ਟ੍ਰਾਟਸਕੀ – ਹਰਪਾਲ ਸਿੰਘ ਪੰਨੂ

Date:

Share post:

ਇਸਹਾਕ ਡਿਊਸ਼ਰ ਰੂਸ ਦੇ ਅਜੋਕੇ ਇਤਿਹਾਸ ਦਾ ਗੰਭੀਰ ਦਰਸ਼ਨਵੇਤਾ ਹੈ। ਮੂਲ ਸਰੋਤਾਂ ਦਾ ਸਹਾਰਾ ਲੈਂਦਿਆਂ ਉਹਨੇ ਤਿੰਨ ਜਿਲਦਾਂ ਵਿਚ 1600 ਪੰਨਿਆਂ ਦਾ ਟ੍ਰਾਟਸਕੀ (1879-1940) ਦਾ ਜੀਵਨ ਲਿਖਿਆ ਹੈ। ਇਸਹਾਕ ਦੀ 650 ਪੰਨਿਆਂ ਵਿਚ ਲਿਖੀ ਸਟਾਲਿਨ ਦੀ ਜੀਵਨੀ ਵੀ ਮਿਲ਼ਦੀ ਹੈ। ਇਹ ਸਾਰੇ ਸ੍ਰੋਤ ਗੰਭੀਰ ਸਾਮੱਗਰੀ ਹਨ। ਮੇਰਾ ਇਹ ਲੇਖ ਪੜ੍ਹ ਕੇ ਸ਼ਾਇਦ ਪਾਠਕ ਮੂਲ਼ ਕਿਤਾਬਾਂ ਪੜ੍ਹਨ ਲਈ ਰਜ਼ਾਮੰਦ ਹੋ ਜਾਣ। ਸ਼ਬਦ ‘ਟ੍ਰਾਟਸਕੀ’ ਪੰਜਾਬੀ ਜ਼ਬਾਨ ਲਈ ਸੁਖਾਵਾਂ ਨਹੀਂ। ਲੇਖ ਲਿਖਣ ਪਿੱਛੋਂ ਦੋ ਮਹੀਨੇ ਮੇਰੀ ਇਹੋ ਮੁਸ਼ਕਿਲ ਬਣੀ ਰਹੀ। ਇਕ ਸ਼ਾਮ ਡਿਸਕਵਰੀ ਚੈਨਲ ‘ਤੇ ਉਹਦਾ ਜੀਵਨ ਦਿਖਾਇਆ ਗਿਆ, ਤਾਂ ਉਹਦਾ ਨਾਂ ‘ਤਾਸਕੀ’ ਲਿਆ ਜਾ ਰਿਹਾ ਸੀ; ਟ੍ਰਾਟਸਕੀ ਨਹੀਂ।

ਰੂਸ ਦੇ ਜ਼ਾਰ ਦੀ ਸਥਾਪਤੀ ਵਿਰੁੱਧ ਜੰਗ ਛੇੜਨ ਅਤੇ ਫ਼ਤਿਹ ਹਾਸਲ ਕਰਨ ਵਿਚ ਅਨੇਕ ਇਨਕਲਾਬੀ ਸ਼ਾਮਿਲ਼ ਹੋਏ; ਪਰ ਜਿਵੇਂ ਨੇਜ਼ਾ ਯੋਧੇ ਦੇ ਹੱਥ ਵਿਚ ਹੋਣ ਦੇ ਬਾਵਜੂਦ ਉਸ ਤੋਂ ਅੱਗੇ-ਅੱਗੇ ਚਲਦਾ ਹੈ, ਟ੍ਰਾਟਸਕੀ ਇਸ ਸੰਗਰਾਮ ਦਾ ਹੀਰੋ ਸੀ। ਕਦੀ ਸਾਇਬੇਰੀਆ ਦੀ ਕੈਦ ਵਿਚ ਦਿਨ ਕਟ ਰਿਹਾ ਹੁੰਦਾ; ਉਥੋਂ ਭਗੌੜਾ ਹੋ ਕੇ ਜ਼ਾਰ ਵਿਰੁੱਧ ਫਿਰ ਅੰਦੋਲਨ ਛੇੜ ਦਿੰਦਾ। ਉਹਦੀ ਕਰਨੀ ਨੂੰ ਮਾਨਤਾ ਮਿਲ਼ੀ। ਜਦੋਂ 1917 ਵਿਚ ਇਨਕਲਾਬ ਸਫਲ ਹੋ ਗਿਆ, ਤਾਂ ਲੈਨਿਨ ਨੇ ਉਹਨੂੰ ਦੇਸ ਦਾ ਪਹਿਲਾ ਰਾਸ਼ਟਰਪਤੀ ਨਾਮਜ਼ਦ ਕੀਤਾ। ਇਸ ਸ਼ਾਨਦਾਰ ਪ੍ਰਾਪਤੀ ਨੂੰ ਉਹਨੇ ਲੈਨਿਨ ਦੇ ਹਵਾਲੇ ਕਰਦਿਆਂ ਕਿਹਾ – “ਮੈਂ ਦੂਰ ਤਾਰੇ ਤੋਂ ਸਭਿਅਤਾਵਾਂ ਫੈਲਦੀਆਂ ਅਤੇ ਗ਼ਰਕ ਹੁੰਦੀਆਂ ਦੇਖਦਾ ਹਾਂ। ਲੈਨਿਨ ਲੋਕਾਂ ਦੇ ਵਧੀਕ ਨੇੜੇ ਹੈ, ਉਹ ਧਰਤੀ ਦਾ ਬਾਸ਼ਿੰਦਾ ਹੈ। ਰਾਜ ਕਿਉਂਕਿ ਧਰਤੀ ‘ਤੇ ਕਰਨਾ ਹੈ, ਇਸ ਲਈ ਮੈਂ ਰਾਸ਼ਟਰਪਤੀ ਦੀ ਉਪਾਧੀ ਲੈਨਿਨ ਦੇ ਹਵਾਲੇ ਕਰਕੇ ਸੁਰਖ਼ਰੂ ਹੁੰਦਾ ਹਾਂ।”
ਟ੍ਰਾਟਸਕੀ ਯੂਰਪ ਦੀਆਂ ਸਾਰੀਆਂ ਭਾਸ਼ਾਵਾਂ ਜਾਣਦਾ ਸੀ ਅਤੇ ਅੰਤਰਰਾਸ਼ਟਰੀ ਕੂਟਨੀਤੀ ਦਾ ਮਾਹਿਰ ਸੀ, ਜਿਸ ਕਰਕੇ ਲੈਨਿਨ ਨੇ ਉਹਨੂੰ ਅਪਣਾ ਪਹਿਲਾ ਵਿਦੇਸ਼ ਮੰਤਰੀ ਥਾਪਿਆ ਸੀ, ਜਿਹੜੀ ਪਦਵੀ ਥੋੜੇ੍ਹ ਹੀ ਸਮੇਂ ਵਿਚ ਉਹਨੇ ਛੱਡ ਦਿੱਤੀ। ਲੈਨਿਨ ਤਕ ਸਭ ਠੀਕ ਰਿਹਾ; ਪਰ ਲੈਨਿਨ ਦੀ ਮੌਤ ਮਗਰੋਂ ਸਟਾਲਿਨ ਨੇ ਟ੍ਰਾਟਸਕੀ ਦੇ ਉਨ੍ਹਾਂ ਪਰਿਵਾਰਕ ਮੈਂਬਰਾਂ ਨੂੰ ਵੀ ਕਤਲ ਕਰਵਾਇਆ, ਜਿਨ੍ਹਾਂ ਦਾ ਰਾਜਨੀਤੀ ਨਾਲ਼ ਕੋਈ ਸੰਬੰਧ ਨਹੀਂ ਸੀ। ਅਪਣੇ ਪੂਰੇ ਖ਼ਾਨਦਾਨ ਦੀ ਬਰਬਾਦੀ ਉਹਨੇ ਅੱਖੀ’ ਦੇਖੀ ਤੇ ਅਖ਼ੀਰ ਵਿਚ ਸਟਾਲਿਨ ਦੇ ਖ਼ੁਫ਼ੀਆ ਸਕੁਐਡ ਦੇ ਬੰਦੇ ਨੇ ਮੈਕਸੀਕੋ ਵਿਚ ਜਲਾਵਤਨੀ ਭੋਗ ਰਹੇ ਇਸ ਨਾਇਕ ਨੂੰ ਬਰਫ਼ ਤੋੜਨ ਵਾਲ਼ੀ ਕੁਹਾੜੀ ਸਿਰ ਵਿਚ ਮਾਰ ਕੇ ਖ਼ਤਮ ਕਰ ਦਿੱਤਾ।
ਡਿਊਸ਼ਰ ਲਿਖਦਾ ਹੈ- ਟ੍ਰਾਟਸਕੀ ਦੀ ਜੀਵਨ ਕਥਾ ਇਸ ਤਰ੍ਹਾਂ ਦੀ ਹੈ, ਜਿਵੇ’ ਮਿਸਰ ਦੇ ਕਿਸੇ ਪਿਰਾਮਿਡ ਵਿਚ ਮਹਾਨ ਬਾਦਸ਼ਾਹ ਦਾ ਕਬਰ ਵਿਚ ਸਰੀਰ ਹੋਵੇ; ਆਲ਼ੇ-ਦੁਆਲ਼ੇ ਕੀਮਤੀ ਵਸਤਾਂ ਹੋਣ ਅਤੇ ਯਾਦਾਂ ਸੋਨੇ ਦੀਆਂ ਤਖ਼ਤੀਆਂ ‘ਤੇ ਲਿਖੀਆਂ ਹੋਣ, ਪਰ ਡਾਕੂ ਇਸ ਪਿਰਾਮਿਡ ਨੂੰ ਲੁੱਟ ਲੈਣ ਅਤੇ ਪਿੰਜਰ ਤੋਂ ਬਿਨਾਂ ਕੁੱਝ ਨਾ ਛੱਡਣ। ਸੈਲਾਨੀ ਇਹ ਤਾਂ ਜਾਣ ਜਾਣਗੇ ਕਿ ਇਥੇ ਬਹੁਤ ਕੀਮਤੀ ਇਤਿਹਾਸਿਕ ਸਮੱਗਰੀ ਸੀ; ਪਰ ਕੀ-ਕੀ ਸੀ, ਕੋਈ ਪਤਾ ਨਹੀਂ। ਉਹ ਕਿਉਂਕਿ ਕਮਿਉਨਿਸਟ ਸੀ, ਇਸ ਕਰਕੇ ਗ਼ੈਰ-ਕਮਿਉਨਿਸਟਾਂ ਨੂੰ ਉਹਦੇ ਜੀਵਨ ਅਤੇ ਕੰਮਾਂ ਵਿਚ ਦਿਲਚਸਪੀ ਨਹੀਂ ਸੀ। ਸਟਾਲਿਨ ਦੀ ਕਮਾਨ ਹੇਠ ਰੂਸ ਦੀ ਸਰਕਾਰ ਨੇ ਉਸ ਵਿਰੁੱਧ ਬਦਨਾਮੀ ਦਾ ਉਹ ਦੌਰ ਚਲਾਇਆ ਕਿ ਉਸ ਦੇ ਕਿਸੇ ਹਮਦਰਦ ਨੇ ਜੇ ਅਜਿਹਾ ਕਰਨ ਤੇ ਇਤਰਾਜ਼ ਕੀਤਾ, ਤਾਂ ਜਾਂ ਫ਼ਾਇਰੰਗ ਸਕੁਐਡ ਜਾਂ ਸਾਇਬੇਰੀਆ ਸਾਹਮਣੇ ਦਿੱਸਿਆ। ਤਿੰਨ ਦਹਾਕਿਆਂ ਵਿਚ ਸਟਾਲਿਨ ਨੇ ਲੱਖਾਂ ਦੀ ਗਿਣਤੀ ਵਿਚ ਆਜ਼ਾਦੀ ਘੁਲਾਟੀਏ ਕਮਿਉਨਿਸਟ ਕਤਲ ਕੀਤੇ; ਜੋ ਬਚੇ ਉਨ੍ਹਾਂ ਨੇ ਜਲਾਵਤਨੀਆਂ ਭੋਗੀਆਂ।

ਉਸ ਨਾਲ਼ ਸੰਬੰਧਤ ਪੁਰਾ-ਸਾਹਿਤ (ਆਰਕਾਈਵਜ਼) ਹਾਰਵਰਡ ਯੂਨੀਵਰਸਿਟੀ ਅਮਰੀਕਾ ਦੀ ਹੈਟਿਨ ਲਾਇਬਰੇਰੀ ਵਿਚ ਪਿਆ ਹੈ। ਟ੍ਰਾਟਸਕੀ ਦੀ ਹਿੰਮਤ ਸਦਕਾ ਰੂਸ ਤੋਂ ਬਾਹਰ ਹੋਣ ਕਰਕੇ ਇਹ ਬਚ ਸਕਿਆ ਹੈ। ਇਸੇ ਤਰਾਂ ਕਨਫਿਊਸ਼ਿਅਸ ਨਾਲ਼ ਹੋਇਆ ਸੀ। ਚੀਨ ਦੀ ਸਰਕਾਰ ਨੇ ਕਨਫਿਊਸ਼ਿਅਸ (600 ਪੂਰਵ-ਈਸਾ) ਦੀਆਂ ਲਿਖਤਾਂ ਉਪਰ ਪਾਬੰਦੀ ਲਾਈ। ਪਰਜਾ ਨੂੰ ਹੁਕਮ ਦਿੱਤਾ ਗਿਆ ਕਿ ਜਿਸ ਕੋਲ਼ ਵੀ ਉਹਦੀ ਲਿਖਤ ਹੋਵੇ, ਥਾਣੇ ਜਮ੍ਹਾਂ ਕਰਵਾ ਦਏ ਜਾਂ ਅੱਗ ਲਾ ਦਏ। ਕਨਫਿਊਸ਼ਿਅਸ ਦਾ ਜਿਹੜਾ ਸਾਹਿਤ ਹੁਣ ਮਿਲ਼ਦਾ ਹੈ; ਇਹ ਉਹੀ ਹੈ, ਜਿਹੜਾ ਥਾਣਿਆਂ ਵਿਚ ਬੰਦ ਪਿਆ ਹੋਣ ਕਰਕੇ ਬਚਿਆ ਰਹਿ ਗਿਆ। ਪੁਰਾਤਨ ਚੀਨ ਵਿਚ ਇਉ’ ਹੋਇਆ ਸੀ। ਆਧੁਨਿਕ ਰੂਸ ਨੇ ਉਹਦੀ ਕੋਈ ਯਾਦ ਰੱਖਣ ਯੋਗ ਵਸਤੂ ਬਾਕੀ ਨਹੀਂ ਛੱਡੀ। ਸੋਵੀਅਤ ਨਿਜ਼ਾਮ ਦੀ ਸਮਾਪਤੀ ਪਿੱਛੋਂ ਹੁਣ ਰੂਸੀਆਂ ਦੀ ਦਿਲਚਸਪੀ ਫਿਰ ਟ੍ਰਾਟਸਕੀ ਵਲ ਮੁੜੀ ਹੈ ਅਤੇ ਨਵੇ’ ਤੱਥ ਉਜਾਗਰ ਹੋ ਰਹੇ ਹਨ। ਅਪਰਾਧੀਆਂ ਅਤੇ ਜਾਸੂਸਾਂ ਵਾਂਙ ਸਟਾਲਿਨ ਦਾ ਹਰ ਕੰਮ ਗੁਪਤ ਹੁੰਦਾ ਸੀ। ਉਹ ਅਪਣੇ ਨਜ਼ਦੀਕੀਆਂ ਨਾਲ਼ ਵੀ ਖੁੱਲ੍ਹ ਕੇ ਗੱਲ ਨਹੀਂ ਕਰਦਾ ਸੀ। ਇਸ ਦੇ ਉਲ਼ਟ ਟ੍ਰਾਟਸਕੀ ਅਜਨਬੀਆਂ ਅੱਗੇ ਵੀ ਖੁੱਲ੍ਹੀ ਕਿਤਾਬ ਸੀ। ਇਹੀ ਕਾਰਣ ਹੈ ਕਿ ਤੀਹ ਸਾਲ ਰਾਜ-ਸੱਤਾ ਮਾਣਨ ਉਪਰੰਤ ਸਟਾਲਿਨ ਦੇ ਬਹੁਤ ਪੱਖ ਅੰਨ੍ਹੇਰੇ ਦੀ ਚਾਦਰ ਵਿਚ ਲਿਪਟੇ ਪਏ ਹਨ ਤੇ ਟ੍ਰਾਟਸਕੀ ਜਿੱਥੇ-ਜਿੱਥੇ ਰਿਹਾ, ਉਸ ਬਾਬਤ ਬੰਦਿਆਂ ਨੇ ਬਹੁਤ ਰਾਜ਼ ਖੋਲ੍ਹੇ ਹਨ।
ਟ੍ਰਾਟਸਕੀ ਬਾਰੇ ਪੜ੍ਹਦਿਆਂ ਅਤੇ ਨੋਟਸ ਲੈਂਦਿਆਂ ਮੇਰੇ ਮਨ ਵਿਚ ਬਾਰ-ਬਾਰ ਇਹ ਖ਼ਿਆਲ ਆਉਂਦਾ ਰਿਹਾ ਕਿ ਰੱਬ ਤੋਂ ਇਨਕਾਰੀ ਮਹਾਤਮਾ ਬੁੱਧ ਨੇ ਸ਼ਕਤੀਸ਼ਾਲੀ ਧਰਮ ਸਥਾਪਿਤ ਕਰਕੇ ਜਿਵੇ’ ਅਚੰਭਾ ਦਿਖਾਇਆ ਸੀ, ਉਸੇ ਤਰ੍ਹਾਂ ਪਦਾਰਥਵਾਦੀ ਫ਼ਲਸਫ਼ੇ ਨੂੰ ਰਾਜ ਸਿੰਘਾਸਨ ਉਪਰ ਬਿਠਾਉਣ ਵਾਲ਼ਾ ਸਾਡਾ ਇਹ ਹੀਰੋ ਪਦਾਰਥਕ ਲਾਲਸਾਵਾਂ ਤੋਂ ਇਸ ਤਰ੍ਹਾਂ ਮੁਕਤ ਸੀ, ਜਿਵੇ’ ਤਪੱਸਵੀ ਸਾਧੂ। ਜਿਵੇ’ ਕੋਈ ਤੀਰਥ ਯਾਤਰਾ ‘ਤੇ ਨਿਕiਲ਼ਆ ਹੋਵੇ। ਉੱਚੀ ਪਹਾੜੀ ਉਪਰ ਪੁੱਜਣਾ ਹੈ ਸਿਖਰ। ਰਸਤਾ ਪਤਾ ਨਹੀਂ। ਹਜ਼ਾਰਾਂ ਸਾਥੀ ਨਾਲ਼ ਹਨ। ਕਦੀ ਸੱਜੇ ਵਲ ਮੁੱੜੋ; ਕਦੀ ਖੱਬੇ। ਕਦੀ ਹੇਠਾਂ ਉਤਰੋ, ਫਿਰ ਉਪਰ ਚੜ੍ਹੋ, ਜੇ ਅਚਾਨਕ ਕੋਈ ਭਾਰਾ ਬਰਫ਼ ਦਾ ਤੋਦਾ ਹੇਠਾਂ ਆ ਜਾਏ ਤੇ ਸਭ ਦਬ ਕੇ ਮਰ ਜਾਣ, ਤਾਂ ਪੰਜ ਸਤ ਬਚੇ ਹੋਏ ਬੰਦੇ ਕਹਿਣਗੇ – ਇਹ ਸਾਡਾ ਦੁਸ਼ਮਣ ਨਿਕਲਿਆ। ਮਰਵਾਉਣ ਨੂੰ ਨਾਲ਼-ਨਾਲ਼ ਲਈ ਫਿਰਦਾ ਸੀ। ਜੇ ਸਿਖਰ ਉਪਰ ਪੁੱਜ ਗਿਆ – ਫਿਰ ਇਹ ਵੀ ਤੇ ਬਾਕੀ ਸੰਸਾਰ ਵੀ ਕਹੇਗਾ ਕਿ ਟ੍ਰਾਟਸਕੀ ਨਿਪੁੰਨ ਨਾਇਕ ਸੀ ਤੇ ਅਪਣੀ ਕੌਮ ਨੂੰ ਸਿਖਰ ਉਪਰ ਅਨੰਤ ਸ਼ਾਨਾਂ ਦੇ ਕਿਨਾਰੇ ‘ਤੇ ਪੁਚਾ ਗਿਆ। ਇਜ਼ਤ ਅਤੇ ਬੇਇਜ਼ਤੀ, ਜੀਵਨ ਅਤੇ ਮੌਤ ਵਾਂਙ ਐਨ ਨਾਲ਼ ਨਾਲ਼ ਖਹਿ-ਖਹਿ ਚਲਦੀਆਂ ਹਨ।
ਜ਼ਾਰ ਅਲੈਗਜੈ’ਡਰ ਦੂਜੇ (1855-81) ਦੇ ਰਾਜਕਾਲ ਦੌਰਾਨ ਰੂਸ ਵਿਚ ਉਹਦੇ ਕੀਤੇ ਸੁਧਾਰਾਂ ਦੇ ਐਲਾਨ ਵਿਆਪਕ ਬਦਅਮਨੀ ਦਾ ਕਾਰਣ ਬਣੇ। ਉਹਨੇ ਜਗੀਰਦਾਰਾਂ ਦੇ ਅਧਿਕਾਰ ਘਟਾ ਦਿੱਤੇ ਤੇ ਕਿਸਾਨਾਂ ਨੂੰ ਕਿਹਾ ਤੁਸੀ’ ਆਜ਼ਾਦ ਹੋ, ਤੁਹਾਥੋਂ ਵਗਾਰ ਨਹੀਂ ਲਈ ਜਾਏਗੀ। ਕਿਸਾਨਾਂ ਦਾ ਖ਼ਿਆਲ ਸੀ ਕਿ ਸ਼ਾਸਕ ਵਰਗ ਕਮਜ਼ੋਰ ਹੋਣ ਨਾਲ਼ ਉਨ੍ਹਾਂ ਨੂੰ ਜ਼ਮੀਨ ਮਿਲ਼ੇਗੀ, ਪਰ ਅਜਿਹਾ ਨਹੀਂ ਹੋਇਆ; ਸਗੋ’ ਉਹ ਕਰਜ਼ੇ ਅਤੇ ਗ਼ਰੀਬੀ ਵਿਚ ਮਰਨ ਲੱਗੇ। ਉਧਰ ਜਗੀਰਦਾਰਾਂ ਕੋਲ ਜ਼ਮੀਨ ਤਾਂ ਰਹਿਣ ਦਿੱਤੀ, ਪਰ ਜ਼ਮੀਨ ‘ਤੇ ਏਨਾ ਟੈਕਸ ਲਾ ਦਿੱਤਾ; ਜਿਹੜਾ ਉਹ ਭਰ ਹੀ ਨਹੀਂ ਸਕਦੇ ਸਨ। ਹਰ ਵਰਗ ਵਿਚ ਬੇਚੈਨੀ ਪੈਦਾ ਹੋਣ ਨਾਲ਼ ਜ਼ਾਰਸ਼ਾਹੀ ਖ਼ਤਰੇ ਵਿਚ ਪੈ ਗਈ। ਇਹ ਉਹੀ ਸਮਾਂ ਹੈ, ਜਿਸ ਵਿਚ ਟ੍ਰਾਟਸਕੀ ਦਾ ਜਨਮ ਹੋਇਆ।
ਇਨਕਲਾਬ ਦੀ ਭਾਲ਼
ਮਜ਼ਦੂਰਾਂ ਤੇ ਕਿਸਾਨਾਂ ਨੂੰ ਲਾਮਬੰਦ ਕਰਨ ਲਈ ਬੇਚੈਨ ਹੋਇਆ ਪੜ੍ਹਿਆ-ਲਿਖਿਆ ਵਰਗ ਸ਼ਹਿਰਾਂ ਦੀ ਥਾਂ ਇਨਕਲਾਬ ਦੀ ਭਾਲ਼ ਵਿਚ ਪਿੰਡਾਂ ਵੱਲ ਤੁਰ ਪਿਆ। ਖਾੜਕੂ ਹਮਲਿਆਂ ਦੀ ਕੋਈ ਯੋਜਨਾ ਨਹੀਂ ਸੀ, ਪਰ ਹੌਲ਼ੀ-ਹੌਲ਼ੀ ਹਾਲਾਤ ਓਧਰ ਵਲ ਜਾਣ ਲੱਗੇ। ਪੁਲਸ ਨੇ ਕਿਸੇ ਸਿਆਸੀ ਕੈਦੀ ਦੀ ਏਨੀ ਹੱਤਕ ਕੀਤੀ ਕਿ ਵੇਰਾ ਜ਼ੂਲਿਸ਼ ਨਾਂ ਦੀ ਔਰਤ ਨੇ ਗ਼ੁੱਸੇ ਵਿਚ ਆ ਕੇ ਪੁਲੀਸ ਦੇ ਜਰਨੈਲ ਤਰੇਪੋਣ ਨੂੰ ਗੋਲੀ ਮਾਰ ਕੇ ਮਾਰ ਦਿੱਤਾ। ਮੁਕੱਦਮੇ ਦੌਰਾਨ ਉਹ ਬਰੀ ਹੋ ਗਈ। ਉਹਨੇ ਪੁਲੀਸ ਵਿਰੁੱਧ ਜੱਜਾਂ ਪਾਸ ਜੋ ਜੋ ਭੇਤ ਖੋਲ੍ਹੇ, ਅਦਾਲਤ ਅਤੇ ਪਰਜਾ ਤਰਾਹ-ਤਰਾਹ ਕਰ ਉੱਠੀ। ਅਦਾਲਤ ਨੇ ਉਹਨੂੰ ਬਰੀ ਕਰ ਦਿੱਤਾ। ਅਦਾਲਤ ਤੋਂ ਬਾਹਰ ਨਿਕਲਣ ਸਾਰ ਪੁਲਸ ਨੇ ਉਹਨੂੰ ਫਿਰ ਗ੍ਰਿਫ਼ਤਾਰ ਕਰ ਲਿਆ, ਤਾਂ ਹਜ਼ਾਰਾਂ ਦੀ ਗਿਣਤੀ ਵਿਚ ਇਕੱਤਰ ਹੋਈ ਭੀੜ ਨੇ ਖੋਹ ਲਈ ਤੇ ਉਹ ਭੱਜ ਗਈ। ਜ਼ਾਰ ਨੇ ਇਸ ਘਟਨਾ ਤੋਂ ਬਾਅਦ ਹੁਕਮ ਦਿੱਤਾ ਕਿ ਸਿਵਿਲ ਅਦਾਲਤਾਂ ਨਹੀਂ, ਸਿਆਸੀ ਕੈਦੀਆਂ ਵਿਰੁੱਧ ਫ਼ੌਜੀ ਅਦਾਲਤਾਂ ਮੁਕੱਦਮੇ ਚਲਾਉਣਗੀਆਂ। ਇਸ ਫ਼ੈਸਲੇ ਨੇ ਹਥਿਆਰਬੰਦ ਕਮਿਉਨਿਸਟ ਇਨਕਲਾਬ ਵੱਲ ਰਸਤਾ ਖੋਲ੍ਹ ਦਿੱਤਾ।
ਟ੍ਰਾਟਸਕੀ ਦਾ ਪਿਤਾ ਡੇਵਿਡ ਬਰਾਂਨਸਟੀਨ ਅਨਪੜ੍ਹ ਪਰ ਹਿੰਮਤੀ ਕਿਸਾਨ ਸੀ, ਜੋ ਮਿਹਨਤ ਕਰਕੇ ਵੱਡਾ ਜ਼ਿਮੀਦਾਰ ਬਣਨ ਦਾ ਇਛੁੱਕ ਸੀ। ਮਾਂ ਓਡੀਸਾ ਪੜ੍ਹੀ-ਲਿਖੀ ਯਹੂਦਣ ਸੀ ਤੇ ਧਰਮ ਵਿਚ ਪੱਕੀ, ਜਦੋਂ ਕਿ ਡੇਵਿਡ ਨੂੰ ਧਰਮ-ਕਰਮ ਵਿਚ ਕੋਈ ਦਿਲਚਸਪੀ ਨਹੀਂ ਸੀ। 26 ਅਕਤੂਬਰ 1879 ਨੂੰ ਟ੍ਰਾਟਸਕੀ ਦਾ ਜਨਮ ਹੋਇਆ ਤੇ ਪਰਿਵਾਰਿਕ ਨਾਮ ਲਿਉ ਦੈਵਿਦੋਵਿਚ ਰੱਖਿਆ ਗਿਆ। ਇਸੇ ਸਾਲ ਸਟਾਲਿਨ ਦਾ ਜਨਮ ਹੋਇਆ ਸੀ। ਇਸੇ ਛੱਬੀ ਅਕਤੂਬਰ ਦੀ ਤਰੀਕ ਨੂੰ 38 ਸਾਲ ਬਾਅਦ ਟ੍ਰਾਟਸਕੀ ਨੇ ਪੀਤਰੋਗਰਾਦ ਵਿਚ ਇਨਕਲਾਬੀ ਕਾਰਵਾਂ ਦੀ ਅਗਵਾਈ ਕੀਤੀ ਸੀ। ਚੰਗੇ ਸੁਭਾਅ ਸਦਕਾ ਇਸ ਰੌਣਕੀ ਬੱਚੇ ਨੂੰ ਪਰਿਵਾਰ ਦੇ ਜੀਅ ਅਤੇ ਮਜ਼ਦੂਰ ਬੜਾ ਪਿਆਰ ਕਰਦੇ ਸਨ।
ਉਹ ਸੁਣਦਾ ਕਿ ਉਹਦੇ ਪਿਤਾ ਨੂੰ ਕਦੀ-ਕਦਾਈ’ ਮਜ਼ਦੂਰ ਆਪੋ ਵਿਚ ਗੱਲਾਂ ਕਰਦੇ ਗਾਲ਼੍ਹਾਂ ਦੇ ਰਹੇ ਹੁੰਦੇ। ਉਹ ਦੁਖੀ ਹੁੰਦਾ। ਨਿੱਕੀਆਂ-ਨਿੱਕੀਆਂ ਥੁੜਾਂ ਦੇ ਮਾਰੇ ਮਜ਼ਦੂਰ ਅਪਣੀ ਮੰਗ ਮਨਵਾਉਣ ਲਈ ਨਿੱਕੇ-ਨਿੱਕੇ ਵਿਦਰੋਹ ਕਰਦੇ, ਮੂਧੇ-ਮੂੰਹ ਲੇਟ ਜਾਂਦੇ ਤੇ ਨੰਗੀਆਂ ਲੱਤਾਂ ਹਿਲਾਈ ਜਾਂਦੇ। ਬਾਪੂ ਜਦੋਂ ਉਨ੍ਹਾਂ ਨੂੰ ਤਰਬੂਜ਼ ਦਿੰਦਾ, ਸੁੱਕੀ ਮੱਛੀ ਤੇ ਤੂੜੀ ਦੇ ਦਿੰਦਾ; ਤਾਂ ਉਹ ਖ਼ੁਸ਼ ਹੋ ਜਾਂਦੇ, ਕਦੀ-ਕਦੀ ਤਾਂ ਖ਼ੁਸ਼ੀ ਦੇ ਗੀਤ ਗਾਉਣ ਲਗਦੇ। ਉਹਨੂੰ ਇਹ ਸਭ ਬੜਾ ਵਚਿੱਤਰ ਲਗਦਾ। ਇਕ ਦਿਨ ਉਹਦੇ ਪਿਤਾ ਨੇ ਮਜ਼ਦੂਰ ਦੀ ਏਨੀ ਹੱਤਕ ਕੀਤੀ ਕਿ ਸੱਤ ਸਾਲਾ ਬੱਚਾ ਕੁਝ ਕਰ ਤਾਂ ਸਕਦਾ ਨਹੀਂ ਸੀ, ਸਰਹਾਣੇ ਵਿਚ ਮੂੰਹ ਘਸੋ ਕੇ ਦੇਰ ਤਕ ਰੋਈ ਗਿਆ।
ਉਡੇਸਾ ਸ਼ਹਿਰ ਤੋਂ ਉਹਦੀ ਮਾਂ ਦਾ ਭਤੀਜਾ ਮਾਇੱਸੀ ਛੁੱਟੀਆਂ ਕੱਟਣ ਇਨ੍ਹਾਂ ਦੇ ਘਰ ਆ ਗਿਆ। ਮਾਇੱਸੀ ਤਿਖੇ ਦਿਮਾਗ਼ ਵਾਲ਼ਾ ਹਿੰਮਤੀ ਜੁਆਨ ਸੀ। ਟ੍ਰਾਟਸਕੀ ਨੂੰ ਮਾਇੱਸੀ ਤੇ ਮਾਇੱਸੀ ਨੂੰ ਟ੍ਰਾਟਸਕੀ ਚੰਗਾ ਲਗਦਾ।
ਮਾਇੱਸੀ ਨੇ ਕਿਹਾ- ਇਸ ਨੂੰ ਮੈਂ ਉਡੇਸਾ ਦੇ ਚੰਗੇ ਸਕੂਲ ਵਿਚ ਪੜ੍ਹਾਵਾਂਗਾ। ਮਾਪੇ ਮੰਨ ਗਏ ਤੇ ਸੰਨ 1888ਵੀਂ ਵਿਚ ਮਾਪਿਆਂ ਤੋਂ ਵਿਦਾਇਗੀ ਲਈ। ਸਕੂਲ ਵਿਚ ਪੜ੍ਹਨ ਨੂੰ ਉਹ ਤਿੱਖਾ ਨਿਕiਲ਼ਆ ਪਰ ਕਿਹਾ ਕਰਦਾ ਸੀ – ਸ਼ਹਿਰ ਤਾਂ ਬਸ ਪੜ੍ਹਨ ਵਾਸਤੇ ਠੀਕ ਹੈ। ਰਹਾਂਗਾ ਮੈਂ ਪਿੰਡ ਵਿਚ ਹੀ।
ਮੈਕਸ ਈਸਟਮੈਨ ਜੋ ਉਹਦਾ ਪ੍ਰਸ਼ੰਸਕ ਨਹੀਂ, ਸਕੂਲ ਦੇ ਦਿਨਾਂ ਬਾਰੇ ਲਿਖਦਾ ਹੈ- ਟ੍ਰਾਟਸਕੀ ਅੱਛੀ ਨਸਲ ਦੇ ਸਿਧਾਏ ਘੋੜੇ ਵਰਗਾ ਸੀ; ਜੋ ਇਕ ਅੱਖ ਨਾਲ਼ ਅੱਗੇ ਦੇਖਦਾ ਤੇਜ਼ ਦੌੜਦਾ ਹੈ, ਦੂਜੀ ਅੱਖ ਨਾਲ਼ ਪਿਛੇ ਦੇਖਦਾ ਹੈ ਕਿ ਕੋਈ ਮੇਰੇ ਨੇੜੇ-ਤੇੜੇ ਤਾਂ ਨਹੀਂ।
ਉਹਦਾ ਮਨ ਯੂਨੀਵਰਸਿਟੀ ਵਿਚ ਗਣਿਤ ਸ਼ਾਸਤਰ ਪੜ੍ਹਨ ਦਾ ਸੀ ਤੇ ਥਕੇਵਾਂ ਲਾਹੁਣ ਲਈ ਸਾਹਿਤ ਪੜ੍ਹ ਲੈਂਦਾ। ਉਹਨੇ ਕਾਰਲ ਮਾਰਕਸ ਦਾ ਨਾਮ 18 ਸਾਲ ਦੀ ਉਮਰ ਤਕ ਨਹੀਂ ਸੁਣਿਆ ਸੀ; ਨਾ ਸਿਆਸਤ ਵਿਚ ਉਹਦੀ ਕੋਈ ਰੁਚੀ ਸੀ। ਸਾਲ 1890 ਵਿਚ ਇਨਕਲਾਬੀਆਂ ਨੇ ਜ਼ਾਰ ਕਤਲ ਕਰ ਦਿੱਤਾ। ਲੋਕਾਂ ਨੇ ਇਸ ਘਟਨਾ ਵਲ ਕੋਈ ਧਿਆਨ ਨਾ ਦਿੱਤਾ। ਇਨਕਲਾਬੀ ਫਾਂਸੀ ਚੜ੍ਹ ਗਏ ਤੇ ਕੋਈ ਲਹਿਰ ਨਾ ਚੱਲੀ। ਕਿਸਾਨ ਦੁਖੀ ਸਨ, ਪਰ ਸੋਚਦੇ ਸਨ ਕਿ ਇਹ ਕਤਲ ਮਹਿਲ ਦੀਆਂ ਸਾਜ਼ਿਸ਼ਾਂ ਦਾ ਨਤੀਜਾ ਹੈ।
ਸਕੂਲੋਂ ਪਰਤਦਿਆਂ ਉਹਨੇ ਇਕ ਦਿਨ ਓਡੇਸੀ ਦਾ ਗਵਰਨਰ ਬੱਘੀ ਵਿਚ ਜਾਂਦਾ ਦੇਖਿਆ, ਜੋ ਐਨ ਤਣਿਆ ਖਲੋਤਾ ਇਧਰ-ਉਧਰ ਮੂੰਹ ਕਰਕੇ ਉੱਚੀ-ਉੱਚੀ ਗਾਲ਼੍ਹਾਂ ਦੀ ਝੜੀ ਲਾ ਰਿਹਾ ਸੀ। ਹਥਿਆਰਬੰਦ ਪੁਲਸੀਏ ਸਲੂਟ ਮਾਰ ਰਹੇ ਸਨ; ਲੋਕ ਟੋਪੀਆਂ ਉਤਾਰ ਝੁਕ ਰਹੇ ਸਨ; ਬੰਦ ਦਰਵਾਜ਼ਿਓਂ ਉਹਲੇ, ਬਾਰੀਆਂ ਦੀਆਂ ਝੀਤਾਂ ਵਿੱਚੋਂ ਪੀਲ਼ੇ ਡਰੇ ਹੋਏ ਚਿਹਰੇ ਉਸ ਵੱਲ ਦੇਖ ਰਹੇ ਸਨ। ਟ੍ਰਾਟਸਕੀ ਨੇ ਮੋਢੇ ‘ਤੇ ਬਸਤੇ ਦਾ ਪਟਾ ਠੀਕ ਕੀਤਾ ਤੇ ਘਰ ਆ ਕੇ ਇਸ ਸਰਕਾਰੀ ਜਲਵੇ ਦੀ ਝਲਕ ਸੁਣਾਈ। ਯਹੂਦੀ ਮਾਪਿਆਂ ਦਾ ਉਸ ਉਪਰ ਪੂਰਾ ਧਾਰਮਿਕ ਅਸਰ ਸੀ, ਜਿਸ ਸਦਕਾ ਚੜ੍ਹਦੀ ਜਵਾਨੀ ਵਿਚ ਕਈ ਸਾਲ ਉਹਨੇ ਮਾਰਕਸਵਾਦ ਦੀ ਖਿੱਲੀ ਉਡਾਈ।
1895 ਵਿਚ ਕਾਲਜਾਂ ਯੂਨੀਵਰਸਿਟੀਆਂ ਦੇ ਅਧਿਆਪਕਾਂ ਵਿਦਿਆਰਥੀਆਂ ਵਿਚ ਸਮਾਜਿਕ ਸਮੱਸਿਆਵਾਂ ਜਾਣਨ ਅਤੇ ਹੱਲ ਕਰਨ ਦੀ ਅਕਾਦਮਿਕ ਰੁਚੀ ਪ੍ਰਬਲ ਹੋ ਰਹੀ ਸੀ; ਪਰ ਸਰਕਾਰ ਨੂੰ ਇਹ ਖ਼ਤਰਨਾਕ ਰੁਝਾਣ ਲੱਗਦਾ ਸੀ। ਬਹੁਤ ਸਾਰੇ ਖੁੱਲ੍ਹੇ ਵਿਚਾਰਾਂ ਵਾਲ਼ੇ ਪ੍ਰੋਫ਼ੈਸਰ ਡਿਸਮਿਸ ਕੀਤੇ ਗਏ; ਜੇ. ਐੱਸ. ਮਿੱਲ, ਹਰਬਰਟ ਸਪੈਂਸਰ ਅਤੇ ਮਾਰਕਸ ਬਾਰੇ ਗੱਲ ਕਰਨ ‘ਤੇ ਪਾਬੰਦੀ ਲੱਗ ਗਈ। ਪੀਟਰਸਬਰਗ, ਮਾਸਕੋ ਅਤੇ ਕੀਵ ਦੇ ਵਿਦਿਆਰਥੀਆਂ ਨੂੰ ਕਿਹਾ ਗਿਆ ਕਿ ਜ਼ਾਰ ਲਈ ਵਫ਼ਾਦਾਰੀ ਦੀ ਸਹੁੰ ਚੁੱਕੇ। ਵਿਦਿਆਰਥੀਆਂ ਨੇ ਇਨਕਾਰ ਕਰ ਦਿੱਤਾ। ਮਈ 1896 ਨੂੰ ਪੀਟਰਸਬਰਗ ਵਿਚ ਤੀਹ ਹਜ਼ਾਰ ਮਜ਼ਦੂਰਾਂ ਨੇ ਹੜਤਾਲ ਕੀਤੀ, ਜੋ ਪਹਿਲੀ ਵੱਡੀ ਹੜਤਾਲ ਸੀ।
1897 ਵਿਚ ਉਹਨੇ ਫ਼ਸਟ ਕਲਾਸ ਵਿਚ ਆਨਰਜ਼ ਨਾਲ਼ ਗਰੈਜੁਏਸ਼ਨ ਕੀਤੀ ਤੇ ਛੁੱਟੀਆਂ ਵਿਚ ਪਿੰਡ ਆ ਗਿਆ। ਬਾਪੂ ਨੂੰ ਉਹ ਕੁਝ ਬਦਲਿਆ-ਬਦਲਿਆ ਲੱਗਾ। ਇਕ ਦਿਨ ਟ੍ਰਾਟਸਕੀ ਨੇ ਕਿਹਾ ਕਿ ਲੋਕ ਤੰਗ ਆ ਕੇ ਜ਼ਾਰ ਦਾ ਰਾਜ ਪਲ਼ਟ ਦੇਣਗੇ। ਬਾਪੂ ਬੋਲਿਆ – ਸੁਣ ਉਏ ਮੁੰਡਿਆ, ਇਹ ਨਹੀਂ ਹੋਣਾ, ਤਿੰਨ ਸਦੀਆਂ ਵਿਚ ਵੀ ਨਹੀਂ।
ਹੌਲ਼ੀ-ਹੌਲ਼ੀ ਟ੍ਰਾਟਸਕੀ ਨੂੰ ਲੋਕਾਂ ਦਾ ਦੁੱਖ ਅਤੇ ਸਟੇਟ ਦਾ ਜਬਰ ਸਮਝ ਆਉਣ ਲੱਗਾ। ਜੱਥੇਬੰਦਕ ਹਰਕਤਾਂ ਕਾਰਣ ਸਾਥੀਆਂ ਸਮੇਤ ਉਹਨੂੰ ਜੇਲ ਭੇਜਿਆ ਗਿਆ। ਗਵਰਨਰ ਨੇ ਜੇਲ ਦਾ ਦੌਰਾ ਕੀਤਾ ਤਾਂ ਪੁਲਸ ਨੇ ਕਿਸੇ ਕੈਦੀ ਨੂੰ ਕਾਲ਼ ਕੋਠੜੀ ਵਿਚ ਇਸ ਕਰਕੇ ਇਕੱਲਾ ਬੰਦੀ ਕਰ ਦਿੱਤਾ, ਕਿਉਂਕਿ ਗਵਰਨਰ ਨੂੰ ਦੇਖ ਕੇ ਉਹਨੇ ਟੋਪੀ ਨਹੀਂ ਉਤਾਰੀ ਸੀ। ਟ੍ਰਾਟਸਕੀ ਨੇ ਜੇਲ ਗਾਰਡ ਨੂੰ ਕਿਹਾ – ਤੂੰ ਸਾਇਰਨ ਦਾ ਬਟਨ ਦਬਾ, ਗਵਰਨਰ ਆਏਗਾ; ਅਸੀਂ ਸਾਹਮਣੇ ਖਲੋਵਾਂਗੇ ਤੇ ਟੋਪੀਆਂ ਨਹੀਂ ਉਤਾਰਾਂਗੇ। ਦੇਖਾਂਗੇ ਕੀ ਕਰਂੇਗਾ? ਗਾਰਡ ਮੰਨਿਆ ਨਹੀਂ ਤਾਂ ਉਹ ਗਰਜਿਆ – ਤੈਨੂੰ ਕੇਵਲ ਦੋ ਮਿੰਟ ਦਿਤੇ ਨੇ! ਦੋ ਮਿੰਟ ਬੀਤ ਗਏ। ਟ੍ਰਾਟਸਕੀ ਨੇ ਜ਼ੋਰ ਨਾਲ਼ ਗਾਰਡ ਨੂੰ ਪਰੇ ਧੱਕ ਕੇ ਸਾਇਰਨ ਦਾ ਬਟਨ ਦੱਬ ਦਿੱਤਾ। ਗਵਰਨਰ ਗਾਰਦ ਸਮੇਤ ਆਇਆ, ਤਾਂ ਸਾਰੇ ਜੁਆਨ ਟੋਪੀਆਂ ਪਹਿਨੀ ਖਲੋਤੇ ਦਿਸੇ। ਉਹਨੇ ਜੱਥੇ ਦੇ ਨੇਤਾ ਟ੍ਰਾਟਸਕੀ ਨੂੰ ਰੋਹਬ ਨਾਲ਼ ਕਿਹਾ – ਟੋਪੀ ਕਿਉਂ ਨਹੀਂ ਉਤਾਰੀ ਉਏ ਤੂੰ ਮੈਨੂੰ ਦੇਖ ਕੇ? ਟ੍ਰਾਟਸਕੀ ਨੇ ਉਸੇ ਗਰਜ ਨਾਲ਼ ਕਿਹਾ- ਤੂੰ ਕਿਉਂ ਨਹੀਂ ਉਤਾਰੀ? ਮੈਨੂੰ ਦੇਖ ਕੇ ਤੂੰ ਟੋਪੀ ਕਿਉਂ ਨਹੀਂ ਉਤਾਰੀ ਉਏ? … ਗਾਰਦ ਨੇ ਫੜ ਕੇ ਉਹਨੂੰ ਵੀ ਕਾਲ਼ ਕੋਠੜੀ ਵਿਚ ਬੰਦ ਕਰ ਦਿੱਤਾ।
“ਕਲਾ ਕਲਾ ਲਈ ਹੈ” ਦਾ ਨਾਹਰਾ ਬੁਲੰਦ ਸੀ, ਤਾਂ ਟ੍ਰਾਟਸਕੀ ਕਿਹਾ ਕਰਦਾ – ਇਹ ਤਾਂ ਉਹ ਗੱਲ ਹੋਈ, ਕੋਈ ਕਹੇ ਹਵਾ ਪਤੰਗ ਲਈ, ਪਤੰਗ ਹਵਾ ਲਈ। ਪਤੰਗ ਚਾਹੇ ਬੱਦਲਾਂ ਤਕ ਪੁੱਜ ਜਾਏ; ਉਏ ਭਲੇਮਾਣਸੋ ਡੋਰ ਫੜੀ ਬੰਦਾ ਧਰਤੀ ‘ਤੇ ਖਲੋਤਾ ਹੈ, ਤਾਂ ਸਮਝੋ ਪਤੰਗ ਧਰਤੀ ‘ਤੇ ਹੀ ਹੈ।
ਪਾਸਪੋਰਟ. 1915
ਟ੍ਰਾਟਸਕੀ ਉਹਦਾ ਨਾਂ ਨਹੀਂ ਸੀ। ਇਹ ਫ਼ਰਜ਼ੀ ਨਾਂ ਤਾਂ ਉਹਨੇ ਬਚਣ ਵਾਸਤੇ ਰੱਖ ਕੇ ਪਾਸਪੋਰਟ ਬਣਵਾਇਆ ਸੀ। ਜੇਲ ਦੇ ਦਿਨੀਂ ਕਿਸੇ ਜੇਲਰ ਦਾ ਨਾਂ ਉਹਨੇ ਅਪਣੇ ਲਈ ਰੱਖ ਲਿਆ-ਟ੍ਰਾਟਸਕੀ। ਇਹੋ ਨਾਂ ਸਾਰੀ ਉਮਰ ਉਸ ਨਾਲ਼ ਚੱਲਿਆ। ਅਕਤੂਬਰ 1902 ਵਿਚ ਸਾਇਬੇਰੀਆ ਵਿਚ ਉਹ ਕੈਦੀ ਸੀ ਤੇ ਇਸ ਮੁਸ਼ੱਕਤੀ ਕੈ’ਪ ਵਿਚ ਉਹਦੀ ਪਤਨੀ ਅਤੇ ਪੰਜ ਸਾਲ ਦੀ ਬੇਟੀ ਵੀ ਸੀ। ਉਹਨੇ ਪਤਨੀ ਨੂੰ ਅਪਣੀ ਦੌੜਨ ਦੀ ਯੋਜਨਾ ਦੱਸ ਦਿੱਤੀ। ਤੰਬੂ ਵਿਚ ਘਾਹਫੂਸ ਦਾ ਪੁਤਲਾ ਬਣਾ ਕੇ ਮੰਜੇ ‘ਤੇ ਲਿਟਾ ਦਿਤਾ ਉਪਰ ਕੰਬਲ ਵਿਛਾ ਦਿੱਤਾ, ਤਾਂ ਕਿ ਦੇਰ ਤਕ ਪਤਾ ਨਾ ਲੱਗੇ ਕਿ ਉਹ ਦੌੜ ਗਿਆ ਹੈ। ਸਵੇਰੇ ਧੀ ਨੇ ਬਿਸਤਰੇ ‘ਤੇ ਹੱਥ ਮਾਰ ਕੇ ਕਿਹਾ – ਪਾਪਾ ਉਠੋ। ਪਰ ਉਥੇ ਤਾਂ ਫੂਸ ਦਾ ਪੁਤਲਾ ਸੀ। ਮਾਂ ਨੇ ਹੌਕਾ ਲੈ ਕੇ ਕਿਹਾ- ਤੇਰਾ ਪਾਪਾ ਕਦੀ ਮਿਲ਼ੇਗਾ ਕਿ ਨਹੀਂ ਪਤਾ ਨਹੀਂ।
ਅਕਤੂਬਰ 1902 ਵਿਚ ਉਹ ਲੰਡਨ ਵਿਚ ਲੈਨਿਨ ਨੂੰ ਪਹਿਲੀ ਵੇਰ ਮਿiਲ਼ਆ, ਜੋ ਉਥੇ ਨਿੱਕੇ-ਜਿਹੇ ਕਮਰੇ ਵਿਚ ਰੂਪੋਸ਼ ਜ਼ਿੰਦਗੀ ਗੁਜ਼ਾਰ ਰਿਹਾ ਸੀ। ਜਦੋਂ ਸਵੇਰ-ਸਾਰ ਉਹਨੇ ਦਰਵਾਜ਼ੇ ‘ਤੇ ਦਸਤਕ ਦਿੱਤੀ, ਤਾਂ ਅਸਲ ਵਿਚ ਉਹ ਇਤਿਹਾਸ ਦਾ ਬੂਹਾ ਖੜਕਾ ਰਿਹਾ ਸੀ। ਬੇਸ਼ਕ ਸੁਭਾ ਵੱਖ-ਵੱਖ ਸਨ, ਪਰ ਸਾਰੀ ਉਮਰ ਦੋਸਤੀ ਨਿਭੀ।
ਗੰਭੀਰ ਵਿਦਵਾਨ ਹੋਣ ਦੇ ਬਾਵਜੂਦ ਉਹ ਕਿਸਾਨਾਂ ਨੂੰ ਸੰਬੋਧਨ ਕਰਨ ਵੇਲੇ ਬੋਲੀ ਅਤੇ ਲਿਖਤ ਦੀ ਸ਼ੈਲੀ ਇਉਂ ਬਣਾ ਲੈਂਦਾ ਜਿਵੇ’ ਬਚਪਨ ਵਿਚ ਅਪਣੇ ਪਿਤਾ ਦੇ ਨੌਕਰਾਂ ਨਾਲ਼ ਖੇਤਾਂ ਵਿਚ ਗੱਲਾਂ ਕਰੀਦੀਆਂ ਹਨ। ਵੰਨਗੀ ਦੇਖੋ:

