੈਠੇ ਮੁਸਲਮਾਨ, ਇਧਰ ਦਿਆਂ ਸਿੱਖਾਂ ਨੇ ਇਕ-ਇਕ ਕਰਕੇ ਵੱਢੇ ਸਨ। ਝਿੱਕੇ ਵਿਚ ਸੰਨ ਪੰਜਾਹ-ਇਕਵੰਜਾ ਦਰਮਿਆਨ ਪੱਖੀਵਾਸਾਂ ਨੇ ਆ ਕੇ ਪਿੰਡ ਦੇ ਲੰਬੜ ਕੋਲੋਂ ਬਾਹਰ ਪਈ ਮੁਸ਼ਤਰਕਾ ਪੈਲੀ ਵਿਚ ਆਪਣੇ ਗੱਡੇ ਖੜੇ ਕਰਨ ਤੇ ਡੇਰਾ ਲਾਉਣ ਦੀ ਇਜਾਜ਼ਤ ਮੰਗੀ ਸੀ। ਪਿੰਡਾਂ ਤੇ ਉਹਨਾਂ ਨੂੰ ਹੀ ਹਮੇਸ਼ਾ ਲੋੜ ਬਣੀ ਰਹਿੰਦੀ ਸੀ। ਲੰਬੜ ਨੇ ਤੇ ਮੁਹਤਬਰਾਂ ਨੇ ਫੱਟ ਪੈਲੀ ਦਾ ਵੱਡਾ ਹਿੱਸਾ ਉਹਨਾਂ ਨੂੰ ਸੌਂਪ ਦਿੱਤਾ। ਦੋ ਘਰ ਕੁਚਬੰਨ੍ਹ ਸਨ, ਤਿੰਨ ਕੁ ਘਰ ਸਿਰਕੀਬੰਨ੍ਹ ਸਨ। ਇਕ ਨਟਾਂ-ਬਾਜੀਗਰਾਂ ਦਾ ਟੱਬਰ ਸੀ ਤੇ ਇਕ-ਇਕ ਘਰ ਕੂੰਜੜਿਆਂ ਦਾ ਸੀ। ਸਿਰਕੀਬੰਨ੍ਹ ਪਿੰਡਾਂ ਦੀ ਵੱਡੀ ਲੋੜ ਸਨ ਤੇ ਉਹਨਾਂ ਵਰਗਾ ਛੱਪਰ ਕੋਈ ਨਹੀਂ ਸੀ ਬੰਨ੍ਹਦਾ। ਮਜਾਲ ਐ, ਇਕ ਬੂੰਦ ਵੀ ਮੀਂਹ ਦੀ ਛੱਪਰ ’ਚੋਂ ਚੋਅ ਜਾਏ। ਤੇ ਕੂੰਜੜੇ ਬਾਗ ਲਾਣ ਦੇ ਮਾਹਰ ਸਨ।
ਪੱਖੀਵਾਸਾਂ ਨੂੰ ਉਥੇ ਬੈਠਿਆਂ ਅਜੇ ਚਾਰ-ਪੰਜ ਸਾਲ ਹੀ ਹੋਏ ਸਨ ਕਿ ਉਥੇ ਅਚਾਨਕ ਘੋੜੀਆਂ ਵਾਲੇ ਟੱਪਰੀਵਾਸ ਆ ਕੇ ਉਤਰਨ ਲੱਗ ਪਏ। ਪੱਖੀਵਾਸ ਢਿੱਡੋਂ ਉਹਨਾਂ ਤੋਂ ਔਖੇ ਸਨ ਕਿਉਂਕਿ ਘੋੜੀਆਂ ਆਲੇ ਟੱਪਰੀਵਾਸ ਮੁੱਢ ਕਦੀਮੀ ਹੀ ਅਪਰਾਧੀ ਤੇ ਝਗੜਾਲੂ ਸਨ। ਕਤਲ ਉਹਨਾਂ ਲਈ ਆਮ ਗੱਲ ਸੀ। ਹੌਲੀ-ਹੌਲੀ ਕੁਚਬੰਨ੍ਹ ਤੇ ਸਿਰਕੀਬੰਨ੍ਹ ਉਹਨਾਂ ਤੋਂ ਔਖੇ ਭਾਰੇ ਰਹਿਣ ਲੱਗ ਪਏ। ਕੂੰਜੜੇ ਵੱਖ ਉਹਨਾਂ ਤੋਂ ਔਖੇ ਸਨ। ਸਾਰੇ ਕਈ ਵਾਰ ਲੰਬੜ ਕੋਲ ਸ਼ਕੈਤ ਲੈ ਕੇ ਗਏ, ਪਰ ਲੰਬੜ ਨੂੰ ਨਵੀਂ ਬਣੀ ਕੈਰੋਂ ਸਰਕਾਰ ਦੀਆਂ ਬੁੱਤੀਆਂ ਪਈਆਂ ਰਹਿੰਦੀਆਂ ਸਨ। ਉਸ ਕੋਈ ਬਹੁਤੀ ਪਰਵਾਹ ਹੀ ਨਾ ਕੀਤੀ।
…. ਉਹੀ ਹੋਇਆ! ਇਕ ਰਾਤ ਘੋੜੀਆਂ ਵਾਲਿਆਂ ਵਿਚੋਂ ਇਕ ਨੇ ਆਪਣੀ ਵਹੁਟੀ ਮਾਰ ਦਿੱਤੀ। ਏਦੂੰ ਪਹਿਲਾਂ ਕਿ ਗੱਲ ਖਿਲਰਦੀ, ਉਹਨਾਂ ਆਪਣੇ ਸਾਥੀ ਦੀ ਮਾਰੀ ਹੋਈ ਔਰਤ ਰਾਤੋਂ-ਰਾਤ ਘੋੜੀਆਂ ਤੇ ਲੱਦੀ ਤੇ ਦਰਿਆ-ਬੁਰਦ ਕਰ ਦਿੱਤੀ। ਕਿਸੇ ਤਰ੍ਹਾਂ ਸਿਰਕੀਬੰਨ੍ਹ ਟੱਬਰਾਂ ਨੂੰ ਉਹਨਾਂ ਦੀ ਕਰਤੂਤ ਪਤਾ ਲੱਗ ਗਈ ਤੇ ਉਹਨਾਂ ਬੰਗਾ ਠਾਣੇ ਦੀ ਪੁਲਿਸ ਬੁਲਾ ਲਈ। ਉਧਰ ਲੰਬੜ ਨੂੰ ਭਾਜੜਾਂ ਪੈ ਗਈਆਂ। ਡਰੇ ਹੋਏ ਘੋੜੀਆ ਵਾਲੇ ਪੁਲਸ ਆਉਂਦੀ ਸੁਣ ਕੇ ਪੰਜਾਂ-ਸੱਤਾਂ ਮਿੰਟਾਂ ਵਿਚ ਪੱਤਰਾ ਵਾਚ ਗਏ। ਪਿੱਛੇ ਉਸ ਮਰੀ ਹੋਈ ਤੀਵੀਂ ਦਾ ਸਾਮਾਨ ਤੇ ਉਹਦਾ ਇਕ, ਦੋ ਕੁ ਸਾਲ ਦਾ ਬਾਲ ਛੱਡ ਗਏ। ਬਾਦ ਵਿਚ ਇਕ-ਅੱਧੇ ਦਿਨ ਦੀ ਮੁਸ਼ੱਕਤ ਮਗਰੋਂ ਪੁਲਸ ਨੇ ਘੋੜੀਆਂ ਵਾਲੇ ਟਰੇਸ ਕਰ ਲਏ ਸਨ। ਪਰ ਘੋੜੀਆਂ ਵਾਲਿਆਂ ਪੁਲਸ ਦੇ ਪ੍ਰਕੋਪ ਤੋਂ ਡਰਦਿਆਂ ਉਹ ਆਪਣਾ ਕਾਤਲ ਭਾਈਬੰਦ ਆਪ ਹੀ ਮਾਰ ਦਿੱਤਾ ਸੀ। ਮਗਰੋਂ ਘੋੜੀਆਂ ਵਾਲਿਆਂ ਦੇ ਟੱਪਰੀਵਾਸੀ ਨਾ ਕਤਲ ਮੰਨੇ, ਨਾ ਹੀ ਔਰਤ ਦੀ ਲਾਸ਼ ਦਾ ਪਤਾ ਦਿੱਤਾ, ਨਾ ਹੀ ਉਸਦੇ ਮਾਰੇ ਹੋਏ ਖਸਮ ਬਾਰੇ ਮੰਨੇ। ਅੰਨ੍ਹੀ ਮਾਰ ਮਾਰਨ ਤੋਂ ਬਾਦ ਬੰਗਾ ਪੁਲਸ ਨੇ ਵੀ ਉਹ ਹਫ਼ਤੇ ਕੁ ਬਾਦ ਛੱਡ ਦਿੱਤੇ। ਉਦੋਂ ਤੇ ਪੁਲਸ ਮਾਰਦੀ ਵੀ ਬੜਾ ਹੁੰਦੀ ਸੀ, ਪਰ ਉਹ ਵੀ ਇਹਨਾਂ ਪੱਕੇ ਟੱਪਰੀਵਾਸਾਂ ਦੇ ਸਬਰ ਅੱਗੇ ਥੱਕ ਗਈ ਸੀ।
ਉਦੋਂ ਹੀ ਇਹ ਕਾਮਰੇਡ ਬਚਨ ਲਾਲ ਉਰਫ ”ਬੱਚੀ’’ ਇਸ ਸਾਰੇ ਦ੍ਰਿਸ਼ ਵਿਚ ਸਾਹਮਣੇ ਆਇਆ ਸੀ। ਲੰਬੜ ਦਾ ਹੀ ਘਰਾਂ ਵਿਚੋਂ ਇਕ ਭਤੀਜਾ ਪਿੰਡ ਦਾ ਸਰਪੰਚ ਸੀ। ਬਚਨ ਉਰਫ ”ਬੱਚੀ’’ ਆਦਿ ਧਰਮੀਆਂ ਵਿਚੋਂ ਸੀ। ਪਿਉ ਉਹਦਾ ਭਾਵੇਂ ਹੁਣ ਚਮਾਰਾ ਕੰਮ ਨਹੀਂ ਸੀ ਕਰਦਾ, ਪਰ ਕਦੀ-ਕਦੀ ਸੇਪ ਕਰ ਲੈਂਦਾ ਸੀ। ”ਬੱਚੀ ਕਾਮਰੇਡ’’ ਛੋਟਾ ਜਿਹਾ ਸੀ, ਜਦੋਂ ਬੰਗੇ ਵਾਲੀ ਰੇਲਵੇ ਲਾਈਨ ਦੇ ਨਾਲ-ਨਾਲ ਟੁਰਦਾ ਜਲੰਧਰ ਤੱਕ ਜਾ ਪੁੱਜਾ ਸੀ। ਉਹਦਾ ਮਨ ਬਚਪਨ ਤੋਂ ਹੀ ਖਟਕੜ ਕਲਾਂ ਵਾਲੇ ਭਗਤ ਸਿੰਘ ਸ਼ਹੀਦ ਵਾਂਗ ਲਾਹੌਰ ਪੜ੍ਹਨ ਤੇ ਇਕ ਇਨਕਲਾਬੀ ਬਣਨ ਲਈ ਤਾਂਘਦਾ ਸੀ। ਉਦੋਂ ਤੇ ਪਿੰਡ ਦੇ ਆਦਿ-ਧਰਮੀ ਉਹਨੂੰ ਬੱਚੇ ਜਿਹੇ ਨੂੰ ਜਲੰਧਰੋਂ ਮੋੜ ਲਿਆਏ ਸਨ, ਪਰ ਉਹਨੇ ਡਾਂਗਰੀ ਬਣਨ ਤੋਂ ਨਾਂਹ ਕਰ ਦਿੱਤੀ ਸੀ। ਪਾਲੀ ਬਣਨ ਦੀ ਥਾਂ ਉਹ ਬੰਗੇ ਜਾ ਕੇ ਸਨਾਤਨੀਆਂ ਦੀ ਪਾਠਸ਼ਾਲਾ ਵਿਚੋਂ ਪ੍ਰਾਇਮਰੀ ਕਰਕੇ ਆਇਆ। ਫੇਰ ਖਾਲਸਾ ਸਕੂਲ ਵਾਲਿਆਂ ਵਲੋਂ ਫੀਸ ਮਾਫ਼ ਕਰਵਾ ਕੇ ਅੱਠਵੀਂ ਤੇ ਦਸਵੀਂ ਕੀਤੀ। ਜਲੰਧਰ ਰੋਜ਼ ਸਾਈਕਲ ਤੇ ਜਾ-ਜਾ ਕੇ ਗਿਆਨੀ ਕਰ ਲਈ। ਮਾਂ-ਪਿਉ ਤੇ ਹੋਰ ਰਿਸ਼ਤੇਦਾਰ ਤੇ ਸੱਜਣਾਂ ਦੇ ਕਹਿਣ ਦੇ ਬਾਵਜੂਦ ਵਿਆਹ ਨਹੀਂ ਕਰਵਾਇਆ। ਜਲੰਧਰ ਜਾਣ ਸਦਕਾ ਸੀ.ਪੀ.ਆਈ. ਦੇ ਪਾਰਟੀ ਕਾਰਕੁੰਨਾਂ ਦੇ ਸੰਪਰਕ ਵਿਚ ਆ ਗਿਆ ਤੇ ਪੱਕੇ ”ਕਾਮਰੇਡ’’ ਹੋਣ ਦੀ ਮੁਹਰ ਲਵਾ ਕੇ ਪਿੰਡ ਪਰਤਿਆ। ਪਿੰਡ ਵੀ ਉਹ ਘੱਟ ਵਧ ਹੀ ਰਹਿੰਦਾ ਸੀ ਤੇ ਸੀ.ਪੀ.ਆਈ. ਦੇ ਵਰਕਰਾਂ ਨਾਲ ਉਹਨਾਂ ਦੇ ਪਿੰਡਾਂ ਟਿਕਾਣਿਆਂ ਵਿਚ ਲਿਟਰੇਚਰ ਵੰਡਦਾ ਘੁੰਮਦਾ ਰਹਿੰਦਾ ਸੀ। ਉਹਦੀ ਲੰਬੜ ਤੇ ਸਰਪੰਚ ਨਾਲ ਹਮੇਸ਼ਾ ਖੜਕਦੀ ਰਹਿੰਦੀ ਸੀ। ਦਲਿਤਾਂ ਨਾਲ ਧੱਕਾ ਨਹੀਂ ਸੀ ਹੋਣ ਦੇਂਦਾ। ਗਰੀਬ ਕਾਰੀਗਰਾਂ ਦੇ ਹੱਕ ਵਿੱਚ ਖੜੋਂਦਾ ਸੀ। ਕੈਰੋਂ ਵੀ ਵਜ਼ਾਰਤ ਵਿਚਲਾ ਉਹਨਾਂ ਦਾ ਐਮ.ਐਲ.ਏ ਉਹਤੋਂ ਔਖਾ ਹੀ ਰਹਿੰਦਾ ਸੀ। ਠਾਣਾ ਵੀ ਉਹਤੋਂ ਔਖਾ ਹੀ ਰਹਿੰਦਾ ਸੀ। ਉਹ ਆਪਣੇ ਵਿਹੜੇ ਵਿੱਚ ਨਹੀਂ ਸੀ ਰਹਿੰਦਾ, ਸਗੋਂ ਜਦ ਵੀ ਪਿੰਡ ਆਉਂਦਾ, ਪਿੰਡ ਦੇ ਬਾਹਰਵਾਰ ਬਾਬੇ ਅਮਰੂ ਦੀ ਕੁਟੀਆ ਵਿਚ ਰਹਿੰਦਾ ਸੀ। ਬਾਬਾ ਅਮਰੂ ਉਦਾਸੀ ਸਾਧੂ ਸੀ ਤੇ ਮੂਲ ਰੂਪ ਵਿਚ ਦਲਿਤ ਸੀ। ਉਹਦੀ ਕੁਟੀਆ ਨਾਂ ਦੀ ਹੀ ਸੀ। ਉਹਨੇ ਪਿੰਡ ਦੇ ਖਤਮ ਹੋ ਚੁੱਕੇ ਕਬਰਸਤਾਨ ਵਾਲੇ ਬਾਗ਼ ਵਿਚ ਦੋ-ਤਿੰਨ ਛੰਨਾਂ ਪਾਈਆਂ ਹੋਈਆਂ ਸਨ। ਦੋ-ਚਾਰ ਕਾਲੇ ਧੂਤ ”ਰੰਗ’’ ਦੇ ਉਹਦੇ ਪੱਕੇ ਸੇਵਕ ਸਨ, ਜਿਹੜੇ ਪਿੰਡ-ਪਿੰਡ ਘੁੰਮ ਕੇ ਕੱਚੀ ਰਸਦ ਇਕੱਠੀ ਕਰਦੇ ਸਨ। ਦੋ ਪਹਿਰ ਲੰਗਰ ਪੱਕਦਾ ਤੇ ਲੋੜਵੰਦ ਖਾ ਲੈਂਦੇ ਸਨ। ਪਿੰਡ ਦੇ ਜੱਟ ਜਾਂ ਖੱਤਰੀ ਤੇ ਉਧਰ ਜਾਂਦੇ ਨਹੀਂ ਸਨ, ਸਿਰਫ ਲੋੜਵੰਦ ਅਮਲੀ ਜਾਂ ਹੋਰ ਇੱਕ ਅੱਧ ਦਲਿਤ ਭਗਤ ਉਨ੍ਹਾਂ ਦੇ ਆ ਜਾਂਦਾ ਸੀ। ਇਥੇ ਹੀ ਬਾਬੇ ਅਮਰੂ ਨੇ ਕਾਮਰੇਡ ਬੱਚੀ ਨੂੰ ਇਕ ਛੱਪਰ ਪੱਕਾ ਦਿੱਤਾ ਹੋਇਆ ਸੀ। ਉਥੇ ਉਹਦੀਆਂ ਕਿਤਾਬਾਂ, ਮੰਜਾਂ-ਬਿਸਤਰਾ ਤੇ ਪਾਰਟੀ ਲਿਟਰੇਚਰ ਪੱਕੇ ਤੌਰ ਤੇ ਪਿਆ ਰਹਿੰਦਾ ਸੀ ਤੇ ਜਦ ਵੀ ਕਾਮਰੇਡ ਬੱਚੀ ਪਿੰਡ ਪਰਤਦਾ, ਕਦੀ ਘਰ ਨਾ ਜਾਂਦਾ। ਮਾਂ ਤੇ ਭਰਾ ਉਹਨੂੰ ਉਥੇ ਹੀ ਮਿਲ ਜਾਂਦੇ। ਪਿਉ ਨਾਲ ਉਹਦੀ ਬਣਦੀ ਨਹੀਂ ਸੀ। ਕਈ ਮਫਰੂਰ ਕਾਮਰੇਡ ਗ੍ਰਿਫਤਾਰੀ ਤੋਂ ਬਚਣ ਲਈ ਉਸ ਕੋਲ ਆ ਟਿਕਦੇ ਸਨ।
ਉਦੋਂ ਜਦੋਂ ਪਿੰਡ ਅਗੇ ਵਡੀ ਮੁਸ਼ਕਲ ਆ ਬਣੀ ਕਿ ਜਿਹੜੇ ਦੋ-ਢਾਈ ਸਾਲ ਦੇ ਛੋਹਰ ਨੂੰ ਟੱਪਰੀਵਾਸ ਸੁੱਟ ਗਏ ਸਨ, ਉਹਦਾ ਕੀ ਕੀਤਾ ਜਾਵੇ? ਉਦੋਂ ਵੀ ਕਾਮਰੇਡ ਬੱਚੀ ਅੱਗੇ ਆਇਆ ਸੀ ਕਿ ਬੱਚਾ ਉਹ ਸਾਂਭੇਗਾ। ਨਹੀਂ ਤੇ ਲੰਬੜ ਹੁਰੀਂ ਉਹਨੂੰ ਸੈਂਟਰਲ ਯਤੀਮਖਾਨੇ, ਅੰਮ੍ਰਿਤਸਰ ਭੇਜੂ ਸਨ। ਕਾਮਰੇਡ ਉਹ ਬੱਚਾ ਚੁੱਕ ਕੇ ਘਰ ਲੈ ਆਇਆ ਸੀ। ਕੁਛ ਦੇਰ ਤੇ ਉਹਦੀ ਮਾਂ ਤੇ ਉਹਦੀ ਭਰਜਾਈ ਉਹਨੂੰ ਸਾਂਭਦੀਆਂ ਰਹੀਆਂ, ਪਰ ਮਾਂ ਦੇ ਯਕਦਮ ਢਿੱਲੇ ਹੋ ਜਾਣ ਮਗਰੋਂ ਭਰਜਾਈ ਜਵਾਬ ਦੇ ਗਈ। ਉਦੋਂ ਤੱਕ ਛੋਹਰ ਤਿੰਨ ਕੁ ਦਾ ਹੋ ਚੁੱਕਾ ਸੀ। ਕਾਮਰੇਡ ਚਾਹੁੰਦਾ ਤਾਂ ਉਹਨੂੰ ਘਰ ਹੋਰ ਵਧੇਰੇ ਸਮੇਂ ਲਈ ਰੱਖ ਸਕਦਾ ਸੀ, ਪਰ ਵੱਡੀ ਮੁਸ਼ਕਲ ਉਹਦੇ ਪਿਉ ਦੀ ਸੀ। ਉਹਦਾ ਪਿਉ, ਰਤਨਾ ਚਮਿਆਰ ਬੜਾ ਸੜੀਅਲ ਸੀ। ਉਹ ਆਪਣੇ ਪੁੱਤਰ ਬੱਚੀ ਉਪਰ ਆਉਂਦਾ ਗੁੱਸਾ ਦੂਸਰਿਆਂ ਤੇ ਕੱਢਦਾ ਸੀ। ਬੱਚੀ ਤੋਂ ਉਹ ਅੰਦਰੋਂ ਡਰਦਾ ਸੀ, ਕਿਉਂਕਿ ਉਹ ਅੰਦਰੋਂ ਨੀਚ ਮਨੁੱਖ ਸੀ। ਉਹਨੂੰ ਪੜ੍ਹੇ-ਲਿਖੇ ਕਾਮਰੇਡ ਬੱਚੀ ਦਾ ਪਟਵਾਰੀ ਜਾਂ ਮਾਸਟਰ ਬਣਨ ਦੀ ਥਾਂ ਸੀ.ਪੀ.ਆਈ. ਦਾ ਪਾਰਟੀ ਕਾਰਡ ਲੈਣਾ ਚੁੱਭਦਾ ਸੀ। ਉਹ ਵੇਲਾ ਤੱਕਾ ਕੇ ਉਸ ਨਿੱਕੇ ਜਿਹੇ ਘੋੜੀਆਂ ਵਾਲਿਆਂ ਦੇ ਯਤੀਮ ਛੋਹਰ ਦੇ ਦੋ-ਚਾਰ ਕੰਨਾਂ ਤੇ ਛੱਡ ਦੇਂਦਾ। ਕਾਮਰੇਡ ਬੱਚੀ ਨੂੰ ਇਕ ਦਿਨ ਪਤਾ ਲੱਗਣ ਤੇ ਉਹਨੇ ਪਿਉ ਨੂੰ ਭਿਆਨਕ ਢੰਗ ਨਾਲ ਖਿੱਚਿਆ ਸੀ, ਪਰ ਅੰਦਰੋਂ ਉਹਨੂੰ ਡਰ ਪੈ ਗਿਆ ਸੀ ਕਿ ਉਸਦਾ ਵਹਿਸ਼ੀ ਪਿਉ ਕਿਸੇ ਦਿਨ ਨਿੱਕੇ-ਨਿਆਣੇ ਦਾ ਘੋਗਾ ਨਾ ਚਿੱਤ ਕਰ ਦਏ! ਉਹ ਉਸ ਛੋਹਰ ਨੂੰ ਭਰਜਾਈ ਵਲੋਂ ਸਾਂਭਣ ਤੋਂ ਜਵਾਬ ਮਿਲਣ ਮਗਰੋਂ ਪਹਿਲਾ ਹਫ਼ਤਾ ਤਾਂ ਬਾਬੇ ਦੇ ਡੇਰੇ ਤੇ ਲੈ ਗਿਆ ਤੇ ਮਗਰੋਂ ਬੰਗਾ-ਨਵਾਂਸ਼ਹਿਰ ਵਾਲੀ ਸੜਕ ਤੇ ਉਹਦੇ ਪੁਰਾਣੇ ਸਾਥੀ ਮਾਸਟਰ ਕੁਲਬੀਰ ਦੇ ਪਿੰਡ ਜੱਬੋਵਾਲ ਲੈ ਗਿਆ। ਮਾਸਟਰ ਤਰਖਾਣਾਂ ਵਿਚੋਂ ਸੀ ਤੇ ਸਰਕਾਰੀ ਨੌਕਰ ਹੋਣ ਦੇ ਬਾਵਜੂਦ ਪਾਰਟੀ ਹਮਦਰਦ ਸੀ। ਉਹਦੇ ਆਪਣੇ ਹੀ ਟੱਬਰ ਦੇ ਕਿੰਨੇ ਬਾਲ ਸਨ। ਉਹ ਤੇ ਉਹਦੇ ਭਰਾ ਕਿਸੇ ਪੁਰਾਣੇ ਡੇਰੇਦਾਰਾਂ ਵਾਂਗ ਰਹਿੰਦੇ ਸਨ। ਪਿਉ ਨੈਰੋਬੀ ਗਿਆ ਨਹੀਂ ਸੀ ਮੁੜਿਆ ਤੇ ਮਗਰ ਬੁੱਢੀ ਮਾਂ, ਕੁਲਬੀਰ ਦੇ ਛੋਟੇ ਭਰਾਵਾਂ ਦੇ ਟੱਬਰ, ਉਹਨਾਂ ਦੇ ਬੀਵੀਆਂ ਬੱਚੇ ਤੇ ਕੁਲਬੀਰ ਦੇ ਆਪਣੇ ਵੀ ਤਿੰਨ ਬਾਲ ਸਨ। ਪਿੰਡ ਦੇ ਬਾਹਰਵਾਰ ਉਹਨਾਂ ਵੱਡੇ-ਵੱਡੇ ਕੋਠੇ ਛੱਤ ਕੇ ਡੇਰਾ ਬਣਾਇਆ ਹੋਇਆ ਸੀ। ਕੁਲਬੀਰ ਦੀ ਬੁੱਢੀ ਮਾਂ ਤੇ ਉਹਦੀ ਸਿਆਣੀ ਬੀਵੀ ਨੇ ਉਸ ਛੋਹਰ ਨੂੰ ਹੱਥੋ-ਹੱਥ ਲੈ ਲਿਆ। ਉਥੇ ਉਹ ਛੋਹਰ ਤਕਰੀਬਨ ਦਸ-ਯਾਰਾਂ ਵਰ੍ਹੇ ਰਿਹਾ। ਕੁਲਬੀਰ ਬਾਕੀ ਨਿਆਣਿਆਂ ਵਾਂਗ ਉਹਨੂੰ ਪਿੰਡ ਵਾਲੇ ਪ੍ਰਾਇਮਰੀ ਸਕੂਲ ਭੇਜਦਾ ਤੇ ਸ਼ਾਮ ਨੂੰ ਘਰ ਪੜੌਂਦਾ ਸੀ। ਉਸ ਬਾਲ ਲਈ ਕੁਲਬੀਰ ਦੀ ਵਹੁਟੀ ਹੀ ਮਾਂ ਸੀ ਤੇ ਕੁਲਬੀਰ ਦੀ ਮਾਂ ਉਹਦੀ ਦਾਦੀ ਸੀ।
ਬਸ ਉਦੋਂ ਹੀ ਅਸਹਿ ਵਿਛੋੜਾ ਪਿਆ, ਜਦੋਂ ਕੁਲਬੀਰ ਨੇ ਕਾਮਰੇਡ ਬੱਚੀ ਨੂੰ ਕਿਹਾ ਕਿ ਹੁਣ ਇਹਨੂੰ ਨੌਵੀਂ-ਦਸਵੀਂ ਲਈ ਕਿਤੇ ਹੋਰ ਦਾਖਲ ਹੋਣ ਦੀ ਲੋੜ ਪਵੇਗੀ। ਉਥੋਂ ਉਹਨੂੰ ਬੰਗਿਓਂ ਨੌਵੀ ਕਰਵਾ ਕੇ ਦਸਵੀਂ ਲਈ ਕਾਮਰੇਡ ਬੱਚੀ ਨੇ ਜਲੰਧਰ ਦੇ ਸਾਈਂ ਦਾਸ ਸਕੂਲ ’ਚ ਦਾਖਲ ਕਰਵਾ ਦਿੱਤਾ। ਜੱਬੋਵਾਲ ਨਾਲੋਂ ਟੁੱਟ ਕੇ ਉਹ ਬੜਾ ਰੋਇਆ। ਉਧਰ ਜੱਬੋਵਾਲੀਏ ਉਹਦੇ ਨਾਲੋਂ ਵੱਧ ਰੋਏ ਸਨ। ਉਹ ਹਰ ਸ਼ਨੀਵਾਰ ਸਾਈਕਲ ਚੁੱਕਦਾ ਤੇ ਜਲੰਧਰੋਂ ਫਗਵਾੜਾ, ਬੰਗਾ ਹੁੰਦਾ ਜੱਬੋਵਾਲ ਜਾ ਸਾਈਕਲ ਵਾੜਦਾ ਸੀ। ਚਾਰ ਕੁ ਘੰਟਿਆਂ ਵਿਚ ਉਹ ਪਿੰਡ ਜਾ ਅਪੜਦਾ। ਜਲੰਧਰ ਉਹਦਾ ਟਿਕਾਣਾ ਕਾਮਰੇਡ ਬੱਚੀ ਨੇ ਜਲੰਧਰ ਦੇ ਮਸ਼ਹੂਰ ਮਿਲਾਪ ਚੌਂਕ ਦੇ ਅੰਦਰ ਜਾਂਦੀ ਗਲੀ ਵਿਚਲੇ ਇਕ ਉਜਾੜ ਜਿਹੇ ਚੁਬਾਰੇ ਕਰ ਦਿੱਤਾ ਸੀ। ਥੱਲੇ ਬਿਜਲੀ ਦੇ ਸਾਮਾਨ ਦੀਆਂ ਦੁਕਾਨਾਂ ਸਨ। ਉਪਰ ਕਾਮਰੇਡਾਂ ਦਾ ਟਿਕਾਣਾ ਸੀ। ਸਾਰੀ ਜਾਇਦਾਦ ਦਾ ਮਾਲਕ ਸ਼ਹਿਰ ਦੇ ਰਈਸ ਕਾਮਰੇਡ ਸੰਧੂ ਦਾ ਇਕਲੌਤਾ ਪੁੱਤਰ ਸੀ। ਛੋਟੇ ਸੰਧੂ ਦੀ ਵਿਚਾਰਧਾਰਾ ਮਾਰਕਸੀ ਸੀ। ਉਹਨੇ ਕਾਮਰੇਡ ਬੱਚੀ ਤੇ ਕਾਮਰੇਡ ”ਟਾਂਡੇ’’ ਨੂੰ ਚੁਬਾਰਾ ਪੱਕਾ ਹੀ ਦਾਨ ਕਰ ਛੱਡਿਆ ਸੀ। ਉਥੇ ਹੀ ਉਹਨੂੰ ਕਾਮਰੇਡ ”ਬੱਚੀ’’ ਦੇ ਅਸਲ ਸੰਘਰਸ਼ ਭਰੇ ਜੀਵਨ ਦਾ ਪਤਾ ਲੱਗਾ ਸੀ। ਪਿੰਡ ਜਾਂ ਜੱਬੋਵਾਲ ਰਹਿੰਦਿਆਂ ਉਹਨੂੰ ਕੀ ਪਤਾ ਲੱਗਣਾ ਸੀ ਕਿ ਸੰਸਾਰ ਵਿੱਚ ਪਦਾਰਥ ਦੀਆਂ, ਸਰਮਾਏ ਦੀਆਂ, ਰਾਜਨੀਤੀ ਦੀਆਂ ਕਿਹੜੀਆਂ ਰੌਆਂ ਵਹਿ ਰਹੀਆਂ ਨੇ? ਤੇ ਇਹ ਸਭ ਜੋ ਵਾਪਰਦੈ, ਇਹਦੇ ਪਿਛੇ ਕਿਹੜੇ-ਕਿਹੜੇ ਉਹ ਕਾਰਨ ਕਾਰਜੀ ਸਬੰਧ ਨੇ…?
ਇਹ ਗਿਆਨ ਦੀਆਂ ਅਵਿਰਲ ਧਾਰਾਵਾਂ ਵਹਿੰਦਿਆਂ ਤੇ ਉਥੇ ਰਹਿ ਕੇ ਦਸਵੀਂ ਕਰਦਿਆਂ ਸ਼ੁਰੂ ਵਿਚ ਤੇ ਉਹਦੇ ਸਿਰ ਉਪਰੋਂ ਲੰਘ ਜਾਂਦੀਆਂ ਰਹੀਆਂ। ਪਰ ਸਮਾਂ ਬੜਾ ਬਲਵਾਨ ਏ, ਉਹ ਜਾਣਦਾ ਏ ਕਿ ਲੋਹੇ ਤੇ ਲਗਾਤਾਰ ਸੱਟ ਮਾਰੀ ਜਾਉ, ਅੰਤ ਉਹ ਤੁਹਾਡੇ ਅਨੁਕੂਲ ਹੋ ਹੀ ਜਾਂਦਾ ਏ।
ਇੰਜ ਹੀ ਹੋਇਆ….। ਹੌਲੀ-ਹੌਲੀ ਉਹ ਗੁਰਦੁਆਰੇ ਜਾਂ ਜੱਬੋਵਾਲ ਦਿਆਂ ਪੀਰਾਂ ਦੀਆਂ ਥਾਵਾਂ ਤੇ ਮੱਥਾ ਟੇਕਣ ਵਾਲਾ ਬੱਚਾ ਨਾ ਰਿਹਾ। ਸਗੋਂ ਹੱਡੀਆਂ ਤੱਕ ”ਪਦਾਰਥਵਾਦ’ ਅਤੇ ”ਦਵੰਦਵਾਦ ਭੌਤਿਕਵਾਦ’’ ਨੂੰ ਪੜ੍ਹਨ ਸਮਝਣ ਵਾਲਾ ਪੱਕਾ ਕਾਮਰੇਡ ”ਫਤਿਹ’ ਬਣ ਗਿਆ।
ਕਾਮਰੇਡ ਬੱਚੀ ਨੇ ਹੀ ਉਹਦਾ ਨਾਂ ਪਹਿਲੇ ਦਿਨ ਤੋਂ ”ਫਤਹਿ ਸਿੰਘ’’ ਰੱਖ ਦਿੱਤਾ ਸੀ।
ਉਹ ਅੱਜ ਦਾ ਕਾਮਰੇਡ ”ਫਤਹਿ ਸਿੰਘ’’ ਮੈਂ ਹੀ ਹਾਂ, ਜਿਹੜਾ ਕਾਮਰੇਡ ਤਰਸੇਮ ਦੇ ਕਹੇ ਤੇ ਬਾਬੇ ਭਿੰਡਰਾਵਾਲੇ ਤੇ ਪੁਲਸੀਆਂ ਦੀਆਂ ਗੁਪਤ ਏਜੰਸੀਆਂ ਨਾਲ ਮੱਥਾ ਲੌਂਦਾ ਅੱਜ ਇਧਰ ਬਰਨਾਲੇ-ਸੰਗਰੂਰ ਵਲ ਗੁਪਤ ਢੰਗ ਨਾਲ ਪਨਾਹ ਲਈ ਬੈਠਾ ਹਾਂ।