ਲਾਲ ਫ਼ੌਜ ਦਾ ਬਾਨੀ ਮਾਸਕੋ ਦੇ ਲਾਲ ਚੌਂਕ ਵਿਚ ਸਲਾਮੀ ਲੈਂਦਾ ਹੋਇਆ

-ਪਤੈ ਪੀਟਸਬਰਗ ਵਿਚ ਜ਼ਾਰ ਅਪਣੀ ਪਰਜਾ ਨੂੰ ਕਿਵੇ’ ਮਿਲਿਆ?

-ਲੋਕ ਉਹਨੂੰ ਅਪਣੇ ਦੁਖ ਦੱਸਣ ਵਾਸਤੇ ਘਰੋਂ ਤੁਰੇ।

-ਪਤਨੀਆਂ ਅਪਣੇ ਪਤੀਆਂ ਨਾਲ਼ ਤੇ ਪੋਤੇ ਪੋਤੀਆਂ ਅਪਣੇ ਬਾਬਿਆਂ ਦੀ ਉ’ਗਲ ਫੜ ਕੇ।

-9 ਜਨਵਰੀ ਐਤਵਾਰ ਦਾ ਦਿਨ। ਜ਼ਾਰ ਨੂੰ ਮਿਲ਼ਣੈ ਨਾ, ਸੋ ਸਭ ਨੇ ਸੁਹਣੇ ਕਪੜੇ ਪਹਿਨੇ।

-ਦੋ ਲੱਖ ਦਾ ਕਾਫ਼ਲਾ ਤੁਰਿਆ।

-ਮਹਿਲ ਸਾਹਮਣੇ ਕਤਾਰਾਂ ਵਿਚ ਹਥਿਆਰਬੰਦ ਫ਼ੌਜੀ ਨਿਸ਼ਾਨੇ ਸੇਧੀ ਖਲੋਤੇ ਸਨ।

-ਬੁੱਢਿਆਂ ਨੇ ਗੋਡਿਆਂ ਪਰਨੇ ਝੁਕ ਕੇ ਕਿਹਾ- ਜੀ ਅਸੀਂ ਬਾਅਦਸ਼ਾਹ ਨੂੰ ਮਿਲ਼ਣ ਆਏ ਆਂ।

-ਔਰਤਾਂ ਬੱਚਿਆਂ ਨੇ ਹੱਥ ਬੰਨ੍ਹੇ, ਗਿੜਗਿੜਾਏ, ਜੀ ਜ਼ਾਰ ਨੂੰ ਮਿਲ਼ਾ ਦਿਉ। ਸਾਡੇ ਬਾਅਦਸ਼ਾਹ ਨੂੰ।

-ਫਿਰ ਬੰਦੂਕਾਂ ਗਰਜੀਆਂ। ਚਾਰੇ ਪਾਸੇ ਖ਼ੂਨ ਖ਼ੂਨ।

-ਇਉ’ ਮਿਲਿਆ ਜ਼ਾਰ ਅਪਣੀ ਪਰਜਾ ਨੂੰ।

-ਸੁਣੀ ਗੱਲ ਭਾਈਓ? ਇਉ’ ਮਿਲਿਆ ਕਰਦੈ ਜ਼ਾਰ ਦੁਖ ਦੱਸਣ ਗਏ ਰੂਸ ਦੇ ਗ਼ਰੀਬਾਂ ਨੂੰ।

ਬਹੁਤ ਵੱਡੀ ਹੜਤਾਲ ਹੋਈ, ਤਾਂ ਜ਼ਾਰ ਨੇ ਸੰਵਿਧਾਨ ਵਿਚ ਸੋਧਾਂ ਕਰਕੇ ਆਜ਼ਾਦੀ ਦੇਣ ਦਾ ਏਲਾਨ ਕੀਤਾ। ਲੱਖਾਂ ਦੀ ਗਿਣਤੀ ਵਿਚ ਕਿਸਾਨ ਅਤੇ ਮਜ਼ਦੂਰ ਟੈਕਨਾਲੋਜੀਕਲ ਕਾਲਜ ਦੇ ਸਾਹਮਣੇ ਅਪਣੀ ਪ੍ਰਾਪਤੀ ‘ਤੇ ਖ਼ੁਸ਼-ਖ਼ੁਸ਼ ਇਕੱਠੇ ਹੋਏ। ਸਭ ਤੋਂ ਸੁਹਣਾ ਤੇ ਲੰਮਾ ਭਾਸ਼ਣ 17 ਅਕਤੂਬਰ 1905 ਨੂੰ ਟ੍ਰਾਟਸਕੀ ਨੇ ਦਿੱਤਾ, “ਦੋਸਤੋ, ਹਕੂਮਤ ਦੀ ਗਰਦਨ ਉਪਰ ਤੁਸੀ’ ਪੈਰ ਧਰਿਆ, ਤਾਂ ਅਜ਼ਾਦੀ ਦਾ ਵਾਇਦਾ ਕੀਤਾ ਜ਼ਾਰ ਨੇ। ਖ਼ਬਰਦਾਰ ਰਹਿਣਾ। ਗੱਦੀ ਉਤੇ ਬੈਠਾ ਬੰਦਾ ਅਣਥਕ ਜੱਲਾਦ ਹੈ। ਖ਼ੁਸ਼ੀ ਨਾ ਮਨਾਉ। ਅਜੇ ਕੇਵਲ ਵਾਅਦਾ ਹੈ ਇਹ। ਕਾਗ਼ਜ਼ ‘ਤੇ ਲਿਖਿਆ ਇਕ ਕਿਲੋ ਸੋਨੇ ਦਾ ਵਾਅਦਾ ਕਿਲੋ ਸੋਨੇ ਨਾਲ਼ੋ’ ਬਹੁਤ ਹਲਕਾ ਹੁੰਦਾ ਹੈ। ਸਾਨੂੰ ਸੋਨਾ ਮਿਲ਼ੇਗਾ, ਖ਼ੁਸ਼ੀ ਮਨਾਵਾਂਗੇ। ਅਜੇ ਕਾਗ਼ਜ਼ ਮਿiਲ਼ਆ ਹੈ। ਅਜੇ ਜੇਲਾਂ ਦੇ ਦਰਵਾਜ਼ੇ ਨਹੀਂ ਖੁੱਲ੍ਹੇ। ਅਜੇ ਸਾਡੇ ੳੁੱਜੜੇ ਭਰਾ ਸਾਇਬੇਰੀਆ ਤੋਂ ਵਾਪਸ ਨਹੀਂ ਆਏ। ਸਾਡੇ ਉਪਰ ਫ਼ਾਇਰ ਖੋਲ੍ਹਣ ਵੇਲੇ ਜ਼ਾਰ ਦਾ ਹੁਕਮ ਹੋਇਆ ਕਰਦੈ- ਸਿਪਾਹੀਓ, ਗੋਲ਼ੀਆਂ ਬਚਾ ਕੇ ਰੱਖਣ ਲਈ ਨਹੀਂ ਦਿੱਤੀਆਂ। ਉਹਨੇ ਹੱਥ ਵਿਚ ਜ਼ਾਰ ਦਾ ਐਲਾਨਨਾਮਾ ੳੁੱਚਾ ਕਰਕੇ ਕਿਹਾ – ਭਾਈਓ ਅਹਿ ਹੈ ਜ਼ਾਰ ਦਾ ਵਾਅਦਾ। ਅੱਜ ਇਹ ਵਾਅਦਾ ਸਾਡੇ ਹੱਥ ਫੜਾ ਦਿੱਤਾ, ਜਦੋਂ ਤੁਸੀ’ ਸ਼ਾਂਤ ਹੋ ਗਏ- ਕੱਲ੍ਹ ਨੂੰ ਉਹ ਇਸ ਨੂੰ ਪਾੜ ਦਏਗਾ, ਇਹ ਕਹਿ ਕੇ ਟ੍ਰਾਟਸਕੀ ਨੇ ਉਹ ਕਾਗ਼ਜ਼ ਪੁਰਜ਼ੇ-ਪੁਰਜ਼ੇ ਕਰਕੇ ਖਲਾਰ ਦਿੱਤਾ ਤੇ ਦਹਾੜਿਆ – ਕਾਗ਼ਜ਼ ਦਾ ਵਾਅਦਾ ਨਹੀਂ, ਜ਼ਾਰ! ਤੇਰੇ ਤੋਂ ਸੁਤੰਤਰ ਹੋਣਾ ਹੈ। ਅਹਿ ਗਈ ਤੇਰੀ ਕਾਗ਼ਜ਼ੀ ਆਜ਼ਾਦੀ।
ਰੂਸ ਦੀ ਰਾਜਧਾਨੀ ਨੇ ਪਹਿਲੀ ਵਾਰ ਅਜਿਹੇ ਬਾਗ਼ੀ ਦੀ ਸਿੰਘ-ਗਰਜਣਾ ਸੁਣੀ।
ਅਖ਼ਬਾਰ ਜਾਂ ਰਿਸਾਲੇ ਵਿਚ ਜੇ ਗੋਰਕੀ, ਲੈਨਿਨ ਅਤੇ ਟ੍ਰਾਟਸਕੀ ਦੀਆਂ ਲਿਖਤਾਂ ਛਪੀਆਂ ਦੇਖਦੇ, ਲੋਕ ਸਭ ਤੋਂ ਪਹਿਲਾਂ ਟ੍ਰਾਟਸਕੀ ਨੂੰ ਪੜ੍ਹਦੇ। ਜਦੋਂ ਫ਼ੈਕਟਰੀ ਕਾਮਿਆਂ ਨੂੰ ਅੱਠ ਘੰਟੇ ਕੰਮ ਕਰਨ ਦਾ ਹੱਕ ਮਿiਲ਼ਆ, ਤਾਂ ਟ੍ਰਾਟਸਕੀ ਦੇ ਬੋਲ ਸਨ – ਅਸੀਂ ਕਾਮਿਆਂ ਵਾਸਤੇ ਅੱਠ ਘੰਟੇ ਨਹੀਂ ਜਿੱਤੇ, ਅੱਠ ਘੰਟਿਆਂ ਰਾਹੀਂ ਅਸੀਂ ਕਾਮੇ ਜਿੱਤ ਲਏ ਹਨ; ਜੋ ਹੁਣ ਸਾਡੇ ਨਾਲ਼- ਨਾਲ਼ ਤੁਰਨਗੇ।
1905 ਦਾ ਇਨਕਲਾਬ ਫੇਲ ਹੋਇਆ, ਤਾਂ ਉਹਨੂੰ ਗ੍ਰਿਫ਼ਤਾਰ ਕਰ ਲਿਆ। ਉਹਨੇ ਕੋਈ ਭੇਤ ਨਾ ਖੋਲਿ੍ਹਆ ਤੇ ਦਲੇਰੀ ਨਾਲ਼ ਕਿਹਾ – ਜ਼ਾਰ ਦੇ ਖ਼ਿਲਾਫ਼ ਯੁੱਧ ਲੜਿਆ ਤੇ ਲੜਾਂਗਾ। ਉਹਦਾ ਕਮਰਾ ਖ਼ੂਬਸੂਰਤ ਲਾਇਬਰੇਰੀ ਬਣ ਗਿਆ, ਜਿਥੇ ਸਾਰਾ ਦਿਨ ਪੜ੍ਹਦਾ ਤੇ ਲਿਖਦਾ। ਉਹ ਖ਼ੁਸ਼ ਹੋ ਕੇ ਕਿਹਾ ਕਰਦਾ – ਹੈ ਨਾ ਕਮਾਲ, ਹੁਣ ਮੈਨੂੰ ਗ੍ਰਿਫ਼ਤਾਰੀ ਦਾ ਫ਼ਿਕਰ ਨਹੀਂ। ਰੂਸ ਵਿਚ ਕੌਣ ਹੈ, ਜਿਹਨੂੰ ਗ੍ਰਿਫ਼ਤਾਰੀ ਦਾ ਡਰ ਨਾ ਹੋਵੇ? ਅਰਥਸ਼ਾਸਤਰ ਅਤੇ ਸਿਆਸਤ ਦੇ ਵਿਸ਼ੇ ਉਹ ਜਰਮਨ ਭਾਸ਼ਾ ਵਿਚ ਲਿਖਦਾ ਤੇ ਸਾਹਿਤਕ ਲੇਖ ਫ਼ਰਾਂਸੀਸੀ ਵਿਚ। ਉਹਨੇ ਅੱਸੀ ਪੰਨਿਆਂ ਦਾ ਇਨਕਲਾਬੀ ਵਿਧੀ-ਵਿਧਾਨ ਤਿਆਰ ਕੀਤਾ। ਉਹਦੀ ਇਸ ਲਿਖਤ ਦਾ ਰੂਸ ਵਿਚ ਉਹੀ ਥਾਂ ਬਣ ਗਿਆ, ਜੋ ਦੁਨੀਆ ਵਿਚ ਕਾਰਲ ਮਾਰਕਸ ਦੇ ਕਮਿਉਨਿਸਟ ਮੈਨੀਫ਼ੈਸਟੋ ਦਾ ਸੀ।
ਜਦ ਪੇਸ਼ੀ ਭੁਗਤਣ ਲਈ ਅਦਾਲਤ ਵਿਚ ਪੁਲੀਸ ਲਿਜਾਂਦੀ, ਤਾਂ ਪ੍ਰਸ਼ੰਸਕਾਂ ਦਾ ਹੜ੍ਹ ਆਇਆ ਹੁੰਦਾ; ਸੁਗ਼ਾਤਾਂ ਅਤੇ ਗੁਲਦਸਤਿਆਂ ਨਾਲ਼ ਲੱਦਿਆ ਜਾਂਦਾ। ਪੁਲਸ ਅਫ਼ਸਰ, ਸਰਕਾਰੀ ਵਕੀਲ ਤੇ ਜੱਜਾਂ ਦੇ ਮੁਣਸ਼ੀ, ਲੋਕਾਂ ਤੋਂ ਗੁਲਦਸਤੇ ਫੜ ਫੜ ਆਪ ਟ੍ਰਾਟਸਕੀ ਨੂੰ ਦੇ ਦਿੰਦੇ। ਜਦੋਂ ਉਸ ਉਪਰ ਬਗ਼ਾਵਤ ਦਾ ਦੋਸ਼ ਲੱਗਾ, ਤਾਂ ਉਹਨੇ ਅਦਾਲਤ ਨੂੰ ਕਿਹਾ – ਜ਼ਾਰ ਨੇ ਆਜ਼ਾਦੀ ਦਾ ਜੋ ਏਲਾਨ ਕੀਤਾ, ਮੈਂ ਉਹਦੀ ਪੂਰਤੀ ਲਈ ਡਟ ਗਿਆ, ਮੇਰੇ ਮਿੱਤਰ ਡਟ ਗਏ। ਹੁਣ ਅਦਾਲਤ ਦਾ ਫ਼ੈਸਲਾ ਦੁਨੀਆ ਨੂੰ ਦੱਸੇਗਾ ਕਿ ਆਜ਼ਾਦੀ ਸਿਰਫ ਜ਼ਾਰ ਲਈ ਹੈ ਕਿ ਦੇਸ ਲਈ। ਇਹੋ ਅਦਾਲਤ ਜ਼ਾਰ ਨੂੰ ਬੁਲਾ ਕੇ ਪੁੱਛੇ ਕਿ ਉਹ ਵਾਅਦਾ ਕਰਕੇ ਕਿਉਂ ਮੁੱਕਰਿਆ ਤੇ ਦੇਸ ਨਾਲ਼ ਇਕਰਾਰ ਕਰਕੇ ਮੁਕਰਨ ਦੀ ਕੀ ਸਜ਼ਾ ਹੁੰਦੀ ਹੈ। ਜੇ ਮੇਰੇ ਉਪਰ ਬਗ਼ਾਵਤ ਦੇ ਦੋਸ਼ ਲੱਗ ਰਹੇ ਹਨ ਤਾਂ ਇਸ ਦਾ ਜ਼ਿਮੇਵਾਰ ਜ਼ਾਰ ਹੈ ਮੈਂ ਨਹੀਂ ਕਿਉਂਕਿ ਮੈਂ ਜ਼ਾਰ ਦੇ ਏਲਾਨਨਾਮੇ ਨੂੰ ਅਮਲੀ ਜਾਮਾ ਪਹਿਨਾਉਣ ਦਾ ਪਾਬੰਦ ਹਾਂ। ਉਹਨੇ ਕਿਸੇ ਜਰਨੈਲ ਦੇ ਬਿਆਨ ਦਾ ਹਵਾਲ਼ਾ ਦਿੱਤਾ – ”ਅਸੀਂ ਜਦੋਂ ਚਾਹੀਏ ਮਲੀਆਮੇਟ ਕਰ ਦਈਏ। ਦਸ ਬੰਦੇ ਮਾਰਨੇ ਹਨ ਕਿ ਦਸ ਹਜ਼ਾਰ, ਸਾਡੀ ਮਰਜ਼ੀ।”
ਉਹਨੇ ਕਿਹਾ – ਮੇਰੇ ਉਪਰ ਸਰਕਾਰ ਉਖਾੜਨ ਦਾ ਦੋਸ਼ ਹੈ, ਇਹ ਦੋਸ਼ ਤਾਂ ਉਦੋਂ ਲੱਗਦਾ, ਜੇ ਸਰਕਾਰ ਨਾਂ ਦੀ ਚੀਜ਼ ਕਿਤੇ ਹੁੰਦੀ। ਜਿਉਂਦਾ ਮਨੁੱਖੀ ਮਾਸ ਵੱਢ-ਵੱਢ ਗਲ਼ੀਆਂ ਵਿਚ ਖਲਾਰਨ ਵਾਲ਼ੀ ਟੋਕੇ ਦੀ ਮਸ਼ੀਨ ਨੂੰ ਅਦਾਲਤ ਜੇ ਸਰਕਾਰ ਮੰਨਦੀ ਹੈ, ਤਾਂ ਅਫ਼ਸੋਸ। ਉਹਦੀ ਆਵਾਜ਼ ਚਾਰੇ ਪਾਸੇ ਗੂੰਜਦੀ, ਲੋਕ ਅਵਾਕ ਦੇਖਦੇ ਰਹਿੰਦੇ, ਯਹੂਦੀ ਪਿਉ ਫ਼ਖ਼ਰ ਨਾਲ਼ ਅਪਣੇ ਬੇਟੇ ਵੱਲ ਦੇਖਦਾ, ਮਾਂ ਇਹ ਸੋਚ ਕੇ ਲਗਾਤਾਰ ਉਥੇ ਰੋ’ਦੀ ਰਹਿੰਦੀ ਕਿ ਸਜ਼ਾ ਹੋਏਗੀ ਬਹੁਤ ਭਾਰੀ। ਤੇਰਾਂ ਅਕਤੂਬਰ ਨੂੰ ਨੌੋਕਰੀ ਤੋਂ ਕੱਢਿਆ ਪੁਲਸ ਜਰਨੈਲ ਲੋਪਖਿਨ ਅਦਾਲਤ ਵਿਚ ਹਾਜ਼ਰ ਹੋ ਗਿਆ ਤੇ ਬਿਆਨ ਦੇਣ ਦੀ ਆਗਿਆ ਮੰਗੀ। ਉਹਨੇ ਕਿਹਾ- ਪੁਲਸ ਦੇ ਦਫ਼ਤਰ ਵਿਚ ਉਹ ਇਸ਼ਤਿਹਾਰ ਛਾਪੇ ਗਏ, ਜਿਹੜੇ ਟ੍ਰਾਟਸਕੀ ਵੱਲੋਂ ਛਾਪ ਕੇ ਵੰਡੇ ਗਏ ਦੱਸੇ ਹਨ। ਪੁਲਸ ਕਤਲੋਗ਼ਾਰਤ ਕਰਨਾ ਚਾਹੁੰਦੀ, ਤਾਂ ਇਨਕਲਾਬੀ ਟਾਲ ਦਿੰਦੇ। ਮੈਂ ਇਹ ਸਾਰੀਆਂ ਗੱਲਾਂ ਪ੍ਰਧਾਨ ਮੰਤਰੀ ਸਟਾਲੀਪਿਨ ਨੂੰ ਲਿਖ ਕੇ ਭੇਜੀਆਂ ਹੋਈਆਂ ਹਨ, ਉਸ ਦੀ ਫ਼ਾਈਲ ਤਲਬ ਕੀਤੀ ਜਾਵੇ। ਅਦਾਲਤ ਨੇ ਦੋ ਨਵੰਬਰ 1907 ਨੂੰ ਫ਼ੈਸਲਾ ਸੁਣਾਇਆ। ਬਗ਼ਾਵਤ ਦਾ ਦੋਸ਼ ਨਹੀਂ ਮੰਨਿਆ ਗਿਆ, ਜਿਸ ਕਰਕੇ ਮੌਤ ਦੀ ਸਜ਼ਾ ਨਾ ਹੋਈ। ਬਾਕੀ ਦੋਸ਼ਾਂ ਨੂੰ ਸਹੀ ਮੰਨ ਕੇ ਦੋਸ਼ੀ ਨੂੰ ਉਮਰ ਭਰ ਲਈ ਸਾਇਬੇਰੀਆ ਭੇਜਣ ਅਤੇ ਰੂਸੀ ਨਾਗਰਿਕ ਦੇ ਸਾਰੇ ਹੱਕ ਖੋਹਣ ਦਾ ਹੁਕਮ ਹੋਇਆ।
ਜੇਲ ਵਿਚ ਭਾਂਤ-ਭਾਂਤ ਦੇ ਕੈਦੀ ਸਨ, ਜਿਨ੍ਹਾਂ ਵਿਚ ਇਕ ਚੋਰ-ਪਾਤਸ਼ਾਹ ਸੀ; ਜਿਹਨੇ ਅੱਧੀ ਦੁਨੀਆ ਚ ਚੋਰੀਆਂ ਕੀਤੀਆਂ ਹੋਈਆਂ ਸਨ। ਉਹ ਟ੍ਰਾਟਸਕੀ ਨੂੰ ਪੁੱਛਣ ਲੱਗਾ – ਤੁਸੀਂ ਸਾਰੀ ਦੁਨੀਆ ਬਾਰੇ ਜਾਣਦੇ ਹੋ। ਕੈਨੇਡਾ ਵਿਚ ਮੇਰਾ ਚੋਰੀ ਦਾ ਕਾਰੋਬਾਰ ਕਿਵੇਂ ਰਹੇ? ਟ੍ਰਾਟਸਕੀ ਨੇ ਕਿਹਾ- ਉਥੇ ਪੂੰਜੀ ਤਾਂ ਲੋਕਾਂ ਕੋਲ਼ ਹੈ ਨਹੀਂ, ਉ’ਜ ਹੈਨ ਸਾਰੇ ਪੂੰਜੀਪਤੀ ਤੇ ਪੂੰਜੀਵਾਦੀ, ਸੋ ਠੀਕ ਚੱਲੇਗਾ। ਪੂੰਜੀਵਾਦ ਚੋਰੀ ਕਰਕੇ ਲੈ ਆ।
ਮਾਰਚ 1917 ਵਿਚ ਖ਼ਬਰਾਂ ਆਉਣ ਲੱਗੀਆਂ ਕਿ ਰੂਸ ਵਿਚ ਕੁਝ ਗੜਬੜ ਹੈ। 13 ਮਾਰਚ ਨੂੰ ਟ੍ਰਾਟਸਕੀ ਨੇ ਏਲਾਨ ਕੀਤਾ – ਦੂਜੇ ਰੂਸੀ ਇਨਕਲਾਬ ਦੇ ਅਸੀਂ ਚਸ਼ਮਦੀਦ ਗਵਾਹ ਹਾਂ ਤੇ ਇਸ ਵਿਚ ਕੁੱਦ ਪਏ ਹਾਂ। ਕੁਸਤੁਨਤੁਨੀਆ ਜਿੱਤਣ ਵਾਸਤੇ ਨਹੀਂ ਨਿਕਲ਼ੇ, ਵਾਹੀਕਾਰਾਂ ਨੂੰ ਜ਼ਮੀਨ ਦਿਵਾਉਣ ਚੱਲੇ ਹਾਂ। ਉਸ ਬਾਬਤ ਇਹੋ ਜਿਹੇ ਵਾਕ ਵੀ ਸੁਣੇ ਗਏ – ਬਿਨਾਂ ਫ਼ੌਜ ਤੋਂ ਇਹ ਕਮਾਲ ਦਾ ਜਰਨੈਲ ਹੈ।
ਦਸ ਜੂਨ ਨੂੰ ਲੋਕਾਂ ਨੇ ਖ਼ਬਰ ਪੜ੍ਹੀ ਕਿ 18 ਜੂਨ ਨੂੰ ਪੀਤਰੋਗਰਾਦ ਵਿਚ ਵਿਸ਼ਾਲ ਜਲਸਾ ਹੋਣਾ ਹੈ। ਏਨੀ ਉੱਮੀਦ ਨਹੀਂ ਸੀ; ਪਰ ਪੰਜ ਲੱਖ ਲੋਕ ਇਕੱਠੇ ਹੋਏ। ਸਰਕਾਰ ਨੇ ਕੋਈ ਦਖ਼ਲ ਨਾ ਦਿੱਤਾ; ਰੈਲੀ ਪੂਰਨ ਸ਼ਾਂਤ ਤੇ ਸਫਲ ਰਹੀ। ਇਨਕਲਾਬੀਆਂ ਦਾ ਸਿੱਕਾ ਜੰਮ ਗਿਆ। ਦਰਸ਼ਕਾਂ ਨੇ ਕਿਹਾ – ਲੈਨਿਨ ਬਹੁਤ ਸਿਆਣਾ ਨੇਤਾ ਹੈ, ਪਰ ਟ੍ਰਾਟਸਕੀ ਸਾਹਮਣੇ ਆਉਂਦਿਆਂ ਉਹ ਧੁੰਦਲਾ ਜਾਂਦਾ ਹੈ। ਲੋਕਾਂ ਵਿਚ ਬੇਚੈਨੀ ਵਧ ਰਹੀ ਸੀ, ਤਾਂ ਲੈਨਿਨ ਨੇ ਟ੍ਰਾਟਸਕੀ ਨੂੰ ਕਿਹਾ – ਸਰਕਾਰ ਆਪਾਂ ਨੂੰ ਬਿਨਾਂ ਮੁਕੱਦਮਾ ਚਲਾਏ ਗੋਲ਼ੀ ਮਾਰੇਗੀ। ਚਲੋ ਅੰਡਰਗਰਾਉ’ਡ ਹੋਈਏ। ਟ੍ਰਾਟਸਕੀ ਨੇ ਕਿਹਾ – ਬਿਲਕੁਲ ਨਹੀਂ। ਕੈਦ ਕਰਨ ਜਾਂ ਮਾਰ ਦੇਣ ਠੀਕ ਹੈ। ਲੁਕ ਗਏ, ਤਾਂ ਲੋਕਾਂ ਦੀ ਅਗਵਾਈ ਕੌਣ ਕਰੇਗਾ? ਲੋਕ ਆਪਾਂ ਨੂੰ ਭਗੌੜੇ ਸਮਝਣਗੇ। ਲੈਨਿਨ ਅਗਿਆਤਵਾਸ ਚਲਾ ਗਿਆ। ਕਮਾਨ ਸੰਭਾਲਣ ਵਾਸਤੇ ਇਕੱਲਾ ਟ੍ਰਾਟਸਕੀ ਰਹਿ ਗਿਆ।
ਲੋਕਾਂ ਨੇ ਜਿਹੜੇ ਸੋਸ਼ਲਿਸਟ ਚੁਣ ਕੇ ਜ਼ਾਰ ਦੀ ਪਾਰਲੀਮੈਂਟ (ਡੂਮਾ) ਵਿਚ ਭੇਜੇ, ਉਨ੍ਹਾਂ ਨੇ ਪਬਲਿਕ ਨੂੰ ਸੰਬੋਧਨ ਕਰਨ ਲਈ ਮੀਟਿੰਗ ਰੱਖੀ, ਜਿਥੇ ਟ੍ਰਾਟਸਕੀ ਪੁੱਜਿਆ। ਸੰਸਦਾਂ ਦੀ ਗੱਲ ਸੁਣਨ ਵਿਚ ਕਿਸੇ ਦੀ ਦਿਲਚਸਪੀ ਨਹੀਂ ਸੀ; ਖ਼ਲਕਤ ਟ੍ਰਾਟਸਕੀ ਦੇ ਬੋਲ ਸੁਣਨ ਦੀ ਪਿਆਸੀ ਸੀ। ਟ੍ਰਾਟਸਕੀ ਨੇ ਠਰੰ੍ਹਮੇ ਨਾਲ਼ ਸਪੀਚ ਸ਼ੁਰੂ ਕੀਤੀ – ਮਿੱਤਰੋ ਅਪਣੇ ਚੁਣੇ ਹੋਏ ਨੁਮਾਇੰਦੇ ਆਪਾਂ ਨੂੰ ਮੱਤਾਂ ਦੇਣ ਇਥੇ ਆਏ ਹਨ। ਮੈਂ ਤਾਂ ਇਹ ਸੁਣਨ ਆਇਆਂ ਕਿ ਤੁਸੀਂ ਸਾਡੇ ਲਈ ਕੀ-ਕੀ ਕੀਤਾ? ਸਾਨੂੰ ਤੁਹਾਡੀ ਕਾਰਗੁਜ਼ਾਰੀ ਦੀ ਰਿਪੋਰਟ ਚਾਹੀਦੀ ਹੈ; ਨਸੀਹਤਾਂ ਨਹੀਂ ਚਾਹੀਦੀਆਂ। ਜੇ ਪ੍ਰਾਪਤੀਆਂ ਦੱਸੋਗੇ, ਤਾਂ ਨਸੀਹਤਾਂ ਵੀ ਸੁਣ ਲਾਂਗੇ ਤੇ ਧੰਨਵਾਦੀ ਵੀ ਹੋਵਾਂਗੇ। ਮੌਤ ਦੀ ਸਜ਼ਾ ਬੰਦ ਹੋਵੇ, ਇਹ ਸਾਡੀ ਮੰਗ ਕਿਥੇ ਗਈ? ਇਹ ਸੁਣ ਕੇ ਉੱਚੀ ਆਵਾਜ਼ ਵਿਚ ਸਾਂਸਦ ਕਰੈਂਸਕੀ ਬੋਲਿਆ – ਮੈਨੂੰ ਰੱਬ ਦੀ ਮਾਰ ਪਵੇ, ਜੇ ਮੈਂ ਇਕ ਵੀ ਬੰਦੇ ਨੂੰ ਫਾਹੇ ਲਾਉਣ ਦੇ ਕਾਗ਼ਜ਼ ਦੇ ਦਸਤਖ਼ਤ ਕਰਾਂ। ਟ੍ਰਾਟਸਕੀ ਬੋਲਿਆ – ਠੀਕ ਹੈ, ਜੇ ਕੋਈ ਬੰਦਾ ਫਾਂਸੀ ਲਾਉਣਾ ਈ ਨਹੀਂ, ਫਿਰ ਫਾਂਸੀ ਦੀ ਸਜ਼ਾ ਦਾ ਕਾਨੂੰਨ ਕਿਉਂ ਬਰਕਰਾਰ ਰਹੇ? ਤੂੰ ਫਾਂਸੀਆਂ ਦੇ ਹੱਕ ਵਿਚ ਭੁਗਤ ਗਿਆ ਹੈਂ, ਤੇਰੀ ਚੋਰੀ ਅਸੀਂ ਫੜ ਲਈ ਹੈ, ਭਰੇ ਇਕੱਠ ਵਿਚ ਫੜ ਲਈ ਹੈ।
23 ਸਤੰਬਰ ਨੂੰ ਸਰਬਸੰਮਤੀ ਨਾਲ਼ ਟ੍ਰਾਟਸਕੀ ਨੂੰ ਪੀਤਰੋਗਰਾਦ ਸੋਵੀਅਤ ਦਾ ਪ੍ਰਧਾਨ ਚੁਣਿਆ ਗਿਆ, ਤਾਂ ਉਹਨੇ ਪੂਰਨ ਇਨਕਲਾਬ ਦੀ ਆਮਦ ਨੂੰ ਸੱਦਾ ਪੱਤਰ ਭੇਜ ਦਿੱਤਾ। ਹੋਣਾ ਇਹ ਚਾਹੀਦਾ ਸੀ ਕਿ ਫ਼ਲਸਫ਼ਾ, ਸਿਧਾਂਤ ਟ੍ਰਾਟਸਕੀ ਦਿੰਦਾ; ਜਿਹਨੂੰ ਲੈਨਿਨ ਅਮਲ ਵਿਚ ਲਿਆਉ’ਦਾ, ਪਰ ਉਲ਼ਟ ਹੋ ਗਿਆ। ਅਗਿਆਤਵਾਸੀ ਲੈਨਿਨ ਲੇਖ ਲਿਖਦਾ ਤੇ ਟ੍ਰਾਟਸਕੀ ਅਮਲ ਕਰਦਾ ਲੋਕਾਂ ਵਿਚ ਰਹਿੰਦਾ।
ਕਾਰਜਕਾਰਨੀ ਵਿਚ ਫ਼ੈਸਲਾ ਹੋਇਆ ਕਿ ਜੇ ਜਰਮਨ ਜਿੱਤਦੇ ਹੋਏ ਆ ਵੜੇ, ਤਾਂ ਰਾਜਧਾਨੀ ਦੇ ਬਚਾਉ ਲਈ ਹਥਿਆਰਬੰਦ ਇਨਕਲਾਬੀ ਕਮੇਟੀ ਬਣਨੀ ਚਾਹੀਦੀ ਹੈ। ਇਹ ਸੁਝਾਅ 18 ਸਾਲ ਦੇ ਮੁੰਡੇ ਲਾਜ਼ੀਮੀਰ ਦਾ ਸੀ। ਇਸ ਕਮੇਟੀ ਦੇ ਕੀ ਨਤੀਜੇ ਹੋਣਗੇ; ਨਾ ਮੁੰਡੇ ਨੂੰ ਪਤਾ ਸੀ ਨਾ ਬਾਕੀਆਂ ਨੂੰ। ਇਹੀ ਕਮੇਟੀ ਬਾਅਦ ਵਿਚ ਲਾਲ ਫ਼ੌਜ ਬਣੀ। ਲੈਨਿਨ ਫ਼ਿਨਲੈਂਡ ਚਲਾ ਗਿਆ। ਟ੍ਰਾਟਸਕੀ ਵਰੋਲੇ ਵਾਂਙ ਸ਼ਹਿਰ-ਸ਼ਹਿਰ ਭਾਸ਼ਣ ਕਰਦਾ ਫਿਰਦਾ ਤੇ ਲੋਕ ਉਹਨੂੰ ਸੁਣਨ ਵਾਸਤੇ ਸਦਾ ਉਤਾਵਲੇ ਹੁੰਦੇ।
16 ਅਕਤੂਬਰ ਨੂੰ ਜਦੋਂ ਕਰੈਂਸਕੀ ਨੇ ਤੋਪਖ਼ਾਨੇ ਨੂੰ ਪੀਤਰੋਗਰਾਦ ਤੋਂ ਕੂਚ ਕਰ ਕੇ ਬਾਰਡਰ ਉਪਰ ਜਾਣ ਦਾ ਹੁਕਮ ਦਿੱਤਾ, ਤਾਂ ਫ਼ੌਜੀ ਹੁਕਮ ਮੰਨਣ ਤੋਂ ਇਨਕਾਰੀ ਹੋ ਗਏ। ਟ੍ਰਾਟਸਕੀ ਨੂੰ ਪਤਾ ਲੱਗਾ, ਤਾਂ ਉਹਨੇ ਇਹ ਜਾਣਨ ਲਈ ਕਿ ਵਾਕਈ ਇਹ ਬਗ਼ਾਵਤ ਹੈ ਕਿ ਅਫ਼ਵਾਹ, ਤੁਰਤ ਫ਼ੌਜ ਨੂੰ ਲਿਖਤੀ ਹੁਕਮ ਭੇਜਿਆ – ਮੈਂ ਬੰਦੇ ਭੇਜ ਰਿਹਾ ਹਾਂ। ਸਾਨੂੰ ਪੰਜ ਹਜ਼ਾਰ ਬੰਦੂਕਾਂ ਚਾਹੀਦੀਆਂ ਹਨ। ਗ਼ਜ਼ਬ ਹੋ ਗਿਆ। ਪੰਜ ਹਜ਼ਾਰ ਬੰਦੂਕਾਂ ਪੁੱਜ ਗਈਆਂ।
22 ਅਕਤੂਬਰ ਨੂੰ ਉਹਨੇ ਪੀਪਲਜ਼ ਹਾਊਸ ਸਾਹਮਣੇ ਇਤਿਹਾਸਕ ਭਾਸ਼ਣ ਦਿੱਤਾ – ਹੁਣ ਜਾਂ ਫ਼ਤਹ ਜਾਂ ਮੌਤ; ਹੋਰ ਕੁੱਝ ਨਹੀਂ। ਉਹਨੇ ਕਿਹਾ – ਵਾਅਦਾ ਕਰੋ, ਕਸਮ ਖਾਓ। ਬੇਮਿਸਾਲ ਹੱਥ ਲਹਿਰਾਂ ਵਾਂਗ ਝੂੰਮੇ। ਕਿਸਾਨ ਨੂੰ ਜ਼ਮੀਨ, ਭੁੱਖੇ ਨੂੰ ਰੋਟੀ, ਬੇਕਾਰ ਨੂੰ ਰੁਜ਼ਗਾਰ ਅਤੇ ਸੋਵੀਅਤ ਦੇਸ ਨੂੰ ਇੱਜ਼ਤ ਮਿਲ਼ੇਗੀ। ਜਦੋਂ ਉਸ ਪਿੱਛੋਂ ਏਲਾਨ ਹੋਇਆ ਕਿ ਹੁਣ ਫਲਾਣਾ ਨੇਤਾ ਬੋਲੇਗਾ, ਲੋਕ ਇਹ ਕਹਿ ਕੇ ਉਠ ਗਏ – ਹੁਣ ਹੋਰ ਕੀ ਰਹਿ ਗਿਆ ਬਾਕੀ? ਇਕੱਲਾ ਬੰਦਾ ਪੂਰੇ ਸਮੁੰਦਰ ਨੂੰ ਖਿੱਚੀ ਲਈ ਜਾਂਦਾ ਸੀ।
ਕਰੈਂਸਕੀ ਬਗ਼ਾਵਤ ਕੁਚਲਣ ਲਈ ਤਿਆਰ ਸੀ। ਟ੍ਰਾਟਸਕੀ ਉਡੀਕ ਰਿਹਾ ਸੀ ਕਿ ਕਦੋਂ ਕਰੈਂਸਕੀ ਕੋਈ ਅਜਿਹਾ ਫ਼ੈਸਲਾ ਕਰਦਾ ਹੈ, ਜਿਸ ਨਾਲ਼ ਲੋਕ ਬਗ਼ਾਵਤ ਦਾ ਏਲਾਨ ਕਰਨ। ਕਰੈਂਸਕੀ ਨੇ ਕਾਮਰੇਡਾਂ ਦਾ ਅਖ਼ਬਾਰ ਪਰਾਵਦਾ ਬੰਦ ਕਰਕੇ ਪ੍ਰੈੱਸ ਸੀਲ ਕਰ ਦਿੱਤੀ ਤੇ ਪ੍ਰੈੱਸ ਨੂੰ ਜਾਂਦੀ ਸੜਕ ੳੁੱਤੇ ਤੁਰਨ ਦੀ ਮਨਾਹੀ ਕਰ ਦਿੱਤੀ। ਪ੍ਰੈੱਸ ਵਿਚ ਕੰਮ ਕਰਦੀ ਇਕ ਕੁੜੀ ਅਤੇ ਬੰਦਾ ਟ੍ਰਾਟਸਕੀ ਪਾਸ ਆ ਕੇ ਕਹਿਣ ਲੱਗੇ – ਅਸੀਂ ਸਰਕਾਰੀ ਸੀਲਾਂ ਤੋੜ ਕੇ ਕੰਮ ਕਰਨਾ ਚਾਹੁੰਦੇ ਹਾਂ, ਦੇਖਾਂਗੇ ਕੀ ਕਰਦੀ ਹੈ ਸਰਕਾਰ? ਕਮਾਲ ਹੈ – ਟ੍ਰਾਟਸਕੀ ਦੀਆਂ ਅੱਖਾਂ ਲਿਸ਼ਕੀਆਂ – ਗ਼ਜ਼ਬ, ਉਹਨੇ ਕਿਹਾ ਮਾਮੂਲੀ ਸੀਲ ਟੁੱਟੇਗੀ ਤੇ ਯੁੱਧ ਦਾ ਏਲਾਨ ਹੋ ਜਾਏਗਾ – ਬਗ਼ਾਵਤ ਦਾ ਏਲਾਨ! ਕਮਾਲ। ਉਹਨੇ ਇਸ ਕੁੜੀ ਨਾਲ਼ ਹਥਿਆਰਬੰਦ ਜੁਆਨਾਂ ਦੀ ਟੁਕੜੀ ਹਿਫ਼ਾਜ਼ਤ ਲਈ ਭੇਜੀ। ਇਹ ਗੱਲ 24 ਅਕਤੂਬਰ ਦੀ ਹੈ। ਸੀਲਾਂ ਤੋੜ ਕੇ ਪ੍ਰੈੱਸ ਚਾਲੂ ਕੀਤੀ, ਜਿਸ ਨੇ ਗੱਜ-ਵੱਜ ਕੇ ਇਨਕਲਾਬ ਦਾ ਏਲਾਨ ਕਰ ਦਿੱਤਾ। ਕ੍ਰਾਂਤੀ ਤੋਂ ਪਹਿਲਾਂ ਸੋਵੀਅਤ ਕਾਰਜਕਾਰਨੀ ਦੀ ਆਖ਼ਿਰੀ ਬੈਠਕ ਹੋਈ, ਜਿਸ ਵਿਚ ਨਾ ਲੈਨਿਨ ਸੀ, ਨਾ ਸਟਾਲਿਨ। ਹਰੇਕ ਬੰਦੇ ਨੂੰ ਜ਼ਿਮੇਵਾਰੀਆਂ ਵੰਡ ਦਿੱਤੀਆਂ ਗਈਆਂ।
ਮਹਾਨ ਫ਼ਤਿਹ
ਕਰੈਂਸਕੀ ਨੇ ਟ੍ਰਾਟਸਕੀ ਤੇ ਬਾਕੀ ਕਾਰਿੰਦਿਆਂ ਨੂੰ ਗ੍ਰਿਫ਼ਤਾਰ ਕਰਨ ਦਾ ਹੁਕਮ ਦਿੱਤਾ, ਤਾਂ ਉਹਨੂੰ ਪੁੱਛਿਆ ਗਿਆ – ਕਰ ਲਵੋਂਗੇ ਗ੍ਰਿਫ਼ਤਾਰੀਆਂ? ਕਰੈਂਸਕੀ ਨੇ ਕਿਹਾ – ਕੀ ਪਤਾ… ਸ਼ਾਇਦ…। ਟ੍ਰਾਟਸਕੀ ਨੇ ਕਿਹਾ – ਹੁਣ ਲੋਹੇ ਨਾਲ਼ ਲੋਹਾ ਭਿੜੇਗਾ।

ਪਾਸਪੋਰਟ. 1915

ਟ੍ਰਾਟਸਕੀ ਨੇ ਲਾਲ ਫ਼ੌਜ ਦੀ ਟੁਕੜੀ ਬੁਲਾਈ। ਬਹੁਤ ਸਹਿਜ ਨਾਲ਼ ਪੀਤਰੋਗਰਾਦ ਮਹਿਲ ਉਪਰ 24-25 ਅਕਤੂਬਰ ਰਾਤੀਂ ਕਬਜ਼ਾ ਕਰ ਲਿਆ। ਫਿਰ ਡਾਕਖ਼ਾਨਿਆਂ, ਰੇਲਵੇ ਸਟੇਸ਼ਨਾਂ, ਟੈਲੀਫ਼ੋਨ ਐਕਸਚੇਂਜਾਂ ਅਤੇ ਬੈਂਕਾਂ ‘ਤੇ ਕਬਜ਼ੇ ਕੀਤੇ। ਕੁਝ ਘੰਟਿਆਂ ਵਿਚ ਕਰੈਂਸਕੀ ਦੀ ਸਰਕਾਰ ਖ਼ਤਮ ਹੋ ਗਈ ਤੇ ਖ਼ੁਦ ਭੱਜ ਕੇ ਵਿਦੇਸ਼ੀ ਦੂਤਾਵਾਸ ਵਿਚ ਜਾ ਲੁਕਿਆ। ਲੈਨਿਨ ਅਜੇ ਵੀ ਗੁਪਤਵਾਸ ਵਿਚ ਸੀ। ਉਹਨੂੰ ਖ਼ਬਰਾਂ ਦਾ ਯਕੀਨ ਨਾ ਆਇਆ। ਛੁਪ ਕੇ ਉਹਨੇ ਰਾਜਧਾਨੀ ਦੇਖੀ ਤੇ ਇਨਕਲਾਬੀ ਲੀਡਰ ਕੰਮ ਕਰਦੇ ਦੇਖੇ; ਜਿਨ੍ਹਾਂ ਦੇ ਵਾਲ ਉਲ਼ਝੇ ਹੋਏ ਸਨ, ਅੱਖਾਂ ਅਨੀ’ਦਰੇ ਨਾਲ਼ ਸੁੱਜੀਆਂ ਹੋਈਆਂ। ਉਹ ਹੁਕਮ ਦੇ ਰਹੇ ਸਨ, ਜਿਨ੍ਹਾਂ ਦੀ ਪਾਲਣਾ ਹੁੰਦੀ ਦੇਖੀ। ਲੈਨਿਨ ਨੇ ਕਿਹਾ “ਮੇਰੀ ਗ਼ੈਰਹਾਜ਼ਰੀ ਵਿਚ ਇਨ੍ਹਾਂ ਨੇ ਪਰਬਤ ਸਰ ਕਰ ਲਿਆ।” ਟ੍ਰਾਟਸਕੀ ਨੇ ਖ਼ੌਫ਼ਨਾਕ ਯੁੱਧ ਲੜਿਆ ਤੇ ਮਹਾਨ ਫ਼ਤਿਹ ਪ੍ਰਾਪਤ ਕੀਤੀ। ਕਾਮਿਆਂ ਦੀ ਗਿਣਤੀ 25-30 ਹਜ਼ਾਰ ਵਿਚਕਾਰ ਰਹੀ ਤੇ ਹਥਿਆਰਬੰਦ ਲਾਲ ਫ਼ੌਜੀ ਪੰਜ ਹਜ਼ਾਰ।
ਟ੍ਰਾਟਸਕੀ ਥਕੇਵੇਂ ਨਾਲ਼ ਬੇਹੋਸ਼ ਹੋਣ ਵਾਲ਼ਾ ਹੋ ਗਿਆ ਸੀ; ਪਰ ਟੈਲੀਫ਼ੋਨ ਕਾਲਾਂ ਸੁਣਨੀਆਂ, ਜਵਾਬ ਦੇਣਾ, ਜ਼ਬਾਨੀ ਸੁਨੇਹੇ ਤੇਜ਼ੀ ਨਾਲ਼ ਭੇਜਣੇ ਸਨ। ਖ਼ਬਰ ਮਿਲ਼ੀ ਕਿ ਵਿੰਟਰ ਪੈਲੇਸ ਵਿਚ ਜ਼ਾਰ ਦੀ ਕੈਬਨਿਟ ਆਤਮ ਸਮਰਪਣ ਨਹੀਂ ਕਰਦੀ। ਤੁਰਤ ਹੁਕਮ ਭੇਜਿਆ – ਮਹਿਲ ਵਿਚ ਤੋਪ ਦਾ ਗੋਲ਼ਾ ਸੁੱਟੋ। ਫਿਰ ਦੇਖਣਾ, ਕਿਵੇਂ ਗੋਡਿਆਂ ਭਾਰ ਆਉਂਦੇ ਹਨ। ਇਥੇ ਲੈਨਿਨ ਉਸ ਪਾਸ ਆਇਆ। ਦੋਵੇਂ ਜ਼ਮੀਨ ‘ਤੇ ਬੈਠੇ ਸਲਾਹਾਂ ਕਰਨ ਲੱਗੇ ਕਿ ਕੱਲ੍ਹ ਨੂੰ ਨਵੀਂ ਸਰਕਾਰ ਦਾ ਏਲਾਨ ਕਰਕੇ ਰੂਸ ਅਤੇ ਸੰਸਾਰ ਵਿਚ ਅਮਨ ਸ਼ਾਂਤੀ ਦੀ ਕਾਮਨਾ ਕਰਾਂਗੇ। ਮੰਤਰੀ ਸ਼ਬਦ ਭੈੜਾ ਹੈ। ਅਸੀਂ ਅਪਣੇ ਵਜ਼ੀਰ ਨੂੰ ਕਮਿੱਸਾਰ ਕਿਹਾ ਕਰਾਂਗੇ। ਲੋਕਾਂ ਦੇ ਨੁਮਾਇੰਦੇ। ਲੋਕ ਸੇਵਕ।
ਸਰਕਾਰ ਬਣਨ ਲੱਗੀ, ਤਾਂ ਲੈਨਿਨ ਨੇ ਕਿਹਾ – ਟ੍ਰਾਟਸਕੀ ਸਟੇਟ ਦਾ ਮੁਖੀ ਹੋਵੇਗਾ, ਕਿਉਂਕਿ ਇਸੇ ਸਦਕਾ ਪੁਰਾਣੀ ਸਰਕਾਰ ਡਿਗੀ। ਟ੍ਰਾਟਸਕੀ ਨੇ ਨਿਮਰਤਾ ਨਾਲ਼ ਇਨਕਾਰ ਕਰਦਿਆਂ ਕਿਹਾ – ਲੈਨਿਨ ਮੇਰੇ ਤੋਂ ਸੀਨੀਅਰ ਹੈ। ਲੈਨਿਨ ਦੇਸ ਦੀ ਅਗਵਾਈ ਕਰੇਗਾ। ਲੈਨਿਨ ਨੇ ਪਾਰਟੀ ਦੀ ਪ੍ਰਧਾਨਗੀ ਚਾਹੀ ਸੀ, ਪਰ ਟ੍ਰਾਟਸਕੀ ਨੇ ਕਿਹਾ – ਨਹੀਂ। ਤੈਨੂੰ ਜ਼ਿਮੇਵਾਰੀ ਤੋਂ ਭੱਜਣ ਨਹੀਂ ਦੇਣਾ ਅਸੀਂ। ਫਿਰ ਲੈਨਿਨ ਨੇ ਚਾਹਿਆ ਕਿ ਟ੍ਰਾਟਸਕੀ ਗ੍ਰਹਿ ਮੰਤਰਾਲਾ ਸੰਭਾਲੇ। ਟ੍ਰਾਟਸਕੀ ਨੇ ਕਿਹਾ – ਇਹ ਵੀ ਨਹੀਂ। ਮੈਂ ਯਹੂਦੀ ਹਾਂ। ਕਿਤੇ ਸਖ਼ਤੀ ਵਰਤਣੀ ਪਈ; ਤਾਂ ਲੋਕਾਂ ਨੂੰ ਟ੍ਰਾਟਸਕੀ ਨਹੀ, ਯਹੂਦੀ ਦਿਸੇਗਾ। ਇਸ ਪੱਖੋਂ ਟ੍ਰਾਟਸਕੀ ਬਿਲਕੁਲ ਸਹੀ ਸੀ। ਉਹ ਜਾਣਦਾ ਸੀ ਕਿ ਲੋਕਾਂ ਦੇ ਦੁਸ਼ਮਣਾਂ ਵਿਰੁੱਧ ਬਹਾਦਰੀ ਨਾਲ਼ ਲੜਦਾ, ਤਾਂ ਪ੍ਰਸ਼ੰਸਾ ਹੁੰਦੀ। ਪੇਂਡੂ ਲੋਕਾਂ ਵਿਚ ਨਸਲੀ ਵਿਤਕਰੇ ਬਹੁਤ ਡੂੰਘੇ ਸਨ ਤੇ ਇਨ੍ਹਾਂ ਕਾਰਣ ਕੀ ਖ਼ਤਰਾ ਹੋ ਸਕਦਾ ਸੀ – ਉਹ ਜਾਣੂ ਸੀ। ਉਹਨੇ ਵਿਦੇਸ਼ ਮੰਤਰਾਲਾ ਸਵੀਕਾਰ ਕਰ ਲਿਆ।
ਇਕ ਪਾਸੇ ਉਹ ਦੋਵੇਂ ਪਾਲਸੀਆਂ ਤੈਅ ਕਰਦੇ, ਸਰਕਾਰ ਦੇ ਜ਼ਿੰਮੇ ਲੱਗੇ ਫ਼ਰਜ਼ ਨਿਭਾਉਂਦੇ ਤੇ ਕਦੀ-ਕਦੀ ਡਰ ਵੀ ਜਾਂਦੇ ਕਿ ਕੀ ਉਨ੍ਹਾਂ ਦੀ ਸਰਕਾਰ ਸਥਿਰ ਰਹੇਗੀ? ਇਕ ਦਿਨ ਲੈਨਿਨ ਨੇ ਟ੍ਰਾਟਸਕੀ ਨੂੰ ਕਿਹਾ – ਜੇ ਕਿਸੇ ਸਾਜ਼ਿਸ਼ੀ ਨੇ ਆਪਾਂ ਦੋਹਵਾਂ ਨੂੰ ਕਤਲ ਕਰ ਦਿੱਤਾ, ਤਾਂ ਕੀ ਸੇਰਲੋਵ ਤੇ ਬੁਖਾਰਿਨ ਦੇਸ ਦੀ ਕਮਾਨ ਸੰਭਾਲਣ ਜੋਗੇ ਹੋਣਗੇ? ਬਹੁਤੀ ਵਾਰੀ ਸਰਕਾਰ ਚਲਾਉਣ ਦੀ ਥਾਂ ਉਹ ਨੀਤੀਆਂ ਘੜਦੇ, ਤਾਂ ਕਿ ਉਨ੍ਹਾਂ ਤੋਂ ਪਿੱਛੋਂ ਉਨ੍ਹਾਂ ਦੇ ਜਾਂਨਸ਼ੀਨ ਕਿਸੇ ਹੋਰ ਰਸਤੇ ਨਾ ਤੁਰ ਪੈਣ। ਇਨ੍ਹਾਂ ਕੋਲ਼ ਨਾ ਟਾਈਪ-ਰਾਈਟਰ ਸੀ ਨਾ ਕੋਈ ਡਿਕਟੇਸ਼ਨ ਲੈਣ ਵਾਲ਼ਾ ਸਟੈਨੋਗ੍ਰਾਫ਼ਰ। ਜੋ ਕੁਝ ਲਿਖ ਕੇ ਭੇਜਣਾ ਹੁੰਦਾ; ਹੱਥੀਂ ਲਿਖਦੇ। ਦਫ਼ਤਰ ਦੇ ਨਿੱਕੇ-ਜਿਹੇ ਕਮਰੇ ਵਿਚ ਜਿਥੇ ਕੰਮ ਕਰਦੇ, ਉਥੇ ਹੀ ਸੌਂ ਜਾਂਦੇ। ਹਰੇਕ ਬੰਦਾ ਜਦੋਂ ਚਾਹੁੰਦਾ, ਮਿਲ਼ ਸਕਦਾ ਸੀ। ਅਮਰੀਕਨ ਪੱਤਰਕਾਰ ਲੂਈ ਬਰਾਂ ਲਿਖਦਾ ਹੈ – ਖ਼ਬਰਾਂ ਲੈਣ ਲਈ ਮੈਂ ਟ੍ਰਾਟਸਕੀ ਦੇ ਘਰ ਜਾਂਦਾ। ਚੁਬਾਰੇ ਵਿਚ ਉਹ ਤੇ ਉਹਦੀ ਬੀਵੀ ਰਹਿੰਦੇ। ਪਲਾਈ ਨਾਲ਼ ਪਰਦਾ ਕੀਤਾ ਹੋਇਆ ਸੀ, ਸਸਤੀਆਂ ਚਾਰ ਕੁਰਸੀਆਂ ਅਤੇ ਭੈੜਾ ਜਿਹਾ ਸ਼ੀਸ਼ਾ ਸੀ। ਇਥੇ ਜਰਨੈਲ ਆਉਂਦੇ, ਵਜ਼ੀਰ ਆਉਂਦੇ, ਰਾਜਦੂਤ ਆਉਂਦੇ। ਆਸਮਾਨ ਹੇਠ ਕੀ-ਕੀ ਵਾਪਰ ਰਿਹਾ ਹੈ – ਉਸ ਨਾਲ਼ ਸਾਂਝਾ ਕੀਤਾ ਜਾਂਦਾ। ਏਨੇ ਕੰਮ ਨਾਲ਼ ਉਹ ਖਿਝ ਵੀ ਜਾਂਦਾ, ਕਿਹਾ ਕਰਦਾ – ਕਿਤੇ ਦਿਮਾਗ਼ ਨਾ ਹਿੱਲ ਜਾਵੇ।
ਸਹੁੰ ਚੁੱਕਣ ਤੋਂ ਇਕ ਹਫ਼ਤੇ ਬਾਅਦ ਉਹ ਵਿਦੇਸ਼ ਮੰਤਰਾਲੇ ਦੇ ਦਫ਼ਤਰ ਗਿਆ, ਤਾਂ ਉਹਦੇ ਨਾਲ਼ ਸਹਾਇਕ ਸੀ। ਉਹਨੇ ਦਫ਼ਤਰ ਦੇ ਬੰਦਿਆਂ ਨੂੰ ਕਿਹਾ – ਮੈਂ ਇਸ ਮਹਿਕਮੇ ਦਾ ਵਜ਼ੀਰ ਹਾਂ। ਖ਼ੁਫ਼ੀਆ ਰਿਕਾਰਡ ਦੀਆਂ ਚਾਬੀਆਂ ਦਿਉ। ਇਕ ਵੀ ਬੰਦਾ ਟਸ ਤੋਂ ਮਸ ਨਾ ਹੋਇਆ। ਬਿਟਰ-ਬਿਟਰ ਦੇਖਦੇ ਰਹੇ। ਉਹ ਵਾਪਿਸ ਗਿਆ। ਫ਼ੌਜੀ ਟੁਕੜੀ ਲਿਆ ਕੇ ਸਾਰੇ ਮੁਲਾਜ਼ਮ ਗ੍ਰਿਫ਼ਤਾਰ ਕਰ ਲਏ, ਤਾਂ ਚਾਬੀਆਂ ਮਿਲ਼ੀਆਂ। ਦੇਸਾਂ ਨਾਲ਼ ਕੀਤੀਆਂ ਜ਼ਾਰ ਦੀਆਂ ਸੰਧੀਆਂ ਉਹਨੇ ਅਖ਼ਬਾਰ ਵਿਚ ਛਪਵਾ ਕੇ ਕਿਹਾ – ਸਮਾਜਵਾਦ ਵਿਚ ਕੋਈ ਫ਼ੈਸਲਾ ਗੁਪਤ ਨਹੀਂ ਹੋਏਗਾ।
ਜਰਨੈਲ ਦੁਖੋਨਿਨ ਫ਼ੌਜੀ ਟੁਕੜੀ ਨਾਲ਼ ਜਰਮਨ ਵਿਰੁਧ ਲੜਾਈ ਦੀ ਕਮਾਨ ਕਰ ਰਿਹਾ ਸੀ। ਟ੍ਰਾਟਸਕੀ ਨੇ ਹੁਕਮ ਭੇਜਿਆ – ਅਸੀਂ ਸੰਧੀ ਕਰਾਂਗੇ। ਜਰਮਨ ਵਿਰੁੱਧ ਜੰਗ ਬੰਦ ਕਰੋ। ਉਹਨੇ ਹੁਕਮ-ਅਦੂਲੀ ਕੀਤੀ। ਜਦੋਂ ਸੈਨਿਕਾਂ ਨੇ ਦੇਖਿਆ ਕਿ ਟ੍ਰਾਟਸਕੀ ਜੰਗਬੰਦੀ ਦੇ ਹੱਕ ਵਿਚ ਹੈ, ਪਰ ਜਰਨੈਲ ਨਹੀਂ ਮੰਨਦਾ, ਤਾਂ ਸੈਨਿਕਾਂ ਨੇ ਅਪਣੇ ਜਰਨੈਲ ਦੀ ਛਾਤੀ ਵਿਚ ਗੋਲ਼ੀਆਂ ਦਾਗ ਦਿੱਤੀਆਂ।
ਰੂਸ ਵਿਚ ਪੁੱਜੇ ਪੱਛਮੀ ਦੇਸਾਂ ਦੇ ਦੂਤਾਵਾਸ ਅਜੇ ਮੰਨਣ ਵਿਚ ਨਹੀਂ ਆ ਰਹੇ ਸਨ ਕਿ ਸਰਕਾਰ ਬਦਲ ਗਈ ਹੈ ਤੇ ਉਹ ਭਾਂਤ-ਸੁਭਾਂਤੀਆਂ ਖ਼ਬਰਾਂ ਛਪਵਾਉਂਦੇ। ਟ੍ਰਾਟਸਕੀ ਨੇ ਸਭ ਨੂੰ ਕਿਹਾ “ਜੇ ਤੁਸੀ’ ਜ਼ਿੰਮੇਵਾਰ ਨਾ ਬਣੇ, ਤਾਂ ਸਭ ਦੀਆਂ ਦੁਕਾਨਾਂ ਚੁਕਵਾ ਦਿਆਂਗਾ।” ਟ੍ਰਾਟਸਕੀ ਦੀ ਪਾਰਟੀ ਦਾ ਪੱਤਰਕਾਰ ਚਿਚੇਰਿਨ ਅੰਗਰੇਜ਼ ਨੇ ਲੰਡਨ ਵਿਚ ਕੈਦ ਕਰ ਰਖਿਆ ਸੀ, ਕਿਉਂਕਿ ਉਹ ਯੁੱਧ ਦੇ ਖ਼ਿਲਾਫ਼ ਲਿਖਦਾ ਸੀ। ਬਰਤਾਨਵੀ ਦੂਤ ਨੂੰ ਕਿਹਾ ਗਿਆ ਕਿ ਚਿਚੇਰਿਨ ਨੂੰ ਰਿਹਾ ਕਰਕੇ ਰੂਸ ਭੇਜੋ। ਇੰਗਲੈਂਡ ‘ਤੇ ਕੋਈ ਅਸਰ ਨਾ ਹੋਇਆ। ਟ੍ਰਾਟਸਕੀ ਨੇ ਏਲਾਨ ਕੀਤਾ – ਜਦੋਂ ਤਕ ਚਿਚੇਰਿਨ ਦੇਸ ਵਾਪਸ ਨਹੀਂ ਪੁੱਜਦਾ, ਇਕ ਵੀ ਅੰਗਰੇਜ਼ ਨੂੰ ਰੂਸ ਵਿੱਚੋਂ ਬਾਹਰ ਨਹੀਂ ਨਿਕਲਣ ਦਿਆਂਗਾ। ਬੰਦੀ ਚਿਚੇਰਨ ਰਿਹਾ ਕਰ ਦਿੱਤਾ ਗਿਆ।
ਨਵੀਂ ਰੂਸੀ ਸਰਕਾਰ ਨੇ ਜਰਮਨ ਖ਼ਿਲਾਫ਼ ਜੰਗਬੰਦੀ ਦਾ ਏਲਾਨ ਕਰਕੇ ਰਾਜ਼ੀਨਾਮੇ ਉੱਤੇ ਦਸਤਖ਼ਤ ਕਰਨ ਦੀ ਮੰਗ ਕੀਤੀ। ਜਰਮਨ ਸ਼ਹਿਨਸ਼ਾਹ ਵਿਲੀਅਮ ਕੈਸਰ ਨੇ ਅਪਣਾ ਦੂਤ ਭੇਜਿਆ। ਫ਼ੌਜੀ ਜਰਨੈਲ ਬਾਰਡਰ ੳੁੱਤੇ ਸਨ। ਇਧਰੋਂ ਟ੍ਰਾਟਸਕੀ ਪੁੱਜਾ। ਜਰਮਨ ਸਮਝਦੇ ਸਨ ਕਿ ਇਹ ਐਵੇਂ ਅਵਾਰਾ ਲੜਾਕੂ ਬੰਦਾ ਹੈ, ਜਿਹਦੇ ਪੈਰ ਹੇਠ ਤਾਕਤ ਦਾ ਬਟੇਰਾ ਆ ਗਿਆ ਤੇ ਇਹ ਬਟੇਰਾ ਵੀ ਪੈਰ ਹੇਠੋਂ ਜਲ਼ਦੀ ਨਿਕਲ਼ ਜਾਏਗਾ। ਜਦੋਂ ਵਿਚਾਰ-ਵਟਾਂਦਰਾ ਸ਼ੁਰੂ ਹੋਇਆ, ਤਾਂ ਜਰਮਨ ਭਾਸ਼ਾ ਬੋਲਦਿਆਂ ਟ੍ਰਾਟਸਕੀ ਦੀਆਂ ਦਲੀਲਾਂ ਅਤੇ ਆਤੑਮਵਿਸ਼ਵਾਸ ਦੰਗ ਕਰਨ ਵਾਲ਼ਾ ਦੇਖਿਆ। ਕਮਾਲ ਇਹ ਕਿ ਰੂਸ ਵਿਚ ਸੈਨਾ ਰਹੀ ਹੀ ਨਹੀਂ ਸੀ, ਜਿਹੜੀ ਬਚੀ ਉਹ ਲੜਨ ਲਈ ਤਿਆਰ ਨਹੀਂ ਸੀ। ਕਿਸੇ ਕਮਜ਼ੋਰ ਦੇਸ ਦਾ ਨੇਤਾ ਤਾਕਤਵਰ ਸਟੇਟ ਨਾਲ਼ ਏਨੀ ਦਲੇਰੀ ਨਾਲ਼ ਕਿਵੇਂ ਗੱਲ ਕਰ ਸਕਦਾ ਹੈ, ਅਚੰਭਾ ਸਮਝੋ। ਉਹਨੂੰ ਜਰਮਨ ਜਰਨੈਲਾਂ ਨੇ ਕਿਹਾ ਕਿ ਜੰਗਬੰਦੀ ਮਨਜ਼ੂਰ ਹੈ, ਪਰ ਜਿੰਨੀ ਰੂਸੀ ਧਰਤੀ ਉੁਪਰ ਅਸੀਂ ਅੱਗੇ ਵਧੇ ਹਾਂ, ਉਹ ਨਹੀਂ ਛੱਡਾਂਗੇ। ਟ੍ਰਾਟਸਕੀ ਨੇ ਕਿਹਾ – ਫੇਰ ਇਹ ਕੀ ਸੰਧੀ ਹੋਈ? ਜਰਮਨਾਂ ਨੇ ਕਿਹਾ – ਤੁਸੀਂ ਸਾਡੇ ਖ਼ਿਲਾਫ਼ ਯੁੱਧ ਦਾ ਏਲਾਨ ਕੀਤਾ ਕਿਉਂ ਸੀ? ਟ੍ਰਾਟਸਕੀ ਨੇ ਕਿਹਾ – ਮੈਂ ਨਹੀਂ ਕੀਤਾ ਸੀ। ਜਿਸ ਜ਼ਾਰ ਨੇ ਕੀਤਾ ਸੀ, ਨਾ ਉਹ ਹੈ ਨਾ ਹੁਣ ਉਹਦੀ ਸਰਕਾਰ ਹੈ। ਜਿਹੜਾ ਕਸੂਰ ਮੈਂ ਨਹੀਂ ਕੀਤਾ, ਉਹਦੀ ਸਜ਼ਾ ਮੈਂ ਕਿਉਂ ਭੁਗਤਾਂ?
ਉਹਨੇ ਲੈਨਿਨ ਨਾਲ਼ ਫ਼ੋਨ ‘ਤੇ ਗੱਲ ਕੀਤੀ। ਲੈਨਿਨ ਨੇ ਕਿਹਾ – ਜੋ ਸ਼ਰਤਾਂ ਮਨਵਾਉਂਦੇ ਨੇ, ਮੰਨ ਆ। ਦਸਤਖ਼ਤ ਕਰ ਆ। ਟ੍ਰਾਟਸਕੀ ਨੇ ਕਿਹਾ – ਮੈਂ ਰੂਸੀ ਜ਼ਮੀਨ ਜਰਮਨਾ ਨੂੰ ਦੇਣ ਵਾਲੇ ਕਾਗ਼ਜ਼ ‘ਤੇ ਦਸਤਖ਼ਤ ਕਰ ਕੇ ਦਾਗ਼ ਨਹੀਂ ਲੁਆਣਾ। ਉਹ ਵਾਪਿਸ ਆ ਗਿਆ। ਉਚ ਪੱਧਰੀ ਪੁਲੀਟਿਕਲ ਮੀਟਿੰਗ ਹੋਈ। ਬਹੁਤ ਤਿਖੀਆਂ ਦਲੀਲਾਂ ਦਿੱਤੀਆਂ ਗਈਆਂ। ਲੈਨਿਨ ਦਸ ਰਿਹਾ ਸੀ – ਇਨਕਲਾਬ ਅਜੇ ਬੱਚਾ ਹੈ। ਤੁਰਨ ਜੋਗਾ ਨਹੀਂ ਹੋਇਆ। ਕਿਉਂ ਮਾਰਦੇ ਹੋ ਇਹਨੂੰ? ਟ੍ਰਾਟਸਕੀ ਨੇ ਕਿਹਾ – ਹੱਤਕ ਪੂਰਨ ਸੰਧੀ ‘ਤੇ ਦਸਤਖ਼ਤ ਕਰਨ ਨਾਲ਼ ਇਹ ਛੇਤੀ ਮਰੇਗਾ। ਲੈਨਿਨ ਨੇ ਕਿਹਾ – ਠੀਕ ਹੈ। ਮੇਰੀ ਗੱਲ ਨਹੀਂ ਮੰਨਦੇ ਤਾਂ ਮੈਂ ਪਾਰਟੀ ਅਤੇ ਸਰਕਾਰ ਦੋਵਾਂ ਤੋਂ ਅਸਤੀਫ਼ਾ ਦਿੰਦਾ ਹਾਂ। ਟ੍ਰਾਟਸਕੀ ਰੂਸ ਦੀ ਕਮਾਨ ਸੰਭਾਲ਼ੇ, ਵਿਸ਼ਵ ਯੁੱਧ ਲੜੇ ਤੇ ਵਿਜਈ ਹੋਵੇ। ਟ੍ਰਾਟਸਕੀ ਨੇ ਕਿਹਾ- ਨਹੀਂ। ਮੈਂ ਅਸਤੀਫ਼ਾ ਦਿੰਦਾ ਹਾਂ। ਤੂੰ ਜੋ ਮਰਜ਼ੀ ਕਰ। ਟ੍ਰਾਟਸਕੀ ਨੇ ਅਸਤੀਫ਼ਾ ਦੇ ਦਿੱਤਾ। ਉਹਦੀ ਥਾਂ ਨਵਾਂ ਵਿਦੇਸ਼ ਮੰਤਰੀ ਜਰਮਨਾਂ ਦੀ ਮਨਚਾਹੀ ਸੰਧੀ ਉਪਰ ਸਹੀ ਪਾ ਕੇ ਆਇਆ।
ਪਾਰਟੀ ਨੇ ਉਹਨੂੰ ਰੱਖਿਆ ਮੰਤਰਾਲਾ ਦੇ ਦਿੱਤਾ। ਕਲਮ ਸੁੱਟ ਕੇ ਉਹਨੇ ਬੰਦੂਕ ਨਹੀਂ ਚੁੱਕੀ, ਕਲਮ ਦੇ ਨਾਲ਼-ਨਾਲ਼ ਬੰਦੂਕ ਚੁੱਕੀ। ਇਨਕਲਾਬ ਵੇਲੇ ਉਸ ਕੋਲ ਪੰਜ ਹਜ਼ਾਰ ਸਿਪਾਹੀ ਸਨ। ਢਾਈ ਸਾਲਾਂ ਵਿਚ ਉਹਨੇ 50 ਲੱਖ ਹਥਿਆਰਬੰਦ ਸ਼ਕਤੀਸ਼ਾਲੀ ਫੌਜ ਖੜ੍ਹੀ ਕਰ ਦਿੱਤੀ। ਯੁੱਧ ਖੇਤਰ ਵਿਚ ਉਹ ਜਿਸ ਮੁਹਾਰਤ ਨਾਲ਼ ਕਮਾਨ ਕਰਦਾ, ਉਹਦੀ ਇਸ ਵਚਿਤਰ ਕਲਾ ਦਾ ਕਿਸੇ ਨੂੰ ਪਤਾ ਨਹੀਂ ਸੀ।
ਇਥੇ ਇਹ ਦੱਸਣਾ ਜ਼ਰੂਰੀ ਹੈ ਕਿ ਟ੍ਰਾਟਸਕੀ ਜ਼ਾਰ ਨੂੰ ਕਤਲ ਕਰਨ ਦੇ ਹੱਕ ਵਿਚ ਨਹੀਂ ਸੀ। ਉਹ ਚਾਰਲਸ ਪਹਿਲੇ ਅਤੇ ਲੂਈ ਸੋਹਲਵੇਂ ਵਾਂਙ ਜ਼ਾਰ ਉਪਰ ਮੁਕੱਦਮਾ ਚਲਾ ਕੇ ਸਜ਼ਾ ਦੇਣ ਦੇ ਹੱਕ ਵਿਚ ਸੀ। ਉਹਨੇ ਕਿਹਾ- ਮੈਂ ਜ਼ਾਰ ਦੇ ਖ਼ਿਲਾਫ਼ ਪਬਲਿਕ ਪਰਾਂਸੀਕਿਊਟਰ ਹੋਵਾਂਗਾ। ਦੁਨੀਆ ਨੂੰ ਪਤਾ ਲੱਗੇ ਉਹਨੇ ਕੀ-ਕੀ ਕੀਤਾ ਹੈ। ਸੰਸਾਰ, ਜ਼ਾਰ ਅਤੇ ਟ੍ਰਾਟਸਕੀ ਨੂੰ ਆਹਮੋ-ਸਾਹਮਣੇ ਦੇਖੇਗਾ। ਪਰ ਬੌਲਸ਼ਵਿਕ ਡਰ ਗਏ। ਉਨ੍ਹਾਂ ਸੋਚਿਆ ਕਿ ਅਜੇ ਇਨਕਲਾਬ-ਵਿਰੋਧੀ ਪਾਰਟੀਆਂ ਰੂਸ ਵਿਚ ਅਤੇ ਦੁਨੀਆ ਵਿਚ ਸਰਗਰਮ ਹਨ। ਕਾਮਯਾਬ ਇਸ ਕਰਕੇ ਨਹੀਂ ਹੋ ਰਹੀਆਂ, ਕਿਉਂਕਿ ਉਨ੍ਹਾਂ ਦਾ ਇਕ ਕੇਂਦਰੀ ਨੇਤਾ ਨਹੀਂ। ਜ਼ਾਰ ਉਪਰ ਮੁਕੱਦਮਾ ਚੱਲੇਗਾ, ਤਾਂ ਦੁਸ਼ਮਣ ਇਕ ਹੀਰੋ ਪਿੱਛੇ ਲਾਮਬੰਦ ਹੋ ਜਾਏਗਾ। ਸੋ ਉਨ੍ਹਾਂ ਨੇ ਫਟਾਫਟ ਜ਼ਾਰ ਅਤੇ ਉਸ ਦੇ ਪਰਿਵਾਰ ਨੂੰ ਕਤਲ ਕਰ ਦਿੱਤਾ।
ਇਕ ਰਜਮੈਂਟ ਦਾ ਕਮਾਂਡਰ, ਜਰਨੈਲ ਪੈਂਤਲੀਨ ਚਲਦੇ ਯੁੱਧ ਵਿਚ ਅਪਣੇ ਕੁੱਝ ਸਾਥੀਆਂ ਸਣੇ ਫ਼ਰੰਟ ਲਾਈਨ ਦਾ ਖ਼ਤਰਾ ਨਾ ਸਹੇੜਦਿਆਂ ਸੁਰੱਖਿਅਤ ਜਗ੍ਹਾ ਚਲਾ ਗਿਆ। ਟ੍ਰਾਟਸਕੀ ਨੇ ਉਹਨੂੰ ਗ੍ਰਿਫ਼ਤਾਰ ਕਰਕੇ ਕੋਰਟ ਮਾਰਸ਼ਲ ਕਰਨ ਉਪਰੰਤ ਗੋਲ਼ੀ ਮਰਵਾ ਦਿੱਤੀ। ਉਹਨੇ ਫ਼ੌਜ ਵਿਚ ਹੁਕਮ ਭੇਜਿਆ – ਜਿਹੜੇ ਕਾਇਰ ਅਫ਼ਸਰ ਤੇ ਫ਼ੌਜੀ, ਦੁਸ਼ਮਣ ਦੀ ਗੋਲ਼ੀ ਤੋਂ ਬਚਣਗੇ; ਉਨ੍ਹਾਂ ਲਈ ਮੇਰੀ ਗੋਲ਼ੀ ਤਿਆਰ ਹੋਏਗੀ।
ਬੋਲਸ਼ਵਿਕਾਂ ਨੇ ਟ੍ਰਾਟਸਕੀ ਦੀ ਇਹ ਗੱਲ ਪਸੰਦ ਨਹੀਂ ਕੀਤੀ ਕਿ ਜ਼ਾਰ ਦੀ ਸੈਨਾ ਵੇਲੇ ਦੇ ਅਫ਼ਸਰ ਇਨਕਲਾਬੀ ਫ਼ੌਜ ਦੀ ਕਮਾਨ ਕਰਨ। ਟ੍ਰਾਟਸਕੀ ਨੇ ਕਿਹਾ – ਨਵੇਂ ਰੰਗਰੂਟਾਂ ਨੂੰ ਕੌਣ ਟਰੇਨਿੰਗ ਦਏਗਾ? ਮੈਂ ਜ਼ਾਰ ਵੇਲੇ ਦੀਆਂ ਬਚੀਆਂ-ਖੁਚੀਆਂ ਚੀਜ਼ਾਂ ਨਾਲ਼ ਕੰਮ ਤਾਂ ਚਲਾਉਣਾ ਹੀ ਹੈ। ਇਨ੍ਹਾਂ ਪੁਰਾਣੇ ਅਫ਼ਸਰਾਂ ਨੇ ਟ੍ਰਾਟਸਕੀ ਨਾਲ਼ ਕਦੀ ਦਗ਼ਾ-ਫ਼ਰੇਬ ਨਹੀਂ ਕੀਤਾ। ਗੋਰਕੀ ਨੇ ਵੀ ਲੈਨਿਨ ਨੂੰ ਕਿਹਾ ਸੀ ਕਿ ਪੁਰਾਣੇ ਅਫ਼ਸਰ ਭਰਤੀ ਕਰਨੇ ਖ਼ਤਰਨਾਕ ਹੋਣਗੇ, ਤਾਂ ਲੈਨਿਨ ਨੇ ਕਿਹਾ – ਏਨੀ ਛੇਤੀ ਏਡੀ ਤਕੜੀ ਫ਼ੌਜ ਖੜ੍ਹੀ ਕਰਨੀ ਖੇਡ-ਤਮਾਸ਼ਾ ਨਹੀਂ। ਮੈਨੂੰ ਦੱਸ, ਉਸ ਤੋਂ ਵਧੀਕ ਕਾਬਲ ਹੋਰ ਕੌਣ ਹੈ, ਅੱਜ ਦੁਨੀਆ ਵਿਚ? ਇਹ ਸ਼ਬਦ ਗੋਰਕੀ ਨੇ ਖ਼ੁਦ ਲਿਖੇ ਸਨ। ਜਦੋਂ ਪਿੱਛੋਂ ਜਾ ਕੇ ਸਟਾਲਿਨ ਨੇ ਟ੍ਰਾਟਸਕੀ ਨੂੰ ਦੇਸ਼ ਨਿਕਾਲਾ ਦੇ ਦਿੱਤਾ, ਤਾਂ ਗੋਰਕੀ ਨੇ ਲੈਨਿਨ ਨਾਲ਼ ਬਿਤਾਏ ਦਿਨ ਕਿਤਾਬ ਦੀ ਨਵੀਂ ਐਡੀਸ਼ਨ ਵਿਚੋਂ ਇਹ ਸ਼ਬਦ ਕੱਢ ਦਿੱਤੇ ਸਨ।
ਉਹਨੂੰ ਫ਼ੌਜੀਆਂ ਨੇ ਦੱਸਿਆ ਕਿ ਪੋਲੈਂਡ ਦੀ ਫ਼ੌਜ ਨੇ ਰੂਸੀ ਜੰਗੀ ਕੈਦੀ ਗੋਲ਼ੀਆਂ ਨਾਲ਼ ਭੁੰਨ ਦਿੱਤੇ ਹਨ, ਅਸੀਂ ਇੱਟ ਦਾ ਜਵਾਬ ਪੱਥਰ ਨਾਲ਼ ਦੇਈਏ? ਉਹਨੇ ਤੁਰੰਤ ਸਰਕੁਲਰ ਕੱਢਿਆ – ਜਿਹੜਾ ਹੱਥ, ਜੰਗੀ ਕੈਦੀ ਅਤੇ ਨਿਹੱਥੇ ਦੁਸ਼ਮਣ ਵੱਲ ਹਥਿਆਰ ਸੇਧੇਗਾ, ਉਹ ਹੱਥ ਵੱਢ ਦਿੱਤਾ ਜਾਏਗਾ। ਖ਼ੂਨੀ ਯੁੱਧ ਵਿਚ ਵੀ ਮੈਂ ਤੁਹਾਨੂੰ ਨੇਕੀ ਤਿਆਗਣ ਦੀ ਆਗਿਆ ਨਹੀਂ ਦਿਆਂਗਾ।