5
ਬੇਬੇ ਬਾਰੇ ਹਰ ਕੋਈ ਗੱਲ ਕਰਨੀ ਚਾਹੁੰਦੈ, ਪਰ ਸਭੇ ਚੁੱਪ ਵੀ ਰਹਿਣਾ ਲੋਚਦੇ ਨੇ। ਬੇਬੇ ਦੀ ਕੌੜੀ ਜ਼ੁਬਾਨ ਤੇ ਬਦਲੇਖ਼ੋਰੀ ਤੋਂ ਸਭੇ ਤ੍ਰਹਿੰਦੇ ਨੇ। ਬੇਬੇ ਬਾਰੇ ਬਥੇਰੀ ਦੰਦ-ਕਥਾ ਚਲਦੀ ਏ, ਪਰ ਬੇਬੇ ਵੇ ਕਿ ਆਪ ਹੀ ਸਭੇ ਕੁਛ ਦੱਸ ਦੇਂਦੀ ਏ। ਇਕ ਤੇ ਉਹਦੀ ਲੁਤਰੋ ਬੜੀ ਚਲਦੀ ਏ ਤੇ ਦੂਸਰੇ ਅੱਖ ਦੇ ਇਸ਼ਾਰੇ ਨਾਲ ਵਿਆਖਿਆ ਕਰੀ ਟੁਰੀ ਜਾਂਦੀ ਏ। ਵਿਚ-ਵਿਚ ਕਿਸੇ ਮੰਝੇ ਹੋਏ ਕਲਾਕਾਰ ਵਾਂਗ ਕਦੀ ਉਹਦੇ ਚਿਹਰੇ ਤੇ ਪਏ ਹੋਏ ਵੱਟ ਗੱਲਾਂ ਕਰਦੇ ਨੇ, ਕਦੀ ਉਹਦੇ ਹੱਥਾਂ ਦੀਆਂ ਉਂਗਲਾਂ ਤੇ ਕਦੀ ਉਹਦਾ ਸਾਰਾ ਸਰੀਰ ਹੀ ਗੱਲਾਂ ਬਣ ਜਾਂਦਾ ਏ। ਕੋਈ ਕਹਿ ਨਹੀਂ ਸਕਦਾ, ਪਈ ਉਹ ਅੱਸੀਆਂ ਨੂੰ ਟੱਪੀ ਹੋਈ ਬੋਬੋ ਏ। ਕਈ ਤੇ ਉਹਨੂੰ ”ਬੋਬੋ’’ ਵੀ ਕਹਿ ਦੇਂਦੀਆਂ ਨੇ। ਗੱਲਾਂ ਕਰਨ ਤੇ ਗਾਹਲਾਂ ਕੱਢਣ ਦੇ ਜੋਸ਼ ਵਿਚ ਉਹ ਜਿਵੇਂ ਕੋਈ ਚੌਦਾਂ, ਪੰਦਰਾਂ ਵਰਿ੍ਹਆਂ ਦੀ ਬਾਲੜੀ ਲਗਦੀ ਏ। ਉਹਦੇ ਨਾਲ ਉਹਦਾ ਕੋਈ ਡੱਫਰ ਜਿਹਾ ਰਿਸ਼ਤੇਦਾਰ ਰਹਿੰਦਾ ਏ। ਕੋਈ ਕਹਿੰਦੈ ਕਿ ਉਹਦਾ ਪੁੱਤਰ ਏ। ਕੋਈ ਉਹਦਾ ਪੋਤਰਾ ਦੱਸਦੈ। ਉਂਜ ਏਸ ਬੁੱਧ ਵਲ੍ਹੇਟ ਦੇ ਮੂੰਹ ਤੋਂ ਉਹਦੀ ਉਮਰ ਦਾ ਕੋਈ ਪਤਾ ਨਹੀਂ ਸੀ ਲਗਦਾ। ਬਹੁਤੀਆਂ ਗੱਲਾਂ ਖਰੀਆਂ-ਖਰੀਆ ਕਰਨ ਵਾਲੀ ਬੇਬੇ ”ਇਨਕੇ’’ ਆਪਣੇ ਪੁੱਤਰ ਦੀ ਗੱਲ ਕਰਦੀ ਖਾਮੋਸ਼ ਹੋ ਜਾਂਦੀ ਤੇ ਫੇਰ ਗੱਲ ਬਦਲ ਜਾਂਦੀ। ਮੈਨੂੰ ਤੇ ਉਹਦੇ ਪੁੱਤਰ ਦਾ ਨਾਂ ”ਇਨਕਾ ਸਿੰਘ’’ ਹੀ ਘਬਰਾਹਟ ਪਾਣ ਲਗ ਪਿਆ। ਸਾਰੇ ਉਹਨੂੰ ”ਉਏ ਇਨਕਿਆ’’ ਕਹਿ ਕੇ ਵਾਜ਼ ਮਾਰਦੇ, ਮੈਥੋਂ ਉਹਨੂੰ ਵੇਖ ਕੇ ਅਵਾਜ਼ ਹੀ ਨਾ ਨਿਕਲਦੀ, ਸ਼ੁਰੂ ਵਿਚ ਤੇ ਮੈਂ ਉਹਨੂੰ ”ਆਉ ਭਾਜੀ’’ ਕਹਿ ਦੇਂਦਾ। ਫੇਰ ਹੌਲੀ-ਹੌਲੀ ”ਬਾਈ’’ ਜਾਂ ”ਬੀਰ ਜੀ’’ ਕਹਿਣ ਲੱਗ ਪਿਆ। ਉਹ ਥਿੰਮਾਂ ਭਰੇ ਚਿਹਰੇ ਤੇ ਕੋਈ ਗੱਲ ਕੋਈ ਭਾਵ ਨਹੀਂ ਸੀ ਆਉਣ ਦੇਂਦਾ। ਉਹਦੀ ਮਾਂ ”ਬੋਬੋ’ ਸਾਡੀ ਮਕਾਨ ਮਾਲਕਣ ਸੀ। ਉਸ ਘਰ ਵਿਚ, ਜਾਂ ਕਹਿ ਲਵੋ, ਅੱਧੇ-ਪੌਣੇ ਖੇਤ ਜਿੱਡੇ ਵਾਗਲ ਵਿਚ ਉਘੜ-ਦੁਘੜੇ ਬਣੇ ਚਾਰ-ਪੰਜ ਕਮਰੇ ਤੇ ਬਰਾਂਡਾ ਉਹਨਾਂ ਕੋਲ ਸੀ ਤੇ ਬਾਹਰ ਸੜਕ ਵਲ ਬਣੇ ਕਮਰੇ ਕਿ ਖਬਰੇ ਢਾਰੀਆਂ ਜਿਹੀਆਂ ਸਾਡੇ ਕੋਲ ਸਨ। ਇਕ ਵੱਡਾ ਕਮਰਾ ਸਾਡੇ ਕੋਲ ਯਾਨੀ ਕਿ ਬਿਜਲੀ ਬੋਰਡ ਦੀ ”ਆਜ਼ਾਦ ਗਰੁੱਪ’’ ਯੂਨੀਅਨ ਕੋਲ ਸੀ। ਆਜ਼ਾਦ ਗਰੁੱਪ ਦਾ ਮੁਖੀ ”ਕੰਵਲ ਸਿੰਘ ਰਹੀੜਾ’ ਸੀ। ਏਸ ਗਰੁੱਪ ਨੂੰ ਦੋ-ਤਿੰਨ ਖੱਬੇਪੱਖੀ ਜਥੇਬੰਦੀਆਂ ਦੇ ਨਾਲ ”ਖਾਲਸਾ’’ ਗਰੁੱਪ ਦੀ ਚੁੱਪ ਕੀਤੀ ਹਮਾਇਤ ਪ੍ਰਾਪਤ ਸੀ। ”ਕੰਵਲ ਸਿੰਘ ਰਹੀੜਾ’’ ਕਦੀ ਧਾਰਮਿਕ ਸਟੇਜਾਂ ਤੇ ਵੀ ਗਾਉਂਦਾ ਰਿਹਾ ਸੀ ਤੇ ਅਜ਼ਾਦ ਵਿਚਰਨ ਦਾ ਹਾਮੀ ਸੀ। ਖੱਬੇ ਪੱਖੀਆਂ ਨਾਲ, ਵਿਸ਼ੇਸ਼ਕਰ ਨਕਸਲੀਆਂ ਦੇ ‘ਨਾਗਾ ਰੈਡੀ’’ ਗਰੁੱਪ ਨਾਲ ਉਹਦੀ ਨੇੜਤਾ ਸੀ। ਉਥੋਂ ਹੀ ਤਰਸੇਮ ਨਾਲ ਨੇੜਤਾ ਬਣੀ ਸੀ। ਇਹ ਬੇਬੇ ਵਾਲਾ ਕਮਰਾ ਉਹਨੇ ਸਾਲਾਂ ਪਹਿਲਾਂ ਕਿਰਾਏ ਤੇ ਲਿਆ ਸੀ, ਜਦੋਂ ਇਥੇ ਰਾਤ ਨੂੰ ਗਿੱਦੜ ਹਵਾਂਕਦੇ ਸਨ। ਬੇਬੇ ਤੇ ਉਹਦਾ ”ਇਨਕਾ’’ ਇਥੇ ਇਹ ਛੱਤਿਆ ਘਰ ਝੂੰਗੇ ਵਿੱਚ ਮਿਲਣ ਕਾਰਨ ਵੱਸ ਗਏ ਸਨ। ਚੋਬਰਦਾਰ ਤੇ ਵਰਿ੍ਹਆਂ ਪਹਿਲਾਂ ਦਾ ਮਰ ਚੁੱਕਾ ਸੀ। ਸਣੇ ਖੇਤ, ਇਹ ਘਰ ਬੇਬੇ ਦੀ ਮਾਲਕੀ ਵਿਚ ਆ ਗਏ ਸਨ। ਪੈਪਸੂ ਟੁੱਟ ਚੁੱਕਾ ਸੀ ਤੇ ਪੰਜਾਬ ਸਰਕਾਰ ਦਾ ਰਾਜ ਹੋ ਗਿਆ ਸੀ। ਕੰਵਲ ਸਿੰਘ ਰਹੀੜੇ ਨੇ ਨਾ ਸਿਰਫ਼ ਯੂਨੀਅਨ ਲਈ ਇਹ ਢਾਰਾ ਕਿਰਾਏ ਤੇ ਲਿਆ, ਸਗੋਂ ਨਾਲ ਵਾਲਾ ਦੂਸਰਾ ਢਾਰਾ ”ਮਲੇਰੀਏ ਦੀ ਰੋਕਥਾਮ’’ ਵਾਲੇ ਸਰਕਾਰੀ ਹਸਪਤਾਲ ਦੇ ਯੂਨਿਟ ਨੂੰ ਕਿਰਾਏ ਤੇ ਦਵਾ ਦਿੱਤਾ ਸੀ। ਉਦੋਂ ਦੇ ਵੀਹ-ਬਾਈ ਸਾਲ ਪੁਰਾਣੇ ਬੈਠੇ ਉਹ ਬੇਬੇ ਨੂੰ ਪੰਜਾਹ ਰੁਪਏ ਕਿਰਾਇਆ ਦੇਈ ਆਉਂਦੇ ਸਨ। ਬੇਸ਼ਕ ਕੰਵਲ ਵਾਲੀ ਯੂਨੀਅਨ ਨੇ ਉਥੇ ਜੰਗਲ ’ਚ ਮੰਗਲ ਲਾ ਦਿੱਤਾ ਸੀ, ਪਰ ਬੇਬੇ ਨੂੰ ਅੱਜ ਇਕ-ਇਕ ਢਾਰਾ ਤਿੰਨ-ਤਿੰਨ, ਚਾਰ-ਚਾਰ ਸੌ ’ਚ ਚੜ੍ਹਦਾ ਦਿੱਸਦਾ ਸੀ। ਬਾਹਰੋਂ ਉਹ ਪੂਰਾ ਨਾ ਉਭਾਸਰਦੀ, ਪਰ ਅੰਦਰੋਂ ਕਚੀਚੀਆਂ ਵੱਟਦੀ ਸੀ….
ਇਸ ਸਾਰੇ ਘਰ ਵਿਚ ਜੇ ਕੋਈ ਚੀਜ਼ ਮੈਨੂੰ ਪਰੇਸ਼ਾਨ ਕਰਦੀ ਸੀ ਤਾਂ ਉਹ ਸੀ ਇਨਕੇ ਦੀ ਘਰਵਾਲੀ! ਪੰਝੀਆਂ, ਖਬਰੇ ਕਿ ਸਤਾਈਆਂ-ਅਠਾਈਆਂ ਦੀ ਇਹ ਜਨਾਨੀ ਦੇਖਣ-ਪਾਖਣ ਨੂੰ ਸਧਾਰਨ ਸੀ। ਜਿਵੇਂ ਆਮ ਪੰਜਾਬਣਾਂ ਹੁੰਦੀਆਂ ਨੇ, ਪਰ ਜਦੋਂ ਵੀ ਉਹਦਾ ਦਾਅ ਲੱਗਦਾ, ਮੈਨੂੰ ਇਕੱਲੇ ਨੂੰ ਵੇਖ-ਵੇਖ ਉਹ ਲੁੱਚੇ ਗੋਣ ਗਾਣ ਲੱਗ ਪੈਂਦੀ। ਵਿਚ-ਵਿਚ ਕੰਮ ਕਰੀ ਜਾਂਦੀ। ਮੇਰੀ ਵੱਲ ਵੇਖਦੀ ਵੀ ਨਾ, ਪਰ ਮੈਨੂੰ ਪਤਾ ਹੁੰਦਾ ਕਿ ਉਹ ਮੈਨੂੰ ਵਿਖਾ ਕੇ ਕੰਮ ਕਰ ਰਹੀ ਹੈ ਤੇ ਮੈਨੂੰ ਸੁਣਾ ਕੇ ਗਾਉਣ ਗਾਉਂਦੀ ਪਈ ਹੈ। ਇਹ ਸਭ ਕੁਛ ਉਹ ਬੇਬੇ ਦੀ ਗੈਰਹਾਜ਼ਰੀ ਵਿਚ ਹੀ ਕਰਦੀ। ਆਪਣੇ ਘਰ ਵਾਲੇ ਇਨਕੇ ਨੂੰ ਤੇ ਉਹ ਟਿੱਚ ਜਾਣਦੀ ਸੀ, ਜਾਂ ਕਹਿ ਲਵੋ, ਜਿਵੇਂ ਕੋਈ ਤਗੜਾ ਭਲਵਾਨ ਐਵੇਂ ਕਿਸੇ ਕਮਲੇ ਤੇ ਤਰਸ ਕਰਕੇ ਉਹਦੀ ਪਿੱਠ ਤੇ ਹੱਥ-ਹੁੱਥ ਫੇਰ ਛੱਡੇ, ਉਹ ਏਦਾਂ ਦਾ ਕੁਛ ਹੀ ਇਨਕੇ ਨਾਲ ਵਿਹਾਰ ਕਰਦੀ ਸੀ। ਪਰ ਬੇਬੇ ਕੋਲੋਂ ਉਹ ਬੜਾ ਤ੍ਰਹਿੰਦੀ ਸੀ। ਲਗਦੀ ਵਾਹ ਉਹ ਬੇਬੇ ਸਾਹਵੇਂ ਹੁੰਦੀ ਹੀ ਨਾ, ਸਗੋਂ ਕੰਮ ਵਿਚ ਲਗੀ ਰਹਿੰਦੀ। ਬੇਬੇ ਦਿਹਾੜੀ ’ਚ ਇੱਕ-ਦੋ ਵਾਰ ਜ਼ਰੂਰ ਉਹਨੂੰ ਗਾਹਲਾਂ ਦਾ ਛਾਂਦਾ ਦੇਂਦੀ ਸੀ। ਖਾਸ ਕਰ ਮੇਰੀ ਹਾਜ਼ਰੀ ਵਿਚ, ਬੋਘੇ, ਕਰਨੈਲ ਦੀ ਹਾਜ਼ਰੀ ਵਿੱਚ ਉਹ ਸਾਨੂੰ ਸੰਬੋਧਤ ਹੋ ਕੇ ਕਹਿੰਦੀ ਰਹਿੰਦੀ:
”ਇਹ ਜੈ ਖਾਣੇ ਦੀ ਮੈਂ ਮਸਤੂਆਣੇ ਆਲੇ ਬਾਬੇ ਦੇ ਗੁਰਦੁਆਰੇ ਦੇ ਪਿਛਲੇ ਬੰਨ੍ਹੇ ਬੈਠੇ ਬਾਜੀਗਰਾਂ ਤੋਂ ਲਿਆਈ ਆਂ। ਮਾਂ ਏਹਦੀ ਤੇ ”ਲਿੱਦੜਾ’ ਪਿੰਡ ਦੇ ਜੱਟਾਂ ਦੀਆਂ ਬੁੱਤੀਆਂ ਕਰਦੀ ਤੀ। ਨਗਦ, ਪੰਜ ਹਜ਼ਾਰ ਧਰਿਆ ਮੈਨੇ ਨਗਦ ਇਸਦੇ ਪਿਉ ਦੇ ਹੱਥ ਤੇ। ਤਬੀ ਉਸਨੇ ਤੋਰਿਆ ਏਸਨੂੰ ਜੈ ਖਾਣੇ ਦੀ ਨੂੰ ਸਾਡੇ ਨਾਲ।’’
ਇਹ ਗੱਲ ਏਨੀ ਵਾਰ ਦੁਹਰਾਈ ਗਈ ਸੀ ਕਿ ਸਾਡੀਆਂ ਅੱਖਾਂ ਅਗੇ ਜਿਵੇਂ ਏਸ ਜਨਾਨੀ ”ਗੇਜੋ’’ ਦੀਆਂ ਸਾਰੀਆ ਦ੍ਰਿਸ਼ਾਵਲੀਆਂ ਘੁੰਮ ਜਾਂਦੀਆਂ। ਮੈਂ ਤਾਂ ਕਲਪਨਾ ਵਿਚ ਮਸਤੂਆਣੇ ਵਾਲੀ ਸੜਕ, ਤੇ ਲਿੱਦੜਾਂ ਵਾਲੀ ਸੜਕ ਘੁੰਮਣ ਲਗ ਪੈਂਦਾ।
… ਇਹ ਸਭ ਕੁਛ ਸੁਣਨ ਮਗਰੋਂ ਹਰ ਵਾਰ ਏਸ ”ਗੇਜੋ’’ ਦੀ ਦੇਹ, ਉਹਦੀਆਂ ਅੱਖਾਂ ਸੁਣ ਕੇ ਝੂਠੀਆਂ ਪੈ ਜਾਂਦੀਆਂ ਸਨ। ਬੇਬੇ ਇਥੇ ਹੀ ਬਸ ਨਹੀਂ ਸੀ ਕਰਦੀ। ਉਹ ਗਲੋਟੇ ਵਾਂਗ ਉਧੜੀ ਜਾਂਦੀ:-
”ਇਹ ਤੇ ਮਸਾਂ ਪੰਦਰਾਂ ਕੁ ਦੀ ਸੀ, ਜਦੋਂ ਮੈਂ ਆਪਣੇ ”ਇਨਕੇ’’ ਲਈ ਇਹਨੂੰ ਮੁੱਲ ਲੈ ਆਂਦਾ ਸੀ। ਪਿਉ ਇਹਦੇ ਨੂੰ ਗਾਂਡ….. ਦੀ ਆਦਤ। ਉਹ ਤੇ ਨਵੇਂ-ਨਵੇਂ ਰੰਗਰੂਟ ਪੱਟ ਲਿਔਂਦਾ ਸੀਗਾ। ਉਹ ਨਾਲੇ ਤੇ ਇਹਦੇ ਪਿਉ ਦੀ ਮਾਰਦੇ, ਨਾਲੇ ਇਹਨੂੰ ਵਰਤੀ ਜਾਂਦੇ ਤੀਗੇ। ਮੇਰਾ ”ਇਨਕਾ’’ ਉਮਰੋਂ ਜ਼ਰੂਰ ਵੱਡਾ, ਪਰ ਮਾੜਾ ਨੀ ਤੀ ਉਦੋਂ! ਉਤੋਂ ਇਹ ਔਂਤਰ ਢਿੱਡੋ ਨਹੀਂ ਸੀ ਫੁੱਟੀ। ਮਾਂ ਇਹਦੀ ਦਾ ਅਲਾਜ ਵੀ ਮੈਨੇ ਕਰਾਇਆ, ਤੇ ਪਿਉ ਦਾ ਇਹਦੇ ਦਾ, ਦਾ ਅਲਾਜ ਭੀ ਮੈਂ ਹੀ ਕਰਾਇਆ ਤੀ।’ ਹੁਣ ਦੱਸ ਹਰਾਂਬੜ, ਕਿਤੇ ਭੋਰਾ ਗੁਣ ਨ੍ਹੀਂ ਜਾਣਦੀ।
ਅਸੀਂ ਸੁਣੀ ਜਾਂਦੇ। ਬੋਘੇ ਹੁਣੀਂ ਹੱਸੀ ਜਾਂਦੇ। ਕਦੀ-ਕਦੀ ਸੇਮੀ ਵੀ ਆ ਜਾਂਦਾ। ਸੇਮੀ ਨਾਲ ਵੀ ਬੇਬੇ ਦੀ ਸਾਂਝ ਸੀ। ਸੇਮੀ ਕਈ ਵਰ੍ਹੇ ਇਥੇ ਕੱਟ ਕੇ ਗਿਆ ਸੀ। ਸੇਮੀ ਦਾ ਜੋੜ ਆਜ਼ਾਦ ਗਰੁੱਪ ਨਾਲ ਸ਼ੁਰੂ ਤੋਂ ਹੀ ਸੀ। ”ਕੰਵਲ ਰਹੀੜਾ’’ ਉਹਦੀ ਜੁੰਡੀ ਦਾ ਪੱਕਾ ਆੜੀ ਸੀ। ਤਰਸੇਮ ਉਰਫ਼ ”ਸੇਮੀ’’ ਦੇ ਆਏ ਤੇ ਮਾਹੌਲ ਬੜਾ ਖੁੱਲ੍ਹ ਜਾਂਦਾ ਸੀ। ਪਤਾ ਨਹੀਂ ਕਿਉਂ, ਜਿੰਨੇ ਦਿਨ ਸੇਮੀ ਰਹਿੰਦਾ, ਬੇਬੇ ਸਵੇਰ ਦੀ ਰੋਟੀ ਅਵੱਸ਼ ਸੇਮੀ ਨੂੰ ਅਵਾਜ਼ ਮਾਰਕੇ ਖੁਆਂਦੀ। ਇਨਕਾ ਵੀ ਹੱਸ-ਹੱਸ ਕੇ ਸੇਮੀ ਨਾਲ ਗੱਲੀਂ ਲੱਗਾ ਰਹਿੰਦਾ। ਗੇਜੋ ਵੀ ਸਾਰੇ ਵਿਹੜੇ ਵਿਚ ਭੱਜੀ ਫਿਰਦੀ। ਉਦੋਂ ਉਹਦੀ ਬੇਬੇ ਵਲ ਦਿਖਦੀ ਝਿਜਕ ਵੀ ਮਿੱਟ ਜਾਂਦੀ। ਸੇਮੀ ਸਣੇ ਉਹ ਸਾਡੀਆਂ ਸਾਰਿਆਂ ਦੀਆਂ ਬੁੱਤੀਆਂ ਸਾਰੀ ਜਾਂਦੀ। ਕਿਸੇ ਨੂੰ ਚਾਹ, ਕਿਸੇ ਨੂੰ ਰੋਟੀ! ਤੇ ਦੋ ਕੁ ਦਿਨ ਸੇਮੀ ਰਹਿੰਦਾ। ਮੇਰੇ ਨਾਲ ਅਗਲੀ ਪਾਰਟੀ-ਪਾਲਸੀ ਸਾਂਝੀ ਕਰਦਾ ਤੇ ਜਿਵੇਂ ਕਿ ਰਾਤ ਆਇਆ ਹੁੰਦਾ, ਉਵੇਂ ਹੀ ਰਾਤ ਨੂੰ ਟੁਰ ਜਾਂਦਾ।
ਅਪਰੇਸ਼ਨ ਬਲੂ ਸਟਾਰ ਹੋਏ ਨੂੰ ਅਜੇ ਮਸਾਂ ਸਾਲ ਕੁ ਹੀ ਹੋਇਆ ਸੀ। ਮੈਂ ਸੇਮੀ ਦੇ ਕਹੇ ਤੇ ਬਰਨਾਲੇ-ਸੰਗਰੂਰ ਆਲੀ ਪੱਟੀ ਵਿਚ ਦੜ ਵੱਟੀ ਬੈਠਾ ਸਾਂ। ਸੇਮੀ ਦਾ ਵਿਚਾਰ ਸੀ ਕਿ ਮਲਵਈਆਂ ਦੇ ਏਸ ਇਲਾਕੇ ਵਲ ਸਦਾ ਮਾਰਕਸੀ ਵਿਚਾਰਧਾਰਾ ਵਾਲੀਆਂ ਧਿਰਾਂ ਸਰਗਰਮ ਰਹੀਆਂ ਸਨ। ਏਸ ਲਈ ਖਾੜਕੂ ਏਧਰ ਆਉਂਦੇ-ਆਉਂਦੇ ਹੀ ਕਦੀ ਆਉਣਗੇ। ਪਰ ਪਿਛਲੇ ਕਈ ਮਹੀਨਿਆਂ ਤੋਂ ਮੈਂ ਇਥੇ ਰਹਿ ਰਿਹਾ ਸਾਂ ਤੇ ਮੇਰੇ ਤੇ ਸੇਮੀ ਦੇ ਕਿਆਫ਼ੇ ਗਲਤ ਸਾਬਤ ਹੋਣ ਨੂੰ ਫਿਰਦੇ ਸਨ। ਉਧਰ ਅਜਨਾਲੇ, ਅਟਾਰੀ, ਫਤਹਿਗੜ੍ਹ ਚੂੜੀਆਂ, ਬਟਾਲੇ ਵਲ ਮੈਂ ਕਈ ਸਾਲ ਪਾਰਟੀ ਲਈ ਕੰਮ ਕੀਤਾ ਸੀ। ਉਧਰ ”ਝੰਡੇਰ ਗਰੁੱਪ’’ ਨੇ ਅੱਤ ਚੁੱਕੀ ਤਾਂ ਮੈਂ ਮੁੜ ਮਾਹਲਪੁਰ ਵਲ ਪਰਤ ਗਿਆ ਸਾਂ। ਹੁਣ ਉਧਰ ਖਾੜਕੂ ਕੁਲਵਿੰਦਰ ”ਪਿੰਕੀ ਗਰੁੱਪ’’ ਮੇਰੇ ਤੇ ਸੇਮੀ ਦੇ ਵਰੰਟ ਕੱਢੀ ਫਿਰਦਾ ਸੀ।
… ਅਜੇ ਤੇ ਅਸੀਂ ਇਸ ਗੱਲੋਂ ਜ਼ਾਹਰ ਨਹੀਂ ਸੀ ਹੋਣ ਦਿੱਤਾ ਕਿ ਅਜਨਾਲੇ ਤੋਂ ਲੈ ਕੇ ਮਾਹਲਪੁਰ, ਨਵਾਂਸ਼ਹਿਰ, ਜਲੰਧਰ, ਬੰਗੇ ਤੱਕ ਅਸੀਂ ਹੀ ”ਲਾਲ ਰੇਖਾ’’ ਪਰਚੇ ਨੂੰ ਹਰ ਮਹੀਨੇ, ਦੋ ਮਹੀਨੇ ਬਾਦ ਰਾਤ-ਬਰਾਤੀ ਵੰਡਦੇ ਹਾਂ। ਬਾਬਾ ਭਿੰਡਰਾਂਵਾਲਾ ਤੇ ਉਹਦੇ ਚਾਟੜੇ ਸਾਡੀਆਂ ਪੈੜਾਂ ਲੱਭਦੇ ਮਰ ਗਏ ਪਈ ਉਹਨਾਂ ਦੇ ਪੋਤੜੇ ਫੋਲਣ ਵਾਲਾ ”ਲਾਲ ਰੇਖਾ’’ ਨਾਂ ਦਾ ਪਰਚਾ ਕੱਢਣ ਵਾਲਾ ਗਰੁੱਪ ਕਿਹੜਾ ਹੈ? ਨਾ ਸੇਮੀ ਕਦੀ ਜ਼ਾਹਰ ਹੋਇਆ, ਨਾ ਕਦੀ ਮੈਂ, ਤੇ ਨਾ ਹੀ ਅਸੀਂ ”ਲਾਲ ਰੇਖਾ’’ ਦੇ ਸੰਪਾਦਕ, ਉਹਦੀ ਰੂਹੇ-ਰਵਾਂ ਕਾਮਰੇਡ ”ਨਿਹਾਲ ਸਿੰਘ’’ ਉਰਫ਼ ਪਊਏ ਦਾ ਪਤਾ ਲੱਗਣ ਦਿੱਤਾ ਸੀ। ਕਾਮਰੇਡ ”ਨਿਹਾਲ’’ ਦਾ ਕੱਦ ਬੜਾ ਛੋਟਾ ਸੀ। ਛੀਂਟਕੇ ਜਿਹੇ ਸਰੀਰ ਵਾਲੇ ਕਾਮਰੇਡ ਨੂੰ ਸਾਰੇ ਬੜੀ ਮੁਹੱਬਤ ਕਰਦੇ ਤੇ ਪਿਆਰ ਨਾਲ ਕਾਮਰੇਡ ”ਪਊਆ’’ ਕਹਿੰਦੇ ਸਨ। ਉਹ ਬੜਾ ਦਿਲਰੱਖ ਤੇ ਪੀਡਾ ਬੰਦਾ ਸੀ। ਸੱਠ੍ਹਵਿਆਂ ਦੇ ਸ਼ੁਰੂ ਵਿਚ ਹੀ ਉਹ ”ਕਾਮਰੇਡ ਚਾਰੂ’’ ਨਾਲ ਬੰਗਾਲ ਤੇ ਦਿੱਲੀ ਦਿਆਂ ਗੁਪਤ ਅੱਡਿਆਂ ਤੇ ਕਈ ਪਾਰਟੀ ਮੀਟਿੰਗਾਂ ਕਰ ਚੁੱਕਾ ਸੀ। ਉਹ ਤੇ ਉਹਦੇ ਨਾਲ ਦੇ ਕਾਮਰੇਡ ਗੁਰਬਖਸ਼ ਤੇ ਕਾਮਰੇਡ ਹਾਕਮ ਉਹਦੀ ਬੜੀ ਦੀਦ ਕਰਦੇ ਸਨ। ਮਗਰੋਂ ਉਹ ਆਪਣੀ ਵੱਖਰੀ ਪਾਰਟੀ ਲਾਈਨ ਖਿੱਚ ਗਿਆ ਸੀ। ਆਪਣੇ ਪਰਚੇ ”ਲਾਲ ਰੇਖਾ’’ ਨਾਲ ਉਸ ਸੰਨ ਬਿਆਸੀ ਦੇ ਅਖੀਰ ਤੋਂ ਸ਼ੁਰੂ ਹੋ ਕੇ ਭਿੰਡਰਾਂ ਵਾਲੇ ਦੇ ਮਰਨ ਤੱਕ ਉਹਦੇ ਵਿਰੋਧ ਵਿੱਚ ਨਿਧੜਕ ਲਿਖਦਾ ਰਿਹਾ ਸੀ। ਉਹਨੇ ਹੀ ਕਈ ਪੁਰਾਣੇ ਨਕਸਲੀਆਂ ਦੇ ਮੂਲਵਾਦੀਆਂ ਵਿਚ ਜਾ ਰਲਣ ਦੇ ਭੇਦ ਨੰਗੇ ਕੀਤੇ ਸਨ। ਅਕਾਲੀਆਂ ਤੇ ਕਾਂਗਰਸੀਆਂ ਦੇ ਰਲ-ਮਿਲ ਖੇਡਣ ਤੇ ਹੋਰ ਕਈ ਪਾਸਿਆਂ ਤੋਂ ਅੱਤਵਾਦ ਨੂੰ ਹਵਾ ਦੇ ਰਹੇ ਸਰਕਾਰੀ ਤੰਤਰ ਦੀ ਹਵਾ ਵੀ ਏਸੇ ”ਲਾਲ ਰੇਖਾ’’ ਨੇ ਹੀ ਖੋਲ੍ਹੀ ਸੀ।
ਇਥੇ ਸੰਗਰੂਰ ਬੈਠਾ ਮੈਂ ਹਰ ਪੰਦਰਵਾੜੇ ਪਹਿਲਾਂ ”ਪੱਧਰੀ ਧਰਤੀ’’ ਨਾਂ ਦਾ ਪੰਦਰਵਾੜਾ ਬਰਨਾਲੇ ਅਪੜਦਾ ਕਰਦਾ ਹਾਂ। ਫੇਰ ਦੋ ਕੁ ਦਿਨਾਂ ਬਾਦ ”ਰੈਡ ਸਲਿਊਟ’’ ਨਾਂ ਦਾ ਅੰਗਰੇਜ਼ੀ ਦਾ ਪੈਂਫਲਿਟ ”ਸਾਨਿਆਲ’’ ਗਰੁੱਪ ਵਾਲੇ ਮਨਜੀਤ ਹੁਰੀਂ ਭਿਜਵਾ ਦੇਂਦੇ ਨੇ। ਫੇਰ ਕਦੀ-ਕਦੀ ”ਚੱਕਰਧਾਰੀ’’ ਨਾਂ ਦਾ ਪਰਚਾ ਵੀ ਸਾਬਣ ਪੈਕ ਕਰਨ ਵਾਲੇ ਗੱਤੇ ਦਿਆਂ ਨਿੱਕੇ ਡੱਬਿਆਂ ਵਿਚ ਪੈਕ ਹੋ ਕੇ ਆ ਜਾਂਦੈ। ”ਲਾਲ ਰੇਖਾ’’ ਪਰਚੇ ਨੂੰ ਬੜਾ ਸੰਭਾਲ ਕੇ ਲਿਆਂਦਾ ਜਾਂਦੈ। ਮੈਨੂੰ ਆਪ ਵੀ ਪਤਾ ਨਹੀਂ ਲਗਦਾ ਕਿ ਕਦੋਂ ਮੇਰੇ ਏਸ ਢਾਰੇ ਵਰਗੇ ਕਮਰੇ ਵਿੱਚ ਉਹਦਾ ਪੈਕਟ ਆ ਜਾਂਦੈ? ਸੇਮੀ ਦਾ ਇਹ ਸਟੈਂਡਿੰਗ ਹੁਕਮ ਹੈ ਕਿ ਪਰਚੇ ਬਾਰੇ ਘੋਖ-ਪੜਤਾਲ ਨਹੀਂ ਕਰਨੀ। ਪਰਚਾ ਤੈਨੂੰ ਕਮਰੇ ਵਿਚ ਬੰਡਲ ਦੇ ਰੂਪ ਵਿਚ ਬੱਝਾ ਮਿਲੇਗਾ। ਤੂੰ ਬਸ ਹਨੇਰਾ ਪਏ ਤੇ ਸੰਗਰੂਰ ਤੋਂ ਬਰਨਾਲਾ ਰੋਡ ਤੇ ਰੇਲਵੇ ਲਾਈਨ ਕੋਲ ਬਣੀ ਧੱਕਾ ਬਸਤੀ ਦੇ ਬਾਹਰ ਦਿਨ-ਰਾਤ ਖੁੱਲ੍ਹੀ ਰਹਿੰਦੀ ਚਾਹ ਦੀ ਦੁਕਾਨ ਤੇ ਚਾਹ ਪੀਣ ਦੇ ਬਹਾਨੇ ਰੱਖ ਕੇ ਪਰਤ ਆਉਣਾ ਹੈ….! ਮੈਂ ਬਸ ਹੁਕਮ ਵੱਜਾ ਦੇਨਾ ਵਾਂ…..!
ਪਰ ਇਹ ਵੀ ਦੱਸਦਾ ਜਾਵਾਂ ਕਿ ਬਾਕੀ ਦੇ ਪਰਚੇ ਸਾਰੇ ਮੈਂ ਹੀ ਟਿਕਾਣੇ ਲਾਉਂਦਾ ਹਾਂ। ਇਹਨਾਂ ਦਿਨਾਂ ਵਿੱਚ ਮੈਂ ਆਪਣੇ ਸਾਥੀਆਂ ਤੋਂ ਛੁੱਟੀ ਲੈ ਲੈਂਦਾ ਹਾਂ। ਬਸ ਕਦੀ-ਕਦੀ ਬੋਘਾ ਮੇਰੇ ਨਾਲ ਹੋ ਲੈਂਦਾ ਏ। ਬੋਘਾ ”ਸੇਮੀ’’ ਦਾ ਵੀ ਵਫ਼ਾਦਾਰ ਏ। ਉਹਨੂੰ ਪਾਰਟੀ ਦੇ ਅੰਦਰੂਨੀ ਕੰਮਾਂ ਦਾ ਨਹੀਂ ਪਤਾ, ਪਰ ਉਹ ਆਪਣੀ ਸਿੱਧੜ ਬੁੱਧੀ ਰਾਹੀਂ ਏਨਾ ਕੁ ਸਮਝਦਾ ਏ ਕਿ ਅਸੀਂ ਕਿਰਤੀ-ਕਾਮਿਆਂ ਦੇ ਨਾਲ ਦੇ ਹਾਂ ਤੇ ਖਾਲਿਸਤਾਨੀਆਂ ਦੇ ਕੱਟੜ ਵਿਰੋਧੀ ਹਾਂ।
ਸਾਈਕਲ ਤੇ ਹੀ ਮੈਂ ਤਪੇ, ਭਦੌੜ, ਹੰਢਿਆਏ ਕੈਂਚੀਆਂ ਤੱਕ ਮਾਰ ਕਰਦਾ ਤੇ ਪੁਰਾਣੇ ਨਕਸਲੀ ਸਾਥੀਆਂ ਤੱਕ ਲਿਟਰੇਚਰ ਹੱਥੀਂ ਫੜਾ ਕੇ ਆਉਂਦਾ ਹਾਂ। ਤਪੇ ਕੋਲ ਜਾ ਕੇ ਮੈਂ ਪਿੰਡ ”ਮੂੰਮ’’ ਲਾਲ ਸਲਾਮ ਜ਼ਰੂਰ ਕਰਦਾ ਹਾਂ। ਏਦਾਂ ਹੀ ਇਕ ਦਿਨ ਮੈਂ ਬਿਨਾਂ ਕਿਸੇ ਕਾਰਣ ਬਰਨਾਲੇ ਰਾਏਕੋਟ ਵਲ ਦੇ ਪਿੰਡ ”ਕਾਲਸਾਂ ਤੇ ਦਦਾਹੂਰ’’ ਵਲ ਭਟਕਦਾ ਫਿਰੀ ਗਿਆ ਸਾਂ। ਇਹਨਾਂ ਪਿੰਡਾਂ ਵਿੱਚ ਸਤਰ੍ਹਵਿਆਂ ਵਿਚ ਮੇਰੇ ਸਾਥੀਆਂ ਦਾ ਖੂਨ ਡੁੱਲ੍ਹਾ ਸੀ। ਝੂਠੇ ਮੁਕਾਬਲੇ ਬਣਾ ਕੇ ਅਕਾਲੀ ਸਰਕਾਰ ਨੇ ਇਹ ਹੀਰਿਆਂ ਵਰਗੇ ਤੇ ਗਰੀਬਾਂ ਦੀ ਸਾਰ ਲੈਣ ਵਾਲੇ ਸੁਨਹਿਰੀ ਦਿਲ ਖਾਮੋਸ਼ ਕਰ ਛੱਡੇ ਸਨ। ਮੇਰੇ ਕੋਲ ਅੱਜ ਸੰਨ ਛਿਆਸੀ ਵਿਚ ਸਿਵਾਏ ਚਾਰ ਹੰਝੂਆਂ ਦੇ, ਦੇਣ ਲਈ ਕੁਝ ਨਹੀਂ ਸੀ!

6
ਬੇਬੇ ਦੀ ਬੁੜਬੁੜ :-
”ਮੈਂ ਬਤੇਰ੍ਹੀ ਹਰਾਂਬੜ ਥੀ! ਹੁਣ ਬੀ ਆਂ, ਪਰ ਹੁਣ ਮੈਂ ਬੁੜ੍ਹੀ ਹੋ ਗਈ ਆਂ।’’
ਮੈਂ ਤਾਂ ਬੰਦੇ ਨੂੰ ਬੰਦਾ ਨਹੀਂ ਤੀ ਜਾਣਦੀ। ਜਦ ਤੱਕ ਤਾਂ ਮੇਰੇ ਪੱਟਾਂ ’ਚ ਜਾਨ ਰਹੀ, ਮੈਂ ਤਾਂ ਕਹਿੰਦੇ ਕੁਹਾਉਂਦੇ ਪਤੰਦਰਾਂ ਦੀ….’ਚੋਂ ਪਾਣੀ ਚੁਆ ਦੇਂਦੀ ਤੀ। ਮੇਰੇ ਨਾਲ ਜਾਖਲ ਦੀਆਂ ਤੇ ਟੋਹਾਣੇ ਵਲ ਦੀਆਂ ਫਿੰਨੋ ਤੇ ਪੂਰੋ ਨਾਲ ਰਹੀਆਂ ਤੀਗੀਆਂ ਕਈ ਸਾਲ। ਮੈਂ ਤਾਂ ਆਪਣੇ ਆਪ ਨੂੰ ਬਥੇਰਾ ਤਗੜਾ ਸਮਝਦੀ ਤੀ, ਪਰ ਫਿੰਨੋ ਤਾਂ ਸਾਡੀ ਦੋਹਾਂ ਦੀ, ਮੇਰੀ ਤੇ ਪੂਰੋ ਦੀ ਵੀ ਉਸਤਾਦ ਤੀ। ਫਿੰਨੋ ਤਾਂ ਘੰਟੇ ਅੱਧੇ ’ਚ ਹੀ ਅੱਧੀਆ ਪੀ ਲੈਂਦੀ ਤੀ। ਪੂਰੀ ਸ਼ਰਾਬਣ ਤੀ। ਅਸੀਂ ਤੇ ਮਸਾਂ ਮਰ ਕੇ ਦੋ-ਦੋ ਪੈੱਗ, ਖਣੀ ਤਿੰਨ ਪੈਗ ਲੈਂਦੀਆਂ ਤੀਗੀਆਂ। ਫਿੰਨੋ ਅੰਦਰ ਜਦ ਅਧੀਆ ਕੁ ਲੰਘ ਜਾਣਾ ਤਾਂ ਉਸ ਮਾਰਨੇ ਪੱਟਾਂ ਤੇ ਹੱਥ। ਸਲਵਾਰ ਲਾਹ ਕੇ ਹੱਥ ’ਚ ਫੜ ਲੈਣੀ। ਮਰਦਾਂ ਮਾਂਗੂ ਬੱਕਰੇ ਬੁਲਾਣੇ ਤੇ ਕਹਿਣਾ, ਆ ਜੋ ਮਾਂ….! ਸਲਵਾਰ ਜਦ ਈ ਪਾਮਾਂਗੀ, ਜਦ ਧਨੇਸੜੀ ਪੂਰੀ ਓ ਤੁਹਾਡੀ……… ਮਾਂ ਧੱਕ ਦੇਊਂਗੀ!
ਅਸੀਂ ਵੀ ਬਥੇਰੀਆਂ ਤਗੜੀਆਂ ਤੀਗੀਆਂ। ਸਾਡੇ ਮਾਪਿਆਂ ਸਾਥੋਂ ਖਬਰੈ ਕੈ ਹਜ਼ਾਰ ਰੁਪਏ ਬਣਾਏ ਹੋਣਗੇ? ਕੋਈ ਅੰਦਾਜ਼ਾ ਵੀ ਨਹੀਂ। ਮੈਂ ਤੇ ਫਿੰਨੋ ਤਾਂ ਬੌਰੀਆਂ ਦੀਆਂ ਕੰਨਿਆਵਾਂ ਤੀਗੀਆਂ। ਪੂਰੋ ਮਹਿਤਰਾਂ ਕੀ ਕੰਨਿਅ ਤੀ। ਮੈਂ ਤੇ ਫਿੰਨੋ ਤਾਂ ਇਕੋ ਟੋਲੇ ਵਿਚੋਂ ਸਾਂ। ਸਾਡੇ ਤਾਂ ਘਰ ਵੀ ਲਵੇ ਹੀ ਤੀਗੇ ਇਕ ਦੂਏ ਦੇ। ਬਾਪ ਸਾਡੇ ਗ਼ਰੀਬੀ ਦੇ ਮਾਰੇ ਥੇ। ਫਿੰਨੋ ਕੇ ਬਾਪ ਨੂੰ ਤਾਂ ਸਾਹ ਕੀ ਬਿਮਾਰੀ ਤੀ। ਸਾਨੂੰ ਮੰਡੀ ਕੇ ਕਾਕਿਆਂ ਨਾਲ ਪੱਚੀ-ਪੰਜਾਹ ’ਚ ਸਾਡੇ ਬਾਪ ਤੋਰਨ ਲੱਗ ਪਏ ਥੇ, ਜਦ ਤਾਂ ਅਸੀਂ ਮਸਾਂ ਪੰਦਰਾਂ ਕੁ ਦੀਆਂ ਭੀ ਨਹੀਂ ਹੋਈਆਂ ਤੀਗੀਆਂ। ਫਿੰਨੋ ਮੈਤੋਂ ਵੱਡੀ ਤੀ, ਉਹ ਪਹਿਲੇ ਹੀ ਏਸ ਕੰਮ ’ਚ ਤੀਗੀ। ਪੂਰੋ ਸਾਨੂੰ ਜਾਖਲ ਕੇ ਅਮਰੂ ਬਦਮਾਸ਼ ਦੇ ਡੇਰੇ ਪਰ ਮਿਲੀ ਤੀ। ਅਮਰੂ ‘ਜਾਖਲ’ ਕਾ ਕਹਿੰਦਾ ਕੁਹਾਉਂਦਾ ਵੈਲੀ ਥਾ। ਰਤੀਏ ਤੱਕ ਉਸਦੀ ਮਾਰ ਥੀ। ਤੀਮੀਆਂ ਨੂੰ ਇਕ ਥਾਂ, ਦੂਜੀ ਥਾਂ ਬਠਾਉਣ ਦਾ ਕੰਮ ਤੀ ਉਸਦਾ। ਕੈ ਸਾਲ ਉਸਨੇ ਸਾਨੂੰ ਨਰਬਾਣਾ, ਜੀਂਦ, ਖਨੌਰੀ, ਟੌਹਾਣੇ ਤੇ ਕਿੰਨੇ ਹੀ ਲੋੜਵੰਦਾਂ ਘਰ ਬਠਾਣਾ, ਅਸੀਂ ਦੋ-ਚਾਰ ਦਿਨ ਮਾਂ ਹੀ ਦਾਓ ਤਕਾ ਕੇ ਭੱਜ ਲੈਣਾ। ਕੋਈ ਅਮਲੀ ਹੁੰਦਾ, ਕਦੀ ਕੋਈ ਛੜਾ ਛਾਂਟ ਜਾਂ ਰੰਡਾ ਤੇ ਕਦੀ ਬੱਕਰੀਆਂ ਵਾਲੇ ਹੁੰਦੇ। ਉਹ ਸਾਡੀ ਪੈੜ ਕਹਾਂ ਤੇ ਭਾਲਤੇ? ਅਸੀਂ ਤਾਂ ਮਾਰ ਇਕ ਰਾਤ ਨੂੰ ਲਹਿਰੇਗਾਗੇ ਕੱਟਤੀਆਂ ਤੇ ਦੂਸਰੀ ਸਵੇਰ ਬੁਢਲਾਡੇ, ਤੇ ਤੀਸਰੀ ਸਵੇਰ ਅਸੀਂ ਪਾਤੜੀਂ ਪਿੰਡ ਕਿਸੇ ਵੈਲੀ ਕੇ ਯਹਾਂ ਤੇ ਕਾਟ ਰਹੀ ਹੋਤੀਂ। ਉਦੋਂ ਤਾਂ ਮੈਂ ਬਾਗੜੀ ਬੋਲਿਆ ਕਰਤੀ ਥੀ। ਯੋ ਪੰਜਾਬੀ ਤਾਂ ਏਸ ਕੁੱਤੇ ਚੋਬਦਾਰ ਨਾਲ ਏਸ ਸੰਗਰੂਰ ਕੀ ਧਰਤੀ ਮਾ ਬਸ ਕਰ ਸੀਖੀ।
ਅਸੀਂ ਤਾਂ ਏਸ ਔਂਤਰੀ ਧਨੌਲੇ ਕੀ ਮੰਡੀ ਮਾ ਆਕਰ ਫਸ ਗਈ ਥੀ। ਧਨੌਲੇ ਮੈਂ ਔਰ ਪੂਰੋ ਆਈਆਂ ਤੀਗੀਆਂ। ਮੈਨੂੰ ਕੱਲ੍ਹ ਮਾਂਗ ਯਾਦ ਐ, ਦੇਸ ਅਜੇ ਅਜ਼ਾਦ ਨਹੀਂ ਥਾ ਹੋਇਆ, ਪਰ ਰੌਲੇ ਸ਼ੁਰੂ ਥੇ। ਸ਼ਾਇਦ ਸੰਤਾਲੀ ਕੀ ਹੀ ਸ਼ੁਰੂਆਤ ਥੀ। ਅਸੀਂ ਦੋਹੇਂ ਉੱਨੀ ਦਿਨੀਂ ਬਡਬਰ ਕੇ ਜੁਗਨੀ ਬਦਮਾਸ਼ ਕੇ ਟੋਲੇ ਨਾਲ ਰਹਿ ਰਹੀਆਂ ਤੀਗੀਆਂ। ਜੁਗਨੀ ਕਾ ਟੋਲਾ ਰਹਿੰਦਾ ਤਾਂ ਆਪਣੇ ਇਲਾਕੇ ਬਡਬਰ, ਧਨੌਲੇ ਜਾਂ ਬੜੀ ਹੱਦ ਸੰਘੇੜੇ ਤੀਗਾ, ਪਰ ਉਹ ਡਾਕੇ ਭਵਾਨੀਗੜ੍ਹ ਤੋਂ ਪਟਿਆਲੇ ਅੱਲ ਕੇ ਪਿੰਡਾਂ ਮਾਂ ਮਾਰਿਆ ਕਰਦਾ ਤੀ। ਉਸਕੇ ਖਬਰੈ ਕਿਤਨੇ ਆੜੀ ਥੇ, ਕਿਤਨੇ ਅੱਡੇ ਠਿਕਾਣੇ…? ਅਸੀਂ ਧਨੌਲੇ ਉਸ ਪਾਸ ਟਿਕੀਆਂ ਹੋਈਆਂ ਤੀਗੀਆਂ। ਮੈਂ ਸਰਦੂਲਗੜ੍ਹ ਤੋਂ ਅੱਗੇ ਤੇ ਪਿੰਡ ਸਰਦੂਲੇ ਅਲਾ ਕੇ ਇਕ ਜੱਟ ਨੂੰ ਗੇੜੀ ਦੇਕਰ ਆਈ ਥੀ, ਔਰ ਪੂਰੋ ਤਾਂ ਜਮਾਂ ਵਿਹਲੀ ਤੀ। ਬਸ ਝੱਟ ਲੰਘੋਣ ਦੀ ਮਾਰੀ ਮੇਰੇ ਨਾਲ ਬੈਠਕ ਤੋਂ ਦੂਸਰੀ ਬੈਠਕ ਫਿਰੀ ਗਈ। ਸਾਨੂੰ ਉਦੋਂ ਦਾਰੂ ਔਰ ਮੀਟ ਕਾ ਸਵਾਦ ਪੜ ਗਿਆ ਥਾ। ਬਾਕੀ ਕੇ ਸਵਾਦ ਭੀ ਥੇ…..! ਅਸੀਂ ਜੁਗਨੀ ਬਦਮਾਸ਼ ਨਾਲ ਫਿਰੀਂ ਗਏ। ਇਕ ਵਾਰ ਅਸੀਂ ਫਸ ਚਲੀਆਂ ਥੀ। ਜੁਗਨੀ ਮਗਰ ਕਿਤੇ ਮੁਸਲਮਾਨ ਠਾਣੇਦਾਰ ਪੜਾ ਹੂਆ ਥਾਂ। ਉਸਸੇ ਛਿਪਤੇ ਉਸਕੇ ਦੋ ਸਾਥੀ ਮਸਤੂਆਣੇ ਗੁਰਦੁਆਰੇ ਕੇ ਚਲ ਰਹੇ ਦੀਵਾਨ ਮਾ ਘੁਸੇ ਹੂਏ ਥੇ। ਮਾਰ ਆਦਮੀ ਇਕੱਠੇ ਤੇ ਵਹਾਂ…..! ਮੈਂ ਤੇ ਪੂਰੋ ਵੀ ਉਥੇ ਹੀ ਫਿਰਦੀਆਂ ਸਾਂ। ਤਬੀ ਖਾਲਸੇ ਏਧਰ ਔਰਤਾਂ ਵਾਲੇ ਪਾਸੇ ਆ ਕੇ ਕਹੀ ਜਾਣ: ”ਅੰਮ੍ਰਿਤ ਸ਼ੱਕੋ ਭੈਣੋ। ਮੈਂ ਤਾਂ ਫੱਟ ਕਹਿ ਤਾ, ਭਾਈ ਸਾਨੂੰ ਤਾਂ ਥਿਹਾ ਹੀ ਨਹੀਂ। ਪੂਰੋ ਵੀ ਕਹਿੰਦੀ, ”ਸਾਨੂੰ ਤਾਂ ਬਾਬਾ ਜੀ, ਤੇਹੁ ਹੀ ਨਹੀਂ ਲਗੀ।’’ ਪਰ ਉਹ ਕਹੀ ਜਾਣ। ਖਾਸ ਕਰ ਸਾਡੇ ਮਗਰ ਤਾਂ ਬਾਹਲਾ ਈ ਪੈ ਗਏ। ਖਬਰੈ ਸਾਡੇ ਘੱਗਰੇ ਤੇ ਬੰਡੀਆਂ ਪਈਆਂ ਤੀ, ਏਸ ਕਰਕੇ! ਪਰ ਅਸੀਂ ਵੀ ਤੋੜਕੇ ਜਵਾਬ ਦੇਤਾ:-
”ਬਾਬਾ! ਅਸੀਂ ਕਿਉਂ ਅੰਬਰਤ ਛੱਕੀਏ?’’ ਨਾਲੇ ਅਸੀਂ ਤਾਂ ਬੀੜੀਆਂ ਪੀਂਦੀਆਂ ਤੀ। ਸ਼ਰਾਬ ਭੀ! ਸ਼ਰਾਬ ਤਾਂ ਮੈਂ ਹੁਣ ਭੀ ਪੀ ਲੈਨੀ ਆਂ। ਇਨਕਾ, ਮੇਰਾ ਸ਼ੇਰ, ਮੈਨੂੰ ਚੁੱਪ ਕੀਤੇ ਲਿਆ ਦੇਂਦੈ। ਇਨਕਾ ਮੇਰਾ ਪੁੱਤਰ ਨਹੀਂ, ਫਿੰਨੋ ਦਾ ਐ, ਪਰ ਚੋਬਦਾਰ ਨੂੰ ਮੈਂ ਕਹਿ ਦਿੱਤਾ ਸੀ ਕਿ ਇਹ ਮੇਰਾ ਬਣ ਕੇ ਰਹੂ। ਕਾਗਜਾਂ ਮਾਂ ਭੀ ਮੇਰਾ ਰਹੂ। ਚਾਹੇ ਸਿੱਧਰ ਐ, ਪਰ ਵਫ਼ਾਦਾਰ ਐ। ਕੁੰਨਾ ਐ, ਮੋਹਖੋਰਾ ਐ। ਮੈਂ ਤਾਂ ਇਹਦੇ ਕਰਕੇ ਚੋਬਦਾਰ ਛੱਡ ਗਈ ਤੀ। ਸੰਨ ਪੰਜਾਹ ਦੀ ਗੱਲ ਹੋਊ। ਇਹ ਤਾਂ ਛੀ ਮਹੀਨੇ ਮੇਰੇ ਮਗਰ ਓ ਮਗਰ ਫਿਰੀਂ ਗਿਆ। ਮੇਰੇ ਬਿਨਾਂ ਝੱਟ ਕਿਹੜਾ ਲੰਘਦਾ ਤੀ ਇਹਦਾ? ਕਿੰਨੇ-ਕਿੰਨੇ ਗੰਦੇ ਕਰਮ ਕਰਦਾ-ਕਰੋਂਦਾ ਤੀ ਇਹ। ਹਮਾਤੜ ਤੀਮੀਂ ਤਾਂ ਊਈਂ ਉਛਾਲੀਆਂ ਕਰਕੇ ਮਰ ਜਾਤੀ ਤੀ ਇਹਦੀਆਂ ਗੰਦੀਆਂ ਹਰਕਤਾਂ ਪੁਰ। ਮੈਂ ਹੀ ਤੀ, ਜਿਹੜੀ ਕੱਟ ਗਈ। ਮੈਂ ਵੈਲੀਆਂ ਨਾਲ ਫਿਰੀਂ ਤੁਰੀ ਹੋਈ ਤੀ, ਇਹਦੇ ਆਲੇ ਘੱਤਿਤਾਂ ਨੂੰ ਮੈਂ ਕੀ ਜਾਣਦੀ ਤੀ? ਇਹੇ ਜਿਹੇ ਤਾਂ ਮੈਂ ਆਪਣੇ ਖੱਬੇ ਪੱਟ ਤੋਂ ਹੀ ਚਲਾ-ਚਲਾ ਮਾਰੇ ਵੇ ਤੇ, ਸੱਜੇ ਪੱਟ ਦੀ ਵੀ ਲੋੜ ਨੀਂ ਤੀ ਪੈਂਦੀ…….!
ਇਹ ਚੋਬਦਾਰ ਤਾਂ ਬਸ ਤੀਮੀਂ ਦਾ ਚਾਸੜੂ ਈ ਤੀਗਾ। ਬਸ ਤੀਮੀਂ ਦੀ ਘੱਗਰੀ ਸੁੰਘਣ ਆਲਾ ਕੁੱਤਾ ਈ ਤੀ। ਸਾਲਾ ਪੱਜਲ। ਜਵਾਨੀ ਪਹਿਰ ਤੱਕ ਤਾਂ ਆਪ ਈ ਦੱਸਦੈ, ਪਈ ਮੈਂ ਨਵੀਆਂ ਉੱਠਦੀਆਂ ਵੈਲਣਾਂ ਕੋਲੋਂ ………। ਫੇਰ ਪਤਾ ਨਹੀਂ ਕਿਵੇਂ, ਕਿਸੇ ਸਾਧ ਦੀ ਦਵਾਈ ਖਾਣ, ਲਾਣ ਨਾਲ ਇਹ ਕੰਮ ਤਾਂ ਛੁੱਟ ਗਿਆ, ਪਰ ਮੂੰਹ ਦੀ ਤ੍ਰਿਸ਼ਨਾ… ਨਹੀਂ ਗਈ। ਮੈਂ ਤਾਂ ਚੁੱਪ ਕੀਤੀ ਉਹਦੀ ਬਕਮਾਸ ਸੁਣਦੀ ਰਹਿੰਦੀ ਤੀ। ਮੈਨੂੰ ਉਸਦੇ ਪੈਸੇ ਦੀ, ਘਰ ਬਾਰ ਤੇ ਠਾਹਰ ਦੀ ਲੋੜ ਤੀ, ਉਹਨੂੰ ਮੇਰੀ। ਇਹ ਵੱਡਾ ਖੇਤ ਉਦੋਂ ਨਾਭਾ ਗੇਟ ਵੰਨੀ ਪੈਂਦਾ ਤੀ। ਉਦੋਂ ਸੰਗਰੂਰ ਦਾ ਬਸ ਅੱਡਾ ਵੀ ਕਿੱਥੇ ਹੋਇਆ ਕਰਦਾ ਤੀ? ਸ਼ਹਿਰ ਤਾਂ ਗੇਟਾਂ ਮਾ ਹੀ ਬੱਸਿਆ ਕਰਦਾ ਤੀ। ਇਹ ਸੈਣੀਆਂ ਦਾ ਖੇਤ ਅਸੀਂ ਆ ਕੇ ਆਬਾਦ ਕੀਤਾ। ਦੋ, ਤਿੰਨ ਘਰ ਹੋਰ ਸਨ ਸੈਣੀਆਂ ਦੇ। ਹਾਅ ”ਟੈਣੀ’’ ਡਾਕੂ ਦਾ ਦਾਦਾ ਇੱਥੇ ਸੀ ਸਾਡੇ ਮੁੱਢ। ਉਹਦਾ ਖੂਹ ਚਲਦਾ ਤੀ। ਦੂਸਰੇ ਹਾਅ ਤੋਤੇ ਹੁਰੀਂ ਮੈਂ ਆਪਣੇ ਹੱਥੀਂ ਵਸਾਏ ਐ। ਇਹ ਜੱਟ ਨੇ, ਪਰ ਤੋਤੇ ਕੋਲ ਜ਼ਮੀਨ ਭੋਰਾ ਨਹੀਂ। ਖਬਰਨੀ ਕਿਉਂ ਇਹਨਾਂ ਨੂੰ ”ਰਫੂਜੀ-ਰਫੂਜੀ’’ ਆਖੀ ਜਾਂਦੇ ਐ। ਤੋਤੇ ਨੂੰ ਵੀ ਠੱਗੀ-ਠੋਰੀ ਦਾ ਲਲ੍ਹ ਐ। ਇਹ ਮੇਰੇ ਲਵੇ ਖਬਰਨੀ ਵੀਹ-ਬਾਈ ਸਾਲ ਪਹਿਲਾਂ ਆਇਆ ਤੀ। ਕਹਿੰਦਾ, ਮੇਰੇ ਟੱਬਰ ਨੂੰ ਵਸਦਾ ਕਰ ਦੇ। ਪੁਲਸ ਬਾਰ-ਬਾਰ ਮੇਰੇ ਕਰਕੇ ਮੇਰੇ ਟੱਬਰ ਨੂੰ ਤਕੌਂਦੀ ਐ। ਤੇਰਾ ਘਰ ਭਰ ਦਊ।’’….. ਮੈਂ ਉਦੋਂ ਹੀ ਇਹਨੂੰ ਦੋ ਕੁ ਲਟੈਣ ਪੌਣ ਜੋਗੀ ਥਾਂ ਦੇ ਦਿੱਤੀ। ਲੋੜ ਤਾਂ ਮੇਰੀ ਆਪਣੀ ਵੀ ਤੀਗੀ। ਏਥੇ ਤਾਂ ਜਵਾਂ ਸੁੰਨਸਾਨ ਹੋਇਆ ਕਰਦੀ ਤੀ। ਫੇਰ ਏਸ ਤੋਤੇ ਨੇ ਤਾਂ ਮੇਰਾ ਘਰ ਭਰ ਤਾ ਥੀ। ਕਦੇ ਗਹਿਣਾ, ਕਦੇ ਕਪੜੇ, ਕਦੀ ਭਾਂਡੇ, ਹਰ ਚੋਰੀ ’ਚ ਮੇਰੇ ਲਈ ਕੁਸ ਨਾ ਕੁਸ। ਏਹਦੇ ਘਰ ਵਾਲੀ ”ਜੈ ਕੁਰ’’ ਬਲਾ ਚੰਗੀ ਤੀ। ਹੁਣ ਤੇ ਤੋਤੀ ਚੋਰੀ ਛੱਡ ਗਿਆ। ਜਦ ਦਾ ਥਾਣੇਦਾਰ ”ਦਾਨੇਵਾਲੀਏ’’ ਨੇ ਏਹਦੇ ਗੋਡੇ ਤੋੜੇ ਐ। ਦਾੜ੍ਹੀ ਵਿਚ ਵੀ ਧੌਲੇ ਆ ਗਏ। ਦੋਹੇਂ ਪੁੱਤਰ ਵੀ ਗੱਭਰੂ ਨੇ। ਵਿਆਹ ਇਕੋ ਨੇ ਕਰਾਇਆ ਛੋਟੇ ਨੇ। ਵੱਡਾ ”ਰਾਜੂ’’ ਏਹਦੇ ਤੇ ਗਿਆ। ਕੈ ਥਾਈਂ, ਖਬਰੈ ਕੈ ਮੁਲਕ ਘੁੰਮ ਆਇਆ ਠੱਗੀਆਂ ਮਾਰਦੈ।’’
ਇਹ ਜੈ ਖਾਣੇ ਕੇ ਕਾਮਰੇਟ ਮੈਂ ਆਪ ਹੀ ਸਹੇੜ ਲਏ ਤੀ। ਮੈਨੂੰ ਤੇਜੂ ਕਿਆਂ ਡਰਾ ਤਾ ਤੀ, ਬਈ ਇੱਥੋਂ ਸੜਕ ਲੰਘੂ। ਏਥੋਂ ਕਾਲੋਨੀ ਦੇ ਰਾਹ ਲੰਘਣੇ ਆ। ਤੇਰੀ ਭੋਇੰ ਸਰਕਾਰ ਲਊ। ਮੈਂ ਡਰਦੀ ਨੇ ਔਂਤਰੇ ਬਿਜਲੀ ਬੋਰਡ ਆਲੇ ”ਰਹੀੜੇ’’ ਨੂੰ ਕਮਰੇ ਚਾੜ ਤੇ ਕਿਰਾਏ ਤੇ। ”ਰਹੀੜੇ’’ ਮਰਜਾਣੇ ਨੂੰ ਸਾਰੇ ਕਹਿੰਦੇ ਤੀ, ਅਖੇ ਬੜਾ ਜੁਝਾਰੂ ਐ। ਜਥੇਬੰਦੀ ਦਾ ਮਾਲਕ ਐ। ਮੋਇਆ, ਐਣ ਪੈਣ। ਕੁਲ ਤੀਹ ਰੁਪਈਆਂ ਤੇ ਕਮਰਾ ਦਿੱਤਾ ਸੀ। ਦੂਸਰਾ ਕਮਰਾ ਭੀ ਆਪੇ ”ਮਲੇਰੀਆ ਆਲਿਆਂ’’ ਨੂੰ ਤੀਹ ਰੁਪਏ ਤੇ ਮੈਤੋਂ ਦੇ ਦਵਾ ਗਿਆ। ਅਖੇ- ਬੇਬੇ। ਤੇਰੀ ਬੱਝੀ ਰਕਮ ਕੰਮ ਆਇਆ ਕਰੂ ਹਰ ਮਹੀਨੇ।…. ਏਹਨੂੰ ਡੱਡੂ ਨੂੰ ਕੀ ਪਤੈ, ਕਿ ਮੇਰੇ ਕੋਲ ਬੱਝੀ ਰਕਮ ਦਾ ਅੰਤ ਐ ਕਿਤੇ? ਮਾਰ ਅਜੇ ਤੇ ਚੋਬਦਾਰ ਦੇ ਪੈਸੇ ਨਹੀ ਮੁੱਕੇ। ਤੋਤੇ ਦੇ ਦਿੱਤੇ ਗਹਿਣੇ-ਗੱਟੇ ਪਏ ਵੇ ਐ। ਅੱਜ ਇਹ ਖਾਲੀ ਕਰਨ ਤਾਂ ਦੋਹੇਂ ਕਮਰੇ ਚਾਰ-ਚਾਰ ਸੌ ਨੂੰ ਚੜ੍ਹਾ ਦਿਆਂ ਤੇ ਬੇਬੇ ਜਾਣੀ! ਕੈਂਚੀਆਂ ਆਲਾ ਪੁਰਾਣਾ ਘਰ ਮੈਂ ਫੌਜੀਆਂ ਨੂੰ ਕਹਿ ਕੇ ਇਕ ਮਿੰਟ ਮਾ ਛੁਡਾ ਲਿਆ ਤੀ। ਸੰਨ ਚਰਾਸੀ ’ਚ ਮੈਂ ਹਰਲ-ਹਰਲ ਫਿਰਦੇ ਫੌਜੀਆਂ ਨੂੰ ਮਾੜਾ ਜਾਹ ਰੋਕੇ ਕਿਹਾ ਤੀ, ਕਿਰਾਏਦਾਰ ਮੇਰਾ ਗਰੀਬਣੀ ਦਾ ਘਰ ਖਾਲੀ ਨੀ ਕਰਦੇ। ਉਹ ਫੱਟ ਮੇਰੇ ਨਾਲ ਟੁਰ ਪਏ ਤੇ ਕੰਡਕਟਰਾਂ ਦਾ, ਤੇ ਹਲਵਾਈ ਦਾ ਲਟਾ-ਪਟਾ ਚੁੱਕ ਕੇ ਸੜਕ ਤੇ ਮਾਰਿਆ ਤੀ ਚਲਾਕੇ। ਡਰਦਾ ਕੋਈ ਸਮਾਨ ਨੀ ਤੀ ਚੁੱਕਦਾ। ਦੋ ਕੁ ਦਿਨ ਪਿਆ ਰਿਹਾ। ਫੇਰ ਰਾਤ-ਬਰਾਤੇ ਆਪੇ ਲੈ ਗਏ ਤੀ। ਹੁਣ ਉਸੇ ਪੁਰਾਣੇ ਘਰ ਦੀ ਦੁਕਾਨ ਚਾਹ ਆਲੇ ਕੋਲ ਐ। ਉਪਰਲਾ ਚੁਬਾਰਾ ਮੈਂ ਮੁੜ ਨੀ ਦਿੱਤਾ ਕਿਰਾਏ ਤੇ। ਵੇਲੇ ਕੁਵੇਲੇ ਸਮਾਣੇ ਆਲੀ ”ਭੂਪੀ’ ਲੈ ਜਾਂਦੀ ਐ ਚਾਬੀ…. ਜੇ ਉਸ ਰਹਿਣਾ ਹੋਵੇ। ਨਾਲ ਕੋਈ ਹੋਵੇ ਤਾਂ…..!
ਹੁਣ ਭੀ ਮੈਂ ਏਸ ”ਸੇਮੇ’ ਬੇਟੀਚੋਦ ਨੂੰ ਖਾਕ ਕਰਕੇ ਛੱਡਾਂਗੀ। ਮੂੰਹ ਦੀ ਨੀ ਬਗਾੜਦੀ ਮੈਂ। ਰਹੀੜਾ ਤਾਂ ਰੁੜ ਗਿਆ ਜਾਂਦਾ ਜਾਂਦਾ ਔਂਤਰਾ ਇਹਨੂੰ ਸੌਂਪਣਾ ਕਰ ਗਿਆ। ਅਕੇ ਬੇਬੇ ਜਥੇਬੰਦੀ ਕੇ ਲੋਕ ਐਂ।’’ ਮੂੰਹ ਤੇ ਤਾਂ ਮੈਂ ”ਸੇਮੇ’’ ਨਾਲ ਬਣਾ ਕੇ ਰੱਖਨੀ ਆਂ। ਰੋਟੀ-ਟੁੱਕ ਭੀ ਆਏ ਗਏ ਨੂੰ ਦੇਨੀ ਆਂ। ਪਰ ਇਹਦਾ ਬਾਨੰਣੂ ਮੈਂ ਹੀ ਬੰਨੂ। ਮੈਂ ”ਸਿੱਖ ਫਡਰੇਸ਼ਨ’’ ਆਲੇ ”ਧੱਤੂ ਝਟਕਈ’’ ਨੂੰ ਸਾਈ ਲਾਈ ਹੋਈ ਹੈ, ਪਈ ਇਹਨਾਂ ਦਾ ਕੋਈ ਅੰਤਜਾਮ ਕਰ ਦਏ। ਧੱਤੂ ਕਹਿੰਦਾ ਤੀ ਪਈ ਇਥੇ ਖਾਲਸਤਾਨੀਆਂ ਦਾ ਇਕੋ ਬੰਦਾ ਏ ”ਢਿਲੂ ਫੋਟੋਗਰਾਫ਼ਰ!’’ ਢਿਲੂ ਆਪ ਕੰਮ ਨੀਂ ਕਰਦਾ, ਪਰ ਉਹਦੇ ਕੋਲ ਮੁੰਡੇ ਆਉਂਦੇ-ਜਾਂਦੇ ਨੇ। ਰਾਤ ਭਾਵੇਂ ਉਹ ਮਸਤੂਆਣੇ ਗੁਰਦੁਆਰੇ ਜਾਂ ਕਾਲਜ ਦੇ ਹੋਸਟਲਾਂ ’ਚ ਜਾ ਲੁਕਦੇ ਨੇ। ਕੰਮ ਪਰ ਉਹ ਢਿਲੂ ਦੇ ਕਹਿਣ ਤੇ ਕਰ ਦੇਂਦੇ ਨੇ।
ਮੈਂ ਧੱਤੂ ਨੂੰ ਕਿਹਾ ਏ, ਪਈ ਇਹ ਕਾਮਰੇਟਾਂ ਵਾਲਾ ਕੋਹੜ ਬੱਢ ਦਿਓ। ਹੁਣ ਤੇ ਇਕ ਨਵਾਂ ਹੀ ਰੰਕਰੂਟ ਉਧਰੋਂ ਦੁਆਬੇ ਕੰਨੀਓ ਆਇਆ ਹੋਇਆ ਏ। ਮੇਰਾ ਚਿੱਤ ਏ ਪਈ ਸੇਮੇ ਦੇ ਨਾਲ ਬੋਘੇ ਨੂੰ ਵੀ, ਤੇ ਏਸ ਰੰਕਰੂਟ ਨੂੰ ਵੀ ਛਾਂਦਾ ਦੁਆਮਾਂ।
…. ਦੇਖੋ! ਕੀ ਬਣਦੈ?