ਟ੍ਰਾਟਸਕੀ, ਲੈਨਿਨ ਅਤੇ ਕਾਮੇਨੇਵ
ਸੰਨ 1706 ਦੀ ਤਲਵੰਡੀ ਸਾਬੋ ਦੀ ਇਕ ਘਟਨਾ ਯਾਦ ਆਈ ਹੈ। ਭਾਈ ਡੱਲਾ ਸਿੰਘ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਕਿਹਾ - ਮੁਗ਼ਲ ਸਾਡੀਆਂ ਔਰਤਾਂ ਤੇ ਬੱਚਿਆਂ ਤਕ ਨੂੰ ਕਤਲ ਕਰ ਰਹੇ ਹਨ। ਜਦੋਂ ਤਕ ਅਸੀਂ ਵੀ ਅਜਿਹਾ ਨਹੀਂ ਕਰਦੇ, ਉਨ੍ਹਾਂ ਹਟਣਾ ਨਹੀਂ। ਮਹਾਰਾਜ ਨੇ ਫ਼ਰਮਾਇਆ - ਅਸੀਂ ਨੀਚਾਂ ਦੀ ਰੀਸ ਨਹੀਂ ਕਰਨ ਦਿਆਂਗੇ। ਪੰਥ ਨੂੰ ਉੱਚੇ ਲੈ ਕੇ ਜਾਣਾ ਹੈ। ਭਾਈ ਡੱਲਾ ਸਿੰਘ ਨੇ ਕਿਹਾ - ਇੱਟ ਦਾ ਜਵਾਬ ਕੀ ਪੱਥਰ ਨਾਲ਼ ਨਹੀਂ ਦੇਣਾ ਚਾਹੀਦਾ ਹਜ਼ੂਰ? ਬਾਬਾ ਜੀ ਨੇ ਕਿਹਾ - ਇਕ ਰੱਬ ਸਾਡਾ ਪਿਤਾ ਹੈ ਤੇ ਅਸੀਂ ਪਰਿਵਾਰ ਦੇ ਜੀਅ ਹਾਂ, ਭਰਾ ਹਾਂ। ਭਾਈ ਨੇ ਪੁੱਛਿਆ - ਜੇ ਇਹ ਗੱਲ ਹੈ, ਤਾਂ ਫਿਰ ਮੁਗ਼ਲ ਸਾਡੇ ਉਪਰ ਜ਼ੁਲਮ ਕਿਉਂ ਕਰਦੇ ਹਨ? ਗੁਰੂ ਜੀ ਨੇ ਕਿਹਾ - ਉਨ੍ਹਾਂ ਨੂੰ ਅਜੇ ਪਤਾ ਨਹੀਂ ਕਿ ਆਪਾਂ ਇੱਕੋ ਪਿਤਾ ਦੇ ਬਾਲਕ ਹਾਂ। ਜਦੋਂ ਉਨ੍ਹਾਂ ਨੂੰ ਸਮਝ ਆਈ, ਹਟ ਜਾਣਗੇ। ਆਪਾਂ ਨੂੰ ਤਾਂ ਪਤਾ ਹੈ ਨਾ। ਇਸ ਕਰਕੇ ਆਪਾਂ ਪਾਪ ਨਹੀਂ ਕਰਾਂਗੇ।