7
ਕਾਮਰੇਡ ਸੇਮੀ ਨਾਲ ਮੇਰਾ ਜੋੜ ਤੇ ਸੰਨ ਪੰਝਤਰ ਦੇ ਆਸ-ਪਾਸ ਹੋਇਆ। ਉਦੂੰ ਪਹਿਲਾਂ ਮੈਂ ਸਿਰਫ਼ ਉਹਦੇ ਬਾਰੇ ਸੁਣਦਾ ਸਾਂ, ਉਹ ਵੀ ਆਪਣੇ ਗੁਰੂ ”ਬੱਚੀ’’ ਦੇ ਮੂੰਹੋਂ। ਨਹੀਂ ਤੇ ਬਾਕੀ ਕਾਮਰੇਡ ਘੱਟ ਹੀ ਇਕ ਦੂਸਰੇ ਬਾਰੇ ਦੱਸਦੇ ਸਨ। ”ਨਾਗਾ ਰੈਡੀ’’ ਗਰੁੱਪ ਦੀ ਤੇ ”ਲਾਲ ਰੇਖਾ’’ ਗਰੁੱਪ ਦੀ ਇਹੀ ਖਾਸੀਅਤ ਸੀ। ਪੁਰਾਣਾ ਪਾਰਟੀ ਕੇਡਰ, ਜਿਹੜਾ ਚਾਰੂ ਤੇ ਕਾਨੂੰ ਸਾਨਿਆਲ ਵਾਲੇ ਪੈਟਰਨ ਤੇ ਤੁਰਿਆ ਸੀ, ਜੱਗ ਜ਼ਾਹਰ ਹੋ ਚੁੱਕਾ ਸੀ। ਕਈ ਵੱਡੇ ਪਾਰਟੀ ਲੀਡਰ ਮਾਫੀ ਮੰਗ ਕੇ ਕਾਲਜਾਂ, ਯੂਨੀਵਰਸਿਟੀਆਂ ’ਚ ਜਾ ਲੱਗੇ ਸਨ। ਕਈ ਮਾਰੇ ਗਏ ਸਨ ਤੇ ਕਈ ਕਵਿਤਾਵਾਂ ਲਿਖਣ ਵੱਲ ਪਰਤ ਗਏ ਸਨ। ਮੁਖਬਰ ਆਪੋ ਅਪਾਣੀਆਂ ਡਿਊਟੀਆਂ ਤੇ ਪਰਤ ਗਏ ਸਨ, ਜਿਨ੍ਹਾਂ ਵਿਚੋਂ ਬਹੁਤੇ ਸੀ.ਆਈ.ਡੀ. ਦੇ ਸਿਪਾਹੀ ਸਨ ਤੇ ਸਾਦੇ ਕੱਪੜਿਆਂ ਵਿਚ ਡਿਊਟੀ ਦੇਂਦੇ ਸਨ। ਬਹੁਤੇ ਨਕਸਲੀ ਮੁੰਡੇ ਇਹਨਾਂ ਦੀ ਮਦਦ ਨਾਲ ਮਾਰੇ ਸਨ ਪੁਲਸ ਨੇ, ਤੇ ਪਾਰਟੀ ਸਫਾਏ ਦਾ ਐਲਾਨ ਕਰ ਦਿੱਤਾ ਸੀ। ਸੀ.ਆਈ.ਡੀ. ਵਾਲੇ ਜਿਹੜੇ ”ਸਿਪਾਹੀ’’ ਲਹਿਰ ਵਿੱਚ ਘੁਸਪੈਠ ਕਰ ਗਏ ਸਨ, ਉਹਨਾਂ ਦੇ ਜ਼ਿਲ੍ਹੇ ਬਦਲ ਦਿੱਤੇ ਸਨ। ਕੁਝ ਤਾਂ ਵਿਖਾਵੇ ਲਈ ਅਖਬਾਰਾਂ ਵਿਚ ਕੰਮ ਕਰ ਰਹੇ ਸਨ, ਕੁਝ ਸਕੂਲਾਂ ਕਾਲਜਾਂ ਵਿਚ ਕਲਰਕ ਸਨ। ਕੁਝ ਨੇ ਪੰਦਰਵਾੜੇ ਅਖ਼ਬਾਰ ਸ਼ੁਰੂ ਕਰ ਲਏ ਸਨ। ਸਾਬਕਾ ਮੁੱਖ ਮੰਤਰੀ ਬੱਗਾ ਸਿੰਘ ਤੇ ਉਹਦੇ ਖਾਸ ਡੀ.ਜੀ.ਪੀ. ਸਰਬਿੰਦਰ ਸਿੰਘ ਨੇ ਸਾਰੀ ਲਹਿਰ ਤਾਰਪੀਡੋ ਕਰ ਦਿੱਤੀ ਸੀ।
ਇਹੋ ਜਿਹੇ ਦੌਰ-ਦੌਰਿਆਂ ਵਿਚ ਹੀ ਮੇਰਾ ”ਕਾਮਰੇਡ ਸੇਮੀ’’ ਨਾਲ ਜੋੜ ਹੋਇਆ ਸੀ। ਮੈਂ ਕਿਸੇ ਟੁੱਟੇ ਪੱਤੇ ਵਾਂਗ ਹਵਾ ਵਿਚ ਡੋਲਦਾ ਫਿਰਦਾ ਸਾਂ। ਕਾਮਰੇਡ ”ਬੱਚੀ’’ ਸੰਨ ਤਿਹੱਤਰ ਦਾ ਚੜ੍ਹਾਈ ਕਰ ਚੁੱਕਾ ਸੀ। ਮੈਂ ਨਵਾਂਸ਼ਹਿਰ ਵਾਲੇ ਨਾਕੇ ਤੇ ਪ੍ਰਾਈਵੇਟ ਠੇਕੇਦਾਰਾਂ ਕੋਲ ”ਚੁੰਗੀ ਮਹਿਸੂਲ’’ ਦੀਆਂ ਰਸੀਦਾਂ ਕੱਟਣ ਦੀ ਨੌਕਰੀ ਕਰ ਰਿਹਾ ਸਾਂ। ਰਾਤ ਆਪਣੇ ਪਾਲਕ ਟੱਬਰ ਕੋਲ ਜਬੋਵਾਲ ਲੰਘ ਜਾਂਦਾ ਸਾਂ। ਅਚਾਨਕ ਇਕ ਰਾਤ ਕਾਮਰੇਡ ”ਬੱਚੀ’’ ਦਾ ਹਵਾਲਾ ਦੇ ਕੇ ਸੇਮੀ ਆਪਣੇ ਇੱਕ ਗੁਪਤਵਾਸ ਸਾਥੀ ਨਾਲ ਸਾਡੇ ਤੰਬੂ ਅੰਦਰ ਲੰਘ ਆਇਆ ਸੀ। ਅਸੀਂ ਉਦੋਂ ਚੰਡੀਗੜ੍ਹ ਰੋਡ ਤੇ ਚੁੰਗੀ ਮਗਰ ਪੱਕੇ ਲਾਏ ਟੈਂਟ ਵਿਚ ਡੇਰੇ ਲਾਏ ਸਨ। ਅਸੀਂ ਦੋ ਹੀ ਜਣੇ ਸਾਂ। ਸਾਰੀ ਰਾਤ ਸੇਮੀ ਤੇ ਉਸਦਾ ਸਾਥੀ ਮੇਰੇ ਨਾਲ ਗੱਲੀਂ ਲੱਗੇ ਰਹੇ ਸਨ। ਸਵੇਰ ਹੋਣ ਤੱਕ ਸਾਡੀ ਪੱਛਮੀ ਬੰਗਾਲ ਵਲ ‘ਸਿੰਘਪੁਰਾ’ ਵੱਲ ਜਾਣ ਦੀ ਪੱਕੀ ਸਲਾਹ ਬਣ ਚੁੱਕੀ ਸੀ। ਮੈਂ ਦੋ ਦਿਨ ਤਿਆਰੀ ਲਈ ਮੰਗੇ ਸਨ ਤੇ ਤੀਸਰੇ ਦਿਨ ਅਸੀਂ ਸ਼ਾਮ ਫਗਵਾੜੇ ਇਕੱਠੇ ਹੋ ਕੇ ”ਹਾਵੜਾ ਮੇਲ’’ ਫੜਨੀ ਸੀ। ਦੂਸਰੇ ਦਿਨ ਮੈਂ ਠੇਕੇਦਾਰਾਂ ਕੋਲੋਂ ਛੁੱਟੀ ਲਈ, ਤਨਖਾਹ ਦਾ ਹਿਸਾਬ ਕੀਤਾ ਤੇ ਜੱਬੋਵਾਲ ਜਾ ਕੇ ਪਿਉ ਸਮਾਨ ਮਾਸਟਰ ਕੁਲਬੀਰ ਹੁਰਾਂ ਨੂੰ ਸਭ ਸੱਚ ਦੱਸ ਦਿੱਤਾ। ਮਾਤਾ ਕੋੋਲੋਂ ਓਹਲਾ ਰੱਖ ਲਿਆ ਸੀ। ਮਾਸਟਰ ਹੁਰਾਂ ਬਸ ਏਨਾ ਹੀ ਕਿਹਾ ਸੀ ਕਿ, ਆਪਣਾ ਧਿਆਨ ਰੱਖੀਂ!
ਅੱਜ ਸੇਮੀ ਨਾਲ ਜੁੜਿਆਂ ਪੂਰੇ ਤੇਰ੍ਹਾਂ ਵਰ੍ਹੇ ਹੋਣ ਲੱਗੇ ਨੇ। ਸੇਮੀ ਨਾਲ ਮੈਂ ਬੜੇ-ਬੜੇ ਕੰਮ ਕੀਤੇ। ਸਿੰਘਪੁਰੇ, ਲਾਲਪੁਰੇ, ਚੌਬੀਸ ਪਰਗਨਾ, ਕਲਕੱਤਾ, ਸਭਨਾਂ ਕਾਮਰੇਡਾਂ ਨਾਲ ਰਲ ਕੇ ਰੈਲੀਆਂ ਕੀਤੀਆਂ, ਜਲੂਸ ਕੱਢੇ ਤੇ ਹੱਕੀ ਮੰਗਾਂ ਮਨਵਾਈਆਂ ਨੇ। ਤੇਲੰਗਾਨਾ, ਹੈਦਰਾਬਾਦ ਗਾਹ ਮਾਰੇ ਨੇ। ਮੱਧ ਪ੍ਰਦੇਸ਼ ਦੇ ਗੌਂਡ ਕਬੀਲਿਆਂ ਨਾਲ ਜੰਗਲਾਂ ’ਚ ਬਹਿ ਕੇ ਮੀਟਿੰਗਾਂ ਕੀਤੀਆਂ ਨੇ। ਸੇਮੀ ਦਾ ਤਾਕਤਵਰ ਤੇ ਵਿਦਰੋਹੀ ਚਿਹਰਾ ਪਰ ਮੈਂ ਪੰਜਾਬ ਵਿਚ ਹੀ ਉਜਾਗਰ ਹੁੰਦਾ ਵੇਖਿਆ ਸੀ।
… ਸੰਨ ਤਰਾਸੀ ਸਾਡੇ ਕਾਮਰੇਡਾਂ ਕੋਲ ਝੰਡੇਰ, ਸਹਿੰਸਰੇ ਤੇ ਜੌਹਲਾਂ ਵਾਲਿਆਂ ਦੁਖਿਆਰੇ ਜੱਟਾਂ ਸੰਪਰਕ ਕੀਤਾ। ਸਾਡੇ ਇਹ ਜੁਝਾਰੂ ਕਾਮਰੇਡ ਅਜਨਾਲੇ, ਫਤਹਿਗੜ੍ਹ ਚੂੜੀਆਂ, ਪ੍ਰੀਤ ਨਗਰ ਤੇ ਬਟਾਲੇ ਵਲ ਸਰਗਰਮ ਸਨ। ਗੁਰਦਾਸਪੁਰ-ਪਠਾਨਕੋਟ ਦੇ ਰਾਹ ਵਿਚ ਪਨਿਆੜ ਗੰਨਾ ਮਿੱਲ ਦੇ ਖੱਬੇ ਹੱਥ ਹਟਵਾਂ ਜਿਹਾ ਕਾਮਰੇਡ ਗੁਰਤੇਜ ਦਾ ਘਰ ਸੀ। ਉਦੋਂ ਉਹੀ ਸਾਨੂੰ ਸੰਪਰਕ ਕਰਕੇ ਜੇਜੋਂ ਵੱਲ ਲੱਭ ਕੇ ਲਿਆਇਆ ਸੀ। ਐਸਾ ਸ਼ਾਨਦਾਰ ਸਾਥੀ ਅਸੀਂ ਛਿਆਸੀ ਦੇ ਸ਼ੁਰੂ ਵਿੱਚ ਗਵਾ ਲਿਆ, ਜਦੋਂ ਖਾਲਿਸਤਾਨੀ ਕੁਹਾਂਦੇ ਚਾਚੋਵਾਲੀਏ ਗਰੁੱਪ ਨੇ ਉਹਨੂੰ ਬਿਨਾਂ ਕਿਸੇ ਗੱਲ ਦੇ, ਬਿਨਾਂ ਵਿਰੋਧ, ਮਾਰ ਸੁੱਟਿਆ ਸੀ। ਕਿੱਡੀ ਵੱਡੀ ਤ੍ਰਾਸਦੀ ਸੀ ਕਿ ਇਹ ਖਾਲਿਸਤਾਨੀ ਵੀ ਕ੍ਰਾਂਤੀਕਾਰੀ ਕੁਹਾਉਂਦੇ ਸਨ…..।
ਉਦੋਂ ਜਦੋਂ ਕਾਮਰੇਡ ਗੁਰਤੇਜ ਨੇ ਸਾਨੂੰ ਜੇਜੋਂ ਕੋਲ ਬੈਠਿਆਂ ਨੂੰ ਆ ਕੇ ਦੱਸਿਆ ਕਿ ਭੋਮੇ ਵਡਾਲੇ ਕੋਲ ਮਜੀਠੀਏ ਸਰਦਾਰਾਂ ਦੇ ਸਾਬਕਾ ਨੌਕਰਾਂ ਦੀ ਪੈਲੀ ਏ। ਪੈਲੀ ਕੀ ਕਹਿਣੇ, ਇਕੱਠਾ ਹੀ ਸੱਠ, ਸੱਤਰ ਕਿੱਲ੍ਹੇ ਦਾ ਟੱਕ ਏ। ਉਹ ਪਿੱਛੋਂ ਹੀ ਸੂਏ ਦਾ ਪਾਣੀ ਰੋਕ ਲੈਂਦੈ ਨੇ। ਮਾੜਾ, ਮੋਟਾ ਜੇ ਪਾਣੀ ਅਗੇ ਤੁਰਦਾ ਏ ਤਾਂ ਉਹਨਾਂ ਦੀ ਸ਼ਹਿ ’ਤੇ ਅੱਗੇ ਬੈਠਾ ਹਰੀਗੜ੍ਹੀਆ ਸਰਦਾਰ ਸਿੱਧੀਆਂ ਪਾਈਪਾਂ ਪਾ ਕੇ ਆਪਣੀ ਪੈਲੀ ਸਿੰਜ ਲੈਂਦੇ। ਅੱਗੇ ਪਿੰਡਾਂ ਦੇ ਪਿੰਡ ਸੁੱਕੇ ਬੈਠੇ ਰਹਿੰਦੇ ਨੇ। ਝੰਡੇਰ, ਜੌਹਲ, ਵਡਾਲਾ, ਵੀਰਮ, ਹਰਦੋਪੁਤਲੀ ਤੇ ਕੋਟਲੇ ਦੇ ਜੱਟ ਹਰ ਜਗ੍ਹਾ ਟੱਕਰਾਂ ਮਾਰ ਹਟੇ ਨੇ। ਪੁਲਸ ਡਰਦੀ ਰਿਪੋਰਟ ਤੱਕ ਨਹੀਂ ਲਿਖਦੀ। ਉਹ ਮਜੀਠੀਏ ਸਰਦਾਰਾਂ ਕੋਲੋਂ ਡਰਦੀ ਏ ਤੇ ਮਜੀਠੀਆਂ ਦੀ ਸ਼ਹਿ ’ਤੇ ਉਹਨਾਂ ਦੇ ਸਾਬਕਾ ਨੌਕਰ, ਜਾਂ ਨਵੇਂ-ਨਵੇਂ ਅਮੀਰ ਹੋਏ, ਭੂਤਰੇ ਜੱਟ, ਗੱਲ-ਗੱਲ ਤੇ ਮਸ਼ਹੂਰ ਖਾੜਕੂ ”ਪਿੰਟੇ’’ ਦਾ ਡਰਾਵਾ ਦੇਂਦੇ ਨੇ। ਦੂਸਰਾ ਮਸ਼ਹੂਰ ”ਖਾੜਕੂ ਝੰਡੇਰ’’ ਵੀ ਉਹਨਾਂ ਦੀ ਪਿੱਠ ਤੇ ਹੈ।
ਸੁਨੇਹਾ ਲਗਦਿਆਂ ਹੀ ਸੇਮੀ ਉੱਠ ਬੈਠਾ ਸੀ। ਮੈਂ ਤੇ ਨਾਲ ਟੁਰਨਾ ਹੀ ਸੀ। ਉਹਦੀਆਂ ਫੁਰਤੀਆਂ ਵੇਖਣ ਵਾਲੀਆਂ ਸਨ। ਉਹ ਰਾਤੋ-ਰਾਤ ਦੋ ਚਿੜੀ ਦੇ ਬੋਟ (ਪਿਸਤੌਲ) ਕਿਤੋਂ ਲੈ ਆਇਆ। ਸਵੇਰੇ ਮੂੰਹ ਹਨੇਰੇ ਦੇ ਟੁਰੇ ਅਸੀਂ ਸੂਰਜ ਸਿਰ ਤੇ ਆਉਣ ਤੱਕ ਅਜਨਾਲੇ ਕਾਮਰੇਡ ”ਮਾਨ’’ ਕੋਲ ਜਾ ਟਿਕੇ ਸਾਂ। ਰਾਤ ਹੋਣ ਤੱਕ ਸਭ ਪਾਸਿਓਂ ਸਾਥੀ ਅੱਡੋ-ਅੱਡ ਠਿਕਾਣਿਆਂ ਤੇ ਆ ਟਿਕੇ ਸਨ। ਅਗਲੀ ਸਵੇਰ ਸਾਰੇ ਪਿੰਡਾਂ ਦੇ ਚੜ੍ਹਦੀ ਕਲਾ ਵਾਲੇ ਸਾਥੀ ਤੇ ਕੁਝ ਪੱਕੇ-ਪੀਡੇ, ਦਿਲ-ਰੱਖ ਪੇਂਡੂ ਨਾਲ ਲੈ ਕੇ ਜੌਹਲ, ਝੰਡੇਰ, ਹਰਦੋਪੁਤਲੀ, ਵਡਾਲੇ ਵੀਰਮ ਤੱਕ ਵੱਡੇ ਧਨਾਢ ਜੱਟਾਂ ਦੇ ਖੇਤਾਂ ਚੋਂ ਪਾਈਪਾਂ ਪੁੱਟਦੇ ਅੰਤ ਭੋਮੇ ਵਡਾਲੇ ਦੇ ਖੇਤਾਂ ਤੱਕ ਅਪੜ ਕੇ ਕਹਿੰਦੇ ਕੁਹਾਉਂਦੇ ਨੌਕਰਾਂ ਦੇ ਖੇਤ ਦੀਆਂ ਪਾਈਪਾਂ ਚੁੱਕ ਕੇ ਅਹੁ ਮਾਰੀਆਂ ਸਨ। ਇਕ ਚਿੜੀ ਦਾ ਬੱਚਾ ਕਾਮਰੇਡ ਸੇਮੀ ਡੱਬ ’ਚ ਲਾਈ ਫਿਰਦਾ ਸੀ, ਦੂਸਰਾ ਕਾਮਰੇਡ ਮਾਨ ਨੇ ਡੱਬ ’ਚ ਲਾ ਰੱਖਿਆ ਸੀ। ਪਰ ਕੋਈ ਰੜਕਿਆ ਹੀ ਨਹੀਂ ਸੀ। ਨਾ ਪੁਲਸ, ਨਾ ਖਾੜਕੂ ਪਿੰਟਾ, ਨਾ ਝੰਡੇਰ, ਤੇ ਨਾ ਕੋਈ ਸਰਦਾਰ!
ਪਰ ਸਾਨੂੰ ਇਹ ਮੁਹਿੰਮ ਮਹਿੰਗੇ ਮੁੱਲ ਪਈ ਸੀ। ਉਦੋਂ ਦੇ ਰੜਕ ਰੱਖਦੇ ਐਸ.ਐਸ.ਪੀ. ਤੇ ਹਰੀਗੜ੍ਹੀਏ ਸਰਦਾਰਾਂ ਤੇ ਨੌਕਰਾਂ ਨੇ ਸਾਡਾ ਸਭ ਤੋਂ ਸਾਊ ਤੇ ਸੰਤ ਸੁਭਾਅ ਕਾਮਰੇਡ ਗੁਰਤੇਜ ਲੈ ਲਿਆ ਸੀ। ਅਪਰੇਸ਼ਨ ਬਲੂ ਸਟਾਰ ਤੋਂ ਮਗਰੋਂ ਮਿਲੀ ਥੋੜ੍ਹੀ ਜਿਹੀ ਖੁੱਲ੍ਹ ਨੇ ਕਈ ਕਾਮਰੇਡਾਂ ਨੂੰ ਅਵੇਸਲਾ ਕਰ ਦਿੱਤਾ ਸੀ। ਗੁਰਤੇਜ ਵੀ ਉਹਨਾਂ ਵਿਚੋਂ ਸੀ। ਉਹਨੂੰ ਬੜਾ ਕਹਿੰਦੇ ਸਾਂ ਕਿ ”ਸੰਭਲ ਕੇ ਰਹਿ!’’ ਪਰ ਉਹਨੇ ਧੋਖਾ ਖਾਧਾ। ਗੁਰਦਾਸਪੁਰ ਉਤਰ ਕੇ ਸ਼ਾਮ ਨੂੰ ਉਹ ਪੈਦਲ ਤਰਿੰਮੂ ਰੋਡ ਵਲ ਟੁਰਿਆ ਜਾਂਦਾ ਸੀ। ਜਨਵਰੀ ਛਿਆਸੀ ਸੀ। ਅਗੇ ਅਵਾਜ਼ ਮਾਰ ਕੇ ਚਾਚੋਵਾਲੀਆਂ ਉਹਨੂੰ ਮਾਰ ਘੱਤਿਆ ਸੀ।
ਉਹਦੇ ਕਤਲ ਤੋਂ ਮਗਰੋਂ ਬੱਬਰ ਖਾਲਸਾ ਨੇ ਸਾਡੇ ਇਲਾਕੇ ਦੇ ਮਸ਼ਹੂਰ ਖਾੜਕੂ ”ਪੈਂਕੀ’’ ਦੀ ਡਿਊਟੀ ਸਾਡੇ ਉਪਰ ਲਾ ਦਿੱਤੀ ਸੀ। ”ਪੈਂਕੀ’’ ਉਦਾਂ ”ਲਿਬਰੇਸ਼ਨ ਫੋਰਸ’’ ਦਾ ਬੰਦਾ ਸੀ ਪਰ ਬੱਬਰਾਂ ਦੀ ਬੜੀ ਮੰਨਦਾ ਸੀ। ਉਹ ਬੰਗੇ, ਮਾਹਲਪੁਰ ਤੇ ਨਹਿਰੇ-ਨਹਿਰ ਆਦਮਪੁਰ ਦਿਆਂ ਪਿੰਡਾਂ ਤੱਕ ਮਾਰ ਕਰਦਾ ਸੀ। ਸਾਡੇ ਸੰਪਰਕ ਸੂਤਰਾਂ ਨੇ ਜਦ ਸਾਨੂੰ ਦੱਸਿਆ ਤਾਂ ਮੇਰੀ ਹਮੇਸਾਂ ਚਿੰਤਾ ਕਰਨ ਵਾਲੇ ”ਸੇਮੀ’’ ਨੇ ਮੈਨੂੰ ”ਧਨੌਲੇ ਮੰਡਲ’’ ਵਿਚ ਬਿਜਲੀ ਬੋਰਡ ਦੇ ਵਰਕਚਾਰਜ ਵਿਚ ਰਲਾ ਦਿੱਤਾ। ਬਿਜਲੀ ਬੋਰਡ ਵਿਚ ਉਹਦੇ ਅੱਤ ਨਿੱਗਰ ਸੈਲ ਸਨ। ਇਹ ਜਥੇਬੰਦੀਆਂ ਬਹੁਤ ਜੁਝਾਰੂ ਤੇ ਲੜਾਕੀਆਂ ਸਨ। ਉਹਨਾਂ ਮੈਨੂੰ ਹੱਥੋਂ-ਹੱਥੀਂ ਸਾਂਭ ਲਿਆ ਰਿਹਾਇਸ਼ ਸੇਮੀ ਨੇ ਮਾਈ ਆਲੇ ਘਰ ਰਹੀੜੇ ਦੇ ਕਹਿ ਲਵੋ ਦਫ਼ਤਰ, ਘਰ ਜਾਂ ਯੂਨੀਅਨ ਦੇ ਅੱਡੇ ਤੇ ਕਰਵਾ ਦਿੱਤੀ ਸੀ। ਆਪ ”ਸੇਮੀ’’ ਕੁਛ ਦੇਰ ਲਈ ਮੋਗੇ ਦੇ ਇਲਾਕੇ ਵਿਚ ਲੁਪਤ ਹੋ ਗਿਆ ਸੀ।
ਮੈਨੂੰ ਹੋਰ ਕੋਈ ਦੁੱਖ ਨਹੀਂ। ਬਸ ਇਹ ਬੇਬੇ ਦੀ ਨੂੰਹ, ਯਾਨੀ ਇਨਕੇ ਦੀ ਘਰ ਦੀ, ਮੈਨੂੰ ਇਕੱਲੇ ਵੇਖ ਕੇ ਗੰਦੇ ਗਾਉਣ ਬੋਲਣ ਲੱਗ ਪੈਂਦੀ ਏ। ਕੀ ਕਰਾਂ…..?
”ਵੇ, ਵੇ ਤੇਰੀ ਬੈਂਜੋ ਤੇ
ਜੇਠ ਨਜ਼ਾਰੇ ਲੈਂਦਾ…
ਹੁਣ ਵੀ ਇਹ ”ਬੈਂਜੋ’’ ਵਾਲਾ ਗਾਉਣ ਸੁਣਾ ਕੇ ਹੀ ਗਾਉਂਦੀ ਪਈ ਏ। ਕੀ ਕਰਾਂ…?
ਇਕ ਤੇ ਇਹਦੀ ਆੜੀ ਸਮਾਣੇ ਵਾਲੀ ਭੂਪੀ ਨਾਲ ਏ। ਮੈਨੂੰ ਬੋਘੇ ਤੇ ”ਸੇਬੀ ਇੰਚਾਰਜ’’ ਨੇ ਭੂਪੀ ਬਾਰੇ ਸਭ ਕੁਝ ਦੱਸ ਰੱਖਿਆ ਏ। ਮਾਈ ਦੇ ਸੰਗਰੂਰ ਕੈਂਚੀਆਂ ਵਾਲੇ ਚੁਬਾਰੇ ਦਾ ਅੱਡਾ ਏ। ਸਭੇ ਜਾਪਦੈ, ਰਲੇ ਹੋਏ ਨੇ। ਭੂਪੀ ਆਪਣੀਆਂ ਮੌਜਾਂ ਲਈ ਇਹ ਚੁਬਾਰੇ ਵਰਤਦੀ ਏ। ਸਾਨੂੰ ਸਭੋ ਕੁਝ ਪਤਾ ਲੱਗ ਰਿਹਾ। ਪਰ ਸਾਨੂੰ ਕੀ…? ਸੇਬੀ ਕਹਿੰਦੈ ਕਿ ਮਾਈ ਸਭ ਤੋਂ ਵੱਧ ਖੱਚਰ ਏ। ਪੂਰੇ ਸ਼ਹਿਰ ਦੀ ਸੀ.ਆਈ.ਡੀ. ਰੱਖਦੀ ਏ…। ਪਰ ਸਾਨੇ ਕਿਆ ਲੈਣੇ….? ਉਹ ਆਪਣੀ ਮਾਂ ਦੀ ਲੱਕੜ ਲਵੇ! ਪਰ ਇਹ ਬੇਬੇ ਦੀ ਨੂੰਹ ਨਹੀਂ ਮੇਰਾ ਖਹਿੜਾ ਛੱਡਦੀ। ਮੇਰੇ ਈ ਖੱਤੇ ਪਈ ਹੋਈ ਏ। ਨਜ਼ਰਾਂ ਚੁੱਕ ਕੇ ਤਾਂ ਮੇਰੀ ਵਲ ਪੂਰੀ ਤਰ੍ਹਾਂ ਵੇਖਦੀ ਨਹੀਂ। ਨਹੀਂ ਤਾਂ ਘੂਰ ਕੇ, ਡੇਲੀਆਂ ਕੱਢ ਕੇ ਹੀ ਡਰਾ ਦੇਵਾਂ। ਬਸ ਮੂੰਹ ਨੀਵਾਂ ਕਰਕੇ ਹੱਸਦੀ ਰਹਿੰਦੀ ਏ ਤੇ ਮੈਨੂੰ ਜਦ ਵੀ ਇਕੱਲਾ ਵੇਖਦੀ ਏ, ਸਨੌਤਾਂ ਸੁਣਾਉਂਦੀ ਏ, ਜਾਂ ਫੇਰ ਵਿਚ ਦੀ ਲਾ ਲਾ ਕੇ ਗੱਲ ਕਰਦੀ ਏ। ਕੱਲ੍ਹ ਘਰ ਕੋਈ ਨਹੀਂ ਸੀ। ਮਾਈ ਤੇਜੇ ਕੇ ਗਈ ਹੋਈ ਸੀ ਤੇ ਇਨਕਾ ਸਾਹਮਣੇ ”ਟੈਣੀ ਡਾਕੂ’ ਦੇ ਪਿਉ ਕੋਲ ਗਿਆ ਹੋਇਆ ਸੀ। ਇਹ ਕੱਟੇ ਨੂੰ ਸੁਣਾ ਕੇ ਕਹਿੰਦੀ:
”ਔਂਤਰਿਆ! ਹਿੱਲਿਆ ਭੀ ਕਰ। ਨੁੱਕਰ ’ਚ ਵੜਿਆ ਰਹਿਨੈ।’’
ਮੈਨੂੰ ਪਤਾ ਕਿ ਇਹ ਮੈਨੂੰ ਲਾ-ਲਾ ਕੇ ਸੁਣਾਉਂਦੀ ਏ, ਪਰ ਕੀ ਕਹਾਂ? ਬੋਘੇ ਤੇ ਸੇਬੀ ਹੁਰਾਂ ਨੂੰ ਦੱਸਦਾ ਤਾਂ ਉਹ ਹੱਸਣ ਲੱਗ ਪੈਂਦੇ ਨੇ….। ਕਈ ਵਾਰ ਮੇਰਾ ਆਪਣਾ ਦਿਲ ਬੇਈਮਾਨ ਹੁੰਦੈ, ਪਰ ਪਾਰਟੀ ਮੂਹਰੇ ਆ ਜਾਂਦੀ ਏ…..!
8
ਹਰ ਵਾਰ ਕਿਸੇ ਵਾਕ ਦੇ ਨਵੇਂ ਤੋਂ ਨਵੇਂ ਅਰਥ ਨਿਕਲੀ ਆਉਣ, ਹਰ ਵਾਰ ਕਿਸੇ ਨਵੀਂ ਸੋਚ ਨੂੰ ਦਿਮਾਗ ਵਿਚ ਥਾਂ ਦੇਣੀ ਪਵੇ, ਗੱਲਾਂਬਾਤਾਂ ਰਾਹੀਂ ਮੈਂ ਇਹ ਜਾਦੂ ਜਗਾਦਿਆਂ ਕਾਮਰੇਡ ਬੱਚੀ ਨੂੰ ਹੀ ਵੇਖਿਆ ਸੀ। ਆਪਣੀ ਇਸ ਜੀਵਨ-ਯਾਤਰਾ ਦੇ ਸੰਖੇਪ ਇਤਿਹਾਸ ਤੇ ਨਜ਼ਰ ਪੌਨਾਂ ਤਾਂ ਵੇਖਦਾ ਕਿ ਕਾਮਰੇਡ ਤਾਂ ਮੈਨੂੰ ਹਜ਼ਾਰਾਂ ਮਿਲੇ ਸਨ ਕੀ ਬੰਗੇ, ਮਾਹਲਪੁਰ, ਨਵਾਂਸ਼ਹਿਰ, ਜਲੰਧਰ, ਕੀ ਨਕੋਦਰ, ਕੀ ਬਠਿੰਡਾ-ਸੰਗਰੂਰ ਤੇ ਕੀ ਮਾਰ ਦੱਖਣ ਦੇ, ਪੂਰਬ ਦੇ, ਮੱਧ ਭਾਰਤ ਦੇ, ਜਿੰਨੇ ਨਾਨ-ਕਾਮਰੇਡ ਤੇ ਕਿੰਨੇ ਰੰਗਬਰੰਗੇ ਕਾਮਰੇਡ ਮਿਲੇ। ਪਰ ਜੋ ਮੇਰੇ ਜਿਹਨ ਤੇ ਕਾਮਰੇਡ ਬੱਚੀ ਛਾਇਆ ਪਿਐ, ਉਹ ਤਾਂ ਬਿਆਨੋਂ ਬਾਹਰੈ!
ਜਦ ਪਾਰਟੀ ਟੁੱਟ ਕੇ ਆਈ ਤੇ ਐਮ ਵਿਚ ਵੰਡੀ ਗਈ ਤਾਂ ਦੁਆਬੇ ਦੇ ਦੋਹਾਂ ਧਿਰਾਂ ਦੇ ਆਗੂ ਕਾਮਰੇਡ ”ਬੱਚੀ’’ ਨੂੰ ਆਪਣੇ ਨਾਲ ਰਲਾਉਣ ਲਈ ਫਿਰਨ ਲੱਗੇ ਸਨ। ਪਾਰਟੀ ਦੋਫਾੜ ਹੋਣ ਕਾਰਨ ਕਾਮਰੇਡ ਦਾ ਸੁਪਨਾ ਹੀ ਟੁੱਟ ਗਿਆ ਸੀ। ਉਹ ਗੁੰਮਸੁੰਮ ਰਹਿੰਦਾ ਸੀ ਤੇ ਦੋਹਾਂ ਧਿਰਾਂ ਵਿਚੋਂ ਕਿਸੇ ਨਾਲ ਵੀ ਦਿਲੋਂ ਨਹੀਂ ਸੀ ਤੁਰਿਆ। ਕਦੀ-ਕਦੀ ਉਦਾਸੇ ਚਿਹਰੇ ਨਾਲ ਮੇਰੇ ਕੋਲ ਆ ਬਹਿੰਦਾ ਸੀ, ਤੇ ਮੇਰੇ ਪਾਲਕ ਪਿਉ ਕੁਲਬੀਰ ਕੋਲੋਂ ਦਾਰੂ ਪੀ ਕੇ, ਰਾਤ ਰਹਿ ਕੇ ਚੱਲਿਆ ਜਾਂਦਾ ਸੀ।
…… ਫੇਰ ਅਚਾਨਕ ਉਹ ਚੜ੍ਹਦੀਆਂ ਕਲਾ ਵਿਚ ਹੋ ਗਿਆ। ਕਈ ਰੰਗ ਬਿਰੰਗੇ ਚਿਹਰੇ ਉਹਦੇ ਨਾਲ ਘੁੰਮਣ ਲੱਗ ਪਏ। ਫੇਰ ਉਹ ਕੁਲਬੀਰ ਕੋਲ ਵੀ ਨਾ ਆਉਂਦਾ, ਸਗੋਂ ਮੈਨੂੰ ਸਕੂਲੋਂ ਬਾਹਰ ਆਉਂਦੇ ਨੂੰ ਮਿਲ ਲੈਂਦਾ। ਮੈਂ ਕਈ ਵਾਰ ਘਰ ਚੱਲਣ ਲਈ ਕਹਿੰਦਾ, ਤਾਂ ਉਹ ਹਮੇਸ਼ਾ ਇਹੀ ਆਖਦਾ:
‘ਕੁਲਬੀਰ ਬਾਲ ਬੱਚਿਆਂ ਵਾਲਾ ਹੈ, ਉਹਨੂੰ ਭੋਰਾ ਤਕਲੀਫ਼ ਨਹੀਂ ਦੇਣੀ।’’
… ਕਦੀ ਕਦੀ ਮੇਰੀ ਡਿਊਟੀ ਲਗਦੀ। ਕਈ ਵੱਖੋ-ਵੱਖਰੇ ਚਿਹਰਿਆਂ ਨੂੰ ਜਾਂ ਤਾਂ ਮੈਂ ਰੁੱਕੇ ਦੇਂਦਾ ਤੇ ਜਾਂ ਸੁਨੇਹੇ ਦੇਂਦਾ ਸਾਂ।
…. ਕਾਮਰੇਡ ਬੱਚੀ, ਜਿਹੜਾ ਕਦੀ ਖੱਬੀਆਂ ਪਾਰਟੀਆਂ ਦੀ ਟੁੱਟ-ਭੱਜ ਤੋਂ ਮਸੋਸਿਆਂ ਗਿਆ ਸੀ, ਅੱਜ ਉਹੀ ਖੱਬਿਆਂ ਦੇ ਹਰਾਵਲ ਦਸਤੇ ”ਨਕਸਲਵਾੜੀਆਂ’’ ਦਾ ਵੱਡਾ ਹਮਦਰਦ ਬਣ ਕੇ ਉੱਭਰਿਆ ਸੀ।
… ਇਸ ਗੱਲ ਦਾ ਪਤਾ ਵੀ ਮੈਨੂੰ ਹੌਲੀ-ਹੌਲੀ ਲੱਗਾ। ਸਭ ਤੋਂ ਪਹਿਲਾਂ ਉਹ ਰੂਪੋਸ਼ ਸਾਥੀਆਂ ਦੀ ਮਦਦ ਲਈ ਭੱਜਦਾ। ਫੇਰ ਹਮਦਰਦ ਮੈਂਬਰਾਂ ਲਈ ਤੇ ਅੰਤ ਵਿੱਚ ਉਹਨਾਂ ਦੇ ਪਰਿਵਾਰਾਂ ਲਈ ਭੱਜ-ਨੱਸ ਕਰਦਾ। ਮੈਨੂੰ ਯਾਦ ਹੈ, ਜਦੋਂ ਉਹ ਹੁਸ਼ਿਆਰਪੁਰ-ਮਾਹਲਪੁਰ ਵਾਲੀ ਸੜਕ ਤੇ ਚੱਬੇਵਾਲ ਤੋਂ ਥੋੜ੍ਹਾ ਪਹਿਲਾਂ ਹਰੀਪੁਰ ਦੇ ਖੇਤਾਂ ਵਲ ਮੁੜ ਗਿਆ ਸੀ ਤੇ ਮੈਨੂੰ ਨਾਲ ਲੈ ਕੇ ਅੰਦਰ ਲੰਘ ਗਿਆ ਸੀ। ਦੋਧਾ ਛੱਲੀ ਅਜੇ ਗੋਡਿਆਂ ਤੱਕ ਹੀ ਸੀ। ਖੇਤ ਜਿਵੇਂ ਵੀਰਾਨ ਸੀ, ਉਵੇਂ ਹੀ ਕਾਮਰੇਡ ਦਾ ਚਿਹਰਾ ਵੀਰਾਨ ਸੀ। ਅਸੀਂ ਸਾਈਕਲਾਂ ਤੇ ਸਾਂ। ਅੰਤ ਹੌਕਾ ਭਰ ਕੇ ਕਾਮਰੇਡ ਬਾਹਰ ਆਇਆ । ਕੁਛ ਦੇਰ ਮਾਹਲਪੁਰ ਤੱਕ ਕਾਮਰੇਡ ਇਕ ਸ਼ਬਦ ਨਹੀਂ ਸੀ ਬੋਲਿਆ। ਬੰਗਿਆਂ ਵਾਲੀ ਸੜਕ ਪੈਂਦਿਆਂ ਉਸ ਕਿਹਾ:
”ਪਿਛਲੇ ਹਫਤੇ ਇਥੇ ਬਟਾਲੇ ਵਲ ਦੇ ਕਸ਼ਮੀਰੇ ਬਜੂਮਾਨ ਨੂੰ ਲਿਆ ਕੇ, ਤਸੀਹੇ ਦੇ ਕੇ ਮਾਰਿਆ ਗਿਐ। ਅੱਧ ਮੋਏ ਨੂੰ ਲਿਆ ਕੇ ਹੁਸ਼ਿਆਰਪੁਰ ਸਦਰ ਦੇ ਥਾਣੇਦਾਰ ਮੰਗਲ ਸਿੰਘ ਨੇ ਗੋਲੀ ਮਾਰੀ ਐ। ਨਾਲ ਮੁਕਾਬਲੇ ਨੂੰ ਸੱਚਾ ਬਣਾਉਣ ਲਈ ਅਜੀਤ ਸਿੰਘ ਨਾਂ ਦਾ ਮੁੰਡਾ ਮਾਰਿਐ ਏਥੇ। ਉਹੋ…।’’
ਮੈਨੂੰ ਬਾਦ ਵਿੱਚ ਉਹਨੇ ਦੱਸਿਆ ਕਿ ਸੀ ਕਿ 1970 ਵਿੱਚ ਉਹ ਨਾਈ ਮਜਾਰੇ ਤੋਂ ਜਾਡਲੇ ਵਲ ਕਈ ਦਿਨ ਏਸੇ ਆਸ ਨਾਲ ਜਾਂਦਾ ਰਿਹਾ ਸੀ ਕਿ ਉਥੇ ਨਵਾਂਸ਼ਹਿਰ ਦੀ ਪੁਲਸ ਨੇ ਨਹਿਰ ਦੇ ਕਿਨਾਰੇ ਬਾਬੇ ਬੂਝਾ ਸਿੰਘ ਨੂੰ ਕੁੱਟ-ਕੁੱਟ ਕੇ ਸ਼ਹੀਦ ਕੀਤਾ ਸੀ। ਉਹ ਬੱਚਿਆਂ ਵਾਂਗ ਇਸੇ ਆਸ ਨਾਲ ਕਈ ਦਿਨ ਨਹਿਰ ਦੀ ਪਟੜੀ ਤੇ ਘੁੰਮਦਾ ਰਿਹਾ ਸੀ ਸ਼ਾਇਦ ਕਿਸੇ ਦਿਨ ਬਾਬੇ ਬੂਝੇ ਦੀ ਆਤਮਾ ਹੀ ਮਿਲ ਪਵੇ…… ਅੰਤ ਆਪਣੀ ਬੱਚਿਆਂ ਵਾਲੀ ਸੋਚ ਤੋਂ ਥੱਕ ਕੇ ਘਰ ਆ ਗਿਆ ਸੀ। ਮੇਰੇ ਨਾਲ ਗੱਲ ਕਰਦਿਆਂ ਉਹ ਬਾਬੇ ਬੂਝੇ ਦਾ ਨਾਂ ਲੈ ਕੇ ਰੋ ਪਿਆ ਸੀ।
ਜਗਤਪੁਰ, ਚੂਹੜਪੁਰ ਤੇ ਪੱਦੀ ਵਲ ਜਿੰਨੀ ਥਾਈਂ ਪੁਲਸ ਨੇ ਮੁੰਡੇ ਕੋਹ-ਕੋਹ ਕੇ ਮਾਰੇ ਸਨ, ਉਹ ਕਈ-ਕਈ ਵਾਰ ਮੈਨੂੰ ਨਾਲ ਲੈ ਕੇ ਉਹਨਾਂ ਥਾਵਾਂ ਉਪਰ ਆਵਾਗੌਣ ਘੁੰਮਦਾ ਰਹਿੰਦਾ ਸੀ। ਹੌਲੀ-ਹੌਲੀ ਉਹਦਾ ਏਸ ਲੀਡਰਸ਼ਿਪ ਤੋਂ ਵੀ ਵਿਸ਼ਵਾਸ ਉੱਠਦਾ ਗਿਆ। ਐਮ.ਐਲ. ਗਰੁੱਪ ਦੇ ਹਰ ਛੋਟੇ-ਵੱਡੇ ਲੀਡਰ ਨੇ ਆਪਣੇ ਧੜੇ ਬਣਾ ਲਏ ਸਨ। ਕਾਮਰੇਡ ”ਬੱਚੀ’’ ਦਾ ਅੰਦਾਜ਼ਾ ਸੀ ਕਿ ਸਰਕਾਰ ਏਸ ਲਹਿਰ ਵਿਚ ਘੁਸਪੈਠ ਕਰ ਚੁੱਕੀ ਹੈ। ਉਹਦਾ ਵਿਸ਼ਵਾਸ ਉਦੋਂ ਹੋਰ ਪੱਕਾ ਹੋ ਗਿਆ, ਜਦੋਂ ਜਲੰਧਰ, ਮਿਲਾਪ ਚੌਂਕ ਦੇ ਅੰਦਰ ਵਾਲੀ ਗਲੀ ਉਹਦੀ ਰਿਹਾਇਸ਼ ਤੋਂ ਲੁਧਿਆਣੇ ਵਾਲਾ ਕਾਮਰੇਡ ਕੀਤੂ ਫੜਿਆ ਗਿਆ। ਉਹ ਅਜੇ ਗਲੀ ’ਚ ਵੜਿਆ ਹੀ ਸੀ ਕਿ ਚਿੱਟੇ ਕਪੜਿਆਂ ਵਿਚ ਪੁਲਸ ਨੇ ਚੁੱਕ ਲਿਆ। ਚੰਗੇ ਭਾਗੀਂ ਸਾਰੇ ਸਾਥੀ, ਸਮੇਤ ਕਾਮਰੇਡ ਬੱਚੀ ਦੇ, ਬਾਹਰ ਸੜਕ ਤੇ ਚਾਹ ਪੀ ਰਹੇ ਸਨ। ਕਾਹਲੀ ਪਈ ਪੁਲਿਸ ਉਹਨੂੰ ਚੁੱਕ ਕੇ ਹੀ ਡੰਡੀ ਪੈ ਗਈ ਸੀ।
ਮੈਂ ਉਦੋਂ ਕਾਮਰੇਡ ਦੇ ਨਾਲ ਸਾਂ। ਸਾਈਂ ਦਾਸ ਸਕੂਲ ਵਿਚ ਮੈਂ ਪ੍ਰਾਈਵੇਟ ਗਿਆਰਵੀਂ ਦੇ ਪੇਪਰ ਦੇਣੇ ਸਨ। ਵਧੇਰੇ ਮੈਂ ਵੀ ਇਹਨਾਂ ਚੁਬਾਰਿਆਂ ਵਿਚ ਰਹਿੰਨਾ ਸਾਂ।
… ਕਾਮਰੇਡ ਕੀਤੂ ਦੇ ਫੜੇ ਜਾਣ ਤੋਂ ਖਫ਼ਾ ਤੇ ਹਰਫ਼ਿਆ ਕਾਮਰੇਡ ਬੱਚੀ, ਨਾਲ ਫਿਰਦੇ ਜਰਨੈਲ ਨੂੰ ਕਹਿਣ ਲੱਗਾ:-
”ਸਿਵਾਇ ਮੇਰੇ ਤੇ ਪਾਰਟੀ ਲੀਡਰ ”ਦੇਸ ਰਾਜ’’ ਦੇ ਹੋਰ ਕਿਸੇ ਨੂੰ ਕਿਵੇਂ ਪਤਾ ਲੱਗਾ ਕਿ ਕਾਮਰੇਡ ਕੀਤੂ ਅੱਜ ਇਥੇ ਆਊਗਾ?’’
ਫੇਰ ਡੂੰਘੀ ਸੋਚ ਵਿਚ ਕਿੰਨੀ ਦੇਰ ਮਗਰੋਂ ਉਹਨੇ ਹੌਕਾ ਭਰ ਕੇ ਮੇਰੇ ਤੇ ਜਰਨੈਲ ਦੇ ਸਾਹਮਣੇ ਹੀ ਕਿਹਾ ਸੀ..
”ਓ ਦੇਸਿਆ….! ਭੈਣ ਦੇਣਿਆ! ਮੈਂ ਤੈਨੂੰ ਪਛਾਣ ਕਿਉਂ ਨਾ ਸਕਿਆ? ਜ਼ਰੂਰ ਮੇਰੇ ਤਜ਼ਰਬੇ ’ਚ ਹੀ ਕੋਈ ਖੋਟ ਹੋਣੈਂ…!’’
ਫੇਰ ਮੇਰੇ ਤੇ ਜਰਨੈਲ ਦੇ ਰੋਕਣ ਦੇ ਬਾਵਜੂਦ ਉਹ ਉਸੇ ਵੇਲੇ ਲੁਧਿਆਣੇ ਨੂੰ ਟੁਰ ਪਿਆ। ਜਰਨੈਲ ਦੇ ਕਹੇ ਮੈਂ ਵੀ ਕਾਮਰੇਡ ਦੇ ਨਾਲ ਹੋ ਲਿਆ। ਬਸ ਸਟੈਂਡ ਤੋਂ ਅਸੀਂ ਪੈਦਲ ਹੀ ਮਾਡਲ ਗਰਾਮ ਵਲ ਹੋ ਟੁਰੇ ਸਾਂ। ਨਿਸ਼ਚਤ ਥਾਂ ਤੇ ਪਹੁੰਚ ਕੇ ”ਕਾਮਰੇਡ ਬੱਚੀ’’ ਨੇ ਮੈਨੂੰ ਗੁਪਤ ਸਾਥੀਆਂ ਦੇ ਨਾਲ ਰਹਿੰਦੇ ਦੂਸਰੇ ਕਮਰੇ ਵਾਲੇ ਭਾਟੀਏ ਕੋਲ ਬਿਠਾ ਦਿੱਤਾ ਸੀ। ਆਪ ਇਧਰ-ਉੱਧਰ ਹੋ ਗਿਆ। ਮੈਨੂੰ ਬੈਠੇ ਨੂੰ ਅਜੇ ਅੱਧਾ ਕੁ ਘੰਟਾ ਹੀ ਹੋਇਆ ਸੀ ਕਿ ਰੁਪੋਸ਼ ਕਾਮਰੇਡ ਦੁਸਾਂਝ ਤੇ ਕਾਮਰੇਡ ਬੱਲੀ ਆ ਗਏ। ਮੈਂ ਦੋ ਹਰਫ਼ੀ ਸੁਨੇਹਾ ਦਿੱਤਾ:
”ਕਾਮਰੇਡ ਬੱਚੀ ਨੇ ਭੇਜਿਆ ਏ। ਕਾਮਰੇਡ ਦੇਸ ਰਾਜ ਗੱਦਾਰ ਨਿਕਲਿਐ। ਇਥੋਂ ਮਿੰਟੋ-ਮਿੰਟੀ ਨਿਕਲ ਜਾਉ।’’
ਕਾਮਰੇਡ ਸਿਆਣੇ ਸਨ। ਉਹਨੀਂ ਪੈਰੀਂ ਪਰਤ ਗਏ। ਗਏ ਉਲਟੇ ਰਾਹ, ਜਿਧਰ ਜਾ ਕੇ ਰਸਤਾ ਕੱਚੇ ਪਹੇ ਤੇ ਨਿਕਲਦਾ ਸੀ। ਮੈਂ ਪੌੜੀਆਂ ਉਤਰ ਕੇ ਅਜੇ ਸੜਕ ਤੇ ਹੋਇਆ ਸਾਂ ਕਿ ਪੁਲਸ ਪੌੜੀਆਂ ਚੜ੍ਹਦੀ ਦਿੱਸੀ ਸੀ। ਉਦੋਂ ਦੁਸਾਂਝ ਤੇ ਬੱਲੀ ਦੀ ਜਾਨ ਮਸਾਂ ਬਚੀ ਸੀ। ਦੁਸਾਂਝ ਤੇ ਮਗਰੋਂ ਕਨੈਡਾ ਟੁਰ ਗਿਆ ਸੀ ਤੇ ਬੱਲੀ ਨੇ ਮਗਰੋਂ ਟ੍ਰਿਬਿਊਨ ’ਚ ਨੌਕਰੀ ਕਰ ਲਈ ਸੀ।
…. ਕਾਮਰੇਡ ਬੱਚੀ ਉਦੋਂ ਦਾ ਮੇਰੇ ਚੇਤਿਆਂ ’ਚ ਕਿਸੇ ਮਹਾਂ ਸ਼ਕਤੀ ਵਾਂਗ ਬੈਠਾ ਹੋਇਆ ਏ!
ਸੰਤ ਲੌਂਗੋਵਾਲ ਦੇ ਕਤਲ ਮਗਰੋਂ ਤੱਤੇ ਮੁੰਡਿਆਂ ਦਾ ਸੰਗਰੂਰ, ਬਰਨਾਲੇ ਤੇ ਧੂਰੀ ਵਲ ਫੇਰਾ ਤੋਰਾ ਵਧ ਗਿਆ ਏ।
ਬੜੇ ਚਿਰਾਂ ਬਾਅਦ ਅਸੀਂ ਬਡਬਰ ਤੋਂ ਲੌਂਗੋਵਾਲ ਵਾਲੀ ਸੜਕੇ ਕੰਮ ਕਰਨ ਲਈ ਟੁਰੇ ਆਂ। ਸੰਤ ਲੌਂਗੋਵਾਲ ਦੇ ਕਤਲ ਮਗਰੋਂ ਸੇਮੀ ਤੇ ਮੈਂ ਲਗਭਗ ਦੋ ਮਹੀਨੇ ਏਧਰ ਉਧਰ ਫਿਰਦੇ ਰਹੇ। ਸਿਆਣਪ ਇਹੀ ਕੀਤੀ ਸੀ ਕਿ ਮੈਂ ਨਾ ਜ਼ਿਲ੍ਹਾ ਛੱਡਿਆ ਸੀ ਤੇ ਨਾ ਹੀ ਬੇਬੇ ਵਾਲੇ ਕਮਰੇ! ਇਕ-ਅੱਧ ਦਿਨ ਏਧਰ ਉਧਰ ਫਿਰ ਕੇ ਮੈਂ ਬੋਘਾ ਤੇ ਕਰਨੈਲ ਏਧਰ ਆ ਜਾਂਦੇ ਸਾਂ। ਦਾਰੂ ਅਸੀਂ ਬਹੁਤ ਪੀਨੇ ਸਾਂ। ਏਹਨੀਂ ਦਿਨੀਂ ਘੱਟ ਕਰ ਦਿੱਤੀ ਸੀ। ਬੋਘਾ ਤਾਂ ਬਹੁਤਾ ਹੀ ਚਾਸੜੂ ਸੀ। ਮੈਂ ਤੇ ਕਰਨੈਲ ਘੱਟ ਹੀ ਆਊਟ ਹੁੰਦੇ ਸਾਂ। ਕਰਨੈਲ ਬਹੁਤੀ ਵਾਰ ਕਮਰੇ ਦੇ ਬਾਹਰ ਸੌਂ ਜਾਂਦਾ ਸੀ। ਇਕ ਪੱਕਾ ਲਕੜ ਦਾ ਤਖ਼ਤਪੋਸ਼ ਅਸੀਂ ਬਾਹਰ ਡਾਹਿਆ ਹੋਇਆ ਸੀ। ਉਧਰ ਛੱਪਰ ਸੀ। ਮਲੇਰੀਏ ਵਾਲੇ ਦਫ਼ਤਰ ਦੀਆਂ ਚਾਬੀਆਂ ਵੀ ਸਾਡੇ ਕੋਲ ਹੁੰਦੀਆਂ ਸਨ। ਕਦੀ-ਕਦੀ ਗੀਟਣ ਵੀ ਸਾਡੇ ਕੋਲ ਰਾਤ ਪੈ ਜਾਂਦਾ ਸੀ। ਪੰਡਤ ਵੀ ਕਈ ਵਾਰ ਆਪਣੇ ਮੰਡਲ ਵਿਚੋਂ ਨਿਕਲ ਸਾਡੇ ਕੋਲ ਰਾਤ ਆ ਟਿਕਦਾ ਸੀ। ਮੈਂ ਜਾਣਦਾ ਸਾਂ ਕਿ ਇਹ ਸਾਈਂ ਲੋਕ ਅੰਦਰਖਾਤੇ ਮੇਰੀ ਰਾਖੀ ਲਈ ਸਭੋ ਕੁਛ ਕਰਦੇ ਨੇ। ਇਹ ਮੋਹ ਖੋਰੇ ਲੋਕ ਨੇ… ਇਹਨਾਂ ਨੂੰ ਕੀ ਕਹਾਂ?
ਲੌਂਗੋਵਾਲ ਤੋਂ ਕਈ ਮੀਲ ਪਹਿਲਾਂ ਹੀ ਪੱਕੀ ਸੜਕ ਤੋਂ ਅਸੀਂ ਤਾਰਾਂ ਅੰਦਰ ਨੂੰ ਖੜਨੀਆਂ ਨੇ। ਅੱਗੇ ਜਾ ਕੇ ਇਹ ਲੌਂਗੋਵਾਲ ਕਸਬੇ ਨੂੰ ਹੀ ਜਾ ਮਿਲਦੀ ਏ। ਮੈਂ ਤੇ ਬੋਘਾ ਸੜਕ ਤੇ ਹੀ ਬੈਠੇ ਆਂ। ਏਨੇ ਨੂੰ ਗਲੇਲੀਆਂ ਦਾ ਇਕ ਗਰੁੱਪ ਸਾਡੇ ਕੋਲੋਂ ਲੰਘਣ ਲੱਗਾ। ਸਾਹਮਣੇ ਉਨ੍ਹਾਂ ਦੇ ਡੇਰੇ ਦੀਆਂ ਛੱਪਰੀਆਂ ਦਿਸੱਦੀਆਂ ਪਈਆਂ ਨੇ। ਉਨ੍ਹਾਂ ਨੇ ਝੋਲੀਆਂ ਪਾਈਆਂ ਹੋਈਆਂ ਨੇ। ਇਕ ਅੱਧੀ ਨੇ ਅਜੇ ਵੀ ਹੱਥ ਵਿਚ ਬੱਚਿਆਂ ਨੂੰ ਦੇਣ ਵਾਲੀ ਕਾਟੋ ਜਿਹੀ ਫੜੀ ਹੋਈ ਏ।
ਅਚਾਨਕ ਮੇਰੇ ਮਨ ਵਿਚ ਤਰਸੇਵਾਂ ਜਿਹਾ ਭਰ ਗਿਆ, ਜਿਵੇਂ ਕੁਝ ਹੋਰ-ਹੋਰ ਜਿਹਾ ਹੁੰਦਾ ਹੋਵੇ! ਅਸਲ ਵਿਚ ਮੈਨੂੰ ਕਾਮਰੇਡ ”ਬੱਚੀ’’ ਨੇ ਮਾਂ- ਪਿਉ ਵਾਲੀ ਸਾਰੀ ਘਟਨਾ ਦੱਸੀ ਹੋਈ ਏ। ‘ਬੱਚੀ’ ਛਿਪਾ ਕੇ ਰੱਖਣ ’ਚ ਯਕੀਨ ਨਹੀਂ ਸੀ ਰੱਖਦਾ। ਏਸੇ ਲਈ ਅੱਜ ਵੀ ਜਦ ਕਦੀ ਮੈਂ ਕੋਈ ਪੱਖੀਵਾਸ ਕਬੀਲੇ ਦੇ ਟੱਪਰੀਵਾਸ ਵੇਖਨਾਂ, ਤਾਂ ਮੇਰੇ ਦਿਲ ’ਚ ਕੁਛ ਹੁੰਦੈਂ…!
ਹੁਣ ਵੀ ਮੈਂ ਆਪੇ ਹੀ ਗਲੇਲੀਆਂ ਨੂੰ ਅਵਾਜ਼ ਮਾਰ ਕੇ ਬੁਲਾ ਲੈਨਾ। ਬੋਘਾ ਪ੍ਰਸ਼ਨਚਿੰਨ੍ਹ ਵਾਂਗ ਮੇਰੇ ਵੱਲ ਵੇਖਦਾ ਏ। ਉਹਦੀ ਪਰਵਾਹ ਨਾ ਕਰ ਮੈਂ ਗਲੇਲੀਆਂ ਨੂੰ ਕਹਿੰਦਾ ਹਾਂ-
”ਕੋਈ ਗੌਣ-ਪਾਣੀ ਸਾਨੂੰ ਭੀ ਸੁਣਾਓ!’’
”ਪਹਿਲਾਂ ਬੱਤੀ ਪਲਾਉ ਕੋਈ!’’ ਇਕ ਗਲੇਲੀ ਸਪੱਸ਼ਟ ਕਹਿੰਦੀ ਹੈ। ਮੈਂ ਫੱਟ ਆਪਣੀ ਕਵੰਡਰ ਦੀ ਸਿਗਰਟਾਂ ਦੀ ਡੱਬੀ ਕੱਢ ਕੇ, ਇਕ ਰੱਖ ਕੇ ਸਾਰੀ ਉਸੇ ਗਲੇਲੀ ਨੂੰ ਦੇ ਦੇਨਾਂ ਵਾਂ। ਸਿਗਰਟਾਂ ਵੇਖ ਕੇ ਦੂਸਰੀ ਗਲੇਲੀ ਭੱਜ ਕੇ ਛੰਨਾ ਵਿਚੋਂ ਆਪਣੇ ਮਰਦ ਬੁਲਾ ਲਿਆਂਦੀ ਹੈ। ਮਗਰ ਨਿਆਣੇ ਹਨ। ਮਰਦ ਤਿੰਨ੍ਹ ਚਾਰ ਹਨ। ਮੈਂ ਬੋਘੇ ਨੂੰ ਕਹਿੰਦਾ ਹਾਂ ਕਿ ”ਆਪਣੀਆਂ ਬੀੜੀਆਂ ਵੰਡ ਦੇਹ ਸਾਰਿਆਂ ’ਚ!’’ ਪਰ ਉਹ ਨੱਕ-ਬੁੱਲ੍ਹ ਜਿਹੇ ਮਾਰੀ ਜਾਂਦਾ ਹੈ। ਫੇਰ ਮੇਰਾ ਚਿਹਰਾ ਵੇਖ ਕਿ ਮੈਂ ਗੁੱਸੇ ਹੋ ਰਿਹਾਂ, ਉਹ ਉੱਠ ਕੇ ਆਪਣੇ ਦੋਹੇਂ ਬੀੜੀਆਂ ਦੇ ਬੰਡਲ ਉਨ੍ਹਾਂ ਨੂੰ ਵੰਡ ਦੇਂਦਾ ਹੈ।
”ਸੁਣਾਓ ਫੇਰ?’’ ਸੁਲਗਦੀਆਂ ਬੀੜੀ-ਸਿਗਰਟਾਂ ਦੇ ਦੌਰ ’ਚ ਮੈਂ ਕਹਿਨਾਂ।
ਗਲੇਲੀਆਂ ਪਹਿਲਾਂ ਘੋੜੀ ਗੌਣ ਲੱਗ ਪੈਂਦੀਆਂ ਨੇ. ਮੈਂ ਰੋਕ ਦੇਨਾਂ। ਫੇਰ ਉਹ ਗੜਵੀ ਤੇ ਛੱਲੇ ਨਾਲ ਗੌਂਦੀਆਂ ਨੇ-
ਮੈਂ ਨਹੀਓਂ ਤੱਕਣਾ ਵੇ,
ਤੈਨੂੰ ਨੈਣਾਂ ਦੇ ਬੂਹੇ ਢੋਹ ਕੇ…..।
ਮੇਰੀ ਸੁਰਤ ਕਿੱਧਰੇ ਹੋਰ ਟੁਰ ਗਈ ਏ। ਮੈਨੂੰ ਸੋਚੀਂ ਪਿਆ ਵੇਖ ਕੇ ਇਕ ਗਲੇਲੀ ਕਹਿੰਦੀ ਹੈ-
”ਨੀ ਬਾਈ ਤਾਂ ਸੌਂਦਾ ਜਾਂਦੈ! ਆਪਾਂ ਸਕੂਟਰ ਸੁਣੌਨੀਆਂ ਏਹਨੂੰ!’’
”ਹਾਂ! ਹਾਂ! ਸੁਣਾਉ!’’ ਮੈਂ ਇਕਦਮ ਸੁਰਤ ’ਚ ਆ ਕੇ ਕਹਿਨਾਂ। ਗਲੇਲੀਆਂ ਗੌਣ ਲਗਦੀਆਂ ਨੇ-