ਟ੍ਰਾਟਸਕੀ ਬਾਰੂਦ ਦੇ ਧੂੰਏ ਦੀ ਗੰਧ ਵਿਚ ਬਾਰਡਰ ‘ਤੇ ਬੈਠਾ ਵੀ ਗੰਭੀਰ ਲੇਖ ਲਿਖਦਾ। ਯੁੱਧ ਦੌਰਾਨ ਲਿਖਿਆ ਉਹਦਾ ਲੇਖ ਹੈ ‘ਪ੍ਰੋਲੇਤੇਰੀਅਨ ਕਲਚਰ’, ਜਿਸ ਵਿਚ ਇਹ ਸਤਰਾਂ ਹਨ – ਬਹੁਤ ਸਾਰੀਆਂ ਵਿਗਿਆਨਾਂ ਦੇ ਸਹਾਰੇ ਯੁੱਧ ਲੜਿਆ ਜਾਂਦਾ ਹੈ; ਪਰ ਯੁੱਧ, ਖ਼ੁਦ ਵਿਗਿਆਨ ਨਹੀਂ ਹੈ। ਇਹ ਪ੍ਰੈਕਟੀਕਲ ਕਲਾ ਹੈ, ਖੇਡਣ ਵਰਗੀ ਕਲਾ, ਜਾਹਿਲ ਤੇ ਖ਼ੂਨੀ ਕਲਾ। ਕੋਈ ਮਾਰਕਸੀ-ਯੁਧਨੀਤੀ ਲਿਖਣੀ ਉਸੇ ਤਰ੍ਹਾਂ ਤਰਕ-ਰਹਿਤ ਕਲਪਣਾ ਹੈ, ਜਿਵੇਂ ਮਾਰਕਸਵਾਦ ਦੀ ਮਦਦ ਨਾਲ਼ ਕੋਈ ਭਵਨ ਨਿਰਮਾਣ ਕਲਾ ਪੇਸ਼ ਕਰੇ ਜਾਂ ਪਸ਼ੂਪਾਲਣ ਦਾ ਮਾਰਕਸੀ ਢੰਗ ਤਿਆਰ ਕਰੇ। ਲੜਾਈ ਲੰਮੀ ਹੋ ਜਾਏ ਤਾਂ ਦੁਸ਼ਮਣ ਤੋਂ ਬਹੁਤ ਕੁੱਝ ਸਿੱਖੀਦਾ ਹੈ।
ਲਿਖਦਾ ਹੈ- ਮਿਲ਼ਟਰੀ ਦੇ ਇਹ ਅਸੂਲ ਕਿ ਅਪਣੀ ਸਪਲਾਈ ਬਾਰੇ ਚੇਤੰਨ ਰਹੋ, ਦੁਸ਼ਮਣ ਦੇ ਕਮਜ਼ੋਰ ਹਿਸੇ ‘ਤੇ ਹੱਲਾ ਬੋਲੋ- ਇਹ ਲੱਖਾਂ ਸਾਲ ਪੁਰਾਣੇ ਹਨ। ਗਧੇ ਨੂੰ ਵੀ ਪਤਾ ਹੈ ਕਿ ਦਾਣਿਆਂ ਦੀ ਬੰਦ ਬੋਰੀ ਵਿਚ ਮੋਘਾ ਹੈ, ਤਾਂ ਮੋਘੇ ਵਿੱਚੋਂ ਦਾਣੇ ਖਾਈਦੇ ਹਨ। ਗਧਾ ਜਾਣਦਾ ਹੈ ਕਿ ਟੋਆ ਆ ਗਿਆ ਹੈ, ਤਾਂ ਪਰ੍ਹੇ ਦੀ ਹੋ ਕੇ ਲੰਘਣਾ ਹੈ। ਕਿਹੜੀ ਵਧੀਕ ਅਕਲਮੰਦੀ ਹੈ ਇਥੇ? ਯੁੱਧ ਦਾ ਕੀ ਫ਼ਲਸਫ਼ਾ ਹੁੰਦਾ ਹੈ? ਆਪ ਬਚੋ, ਦੁਸ਼ਮਣ ਨੂੰ ਮਾਰੋ। ਜਾਨਵਰ ਵੀ ਇਹ ਜਾਣਦੇ ਹਨ।
1919 ਤਕ ਹਾਲਤ ਇਹ ਹੋ ਗਈ ਸੀ ਕਿ ਨਿੱਜੀ ਖ਼ਰੀਦ ਵੇਚ ‘ਤੇ ਪਾਬੰਦੀ ਲੱਗ ਗਈ, ਕਿਸਾਨ ਉਨੀ ਕੁ ਫ਼ਸਲ ਪੈਦਾ ਕਰਦਾ, ਜਿੰਨੀ ਕੁ ਉਸ ਦੇ ਟੱਬਰ ਨੁੰ ਜਿਉਂਦਾ ਰੱਖਣ ਲਈ ਕਾਫ਼ੀ ਹੁੰਦੀ। ਵਾਧੂ ਵਸਤਾਂ ਫ਼ੌਜੀ ਦਸਤੇ ਖੋਹ ਲਿਜਾਂਦੇ। ਸ਼ਹਿਰਾਂ ਵਿਚ ਅੰਨ ਨਾ ਗਿਆ, ਤਾਂ ਸ਼ਹਿਰ ਉਜੜਨ ਲੱਗੇ। ਭੁੱਖੇ ਕਾਮੇ ਕਿਵੇਂ ਫ਼ੈਕਟਰੀਆਂ ਵਿਚ ਕੰਮ ਕਰਦੇ? ਜੋ ਮਾੜਾ-ਮੋਟਾ ਮਾਲ ਤਿਆਰ ਹੁੰਦਾ ਚੁਰਾ ਕੇ ਲੈ ਜਾਂਦੇ, ਬਦਲੇ ਵਿਚ ਰੋਟੀ ਖਾ ਲੈ’ਦੇ। ਭਿਆਨਕ ਕਾਲ ਨੇ ਵਿਆਪਕ ਤਬਾਹੀ ਕੀਤੀ। ਲੋਕਾਂ ਨੇ ਅਪਣੇ ਪਸ਼ੂ ਖਾਣੇ ਸ਼ੁਰੂ ਕਰ ਦਿਤੇ। ਥਾਂ-ਥਾਂ ਪਿੰਜਰ ਖਿੱਲਰੇ ਦਿਸਦੇ, ਹਰ ਥਾਂ ਬਦਬੂ ਹੀ ਬਦਬੂ, ਬਿਮਾਰੀ ਹੀ ਬਿਮਾਰੀ। ਲੋਕਾਂ ਨੇ ਅਪਣੇ ਡੇਢ ਕਰੋੜ ਬਲਦ ਗਾਵਾਂ, ਚਾਰ ਕਰੋੜ ਭੇਡਾਂ ਬੱਕਰੀਆਂ, ਸੱਤ ਕਰੋੜ ਸੂਰ ਤੇ ਸੱਤ ਕਰੋੜ ਘੋੜੇ ਵੱਢ ਦਿੱਤੇ ਸਨ; ਕਿਉਂਕਿ ਇਹ ਕਿਹੜਾ ਉਨ੍ਹਾਂ ਦੇ ਰਹੇ ਸਨ, ਇਹ ਤਾਂ ਸਰਕਾਰੀ ਸਨ। ਹਰੇਕ ਕਿਸਾਨ ਦੇ ਘਰ ਸ਼ਰਾਬ ਦੀ ਭੱਠੀ ਬਲ਼ਦੀ। ਰੱਜ ਕੇ ਸ਼ਰਾਬ ਪੀਂਦੇ। ਮੀਟ ਖਾਂਦੇ, ਉਲ਼ਟੀਆਂ ਕਰਦੇ। ਦਸਤ ਲਗਦੇ। ਏਨੀ ਸ਼ਰਾਬ ਤੇ ਏਨੀ ਬਿਮਾਰੀ ਕਦੀ ਨਹੀਂ ਦੇਖੀ ਗਈ ਸੀ। ਮੌਤਾਂ ਦੀ ਗਿਣਤੀ ਦਾ ਰਿਕਾਰਡ ਨਹੀਂ।
ਟ੍ਰਾਟਸਕੀ ਨੇ ਕਿਹਾ – ਕਿਸਾਨ ਨੂੰ ਮਨਚਾਹੀ ਫ਼ਸਲ ਬੀਜਣ ਦਿਉ ਤੇ ਵੇਚਣ ਦਿਉ। ਉਹਦੀ ਗੱਲ ਮੰਨੀ ਨਹੀਂ ਗਈ, ਕਿਉਂਕਿ ਇਹ ‘ਪੂੰਜੀਵਾਦੀ’ ਮਸ਼ਵਿਰਾ ਸੀ। ਅਕਲ ਦੀ ਗੱਲ ਕਰਨ ਵੇਲੇ ਉਹ ਇਕੱਲਾ ਰਹਿ ਜਾਂਦਾ ਸੀ। ਕੇਵਲ ਉਹੀ ਮਹਿਸੂਸ ਕਰਿਆ ਕਰਦਾ ਸੀ ਕਿ ਲੋਕ ਬੌਲਸ਼ਵਿਕਾਂ ਨਾਲ਼ੋਂ ਟੁੱਟ ਰਹੇ ਹਨ। ਜੇ ਲੋਕਾਂ ਨੂੰ ਬੋਲਣ ਦੀ ਤੇ ਵੋਟ ਦੀ ਆਜ਼ਾਦੀ ਦੇ ਦਿੱਤੀ, ਤਾਂ ਉਹ ਨਵੀਂ ਸਰਕਾਰ ਬਣਾ ਕੇ ਕਾਮਰੇਡਾਂ ਨੂੰ ਨੁੱਕਰ ਵਿਚ ਸੁੱਟ ਦੇਣਗੇ। ਸੋ ਡਿਕਟੇਟਰਸ਼ਿਪ ਠੀਕ ਹੈ। ਪਰ ਇਉਂ ਜਬਰ ਕਰਕੇ ਰਾਜ ਕਰਨਾ ਕੀ ਨੈਤਿਕ ਪ੍ਰਬੰਧ ਹੈ? ਕੋਈ ਉੱਤਰ ਨਾ ਮਿਲ਼ਦਾ। ਉਹ ਬਾਰ-ਬਾਰ ਕਿਹਾ ਕਰਦਾ ਸੀ ਕਿ ਆਪੋਜ਼ੀਸ਼ਨ ਪਾਰਟੀ ਹੋਣੀ ਬਹੁਤ ਜ਼ਰੂਰੀ ਹੈ। ਕੌਣ ਸੁਣਦਾ? ਉਹਦੀ ਗੱਲ ਸੁਣ ਕੇ ਬੁਖਾਰਿਨ ਨੇ ਕਿਹਾ – ਦੋ ਪਾਰਟੀ ਸਿਸਟਮ ਕਰ ਦਿੱਤਾ; ਤਾਂ ਇਕ ਪਾਰਟੀ ਰਾਜ ਕਰੇਗੀ, ਦੂਜੀ ਜੇਲ ਵਿਚ ਹੋਵੇਗੀ।
1917 ਦੇ ਅਕਤੂਬਰ ਇਨਕਲਾਬ ਤਕ ਸਟਾਲਿਨ ਦੀ ਖ਼ਾਸ ਅਹਿਮੀਅਤ ਨਹੀਂ ਸੀ। ਟ੍ਰਾਟਸਕੀ ਨੇ ਉਹਨੂੰ ਬਾਅਦ ਵਿਚ ਵੀ ਨਹੀਂ ਗੌiਲ਼ਆ। ਇਹੀ ਉਹਦੀ ਗ਼ਲਤੀ ਸੀ। ਦਰਮਿਆਨੇ ਜਿਹੇ ਦਿਮਾਗ਼ ਦਾ ਸਾਜ਼ਿਸ਼ੀ ਰੁਚੀਆਂ ਵਾਲ਼ਾ ਸਟਾਲਿਨ ਰਾਜਨੀਤੀ ਵਿਚ ਅਪਣੇ ਆਪ ਨੂੰ ਬਹੁਤ ਮਿਹਨਤ ਨਾਲ਼ ਪੱਕਾ ਕਰਦਾ ਗਿਆ ਤੇ ਜੰਗਲੀ ਘਾਹ ਵਾਂਙ ਉਹ ਏਨਾ ਫੈਲ ਗਿਆ ਕਿ ਲੈਨਿਨ ਦੀ ਮੌਤ ਬਾਅਦ ਉਹ ਉਹਦਾ ਜਾਂਨਸ਼ੀਨ ਬਣ ਗਿਆ। ਲੈਨਿਨ ਨੇ ਇਕ ਵਾਰ ਕਿਹਾ ਵੀ ਸੀ ਕਿ ਸਟਾਲਿਨ ਨੂੰ ਪਾਰਟੀ ਦਾ ਸਕੱਤਰ ਥਾਪ ਕੇ ਉਹਨੇ ਗ਼ਲਤੀ ਕੀਤੀ ਹੈ। ਇਹ ਵੀ ਬਹੁਤ ਲੋਕਾਂ ਨੇ ਕਿਹਾ ਕਿ ਬਿਮਾਰ ਲੈਨਿਨ ਨੂੰ ਸਟਾਲਿਨ ਨੇ ਜ਼ਹਿਰ ਦੇ ਕੇ ਮਾਰਿਆ ਹੈ, ਕਿਉਂਕਿ ਸਟਾਲਿਨ ਨੇ ਲਾਸ਼ ਦਾ ਪੋਸਟ ਮਾਰਟਮ ਨਹੀਂ ਹੋਣ ਦਿੱਤਾ। ਟ੍ਰਾਟਸਕੀ ਨੂੰ ਆਉਣ ਨਹੀਂ ਦਿੱਤਾ ਗਿਆ। ਗੋਰਕੀ ਦੀ ਮੌਤ ਨੂੰ ਵੀ ਸਟਾਲਿਨ ਦਾ ਕੀਤਾ ਖ਼ੂਨ ਸਮਝਿਆ ਗਿਆ।
ਰੂਸ ਵਿਚ ਅਨੇਕ ਕਬੀਲਿਆਂ, ਨਸਲਾਂ ਦੇ ਲੋਕ ਹਨ; ਜਿਨ੍ਹਾਂ ਵਿੱਚੋਂ ਮੁੱਖ ਤੁਰਕਮਾਨ, ਬੇਲਾਰੂਸੀ, ਕਿਰਗ਼ੀਜ਼, ਉਜ਼ਬੇਕ, ਆਜ਼ਰਬਾਈਜਾਨੀ, ਤਾਤਾਰ, ਆਰਮੀਨੀ, ਜਾਰਮੀਨੀ, ਤਾਜਿਕ, ਬੂੜੀਏ ਅਤੇ ਯਾਕੂਤ ਉਦੋਂ ਢਾਈ ਕਰੋੜ ਦੀ ਗਿਣਤੀ ਵਿਚ ਸਨ; ਸਭ ਅਨਪੜ੍ਹ, ਕਿਸੇ ਨੂੰ ਮਾਰਕਸਵਾਦ ਦਾ ਪਤਾ ਨਹੀਂ। ਉਨ੍ਹਾਂ ਨੂੰ ਕੇਵਲ ਇਹ ਸਮਝ ਲੱਗੀ ਕਿ ਹੁਣ ਅਮੀਰਾਂ ਦਾ ਤੇ ਜ਼ਾਰ ਦਾ ਰਾਜ ਨਹੀਂ ਰਿਹਾ; ਕਿ ਹੁਣ ਅਸੀਂ ਸੁਖੀ ਵੱਸਾਂਗੇ।
ਟ੍ਰਾਟਸਕੀ, ਲੈਨਿਨ ਅਤੇ ਕਾਮੇਨੇਵ
ਪੋਲਿਟ ਬਿਊਰੋ ਹਕੂਮਤ ਕਰਨ ਵਾਲ਼ੀ ਸੁਪਰੀਮ ਬਾਡੀ ਸੀ; ਜਿਸ ਵਿਚ ਪੰਜ ਮੈਂਬਰ ਸਨ, ਲੈਨਿਨ, ਟ੍ਰਾਟਸਕੀ, ਸਟਾਲਿਨ, ਕਾਮੇਨੇਵ ਅਤੇ ਬੁਖਾਰਿਨ। ਕਾਮੇਨੇਵ ਅਤੇ ਜ਼ੀਨੋਵੀਵ ਲੈਨਿਨ ਤੋਂ ਇੰਨੇ ਪ੍ਰਭਾਵਿਤ ਸਨ ਕਿ ਉਨ੍ਹਾਂ ਦੀ ਲਿਖਤ ਲੈਨਿਨ ਦੀ ਲਿਖਤ ਨਾਲ਼ ਇੰਨੀ ਮਿਲ਼ਦੀ ਸੀ ਕਿ ਪਛਾਣੀ ਨਹੀਂ ਜਾਂਦੀ ਸੀ। ਸਾਲ 1922 ਵਿਚ ਲੈਨਿਨ ਉਪਰ ਅਧਰੰਗ ਦਾ ਪਹਿਲਾ ਹੱਲਾ ਹੋਇਆ। ਉਹਨੇ ਪ੍ਰਤੀਤ ਕੀਤਾ ਕਿ ਦੇਸ ਕਿਸੇ ਹੋਰ ਦਿਸ਼ਾ ਵਲ ਤੁਰ ਪਿਆ ਹੈ। ਜਾਰਜੀਆ ਦੇ ਲੋਕ ਸ਼ਿਕਾਇਤਾਂ ਕਰਨ ਆ ਰਹੇ ਸਨ ਕਿ ਸਟਾਲਿਨ ਜ਼ੁਲਮ ਕਰਦਾ ਹੈ। ਲੈਨਿਨ ਨੇ ਕਿਹਾ- “ਜਾਰਜੀਅਨ ਲੋਕਾਂ ਦੀ ਵੱਖ ਕੌਮ ਹੈ, ਇਕ ਕੌਮ ਦੂਜੀ ਕੌਮ ਉਪਰ ਹਮਲਾਵਰ ਨਹੀਂ ਹੋਵੇਗੀ। ਸਟਾਲਿਨ ਗ਼ਲਤ ਚੱਲ ਰਿਹੈ।”
4 ਜਨਵਰੀ 1923 ਨੂੰ ਉਹਨੇ ਸਿਹਤ ਵਿਗੜਦੀ ਦੇਖ ਕੇ ਵਸੀਅਤ ਲਿਖੀ, ਜਿਸ ਵਿਚ ਇਹ ਵਾਕ ਮੌਜੂਦ ਹਨ – ਸਟਾਲਿਨ ਅੱਖੜ (ਰੂਡ) ਹੈ, ਲੋਕ ਉਹਨੂੰ ਬਰਦਾਸ਼ਤ ਨਹੀਂ ਕਰਦੇ। ਮੈਂ ਕਾਮਰੇਡਾਂ ਨੂੰ ਮਸ਼ਵਰਾ ਦਿੰਦਾ ਹਾਂ ਕਿ ਸਟਾਲਿਨ ਨੂੰ ਜਨਰਲ ਸਕੱਤਰ ਦੇ ਅਹੁਦੇ ਤੋਂ ਹਟਾ ਦਿੱਤਾ ਜਾਵੇ ਤੇ ਉਹਦੀ ਥਾਂ ਵਧੀਕ ਧੀਰਜਵਾਨ, ਵਫ਼ਾਦਾਰ ਨਰਮ ਬੰਦਾ ਲਾਇਆ ਜਾਵੇ। ਟ੍ਰਾਟਸਕੀ ਅਤੇ ਸਟਾਲਿਨ ਵਿਚਲੀ ਬੇਵਸਾਹੀ ਮਾਮੂਲੀ ਨਹੀਂ ਹੈ। ਇਸ ਦੇ ਦੂਰ-ਰਸ ਨਤੀਜੇ ਬੁਰੇ ਨਿਕਲਣਗੇ। ਪਤਨੀ ਤੋਂ ਬਿਨਾਂ ਹੋਰ ਕਿਸੇ ਨੂੰ ਇਸ ਵਸੀਅਤ ਦਾ ਪਤਾ ਨਹੀਂ ਸੀ। ਸਿਹਤ ਵਿਚ ਕੁਝ ਸੁਧਾਰ ਹੋਇਆ, ਤਾਂ ਉਹਨੇ ਸਟਾਲਿਨ ਨੂੰ 6 ਮਾਰਚ ਦੇ ਪੱਤਰ ਵਿਚ ਲਿਖਿਆ – ਤੇਰੇ ਨਾਲ਼ ਹੁਣ ਮੇਰਾ ਕੋਈ ਸੰਬੰਧ ਨਹੀਂ।
ਲੈਨਿਨ ਕਿਉਂਕਿ ਠੀਕ ਨਹੀਂ ਸੀ, ਉਹਦੀ ਥਾਂ ਪੰਜਵਾਂ ਬੰਦਾ ਜ਼ੀਨੋਵੀਵ ਪਾ ਲਿਆ। ਸਟਾਲਿਨ ਨੇ ਜ਼ੀਨੋਵੀਵ ਤੇ ਕਾਮੇਨੇਵ ਗੰਢ ਲਏ। ਇਹ ਤਿੰਨੇ ਇਕੱਲੇ-ਇਕੱਲੇ ਟ੍ਰਾਟਸਕੀ ਅੱਗੇ ਕੁੱਝ ਵੀ ਨਹੀਂ ਸਨ; ਪਰ ਤਿੰਨ ਇਕੱਠੇ ਹੋ ਗਏ, ਤਾਂ ਉਹਦੀ ਤਾਕਤ ਘਟ ਗਈ। ਉਨ੍ਹਾਂ ਦਾ ਫ਼ੈਸਲਾ ਸੀ ਕਿ ਲੈਨਿਨ ਤੋਂ ਬਾਅਦ ਸੱਤਾ ਟ੍ਰਾਟਸਕੀ ਪਾਸ ਨਹੀਂ ਆਉਣ ਦੇਣੀ।
21 ਜਨਵਰੀ 1924 ਨੂੰ ਲੈਨਿਨ ਦੀ ਮੌਤ ਹੋਈ। ਟ੍ਰਾਟਸਕੀ ਕਾਕੇਕਸ ਇਲਾਜ ਵਾਸਤੇ ਗਿਆ ਹੋਇਆ ਸੀ। ਸਟਾਲਿਨ ਨੇ ਲੈਨਿਨ ਨੂੰ ਸ਼ਾਹਾਨਾ ਅੰਦਾਜ਼ ਵਿਚ ਵਿਦਾ ਕਰਨ ਦਾ ਪ੍ਰੋਗਰਾਮ ਤੈਅ ਕੀਤਾ ਤੇ ਇਹ ਪ੍ਰਬੰਧ ਵੀ ਕਰ ਲਏ ਕਿ ਟ੍ਰਾਟਸਕੀ ਨੂੰ ਲਾਗੇ ਨਹੀਂ ਲੱਗਣ ਦੇਣਾ। ਲੈਨਿਨ ਦੀ ਦੇਹ ਮਸਾਲੇ ਲਾ ਕੇ ਅਜਾਇਬਘਰ ਵਿਚ ਰੱਖੀ ਗਈ, ਤਾਂ ਕਿ ਆਉਣ ਵਾਲ਼ੀਆਂ ਪੀੜ੍ਹੀਆਂ ਦੇਖ ਸਕਣ। ਲੈਨਿਨ ਦੀ ਪਤਨੀ, ਭੈਣ ਅਤੇ ਹੋਰ ਬਹੁਤ ਸਾਰੇ ਸਿਆਣੇ ਲੋਕ ਇਸ ਫ਼ੈਸਲੇ ਵਿਰੁੱਧ ਸਨ; ਪਰ ਕੁਝ ਨਾ ਕਰ ਸਕੇ। ਪ੍ਰੈੱਸ ਵਿਚ, ਪ੍ਰੋਗਰਾਮਾਂ ਵਿਚ, ਥਾਂ-ਥਾਂ ਕੈਮਰਿਆਂ ਅੱਗੇ ਸਟਾਲਿਨ ਹੁੰਦਾ; ਲੈਨਿਨ ਦੀਆਂ ਗੱਲਾਂ ਹੁੰਦੀਆਂ। ਉਹ ਲੈਨਿਨ ਦਾ ਵਾਰਿਸ ਹੋਣ ਵਿਚ ਕਾਮਯਾਬ ਹੋ ਗਿਆ। ਅਪਣੇ ਭਾਸ਼ਣਾਂ ਅਤੇ ਲਿਖਤਾਂ ਵਿਚ ਉਹ ਥਾਂ-ਥਾਂ ਲੈਨਿਨ ਦੇ ਕਥਨਾਂ ਦੇ ਹਵਾਲੇ ਦਿੰਦਾ ਤਾਂ ਕਿ ਸਾਬਤ ਹੋਏ ਕੇਵਲ ਉਹੀ ਲੈਨਿਨ ਦੇ ਫ਼ਲਸਫ਼ੇ ਦਾ ਮਾਹਿਰ ਹੈ।
ਮਈ ਵਿਚ ਮੀਟਿੰਗ ਹੋਈ, ਤਾਂ ਲੈਨਿਨ ਦੀ ਵਸੀਅਤ ਪੜ੍ਹ ਕੇ ਸੁਣਾਈ ਗਈ। ਸਟਾਲਿਨ ਸੁੰਨ ਹੋ ਗਿਆ। ਉਹਨੂੰ ਇਹਦਾ ਪਤਾ ਨਹੀਂ ਸੀ। ਲੈਨਿਨ ਦੀ ਪਤਨੀ ਚਾਹੁੰਦੀ ਸੀ ਇਹ ਪ੍ਰੈੱਸ ਨੂੰ ਦਿੱਤੀ ਜਾਵੇ। ਕਾਮੇਨੇਵ ਤੇ ਜ਼ੀਨੋਵੀਵ ਨੇ ਸਾਰਿਆਂ ਨੂੰ ਇਸ ਗੱਲ ‘ਤੇ ਸਹਿਮਤ ਕਰ ਲਿਆ ਕਿ ਜ਼ਿੰਮੇਵਾਰ ਬੰਦਿਆਂ ਨੂੰ ਇਸ ਦੀ ਜਾਣਕਾਰੀ ਦੇ ਦਿੱਤੀ ਜਾਵੇ; ਛਪਵਾਉਣੀ ਇਨਕਲਾਬ ਦੇ ਨੁਕਸਾਨ ਵਿਚ ਹੋਵੇਗੀ। ਤਿੱਕੜੀ ਮਜ਼ਬੂਤ ਹੋ ਗਈ ਤੇ ਟ੍ਰਾਟਸਕੀ ਖ਼ਾਮੋਸ਼ ਦੇਖਦਾ ਰਿਹਾ। ਉਹਨੇ ਪਾਰਟੀ ਬਹੁਮਤ ਦਾ ਸਨਮਾਨ ਕੀਤਾ।
ਮੰਦਵਾੜੇ ਵਿਚ ਲੋਕਾਂ ਦੀ ਗ਼ਰੀਬੀ ਤਰਸਯੋਗ ਸੀ। ਟ੍ਰਾਟਸਕੀ ਦਾ ਆਖਣਾ ਸੀ ਕਿ ਦੁਨੀਆ ਵਿਚ ਸਮਾਜਵਾਦ ਤਦ ਫੈਲੇਗਾ, ਜੇ ਰੂਸੀਆਂ ਦੀ ਆਮਦਨ ਯੋਰਪ ਦੇ ਲੋਕਾਂ ਤੋਂ ਵਧੀਕ ਹੋਈ। ਜੇ ਯੋਰਪ ਦੇ ਲੋਕਾਂ ਤੋਂ ਘੱਟ ਰਹਿ ਗਈ, ਤਾਂ ਰੂਸ ਵਿਚ ਵੀ ਸਮਾਜਵਾਦ ਦਾ ਭੋਗ ਪੈ ਜਾਏਗਾ। ਸਟਾਲਿਨ ਮਾਰਕਸੀ ਫ਼ਲਸਫ਼ੇ ਬਾਬਤ ਕੁਝ ਕਹਿਣ ਲੱਗਾ, ਤਾਂ ਸਮਾਜਵਾਦੀ ਬਜ਼ੁਰਗ ਵਿਦਵਾਨ ਰਜ਼ਾਨੋਵ ਕੜਕਿਆ – ਚੁੱਪ ਕਰ ਢੱਗਿਆ, ਅਪਣਾ ਮਜ਼ਾਕ ਨਾ ਉੜਾ। ਇਹ ਤੇਰੇ ਵਸ ਦੀਆਂ ਗੱਲਾਂ ਨਹੀਂ।
ਜ਼ੀਨੋਵੀਵ ਅਤੇ ਕਾਮੇਨੇਵ ਨੂੰ ਪਤਾ ਲੱਗ ਗਿਆ ਕਿ ਸਟਾਲਿਨ ਟ੍ਰਾਟਸਕੀ ਨੂੰ ਕਤਲ ਕਰਵਾਉਣਾ ਚਾਹੁੰਦਾ ਹੈ। ਉਹ ਟ੍ਰਾਟਸਕੀ ਵਿਰੁੱਧ ਸਨ, ਪਰ ਉਹਨੂੰ ਜਾਨੋ ਮਾਰਨ ਦੇ ਹੱਕ ਵਿਚ ਨਹੀਂ ਸਨ। ਉਨ੍ਹਾਂ ਨੇ ਇਸ ਗੱਲ ਦਾ ਜ਼ਿਕਰ ਕੁਝ ਕਾਮਰੇਡਾਂ ਕੋਲ਼ ਕਰ ਦਿੱਤਾ। ਸਟਾਲਿਨ ਨੇ ਦੋਵੇਂ ਬੰਦੇ ਕਤਲ ਕਰਵਾ ਦਿੱਤੇ ਤੇ ਟ੍ਰਾਟਸਕੀ ਨੂੰ ਪਾਰਟੀ ਵਿੱਚੋਂ 18 ਜਨਵਰੀ 1929 ਨੂੰ ਬੇਦਖ਼ਲ ਕਰਕੇ ਜਲਾਵਤਨ ਕਰ ਦਿੱਤਾ। ਜਲਾਵਤਨੀ ਦੇ ਦਿਨੀਂ ਟ੍ਰਾਟਸਕੀ ਨੂੰ ਪਤਾ ਲੱਗਦਾ ਰਿਹਾ ਕਿ ਪਿੱਛੋਂ ਬੁਖਾਰਿਨ ਕਤਲ ਨੂੰ ਕੀਤਾ, ਹੌਲ਼ੀ-ਹੌਲ਼ੀ ਲੈਨਿਨ ਦੇ ਸਾਰੇ ਦੇ ਸਾਰੇ ਇਨਕਲਾਬ ਵੇਲੇ ਦੇ ਸਹਿਯੋਗੀ ਮਾਰ ਦਿੱਤੇ, ਮਾਰੇ ਵੀ ਜ਼ਲੀਲ ਕਰ ਕਰਕੇ। ਲਿਖਤੀ ਇਕਬਾਲੀਆ ਬਿਆਨ ਲੈ ਕੇ, ਮਾਫ਼ੀਆਂ ਮੰਗਵਾ ਕੇ।
ਨਵੰਬਰ 1932 ਵਿਚ ਪਤਨੀ ਨਾਦੀਆ ਸਮੇਤ ਸਟਾਲਿਨ ਅਪਣੇ ਦੋਸਤ ਵੋਰੋਸ਼ਿਲੋਵ ਦੇ ਘਰ ਗਿਆ। ਪੋਲਿਟ ਬਿਊਰੋ ਦੇ ਕੁੱਝ ਹੋਰ ਮੈਂਬਰ ਵੀ ਸਨ। ਭਵਿਖ ਦੀ ਨੀਤੀ ਘੜੀ ਜਾਣ ਲੱਗੀ। ਨਾਦੀਆ ਨੇ ਕਿਹਾ – ਤੁਹਾਡੀ ਨੀਤੀ ਕਾਰਣ ਲੱਖਾਂ ਬੰਦੇ ਉਜੜ ਗਏ; ਜਿਸ ਕਰਕੇ ਕਾਲ਼ ਪੈ ਗਿਆ ਤੇ ਮਰ ਗਏ। ਹੁਣ ਸਰਕਾਰੀ ਆਤੰਕਵਾਦ ਤੋਂ ਲੋਕ ਦਹਿਸ਼ਤਜ਼ਦਾ ਹਨ। ਸਦਾਚਾਰ ਕਿਤੇ ਨਹੀਂ ਰਿਹਾ। ਸਰਕਾਰ, ਵਫ਼ਾਦਾਰ ਬੰਦਿਆਂ ਨੂੰ ਮਾਰੀ ਜਾਂਦੀ ਹੈ।
ਸਟਾਲਿਨ ਅਪਰਾਧੀ ਵਾਂਙ ਪਹਿਲਾਂ ਹੀ ਤਣਾਉ ਵਿਚ ਸੀ, ਨਾਦੀਆ ਨੂੰ ਸਭ ਦੇ ਸਾਹਮਣੀ ਗੰਦੀਆਂ ਗਾਲ਼੍ਹਾਂ ਦਿੱਤੀਆਂ। ਉਹ ਉਠੀ, ਘਰ ਪੁੱਜ ਗਈ ਤੇ ਸਟਾਲਿਨ ਦੇ ਪਰਤਣ ਤੋਂ ਪਹਿਲਾਂ ਆਤਮਹੱਤਿਆ ਕਰ ਲਈ। ਇਹ ਕਿਸੇ ਫ਼ੈਕਟਰੀ ਮਜ਼ਦੂਰ ਦੀ ਸਾਊ ਕੁੜੀ ਸੀ ਤੇ ਕਦੀ ਲੈਨਿਨ ਦੀ ਸਕੱਤਰ ਰਹੀ ਸੀ। ਸਟਾਲਿਨ ਉਥੇ ਆਉਂਦਾ ਜਾਂਦਾ ਹੁੰਦਾ, ਤਾਂ ਇਨ੍ਹਾਂ ਦਾ ਇਸ਼ਕ ਹੋਇਆ। ਜਦੋਂ ਸਟਾਲਿਨ ਲਹਿਰ ਵਿਚ ਸਰਗਰਮ ਸੀ, ਉਹ ਇੰਜਨੀਅਰਿੰਗ ਕਾਲਜ ਵਿਚ ਪੜ੍ਹਨ ਜਾਇਆ ਕਰਦੀ ਸੀ।
ਪੂਰਾ ਮਾਹੌਲ ਸਹਿਮ ਗਿਆ। ਵਿਦਵਾਨ ‘ਸਟਾਲਿਨਵਾਦੀ ਫ਼ਲਸਫ਼ੇ’ ਬਾਰੇ ਕਿਤਾਬਾਂ ਲਿਖਣ ਲੱਗੇ ਤੇ ਸੈਮੀਨਾਰ ਹੋਣ ਲੱਗੇ, ਜਿਥੇ ਸਟਾਲਿਨ ਦੀ ਹਰ ਨੀਤੀ ਅਤੇ ਫ਼ੈਸਲੇ ਨੂੰ ਸ਼੍ਰੋਮਣੀ ਸਵੀਕਾਰ ਕੀਤਾ ਜਾਂਦਾ। ਉਹ ਦੇਸ ਜਿਸ ਨੇ ਟਾਲਸਟਾਇ, ਦਾਸਤੋਵਸਕੀ, ਚੈਖੋਵ, ਪਲੈਖਾਨੋਵ, ਲੈਨਿਨ ਤੇ ਟ੍ਰਾਟਸਕੀ ਵਰਗੇ ਮਾਣਯੋਗ ਚਿੰਤਕ ਦਿੱਤੇ; ਸਟਾਲਿਨ ਦੇ ਰਾਜ ਵਿਚ ਨਾਮ ਲੈਣ ਜੋਗਾ ਇਕ ਸਾਹਿਤਕਾਰ ਨਹੀਂ ਦਿਸਦਾ। ਗੋਰਕੀ ਜਿਹੜਾ ਲੈਨਿਨ ਨੂੰ ਝਿੜਕ ਦਿਆ ਕਰਦਾ ਸੀ, ਉਸ ਨਾਲ਼ ਲੜ ਪੈ’ਦਾ ਸੀ, ਖਾਮੋਸ਼ ਹੋ ਗਿਆ। 1936 ਵਿਚ ਉਹਦੀ ਮੌਤ ਹੋਈ। ਯੈਸੇਨਿਨ ਅਤੇ ਮਾਇਕੋਵਸਕੀ ਨਵੀਂ-ਨਕੋਰ ਮੌਲਿਕ ਸੰਵੇਦਨਾ ਦੇ ਸ਼ਾਇਰ ਸਨ। ਦੋਵਾਂ ਨੇ ਆਤਮਹੱਤਿਆ ਕੀਤੀ। ਸਿਆਣੇ ਖ਼ੁਦ ਚੁਪ ਕਰ ਗਏ; ਮੂਰਖਾਂ ਨੂੰ ਚੁੱਪ ਕਰਵਾ ਦਿੱਤਾ ਗਿਆ। ਸਟਾਲਿਨ ਹੱਥੋਂ ਬੇਸ਼ੁਮਾਰ ਕਤਲ ਹੁੰਦੇ ਦੇਖ ਕੇ ਟ੍ਰਾਟਸਕੀ ਨੇ ਕਿਹਾ ਸੀ – ਇਹ ਬੰਦਾ ਨਮਕੀਨ ਪਾਣੀ ਪੀ-ਪੀ ਕੇ ਪਿਆਸ ਬੁਝਾਉਣੀ ਚਾਹੁੰਦਾ ਹੈ।
ਜਲਾਵਤਨੀ
10 ਫਰਵਰੀ 1929 ਨੂੰ ਟ੍ਰਾਟਸਕੀ, ਉਹਦੀ ਪਤਨੀ ਤੇ ਵੱਡੇ ਬੇਟੇ ਨੂੰ ਓਡੇਸਾ ਬੰਦਰਗਾਹ ਲਿਜਾ ਕੇ ਸਮੁੰਦਰੀ ਜਹਾਜ਼ ਉਪਰ ਚਾੜ੍ਹ ਦਿੱਤਾ। ਇਹ ਜਹਾਜ਼ ਕੇਵਲ ਟ੍ਰਾਟਸਕੀ ਦੀ ਜਲਾਵਤਨੀ ਲਈ ਸੀ। ਹੋਰ ਨਾ ਕੋਈ ਮੁਸਾਫ਼ਿਰ ਸੀ ਨਾ ਸਾਮਾਨ। ਸਿਰਫ਼ ਖ਼ੁਫ਼ੀਆ ਪੁਲਸ।

ਟ੍ਰਾਟਸਕੀ 1897

ਤੁਰਕੀ ਦੇ ਕਿਨਾਰੇ ਉਤਾਰਦਿਆਂ ਖ਼ੁਫ਼ੀਆ ਕਮਾਂਡੋ ਅਫ਼ਸਰ ਨੇ ਉਹਨੂੰ 1500 ਡਾਲਰ ਫੜਾਏ। ਉਹ ਲੈਣਾ ਨਹੀਂ ਚਾਹੁੰਦਾ ਸੀ, ਪਰ ਹੋਰ ਉਸ ਕੋਲ਼ ਧੇਲਾ ਵੀ ਨਹੀਂ ਸੀ। ਸੋਵੀਅਤ ਦੇਸ ਦੀ ਸਰਕਾਰ ਪਾਸੋਂ ਪ੍ਰਾਪਤ ਇਹ ਉਸ ਦੀ ਆਖ਼ਰੀ ਤਨਖ਼ਾਹ ਸੀ ਰੂਸ ਦੇ ਪਿਤਾਮਾ ਦਾ ਜੇਬ ਖ਼ਰਚ। ਕਮਾਲ ਪਾਸ਼ੇ ਨੇ ਉਹਨੂੰ ਸ਼ਰਣ ਦਿੱਤੀ। ਰੂਸ ਦੇ ਸਰਕਾਰੀ ਅਖ਼ਬਾਰਾਂ ਨੇ ਉਸ ਵਿਰੁੱਧ ਭੰਡੀ ਪ੍ਰਚਾਰ ਦਾ ਮੋਰਚਾ ਖੋਲ੍ਹ ਦਿੱਤਾ ਕਿ ਉਹ ਪੱਛਮ ਕੋਲ਼ ਵਿਕ ਗਿਆ; ਕਿ ਪੂੰਜੀਪਤੀਆਂ ਨੇ ਧਨ ਦਾ ਮੀਂਹ ਵਰ੍ਹਾ ਦਿੱਤਾ। ਇਕ ਕਾਰਟੂਨ ਵਿਚ ਉਹ 25 ਹਜ਼ਾਰ ਡਾਲਰ ਦੀ ਥੈਲੀ ਫੜਦਾ ਦਿਖਾਇਆ। ਉਹਨੇ ਸ੍ਵੈਜੀਵਨੀ ਲਿਖਣੀ ਸ਼ੁਰੂ ਕੀਤੀ। ਉਹਨੇ ਲਿਖਿਆ- ਮੇਰੇ ਨਾਲ਼ ਨਾ ਧੋਖਾ ਹੋਇਆ ਹੈ, ਨਾ ਧੱਕਾ। ਜੇ ਧੋਖਾ ਹੋ ਜਾਂਦਾ ਮੇਰੇ ਨਾਲ਼, ਤਾਂ ਵੀ ਕੀ ਸੀ? ਇਕ ਬੰਦਾ ਕੀ ਹੁੰਦਾ ਹੈ ਆਖ਼ਿਰ? ਮੇਰੇ ਪਿਆਰੇ ਦੇਸ ਰੂਸ ਨਾਲ਼ ਧੋਖਾ ਹੋ ਗਿਆ ਹੈ।
ਉਹਨੇ ਯੋਰਪ ਦੇ ਸਾਰੇ ਦੇਸਾਂ ਨੂੰ ਸਿਆਸੀ ਪਨਾਹ ਦੇਣ ਲਈ ਪੱਤਰ ਲਿਖੇ, ਪਰ ਕਿਸੇ ਨੇ ਹਾਂ ਨਾ ਕੀਤੀ। ਬਰਤਾਨੀਆ ਵਿਚ ਸ਼ਰਨ ਦੇਣ ਲਈ ਐੱਚ.ਜੀ. ਵੈਲਜ਼ ਅਤੇ ਬਰਨਾਰਡ ਸ਼ਾੱਅ ਨੇ ਬੜੇ ਯਤਨ ਕੀਤੇ, ਪਰ ਅਸਫਲ। ਸ਼ਾੱਅ ਨੇ ਲਿਖਿਆ – ਲੇਬਰ ਅਤੇ ਸੋਸ਼ਲਿਸਟ ਪਾਰਟੀ ਦੀ ਸਰਕਾਰ ਵਿਸ਼ਵ-ਪ੍ਰਸਿਧ ਕਮਿਉਨਿਸਟ ਇਨਕਲਾਬੀ ਨੂੰ ਥਾਂ ਨਾ ਦਏ, ਲਾਹਨਤ ਹੈ। ਬਰਤਾਨੀਆ ਨਾਲ਼ੋਂ ਤਾਂ ਤੁਰਕ ਚੰਗੇ ਨਿਕਲ਼ੇ। ਤਾਂਸਕੀ ਲਿਖਦਾ ਹੈ – ਇਸ ਗਲੋਬ ਉਪਰ ਮੇਰੇ ਲਈ ਵੀਜ਼ਾ ਨਹੀਂ ਹੈ। ਕਬਰ ਲਈ ਵੀ ਨਹੀਂ।
ਚਰਚਲ ਨੇ ਉਸ ਬਾਰੇ ਲਿਖਿਆ – ਕਾਲ਼ੇ ਸਾਗਰ ਦੇ ਕਿਨਾਰੇ ਵੱਡਾ ਖੱਬੀਖ਼ਾਨ ਕਾਮਰੇਡ ਲੀਰਾਂ ਦਾ ਢੇਰ ਬਣਿਆ ਬੈਠਾ ਦਿਨ-ਕਟੀ ਕਰ ਰਿਹਾ ਹੈ। ਸ਼ੈਤਾਨ ਨੇ ਬਦੀ ਦੀ ਖੱਲ ਓੜ੍ਹ ਰੱਖੀ ਹੈ। ਇਸ ਜੰਗਲ਼ੀ ਮੁਰਗ਼ੇ ਦੇ ਭਾਂਵੇ ਖੰਭ ਕੁਤਰੋ, ਚਾਹੇ ਪੰਜੇ ਵੱਢ ਦਿਉ, ਸਾਡੇ ਦੇਸ ਵਿਚ ਇਹ ਭੋਰਾ ਸਭਿਅਕ ਨਹੀਂ ਬਣੇਗਾ।
ਉਹ ਜਾਣਦਾ ਸੀ – ਦੁਨੀਆ ਮੈਨੂੰ ਬੰਦਾ ਨਹੀਂ, ਇਨਕਲਾਬ ਦਾ ਜਵਾਲ਼ਾਮੁਖੀ ਸਮਝਦੀ ਹੈ; ਜਿਥੇ ਪੈਰ ਧਰੇਗਾ, ਸਰਕਾਰਾਂ ਬਦਲ ਜਾਣਗੀਆਂ। ਇਥੇ ਤੁਰਕੀ ਦੀ ਜਲਾਵਤਨੀ ਦੌਰਾਨ ਉਹਨੇ ਭਾਰੀ ਸਾਹਿਤ ਰਚਨਾ ਕੀਤੀ, ਜੋ ਯੋਰਪ ਦੀਆਂ ਸਭ ਜ਼ਬਾਨਾਂ ਵਿਚ ਛਪੀ। ਮਾਈਕਲ ਗੋਲਡ ਨੇ ਲਿਖਿਆ – ਟ੍ਰਾਟਸਕੀ ਦਾ ਰੁਤਬਾ ਸੰਸਾਰ ਸਾਹਿਤ ਵਿਚ ਉਹੋ ਹੈ, ਜੋ ਚਿਤਰ ਕਲਾ ਵਿਚ ਲਿਉਨਾਰਦੋ ਦ’ ਵਿੰਚੀ ਦਾ।
ਰੂਸ ਦੇ ਲੋਕ ਘੋਰ ਗ਼ਰੀਬੀ ਵਲ ਵਧ ਰਹੇ ਸਨ। ਬੁਖਾਰਿਨ ਨੇ ਕਿਹਾ – ਬਰਾਬਰੀ ਹੋ ਗਈ ਹੈ। ਸਾਰੇ ਅਮੀਰ ਮਾਰ ਦਿੱਤੇ। ਗਰੀਬ ਰਹਿ ਗਏ ਬਾਕੀ। ਸਟਾਲਿਨ ਅਤੇ ਬੁਖਾਰਿਨ ਵਿਚ ਦੂਰੀ ਵਧ ਰਹੀ ਸੀ। ਰੋਟੀ ਮੰਗਦੇ ਲੋਕਾਂ ਨੂੰ ਗੋਲ਼ੀਆਂ ਮਾਰ ਦਿੱਤੀਆਂ ਜਾਂਦੀਆਂ। ਸਟਾਲਿਨ ਅਪਣੇ ਵੱਲੋਂ ਵਧੀਆ, ਪਰ ਮੂਰਖਤਾ-ਭਰੀ ਕੋਈ ਨਵੀਂ ਪਾਲਿਸੀ ਲਿਆਉਂਦਾ, ਤਾਂ ਪੋਲਿਟ ਬਿਊਰੋ ਦੇ ਮੈਂਬਰ ਆਪਸ ਵਿਚ ਹੌਲ਼ੀ-ਹੌਲ਼ੀ ਗੱਲਾਂ ਕਰਦੇ ਜੇ ਟ੍ਰਾਟਸਕੀ ਇਥੇ ਹੁੰਦਾ, ਉਹ ਭਲਾ ਹੁਣ ਕੀ ਕਹਿੰਦਾ?
ਖ਼ੁਫ਼ੀਆ ਕਮਾਂਡੋਜ਼ ਦਾ ਅਫ਼ਸਰ ਵਿਦੇਸ਼ੀ ਦੌਰੇ ਤੋਂ ਵਾਪਸੀ ਵੇਲੇ ਪੁਰਾਣੇ ਬੇਲੀ ਟ੍ਰਾਟਸਕੀ ਦਾ ਹਾਲ-ਚਾਲ ਪੁੱਛਣ ਉਹਦੀ ਰਿਹਾਇਸ਼ ‘ਤੇ ਗਿਆ। ਹਮਦਰਦੀ ਜਤਾ ਕੇ ਵਾਪਸ ਰੂਸ ਵਿਚ ਆਇਆ, ਤਾਂ ਉਹਨੂੰ ਗੋਲ਼ੀ ਮਾਰ ਦਿੱਤੀ ਗਈ। ਖ਼ੁਫ਼ੀਆ ਅਫ਼ਸਰ ਰਬੀਨੋਵਿਚ ਨੇ ਕੁਝ ਦੋਸਤਾਂ ਪਾਸ ਇਸ ਗੱਲ ਦਾ ਦੁਖ ਪ੍ਰਗਟਾਇਆ ਕਿ ਸਜ਼ਾ ਦੇਣ ਤੋਂ ਪਹਿਲਾਂ ਮੁਕੱਦਮਾ ਤਾਂ ਚਲਾਇਆ ਜਾਵੇ। ਗੋਲ਼ੀਆਂ ਨਾਲ਼ ਛਲਣੀ ਹੋਈ ਰਬੀਨੋਵਿਚ ਦੀ ਲਾਸ਼ ਮਿਲ਼ੀ।
ਇਕ ਮੀਟਿੰਗ ਖ਼ਤਮ ਹੋਣ ਪਿਛੋਂ ਗ਼ੈਰ-ਰਸਮੀ ਗੱਲ ਕਰਦਿਆਂ ਚਰਚਲ ਨੇ ਸਟਾਲਿਨ ਨੂੰ ਪੁੱਛਿਆ- ਜਦੋਂ ਕਿਸਾਨਾਂ ਤੋਂ ਜ਼ਮੀਨ ਖੋਹੀ, ਉਦੋਂ ਕੀ ਹੋਇਆ ਸੀ? ਸਟਾਲਿਨ ਨੇ ਕਿਹਾ – ਸੰਸਾਰ ਜੰਗ ਤਾਂ ਕੁਝ ਵੀ ਨਹੀਂ, ਉਹਦੇ ਮੁਕਾਬਲੇ। ਢਾਈ ਕਰੋੜ ਕਿਸਾਨਾਂ ਪਾਸੋਂ ਜਦੋਂ ਉਨ੍ਹਾਂ ਦੇ ਖੇਤ ਖੋਹੇ ਗਏ, ਉਹ ਦ੍ਰਿਸ਼ ਹੌਲਨਾਕ ਹਨ। ਇਹਦਾ ਵਧੀਆ ਬਿਰਤਾਂਤ ਸ਼ੋਲੋਖੋਵ ਦੇ ਨਾਵਲ ਨਵੀਂ ਧਰਤੀ ਨਵੇਂ ਸਿਆੜ ਵਿਚ ਦਰਜ ਹੈ।
ਟ੍ਰਾਟਸਕੀ ਤੋਂ ਬਾਅਦ ਬੁਖਾਰਿਨ ਵੱਡਾ ਬੌਲਸ਼ਵਿਕ ਨੇਤਾ ਬਚਿਆ ਸੀ, ਜੋ ਲਗਾਤਾਰ ਸਟਾਲਿਨ ਨੂੰ ਸਹੀ ਰਸਤੇ ਆਉਣ ਲਈ ਕਹਿੰਦਾ। ਉਹਨੂੰ ਕਤਲ ਕਰ ਦਿੱਤਾ ਗਿਆ। ਇਸ ਪਿੱਛੋਂ ਮਹਾਨ ਸਫ਼ਾਇਆ ਮੁਹਿੰਮ ਦੌਰਾਨ ਲੱਖਾਂ ਰੂਸੀ ਮਾਰੇ ਗਏ ਤੇ ਲੱਖਾਂ ਸਾਇਬੇਰੀਆ ਦੀ ਬਰਫ਼ ਵਿਚ ਗਲ਼ੇ। ਜਿਨ੍ਹਾਂ ਦਾ ਟ੍ਰਾਟਸਕੀ ਨਾਲ਼ ਕਦੇ ਸੰਪਰਕ ਨਹੀਂ ਰਿਹਾ ਸੀ, ਫ਼ਾਇਰਿੰਗ ਸਕੁਐਡ ਅੱਗੇ ਛਾਤੀਆਂ ਤਾਣ ਕੇ ਉਹ “ਟ੍ਰਾਟਸਕੀ ਜ਼ਿੰਦਾਬਾਅਦ” ਨਾਅਰਾ ਲਾਉਂਦੇ। ਸਟਾਲਿਨ ਦੀ ਗ਼ੁਲਾਮੀ ਕਰਦੇ ਕਾਮਰੇਡ ਦੁਖੀ ਹੋ ਕੇ ਕਿਹਾ ਕਰਦੇ – ਸਾਡੇ ਕੋਲੋਂ ਟ੍ਰਾਟਸਕੀ ਚੰਗਾ ਰਿਹਾ। ਸੱਚੀ ਗੱਲ ਦੁਨੀਆ ਤਕ ਪੁਚਾ ਤਾਂ ਰਿਹੈ।
1930 ਵਿਚ ਜਰਮਨੀ ਦੀ ਹਾਲਤ ਦੇਖ ਕੇ ਟ੍ਰਾਟਸਕੀ ਨੇ ਭਵਿੱਖਬਾਣੀ ਕੀਤੀ: “ਹਿਟਲਰ ਤਾਕਤ ਵਿਚ ਆਏਗਾ। ਯਹੂਦੀਆਂ ਅਤੇ ਕਾਮਰੇਡਾਂ ਦੇ ਸਿਰ ਜ਼ਮੀਨ ਉਤੇ ਬੁੜ੍ਹਕਾਏ ਜਾਣਗੇ। ਅਜੇ ਲੜਾਈ ਛਿੜੀ ਨਹੀਂ; ਜਰਮਨ ਕਾਮਰੇਡੋ, ਮੈਂ ਤੁਹਾਡੀ ਹਾਰ ਦਾ ਏਲਾਨ ਕਰ ਰਿਹਾ ਹਾਂ।”
ਉਹਦੀ ਧੀ ਜ਼ੀਨਾ ਅਤੇ ਛੋਟਾ ਵਿਗਿਆਨੀ ਬੇਟਾ ਸਰਜੀ ਰੂਸ ਵਿਚ ਰਹੇ। ਜ਼ੀਨਾ ਦੇ ਦੋ ਬੱਚੇ ਮੁੰਡਾ ਤੇ ਕੁੜੀ ਸਨ। ਜ਼ੀਨਾ ਬਿਮਾਰ ਰਹਿਣ ਲੱਗੀ, ਤਾਂ ਸਟਾਲਿਨ ਨੂੰ ਖ਼ਤਾਂ ਰਾਹੀ’ ਬੇਨਤੀਆਂ ਕਰਨ ਲੱਗੀ ਕਿ ਮੈਂ ਬਿਮਾਰ ਹਾਂ, ਪਾਪਾ ਨੂੰ ਮਿਲ਼ਣਾ ਚਾਹੁੰਦੀ ਹਾਂ। ਪਹਿਲਾਂ ਉਹਨੂੰ ਆਗਿਆ ਨਾ ਮਿਲ਼ੀ, ਪਰ ਡਾਕਟਰਾਂ ਨੇ ਜਦੋਂ ਸਾਫ਼ ਦੱਸਿਆ ਕਿ ਇਹ ਮਾਨਸਿਕ ਤੌਰ ‘ਤੇ ਏਨੀ ਟੁੱਟ ਚੁੱਕੀ ਹੈ ਕਿ ਕਦੀ ਵੀ ਮਰ ਸਕਦੀ ਹੈ, ਤਾਂ ਸਟਾਲਿਨ ਨੇ ਜਾਣ ਦੀ ਆਗਿਆ ਇਸ ਸ਼ਰਤ ‘ਤੇ ਦਿੱਤੀ ਕਿ ਦੋਹਾਂ ਵਿੱਚੋਂ ਇਕ ਬੱਚਾ ਮੇਰੇ ਕੋਲ਼ ਬਤੌਰ ਜ਼ਮਾਨਤ ਰੱਖ ਕੇ ਜਾ। ਉਹ ਧੀ ਨੂੰ ਛਡ ਕੇ ਬੇਟੇ ਸਣੇ ਪਿਤਾ ਕੋਲ ਪੁੱਜ ਗਈ। ਪੁੱਤਰ ਸਵਾ ਸਤ ਸਾਲ ਦਾ ਸੀ। ਪਿਉ ਤੇ ਧੀ ਦੇਰ ਬਾਅਦ ਮਿਲ਼ੇ। ਪੁਰਾਣੀਆਂ ਗੱਲਾਂ ਕਰਦੇ। ਇਹ ਉਹੀ ਕੁੜੀ ਸੀ, ਜਿਹਨੂੰ ਸੁੱਤੀ ਪਿਆਂ ਨਿੱਕੀ ਜਿਹੀ ਨੂੰ ਉਹ ਸਾਇਬੇਰੀਆ ਵਿਚ ਛੱਡ ਕੇ ਖਿਸਕ ਆਇਆ ਸੀ। ਉਹ ਰੂਸ ਬਾਰੇ ਗੱਲਾਂ ਕਰਨ ਲਗਦੀ, ਤਾਂ ਪਿਤਾ ਚੁੱਪ ਕਰ ਜਾਂਦਾ। ਉਹ ਕੋਈ ਸਿਆਸੀ ਗੱਲ ਨਹੀਂ ਕਰਦਾ ਸੀ, ਤਾਂ ਕਿ ਵਾਪਸ ਜਾ ਕੇ ਧੀ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆ ਜਾਵੇ। ਉਹ ਲੜ ਪੈਂਦੀ ਕਿ ਪਾਪਾ ਗੱਲਾਂ ਕਿਉਂ ਨਹੀਂ ਕਰਦਾ? ਫਿਰ ਤੋਂ ਬਿਮਾਰ ਹੋ ਗਈ। ਇਕ ਦਿਨ ਕਹਿਣ ਲੱਗੀ – ਮੈਂ ਜਾਣ ਗਈ ਹਾਂ ਪਾਪਾ। ਬੱਚਿਆਂ ਦੀ ਕਿਸੇ ਨੂੰ ਲੋੜ ਥੋਹੜਾ ਹੁੰਦੀ ਹੈ। ਬੱਚੇ ਤਾਂ ਪਿਛਲਿਆਂ ਪਾਪਾਂ ਦੀ ਸਜ਼ਾ ਭੁਗਤਣ ਲਈ ਖ਼ੁਦ ਪੈਦਾ ਹੋ ਜਾਂਦੇ ਹਨ। ਟ੍ਰਾਟਸਕੀ ਨੇ ਕਿਹਾ – ਤੈਨੂੰ ਮੈਂ ਧੀਏ ਇਲਾਜ ਲਈ ਜਰਮਨ ਭੇਜਦਾ ਹਾਂ। ਉਥੇ ਮੇਰੇ ਦੋਸਤ ਤੇਰੇ ਇਲਾਜ ਦਾ ਖ਼ਰਚਾ ਕਰਨਗੇ। ਜ਼ੀਨਾ ਜਾਣ ਲਈ ਤਿਆਰ ਨਹੀਂ ਸੀ। ਉਹਨੂੰ ਜ਼ਬਰਦਸਤੀ ਜਦੋਂ ਸਮੁੰਦਰੀ ਜਹਾਜ਼ੇ ਚੜ੍ਹਾਇਆ ਗਿਆ, ਤਾਂ ਉਹ ਰੋ-ਰੋ ਕਹਿਣ ਲੱਗੀ ਓਹੋ ਘਾਹ-ਫੂਸ ਮਿਲਿਆ। ਮੈਂ ਅਪਣੇ ਪਾਪਾ ਨੂੰ ਮਿਲ਼ਣ ਆਈ ਸੀ। ਕਿਥੇ ਹੈ ਪਾਪਾ ਮੇਰਾ? ਇਹ ਤਾਂ ਉਹੋ ਪੁਤਲਾ ਹੈ, ਜਿਹੜਾ ਮੈਂ ਨਿੱਕੀ ਹੁੰਦੀ ਨੇ ਦੇਖਿਆ ਸੀ। ਘਾਹ-ਫੂਸ।