ਭਾਂਡਾ ਟੀਂਡਾ ਵੰਡ ਦੇਹ
ਡੰਗਰ-ਪਸ਼ੂ ਵੰਡ ਦੇਹ
ਲੀੜਾ ਲੱਪਾ ਵੰਡ ਦੇਹ
ਮੇਰੇ ਬਾਪ ਦਾ ਜਮਾਈ
ਮੇਰੇ ਵੱਲ ਕਰ ਦੇਹ!
ਫੇਰ ਧੱਮਚੜ ਪੌਂਦੀਆਂ ਗੌਂਦੀਆਂ –
ਬਹਿ ਜਾਹ ਨੀ
ਸਕੂਟਰ ਤੇ। ਬਹਿ ਜਾਹ ਨੀ…..
ਸਕੂਟਰ ਤੇ….!

ਮੇਰੀਆਂ ਅੱਖਾਂ ਕਿਸੇ ਹੋਰ ਨੂੰ ਵੇਖ ਰਹੀਆਂ ਨੇ। ਇਨ੍ਹਾਂ ’ਚੋਂ ਮੇਰੀ ਮਾਂ ਕਿਹੜੀ ਐ? ਮੇਰੀ ਦਾਰੂ ਅੱਗੇ ਬੜੀ ਵੱਧ ਗਈ ਏ। ਰਾਤੀਂ ਵੀ ਬਹੁਤ ਪੀ ਹੋ ਗਈ ਏ। ਪਰ ਹੁਣ ਫੇਰ ਪੀਣ ਲਈ ਚਿੱਤ ਕਰ ਪਿਐ।
ਲਗਦੈ, ਕਿਤੇ ਉਦਾਸੀ ਮੇਰੇ ਧੁਰ ਅੰਦਰ ਪਈ ਏ!

9
ਬੇਬੇ ਦੀ ਬੁੜਬੁੜ:-
ਦੁਨੀਆਂਦਾਰੀ ਤਾਂ ਮੈਂ ਏਨੀ ਦੇਖ ਲੀ ਐ, ਭਮਾਂ ਮੈਨੂੰ ਕਾਲੇ-ਪਾਣੀਆਂ ਭੇਜ ਦੋ। ਭਮਾਂ ਦੀ ਕਿਸੇ ਜੈ ਖਾਣੇ ਕਾਲੇ-ਗੋਰੇ ਮੁਲਖਾਂ ਭੇਜ ਦੋ, ਮੈਂ ਤਾਂ ਕਿਸੇ ਦੀ ਨਹੀਂ ਲਾਈਦੀ! ਐਨ ਕੇਰਾਂ ਤਾਂ ਘਕਾ ਦੂੰ ਸਾਰਿਆਂ ਦੀ ਭੰਵੀਰੀ! ਕਿਹੜਾ ਬੜੇ ਤੋਂ ਬੜਾ ਹਾਕਮ ਹੋਊ, ਜਿਹੜਾ ਮੈਂ ਲੋਟ ਕਰਨਾ ਨਾ ਜਾਣਦੀ ਹੋਮਾਂ?
”ਨੀ ਕੁੜੇ? ਨੀ ਕਿੱਥੇ ਐ ਤੂੰ? ਜਵਾਬ ਕਿਉਂ ਨੀ ਦੇਂਦੀ…?’’ ਮੈਥੋਂ ਹੋਰ ਬੋਲਿਆ ਨੀ ਜਾਂਦਾ ਤੇ ਮੈਂ ਸੋਟੀ ਦੀ ਟੇਕ ਲੈ ਕੇ ਬਹਿ ਜਾਨੀ ਆਂ। ਉਂਜ ਦਿਖਦਾ ਵੀ ਕੋਈ ਨਹੀਂ ਪਿਆ।
”ਹੁਣ ਤਾਂ ਸੱਚੀਓਂ ਜਵਾਨੀ ਢਲਗੀ, ਨਹੀਂ ਮੈਂ ਕਿਤੇ ਕਿਸੇ ਨੂੰ ਕੁਸ ਬੀ ਨਹੀਂ ਤੀ ਜਾਣਿਆ। ਮੈਂ ਤਾਂ ਕਾਰੇ ਕਰਨਾ ਜਾਣਦੀ ਆਂ। ਕੱਲ੍ਹ ਭੀ ਮੈਂ ਧੱਤੂ ਝਟਕਈ ਦੇ ਭਰਾ ਨੂੰ ਸੁਨੇਹਾ ਦਿੱਤਾ ਤੀ। ਸ਼ਾਮ ਤੱਕ ਧੱਤੂ ਨਾਲ ਨਾਭਾ ਗੇਟ ਆਲੇ ਗੁਰਦੁਆਰੇ ਮੇਂ ਮੁਲਕਾਤ ਭੀ ਕੀਤੀ ਤੀ। ਧੱਤੂ ਕਹਿੰਦਾ ਤੀ, ”ਭਾਈ! ਇਹ ਤਾਂ ਇਨ੍ਹਾਂ ਨਾਲ ਨਿਕਸ਼ਲੀ ਕਿ ਖਬਰੈ ਨਕਸ਼ਲਬਾੜੀ ਰਲੇ ਵੇ ਆ! ਸਾਨੂੰ ਤਾਂ ਆਪ ਇਨ੍ਹਾਂ ਦੇ ਸਿਰਾਂ ਨੂੰ ਵੱਢ ਕੇ ਲਿਜਾਣ ਦੀ ਲੋੜ ਆ। ਬੇਬੇ! ਚਿੰਤਾ ਨਾ ਕਰ, ਤੇਰੇ ਕਮਰੇ ਤਾਂ ਖਾਲੀ ਕਰੌਨੇ ਖੱਬੇ ਹੱਥ ਦੀ ਖੇਡ ਆ ਸਾਡੇ! ਬੱਸ ਸਾਡੇ ਡੁਰਲੀ ਜੱਥੇ ਦੇ ਸਿੰਘ ਪਹੁੰਚ ਰਹੇ ਆ ਜਲਦੀ ਪਟਿਆਲੇ ਤੇ ਭਵਾਨੀਗੜ੍ਹ ਮਾ! ਉਥੇ ਤੇ ਜਦੋਂ ਈ ਸਾਡੇ ਲਵੇ ਆਏ, ਤਾਂ ਸਭ ਤੋਂ ਪਹਿਲਾਂ ਤੇਰੇ ਇਨ੍ਹਾਂ ਕਾਮਰੇਟਾਂ ਦੇ ਸਿਰ ਵੱਢਾਂਗੇ। ਨਾਲੇ ਵੱਢਾਂਗੇ ਵੀ ਕਿਸੇ ਵਿਧੀ-ਵਿਧਾਨ ਨਾਲ, ਤਾਂ ਤੇਰੇ ਤੇ ਨਾ ਕੋਈ ਊਜ ਆਵੇ!!
ਬੱਸ ਕੇਰਾਂ ਇਨ੍ਹਾਂ ’ਚੋਂ ਕਿਸੇ ਦਾ ਘੋਗਾ ਚਿੱਤ ਹੋਵੇ, ਔਰ ਮੈਂ ਕਮਰੇ ਖਾਲੀ ਕਰਮਾ ਲਵਾਂ! ਫੇਰ ਸਭੋ ਕੁਝ ‘ਇਨਕੇ’ ਨੂੰ ਦੇ ਕੇ ਮੈਂ ਬਿਹਲੀ ਹੋ ਕੇ ਬਹਮਾਂ! ਭਮਾਂ ਦੀ ਇਕ ਅੱਧ ਚੱਕਰ ਮੈਂ ਕੁਰਸ਼ੇਤਰ ਦਾ ਲਾ ਆਮਾਂ!
ਇਨਕਾ ਝੁੱਡੂ ਏ ਚੰਗੈ! ਮੈਂ ਜਿਧਰ ਤੋਰ ਦੇਮਾਂ, ਤੁਰਿਆ ਰਹਿੰਦਾ! ਡਰ ਤਾਂ ਮੈਨੂੰ ਏਸ ਹਰਾਂਬੜ ਵੈਹੜ ਦਾ ਐ, ਜਿਹੜੀ ਮੈਂ ਹੱਥੀਂ ਏਹਦੇ ਪੱਲੇ ਬੰਨ੍ਹੀ ਆ! ਸਾਲੀ ਕੋਤਲ ਬਣਦੀ ਐ! ਅੱਖ ਕਿੰਨੀ ਗਹਿਰੀ ਐ ਢੈ ਪੈਣੀ ਦੀ! ਮੂੰਹੋਂ ਤਾਂ ਜਵਾਂ ਨੀ ਫੁੱਟਦੀ ਇਕ ਅੱਖਰ….!
ਰਾਤ ਨੂੰ ਇਹ ਬੜੀ ਡੇਰ ਕਰਕੇ ਔਂਦੇ ਆ। ਉਦੋਂ ਕਿਤੇ ਬਾਨੰਣੂ ਬੱਝ ਜੇ ਕੇਰਾਂ…!

10
ਜਦ ਮੇਰੀ ਨੀਂਦ ਖੁੱਲ੍ਹੀ ਤਾਂ ਮੇਰੇ ਕੰਨਾਂ ’ਚ ਕੋਈ ਜਨਾਨਾ ਆਵਾਜ਼ ਪੈ ਰਹੀ ਸੀ। ਵਿਚ-ਵਿਚ ਕਾਮਰੇਡ ਸੇਮੀ ਦੀ ਵੀ ਆਵਾਜ਼ ਸੁਣੀਂਦੀ ਸੀ। ਨੀਂਦ ਖੁੱਲ੍ਹਦਿਆਂ ਵੀ ਮੈਂ ਇਕਦਮ ਅਬੜਵਾਹੇ ਉੱਠ ਕੇ ਨਹੀਂ ਬੈਠਾ, ਸਗੋਂ ਕਿਸੇ ਨਸ਼ਾ ਟੁੱਟੇ ਅਮਲੀ ਵਾਂਗ ਲੇਟਿਆ ਹੀ ਆਸ-ਪਾਸ ਦਾ ਜਾਇਜ਼ਾ ਲੈਂਦਾ ਰਿਹਾ। ਅਚਾਨਕ ਮੈਨੂੰ ਯਾਦ ਆਇਆ, ਰਾਤ ਨਸ਼ਾ ਤੇ ਮੈਂ ਵੀ ਬਹੁਤ ਪੀ ਗਿਆ ਸਾਂ। ਤਕਰੀਬਨ ਬੋਤਲ, ਡੇਢ ਬੋਤਲ, ਦੁਪਹਿਰੋਂ ਲੈ ਕੇ ਗਈ ਰਾਤ ਤੱਕ ਮੇਰੇ ਅੰਦਰ ਚਲੀ ਗਈ ਸੀ, ਮੈਨੂੰ ਅੰਦਾਜ਼ਾ ਜਿਹਾ ਹੋ ਰਿਹਾ ਸੀ।
ਇਹ ਫੇਰ ਹੁਣ ਮੈਂ ਕਿੱਥੇ ਪਿਆ ਸਾਂ? ਸੂਰਜ ਦੀ ਰੌਸ਼ਨੀ ਬਾਹਰੋਂ ਆ ਰਹੀ ਸੀ, ਇਹ ਪੱਕਾ ਸੀ ਪਈ ਦਿਨ ਚੜ੍ਹ ਗਿਆ ਏ। ਇਹ ਕਾਮਰੇਡ ਸੇਮੀ ਦੀ ਆਵਾਜ਼ ਵਿਚ ਗੁੱਸਾ ਜਿਹਾ ਕਿਉਂ ਰੜਕਦੈ? ਇਹ ਜਨਾਨਾ ਅਵਾਜ਼ਾਂ ਕਿਹੀਆਂ ਨੇ? ਮੇਰਾ ਸਿਰ ਕਿਉਂ ਨਹੀਂ ਖੜੋ ਰਿਹਾ? ਮੈਂ ਹਾਂ ਕਿੱਥੇ? ਕੀ ਮੈਨੂੰ ਹੁਣ ਉੱਠ ਬਹਿਣਾ ਚਾਹੀਦੈ, ਕਿ ਲੇਟਿਆ ਰਹਾਂ?
ਸਵਾਲਾਂ ਨੇ ਏਨਾ ਪਰੇਸ਼ਾਨ ਕੀਤਾ ਕਿ ਮੈਂ ਸਾਰੀ ਸੁਸਤੀ ਵਗਾਹ ਮਾਰੀ ਤੇ ਉੱਠ ਕੇ ਬੈਠਦਾ ਹੋ ਗਿਆ। ਸਾਹਮਣੇ ਸੇਮੀ ਦਿਖਿਆ। ਸੁੱਕੇ ਕੱਪੜੇ ਇਕੱਠੇ ਕਰ ਰਿਹਾ ਸੀ। ਕੋਲ ਭੂਪੀ ਸਮਾਣੇ ਵਾਲੀ ਮਦਦ ਕਰ ਰਹੀ ਦਿੱਸੀ। ਮੇਰੇ ਉੱਠਦਿਆਂ ਹੀ ਜਿਵੇਂ ਪਿੱਛੇ ਹਿੱਲਜੁਲ ਹੋਈ। ਦੋਹਾਂ ਵੱਲੋਂ ਨਜ਼ਰ ਮੋੜ ਕੇ ਵੇਖਿਆ ਤਾਂ ਪਿੱਛੇ ”ਗੇਜੋ’’ ਬੇਬੇ ਦੀ ਨੂੰਹ ਡੋਲੂ ਵਿਚੋਂ ਚਾਹ ਪੌਂਦੀ ਵੇਖੀ।
”ਉੱਠ ਪਿਐ! ਉੇੱਠ ਪਿਐ ਮੇਰਾ ਸ਼ਰਾਬੀ ਵੀਰ!’’ ਸੇਮੀ ਦੇ ਵਿਅੰਗ ਭਰੇ ਬੋਲ ਮੈਨੂੰ ਵੱਜੇ। ਅਚਾਨਕ ਯਾਦ ਆਇਆ ਕਿ ਰਾਤ ਤਾਂ ਮੈਂ ਤੇ ਬੋਘਾ, ਗਈ ਰਾਤ ਤੱਕ ”ਭਾਪਿਆਂ ਦੇ ਹਾਤੇ’’ ਵਿਚ ਬੈਠੇ ਪੀਂਦੇ ਰਹੇ ਸਾਂ। ਬੋਘੇ ਨੇ ਸਾਰਿਆਂ ਨੂੰ ਤੋਰ ਦਿੱਤਾ ਸੀ। ਕਰਨੈਲ, ਪੰਡਤ ਤੇ ਗੀਟਣ, ਸਭਨਾਂ ਨੂੰ ਤੋਰ ਦਿੱਤਾ ਸੀ। ਬੋਘੇ ਨੇ ਕਿਹਾ, ”ਅੱਜ ਮੈਂ ਤੇ ਮੇਰਾ ਜਲੰਧਰੀਆ ਬਾਈ ਗਈ ਰਾਤ ਤੱਕ ਪੀਮਾਂਗੇ! ਤੁਸੀਂ ਜਾਉ, ਮੈਂ ਪੈ ਜੂੰ ਅੱਜ ਇਹਦੇ ਲਵੇ। ਮੈਂ ਹੈਗਾ ਨਾ ਇਹਦੇ ਨਾਲ!’’
ਚੇਤਾ ਆਉਣ ਕਰਕੇ ਮੈਂ ਸ਼ਰਮਿੰਦਾ ਹੋ ਗਿਆ। ਚੁੱਪ ਤੋੜਨ ਲਈ ਮੈਂ ਕਿਹਾ-
”ਸੇਮੇ ਭਾਅ! ਰਾਤੀਂ ਜ਼ਿਆਦਾ ਹੋ ਗਈ!’’
ਪਰ ਸੇਮੇ ਨੇ ਕੋਈ ਜਵਾਬ ਨਾ ਦਿੱਤਾ। ਵਿਚੋਂ ਹੀ ਗੇਜੋ ਮੇਰੇ ਅੱਗੇ ਚਾਹ ਰੱਖ ਗਈ। ਭੂਪੀ ਉਵੇਂ ਹੀ ਕੰਮ ਲੱਗੀ ਰਹੀ।
ਮੈਂ ਆਸ-ਪਾਸ ਵੇਖਣ ਲੱਗ ਪਿਆ। ਕਮਰਾ ਮੈਂ ਪਛਾਣ ਲਿਆ ਸੀ। ਇਹ ਸੈਣੀਆਂ ਦੇ ਮਹਿੰਦਰ ਦਾ ਬਾਹਰਲਾ ਘਰ ਸੀ। ਸਾਡੇ ਵਾਲੇ ਕਮਰਿਆਂ ਦੇ ਬਿਲਕੁਲ ਪਿੱਛੇ! ਮਗਰੇ ਇਹਦੇ ”ਟੈਣੀ ਡਾਕੂ’’ ਦੇ ਖੇਤ ਲਗਦੇ ਸਨ। ਇਹ ਕੱਚਾ ਪਹਿਆ ਅੱਗੇ ਜਾ ਕੇ ਹੋਮਿਓਪੈਥੀ ਡਾਕਟਰ ‘ਲਿੱਟ’ ਦੀ ਦੁਕਾਨ ਅੱਗੇ ਨਿਕਲਦਾ ਸੀ। ਨਾਲ ਹੀ ਦੋ ਕਦਮਾਂ ਤੇ ਸੰਗਰੂਰ-ਬਰਨਾਲੇ ਵਾਲੀਆਂ ਕੈਂਚੀਆਂ ਸਨ। ਇਹ ਸੜਕ ਧੂਰੀ ਨੂੰ, ਦੂਸਰੀ ਸਾਹਮਣੇ ਵਾਲੀ ਪਟਿਆਲੇ ਨੂੰ ਨਿਕਲਦੀ ਸੀ।
… ਮੈਂ ਇੱਥੇ ਕਿਵੇਂ ਹਾਂ? ਇਹ ਭੈੜੀਆਂ ਜਿਹੀਆਂ ਤੀਮੀਆਂ ”ਗੇਜੋ ਤੇ ਭੂਪੀ’’ ਇਥੇ ਕੀ ਕਰਦੀਆਂ ਹਨ? ਇਹ ਸਵਾਲ ਪਰੇਸ਼ਾਨ ਕਰ ਰਹੇ ਸਨ, ਪਰ ਸੇਮੀ ਸੀ ਕਿ ਚਾਹ ਪੀ ਰਿਹਾ ਸੀ, ਜਵਾਬ ਨਹੀਂ ਸੀ ਦੇ ਰਿਹਾ।
”ਚਾਹ ਪੀ ਕਾਮਰੇਡ! ਹੁਣ ਤੈਨੂੰ ਅੱਡਾ ਬਦਲਣਾ ਪੈਣੈ! ਅੱਜੋ ਈ ਤੇ ਹੁਣੇ ਹੀ! ਤੂੰ ਟਰੇਸ ਹੋ ਗਿਐਂ। ਤੈਨੂੰ ਧੱਤੂ ਝਟਕਈ ਦੇ ਗਰੁੱਪ ਨੇ ਪਛਾਣ ਲਿਐ! ਬੱਸ ਨਿਕਲਣ ਦੀ ਤਿਆਰੀ ਕਰ!’’
… ਮੇਰੇ ਸਿਰ ’ਤੇ ਜਿਵੇਂ ਹਥੌੜਾ ਵੱਜਾ। ਆਖਰ ਹੋਇਆ ਕੀ ਹੈ?
”ਸੋਚ ਨਾ! ਬੱਸ ਚਾਹ ਪੀ, ਇਥੇ ਹੀ ਨਹਾ ਧੋ। ਤੇਰਾ ਇਕੋ ਬੈਗ ਈ ਏ, ਜਾਂ ਕਿਤਾਬਾਂ! ਉਹ ਅਪੜ ਜਾਣਗੀਆਂ ਤੈਨੂੰ। ਤੂੰ ਬੱਸ ਮੈਨੂੰ ਦੁਪਹਿਰੇ ਤਿੰਨ ਕੁ ਵਜੇ ਮੋਗੇ ਬੱਸ ਸਟੈਂਡ ਮਿਲੀਂ। ਗੇਜੋ ਤੇ ਭੂਪੀ ਤੈਨੂੰ ਸਭ ਕੁਝ ਦੱਸ ਦੇਣਗੀਆਂ। ਇਹੀ ਤੈਨੂੰ ਸਾਈਕਲ ਤੇ ਹੋਰ ”ਸਾਮਾਨ’’ ਦੇਣਗੀਆਂ। ਦੁਪਹਿਰੇ ਤਿੰਨ ਵਜੇ ਤੂੰ ਮੈਨੂੰ ਮੋਗੇ ਬੱਸ ਸਟੈਂਡ ਦੇ ”ਸੀਟੂ’’ ਵਾਲੇ ਦਫ਼ਤਰ ਮਿਲੀਂ। ਜੇ ਮੈਂ ਨਾ ਹੋਇਆ ਤਾਂ ਸਾਡਾ ਕੋਈ ਪਾਰਟੀ ਸੈੱਲ ਤੈਨੂੰ ਮੇਰੇ ਤੱਕ ਅਪੜਦਾ ਕਰ ਦਊ! ਉਥੋਂ ਅਸੀਂ ਅਗਲੇ ਟਿਕਾਣੇ ’ਤੇ ਚੱਲਾਂਗੇ। ਸੁਣਦੈਂ! ਇਹ ਵੇਲੇ ਬਚਾ ਕੇ ਰੱਖ! ਬੱਚ ਕੇ ਚੱਲਣ ਦਾ ਸਮਾਂ ਅਜੇ! ਅਜੇ ਆਪਾਂ ਪਾਰਟੀ ਲਈ, ਲੋਕਾਂ ਲਈ ਬੜਾ ਕੁਛ ਕਰਨੈ।’’ ਸੇਮੇ ਨੇ ਕਿਹਾ।
”… ਪਰ! ਸੇਮੇ! ਏਨੀ ਮਾਰੋ-ਮਾਰ ਕਿਉਂ ਏ ਮੇਰੇ ਆਰ!’’ ਮੈਂ ਕਿਹਾ।
”ਬਾਹਲੀ ਗੱਲ ਨਾ ਕਰ। ਚਾਹ ਪੀ! ਫੇਰ ਦੱਸਦਾਂ!’’ ਸੇਮੇ ਨੇ ਦੋ-ਟੁੱਕ ਕਿਹਾ। ਮੇਰੀ ਬਚੀਂ ਕਾਮਰੇਡ ਨਾਲ ਰਹਿਣ ਕਰਕੇ ਬਹਿਸ ਦੀ ਆਦਤ ਨਹੀਂ ਸੀ ਰਹੀ, ਸੋ ਮੈਂ ਸੇਮੇ ਦੇ ਕਹੇ ’ਤੇ ਚਾਹ ਪੀਣ ਲੱਗ ਪਿਆ।
ਸੇਮੇ ਦੇ ਇਸ਼ਾਰਾ ਕਰਨ ’ਤੇ ਗੇਜੋ ਤੇ ਭੂਪੀ ਵੀ ਦੂਸਰੇ ਮੰਜੇ ’ਤੇ ਚੁੱਪਚਾਪ ਬਹਿ ਗਈਆਂ।
ਦੋ-ਚਾਰ ਮਿੰਟ ਹੀ ਲੰਘੇ ਹੋਣਗੇ ਅਜੇ, ਮਸਾਂ ਅਸੀਂ ਚਾਹ ਮੁਕਾ ਕੇ ਗਲਾਸ ਰੱਖੇ ਹੀ ਸਨ ਕਿ ਮਲਕੜੇ ਜਿਹੇ ਬੂਹਾ ਖੋਲ੍ਹ ਕੇ ਬੋਘਾ ਅੰਦਰ ਆ ਗਿਆ। ਬੋਘੇ ਨੂੰ ਦੇਖ ਕੇ ਦੋਹੇਂ ਜਣੀਆਂ ਪਰ੍ਹੇ ਨੂੰ ਵੇਖਣ ਲੱਗ ਪਈਆਂ। ਸੇਮਾ ਨੀਵੀਂ ਪਾਈ ਬੈਠਾ ਰਿਹਾ।
ਬੋਘੇ ਨੂੰ ਵੇਖਦਿਆਂ ਮੇਰੀ ਸੁਰਤ ਹੌਂਸਲਾ ਫੜ ਗਈ। ਮੈਂ ਫੱਟ ਕਿਹਾ-
”ਆ ਜਾ ਬੋਘੇ, ਮੇਰੇ ਆਰ!’’
ਪਰ ਬੋਘਾ ਤਾਂ ਮੇਰੇ ਵੱਲ ਵੇਖ ਹੀ ਨਹੀਂ ਸੀ ਰਿਹਾ। ਨਾ ਉਸ ਜਨਾਨੀਆਂ ਵੱਲ ਵੇਖਿਆ। ਮੈਂ ਹੈਰਾਨ ਰਹਿ ਗਿਆ, ਜਦ ਉਹ ਭੱਜ ਕੇ ਸੇਮੀ ਕਾਮਰੇਡ ਵੱਲ ਅਹੁਲਿਆ, ਤੇ ਉਹਦੇ ਗੋਡੇ ਫੜ ਕੇ ਕਹਿਣ ਲੱਗਾ-
”ਬਾਈ! ਓ ਬਾਈ! ਜਾਣ ਦੇਹ ਹੁਣ! ਇਕੇਰਾਂ ਮਾਫ਼ ਕਰ ਦੇਹ! ਮੈਤੋ ਭੁੱਲ ਹੋਗੀ!’’
ਸੇਮੀ ਦੇ ਚਿਹਰੇ ’ਤੇ ਕੋਈ ਉਤਰਾ-ਚੜ੍ਹਾ ਨਹੀਂ ਸੀ। ਉਹ ਅਬੋਲ ਬੈਠਾ ਰਿਹਾ। ਬੋਘੇ ਨੇ ਕਈ ਵਾਰ ਗਿੜਗਿੜਾ ਕੇ ਮਾਫੀ ਮੰਗੀ। ਅੰਤ ਮੈਂ ਕਿਹਾ-
”ਆਖਰ ਗੱਲ ਕੀ ਐ ਯਾਰੋ?’’
ਅਚਾਨਕ ਹੀ ਸੇਮੀ ਉੱਠਿਆ ਤੇ ਬੋਘੇ ਨੂੰ ਗਲਮਿਓਂ ਫੜ ਕੇ ਖੁੱਲ੍ਹੇ ਬੂਹੇ ਵੱਲ ਲੈ ਗਿਆ। ਉਹਨੂੰ ਬਾਹਰ ਕੱਢਦਾ ਕਹਿਣ ਲੱਗਾ-
”ਬੱਸ ਹੁਣ ਸ਼ਕਲ ਨਾ ਵਖਾਈਂ।’’
ਮੇਰਾ ਮੂੰਹ ਖੁੱਲ੍ਹਾ ਰਹਿ ਗਿਆ। ਤਕਰੀਬਨ ਸਵਾ ਛੇ ਫੁੱਟਾ ਬੋਘਾ ਕਿਸੇ ਕਤੂਰੇ-ਬਿੱਲੀ ਵਾਂਗ ਸੇਮੀ ਹੱਥੋਂ ਧੂੰਹਦਾ ਬਾਹਰ ਗਿਆ। ਬੋਘਾ ਤਾਂ ਕਿਸੇ ਦੀ ਸੰਹਿਦਾ ਨਹੀਂ! ਇਹ ਕੀ ਹੋਇਆ?
ਬੋਘਾ ਮੁੜ ਕੇ ਪਰਤਿਆ ਨਹੀਂ। ਮੈਂ ਬੂਹੇ ’ਤੇ ਜਾ ਕੇ ਵੇਖਿਆ। ਦੂਰੋਂ ਬੋਘੇ ਦੀ ਪਿੱਠ ਦਿਖੀ। ਫੇਰ ਉਹ ਸਾਡੇ ਕਮਰਿਆਂ ਵਾਲਾ ਮੋੜ ਮੁੜ ਗਿਆ।
ਮੈਂ ਅੱਕ ਜਿਹਾ ਗਿਆ। ਸਮਝ ਕੁਛ ਪੈ ਨਹੀਂ ਸੀ ਰਹੀ। ਅਖੀਰ ਮੈਂ ਕਿਹਾ-
”ਸੇਮੇ! ਮੇਰੇ ਪੱਲੇ ਭੀ ਕੁਝ ਪਾਉ! ਮੈਂ ਆਖਰ ਕੀ ਅੰਦਾਜਾ ਲਾਵਾਂ? ਕੀ ਹੋਇਐ ਕੀ ਐ? ਨਾਲੇ ਮੈਂ ਇੱਥੇ ਕਿਵੇਂ ਆਇਆ?
ਸੇਮੀ ਤੇ ਦੋਹੇਂ ਔਰਤਾਂ ਸੁਣ ਕੇ ਕੁਝ ਦੇਰ ਮੇਰੇ ਵੱਲ ਵੇਖਦੇ ਰਹੇ। ਆਖਰ ਸੇਮੀ ਨੇ ਕਿਹਾ-
”ਕਾਮਰੇਡ ਫਤਹਿ ਸਿਹਾਂ! ਤੂੰ ‘ਬੱਚੀ ਕਾਮਰੇਡ’ ਦੀ ਨਿਸ਼ਾਨੀ ਐਂ। ਦੂਸਰਾ ਤੂੰ ਸਾਡੀ ਪਾਰਟੀ ਦੀਆਂ ਪਿਆਰੀਆਂ ਕਾਪੀਆਂ ਵਿਚੋਂ ਇਕ ਐਂ! ਤੇਰੀ ਤੇ ਅਸੀਂ ਵਾਅ ਵੱਲ ਕਿਸੇ ਨੂੰ ਵੇਖਣ ਨਹੀਂ ਦੇਣਾ! ਸਾਡੇ ਕਈ ਪਾਰਟੀ ਸੈੱਲ ਤੇਰੀ ਨਿਗਹਬਾਨੀ ਤੇ ਨੇ! ਪਰ ਤੂੰ ਵੀ ਕੁਛ ਜ਼ਿੰਮੇਵਾਰੀ ਸਮਝ! ਏਨੀ ਦਾਰੂ ਤੇਰੇ ਲਈ ਠੀਕ ਨੀਂ!’’
ਮੈਂ ਸ਼ਰਮਿੰਦਾ ਹੋ ਗਿਆ। ਸੇਮੀ ਨੇ ਕਦੀ ਮੈਨੂੰ ਸਿੱਧਾ ਏਨਾ ਨਹੀਂ ਸੀ ਝਿੜਕਿਆ। ਦਾਰੂ ਤਾਂ ਮੈਂ ਛੋਟੀ ਉਮਰੇ ਹੀ ਪੀਣ ਲਗ ਗਿਆ ਸੀ। ਹੁਣ ਇਥੇ ਆ ਕੇ ਬੋਘੇ ਤੇ ਕਰਨੈਲ ਕਰਕੇ ਦਾਰੂ ਤਾਂ ਬਹੁਤ ਵਧ ਗਈ ਸੀ। ਕੀ ਕਰਾਂ?
… ”ਆਖਰ ਗੱਲ ਕੀ ਐ?’’ ਜਦ ਮੈਨੂੰ ਹੋਰ ਕੁਝ ਨਾ ਸੁੱਝਾ, ਤਾਂ ਮੈਂ ਕਿਹਾ। ਮੈਂ ਗੱਲਬਾਤ ਨੂੰ ਮੋੜਾ ਦੇਣਾ ਚਾਹੁੰਦਾ ਸਾਂ।
”ਗੱਲ ਕੀ ਹੋਣੀ ਸੀ ਫਤਹਿ ਸਿਹਾਂ?’’ ਕਾਮਰੇਡ ਸੇਮੀ ਜਦੋਂ ਵੀ ਭਾਵੁਕ ਹੁੰਦਾ, ਮੇਰਾ ਨਾਂ ਲੈਂਦਾ ਸੀ।
”ਪਰ ਕੁਝ ਦੱਸੋ ਵੀ?’’ ਮੈਂ ਫੇਰ ਕਿਹਾ।
”ਫਤਹਿ ਸਿਹਾਂ! ਇਸ ਮਾਈ ਨੇ, ਤੇਰੀ ਮਾਲਕ ਮਕਾਨ ਨੇ ਤੈਨੂੰ ਜਾਂ ਮੈਨੂੰ ਮਾਰਨ ਲਈ ”ਧੱਤੂ ਝਟਕਈ’’ ਦੀ ਡਿਊਟੀ ਲਾ ਤੀ ਸੀ ਚੁੱਪ ਕੀਤੇ! ਤੇ ਧੱਤੂ ਨੇ ਭਾੜੇ ਦਾ ਕਾਤਲ ਮੰਗਾ ਲੇ ਲਿਆ ਸੀ ਗੁਰਦੁਆਰਾ ਦੂਖ ਨਿਵਾਰਨ ਪਟਿਆਲੇ ਵਿਚੋਂ! ਉਥੇ ਉਹ ਲਾਂਗਰੀ ਬਣ ਕੇ ਰਹਿ ਰਹੇ ਨੇ! ਜਿੱਥੋਂ ਤੱਕ ਸਾਡੀ ਸੂਚਨਾ ਏ! ਸਾਡੇ ਸੈੱਲਾਂ ਨੇ ਦੱਸਿਆ ਸੀ ਪਈ ਇਕ ਤੇ ਭਵਾਨੀਗੜੀਆ ”ਭਰਪੂਰ’’ ਤੇ ਦੂਸਰਾ ਪਟਿਆਲੇ ਤੋਂ ਆਇਆ ”ਗੋਂਦੀ’’ ਕਮਾਂਡੋ ਫੋਰਸ ਵਾਲਾ ਤੇਰੇ ਤੇ ਲਾਏ ਗਏ ਸਨ। ਮਾਈ ਨੂੰ ਮੇਰੇ ਪ੍ਰੋਗਰਾਮਾਂ ਦਾ ਪਤਾ ਨਹੀਂ ਸੀ, ਨਹੀਂ ਤੇ ਮਾਈ ਦੀ ਬਾਰਾਂ-ਗੀਟੀ ਦੀ ਖੇਡ ਮੇਰੇ ਤੇ ਹੀ ਫਿੱਟ ਹੋਣੀ ਸੀ। ਪਰ ਮੈਂ ਕਦੀ ਆਪਣਾ ਪ੍ਰੋਗਰਾਮ ਨਸ਼ਰ ਨ੍ਹੀਂ ਕਰਦਾ, ਏਸ ਲਈ….!’’ ਅੱਗੇ ਕਾਮਰੇਡ ਨੇ ਵਾਕ ਖਾਲ੍ਹੀ ਛੱਡ ਦਿੱਤਾ।
ਮੈਂ ਅਵਾਕ ਰਹਿ ਗਿਆ। ਮਾਈ ਹਰਾਂਬੜ ਸੀ, ਮੈਨੂੰ ਪਤਾ ਸੀ। ਪਰ ਨੱਬਿਆਂ ਨੂੰ ਢੁੱਕੀ ਮਾਈ ਏਨੇ ਹੌਂਸਲੇ ਵਾਲੀ ਹੋਵੇਗੀ, ਮੇਰੇ ਲਈ ਇਹ ਗੱਲ ਪੱਚ ਨਹੀਂ ਸੀ ਰਹੀ।
”ਪਰ ਮੈਨੂੰ, ਤੈਨੂੰ ਕਾਸਨੂੰ ਮਾਰਨਾ ਚਾਹੁੰਦੀ ਐ?’’ ਮੈਂ ਹੈਰਾਨ ਹੁੰਦੇ ਕਿਹਾ।
”ਇਕ ਤਾਂ ਇਹ ਸਮਝ ਪੈਂਦੀ ਐ ਕਿ ਉਹ ਸਾਥੋਂ ਛੁਟਕਾਰਾ ਚਾਹੁੰਦੀ ਐ! ਕਮਰੇ ਖਾਲ੍ਹੀ ਕਰਾਊ ਐ, ਜੋ ਅਸੀਂ ਕਰਨਾ ਨਹੀਂ ਚਾਹੁੰਦੇ! ਸ਼ਹਿਰ ’ਚ ਮੁੜ ਏਨੇ ਸੈੱਟ ਦਫ਼ਤਰ, ਉਹ ਵੀ ਅੱਜ ਦੇ ਭਿਆਨਕ ਦੌਰ ਵਿਚ ਮੁੜ ਕਿੱਥੋਂ ਥਿਔਣੇ ਐਂ? ਦੂਸਰਾ ਮੇਰੀ ਸਮਝ ਅਨੁਸਾਰ, ਮਾਈ ਪੁਰਾਣੀ ਵੈਲਣ ਐ! ਉਹਨੂੰ ਖੂਨ ਖ਼ਰਾਬੇ, ਕਤਲਾਂ ਤੇ ਗੋਂਦਾ ਗੁੰਦਣ ’ਚ ਸਵਾਦ ਔਂਦੈ। ਉਹ ਮੇਰੀ ਜਾਚੇ ਏਦਾਂ ਕਰਕੇ ਮੁੜ ਆਪਣੀ ਜਵਾਨੀ ਦੇ ਦਿਨਾਂ ’ਚ ਪਰਤ ਜਾਂਦੀ ਹੋਣੀ ਐਂ। ਮੈਨੂੰ ਮੇਰੇ ਸਾਥੀ ”ਰਹੀੜੇ’’ ਨੇ ਮਾਈ ਦੀ ਜਵਾਨੀ ਦੇ ਕਾਰਨਾਮੇ ਸਾਰੇ ਇਕ-ਇਕ ਕਰਕੇ ਸੁਣਾਏ ਵੇ ਐ!’’ ਸੇਮੀ ਨੇ ਕਿਹਾ।
… ਪਰ ਸੇਮੀ! ਫੇਰ ਹੋਇਆ ਕੀ ਤੀ ਰਾਤ ਨੂੰ? ਤੇ ਮੈਂ ਉਹ ਸੈਣੀਆਂ ਕੇ ਏਸ ਕੋਠੇ ’ਚ ਕਿਵੇਂ ਆਇਆ?’’ ਮੈਂ ਫੇਰ ਕਿਹਾ।
”ਹੋਣਾ ਕੀ ਸੀ? ਪਹਿਲਾਂ ਤੇ ਮਾਈ ਨੇ ਤੇਰੇ ਏਸ ਸਾਥੀ ਬੋਘੇ ਨੂੰ ਖਰੀਦ ਲਿਆ। ਏਸ ਗੇਜੋ ਦੇ ਘਰ ਵਾਲੇ ਇਨਕੇ ਨੇ ਬੋਘੇ ਨੂੰ ਹਜ਼ਾਰ ਰੁਪਈਆ ਦੇ ਤਾ। ਚਾਰ ਬੋਤਲਾਂ ਦੇ ਤੀਆਂ। ਨਾਲ ਕਹਿ ਤਾ ਪਈ ਰਾਤ ਨੂੰ ਤੈਨੂੰ ਸ਼ਰਾਬੀ ਕਰਕੇ ਕਮਰੇ ਮੂਹਰੇ ਨਾ ਸੰਵਾ ਕੇ ਜਾਏ, ਸਗੋਂ ਸ਼ਰਾਬੀ ਹੋਏ ਨੂੰ ਤੈਨੂੰ ‘ਟੈਣੀ ਡਾਕੂ’’ ਦੇ ਖੇਤਾਂ ਲਵੇ ਸੁੱਟ ਜਾਵੇ….!
ਏਦਾਂ ਬੋਘੇ ’ਤੇ ਕਿਸੇ ਨੂੰ ਸ਼ੱਕ ਨਹੀਂ ਸੀ ਹੋਣਾ, ਤੇ ਉਥੇ ਧੱਤੂ ਦਿਆਂ ਬੰਦਿਆਂ ਤੈਨੂੰ ਗਲ ਘੋਟ ਕੇ ਮਾਰ ਦੇਣਾ ਸੀ। ਪੁਲਿਸ ਨੂੰ ਤੇ ਲੋਕਾਂ ਨੂੰ ਇਹ ਜਚਾ ਦੇਣਾ ਸੀ ਮਾਈ ਨੇ ਤੇ ਇਨਕੇ ਨੇ, ਪਈ ਤੂੰ ਰਾਤ ਦਾਰੂ ਪੀਤੀ ਚ ਉਧਰ ਬੱਗ ਗਿਆ ਸੀ ਤੇ ਤੈਨੂੰ ਜਾਂ ਕੁਝ ਲੜ ਗਿਆ, ਜਾਂ ਫੇਰ ਤੂੰ ਬਹੁਤੀ ਪੀਤੀ ’ਚ ਮਰ ਗਿਆ ਹੋਵੇਂਗਾ।’’
…. ਇਹ ਸੁਣ ਕੇ ਮੈਂ ਡਰ ਗਿਆ। ਇਕਦਮ ਰਾਤ ਦੀ ਤਸਵੀਰ ਕਲੀਅਰ ਹੋ ਗਈ। ਬੋਘੇ ਨੇ ਬਹਾਨੇ ਨਾਲ ਸਾਰੇ ਸਾਥੀ ਕਿਉਂ ਭੇਜ ਦਿੱਤੇ, ਕਿਉਂ ਬੋਘਾ ਸੇਮੀ ਵੱਲੋਂ ਦੁਰਕਾਰੇ ਜਾਣ ਤੇ ਭੱਜ ਗਿਆ, ਸਭ ਸਮਝ ਪੈ ਗਈ। ਚਾਰੇ ਤਬਕ ਰੌਸ਼ਨ ਹੋ ਗਏ ਸਨ।
… ਪਰ ਤੁਹਾਨੂੰ ਕਿਵੇਂ ਪਤਾ ਲੱਗਾ?’’ ਮੈਂ ਪੁੱਛ ਤਾਂ ਲਿਆ, ਪਰ ਸ਼ਰਮ ਨਾਲ ਮੇਰੀ ਅੱਖ ਨੀਵੀਂ ਹੋ ਗਈ ਸੀ।
”ਬਾਈ ਸਾਡੇ ਸੈੱਲ ਸਦਾ ਤੇਰੇ ਮਗਰ ਰਹਿੰਦੇ ਆਂ। ਤੂੰ ਕੀ ਕਰਦੈਂ, ਕਿੰਨੇ ਵਜੇ ਔਨੈ, ਕਦੋਂ ਸੌਂਦਾ-ਜਾਗਦੈਂ। ਸਭ ਕੁਛ ਮੇਰੇ ਸੈੱਲ ਮੈਨੂੰ ਦੱਸਦੇ ਰਹਿੰਦੇ ਆ।’’ ਸੇਮੀ ਨੇ ਸੱਚ ਦੱਸ ਤਾ।
”ਪਰ ਮੈਂ ਬਚਿਆ ਕਿਵੇਂ?’’ ਮੈਂ ਆਖਰ ਪੁੱਛ ਹੀ ਲਿਆ। ਪਰ ਏਨੇ ਨੂੰ ਮੇਰੀ ਸੁਰਤ ਬੈਠੀਆਂ ਦੋਹੇਂ ਔਰਤਾਂ ਵਲ ਹੋ ਗਈ। ਮੈਂ ਕੱਚਾ ਜਿਹਾ ਪੈ ਗਿਆ। ਮੇਰੀ ਕਮਜ਼ੋਰੀ ਔਰਤਾਂ ਅੱਗੇ ਜੱਗ ਜ਼ਾਹਰ ਹੋ ਰਹੀ ਏ, ਏਸ ਗੱਲ ਨੇ ਮੈਨੂੰ ਪੱਚੀ ਕਰ ਦਿੱਤਾ। ਨਾਲੇ ਔਰਤਾਂ ਵੀ ਉਹ, ਜਿੰਨਾ ਦਾ ਕੋਈ ਚਰਿੱਤਰ ਨਹੀਂ। ਮੈਂ ਅਚਾਨਕ ਭੜਕ ਕੇ ਕਿਹਾ-
”ਤੁਸੀਂ ਜਾਉ ਦੋਮੇਂ! ਤੁਸੀਂ ਕੀ ਕਰਦੀਆਂ ਜੇ?’’
”ਚੰਗਾ, ਅਸੀਂ ਚਲਦੀਆਂ! ਪੰਜ ਕੁ ਮਿੰਟ ਨੂੰ ਔਂਦੀਆਂ। ਤੁਸੀਂ ਤਿਆਰ ਰਹੋ!’’ ਗੇਜੋ ਏਨੀ ਤਾਕਤ ਤੇ ਸਿਆਣਪ ਨਾਲ ਬੋਲੀ ਕਿ ਮੈਂ ਹੈਰਾਨ ਹੋ ਗਿਆ। ਇਹ ਉਹ ਤੀਵੀਂ ਨਾ ਲੱਗੀ, ਜਿਹੜੀ ਮੈਨੂੰ ਵੇਖ ਕੇ ਲੁੱਚੇ ਗੌਣ ਗੌਂਦੀ ਸੀ।

”ਨਹੀਂ ਤੁਸੀਂ ਬੈਠੋ। ਮੈਂ ਹੁਣ ਨਿਕਲਾਂਗਾ।’’ ਸੇਮੀ ਨੇ ਕਿਹਾ।
”ਸੇਮੀ! ਯਾਰ ਏਹਨਾਂ ਨੂੰ ਭੇਜ। ਮੈਂ ਇਹਨਾਂ ਦੀ ਹਾਜ਼ਰੀ ’ਚ ਕੀ ਗੱਲ ਕਰਾਂਗਾ? ”ਮੈਂ ਕਿਹਾ। ਨਾਲੇ ਮੈਂ ਨਫ਼ਰਤ ਨਾਲ ਭੂਪੀ ਵੱਲ ਤੱਕਿਆ।
”ਤੂੰ ਮੈਨੂੰ ਕਾਮਰੇਟ! ਗੱਲ ਕਰਨ ਦੇਹ!’’ ਮੈਂ ਵੇਖਿਆ, ਭੂਪੀ ਮੈਨੂੰ ਕਹਿ ਰਹੀ ਸੀ। ਉਹਨੇ ਸੇਮੀ ਦੇ ਹੱਥ ਦੇ ਇਸ਼ਾਰੇ ਨੂੰ ਵੀ ਅਣਗੌਲਿਆ ਕਰ ਦਿੱਤਾ ਸੀ।
‘ ‘… ਸੁਣ ਫਤਹਿ ਸਿਹਾਂ। ਜਿਸ ਪਾਰਟੀ ਸੈੱਲ ਦੀ ਗੱਲ ਕਾਮਰੇਡ ਸੇਮੀ ਕਰ ਰਿਹੈ ਨਾ। ਉਹ ਇਹ ਖੜ੍ਹੀ ਐ ਤੇਰੇ ਸਾਹਮਣੇ! ਹਾਅ, ਆਹੀ ਗੇਜੋ! ਤੂੰ ਪਤਾ ਨਹੀਂ, ਕਦ ਦਾ ਪਾਰਟੀ ’ਚ ਹੋਏਂਗਾ, ਗੇਜੋ ਤਾਂ ਅਜੇ ਸੋਲਾਂ ਦੀ ਵੀ ਨੀ ਹੋਣੀ, ਜਦ ਏਸ ਮਰ ਜਾਣੇ ਪਸ਼ੂ ”ਇਨਕੇ’’ ਦੀ ਬਹੂ ਬਣ ਕੇ ਆਈ, ਤੇ ਤੇਰੇ ਏਸ ਸੇਮੀ ਦੀ ਪਾਲਟੀ ’ਚ ਕੰਮ ਕਰਦੀ ਪਈ ਏ। ਏਹੀ ਊ ਉਹ ਸੈੱਲ, ਜੀਹਨੇ ਤੇਰੀ ਜਾਨ ਬਚਾਈ ਐ!’’
”ਰੋਕ ਨਾ ਹੁਣ ਮੈਨੂੰ।’’ ਭੂਪੀ ਨੇ ਕਾਮਰੇਡ ਸੇਮੀ ਨੂੰ ਟੋਕ ਦਿੱਤਾ।
”… ਇਹ ਤਾਂ ਕਈ ਦਿਨਾਂ ਤੋਂ ਇਨਕੇ ਤੇ ਏਹਦੀ ਮਾਂ ਦੀ ਖੁਸਰ-ਫੁਸਰ ਸੁਣ ਰਹੀ ਸੀ। ਉਹ ਸੋਚ ਵੀ ਨਾ ਸਕਦੇ ਹੋਣੇ ਕਿ ਇਹ ਕਮਲੀ ਦਿਖਦੀ ਗੇਜੋ ਉਨ੍ਹਾਂ ਦਾ ਸਭ ਸੱਚ ਜਾਣਦੀ ਐ। ਇਨਕੇ ਕੋਲੋਂ ਵੀ ਇਹਨੇ ਪਤਿਆ ਕੇ ਗੱਲ ਕੱਢਾ ਲਈ ਕਿ ”ਬੋਘਾ ਖਰੀਦ ਲਿਐ! ਅੱਜ ਰਾਤ ਤੈਨੂੰ ਬਿੱਲੇ ਲਾਉਣੈ!’’
”…. ਤੇ ਫੇਰ ਜਦ ਬੋਘਾ ਤੈਨੂੰ ਸ਼ਰਾਬੀ ਕਰਕੇ ਸਿੱਟ ਗਿਆ, ਇਹੀ ਤੈਨੂੰ ਧੂਅ ਕੇ ਏਸ ਕੋਠੇ ’ਚ ਲੈ ਕੇ ਆਈ। ਇਹਨੇ ਇਹ ਕਮਰਾ ਰਾਤ ਨੂੰ, ਪਹਿਲਾਂ ਹੀ ਖੁੱਲ੍ਹਾ ਰੱਖ ਲਿਆ ਸੀ। ਉਧਰ ਉਹ ਤੇਰੇ ਕਤਲ ਨੂੰ ਆਏ ਟੱਟੂ ਆਪੇ ਟੱਕਰਾਂ ਮਾਰਕੇ ਟੁਰ ਗਏ।’’ ਰੱਬ-ਰੱਬ ਕਰ, ਤੈਨੂੰ ਇਹ ਰੱਬ ਬਣ ਕੇ ਬਹੁੜੀ ਆ!’’
ਮੈਂ ਅਵਾਕ, ਚੁੱਪਚਾਪ ਖੜ੍ਹਾ ਸਾਂ। ਸਾਹ ਲੈ ਕੇ ਭੂਪੀ ਫੇਰ ਬੋਲੀ-
”ਨਾਲੇ ਜਿਹੜਾ ਤੂੰ ਇਹਦੇ ਕੰਨੀਓ ਛੇੜੇ ਜਾਣ ਤੇ ਔਖੈ ਨਾ! ਇਹ ਸਭ ਛਲਾਵਾ ਈ ਤੀ! ਕਾਮਰੇਡ ਸੇਮੀ ਦਾ ਈ ਹੁਕਮ ਤੀ ਕਿ ਪਈ ਤੂੰ ਸਾਡੇ ਪਾਰਟੀ ਸੈੱਲ ਵਜੋਂ ਕਿਤੇ ਵੀ ਨਸ਼ਰ ਨਹੀਂ ਹੋਣਾ। ਗੁਪਤ ਰਹਿਣੈ! ਨਾਲੇ ਲੋਕਾਂ ਨੂੰ, ਤੇ ਮਾਈ ਨੂੰ ਤਕੌਣ ਦੀ ਮਾਰੀ, ਇਹ ਏਦਾਂ ਦੀ ਬਣ ਕੇ ਰਹਿੰਦੀ ਆ! ਇਹ ਤਾਂ ਇਹਦਾ ਪਿਉ ਕੰਜਰ ਤੀ, ਜੀਹਨੇ ਇਹ ਹੀਰਾ ਮਾਈ ਨੂੰ ਵੇਚ ਤਾ! ਨਹੀਂ ਤਾਂ ਇਹੇ ਜਿਹੀਆਂ ਤੇਰੀ ਪਾਰਟੀ ਦੀਆਂ ਲੀਡਰ ਹੁੰਦੀਆਂ ਹੁਣ ਤਾਈਂ!’’

”ਕਾਮਰੇਡਾ! ਹੁਣ ਜਦ ਗੱਲ ਖੁੱਲ੍ਹ ਗਈ ਆ ਤਾਂ ਦੱਸ ਦੇਮਾਂ, ਦਿਨ-ਰਾਤ ਤੇਰਾ ਧਿਆਨ ਰੱਖਦੀ, ਤੇ ਤੈਨੂੰ ਬਚੌਣ ਵਾਲੀ ਇਹੀ ਆ। ਸਾਡਾ ਅਣਮੋਲ ਪਾਰਟੀ ਸੈੱਲ!’’ ਆਖਰ ਸੇਮੀ ਨੇ ਵੀ ਚੁੱਪ ਤੋੜੀ।
”ਨੀ ਗੇਜੋ!’’ ਮੈਂ ਬੱਸ ਏਨਾ ਹੀ ਕਹਿ ਸਕਿਆ ਸਾਂ।
”ਪਾਰਟੀ ਦੇ ਉਪਰਲੇ ਕੇਡਰ ਨੂੰ ਤੇ ਪੈਸਾ, ਸਰਕਾਰੀ ਨੌਕਰੀਆਂ ਤੇ ਪੁਲਿਸ ਦੇ ਟਾਊਟ ਬਣਨ ਦੇ ਲਾਲਚ ਨੇ ਹੀ ਖਾ ਲਿਐ! ਜੇ ਕਿਤੇ ਇਹੇ ਜਿਹੀਆਂ ਕਣੀਆਂ, ਏਹੇ ਜਿਹੀਆਂ ਪਿਆਰੀਆਂ ਕਾਪੀਆਂ ਸਾਡੇ ਸੈੱਲ ਨਾ ਬਣਨ, ਤਾਂ ਅਸੀਂ ਕਦ ਦੇ ਪੁਲਿਸ ਜਾਂ ਖਾਲਿਸਤਾਨੀਆਂ ਦੇ ਧੱਕੇ ਚੜ੍ਹ ਗਏ ਹੁੰਦੇ!’’ ਸੇਮੀ ਨੇ ਸੱਚ ਬੋਲਿਆ।
”ਚਲੋ ਭਾਈ! ਹੁਣ ਤਿਆਰੀ ਕੱਸੋ। ਸੈਣੀਆਂ ਕਾ ਬੁੜਾ ਵੀ ਔਣ ਵਾਲੈ! ਮੈਂ ਹੀ ਰੋਕਿਆ ਹੋਇਐ ਕਿ ਥੋੜ੍ਹੀ ਡੇਰ ਨਾਲ ਆਈਂ।’’ ਗੇਜੋ ਨੇ ਬੜੀ ਸਿਆਣਪ ਤੇ ਠਰ੍ਹੰਮੇ ਨਾਲ ਕਿਹਾ।
ਮੈਂ ਹੈਰਾਨ ਸੀ ਕਿ ਮਨੁੱਖਾ ਚਿਹਰੇ ਏਡੀ ਛੇਤੀਂ ਵੀ ਬਦਲ ਸਕਦੇ ਨੇ। ਸੋਚ ਏਡੀ ਛੇਤੀ ਵੀ ਬਦਲ ਸਕਦੀ ਐ, ਜਿਸ ਜਨਾਨੀ ਨੂੰ ਮੈਂ ਪਲ ਭਰ ਪਹਿਲਾਂ ਵਿਹੁ ਦੀ ਗੰਦਲ ਸਮਝ ਰਿਹਾ ਸਾਂ, ਉਹੀ ਹੁਣ ਸੁੱਘੜ ਤੀਵੀਂ ਲੱਗ ਰਹੀ ਏ।
”ਚੰਗਾ! ਬਾਕੀ ਪ੍ਰੋਗਰਾਮ ਏਹ ਸਮਝਾ ਦੇਣਗੀਆਂ। ਮੈਂ ਚੱਲਦਾਂ। ਮੈਂ ਤੈਥੋਂ ਪਹਿਲਾਂ ਮੋਗੇ ਅਪੜਨੈ!’’ ਏਨਾ ਕਹਿ ਕੇ ਕਾਮਰੇਡ ਸੇਮੀ ਸਕਿੰਟਾਂ ’ਚ ਬੂਹਾ ਖੋਲ੍ਹ ਕੇ ਉਹ ਗਿਆ। ਦੂਰੋਂ ਉਹਦਾ ਉਹੀ ਡਾਕੀਆਂ ਵਾਲਾ ਝੋਲਾ ਮੋਢੇ ’ਤੇ ਦਿਖਿਆ, ਜੀਹਦੇ ’ਚ ਉਹਦੇ ਸੁੱਕਾ ਕੇ ਰੱਖੇ ਦੋ ਜੋੜੇ ਕਪੜੇ ਹਮੇਸ਼ਾ ਪਏ ਹੁੰਦੇ।
”ਕਾਮਰੇਡ! ਤੇਰੀ ਰੋਟੀ ਮੈਂ ਕੱਪੜੇ ’ਚ ਲਵ੍ਹੇਟ ਕੇ ਲੈ ਆਈ ਸਾਂ। ਬਾਹਰ ਛਿੱਕੇ ’ਚ ਢੱਕ ਕੇ ਰੱਖੀ ਐ! ਦੋ ਕਦਮਾਂ ਤੇ ਬਾਹਰ ਨਿਕਲ ਕੇ ਵੇਖ, ਸਾਈਕਲ ਕੰਧ ਨਾਲ ਲੱਗੀ ਮਿਲੇਗੀ। ਕਿਸ਼ਨਪੁਰੇ ਵਾਲੀ ਸੜਕ ਤੋਂ ਹੋ ਕੇ ਤੂੰ ਪੂਨੀਆ ਕਲੋਨੀ ਵਿਚ ਦੀ ਜਾ ਨਿਕਲੇਂਗਾ। ਉਥੋਂ ਤੂੰ ”ਲੱਡਾ ਕੋਠੀ’’ ਵਾਲੇ ਅੱਡੇ ਜਾ ਖੜੋਈਂ। ਉਥੇ ਸਾਡਾ ਪਾਰਟੀ ਦਾ ਬੰਦਾ ਤੈਨੂੰ ਉਡੀਕ ਰਿਹੈ। ਸਾਈਕਲ ਉਹਨੂੰ ਦੇ ਦੇਈਂ। ਤੇ ਨਾਲ ਹੀ ਹੋਰ ਸਾਮਾਨ ਵੀ! ਆਹੀ ਜੇਹੜਾ ਮੈਂ ਤੈਨੂੰ ਦਿਆਂਗੀ।’’ ਗੇਜੋ ਕਹਿਣ ਲੱਗੀ।
”ਪਰ ਮੈਂ ਬਾਈਪਾਸ ਥਾਣੀਂ ਕਿਉਂ ਨਾ ਜਾਵਾਂ? ਨਾਲੇ ਮੈਂ ਮੋਗੇ ਪਹੁੰਚਣੈ! ਵਾਇਆ ਬਰਨਾਲਾ ਨਾ ਜਾਵਾਂ? ਏਧਰ ਦੀ ਕਿਉਂ?’’ ਮੈਂ ਕਿਹਾ।
”ਦੇਖ! ਅਜੇ ਵੀ ਧੱਤੂ ਦੇ ਕਰਿੰਦਿਆਂ ਤੇਰੇ ਤੇ ਨਜ਼ਰ ਟਿਕਾਈ ਆ। ਜੇ ਤੂੰ ਬੱਸ ਸਟੈਂਡ ਜਾਨੈਂ, ਤਾਂ ਉਥੇ ਮੇਰਾ ਘਰ ਆਲਾ ਤੇਰੀ ਮੁਖਬਰੀ ਲਈ ਤੈਨੂੰ ਉਡੀਕਦੈ! ਜੇ ਤੂੰ ਬਰਨਾਲਾ ਰੋਡ ਤੋਂ ਬੱਸ ਲਵੇਂ ਤਾਂ ਉਥੇ ਉਹੀ ਭਵਾਨੀਗੜ੍ਹੀਆ ਤੈਨੂੰ ਲੱਭਦਾ ਫਿਰ ਰਿਹੈ। ਉਹ ਤੇ ਰਾਤ ਦੇ ਹੀ ਹਰਖ਼ੇ ਫਿਰਦੇ ਆ ਪਈ ਤੂੰ ਸੁੱਕਾ ਕਿਵੇਂ ਨਿਕਲ ਗਿਆ? ਮੇਰੇ ਤੇ ਤਾਂ ਸ਼ੱਕ ਈ ਨੀ ਹੋ ਸਕਦਾ ਉਹਨਾਂ ਨੂੰ! ਮਾਈ ਤਾਂ ਇਨਕੇ ਦੀ ਤੈਨੂੰ ਮਾਰਨ ਦੀ ਡਿਊਟੀ ਲਾ ਕੇ ਆਪ ਸਾਰੀ ਰਾਤ ਉਥੇ ਨਾਭਾ ਗੇਟ ਆਲੀ ਆਵਦੀ ਸਹੇਲੀ ਕੋਲ ਜਾਣ ਕੇ ਕੱਟ ਕੇ ਆਈ ਆ। ਸੋ ਤੂੰ, ਇਕ ਤਾਂ ਧੂਰੀ ਤੋਂ ਬਰਨਾਲੇ ਨੂੰ ਜਾਣੈ। ਬੱਸਾਂ ਬਥੇਰੀਆਂ ਵਾ ਉਸ ਰੂਟ ’ਤੇ! ਗਰੇਵਾਲ ਬੱਸ, ਟੂਸਾ ਬੱਸ, ਦੋਹੇਂ ਹਰ ਅੱਧੇ-ਅੱਧੇ ਘੰਟੇ ਬਾਅਦ ਚੱਕਰ ਮਾਰਦੀਆਂ ਧੂਰੀ ਬਰਨਾਲੇ ਦੇ!’’ ਗੇਜੋ ਨੇ ਕਿਹਾ।
”ਨੀ ਤੂੰ ਐਨੀ ਸਿਆਣੀ ਕਿਵੇਂ ਹੋ ਗੀ?’’ ਮੈਂ ਹੈਰਾਨ ਹੁੰਦੇ ਕਿਹਾ। ਹਰ ਪਲ ਮਗਰੋਂ ਗੇਜੋ ਦੇ ਨਵੇਂ ਰੂਪ ਸਾਹਮਣੇ ਆ ਰਹੇ ਸਨ।
”ਅਸੀਂ ਦੋਹੇਂ ਐਮੇ ਹੀ ਘੁੰਮਦੀਆਂ ਰਹੀਆਂ?’’ ਹੱਸ ਕੇ ਭੂਪੀ ਨੇ ਕਿਹਾ।
”ਹਾਂ ਭੂਪੀ! ਤੂੰ ਚੱਲ! ਬੇਬੇ ਆ ਗਈ ਏ ਤੇ ਸ਼ੱਕ ਨ੍ਹੀਂ ਹੋਣਾ ਚਾਹੀਦਾ! ਤੇਰੇ ਮਗਰੋਂ ਪੰਜ ਮਿੰਟ ਪਾ ਕੇ ਮੈਂ ਅਪੜਾਂਗੀ। ਇਕੱਠੇ ਨ੍ਹੀਂ ਜਾਣਾ! ਗੇਜੋ ਨੇ ਕਿਹਾ।
ਭੂਪੀ ਉਸੇ ਵੇਲੇ ਚਲੀ ਗਈ। ਉਹਦੇ ਜਾਂਦਿਆਂ ਹੀ ਗੇਜੋ ਬਾਹਰ ਗਈ ਤੇ ਰੋਟੀ ਵਾਲਾ ਪੌਣਾ ਤੇ ਥੈਲਾ ਲੈ ਆਈ। ਰੋਟੀ ਮੈਨੂੰ ਫੜਾ ਕੇ ਤੇ ਝੋਲੇ ਵਿਚੋਂ ਰਿਵਾਲਵਰ ਕੱਢ ਕੇ ਮੈਨੂੰ ਫੜਾਇਆ ਤੇ ਕਹਿਣ ਲੱਗੀ-
”ਸੇਮੀ ਤੇਰੇ ਲਈ ਦੇ ਗਿਆ ਸੀ। ਇਥੇ ਹੀ ਡੱਬ ’ਚ ਲਾ ਲੈ। ਲੱਡਾ ਕੋਠੀ ਅੱਪੜ ਕੇ ਸਾਈਕਲ ਦੇ ਨਾਲ-ਨਾਲ ਕਿਸੇ ਖੇਤ ’ਚ ਜਾ ਕੇ ਇਹ ਚਿੜੀ ਦਾ ਬੱਚਾ ਸਾਡੇ ਸਾਥੀ ਨੂੰ ਮੋੜ ਦਈਂ। ਇਹਦੀ ਵੈਸੇ ਲੋੜ ਤੇ ਨਹੀਂ, ਪਰ ਫੇਰ ਵੀ ”ਦੁਸ਼ਮਣ ਬਾਤ ਕਰੇ ਅਣਹੋਈ’’, ਤੂੰ ਇਹਨੂੰ ਕਿਸੇ ਮਾੜੇ-ਚੰਗੇ ਸਮੇਂ ਲਈ ਨਾਲ ਰੱਖ!’’
ਰਿਵਾਲਵਰ ਮੈਂ ਡੱਬ ’ਚ ਲਾ ਲਈ। ਮੈਨੂੰ ਲੱਗ ਰਿਹਾ ਸੀ, ਜਿਵੇਂ ਮੈਂ ਨਿੱਕਾ ਬੱਚਾ ਵਾਂ, ਤੇ ਏਹਦੀ ਹਰ ਗੱਲ ਮੰਨਣਾ ਮੇਰੇ ਭਲੇ ’ਚ ਹੈ।
”ਮੈਂ ਹੁਣ ਨਿਕਲਾਂਗੀ! ਤੂੰ ਮੇਰੇ ਜਾਂਦਿਆਂ ਹੀ ਕੋਠਿਓਂ ਬਾਹਰ ਨਿਕਲੀਂ। ਕੋਠੇ ਦੀ ਕੰਧ ਦੇ ਨਾਲ ਸਾਇਕਲ ਪਿਐ! ਲੈ ਕੇ ਤਿੱਤਰ ਹੋ ਜਾਹ।’’ ਗੇਜੋ ਕਹਿਣ ਲੱਗੀ।
”ਮਾਈ ਕਿਤੇ ਸ਼ੱਕ ਨਾ ਕਰੇ?’’ ਮੈਂ ਡਰ ਜ਼ਾਹਰ ਕੀਤਾ।
”ਮਾਈ ਅਰਗੀਆਂ ਤਾਂ ਮੈਂ ਵੀਹ ਪੜ੍ਹਨੇ ਪਾ ਦੇਮਾਂ। ਮੈਂ ਨਾਲੇ ਗੌਣ ਗੌਂਦੀ ਨੇ ਜਾਣੈ। ਮਾਈ ਮੈਨੂੰ ਵੈਲਣ ਤੇ ਚਾਲੂ ਸਮਝਦੀ ਐ, ਮੈਂ ਉਹੀ ਬਣ ਕੇ ਰਹਿਨੀ ਆਂ! ਚਿਹਰੇ ਨੂੰ, ਤੇ ਰੂਪ ਨੂੰ ਵੱਟਾ ਕੇ ਰਹਿਣ ਦਾ ਵੱਲ ਸੇਮੀ ਮੈਨੂੰ ਸਿਖਾ ਗਿਆ ਤੀ। ਨਾਲੇ ਅਸੀਂ ਤੀਮੀਆਂ ਵਾਂ! ਜਿਸ ਰਾਹ ਟੁਰ ਪਈਏ, ਰਸਤੇ ਆਪੇ ਬਣਾ ਲੈਨੀਆਂ ਵਾਂ!’’ ਗੇਜੋ ਨੇ ਏਡੀ ਕਮਾਲ ਗੱਲ ਕੀਤੀ ਕਿ ਮੈਂ ਚੁੱਪ ਹੋ ਗਿਆ।
”ਚੰਗਾ ਫੇਰ!’’ ਕਹਿ ਕੇ ਉਹ ਟੁਰ ਪਈ। ਬੂਹੇ ’ਚ ਜਾ ਕੇ ਕਹਿੰਦੀ-
”ਦਾਰੂ ਜਾਂ ਘਟਾ ਦੇਹ, ਜਾਂ ਛੱਡ ਦੇਹ!’’
”ਜਾਣ ਦੇਹ! ਹੋਰ ਜੁੱਤੀਆਂ ਨਾ ਮਾਰ! ਹੋਰ ਸ਼ਰਮਿੰਦਾ ਨਾ ਕਰ!’’
”ਚੰਗਾ ਚੰਗਾ!’’ ਉਸ ਕਿਹਾ।
”…. ਇਕ ਗੱਲ ਹੋਰ ਕਹਾਂ?’’ ਉਸ ਸੋਚ ਕੇ ਤੇ ਪਰਤ ਕੇ ਕਿਹਾ।
”ਦੱਸ?’’ ਮੈਂ ਕਿਹਾ।
”…. ਗੱਲ ਏਦਾਂ ਪਈ, ਨਾ ਤੁਹਾਡੀ ਸੋਚ ਮਾੜੀ ਤੀ, ਨਾ ਤੁਹਾਡੀ ਲਹਿਰ ਮਾੜੀ ਐ। ਤੇ ਪਾਰਟੀ ਤਾਂ ਮਾਂ ਹੁੰਦੀ ਐ! ਉਹ ਤਾਂ ਮਾੜੀ ਹੁੰਦੀਓ ਈ ਨੀ!’’ ਉਸ ਕਿਹਾ ਤੇ ਚੁੱਪ ਕਰ ਗਈ। ਫੇਰ ਕਹਿੰਦੀ-
”ਤੁਸੀਂ ਬੰਦੇ ਈ ਮਾੜੇ ਟੱਕਰਦੇ ਓ ਪਾਰਟੀ ਨੂੰ ਤੇ ਸੋਚ ਨੂੰ! ਨਹੀਂ ਪਾਰਟੀਆਂ ਐਵੇਂ ਝੋਂ ਨਾ ਜਾਂਦੀਆਂ ਕਦੀ! ਅਸੀਂ ਤਾਂ ਥੋਡੇ ਵੱਲ ਈ ਤੱਕਦੇ ਆਂ, ਪਈ ਕੀ ਕਰੋਗੇ ਤੁਸੀਂ ਸਾਡੇ ਲਈ? ਅਸੀਂ ਨ੍ਹੀਂ ਭੱਜੇ!’’
ਏਨਾ ਆਖ ਉਹ ਬੂਹਾ ਖੋਲ੍ਹ ਟੁਰ ਗਈ ਤੇ ਮੈਨੂੰ ਜਿਵੇਂ ਜ਼ਮੀਨ ’ਚ ਲਾਹ ਗਈ। ਉਹਨੂੰ ਕੁਛ ਆਖਣ ਲਈ, ਮਾਫ਼ੀ ਵਾਲੇ ਰੌਂ ’ਚ ਮੈਂ ਬਾਹਰ ਨੂੰ ਅਹੁਲਿਆ, ਪਰ ਉਹ ਕਿੱਥੇ ਸੀ? ਉਹ ਤੇ ਖੇਤ ਬਰਾਬਰ ਦੀ ਵਿੱਥ ਪਾ ਗਈ ਸੀ। ਦੂਰੋਂ ਉਹਦੇ ਬੋਲ ਸੁਣ ਰਹੇ ਸਨ। ਗੌਂਦੀ ਜਾਂਦੀ ਸੀ-
ਜਿਊਣ ਜੋਗਿਆ ਦਿਉਰਾ ਵੇ,
ਵੇ ਤੈਨੂੰ ਮੈਂ ਨਾ ਮੁੱਕਰਦੀ।