ਜਰਮਨੀ ਵਿਚ ਜਾ ਕੇ ਕੁਝ ਸਮੇਂ ਬਾਅਦ ਜ਼ੀਨਾ ਨੇ ਆਤਮਹੱਤਿਆ ਕਰ ਲਈ।
ਦੇਰ ਤਕ ਉਸ ਦੇ ਦੁਆਲ਼ੇ ਜ਼ੀਨਾ ਘੁੰਮਦੀ ਰਹੀ। ਟ੍ਰਾਟਸਕੀ ਬੁੜਬੁੜਾਉਂਦਾ – ਉਹਦੀਆਂ ਅੱਖਾਂ ਮੇਰੀਆਂ ਅੱਖਾਂ ਸਨ। ਮੇਰਾ ਨੱਕ, ਮੇਰੇ ਬੁੱਲ੍ਹ, ਮੇਰਾ ਰੰਗ। ਮੈਂ ਉਸ ਵਿਚ ਬਹੁਤ ਸਾਰਾ ਮੌਜੂਦ ਸਾਂ। ਇਸੇ ਤਰ੍ਹਾਂ ਕੀ ਪਤਾ ਉਸ ਵਿਚਲਾ ਪਾਗਲਪਣ ਮੇਰੇ ਵਿਚ ਵੀ ਹੋਵੇ। ਹਉਕਾ ਲੈ ਕੇ ਉਹਨੇ ਕਿਹਾ- ਦੁਨੀਆ ਦਾ ਫ਼ਲਸਫ਼ਾ ਅਤੇ ਵਿਗਿਆਨ, ਪਿਆਰ ਅੱਗੇ ਕਿਵੇਂ ਲੀਰ-ਲੀਰ ਹੁੰਦੇ ਹਨ! ਗਿਆਨ ਕਿੱਡੀ ਕਮਜ਼ੋਰ ਚੀਜ਼ ਹੈ! ਅਗਿਆਨਤਾ ਅਕਲ ਦੇ ਗੋਡੇ ਲੁਆ ਦਿੰਦੀ ਹੈ।
ਸਟਾਲਿਨ ਨੇ ਬਿਆਨ ਦਿੱਤਾ – ਅਸੀਂ ਜਲਦੀ ਜਰਮਨ ਵਿੱਚੋਂ ਨਾਜ਼ੀਵਾਦ ਖ਼ਤਮ ਕਰਾਂਗੇ। ਟ੍ਰਾਟਸਕੀ ਨੇ ਆਖਿਆ- ਮਜ਼ਦੂਰਾਂ ਨੂੰ ਐਨੀ ਦੂਰ ਜਾ ਕੇ ਲੜਨ ਦੀ ਕੀ ਲੋੜ? ਮਜ਼ਦੂਰ ਦਾ ਦੁਸ਼ਮਣ, ਮਜ਼ਦੂਰ ਦੇ ਨੇੜੇ, ਬਿਲਕੁਲ ਨੇੜੇ ਬੈਠਾ ਹੁੰਦਾ ਹੈ।
ਟ੍ਰਾਟਸਕੀ ਨਾਲ਼ੋਂ ਪੰਜ ਸਾਲ ਬਾਅਦ ਚਰਚਲ ਦਾ 1935 ਵਿਚ ਬਿਆਨ ਆਇਆ ਕਿ ਯੋਰਪ ਨੂੰ ਬਚਾਉਣ ਲਈ ਜੇ ਜਰਮਨ ਵਿਰੁੱਧ ਟੱਕਰ ਲੈਣੀ ਪਏ, ਤਾਂ ਲੈਣੀ ਚਾਹੀਦੀ ਹੈ। ਟ੍ਰਾਟਸਕੀ ਨੇ ਕਿਹਾ – ਅਕਲ ਤਾਂ ਇਨ੍ਹਾਂ ਨੂੰ ਆਏਗੀ, ਪਰ ਸਹਿਜੇ ਸਹਿਜੇ। ਚਰਚਲ ਨੂੰ ਆ ਗਈ ਹੈ; ਸਟਾਲਿਨ ਨੂੰ ਨਹੀਂ।
ਟ੍ਰਾਟਸਕੀ ਦਾ ਵੱਡਾ ਬੇਟਾ ਲੋਵਾ ਜਰਮਨ ਵਿਚ ਸੀ। ਗ਼ਰੀਬੀ ਵਿਚ ਦਿਨ-ਕਟੀ ਕਰ ਰਿਹਾ ਸੀ। ਪਿਤਾ ਨੇ ਸੋਚਿਆ, ਥੋਹੜਾ ਮਾਹੌਲ ਬਦਲ ਜਾਏਗਾ, ਜਰਮਨੀ ਦਾ ਟੂਰ ਕਰਦੇ ਹਾਂ। ਉਹ ਪਰਿਵਾਰ ਸਣੇ ਜਰਮਨੀ ਗਿਆ। ਜਰਮਨਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਕਿਹਾ – ਅਹਿ ਦੇਖੋ, ਜ਼ਾਰ ਖਾਨਦਾਨ ਦਾ ਕਾਤਿਲ ਹੁਣ ਇਥੇ ਆ ਵੜਿਆ ਹੈ। ਜ਼ਾਰਿਨਾ, ਬਾਅਦਸ਼ਾਹ ਕੈਸਰ ਦੀ ਭਤੀਜੀ ਜਰਮਨ ਸ਼ਹਿਜ਼ਾਦੀ ਸੀ; ਜਿਸ ਕਰਕੇ ਜਰਮਨਾਂ ਨੇ ਟ੍ਰਾਟਸਕੀ ਨੂੰ ਨਫ਼ਰਤ ਨਾਲ਼ ਦੇਖਿਆ। ਕੁਝ ਦੋਸਤਾਂ ਦੀ ਮਦਦ ਨਾਲ਼ ਉਹਨੂੰ ਫ਼ਰਾਂਸ ਵਿਚ ਸ਼ਰਤਾਂ ਦੇ ਆਧਾਰ ‘ਤੇ ਆਰਜ਼ੀ ਵੀਜ਼ਾ ਮਿਲ਼ ਗਿਆ। ਉਹ ਕਦੀ ਰਾਜਧਾਨੀ ਪੈਰਿਸ ਨਹੀਂ ਜਾਏਗਾ ਤੇ ਫ਼ਰਾਂਸੀਸੀ ਸਿਆਸਤ ਉਪਰ ਟਿੱਪਣੀ ਨਹੀਂ ਕਰੇਗਾ।
ਫ਼ਰਾਂਸ ਵਿਚ ਉਹਨੇ ਰੂਸੀ ਇਨਕਲਾਬ ਦਾ ਇਤਿਹਾਸ ਲਿਖਿਆ। ਦੁਨੀਆ ਵਿਚ ਸ਼ਾਇਦ ਅਜਿਹਾ ਵਿਰਲਾ ਬੰਦਾ ਲੱਭੇ, ਜਿਹਨੇ ਹਥਿਆਰਬੰਦ ਯੁੱਧ ਜਿੱਤ ਕੇ ਉਸ ਦਾ ਸ਼ਾਨਦਾਰ ਇਤਿਹਾਸ ਵੀ ਆਪ ਲਿਖਿਆ ਹੋਏ। ਇਹ ਸ਼ਾਂਤਚਿਤ ਹੋ ਕੇ ਲਿਖਿਆ ਕਲਾਸਿਕ ਇਤਿਹਾਸ ਹੈ। ਉਹ ਸਪਿਨੋਜ਼ਾ ਦਾ ਵਾਕ ਵਰਤਦਾ ਹੈ- ਨਾ ਰੋਵੋ, ਨਾ ਹੱਸੋ। ਸਮਝਣ ਦਾ ਯਤਨ ਕਰੋ। ਬਰਤਾਨਵੀ ਇਤਿਹਾਸਕਾਰ ਰੋਜ਼ੇ, ਟ੍ਰਾਟਸਕੀ ਬਾਬਤ ਲਿਖਦਾ ਹੈ – ਉਹਦੀ ਸ਼ੈਲੀ ਕਾਰਲਾਇਲ ਵਰਗੀ ਹੈ। ਕਾਰਲਾਇਲ ਵਿਚ ਰੂਹਾਨੀ ਰਹੱਸ ਹੈ। ਟ੍ਰਾਟਸਕੀ ਕੋਲ਼ ਰੂਹਾਨੀ ਰਹੱਸ ਨੂੰ ਸਮਝਣ ਵਾਸਤੇ ਤੱਥਾਂ ਨਾਲ਼ ਭਰਪੂਰ ਇਤਿਹਾਸਕਾਰੀ ਵੀ ਹੈ। ਚਰਚਲ ਨੇ ਵੀ ਯੁੱਧ ਦਾ ਬਿਰਤਾਂਤ ਲਿਖਿਆ; ਪਰ ਟ੍ਰਾਟਸਕੀ ਨੇ ਕੇਵਲ ਬਿਰਤਾਂਤ ਨਹੀਂ ਲਿਖਿਆ, ਉਹਦਾ ਬਿਰਤਾਂਤ ਇਤਿਹਾਸ ਦੇ ਫ਼ਲਸਫ਼ੇ ਵਿਚਲੇ ਅਨੰਤ ਭੇਤ ਖੋਲ੍ਹਦਾ ਹੈ। ਉਹਦੀ ਰੂਸੀ ਬੋਲੀ ਵਿਚ ਯੋਰਪ ਦਾ ਸਾਰਾ ਕਲਾਸੀਕਲ ਸਾਹਿਤ ਬੋਲਦਾ ਹੈ।
ਮਾਰਕਸੀ ਸਕੂਲ ਆੱਵ ਥੌਟ ਦੇ ਹੁਣ ਤਕ ਹੋਏ ਸਭ ਇਤਿਹਾਸਕਾਰਾਂ ਤੋਂ ਵੱਡਾ ਜੀਨੀਅਸ ਟ੍ਰਾਟਸਕੀ ਹੈ। ਉਹਦੇ ਜੀਨੀਅਸ ਹੋਣ ਦਾ ਸਬੂਤ ਇਹੋ ਕਾਫ਼ੀ ਹੈ ਕਿ ਕਾਮਰੇਡਾਂ ਨੇ ਉਹਨੂੰ ਰੱਦ ਕੀਤਾ। ਅਪਣੀ ਸ੍ਵੈਜੀਵਨੀ ਵਿਚ ਲੈਨਿਨ ਨੂੰ ਉਹ ਖ਼ੁਦ ਤੋਂ ਵਧੀਕ ਵਡਿੱਤਣ ਦਾ ਹੱਕਦਾਰ ਮੰਨਦਾ ਹੈ। ਉਹ ਕਹਿੰਦਾ ਹੈ – ਲੋਕਾਂ ਦਾ ਜੋਸ਼ ਭਾਫ਼ ਵਾਂਙ ਹੁੰਦਾ ਹੈ। ਭਾਫ਼ ਕੁਝ ਨਹੀਂ ਕਰ ਸਕਦੀ, ਜੇ ਪਿਸਟਨ ਅਤੇ ਸਲੀਵ ਵਿਚ ਦੀ ਨਹੀਂ ਲੰਘਾਈ ਜਾਂਦੀ। ਪਰ ਰੇਲਗੱਡੀ ਨੂੰ ਪਿਸਟਨ ਅਤੇ ਸਲੀਵ ਨਹੀਂ ਖਿੱਚਦੇ, ਭਾਫ਼ ਖਿੱਚਦੀ ਹੈ। ਲਿਖਦਾ ਹੈ – ਮਰਨ ਤੋਂ ਕੁਝ ਸਾਲ ਬਾਅਦ ਲੈਨਿਨ ਮੇਰੇ ਸੁਪਨੇ ਚ ਆ ਕੇ ਕਹਿਣ ਲੱਗਾ – ਤੂੰ ਕਮਜ਼ੋਰ ਲਗਦਾ ਹੈਂ। ਇਲਾਜ ਕਿਉਂ ਨੀ ਕਰਵਾਉਂਦਾ? ਮੈਂ ਕਹਿਣ ਲੱਗਾ ਸਾਂ – ਤੇਰੀ ਮੌਤ ਪਿਛੋਂ ਬਰਲਿਨ ਵਿਚ ਜਾ ਕੇ ਇਲਾਜ ਕਰਾਇਆ ਸੀ ਮੈਂ; ਪਰ ਜਦੋਂ ਦੇਖਿਆ, ਉਹ ਤਾਂ ਸਾਹਮਣੇ ਖੜ੍ਹਾ ਹੈ, ਫਿਰ ਮੈਂ ਵਾਕ ਬਦਲ ਕੇ ਕਿਹਾ – ਜਦੋਂ ਤੂੰ ਬਿਮਾਰ ਸੀ, ਉਦੋਂ ਇਲਾਜ ਲਈ ਬਰਲਿਨ ਚਲਾ ਗਿਆ ਸਾਂ।
ਲਿਖਤ ਦਾ ਸਹਿਜ ਸੁਭਾਅ ਦੇਖੋ – ਪੀਤਰੋਗਰਾਦ ਨੇੜੇ ਮੈਨੂੰ ਸੁਣਨ ਆਈ ਭੀੜ ਦੇ ਆਲ਼ੇ-ਦੁਆਲ਼ੇ ਜ਼ਾਰ ਦੇ ਫ਼ੌਜੀ ਘੋੜਸਵਾਰ ਬੰਦੂਕਾਂ ਨਾਲ਼ ਲੈਸ ਰਿੰਗ ਬਣਾ ਕੇ ਖਲੋਤੇ ਸਨ। ਚੁਪ-ਚੁਪ। ਉਨ੍ਹਾਂ ਦੇ ਘੋੜਿਆਂ ਦੀਆਂ ਗਰਦਨਾਂ ਹੇਠੋਂ ਦੀ ਲੱਤਾਂ ਵਿੱਚੋਂ ਦੀ ਮਜ਼ਦੂਰ ਰਿੰਗ ਅੰਦਰ ਮੇਰੇ ਵੱਲ ਆ ਰਹੇ ਸਨ। ਘੋੜਿਆਂ ਦੀਆਂ ਲੱਤਾਂ ਹੇਠੋਂ ਦੀ ਸਰਕਦਾ ਆਉਂਦਾ ਇਨਕਲਾਬ ਮੈਂ ਅੱਖੀਂ ਦੇਖਿਆ ਸੀ, ਜ਼ਾਰ ਦੇ ਸੈਨਿਕ ਦਰਸ਼ਕ ਖ਼ਾਮੋਸ਼ ਹੋ ਕੇ ਦੇਖਦੇ ਰਹੇ ਸਨ। ਥੋੜ੍ਹੇ ਦਿਨਾਂ ਬਾਅਦ 5 ਹਜ਼ਾਰ ਬੰਦੂਕਾਂ ਮਿਲ਼ ਗਈਆਂ। ਇਕ ਤੋਂ ਬਾਅਦ ਦੂਜੀ ਫਤਿਹ ਹਾਸਿਲ ਹੁੰਦੀ ਗਈ ਤੇ ਸਾਡੇ ਹੱਥ ਮਿਲ਼ਟਰੀ ਦੀਆਂ ਗੱਡੀਆਂ ਆ ਗਈਆਂ। ਘੋੜਿਆਂ ਹੇਠਾਂ ਦੀ ਲੰਘ ਕੇ ਆਏ ਮਜ਼ਦੂਰ ਫ਼ੌਜੀ ਗੱਡੀਆਂ ਵਿਚ ਸਵਾਰ ਹੋ ਗਏ।
ਉਹਦਾ ਛੋਟਾ ਪੁੱਤਰ ਸਰਜੀ ਰੂਸ ਵਿਚ ਅਚਾਨਕ ਗ਼ਾਇਬ ਹੋ ਗਿਆ। ਉਹਨੂੰ ਕਿਥੇ ਲਿਜਾ ਕੇ ਕਿਵੇਂ-ਕਿਵੇਂ ਮਾਰਿਆ ਕਦੀ ਪਤਾ ਨਹੀਂ ਲੱਗਾ। ਟ੍ਰਾਟਸਕੀ ਲਿਖਦਾ ਹੈ – ਮੈਨੂੰ ਮਾਰਨਾ ਚਾਹੁੰਦਾ ਸੀ ਸਟਾਲਿਨ। ਮੈਂ ਹੱਥ ਨਹੀਂ ਆਇਆ, ਤਾਂ ਸਰਜੀ ਨਾਲ਼ ਕੰਮ ਚਲਾ ਲਿਆ। ਉਹਦਾ ਕੀ ਕਸੂਰ ਸੀ? ਮੈਨੂੰ ਕਿਸ ਪਾਪ ਦੀ ਸਜ਼ਾ ਮਿਲ਼ੀ? ਮੈਂ ਤਾਂ ਜ਼ਾਰ ਦੇ ਪਰਿਵਾਰ ਨੂੰ ਮਾਰਨ ਦੇ ਵੀ ਹੱਕ ਵਿਚ ਨਹੀਂ ਸਾਂ।
ਉਹਦੀ ਉਮਰ 55 ਸਾਲ ਦੀ ਹੋ ਗਈ, ਪਰ ਵਧੀਕ ਬੁੱਢਾ ਹੋ ਗਿਆ ਸੀ। ਤੁਰਗਨੇਵ ਦਾ ਵਾਕ ਉਹਨੂੰ ਯਾਦ ਆਉਂਦਾ ਹੈ – “ਪਤੈ, ਸੰਸਾਰ ਵਿਚ ਸਭ ਤੋਂ ਬੁਰੀ ਚੀਜ਼ ਕਿਹੜੀ ਹੈ? 55 ਸਾਲ ਦੀ ਉਮਰ ਪਾਰ ਕਰਨਾ।” ਫਿਰ ਅਪਣੇ ਆਪ ਨੂੰ ਆਖਦਾ ਹੈ – ਲੈਨਿਨ ਚੰਗਾ ਰਿਹਾ, ਛੇਤੀ ਮਰ ਗਿਆ। ਕੀ ਪਿਐ ਇਥੇ?
ਸਰਜੀ ਦੀ ਮਾਂ ਨਤਾਲੀਆ ਨੇ ਦੁਨੀਆ ਦੇ ਨਾਮ ਖੁੱਲ੍ਹੇ ਖ਼ਤ ਵਿਚ ਅਪਣੇ ਪੁੱਤਰ ਦੀ ਮਾਸੂਮੀਅਤ ਦਾ ਵਾਸਤਾ ਪਾ ਕੇ ਉਸ ਲਈ ਜਲਾਵਤਨੀ ਮੰਗੀ। ਉਹਨੂੰ ਮਰਨ ਤੋਂ ਬਚਾਉਣ ਦੀ ਅਪੀਲ ਕੀਤੀ। ਵਿਅਰਥ। ਕਦੀ ਉਹਦਾ ਥਹੁ-ਪਤਾ ਨਹੀਂ ਲੱਗਾ।
ਨਾਰਵੇ ਵਿਚ ਲੇਬਰ ਪਾਰਟੀ ਦੀ ਸਰਕਾਰ ਬਣ ਗਈ, ਤਾਂ ਟ੍ਰਾਟਸਕੀ ਨੇ ਉਥੇ ਪਨਾਹ ਮੰਗੀ; ਕਿਉਂਕਿ ਫ਼ਰਾਂਸ ਵਿਚ ਉਹਦਾ ਸਾਹ ਘੁੱਟਦਾ ਸੀ। ਇਥੇ ਕੁਝ ਰਾਹਤ ਮਿਲ਼ੀ। ਲਿਖਦਾ ਹੈ – ਰੂਸ ਦੀ ਕੈਦ ਵਿਚ ਮੈਂ ਬਹੁਤ ਸਾਰੀਆਂ ਯੋਰਪੀਨ ਬੋਲੀਆਂ ਵਿਚ ਛਪੀ ਬਾਈਬਲ ਪੜ੍ਹਦਾ ਰਹਿੰਦਾ। ਇਸ ਕਰਕੇ ਨਹੀਂ ਕਿ ਧਰਮ ਵਿੱਚੋਂ ਕੋਈ ਸ਼ਾਂਤੀ ਮਿਲ਼ੇ। ਇਸ ਕਰਕੇ ਕਿ ਮੈਂ ਉਹਦਾ ਪਾਠ ਕਰਦਿਆਂ-ਕਰਦਿਆਂ ਯੋਰਪ ਦੀਆਂ ਨਵੀਆਂ ਤੇ ਪੁਰਾਣੀਆਂ ਬੋਲੀਆਂ ਸਿੱਖੀਆਂ। ਇਥੇ ਮੇਰੇ ਸਾਹਮਣੇ ਨਾਰਵੇਜੀਅਨ ਬੋਲੀ ਵਿਚ ਛਪੀ ਬਾਈਬਲ ਪਈ ਹੈ। ਹੁਣ ਮੈਂ ਇਸ ਦਾ ਪਾਠ ਕਰਕੇ ਨਾਰਵੇਜੀਅਨ ਸਿਖ ਲਵਾਂਗਾ।
ਛੇਤੀ ਹੀ ਨਾਰਵੇ ਵਿਚ ਉਸ ਦੁਆਲ਼ੇ ਸਹਿਮ ਨੇ ਘੇਰਾ ਪਾ ਲਿਆ। ਰੂਸ ਨੇ ਨਾਰਵੇ ਪਾਸ ਰੋਸ ਪ੍ਰਗਟਾਇਆ ਕਿ ਟ੍ਰਾਟਸਕੀ ਉਸ ਦੇਸ ਵਿੱਚੋਂ ਅੱਤਵਾਦੀ ਸਰਗਰਮੀਆਂ ਚਲਾ ਰਿਹਾ ਹੈ। ਇਸ ਨਾਲ਼ ਦੋਹਾਂ ਦੇਸਾਂ ਦੇ ਸੰਬੰਧਾਂ ਨੂੰ ਖ਼ਤਰਾ ਪੈਦਾ ਹੋ ਗਿਆ ਹੈ। ਨਾਰਵੇ ਦੀ ਪੁਲੀਸ ਉਸ ਦੇ ਆਲ਼ੇ-ਦੁਆਲ਼ੇ ਤੈਨਾਤ ਹੋ ਗਈ ਅਤੇ ਹਰ ਕਿਸਮ ਦਾ ਸਿਆਸੀ ਬਿਆਨ ਬੰਦ ਕਰਨ ਦੀ ਹਿਦਾਇਤ ਕੀਤੀ। ਟ੍ਰਾਟਸਕੀ ਨੇ ਦੁਖੀ ਹਿਰਦੇ ਨਾਲ਼ ਕਿਹਾ – ਜੇ ਚੁੱਪ ਕਰਕੇ ਬੈਠਣਾ ਹੁੰਦਾ, ਫੇਰ ਰੂਸ ਵਿਚ ਹੀ ਬੈਠ ਜਾਂਦਾ। ਫੇਰ ਮੈਨੂੰ ਉਥੇ ਕਿਸੇ ਨੇ ਕੀ ਕਹਿਣਾ ਸੀ?
ਲੇਬਰ ਪਾਰਟੀ ਦਾ ਵਜ਼ੀਰ ਤਰਿਵਲੀ, ਟ੍ਰਾਟਸਕੀ ਦਾ ਪੁਰਾਣਾ ਦੋਸਤ ਸੀ। ਉਸੇ ਨੇ ਖ਼ੁਸ਼ੀ-ਖ਼ੁਸ਼ੀ ਟ੍ਰਾਟਸਕੀ ਨੂੰ ਸਿਆਸੀ ਸ਼ਰਣ ਦਿਵਾਈ ਸੀ। ਆ ਕੇ ਟ੍ਰਾਟਸਕੀ ਨੂੰ ਕਹਿਣ ਲੱਗਾ – ਤੁਹਾਡੇ ਕਰਕੇ ਮੇਰੇ ਖ਼ਿਲਾਫ਼ ਜੁੰਡਲੀ ਲਾਮਬੰਦ ਹੋ ਗਈ ਹੈ। ਤੁਹਾਨੂੰ ਚੁੱਪ ਕਰਕੇ ਬੈਠਣਾ ਪਵੇਗਾ। ਜੇ ਸਿਆਸੀ ਲੇਖ ਛਪਵਾਉਂਦੇ ਰਹੇ, ਤਦ ਜਾਂ ਤੁਹਾਨੂੰ ਦੇਸ ਛੱਡਣਾ ਪਵੇਗਾ ਜਾਂ ਮੈਨੂੰ ਕੈਬਨਿਟ ਵਿਚੋਂ ਕੱਢਣਗੇ। ਟ੍ਰਾਟਸਕੀ ਗ਼ੁੱਸੇ ਵਿਚ ਆ ਗਿਆ, ਗਰਜਿਆ- ਤੂੰ ਨਿਕਲੇਂਗਾ ਤਰਿਵਲੀ, ਯਕਨੀਨ ਨਿਕਲੇਂਗਾ। ਕੇਵਲ ਸਰਕਾਰ ਵਿੱਚੋਂ ਨਹੀਂ ਦੇਸ ਵਿੱਚੋਂ ਵੀ। ਨਾਜ਼ੀਵਾਦ ਅੱਗੇ ਤੂੰ ਗੋਡੇ ਟੇਕ ਦਿੱਤੇ ਹਨ। ਮੇਰੇ ਵਾਂਙ ਤੂੰ ਸਿਆਸੀ ਪਨਾਹ ਮੰਗਦਾ ਫਿਰੇਂਗਾ। ਕੱਲਾ ਤੂੰ ਨੀ। ਤੇਰੀ ਸਰਕਾਰ ਵੀ। ਤੂੰ ਦਰ-ਦਰ ਭਟਕੇਂਗਾ।
ਪੈਗ਼ੰਬਰ ਦੀ ਭਵਿੱਖਬਾਣੀ ਸੁਣ ਕੇ ਵਜ਼ੀਰ ਨੂੰ ਤਰੇਲ਼ੀ ਆ ਗਈ, ਉਹ ਜਾਣ ਲਈ ਉੱਠਿਆ ਤੇ ਹੱਥ ਵਧਾਇਆ। ਟ੍ਰਾਟਸਕੀ ਨੇ ਉਸ ਨਾਲ਼ ਹੱਥ ਨਹੀਂ ਮਿਲ਼ਾਇਆ।
ਪਤਨੀ ਸਮੇਤ ਟ੍ਰਾਟਸਕੀ ਮੈਕਸੀਕੋ ਰਵਾਨਾ ਹੋ ਗਿਆ। ਸਟਾਲਿਨ ਉਸ ਉਪਰ ਅਪਰਾਧੀ ਹੋਣ ਦੇ ਬੇਬੁਨਿਆਦ ਬਿਆਨ ਅਖ਼ਬਾਰਾਂ ਵਿਚ ਛਪਵਾ ਰਿਹਾ ਸੀ। ਉਹਨੇ ਲੀਗ ਆੱਵ ਨੇਸ਼ਨਜ਼ ਨੂੰ ਅਪੀਲ ਲਿਖੀ – ਮਾਨਯੋਗ ਲੀਗ ਸਟਾਲਿਨ ਦੇ ਸਿਆਸੀ ਆਤੰਕਵਾਦ ਬਾਬਤ ਕਮਿਸ਼ਨ ਬਿਠਾਏ। ਨਾਰਵੇ ਤੋਂ ਵੀ ਮੈਂ ਇਹ ਅਪੀਲ ਕੀਤੀ ਸੀ। ੳੁੱਤਰ ਨਹੀਂ ਮਿiਲ਼ਆ। ਮੈਂ ਦੋਸ਼ੀ ਹੋਇਆ, ਤਾਂ ਸਟਾਲਿਨ ਦੇ ਹਵਾਲੇ ਕਰ ਦੇਣਾ।
ਚਾਰ ਸਾਲ ਬਾਅਦ ਟ੍ਰਾਟਸਕੀ ਦਾ ਕਥਨ ਸੱਚ ਹੋਇਆ। ਨਾਜ਼ੀਆਂ ਨੇ ਨਾਰਵੇ ਉਪਰ ਹੱਲਾ ਬੋਲ ਦਿੱਤਾ। ਵਜ਼ਾਰਤ ਭੱਜ ਗਈ ਤੇ ਸਮੁੰਦਰ ਕਿਨਾਰੇ ਸਾਹੋ-ਸਾਹ ਹੋਏ ਮੰਤਰੀ ਇੰਗਲੈਂਡ ਨੂੰ ਜਾਣ ਵਾਲ਼ੀ ਕਿਸ਼ਤੀ ਦੀ ਉਡੀਕ ਬੇਸਬਰੀ ਨਾਲ਼ ਕਰਨ ਲੱਗੇ। ਤਰਿਵਲੀ ਨੇ ਟ੍ਰਾਟਸਕੀ ਦਾ ਵਾਕ ਭਗੌੜੇ ਸਾਥੀਆਂ ਨੂੰ ਸੁਣਾਇਆ।
ਫਿਰ ਉਹਨੇ ਨਿਊਯਾਰਕ ਵਿਖੇ ਪਬਲਿਕ ਮੀਟਿੰਗ ਦੇ ਨਾਮ ਸੰਦੇਸ਼ ਲਿਖਿਆ – ਮੈਂ ਸਬੂਤਾਂ ਸਮੇਤ ਨਿਰਪੱਖ ਪੜਤਾਲੀਆ ਕਮਿਸ਼ਨ ਅੱਗੇ ਪੇਸ਼ ਹੋਵਾਂਗਾ ਤੇ ਰੂਸ ਵਿਚ ਜੋ ਹੋਇਆ ਤੇ ਹੋ ਰਿਹਾ ਹੈ ਉਸ ਬਾਬਤ ਸੰਸਾਰ ਨੂੰ ਹਕੀਕਤ ਪਤਾ ਲੱਗੇਗੀ। ਮੈਂ ਏਲਾਨ ਕਰਦਾ ਹਾਂ ਕਿ ਕਮਿਸ਼ਨ ਮੈਨੂੰ ਝੂਠਾ ਮੰਨ ਲਏ, ਤਾਂ ਮੈਂ ਸਟਾਲਿਨ ਦੇ ਫ਼ਾਇਰਿੰਗ ਸਕੁਐਡ ਅੱਗੇ ਖਲੋ ਜਾਵਾਂਗਾ। ਸਾਰੇ ਜਹਾਨ ਅੱਗੇ ਮੇਰਾ ਇਹ ਏਲਾਨ ਹੈ। ਪਰ ਜੇ ਸਾਬਿਤ ਹੋ ਗਿਆ ਕਿ ਸਟਾਲਿਨ ਖ਼ੂੰਖ਼ਾਰ ਦਰਿੰਦਾ ਹੈ, ਤਾਂ ਮੈਂ ਇਹ ਮੰਗ ਨਹੀਂ ਕਰਾਂਗਾ ਕਿ ਫ਼ਾਇਰਿੰਗ ਸਕੁਐਡ ਅੱਗੇ ਉਹਨੂੰ ਖੜ੍ਹਾ ਕਰੋ। ਆਉਣ ਵਾਲ਼ੀਆਂ ਪੀੜ੍ਹੀਆਂ ਉਹਨੂੰ ਦੁਰਕਾਰਨਗੀਆਂ। ਅਨੰਤ ਸਮੇਂ ਲਈ ਉਹ ਕਲੰਕਿਤ ਰਹੇਗਾ। ਉਸ ਲਈ ਇਹੋ ਸਜ਼ਾ ਕਾਫ਼ੀ ਹੈ। ਮੇਰੇ ਵਿਰੁੱਧ ਦੋਸ਼ ਲਾਉਣ ਵਾਲ਼ੇ ਕ੍ਰੈਮਲਿਨ ਵਿਚ ਬੈਠੇ ਬੰਦਿਆਂ ਦੇ ਮੂੰਹ ਉਪਰ ਮੈਂ ਅਪਣਾ ਏਲਾਨ ਵਗਾਹ ਮਾਰਿਆ ਹੈ। ਹੁਣ ਉਨ੍ਹਾਂ ਦਾ ਜਵਾਬ ਉਡੀਕ ਰਿਹਾਂ।
ਪਤਨੀ ਨਤਾਲੀਆ ਦਸਦੀ ਹੈ, ਕਦੀ-ਕਦੀ ਇਹ ਵੀ ਹੁੰਦਾ; ਉਹ ਘੋਰ ਉਦਾਸੀ ਵਿਚ ਕਹਿੰਦਾ – ਕਿਸ ਲਈ ਜੀਅ ਰਿਹਾ ਹਾਂ? ਮੈਂ ਮਰ ਜਾਂਦਾ, ਤਾਂ ਮੇਰਾ ਪਿਆਰਾ ਪੁੱਤ ਸਰਜੀ ਤਾਂ ਜਿਉਂਦਾ ਰਹਿੰਦਾ।
ਇਹ ਘਰ ਦੀਆਂ ਗੱਲਾਂ ਸਨ। ਜਦੋਂ ਏਂਜਲਿਕਾ ਨੇ ਖ਼ਤ ਲਿਖਿਆ ਕਿ ਉਹ ਮਾਸਕੋ ਦੇ ਮੁਕੱਦਮਿਆਂ ਅਤੇ ਕਤਲਾਂ ਕਾਰਣ ਉਦਾਸ ਹੈ; ਤਾਂ ਟ੍ਰਾਟਸਕੀ ਨੇ ਜਵਾਬ ਦਿੱਤਾ- ਮਨੁੱਖ ਦਾ ਉਦਾਸ ਹੋਣਾ ਕੁਦਰਤੀ ਹੈ, ਪਰ ਤੇਰੇ ਵਰਗੀ ਬਹਾਦਰ ਔਰਤ ਦਾ ਉਦਾਸ ਹੋਣਾ ਮੈਂ ਗ਼ੈਰ-ਕੁਦਰਤੀ ਸਮਝਦਾਂ। ਫੇਰ ਤਾਂ ਤੂੰ ਹਾਰ ਗਈ। ਇਤਿਹਾਸ ਕਈ ਤਰੀਕਿਆਂ ਨਾਲ਼ ਆਦਮੀ ਨੂੰ ਮਿਲ਼ਦਾ ਹੈ। ਆਦਮੀ ਨੂੰ ਪਤਾ ਹੋਣਾ ਚਾਹੀਦੈ, ਉਸ ਨਾਲ਼ ਕਿਵੇਂ ਮਿਲ਼ਣਾ ਹੈ। ਤੂੰ ਸੱਚੀ ਹੈਂ, ਤੈਨੂੰ ਜੇ ਲਗਦੈ ਇਤਿਹਾਸ ਤੇਰੇ ਤੋਂ ਗ਼ਲਤ ਕੰਮ ਕਰਵਾਉਣ ਲਈ ਤੇਰੇ ਵਿਰੁੱਧ ਹੱਥ ਚੁਕਦਾ ਹੈ, ਤੂੰ ਉਸ ਵਿਰੁੱਧ ਦੋਵੇਂ ਹੱਥ ਚੁੱਕ। ਸੁਣੀ ਮੇਰੀ ਗੱਲ?
ਲੀਗ ਆੱਵ ਨੇਸ਼ਨਜ਼ ਨੇ ਕਮਿਸ਼ਨ ਥਾਪ ਦਿੱਤਾ। ਉਸ ਇਤਿਹਾਸਕ ਮੁਕੱਦਮੇ ਦਾ ਜਵਾਬ ਤਿਆਰ ਕਰਨ ਲਈ ਉਹਨੇ ਇਸ ਤਰ੍ਹਾਂ ਮਿਹਨਤ ਕੀਤੀ, ਜਿਵੇਂ ਕਿ ਸਟਾਲਿਨਵਾਦ ਸਦੀਆਂ ਤਕ ਕਾਇਮ ਰਹੇਗਾ। ਸਟਾਲਿਨ ਵਿਰੁੱਧ ਸਦੀਆਂ ਤਕ ਦਾ ਜਵਾਬ ਲਿਖਣਾ ਜ਼ਰੂਰੀ ਹੈ। ਜੌਹਨ ਡੇਵੀ ਦੀ ਪ੍ਰਧਾਨਗੀ ਵਿਚ ਕਮਿਸ਼ਨ ਆੱਵ ਇਨਕੁਆਰੀ ਕਾਇਮ ਕਰ ਦਿੱਤਾ, ਜਿਹਨੇ 10 ਅਪ੍ਰੈਲ 1937 ਨੂੰ ਕੰਮ ਸ਼ੁਰੂ ਕੀਤਾ। ਡੇਵੀ ਨੇ ਰੂਸੀ ਰਾਜਦੂਤ ਅਤੇ ਦੁਨੀਆ ਦੀਆਂ ਕਮਿਉਨਿਸਟ ਪਾਰਟੀਆਂ ਨੂੰ ਅਪਣੇ ਪ੍ਰਤੀਨਿਧ ਭੇਜਣ ਲਈ ਕਿਹਾ, ਪਰ ਕਮਿਉਨਿਸਟਾਂ ਨੇ ਕਮਿਸ਼ਨ ਦਾ ਬਾਈਕਾਟ ਕੀਤਾ। ਡੇਢ ਮਹੀਨਾ ਸਾਰਾ ਸਾਰਾ ਦਿਨ ਬਹਿਸ ਹੁੰਦੀ। ਰਿਕਾਰਡ ਪੇਸ਼ ਹੁੰਦਾ।
ਜਰਮਨ ਵਿਚ ਰਹਿੰਦੇ ਲੋਵਾ ਨੂੰ ਪਿਤਾ ਨੇ ਬਹੁਤ ਸਾਰੇ ਵਿਦਵਾਨਾ ਤੇ ਲੇਖਕਾਂ ਦੇ ਹਲਫ਼ੀਆ ਬਿਆਨ ਇਕੱਠੇ ਕਰਨ ਲਈ ਕਿਹਾ। ਗ਼ਰੀਬੀ ਅਤੇ ਵਧੀਕ ਕੰਮ ਕਾਰਨ ਲੋਵਾ ਬਿਮਾਰੀ ਵਿਚ ਵੀ ਬਹੁਤ ਕੰਮ ਕਰਦਾ, ਫਿਰ ਵੀ ਪਿਤਾ ਦੇ ਗ਼ੁੱਸੇ ਦਾ ਸ਼ਿਕਾਰ ਹੁੰਦਾ। ਜਿਰਾਹ ਵਿਚ ਹਰ ਸਵਾਲ ਦਾ ਜੁਆਬ ਟ੍ਰਾਟਸਕੀ ਠਰੰ੍ਹਮੇ ਨਾਲ਼ ਦਿੰਦਾ। ਟਾਲ-ਮਟੋਲ ਜਾਂ ਧੁੰਦਲੇਪਣ ਦਾ ਸਵਾਲ ਹੀ ਨਹੀਂ ਸੀ। “ਬੇਅੰਤ ਇੱਜ਼ਤ ਦੇਖੀ, ਵੱਡੀਆਂ ਸੱਟਾਂ ਤੇ ਹਾਰਾਂ ਦਾ ਸਾਹਮਣਾ ਹੋਇਆ; ਪਰ ਮਨੁੱਖਤਾ ਦੇ ਸ਼ਾਨਦਾਰ ਭਵਿੱਖ ਵਿੱਚੋਂ ਮੇਰਾ ਵਿਸ਼ਵਾਸ ਨਹੀਂ ਟੁੱਟਾ। ਇਸ ਵਿਸ਼ਵਾਸ ਦੀ ਲੋਅ ਘਟਣੀ ਤਾਂ ਕੀ ਇਸ ਵਿਚ ਪੁਖ਼ਤਗੀ, ਪ੍ਰੌੜ੍ਹਤਾ ਰਲ਼ਦੀ ਗਈ।” ਕਮਿਸ਼ਨ ਅੱਗੇ ਇਹ ਉਸ ਦੇ ਆਖ਼ਿਰੀ ਬੋਲ ਹਨ। ਉਹਨੇ ਧੰਨਵਾਦ ਕੀਤਾ ਤੇ ਬੈਠ ਗਿਆ।
ਉਸ ਦੀਆਂ ਕਾਟਵੀਆਂ ਦਲੀਲਾਂ ਨੇ ਕਮਿਸ਼ਨ ਨੂੰ ਝੰਜੋੜ ਦਿੱਤਾ। ਸਭ ਦੇ ਸਭ ਮੈਂਬਰ ਦੇਰ ਤਕ ਚੁੱਪ-ਚਾਪ ਬੈਠੇ ਰਹੇ। ਜਾਨ ਡੇਵੀ ਰਸਮੀ ਤੌਰ ਂਤੇ ਅੰਤਿਮ ਸ਼ਬਦ ਕਹਿਣਾ ਚਾਹੁੰਦਾ ਸੀ, ਉਹਨੇ ਕੇਵਲ ਇਕ ਵਾਕ ਆਖ ਕੇ ਕਾਰਵਾਈ ਸਮਾਪਤ ਕੀਤੀ – ਮੇਰਾ ਕਿਹਾ ਕੋਈ ਵੀ ਵਾਕ ਇਸ ਸਭ ਕੁਝ ਦੇ ਸਾਹਮਣੇ ਤੁੱਛ ਅਤੇ ਹੇਚ ਹੋਵੇਗਾ। ਤੇਰਾਂ ਸਾਲ ਬਾਅਦ ਡੇਵੀ ਨੇ ਕਿਹਾ ਸੀ – ਮੈਂ ਅਪਣੇ ਸਾਹਮਣੇ ਸਾਖਿਆਤ ਸੱਚ ਖਲੋਤਾ ਦੇਖਿਆ। ਅੰਗਰੇਜ਼ੀ ਉਸ ਲਈ ਪਰਾਈ ਬੋਲੀ ਸੀ; ਪਰ ਹਰ ਗੱਲ ਸਾਫ਼ ਹੁੰਦੀ, ਦਲੀਲਾਂ ਦਾ ਹੜ੍ਹ ਲਿਆਉਂਦਾ, ਕੋਈ ਹਾਰ-ਸ਼ਿੰਗਾਰ ਨਹੀਂ, ਕੋਈ ਢਾਲ਼-ਤਲਵਾਰ ਨਹੀਂ, ਪੂਰਨ ਜਲੌਅ ਵਿਚ। ਅਜਿੱਤ ਅਮਰ ਸੱਚ।