2
ਹਵਾ ਵਿਚ ਮਾਦਕਤਾ ਸੀ। ਪਾਪਲਰ ਦਿਆਂ ਦਰੱਖ਼ਤਾਂ ਵਿਚੋਂ ਇਕ ਅਜੀਬ ਜਿਹੀ ਮਹਿਕ ਉØੱਠਦੀ। ਹਵਾ ਤੇ ਮਹਿਕ ਰਲ ਜਾਂਦੀਆਂ ਤੇ ਬੰਦੇ ਨੂੰ ਜਿਵੇਂ ਡੰਗਦੀਆਂ! ਮਖੀਲ ਦੇ ਨਿੱਕੇ-ਨਿੱਕੇ ਝੁੰਡ ਹਵਾ ਵਿਚ ਉØੱਡਦੇ, ਜਿਹੜੇ ਆਪਣੇ ਨਾਲ ਪੰਘਰੇ ਹੋਏ ਸ਼ਹਿਦ ਦੀ ਵਾਸ਼ਨਾ ਲਈ ਫਿਰਦੇ।
ਲਟਬੌਰਾ ਹੋਇਆ ਏਧਰ-ਉਧਰ ਫਿਰਦਾਂ! ਆਪੇ ਹੀ ਮਨ ਮੁਸਕਾਂਦਾ ਤੇ ਹੋਂਠ ਜਰਬ ਖਾਂਦੇ, ਅੱਖਾਂ ਕਿਸੇ ਆਨੰਦ ਵਿਚ ਮੀਚਦੀਆਂ ਜਾਂਦੀਆਂ…..! ਮੈਂ ਪੈਦਲ ਤੁਰਦਾ ਹੀ ਸੰਗਰੂਰ ਸ਼ਹਿਰ ਦੇ ਬਾਹਰੋਂ ਲੰਘਦੀ ਹਰੀਪੁਰ ਵਾਲੀ ਸੜਕ ‘ਤੇ ਪੈ ਜਾਨਾਂ ਅਕਸਰ…. ਤੇ ਜਾ ਨਿਕਲਦਾਂ ਬੰਗਾਲੀ ਜਾਦੂਗਰ ਦੇ ਟਿੱਬੇ’ ਤੇ, ਜਿਥੇ ਉਹ ਇਕੱਲਾ ਛੰਨ ਪਾ ਕੇ ਰਹਿੰਦੈ! ਪਿਛੋਂ ਉਹ ਬੰਗਾਲ ਦਾ ਹੈ, ਤੇ ਇਲਾਕੇ ਵਿਚ ਉਹਦੀ ਤਾਂਤਰਿਕ ਹੋਣ ਦੀ ਭੱਲ ਬਣੀ ਹੋਈ ਹੈ। ਖਣੀ ਪਿੱਛੋਂ ਕਿਤੋਂ ਕਤਲ ਕਰਕੇ ਆਇਆ ਹੋਇਐ, ਜਾਂ ਖ਼ਬਰੇ ਉਂਜ ਹੀ ਬੈਰਾਗਿਆ ਹੋਇਆ ਹੀ ਇਥੇ ਪੰਜਾਬ ਆ ਕੇ ਬੈਠ ਗਿਆ ਹੈ। ਦੱਸਣ ਵਾਲੇ ਦੱਸਦੇ ਨੇ ਪਈ ਮੁੜ ਕਦੀ ਇਹ ਕਿਧਰੇ ਗਿਆ ਨਹੀਂ ਸੀ। ਇਥੇ ਹੀ ਪਿਛਲੇ ਚਾਲ੍ਹੀ-ਪੰਜਾਹ ਸਾਲ ਤੋਂ ਬੈਠਾ ਹੋਇਆ ਹੈ। …..ਇਥੋਂ ਅਕਸਰ ਮੈਂ ਜ਼ੁਲਮਗੜ੍ਹ ਨਾਂ ਦੇ ਪਿੰਡ ਵਲ ਪੈਦਲ ਟੁਰ ਪਿਆ ਕਰਦਾ ਹਾਂ। ਪਰ ਮੇਰਾ ਉਸ ਸੜਕ ‘ਤੇ ਬਹੁਤਾ ਦਿਲ ਨਹੀਂ ਟਿਕਦਾ। ਕਦੀ ਹੀ ਮੈਂ ਉਧਰ ਪੂਰਾ ਚੱਕਰ ਕੱਟਿਆ ਹੋਣੈ, ਨਹੀਂ ਤੇ ਮੈਂ ਮੁੜ ਬੰਗਾਲੀ ਦੇ ਟਿੱਬੇ ਕੋਲ ਆ ਕੇ ਥੜੀਆਂ ‘ਤੇ ਬਹਿ ਜਾਨਾ ਹੁੰਨਾ। ਬੰਗਾਲੀ ਨੇ ਆਪੇ ਇੱਟਾਂ ਦੇ ਟੋਟੇ ਜੋੜ-ਜਾੜ ਕੇ ਦੋ ਥੜੀਆਂ ਆਹਮੋ-ਸਾਹਮਣੇ ਬਣਵਾ ਰੱਖੀਆਂ ਨੇ। ਕੋਈ ਵਿਰਲਾ ਟਾਵਾਂ ਭਗਤ, ਜਾਂ ਕੋਈ ਰਾਹੀ ਪਾਂਧੀ ਥੋੜੀ ਦੇਰ ਬਹਿ ਜਾਂਦੈ। ਜਾਂ ਫੇਰ ਮੇਰੇ ਵਰਗਾ ਕੋਈ ਪੱਕਾ ਹੀ ਇਧਰ ਆਉਣ ਵਾਲਾ ਬੈਠ ਜਾਂਦੈ। ਸਵੇਰ-ਸ਼ਾਮ ਹੀ ਇਧਰ ਆ ਕੇ ਬੈਠ ਹੁੰਦੈ, ਨਹੀਂ ਤੇ ਸਵੇਰੇ ਸੁਵਖਤੇ ਹੀ ਟਿੱਬੇ ਦੀ ਰੇਤਾ ਭੱਠ ਵਾਂਗ ਤਪਣ ਲਗ ਪੈਂਦੀ ਏ। ਸਿਖ਼ਰ ਦੁਪਹਿਰੈ ਗਹਿਰ ਛਾ ਜਾਂਦੀ ਤੇ ਟਿੱਬੇ ਦੀ ਰੇਤਾ ਵਰੋਲੇ ਬਣ-ਬਣ ਹਵਾ ’ਚ ਉØੱਡਦੀ, ਤੇ ਮੁੜ ਉਥੇ ਹੀ ਆ ਡਿੱਗਦੀ। ਸ਼ਾਮ ਜਿਹੇ ਨੂੰ ਠੰਡੀਰ ਸ਼ੁਰੂ ਹੋ ਜਾਂਦੀ ਤੇ ਰਾਤ ਤੱਕ ਰੇਤਾ ਠੰਡਾ ਹੋ ਕੇ ਪਸਰ ਜਾਂਦਾ।
ਇਹ ਬੰਗਾਲੀ ਤਾਂਤਰਿਕ ਮੈਨੂੰ ਖਿੱਚ ਪੌਂਦੈ। ਮੈਨੂੰ ਕਈ ਵਾਰ ਇਹ ਆਪਣੇ ਵਰਗਾ ਜਾਪਦੈ! ਮੈਂ ਵੀ ਉਖੜਿਆ ਪੌਦਾ ਈ ਆਂ, ਜੀਹਦੀ ਜੜ੍ਹ ਲਗਣ ਜੋਗੀ ਧਰਤੀ ਕਿਤੇ ਨਹੀਂ। ਕਿਥੇ ਬੰਗਾ, ਨਵਾਂਸ਼ਹਿਰ ਦੀਆਂ ਧਰਤੀਆਂ? ਕਿਥੇ ਸੰਗਰੂਰ, ਕਿਥੇ ਆਂਧਰਾ, ਬੰਗਾਲ ਦੇ ਇਲਾਕੇ, ਤੇ ਕਿਥੇ ਜਲੰਧਰ ਵਾਲਾ ਚੁਬਾਰਾ?…. ਜੀਵਨ ਦੇ ਰੰਗ ਵੇਖਦਾ ਕਿਤੇ ਕਿਸੇ ਭਾਰਤੀ ਖੁਫ਼ੀਆ ਏਜੰਸੀਆਂ ਦੇ ਬੰਦਿਆਂ ਦਾ, ਜਾਂ ਫੇਰ ਕਿਸੇ ਖੜੇ-ਖਾਲਸਤਾਨੀ ਦੀਆਂ ਗੋਲੀਆਂ ਦਾ ਸ਼ਿਕਾਰ ਨਾ ਬਣ ਜਾਵਾਂ? ਕੀ ਕਹਿ ਸਕਦਾਂ….?
ਹਰੀਪੁਰ ਆਲੀ ਸੜਕ ਤੋਂ ਮੈਂ ਅਕਸਰ ਤ੍ਰਹਿ ਜਾਂਦਾ ਹਾਂ। ਇਥੇ ਪਿੰਡ ਦੇ ਬਾਹਰਵਾਰ ਮਿਸਤਰੀਆਂ ਦੇ ਦੋ ਘਰ ਨੇ, ਜਿਹੜੇ ਪੱਕੀ ਸੜਕ ‘ਤੇ ਨੇ। ਪਿੰਡ ਦੀ ਫਿਰਨੀ ਕਦੇ ਸੰਗਰੂਰ ਨੂੰ ਏਸ ਪਿੰਡ ਨਾਲ ਜੋੜਦੀ ਪੱਕੀ ਸੜਕ ਬਣ ਜਾਏਗੀ, ਮਿਸਤਰੀਆਂ ਦੇ ਪੁਰਖ਼ਿਆਂ ਕਦੀ ਸੋਚਿਆ ਨਹੀਂ ਹੋਣਾ। ਹੁਣ ਇਹ ਸੜਕ ਦੇ ਕੰਢੇ ਆ ਗਏ ਦਸ-ਵੀਹ ਘਰ ਸਾਰੇ ਪਿੰਡ ਤੋਂ ਮਹਿੰਗੇ ਹੋਣਗੇ। ਪਰ ਮੇਰਾ ਮਸਲਾ ਇਹ ਨਹੀਂ ਹੈ। ਮੇਰਾ ਮਸਲਾ ਤੇ ਇਹ ਹੈ ਕਿ ਮਿਸਤਰੀਆਂ ਦੇ ਦੋ ਰਟੈਰ ਕੀਤੇ ਬੁੱਢੇ ਬਾਬੇ ਖ਼ਬਰੇ ਸਾਰਾ ਦਿਨ ਹੀ ਘਰ ਦੇ ਬਾਹਰ ਬੈਠੇ ਰਹਿੰਦੇ। ਸਿਖ਼ਰ ਦੁਪਹਿਰੇ ਵੀ, ਤੇ ਠੰਡੀਆਂ ਸ਼ਾਮਾਂ ਵਿਚ ਵੀ, ਮੈਂ ਉਹਨਾਂ ਨੂੰ ਬਾਹਰ ਬੈਠੇ ਦੇਖਦਾਂ। ਸਾਰੀ ਦੁਨੀਆ ਨੂੰ ਘੂਰਦੇ, ਚੁੱਪਚਾਪ…. ਬੱਸ ਇਕਟੱਕ! ਧੁੱਪ ਜ਼ਿਆਦਾ ਹੋਈ ਤਾਂ ਘਰ ਦੇ ਬਾਹਰ ਲੱਗੀ ਧਰੇਕ ਥੱਲੇ ਮੰਜੀ ਕਰ ਲੈਂਦੇ! ਕਈ ਵਾਰ ਇਕੋ ਬੁੱਢਾ ਵੀ ਬੈਠਾ ਮਿਲਦਾ। ਖ਼ਬਰੇ ਕੋਈ ਡਿਊਟੀ ਦੇਂਦੇ ਨੇ ਰੱਬ ਦੀ ਜਾਂ ਫੇਰ ਕੋਈ ਤਪ, ਕੋਈ ਜੁਹਦ ਕਰਦੇ ਨੇ!
ਮੈਂ ਅਕਸਰ ਉਹਨਾਂ ਨੂੰ ਵੇਖ ਕੇ ਢਿੱਲਾ ਜਿਹਾ ਪੈ ਜਾਨਾਂ, ਜਿਵੇਂ ਕੋਈ ਅਪਰਾਧੀ ਹੋਵਾਂ, ਜਾਂ ਜੀਹਨੇ ਕੋਈ ਗਲਤ ਗੱਲ ਕਰ ਦਿੱਤੀ ਹੋਵੇ! ਮੇਰਾ ਇਹ ਅਹਿਸਾਸ ਹਰ ਵਾਰ ਦੇਰ ਤੱਕ ਮੇਰੇ ਅੰਦਰ ਰਹਿੰਦਾ ਤੇ ਮੈਂ ਛੇਤੀਂ ਦੇਣੇ ਇਹ ਸੜਕ ਲੰਘਣ ਦੀ ਕਰਦਾ! ਜਦ ਮੈਂ ਕਿਸ਼ਨਪੁਰੇ ਪਿੰਡ ਵਾਲੀ ਸੜਕ ‘ਤੇ ਅਪੜ ਜਾਂਦਾ, ਸ਼ੁਕਰ ਕਰਦਾ! ਇਥੋਂ ਦਸ ਕਦਮਾਂ ਤੇ ਸਾਡਾ ਕਮਰਾ, ਦਫ਼ਤਰ, ਟਿਕਾਣਾ, ਜੋ ਵੀ ਕਹਿ ਲਈਏ, ਆ ਜਾਂਦਾ ਤੇ ਮੈਂ ਜਿਵੇਂ ਸੁਰਖਰੂ ਹੋ ਜਾਂਦਾ। ਚਾਹੇ ਮੈਂ ਏਸ ਵੱਡੇ ਜਿਹੇ ਢਾਰੇ, ਉਰਫ਼ ਕਮਰੇ ’ਚ ਉਸ ਵੇਲੇ ਨਾ ਵੀ ਵੜਦਾ, ਪਰ ਨਿਧੜਕ ਹੋ ਜਾਂਦਾ। ਸਾਹਮਣੇ ਟੈਣੀ ‘ਡਾਕੂ’ ਦੇ ਪਿਉ ਦੇ ਖੇਤ ਸਨ। ਉਹ ਅਕਸਰ ਟਿਊਬਵੈØੱਲ ਚਲਾਕੇ ਡੇਕ ਥੱਲੇ ਬੈਠਾ ਹੁੰਦਾ। ਡੇਕ ਦੀ ਛਾਂ ਬੜੀ ਸੰਘਣੀ ਸੀ, ਮੈਂ ਵੀ ਅਕਸਰ ਉਸੇ ਕੋਲ ਬੈਠਾ ਰਹਿੰਦਾ। ਟੈਣੀ ਜਿੰਨਾ ਚੋਰ ਤੇ ਲੁਟੇਰਾ ਸੀ, ਉਹਦਾ ਪਿਉ ਉਨਾ ਹੀ ਸਾਧੂ ਸੀ। ਮੇਰੇ ਨਾਲ ਉਹਦਾ ਬੜਾ ਮੋਹ ਬਣ ਗਿਆ ਸੀ। ਕਈ ਵਾਰ ਤਾਂ ਘੰਟਿਆਂ ਬੱਧੀ ਬੋਲਦਾ ਹੀ ਨਾ, ਬੜਾ ਸ਼ਾਂਤ ਬਣਿਆ ਰਹਿੰਦਾ, ਪਰ ਸਮੇਂ-ਸਮੇਂ ਕਦੀ ਮੈਨੂੰ ਚਾਹ ਜਾਂ ਪਾਣੀ ਲਿਆ ਦੇਂਦਾ। ਘਰੋਂ ਕਈ ਵਾਰ ਭੱਜ ਕੇ ਰੋਟੀ ਲੈ ਕੇ ਆ ਜਾਂਦਾ, ਕਿਉਂਕਿ ਉਹਨੂੰ ਪਤਾ ਸੀ ਕਿ ਮੈਂ ਰੋਟੀ ਲਈ ਉਚੇਚਾ ਉØੱਠ ਕੇ ਮੁਲਤਾਨੀ ਦੇ ਢਾਬੇ ‘ਤੇ ਜਾਵਾਂਗਾ ਹੀ ਜਾਵਾਂਗਾ।

ਮੇਰੇ ਕਮਰੇ ਵਾਲੇ ਪਾਸਿਓਂ ਵੇਖਿਆਂ ਸੰਗਰੂਰ ਦਾ ਬਸ ਅੱਡਾ ਦੂਰੋਂ ਦਿੱਖਦਾ, ਕਿਉਂਕਿ ਰਾਹ ਵਿਚ ਲੰਮਾ ਖਾਲੀ ਖੇਤ ਸੀ, ਜੀਹਦੀ ਮਾਲਕੀ ਮਿਊਂਸਪਲ ਕਮੇਟੀ ਦੀ ਸੀ। ਉਹ ਸਾਲਾਂ ਤੋਂ ਬੰਜਰ ਸੀ। ਅਸੀਂ ਜਿਵੇਂ ਅੱਧੇ ਤੇ ਪਿੰਡ ਕਿਸ਼ਨਪੁਰੇ ਦੀ ਧਰਤੀ ਵਿਚ ਸਾਂ ਤੇ ਅੱਧੇ ਕੁ ਸ਼ਹਿਰ ਸੰਗਰੂਰ ਦੀ ਰੌਣਕ ਨਾਲ ਜੁੜੇ ਹੋਏ ਸਾਂ। ਕਈ ਵਾਰ ਲਗਦਾ ਸੀ, ਜਿਵੇਂ ਕਿਸੇ ਡੂੰਘੇ ਵੀਰਾਨੇ ਵਿਚ ਲਹਿ ਗਏ ਹੋਈਏ, ਤੇ ਦੂਜੇ ਪਲ ਰਾਤ ਨੂੰ ਸੰਗਰੂਰ ਸ਼ਹਿਰ ਦੀਆਂ ਚਮਕਦੀਆਂ ਰੌਸ਼ਨੀਆਂ ਦੂਰੋਂ ਇੰਜ ਲਗਦੀਆਂ, ਮਾਨੋ ਵੀਰਾਨੇ ਨੂੰ ਵੰਗਾਰਦੀਆਂ ਹੋਣ!

ਬੇਬੇ ਦਾ ਇਹ ਘਰ ਕਿਸ਼ਨਪੁਰੇ ’ਚ ਪੈਂਦੇ ਖੇਤ ਵਿਚ ਸੀ। ਉਂਜ ਸ਼ਹਿਰੀ ਜਾਇਦਾਦ ਸੀ, ਪਰ ਪਟਵਾਰੀ ਦਿਆਂ ਕਾਗਜ਼ਾਂ ਵਿਚ ਪਿੰਡ ’ਚ ਪੈਂਦੇ ਖੱਤੇ ਬੋਲਦੇ ਸਨ। ਭਲੇ ਵੇਲਿਆਂ ਵਿਚ ਬੇਬੇ ਦੇ ਪੱਕੇ ਗ੍ਰਾਹਕ ਜਾਂ ‘ਖਸਮ’ ਨੇ ਕਿਸੇ ਗਰੀਬ ਸੈਣੀਆਂ ਦੇ ਟੱਬਰ ਕੋਲੋਂ ਬੈਅ ਕਰਵਾ ਲਏ ਸਨ। ਅੱਜ ਵੀ ਸਾਹਮਣੇ ਆਲੇ ਖੇਤ ਦਾ ਮਾਲਕ ਤੇਜਾ ਬੜੇ ਉਦਾਸ ਰੌਂਅ ਵਿਚ ਦੱਸਦਾ ਹੁੰਦੈ ਕਿ ਰਾਜੇ ਜੀਂਦ ਦੇ ਹਾਕਮ ਨੇ ਸੰਗਰੂਰ ਵੀ ਕੱਚੀ ਕਚਹਿਰੀ ਰੱਖੀ ਹੁੰਦੀ ਸੀ। ਕਚਹਿਰੀ ਦੇ ਚੋਬਦਾਰ ਦੀ ਅੱਖ ਏਸ ਜ਼ਮੀਨ ‘ਤੇ ਵੀ ਸੀ, ਤੇ ਉਹਨਾਂ ਦੇ ਵਡੇਰਿਆਂ ਵਿਚੋਂ ‘ਬਾਬੇ’ ਲਗਦੇ ਕਿਸੇ ਸੈਣੀ ਕੋਲੋਂ ਉਹਨੇ ਧੱਕੇ ਨਾਲ ਹੀ ਬੈਅ ਕਰਵਾ ਲਈ ਸੀ। ਉਦੋਂ ਤੇਜੇ ਦੇ ਦੱਸਣ ਮੂਜ਼ਬ ਇਥੇ ਰੇਤ ਉØੱਡਦੀ ਸੀ ਤੇ ਦੋ-ਤਿੰਨ ਨਿੱਕੇ-ਨਿੱਕੇ ਟਿੱਬੇ ਹੁੰਦੇ ਸਨ। ਫ਼ਸਲ ਨਾਮਾਤਰ ਹੁੰਦੀ ਸੀ, ਪਰ ਸ਼ਹਿਰ ਦੇ ਨਾਭਾ ਗੇਟ ਕੋਲ ਜ਼ਮੀਨ ਲਗਦੀ ਹੋਣ ਕਾਰਨ ਚੋਬਦਾਰ ਨੂੰ ਜ਼ਮੀਨ ਦੀ ਮਹੱਤਤਾ ਦਾ ਪਤਾ ਸੀ। ਸੈਣੀ ਕਿਸੇ ਕੇਸ ਵਿਚ ਫਸੇ ਹੋਏ ਸਨ ਤੇ ਚੋਬਦਾਰ ਨੇ ਇਹ ਵੱਡਾ ਖੇਤ ਉਹਨਾਂ ਨੂੰ ਬਰੀ ਕਰਨ ਦੇ ਬਦਲੇ ’ਚ ਬੈਅ ਕਰਵਾ ਲਿਆ ਸੀ।

ਮਨਿੰਦਰ ਸਿੰਘ ਕਾਂਗ

LEAVE A REPLY

Please enter your comment!
Please enter your name here

spot_img

Related articles

ਜਿਨਿ ਨਾਮੁ ਲਿਖਾਇਆ ਸਚੁ

ਰਚੇਤਾ: ਪ੍ਰੋ. ਬਲਵਿੰਦਰ ਸਿੰਘ ਜੌੜਾ ਸਿੰਘ, ਸ.ਸਿਮਰਜੀਤ ਸਿੰਘਪ੍ਰਕਾਸ਼ਕ: ਧਰਮ ਪ੍ਰਚਾਰ ਕਮੇਟੀ 'ਜਿਨਿ ਨਾਮੁ ਲਿਖਾਇਆ ਸਚੁ'ਸ੍ਰੀ ਗੁਰੂ ਗ੍ਰੰਥ ਸਾਹਿਬ ਦੀ...

ਚਿੱਠੀਆਂ – ‘ਹੁਣ-11’

ਕੁੱਝ ਵੱਖਰਾ, ਕੁੱਝ ਅੱਡਰਾ ਤੁਹਾਡੀ ਜੋੜੀ ਸੋਹਣੀ ਬਣੀ ਬਈ। ਤੁਹਾਨੂੰ ਦੋਹਾਂ ਨੂੰ ਲਗਨ ਵੀ ਹੈ। ਕੁਝ ਵੱਖਰਾ, ਅੱਡਰਾ ਕਰਨ...

ਅੰਮ੍ਰਿਤਾ ਸ਼ੇਰਗਿੱਲ ਜੀਵਨ ਤੇ ਕਲਾ

ਰਚੇਤਾ. ਤੇਜਵੰਤ ਸਿੰਘ ਗਿੱਲਪ੍ਰਕਾਸ਼ਕ : ਪਬਲੀਕੇਸ਼ਨ ਬਿਊਰੋਪੰਜਾਬੀ ਯੂਨੀਵਰਸਿਟੀ, ਪਟਿਆਲਾ ਸਿੱਖ ਪਿਤਾ ਅਤੇ ਹੰਗੇਰੀਅਨ ਮਾਂ ਦੀ ਜਾਈ ਚਿੱਤਰਕਾਰ ਅੰਮ੍ਰਿਤਾ ਸ਼ੇਰਗਿੱਲ...

ਕਿਸ ਤਰ੍ਹਾਂ ਦਾ ਹੋਵੇ ਨਾਟਕ?-ਰਿਪੋਰਟ:ਹਰਪ੍ਰੀਤ ਸਿੰਘ

ਕੋਈ ਸੌ ਵਰ੍ਹੇ ਪਹਿਲਾਂ ਨੌਰਾ ਰਿਚਰਡਜ਼ ਨੇ ਦਿਆਲ ਸਿੰਘ ਕਾਲਜ ਲਾਹੌਰ ਵਿੱਚ ਈਸ਼ਵਰ ਚੰਦਰ ਨੰਦਾ ਵਰਗੇ ਵਿਦਿਆਰਥੀਆਂ ਨੂੰ...
error: Content is protected !!