ਚਿਤ੍ਰਕਾਰ ਦੀ ਨਜ਼ਰ ‘ਚ ਟ੍ਰਾਟਸਕੀ ਤੇ ਸਾਥੀ

ਇਹ ਕਹਿਕੇ ਕਿ ਸਟਾਲਿਨ ਦੇ ਖ਼ਿਲਾਫ਼ ਸਾਜ਼ਿਸ਼ ਫੜੀ ਗਈ ਹੈ, ਚਾਰ ਜਰਨੈਲ ਕਤਲ ਕਰ ਦਿੱਤੇ ਅਤੇ ਪੰਝੀ ਹਜ਼ਾਰ ਅਫ਼ਸਰ ਸਾਇਬੇਰੀਆ ਵਿਚ ਸੁੱਟ ਦਿਤੇ। ਦੂਜੀ ਸੰਸਾਰ ਜੰਗ ਤੋਂ ਪਹਿਲਾਂ ਫ਼ੌਜ ਲੰਗੜੀ ਹੋ ਗਈ ਸੀ। ਇਹ ਵੱਡਾ ਸਫ਼ਾਇਆ ਆਂਤੋਨੋਵ ਤੋਂ ਕਰਵਾਇਆ ਤੇ ਕੰਮ ਸਿਰੇ ਚੜ੍ਹਨ ਤੋਂ ਬਾਅਦ ਉਸ ‘ਤੇ ਵੀ ਜਾਸੂਸ ਹੋਣ ਦਾ ਦੋਸ਼ ਲਾਕੇ ਗੋਲੀ ਦਾਗ ਦਿੱਤੀ। ਜੱਲਾਦ ਵੀ ਸੁਰੱਖਿਅਤ ਨਹੀਂ ਸਨ। ਯੋਰਪ ਵਿਚ ਖ਼ੁਫ਼ੀਆ ਪੁਲੀਸ ਦੇ ਚੀਫ਼ ਇਗਨਸ ਰੀਸ ਨੂੰ ਹਰ ਦੁਖਦਾਈ ਘਟਨਾ ਦਾ ਪਤਾ ਸੀ। ਅੱਕ ਕੇ 18 ਜੁਲਾਈ 1937 ਨੂੰ ਉਹਨੇ ਅਪਣੇ ਅਸਤੀਫ਼ੇ ਵਿਚ ਲਿਖਿਆ: ਮੈਂ ਉਹ ਖ਼ਿਤਾਬ, ‘ਆਰਡਰ ਆੱਵ ਦੀ ਰੈੱਡ ਬੈਨਰ’ ਜੋ ਮੈਨੂੰ 1928 ਵਿਚ ਮਿਲਿਆ ਸੀ, ਵੀ ਅਸਤੀਫ਼ੇ ਨਾਲ਼ ਵਾਪਸ ਭੇਜਦਾ ਹਾਂ। ਇਸ ਨੂੰ ਪਹਿਨਣਾ ਮੇਰੀ ਸ਼ਾਨ ਦੇ ਉਲ਼ਟ ਹੈ। ਚਾਰ ਸਤੰਬਰ ਨੂੰ ਗੋਲ਼ੀਆਂ ਨਾਲ਼ ਛਲਣੀ ਹੋਈ ਉਸ ਦੀ ਲਾਸ਼ ਪੈਰਿਸ ਵਿਚ ਸੜਕ ਕਿਨਾਰੇ ਪਈ ਮਿਲ਼ੀ।
ਲੋਵਾ ਨੂੰ ਅਪੈਂਡੇਸਾਈਟਸ ਹੋ ਗਿਆ। ਐਟਿਨੀ ਉਸ ਦਾ ਸਭ ਤੋਂ ਭਰੋਸੇਯੋਗ ਮਿਤਰ ਫ਼ਰਾਂਸੀਸੀ ਸਰਕਾਰੀ ਹਸਪਤਾਲ ਲਿਜਾਣ ਦੀ ਥਾਂ ਉਹਨੂੰ ਛੋਟੇ-ਜਿਹੇ ਹਸਪਤਾਲ ਵਿਚ ਲੈ ਗਿਆ, ਜੋ ਕਿਸੇ ਰੂਸੀ ਡਾਕਟਰ ਦਾ ਸੀ। ਉਥੇ ਲੋਵਾ ਦਾ ਅਪ੍ਰੇਸ਼ਨ ਹੋਇਆ ਤੇ ਮੌਤ ਹੋਈ। ਬਾਅਦ ਵਿਚ ਪਤਾ ਲੱਗਾ, ਐਟਿਨੀ ਰੂਸੀ ਖ਼ੁਫ਼ੀਆ ਏਜੰਸੀ ਦਾ ਬੰਦਾ ਸੀ, ਜਿਸਨੇ ਲੋਵਾ ਨੂੰ ਹਸਪਤਾਲ ਵਿਚ ਕਤਲ ਕਰਵਾਇਆ। 16 ਫ਼ਰਵਰੀ 1938 ਮੌਤ ਦੇ ਇਸ ਦਿਨ ਉਹ 32 ਸਾਲ ਦਾ ਸੀ।
ਮਰਨ ਤੋਂ ਮਹੀਨਾ ਕੁ ਪਹਿਲਾਂ ਮਾਂ ਨੂੰ ਧਰਵਾਸ ਦਿੰਦਿਆਂ ਉਹਨੇ ਲਿਖਿਆ ਸੀ – ਉਦਾਸ ਨਾ ਹੋ ਮਾਂ। ਸਗੋਂ ਸ਼ੁਕਰ ਕਰ ਅਸੀਂ ਰੂਸ ਤੋਂ ਬਾਹਰ ਹਾਂ। ਜੇ ਉਥੇ ਹੁੰਦੇ, ਕੀ ਬਣਦਾ? ਉਹੀ ਨਾ, ਜੋ ਸਰਜੀ ਨਾਲ਼ ਹੋਇਆ?
ਟ੍ਰਾਟਸਕੀ ਨੇ ਲਿਖਿਆ – ਮੇਰੇ ਨਾਲ਼ ਦੀ ਸਾਰੀ ਪੀੜ੍ਹੀ ਖ਼ਤਮ ਕਰ ਦਿੱਤੀ ਹੈ। ਪਹਿਲਾਂ ਜ਼ਾਰ ਨੇ ਕਤਲ ਕੀਤੇ, ਜਲਾਵਤਨ ਹੋਏ, ਕਾਲ ਵਿਚ ਤੇ ਬਿਮਾਰੀਆਂ ਵਿਚ ਮਰੇ, ਸੰਸਾਰ ਜੰਗ ਵਿਚ ਤਬਾਹ ਹੋਏ। ਇਨ੍ਹਾਂ ਸਾਰਿਆਂ ਤੋਂ ਵਧ ਇਕੱਲੇ ਸਟਾਲਿਨ ਨੇ ਮਾਰੇ। ਸਿਰਫ਼ ਲੋਵਾ ਬਚਿਆ ਸੀ, ਜਿਹਨੇ ਅਪਣੇ ਮਾਂ ਪਿਉ ਨੂੰ ਉਨ੍ਹਾਂ ਦੀ ਜਵਾਨੀ ਚ ਦੇਖਿਆ ਸੀ। ਉਹ ਵੀ ਗਿਆ। ਜ਼ਾਰ ਦੀ ਜੇਲ ਵਿਚ ਮੈਨੂੰ ਰੋਟੀ ਖੁਆਉਣ ਆਉਂਦਾ, ਤਾਂ ਜੇਲਰਾਂ ਨਾਲ਼ ਲੜ ਪੈਂਦਾ ਸੀ, ਜਦੋਂ ਨਾਲ਼ ਲਿਆਂਦੀਆਂ ਕਿਤਾਬਾਂ ਉਹ ਮੈਨੂੰ ਨਾ ਦੇਣ ਦਿੰਦੇ। ਪਿਆਰੇ ਲੋਵਾ ਤੂੰ ਮੇਰੇ ਜ਼ਿੰਮੇ ਇਹ ਕੰਮ ਕਿਉਂ ਮੜ੍ਹ ਗਿਆ ਹੈਂ ਕਿ ਮੈਂ ਤੇਰੀ ਸ਼ਰਧਾਜਲੀ ਲਿਖਾਂ? ਹੁਣ ਤੇਰੀਆਂ ਯਾਦਾਂ ਲਿਖਣੀਆਂ ਹਨ, ਬੇਟਾ ਜਾਨ।
ਪਿਛੋਂ ਦੇਰ ਬਾਅਦ ਜਾ ਕੇ ਇਹ ਪਤਾ ਲੱਗਾ ਕਿ ਛੋਟੇ ਪੁੱਤਰ ਸਰਜੀ ਨੂੰ ਫੜਕੇ ਤਸੀਹੇ ਦਿੱਤੇ ਗਏ, ਬਿਆਨ ਲੈਣ ਲਈ ਕਿ ਬਾਪ ਹਿਟਲਰ ਨਾਲ਼ ਮਿਲਿਆ ਹੋਇਆ ਹੈ। ਉਹਨੇ ਅਪਣੇ ਪਿਤਾ ਦੀ ਸ਼ਾਨ ਦੇ ਖ਼ਿਲਾਫ਼ ਇਕ ਅੱਖਰ ਨਹੀਂ ਬੋਲਿਆ। ਚੁਪਚਾਪ ਸ਼ਾਂਤ-ਚਿੱਤ, ਯੋਧਿਆਂ ਵਾਂਙ ਸਿਦਕ ਨਿਭਾਅ ਕੇ ਮਰਿਆ।
ਸਾਰੇ ਪਰਿਵਾਰ ਵਿੱਚੋਂ ਕੇਵਲ ਦੋਹਤਾ ਸੇਵਾ, ਜ਼ੀਨਾ ਦਾ ਪੁੱਤਰ ਬਚਿਆ ਸੀ, ਜੋ ਲੋਵਾ ਤੇ ਉਹਦੀ ਪਤਨੀ ਜੀਨੀ ਨੇ ਅਪਣੇ ਪੁੱਤ ਵਾਂਙ ਪਾiਲ਼ਆ ਸੀ। ਜੀਨੀ ਦੇ ਸੰਤਾਨ ਨਾ ਹੋਈ। ਉਹ ਸੇਵਾ ਬੇਟੇ ਨਾਲ਼ ਖ਼ੁਸ਼ ਰਹਿੰਦੀ। ਟ੍ਰਾਟਸਕੀ ਨੇ ਜੀਨੀ ਨੂੰ ਕਿਹਾ ਕਿ ਸਾਡਾ ਦੋਹਤਾ ਸਾਡੇ ਪਾਸ ਭੇਜ ਦੇ। ਉਹ ਭੇਜਣ ਲਈ ਤਿਆਰ ਨਾ ਹੋਈ। ਦੇਰ ਬਾਅਦ ਨਾਨੇ ਨੂੰ ਦੋਹਤਾ ਅਦਾਲਤ ਰਾਹੀਂ ਬੜੀ ਮੁਸ਼ਕਿਲ ਨਾਲ਼ ਮਿਲ਼ ਸਕਿਆ।
ਟ੍ਰਾਟਸਕੀ ਦੀ ਲਿਖਤ ਵਿਚ ਯਹੂਦੀ ਈਸਾਈ ਸਭਿਆਚਾਰ ਦੀਆਂ ਉਦਾਹਰਣਾ ਦੇ ਬੜੇ ਪਿਆਰੇ ਨਮੂਨੇ ਮਿਲ਼ਦੇ ਹਨ। ਇਹ ਦਸਦਿਆਂ ਕਿ ਇੱਕਲਾ ਸਟਾਲਿਨ ਦੇਸ਼ ਭਗਤ ਰਹਿ ਗਿਆ ਤੇ ਲੈਨਿਨ-ਟ੍ਰਾਟਸਕੀ ਦੇ ਸਾਰੇ ਪੁਰਾਣੇ ਸਾਥੀ ਗੱਦਾਰ ਕਹਿ ਕੇ ਮਾਰ ਦਿੱਤੇ ਗਏ, ਲਿਖਦਾ ਹੈ – ਯਸੂ ਦੇ ਬਾਰਾਂ ਚੇਲਿਆਂ ਚੋਂ ਕੇਵਲ ਇੱਕੋ ਜੂਡੇ ਨੇ ਗ਼ੱਦਾਰੀ ਕੀਤੀ ਸੀ। ਜੇ ਕਿਤੇ ਇਕੱਲਾ ਗੱਦਾਰ ਜੂਡਾ ਸੱਤਾ ਸੰਭਾਲ ਸਕਦਾ, ਤਾਂ ਤਾਕਤ ਸੰਭਾਲਣ ਸਾਰ ਬਾਕੀ ਗਿਆਰਾਂ ਨੂੰ ਗੱਦਾਰ ਆਖ ਕੇ ਸੂਲ਼ੀ ਟੰਗ ਦਿੰਦਾ। ਲੂਕ ਵਾਲੇ 70 ਵੀ ਉਹ ਜਿਉਂਦੇ ਨਾ ਛੱਡਦਾ ਕਿ ਕਿਤੇ ਭੇਤ ਨਾ ਖੁੱਲ੍ਹ ਜਾਵੇ।
ਅਗਸਤ 1939 ਵਿਚ ਸਟਾਲਿਨ ਨੇ ਜਰਮਨ-ਰੂਸ ਸੰਧੀ ਕਰ ਲਈ, ਜਿਸ ਬਾਰੇ 1933 ਵਿਚ ਟ੍ਰਾਟਸਕੀ ਨੇ ਲੇਖ ਵਿਚ ਲਿਖਿਆ ਸੀ ਕਿ ਇਸ ਤੋਂ ਬਿਨਾ ਸਟਾਲਿਨ ਲਈ ਹੋਰ ਰਾਹ ਬਚੇਗਾ ਹੀ ਨਹੀਂ। ਲਾਲ ਫ਼ੌਜ ਸਾਰੀ ਮਾਰ ਦਿੱਤੀ ਹੈ, ਤਾਂ ਹਿਟਲਰ ਨਾਲ਼ ਸੁਲਾਹ ਤੋਂ ਬਿਨਾ ਹੋਰ ਕੀ ਹੋ ਸਕਦਾ ਸੀ?
ਇਨਕਲਾਬ ਠੱਗਿਆ ਗਿਆ
ਟ੍ਰਾਟਸਕੀ ਲਿਖਦਾ ਹੈ ਫ਼ਰਾਂਸੀਸੀ ਇਨਕਲਾਬ ਦੇ ਨਾਇਕਾਂ ਨੇ- ਬਰਾਬਰੀ, ਆਜ਼ਾਦੀ ਅਤੇ ਖ਼ੁਸ਼ਹਾਲੀ ਦਾ ਨਾਅਰਾ ਦਿੱਤਾ, ਪਰ ਹੋਇਆ ਕੀ? ਇਨਕਲਾਬ ਤਾਂ ਆ ਗਿਆ, ਇਨਕਲਾਬ ਤੋਂ ਪਿੱਛੋਂ ਸਨਅਤ ਨਾਲ਼ ਪੂੰਜੀਵਾਦ ਆਇਆ। ਇਵੇਂ ਹੀ ਅਸੀਂ ਰੂਸੀਆਂ ਨੇ ਨਾਅਰਾ ਲਾਇਆ ਸੀ – ਸਮਾਜਵਾਦ। ਇਨਕਲਾਬ ਤੋਂ ਬਾਅਦ ਹਰ ਕਿਰਤੀ ਤਾਕਤ ਵਿਚ ਹਿੱਸੇਦਾਰ ਹੋਵੇਗਾ। ਪਰ ਹੋਇਆ ਕੀ? ਅਫ਼ਸਰਸ਼ਾਹੀ ਨੇ ਸੱਤਾ ਸੰਭਾਲ ਲਈ। ਮਜ਼ਦੂਰ ਜਿਥੇ ਸੀ, ਉਥੇ ਦਾ ਉਥੇ। ਇਨਕਲਾਬ ਠੱਗਿਆ ਗਿਆ। ਉਹਨੇ ਕਿਤਾਬ ਦਾ ਨਾਮ ਹੀ ‘ਰੈਵੋਲਿਊਸ਼ਨ ਬਿਟਰੇਡ’ ਰੱਖਿਆ ਹੈ। ਉਦਾਸ ਹੋ ਕੇ ਆਖਦਾ ਹੈ- ”ਮਜ਼ਦੂਰ ਬਹਾਦਰ ਹੈ, ਲੜ ਸਕਦਾ ਹੈ, ਇਨਕਲਾਬ ਲਿਆ ਸਕਦਾ ਹੈ। ਪਰ ਰਾਜ ਕਰਨ ਦੀ ਯੋਗਤਾ ਉਸ ਵਿਚ ਨਹੀਂ ਹੈ। ਇਹ ਮਾਰਕਸਵਾਦ ਦਾ ਸਭ ਤੋਂ ਵਡਾ ਦੁਖਾਂਤ ਹੈ। ਚੁਸਤ ਚਲਾਕ ਅਪਰਾਧੀ ਲੋਕ ਸੱਤਾ ਸੰਭਾਲ ਲੈਂਦੇ ਹਨ। ਲੋਕ ਜੁਲਮ ਝੱਲਣ ਲਈ ਫਿਰ ਤਿਆਰ ਹੋ ਜਾਂਦੇ ਹਨ। ਇਤਿਹਾਸ, ਮਜਦੂਰ ਦੇ ਖ਼ਿਲਾਫ਼ ਹੈ। ਮੈਂ ਮਜ਼ਦੂਰ ਦੇ ਹੱਕ ਵਿਚ ਹਾਂ। ਜਾਣਦਿਆਂ ਹੋਇਆਂ ਕਿ ਸਮਾਂ ਬਲਵਾਨ ਹੈ, ਮਜ਼ਦੂਰ ਨੂੰ ਖਤਰਾ ਹੈ, ਮੈਂ ਮਜ਼ਦੂਰ ਨਾਲ਼ ਖੜ੍ਹਾ ਹਾਂ।”
ਮੈਕਸੀਕੋ ਵਿਚ ਰਹਿੰਦਿਆਂ ਕਾਮਰੇਡ ਸ਼ਤਮਨ ਤੇ ਮਕਡੋਨਲਡ ਉਸ ਦੇ ਪ੍ਰੰਸ਼ਸਕ ਤੇ ਚੇਲੇ ਹੋ ਗਏ। ਇਕ ਦਿਨ ਸ਼ਤਮਨ ਨੇ ਟ੍ਰਾਟਸਕੀ ਤੋਂ ਵੱਖ ਹੋਣ ਦਾ ਏਲਾਨ ਕਰ ਦਿੱਤਾ। ਪ੍ਰੈੱਸ ਨੇ ਪੁੱਛਿਆ ਤਾਂ ਟ੍ਰਾਟਸਕੀ ਬੋਲਿਆ- ਇਹ ਦੋਵੇਂ ਬੁੱਧੂ ਹਨ। ਦੋਵਾਂ ਵਿਚ ਇਨਾ ਕੁ ਫ਼ਰਕ ਹੈ ਕਿ ਮਕਡੋਨਲਡ ਸੁਸਤ ਹੈ। ਮੈਨੂੰ ਬੇਦਾਵਾ ਦੇਣ ਵਿਚ ਇਹ ਕੁਝ ਸਮਾਂ ਹੋਰ ਲਾਏਗਾ।
ਬੀਮਾਰ ਹੋ ਕੇ ਕਸ਼ਟ ਝੱਲ ਕੇ ਲੈਨਿਨ ਵਾਂਙ ਮਰਨ ਨਾਲ਼ੋਂ ਉਹ ਆਤੑਮਹੱਤਿਆ ਕਰਨੀ ਬਿਹਤਰ ਸਮਝਦਾ ਸੀ। ਲਿਖਦਾ ਹੈ – ਲਗਦਾ ਇਹੀ ਹੈ ਕਿ ਮੈਂ ਅਚਾਨਕ ਮਰ ਜਾਵਾਂਗਾ। ਸ਼ਾਇਦ ਦਿਮਾਗ਼ ਦੀ ਨਾੜੀ ਫਟਣ ਨਾਲ਼। ਇਹ ਸੌਖੀ ਮੌਤ ਹੈ। 27 ਫਰਵਰੀ 1940 ਨੂੰ ਉਹਨੇ ਵਸੀਅਤ ਲਿਖ ਦਿੱਤੀ। ਤਿੰਨ ਮਾਰਚ ਨੂੰ ਡਾਇਰੀ ਵਿਚ ਲਿਖਦਾ ਹੈ – ਮੇਰੀ ਪਤਨੀ ਨੇ ਮੇਰੇ ਨਾਲ਼ ਰਹਿੰਦਿਆਂ ਦੁੱਖ ਝਲੇ। ਪਰ ਫੇਰ ਕੀ ਹੋਇਆ? ਕੁੱਝ ਸਮਾਂ ਉਹਨੇ ਮੇਰੀ ਸ਼ਾਨ ਵੀ ਤਾਂ ਦੇਖੀ। ਨਤਾਸ਼ਾ ਨੇ ਵੱਡੀ ਬਾਰੀ ਖੋਲ੍ਹ ਦਿੱਤੀ ਹੈ, ਜਿਸ ਨਾਲ਼ ਮੇਰੇ ਕਮਰੇ ਵਿਚ ਰੋਸ਼ਨੀ ਤੇ ਤਾਜ਼ੀ ਹਵਾ ਆ ਗਈ ਹੈ। ਹਰਾ ਸੁਹਣਾ ਘਾਹ ਤੇ ਉਪਰ ਸਾਫ਼ ਨੀਲਾ ਆਕਾਸ਼ ਕਿੰਨਾ ਸੁਹਣਾ ਹੈ। ਏਨੀ ਨਿਰਮਲਤਾ ਵਿਚ ਆਦਮੀ ਬਦੀ ਗ਼ੁਲਾਮੀ ਤੇ ਹਿੰਸਾ ਕਿਉਂ ਵਾੜ ਦਿੰਦਾ ਹੈ? ਪੂਰਾ ਆਨੰਦ ਕਿਉਂ ਨਹੀਂ ਲੈਂਦਾ? ਜੇ ਮੈਂ ਤੇ ਨਤਾਸ਼ਾ ਦੋਵੇ ਇਕੱਠੇ ਮਰ ਗਏ… ।” ਇਥੇ ਉਹ ਵਾਕ ਪੂਰਾ ਨਹੀਂ ਕਰਦਾ। ਸ਼ਾਇਦ ਦੋਹਤੇ ਬਾਰੇ ਕੁਝ ਕਹਿਣਾ ਚਾਹੁੰਦਾ ਹੋਵੇ।
ਜਿਵੇਂ ਟ੍ਰਾਟਸਕੀ ਨੂੰ ਮਨੁੱਖਤਾ ਦੇ ਭਲੇ ਭਵਿੱਖ ਦੀ ਪੂਰਨ ਉੱਮੀਦ ਸੀ, ਉਵੇਂ ਸਟਾਲਿਨ ਨੂੰ ਅਪਣੇ ਕਰਮਾਂ ਦਾ ਨਤੀਜਾ ਡਰਾ ਦਿੰਦਾ। ਟ੍ਰਾਟਸਕੀ ਨੇ ਰੂਸੀਆਂ ਦੇ ਨਾਮ ਸੰਦੇਸ਼ ਲਿਖਿਆ – ਤੁਸੀਂ ਧੋਖਾ ਖਾ ਗਏ ਮਿੱਤਰੋ। ਤੁਹਾਡੇ ਅਖ਼ਬਾਰ ਝੂਠ ਬੋਲ ਰਹੇ ਹਨ। ਤੁਹਾਡੀ ਅਫ਼ਸਰਸ਼ਾਹੀ ਜਿਹੜੀ ਤੁਹਾਡੇ ਖ਼ੂਨ ਦੀ ਪਿਆਸੀ ਹੈ ਤੇ ਪੱਥਰ ਦਿਲ ਵੀ, ਹਿਟਲਰ ਵਰਗਿਆਂ ਅੱਗੇ ਮੋਮ ਵਾਂਙ ਪੰਘਰ ਜਾਂਦੀ ਹੈ। ਤੁਸੀਂ ਜ਼ਾਰ ਦੇ ਸੰਗਲ ਤੋੜ ਦਿੱਤੇ ਸਨ। ਹੁਣ ਸਟਾਲਿਨ ਦਾ ਖ਼ੂਨੀ ਪੰਜਾ ਪਰ੍ਹੇ ਕਰਨਾ ਹੋਵੇਗਾ। ਸਟਾਲਿਨ ਤੁਹਾਨੂੰ ਦੱਸਦਾ ਹੈ ਕਿ ਫਲਾਣੀ ਥਾਂ ਟ੍ਰਾਟਸਕੀ ਨੇ ਰੇਲਵੇ ਲਾਈਨਾ ਉਡਵਾ ਦਿੱਤੀਆਂ; ਦੂਜੀ ਥਾਂ ਟ੍ਰਾਟਸਕੀ ਨੇ ਖਾਣਾਂ ਵਿਚ ਹੜਤਾਲ ਕਰਵਾ ਦਿੱਤੀ; ਤੀਜੀ ਥਾਂ ਟ੍ਰਾਟਸਕੀ ਨੇ ਲਾਲ ਫ਼ੌਜ ਬਾਗ਼ੀ ਕਰ ਦਿੱਤੀ; ਹਸਪਤਾਲਾਂ ਵਿਚ ਡਾਕਟਰਾਂ ਨੂੰ ਤੇ ਖੇਤਾਂ ਵਿਚ ਕਿਸਾਨਾ ਨੂੰ ਟ੍ਰਾਟਸਕੀ ਨੇ ਭੜਕਾਇਆ। ਜੇ ਰੂਸ ਮੇਰੇ ਕਹਿਣੇ ਮੁਤਾਬਿਕ ਚੱਲ ਰਿਹਾ ਹੈ, ਤਾਂ ਫੇਰ ਮੈਂ ਜਲਾਵਤਨ ਹੋ ਕੇ ਪਨਾਹ ਲਈ ਪਰਦੇਸ ਵਿਚ ਕਿਉਂ ਬੈਠਾ ਹਾਂ ਤੇ ਸਟਾਲਿਨ ਰਾਜ ਕਿਵੇਂ ਕਰ ਰਿਹਾ ਹੈ?
ਉਹਦੇ ਸ਼ੁਭਚਿੰਤਕਾਂ ਨੂੰ ਖ਼ਤਰਾ ਸੀ ਕਿ ਉਸ ‘ਤੇ ਹਮਲਾ ਹੋ ਸਕਦਾ ਹੈ, ਇਸ ਲਈ ਚੌਕਸੀ ਰੱਖੀ ਹੋਈ ਸੀ ਤੇ ਕੁਝ ਗਾਰਡ ਵੀ ਪਹਿਰਾ ਦਿੰਦੇ ਸਨ। 23 ਮਈ ਨੂੰ ਸਾਰਾ ਦਿਨ ਲਿਖਦਾ-ਲਿਖਦਾ ਥੱਕ ਕੇ ਸ਼ਾਮੀਂ 4 ਵਜੇ ਪਲੰਘ ‘ਤੇ ਲੇਟ ਗਿਆ। ਉਹਨੇ ਗੋਲ਼ੀਆਂ ਦੀ ਆਵਾਜ਼ ਸੁਣੀ। ਉਹਨੂੰ ਬਰੂਦ ਦੇ ਧੂੰਏਂ ਦੀ ਗੰਧ ਆਈ। ਸੋਚਿਆ ਕਿ ਬਾਹਰ ਸ਼ਾਇਦ ਮੇਰੇ ਪਹਿਰੇਦਾਰ ਕੋਈ ਜਸ਼ਨ ਮਨਾ ਰਹੇ ਹੋਣ। ਫ਼ਾਇਰਿੰਗ ਅੰਦਰ ਵਲ ਆਉਣ ਲਗੀ ਤਾਂ ਛਾਲ ਮਾਰ ਕੇ ਉਹ ਕੋਨੇ ਵਿਚ ਫਰਸ਼ ਤੇ ਲੇਟ ਗਿਆ। ਨਤਾਸ਼ਾ ਉਸ ਉਪੱਰ ਢਾਲ ਬਣ ਕੇ ਲੇਟ ਗਈ। ਲਗਾਤਾਰ ਗੋਲ਼ੀ ਚਲਦੀ ਰਹੀ। ਦੂਜੇ ਕਮਰੇ ਵਿੱਚੋਂ ਦੋਹਤੇ ਦੀ ਚੀਕ ਸੁਣਾਈ ਦਿੱਤੀ ਨਾਨਾ ਜੀ…।

ਸਟਾਲਿਨਸ਼ਾਹੀ ਵੇਲੇ ਛਪਦੀ ਲੈਨਿਨ ਦੀ ਇਸ ਮਸ਼ਹੂਰ ਤਸਵੀਰ ਵਿਚ ਟ੍ਰਾਟਸਕੀ ਨਹੀਂ ਸੀ ਦਿਖਾਲ਼ਿਆ ਹੁੰਦਾ। ਇੰਜ ਟ੍ਰਾਟਸਕੀ ਦਾ ਨਾਂ ਇਤਿਹਾਸ ਚੋਂ ਮਿਟਾ ਦੇਣ ਦੀ ਨਾਕਾਮ ਕੋਸ਼ਿਸ਼ ਹੁਣ ਤਕ ਜਾਰੀ ਹੈ

ਟ੍ਰਾਟਸਕੀ ਲਿਖਦਾ ਹੈ – ਦੋਹਤੇ ਦੀ ਚੀਕ ਵਰਗੀ ਭਿਆਨਕ ਆਵਾਜ਼ ਮੈਂ ਜ਼ਿੰਦਗੀ ਵਿਚ ਹੋਰ ਨਹੀਂ ਸੀ ਸੁਣੀ। ਸਾਡਾ ਦੋਹਾਂ ਦਾ ਲਹੂ ਜੰਮ ਗਿਆ ਜਿਵੇਂ। ਦੋ ਸੌ ਗੋਲ਼ੀਆਂ ਚੱਲੀਆਂ। ਸੇਵਾ ਨੂੰ ਮਾਰ ਗਏ ਕਿ ਲੈ ਗਏ? ਫਿਰ ਸੇਵਾ ਦੇ ਕਮਰੇ ਵਿਚ ਬੰਬ ਚੱਲਣ ਦਾ ਧਮਾਕਾ ਹੋਇਆ। ਇਕ ਆਦਮੀ ਨੇ ਦੋਹਾਂ ਕਮਰਿਆਂ ਵਿਚ ਝਾਤ ਮਾਰੀ। ਕੋਈ ਨਹੀਂ ਦਿਸਿਆ। ਉਹਨੇ ਸੋਚਿਆ – ਕੰਮ ਫ਼ਤਿਹ ਹੋ ਗਿਆ ਹੈ। ਦੇਰ ਤਕ ਮੌਤ ਦੀ ਖ਼ਾਮੋਸ਼ੀ। ਕਿਧਰ ਗਏ ਸਭ? ਬਾਕੀ ਜੀਅ? ਗਾਰਡ? ਕੀ ਸਾਰੇ ਮਾਰ ਦਿੱਤੇ?
ਦੇਰ ਬਾਅਦ ਸੇਵਾ ਦੀ ਆਵਾਜ਼ ਆਈ ਨਾਨਾ ਜੀ! ਕਿੱਥੇ ਹੋ?
ਨਾਨੀ ਨੇ ਭੱਜ ਕੇ ਜੱਫੀ ਪਾ ਲਈ। ਪੈਰ ਜ਼ਖ਼ਮੀ ਹੋ ਗਿਆ ਸੀ। ਮੰਜੇ ਹੇਠ ਵੜ ਕੇ ਉਹਨੇ ਜਾਨ ਬਚਾਈ। ਲੁਕਿਆ ਸੋਚਦਾ ਰਿਹਾ, ਨਾਨਾ ਨਾਨੀ ਮਰ ਗਏ ਹਨ।
ਟ੍ਰਾਟਸਕੀ ਬਾਹਰ ਆਇਆ। ਹਥਿਆਰ-ਰਹਿਤ ਗਾਰਡ ਦਰੱਖ਼ਤਾਂ ਨਾਲ਼ ਨੂੜੇ ਪਏ ਸਨ। ਉਨ੍ਹਾਂ ਦੱਸਿਆ – ਚਾਰ ਵਜੇ ਦੇ ਕਰੀਬ ਪੁਲਸ ਵਰਦੀ ਵਿਚ ਵੀਹ ਹਥਿਆਰਬੰਦ ਬੰਦੇ ਸਾਡੇ ‘ਤੇ ਝਪਟੇ ਤੇ ਹਥਿਆਰ ਖੋਹ ਕੇ ਸਾਨੂੰ ਇਥੇ ਬੰਨ੍ਹ ਦਿੱਤਾ। ਜਾਂਦੇ ਹੋਏ ਟ੍ਰਾਟਸਕੀ ਦੀਆਂ ਦੋ ਕਾਰਾਂ ਵੀ ਲੈ ਗਏ। ਇਹ ਕਾਰਾਂ ਕਿਲੇ ਵਰਗੇ ਘਰ ਵਿਚ ਖ਼ਤਰੇ ਸਮੇਂ ਤਿਆਰ-ਬਰ-ਤਿਆਰ ਰੱਖੀਆਂ ਜਾਂਦੀਆਂ ਸਨ ਤੇ ਚਾਬੀਆਂ ਵੀ ਵਿੱਚੇ ਹੁੰਦੀਆਂ।
ਅੱਧੇ ਘੰਟੇ ਬਾਅਦ ਮੈਕਸੀਕੋ ਪੁਲਸ ਦਾ ਚੀਫ਼ ਆਇਆ ਤੇ ਮੌਕੇ ਦਾ ਮੁਆਇਨਾ ਕੀਤਾ। ਟ੍ਰਾਟਸਕੀ ਨੂੰ ਪੁੱਛਿਆ – ਕਿਸੇ ‘ਤੇ ਸ਼ੱਕ? ਟ੍ਰਾਟਸਕੀ ਨੇ ਕਿਹਾ – ਸਟਾਲਿਨ। ਹੋਰ ਕੌਣ?
ਪੁਲੀਸ ਚੀਫ਼ ਨੂੰ ਸ਼ੱਕ ਹੋਇਆ। ਲੱਗਿਆ, ਟ੍ਰਾਟਸਕੀ ਨੇ ਆਪੇ ਡਰਾਮਾ ਰਚਾਇਆ ਹੈ। ਏਡੀ ਜ਼ਬਰਦਸਤ ਫ਼ਾਇਰਿੰਗ ਵਿਚ ਸਾਰੇ ਬਚ ਗਏ – ਇਹ ਕਿਵੇਂ ਹੋ ਸਕਦੈ? ਏਡੀ ਦੁਰਘਟਨਾ ਪਿੱਛੋਂ ਟ੍ਰਾਟਸਕੀ ਪੂਰਾ ਸ਼ਾਂਤ ਹੈ। ਮਾਮਲਾ ਸ਼ੱਕੀ ਲਗਦਾ ਹੈ। ਗੋਲੀਆਂ ਦੇ 72 ਨਿਸ਼ਾਨ ਤਾਂ ਚੀਫ਼ ਨੇ ਆਪ ਗਿਣੇ? ਉਹਦੇ ਘਰ ਦੁਆਲ਼ੇ ਗਾਰਦ ਵਧਾਈ ਤੇ ਕੰਧਾਂ ਹੋਰ ਉੱਚੀਆਂ ਕੀਤੀਆਂ। ਉਸਾਰੀ ਹੁੰਦੀ ਦੇਖ ਕੇ ਮੁਸਕਾਉ’ਦਿਆਂ ਟ੍ਰਾਟਸਕੀ ਨੇ ਕਿਹਾ – ਸਭਿਅਤਾ ਉਸਰ ਰਹੀ ਹੈ। ਆਦਮੀ ਤਰੱਕੀ ਕਰ ਗਿਐ।
ਜੈਕਸਨ ਨਾਂ ਦਾ ਕੋਈ ਬੰਦਾ ਕਦੀ-ਕਦਾਈਂ ਉਹਨੂੰ ਮਿਲ਼ਣ ਆਉਂਦਾ, ਸਵਾਲ ਪੁੱਛਦਾ ਤੇ ਅਪਣੀ ਲਿਖਤ ਸੋਧਣ ਦੀ ਬੇਨਤੀ ਕਰਦਾ। ਟ੍ਰਾਟਸਕੀ ਅਪਣੇ ਖਰਗੋਸ਼ਾਂ ਨੂੰ ਚਾਰਾ ਖੁਆ ਰਿਹਾ ਸੀ ਕਿ ਪਤਨੀ ਨੇ ਕਿਹਾ – ਜੈਕਸਨ ਆਇਐ। ਉਹ ਉੱਠਿਆ ਤੇ ਮਹਿਮਾਨ ਪਾਸ ਚਲਾ ਗਿਆ। ਕਿਹਾ – ਤੂੰ ਅੱਜ ਠੀਕ ਨਹੀਂ ਲਗਦਾ। ਪੀਲ਼ਾ ਹੋਇਆ ਪਿਐਂ। ਕੋਈ ਦਵਾਈ ਬੂਟੀ ਲੈ ਭਾਈ। ਨਤਾਸ਼ਾ ਦੱਸਦੀ ਹੈ – ਦੋਹਾਂ ਨੂੰ ਕਮਰੇ ਵਿਚ ਬਿਠਾ ਕੇ ਮੈਂ ਅਪਣੇ ਕਮਰੇ ਵੱਲ ਚਲੀ ਗਈ। ਟ੍ਰਾਟਸਕੀ ਕੁਰਸੀ ‘ਤੇ ਬੈਠਾ, ਮੇਜ਼ ‘ਤੇ ਰੱਖਿਆ ਮਹਿਮਾਨ ਦਾ ਲੇਖ ਪੜ੍ਹਨ ਲੱਗਾ। ਅਜੇ ਪਹਿਲੇ ਪੰਨੇ ਉਪਰ ਝੁਕਿਆ ਹੋਇਆ ਸੀ ਕਿ ਸਿਰ ਉਪਰ ਜ਼ਬਰਦਸਤ ਵਾਰ ਹੋਇਆ। ਜੈਕਸਨ ਨੇ ਪੂਰੇ ਤਾਣ ਨਾਲ਼ ਬਰਫ਼ ਤੋੜਨ ਵਾਲ਼ੀ ਕੁਹਾੜੀ ਖੋਪੜੀ ਵਿਚ ਮਾਰੀ।
ਟ੍ਰਾਟਸਕੀ ਨੇ ਉੱਚੀ ਚੀਕ ਮਾਰੀ ਤੇ ਖਲੋ ਗਿਆ। ਜੋ-ਜੋ ਮੇਜ਼ ‘ਤੇ ਪਿਆ ਸੀ, ਕਿਤਾਬਾਂ, ਪੇਪਰ-ਵੇਟ, ਦਵਾਤ, ਟੈਲੀਫ਼ੋਨ, ਚੁੱਕ-ਚੁੱਕ ਕਾਤਿਲ ਦੇ ਮਾਰਦਾ ਰਿਹਾ। ਫਿਰ ਉਹ ਕਾਤਿਲ ਉਪਰ ਝਪਟਿਆ ਤੇ ਉਹਨੂੰ ਫੜ ਲਿਆ, ਉਹਦੇ ਹੱਥ ਤੇ ਬੁੜਕਾ ਵੱਢਿਆ ਤੇ ਉਸ ਕੋਲ਼ੋਂ ਕੁਹਾੜੀ ਖੋਹ ਲਈ। ਕਾਤਿਲ ਇੰਨਾ ਘਬਰਾ ਗਿਆ ਕਿ ਦੂਜਾ ਵਾਰ ਨਾ ਕੀਤਾ, ਨਾ ਛੁਰਾ ਮਾਰਿਆ, ਨਾ ਰਿਵਾਲਵਰ ਵਿੱਚੋਂ ਗੋਲ਼ੀ ਚਲਾਈ। ਜਦੋਂ ਟ੍ਰਾਟਸਕੀ ਨੂੰ ਲੱਗਾ ਕਿ ਡਿਗਣ ਲੱਗਾ ਹਾਂ, ਕਈ ਕਦਮ ਪਿੱਛੇ ਹਟਿਆ। ਉਹ ਦੁਸ਼ਮਣ ਦੇ ਕਦਮਾਂ ਵਿਚ ਨਹੀਂ ਡਿੱਗਣਾ ਚਾਹੁੰਦਾ ਸੀ। ਜ਼ਖ਼ਮੀ ਚੀਤੇ ਵਾਂਙ ਲੜਿਆ। ਇੰਨੇ ਨੂੰ ਨਤਾਲੀਆ ਅਤੇ ਗਾਰਦ ਅੰਦਰ ਆ ਗਏ ਤੇ ਗਾਰਦਾਂ ਨੇ ਕਾਤਿਲ ਨੂੰ ਫੜ ਲਿਆ। ਉਹਨੂੰ ਬੰਦੂਕਾਂ ਦੇ ਬੱਟ ਮਾਰਨ ਲੱਗੇ। ਕਾਤਿਲ ਚੀਕਿਆ, ਤਾਂ ਟ੍ਰਾਟਸਕੀ ਨੇ ਕਿਹਾ – ਮਾਰੋ ਨਾ। ਮਾਰੋ ਨਾ ਇਹਨੂੰ। ਇਸ ਤੋਂ ਪੁੱਛ-ਗਿੱਛ ਕਰੋ।
ਨਤਾਸ਼ਾ ਦਸਦੀ ਹੈ- ਖੋਪੜੀ ਫੁਟੀ ਪਈ ਸੀ। ਵੱਡਾ ਜ਼ਖ਼ਮ ਸੀ। ਕੀ ਹੋਇਆ? ਕੀ ਹੋਇਆ ਟ੍ਰਾਟਸਕੀ? ਉਹਨੇ ਗਲ਼ ਦੁਆਲ਼ੇ ਬਾਹਾਂ ਵਲ਼ ਲਈਆਂ।
ਟ੍ਰਾਟਸਕੀ ਨੇ ਕਿਹਾ, “ਪਹਿਲਾਂ ਤਾਂ ਮੈਨੂੰ ਲੱਗਾ ਛੱਤ ਉਤੋਂ ਕੋਈ ਚੀਜ਼ ਸਿਰ ਉਤੇ ਡਿਗ ਪਈ ਹੈ। ਫਿਰ ਪਤਾ ਲਗ ਗਿਆ, ਤਾਂ ਮੈਂ ਕਾਤਿਲ ਨੂੰ ਫੜਿਆ।”
ਫਿਰ ਉਹਨੇ ਅਪਣੇ ਸੈਕਟਰੀ ਨੂੰ ਕਿਹਾ – ਜੈਕਸਨ ਨੇ। ਉਸੇ ਨੇ ਕੀਤਾ। ਜੋ ਹੋਣਾ ਸੀ ਹੋ ਗਿਐ। ਕੁੱਝ ਕਦਮ ਉਹ ਹੋਰ ਪਿਛੇ ਹਟਿਆ, ਫਿਰ ਫ਼ਰਸ਼ ‘ਤੇ ਲੇਟ ਗਿਆ – “ਮੈਂ ਤੈਨੂੰ ਪਿਆਰ ਕਰਦਾਂ ਨਤਾਸ਼ਾ।” ਇਹ ਸ਼ਬਦ ਪੂਰੇ ਸਾਫ਼ ਬੋਲੇ। ਨਤਾਸ਼ਾ ਨੇ ਸਿਰ ਹੇਠ ਸਰ੍ਹਾਣਾ ਰੱਖ ਦਿੱਤਾ ਅਤੇ ਜ਼ਖ਼ਮ ੳੁੱਤੇ ਬਰਫ਼।
“ਸੇਵਾ ਨੂੰ ਪਰੇ ਰੱਖੀਂ। ਦੂਜਾ ਵਾਰ ਕਰਨ ਨੂੰ ਤਿਆਰ ਸੀ ਜੈਕਸਨ। ਮੈਂ ਕਰਨ ਨ੍ਹੀਂ ਦਿੱਤਾ।”
ਅਪਣੇ ਸਕੱਤਰ ਹਨਸਨ ਨੂੰ ਕਿਹਾ – ਕੰਮ ਤਮਾਮ। ਹਨਸਨ ਨੇ ਕਿਹਾ – ਖ਼ਾਸ ਗੱਲ ਨੀਂ। ਠੀਕ ਹੋ। ਟ੍ਰਾਟਸਕੀ ਨੇ ਕਿਹਾ – ਨਾਂਹ। ਐਤਕੀ ਉਹ ਜਿੱਤ ਗਏ। ਬਾਰ-ਬਾਰ ਨਤਾਸ਼ਾ ਦੇ ਹੱਥ ਉਹ ਅਪਣੇ ਬੁੱਲ੍ਹਾਂ ਤਕ ਲਿਜਾਂਦਾ। ਅੰਗਰੇਜ਼ੀ ਵਿਚ ਸਕੱਤਰ ਨੂੰ ਕਿਹਾ – ਨਤਾਸ਼ਾ ਦਾ ਧਿਆਨ ਰੱਖੀਂ। ਬੜੇ ਦੁੱਖ ਦੇਖੇ ਇਹਨੇ। ਨਤਾਸ਼ਾ ਜ਼ਾਰ-ਜ਼ਾਰ ਰੋਈ। ਬਾਰ-ਬਾਰ ਉਹਦਾ ਜ਼ਖ਼ਮ ਚੁੰਮਦੀ।
ਕਾਤਿਲ ਨੇ ਗਾਰਦ ਨੂੰ ਦੱਸਿਆ – ਏਨੀ ਜ਼ੋਰ ਦੀ ਕੁਹਾੜੀ ਮਾਰੀ ਸੀ, ਮੈਨੂੰ ਯਕੀਨ ਨਹੀਂ ਸੀ ਕਿ ਇਕ ਬੋਲ ਵੀ ਉਹਦਾ ਨਿਕਲ਼ ਸਕੇਗਾ। ਮੈਨੂੰ ਕੀ ਪਤਾ ਸੀ ਉਹ ਖੜ੍ਹਾ ਹੋ ਕੇ ਮੈਨੂੰ ਫੜ ਲਏਗਾ। ਮੇਰੀ ਮਾਂ ਉਨ੍ਹਾਂ ਨੇ ਬੰਦੀ ਬਣਾ ਰੱਖੀ ਹੈ। ਮੇਰੀ ਮਾਂ ਉਨ੍ਹਾਂ ਕੋਲ਼ ਹੈ। ਮੇਰੇ ਤੋਂ ਇਹ ਕਾਰਾ ਕਰਵਾਇਆ ਗਿਆ।
ਡਾਕਟਰ ਦੇ ਆਉਣ ਤਕ ਖੱਬਾ ਪਾਸਾ ਸੁੰਨ ਹੋ ਗਿਆ ਸੀ। ਹਸਪਤਾਲ ਲਿਜਾਣ ਲੱਗੇ, ਤਾਂ ਨਤਾਸ਼ਾ ਦੀਆਂ ਅੱਖਾਂ ਅੱਗੇ ਪੁੱਤਰ ਨੋਵਾ ਆ ਗਿਆ। ਉਹ ਰੋਈ – ਮੈਂ ਨਹੀਂ ਲਿਜਾਣ ਦੇਣਾ ਹਸਪਤਾਲ। ਹਸਪਤਾਲ ਵਿਚ ਡਾਕਟਰ ਮਾਰ ਦੇਣਗੇ। ਟ੍ਰਾਟਸਕੀ ਨੇ ਹੌਲ਼ੀ-ਦੇਣੀ ਕਿਹਾ – ਨਾ ਲਿਜਾਓ ਉਥੇ ਮੈਨੂੰ। ਹਨਸਨ ਨੇ ਕਿਹਾ – ਮੈਂ ਨਾਲ਼ ਜਾਵਾਂਗਾ। ਅਪਣੀ ਗਾਰਦ ਨਾਲ਼ ਲਿਜਾਵਾਂਗਾ। ਮੇਰੀ ਗੱਲ ਮੰਨੋ। ਰੋਕੋ ਨਾ। ਨਤਾਸ਼ਾ ਨੇ ਕਿਹਾ – ਚੰਗਾ। ਤੇਰੀ ਮਰਜ਼ੀ। ਮੇਰੇ ਮਰਜ਼ੀ ਕਰਨ ਦੇ ਦਿਨ ਕਦੇ ਦੇ ਬੀਤ ਚੁਕੇ ਹਨ ਹਨਸਨ।
ਸਟਰੈਚਰ ‘ਤੇ ਪਿਆਂ ਉਹਨੇ ਕਿਹਾ – ਮੇਰਾ ਸਭ ਕੁਝ ਨਤਾਸ਼ਾ ਦਾ ਹੈ ਹਨਸਨ। ਧਿਆਨ ਰੱਖੀਂ। ਜਦੋਂ ਲਿਜਾਣ ਲੱਗੇ, ਤਾਂ ਗਾਰਦ ਨੇ ਕਿਹਾ – ਅਜੇ ਨਹੀਂ। ਹੋਰ ਫ਼ੋਰਸ ਲੈਕੇ ਆਓ ਪਹਿਲਾਂ। ਜੇ ਰਸਤੇ ਵਿਚ ਫਿਰ ਹਮਲਾ ਹੋ ਗਿਆ? ਫ਼ੌਰਨ ਪੁਲਸ ਚੀਫ਼ ਭਾਰੀ ਫ਼ੋਰਸ ਨਾਲ਼ ਆ ਗਿਆ। ਚੀਫ਼ ਦਸਦਾ ਹੈ – ਸਤਿਕਾਰਯੋਗ ਬੀਬੀ ਨੇ ਸਫੈਦ ਰੁਮਾਲ ਨਾਲ਼ ਪਤੀ ਦਾ ਜ਼ਖ਼ਮ ਢਕਿਆ ਹੋਇਆ ਸੀ। ਦੋਹਾਂ ਹੱਥਾਂ ਵਿਚ ਲਹੂ ਨਾਲ਼ ਚੋਂਦਾ ਸਿਰ ਫੜਿਆ ਹੋਇਆ ਸੀ। ਕੇਵਲ ਸਿਸਕੀਆਂ। ਕਾਤਿਲ ਵਾਸਤੇ ਵੱਖਰੀ ਐਂਬੂਲੈਂਸ ਆਈ।
ਅੱਗੇ-ਅੱਗੇ ਰਸਤਾ ਸਾਫ਼ ਕਰਨ ਲਈ ਪੁਲੀਸ ਦੇ ਮੋਟਰ ਸਾਈਕਲਾਂ ਦਾ ਕਾਫ਼ਿਲਾ, ਪਿੱਛੇ-ਪਿੱਛੇ ਤੇਜ਼ੀ ਨਾਲ਼ ਦੌੜਦੀ ਸਾਇਰਨ ਵਜਾਂਦੀ ਐਂਬੂਲੈਂਸ ਸੜਕਾਂ ਨੂੰ ਚੀਰਦੀ ਦੌੜੀ। ਸਾਹ ਚੱਲ ਰਿਹਾ ਸੀ। ਹੇਠਾਂ ਝੁਕ ਕੇ ਨਤਾਸ਼ਾ ਨੇ ਪੁੱਛਿਆ – ਕਿਵੇਂ ਹੋ? ਉੱਤਰ ਮਿiਲ਼ਆ – ਕੁਝ ਠੀਕ ਹਾਂ। ਹੱਥ ਦਾ ਇਸ਼ਾਰਾ ਕਰਕੇ ਸਕੱਤਰ ਨੂੰ ਨੇੜੇ ਬੁਲਾਇਆ – ਸਿਆਸੀ ਕਾਤਿਲ ਹੈ ਇਹ। ਰੂਸ ਦੀ ਖ਼ੁਫ਼ੀਆ ਕਮਾਂਡੋ ਫ਼ੋਰਸ ਦਾ ਬੰਦਾ। ਨਾਜ਼ੀ ਵੀ ਹੋ ਸਕਦਾ ਹੈ – ਗੈਸਟਾਪੋ। ਦੋਹਵਾਂ ਨੇ ਮਿਲ਼ ਕੇ ਵੀ ਵਾਰਦਾਤ ਕਰਵਾਈ ਹੋ ਸਕਦੀ ਹੈ। ਵਧੀਕ ਸ਼ੱਕ ਰੂਸੀਆਂ ਉਪਰ ਹੈ। ਦੂਜੇ ਪਾਸੇ ਕਾਤਿਲ ਐਂਬੁਲੈਂਸ ਵਿਚ ਪੁਲੀਸ ਨੂੰ ਅਹਿਮ ਜਾਣਕਾਰੀ ਦੇ ਰਿਹਾ ਸੀ। ਇਸ ਕਤਲ ਵਿਚ ਨਾਜ਼ੀਆਂ ਦਾ ਕੋਈ ਹੱਥ ਨਹੀਂ ਸੀ।
ਹਸਪਤਾਲ ਦੁਆਲੇ ਭੀੜਾਂ ਜੁੜਨ ਲਗੀਆਂ। ਨਤਾਸ਼ਾ ਬੋਲੀ – ਇਨ੍ਹਾਂ ਵਿਚ ਸਾਡੇ ਵੈਰੀ ਹੋਣਗੇ। ਸਾਡੇ ਦੋਸਤ ਕਿਥੇ ਚਲੇ ਗਏ? ਹਸਪਤਾਲ ਦੀ ਨਰਸ ਔਪ੍ਰੇਸ਼ਨ ਤੋਂ ਪਹਿਲਾਂ ਸਿਰ ਦੀ ਹਜਾਮਤ ਕਰਨ ਆਈ। ਟ੍ਰਾਟਸਕੀ ਬੋਲਿਆ – ਕੱਲ੍ਹ ਤੂੰ ਕਿਹਾ ਸੀ ਨਤਾਸ਼ਾ, ਹਜਾਮਤ ਕਰਵਾ। ਲੈ ਹੋ ਗਈ। ਫਿਰ ਸਕੱਤਰ ਨੂੰ ਕਿਹਾ – ਮੇਰੇ ਆਖ਼ਿਰੀ ਬੋਲ ਨੋਟ ਕਰ। ਹਨਸਨ ਨੂੰ ਰੂਸੀ ਨਹੀਂ ਆਉਂਦੀ ਸੀ। ਅੰਗਰੇਜ਼ੀ ਵਿਚ ਲਿਖਾਇਆ – ਸਿਆਸੀ ਕਾਤਿਲ ਨੇ ਮੈਨੂੰ ਮੌਤ ਦੇ ਦਰ ਪੁਚਾ ਦਿੱਤਾ ਹੈ। ਮੇਰੇ ਕਮਰੇ ਵਿਚ ਆ ਕੇ ਮਾਰਿਆ। ਮੈਂ ਹੱਥੋਪਾਈ ਕੀਤੀ।… ਅਸੀਂ ਕਮਰੇ ਵਿਚ ਵੜੇ… ਉਹਨੇ ਫ਼ਰਾਂਸੀਸੀ ਅੰਕੜੇ ਦੱਸਣੇ ਸ਼ੁਰੂ ਕੀਤੇ… ਫਿਰ ਵਾਰ ਕੀਤਾ… ਦੋਸਤਾਂ ਨੂੰ ਦੱਸ ਦੇਈਂ ਕਿ ਸਾਡੀ ਫ਼ਤਿਹ ਹੋਏਗੀ ਯਕੀਨਨ। ਚੌਥੀ ਇੰਟਰਨੈਸ਼ਨਲ ਬੁਲਾ ਲੈਣ।
ਔਪ੍ਰੇਸ਼ਨ ਵਾਸਤੇ ਨਰਸਾਂ ਕੱਪੜੇ ਉਤਾਰਨ ਲੱਗ ਪਈਆਂ, ਤਾਂ ਅਖ਼ੀਰਲਾ ਵਸਤਰ ਉਤਾਰਨ ਵੇਲੇ ਉਹਨੇ ਸਹਜ ਨਾਲ਼ ਕਿਹਾ – ਨਰਸਾਂ ਹੱਥ ਨਾ ਲਾਉਣ। ਨਤਾਸ਼ਾ ਤੂੰ ਮੇਰਾ ਕੱਪੜਾ ਉਤਾਰ। ਨਰਸਾਂ ਪਰ੍ਹੇ ਹਟ ਗਈਆਂ। ਨਤਾਸ਼ਾ ਨੇ ਫਿਰ ਉਸ ਦੇ ਬੁੱਲਾਂ ਨਾਲ਼ ਬੁੱਲ੍ਹ ਛੁਹਾਏ। ਉਹਨੇ ਚੁੰਮਣ ਦਾ ਜਵਾਬ ਦਿੱਤਾ। ਇਸ ਪਿੱਛੋਂ ਬੇਹੋਸ਼ ਹੋ ਗਿਆ। ਡਾਕਟਰ ਖੋਪੜੀ ਦਾ ਔਪ੍ਰੇਸ਼ਨ ਕਰਨ ਲੱਗੇ। ਤਿੰਨ ਇੰਚ ਡੂੰਘਾ ਜ਼ਖ਼ਮ ਸੀ। ਖੋਪੜੀ ਦੀਆਂ ਹੱਡੀਆਂ ਟੁੱਟ ਕੇ ਦਿਮਾਗ਼ ਵਿਚ ਧਸ ਗਈਆਂ ਸਨ। ਬਾਈ ਘੰਟੇ ਉਹ ਮੌਤ ਨਾਲ਼ ਘੁਲ਼ਦਾ ਰਿਹਾ, ਪਰ ਹੋਸ਼ ਨਾ ਆਈ। ਨਤਾਸ਼ਾ ਦਿਨ ਰਾਤ ਹੱਥ ‘ਤੇ ਹੱਥ ਧਰੀ ਉਸ ਵੱਲ ਏਸ ਆਸ ਨਾਲ਼ ਦੇਖਦੀ ਰਹੀ ਕਿ ਉਹ ਅੱਖਾਂ ਖੋਲ੍ਹੇਗਾ। ਆਖ਼ਿਰੀ ਪਲ ਬਾਰੇ ਦਸਦੀ ਹੈ, ਜਦੋਂ ਡਾਕਟਰਾਂ ਨੇ ਉਹਨੂੰ ਚੁੱਕਿਆ ਉਸ ਦਾ ਸਿਰ ਮੋਢੇ ‘ਤੇ ਲਟਕ ਗਿਆ। ਬਾਹਾਂ ਏਸ ਤਰ੍ਹਾਂ ਲਮਕ ਗਈਆਂ, ਜਿਵੇਂ ਕਰਾਸ ਉਪਰ ਮਸੀਹੇ ਦੀਆਂ ਲਮਕੀਆਂ ਹੋਣ। ਕੰਡਿਆਂ ਦੇ ਤਾਜ ਦੀ ਥਾਂ ਸਿਰ ਉਪਰ ਸਫ਼ੈਦ ਪੱਟੀ ਸੀ। ਚਿਹਰਾ ਸ਼ਾਂਤ, ਪਵਿੱਤਰ ਅਤੇ ਸ੍ਵੈਮਾਣ ਨਾਲ਼ ਭਰਪੂਰ। ਲੱਗਦਾ ਸੀ ਅਪਣੇ ਆਪ ਨੂੰ ਹੁਣੇ ਸੰਭਾਲ਼ ਲਏਗਾ।
21 ਅਗਸਤ 1940 ਨੂੰ ਸ਼ਾਮ ਸਾਢੇ ਸੱਤ ਵਜੇ ਵਿਦਾ ਹੋਇਆ। ਡਾਕਟਰਾਂ ਨੇ ਰਿਪੋਰਟ ਵਿਚ ਲਿਖਿਆ, ਉਹਦਾ ਦਿਮਾਗ ਅਸਾਧਾਰਣ ਵੱਡਾ ਸੀ, ਵਜ਼ਨ ਦੋ ਪੌਂਡ ਤੇਰਾਂ ਔਂਸ। ਦਿਲ ਆਮ ਨਾਲ਼ੋਂ ਵੱਡਾ।
ਸਰਕਾਰੀ ਰੂਸੀ ਅਖ਼ਬਾਰ ਪਰਾਵਦਾ ਨੇ ਨਿੱਕੀ-ਜਿਹੀ ਖ਼ਬਰ ਛਾਪੀ – ਉਹਦੇ ਸਿਰ ਫਿਰੇ ਚੇਲੇ ਵੱਲੋਂ ਟ੍ਰਾਟਸਕੀ ਦਾ ਕਤਲ।

ਟ੍ਰਾਟਸਕੀ ਦੀ ਕਬਰ ‘ਤੇ ਲੱਗਾ ਪੱਥਰ

ਅਰਥੀ ਪਿੱਛੇ ਹਜ਼ਾਰਾਂ ਦਾ ਕਾਫ਼ਲਾ ਤੁਰਿਆ। ਸ਼ਹਿਰ ਵਿਚੋਂ, ਅਮੀਰਾਂ ਦੀ ਆਬਾਦੀ ਵਿੱਚੋਂ ਨਿਕਲ਼ ਕੇ ਮਜ਼ਦੂਰਾਂ ਦੀਆਂ ਬਸਤੀਆਂ ਥਾਣੀਂ ਲੰਘਿਆ। ਸੜਕ ਦੇ ਦੋਹੀਂ ਪਾਸੀਂ ਨੰਗੇ ਪੈਰੀਂ ਫਟੇ ਕੱਪੜੇ ਪਹਿਨੀ ਅਣਗਿਣਤ ਮਜ਼ਦੂਰਾਂ ਨੇ ਉਹਨੂੰ ਸਲਾਮ ਕੀਤਾ – ਸ਼ੇਰ ਟ੍ਰਾਟਸਕੀ ਅਮਰ ਰਹੇ। ਸਾਡਾ ਟ੍ਰਾਟਸਕੀ ਜ਼ਿੰਦਾਬਾਦ। ਤੁਰਤ-ਫੁਰਤ, ਕਿਸੇ ਨੇ ਗੀਤ ਦੇ ਬੋਲ ਜੋੜ ਕੇ ਗੁਣਗੁਣਾਏ। ਕਵੀਸ਼ਰੀ ਦੇ ਬੋਲ ਦੁਹਰਾ ਦੁਹਰਾ ਗਾਏ ਗਏ। ਦਰਸ਼ਨਾਂ ਵਾਸਤੇ ਪੰਜ ਦਿਨ ਉਸ ਦੀ ਅਰਥੀ ਰੱਖੀ ਗਈ। ਤਿੰਨ ਲੱਖ ਮਰਦਾਂ ਔਰਤਾਂ ਨੇ ਅੰਤਮ ਦੀਦਾਰ ਕੀਤੇ। ਘਰ ਦੇ ਵਿਹੜੇ ਵਿਚ ਕਬਰ ਉਪਰ ਸਫੈਦ ਆਇਤਾਕਾਰ ਸੰਗਮਰਮਰ ਰੱਖ ਕੇ ਉਪਰ ਲਾਲ ਝੰਡਾ ਲਹਿਰਾ ਦਿੱਤਾ।
ਨਤਾਲੀਆ ਵੀਹ ਸਾਲ ਹੋਰ ਜਿਉਂਦੀ ਰਹੀ। ਜਦੋਂ ਉੱਠਦੀ, ਹਰ ਸਵੇਰ ਉਹਦੀਆਂ ਅੱਖਾਂ ਵਿਹੜੇ ਵਿਚ ਪਏ ਸਫ਼ੈਦ ਪੱਥਰ ਵੱਲ ਘੁੰਮਦੀਆਂ।
ਇਸਹਾਕ ਡਿਊਸ਼ਰ ਲਿਖਦਾ ਹੈ – ਉਹਦੀ ਜ਼ਿੰਦਗੀ ਕੋਈ ਪਰੀ ਕਥਾ ਨਹੀਂ। ਸਾਡੀਆਂ ਅੱਖਾਂ ਅਗੇ ਵਾਪਰੀ ਇਹ ਅਸਲ ਘਟਨਾ ਹੈ, ਜਿਹੜੀ ਮਿੱਥ ਤੋਂ ਅੱਗੇ ਲੰਘ ਗਈ।
ਹਿਟਲਰ ਨੇ ਕਿਸੇ ਮੀਟਿੰਗ ਵਿਚ ਫ਼ਰਾਂਸ ਦੇ ਰਾਜਦੂਤ ਰਾਬਰਟ ਕੋਲਾਂਦਰੇ ਨੂੰ ਕਿਹਾ ਸੀ – ਮੇਰੇ ਸਾਰੇ ਰਾਹ ਪੱਧਰ ਹੋ ਗਏ ਹਨ। ਹੁਣ ਮੇਰੇ ਸਾਹਮਣੇ ਸੰਸਾਰ ਟਿਕ ਨਹੀਂ ਸਕਦਾ। ਮੈਂ ਵਿਜੇਤਾ ਹੋਵਾਂਗਾ। ਰਾਜਦੂਤ ਨੇ ਕਿਹਾ – ਜੇ ਜੰਗ ਲਮਕ ਗਈ, ਮਜ਼ਦੂਰਾਂ ਕਿਸਾਨਾ ਦੀ ਦਸ਼ਾ ਵਿਗੜਦੀ ਗਈ, ਤਾਂ ਇਕ ਸੰਭਾਵਨਾ ਹੋਰ ਵੀ ਹੋ ਸਕਦੀ ਹੈ – ਉਹ ਹੈ ਟ੍ਰਾਟਸਕੀ। ਕਦੀ ਸੋਚਿਐ ਕਿ ਟ੍ਰਾਟਸਕੀ ਵਿਜੇਤਾ ਹੋ ਸਕਦਾ ਹੈ? ਇਹ ਵਾਕ ਸੁਣ ਕੇ ਹਿਟਲਰ ਇਉਂ ਭੁੜਕਿਆ ਜਿਵੇਂ ਠੂੰਹਾਂ ਲੜਿਆ ਹੋਏ ਤੇ ਕਿਹਾ- ਸ਼ਾਇਦ। ਹੋ ਸਕਦੈ। ਇਹ ਹੋ ਸਕਦੈ।
ਟ੍ਰਾਟਸਕੀ ਦੇ ਨਫ਼ੇ-ਨੁਕਸਾਨ ਬਾਰੇ ਮੈਨੂੰ ਟਿੱਪਣੀ ਨਹੀਂ ਕਰਨੀ ਚਾਹੀਦੀ। ਜਾਨ ਡੇਵੀ ਨੇ ਠੀਕ ਕਿਹਾ ਸੀ – ਟ੍ਰਾਟਸਕੀ ਦੀ ਗੱਲ ਸੁਣਨ ਪਿੱਛੋਂ ਕੋਈ ਵਾਕ ਬੋਲਣਾ ਐਂਟੀ-ਕਲਾਈਮੈਕਸ ਹੈ।

ਟ੍ਰਾਟਸਕੀ ਦੀ ਸਾਖੀ ਸੁਣ ਕੇ ਮੇਰੇ ਮਿੱਤਰ (ਗੁਰਦਿਆਲ ਬੱਲ) ਨੇ ਕਿਹਾ – ਇਹ ਬੰਦਾ ਪੈਗ਼ੰਬਰਾਂ, ਫ਼ਰਿਸ਼ਤਿਆਂ ਨੂੰ ਨਹੀਂ ਸੀ ਮੰਨਦਾ। ਪਰ ਆਪ ਕਿਸੇ ਪੈਗ਼ੰਬਰ ਫ਼ਰਿਸ਼ਤੇ ਤੋਂ ਕਿਹੜਾ ਘਟ ਸੀ?

ਹਰਪਾਲ ਸਿੰਘ ਪੰਨੂ
ਹਰਪਾਲ ਸਿੰਘ ਪੰਨੂ (ਜਨਮ 1953, ਘੱਗਾ, ਪਟਿਆਲ਼ਾ) ਪਟਿਆਲ਼ੇ ਦੀ ਪੰਜਾਬੀ ਯੂਨੀਵਰਸਟੀ ਦੇ ਧਾਰਮਿਕ ਅਧਿਅਨ ਮਹਿਕਮੇ ਦੇ ਪ੍ਰੋਫ਼ੈਸਰ ਮੁਖੀ, ਬੋਧੀ ਸੈਂਟਰ ਦੇ ਡਾਇਰੈਕਟਰ ਅਤੇ 'ਜਰਨਲ ਆਫ ਰੀਲੀਜੀਅਸ ਸਟੱਡੀਜ਼' ਦੇ ਮੁੱਖ ਸੰਪਾਦਕ ਹਨ। ਪੰਜਾਬੀ ਵਿਚ ਤਿੰਨਂ ਕਿਤਾਬਾਂ ਛਪ ਚੁੱਕੀਆਂ ਹਨ: ਗੁਰੂ ਨਾਨਕ ਦਾ ਕੁਦਰਤ ਸਿੱਧਾਂਤ, ਭਾਰਤ ਦੇ ਪੁਰਾਤਨ ਧਰਮ ਅਤੇ ਕਾਲ ਤੇ ਅਕਾਲ ਦਾ ਸਿੱਖ ਸਿੱਧਾਂਤ।

LEAVE A REPLY

Please enter your comment!
Please enter your name here

spot_img

Related articles

Free Spin Veren Siteler +100 Bedava Dönüş Kazandıran Siteler

Evet, ücretsiz çevirmelerinizi kullanmaya başlamadan önce bir online casino sitesine kaydolmanız gerekecek. Pek çok kumarhane para yatırmanızı istemez,...

Nejlepší Online Casino Legální České Stránky 2024

Nejlepší Online Casino Legální České Stránky 2024""John & Co On Line Casino Tourbillon 44 Logistik Watch In Dark-colored...

Mostbet Giriş ️ Resmi Casino Empieza Spor Bahisler

Mostbet Giriş ️ Resmi Casino Empieza Spor BahisleriMostbet Türkiye Uygulaması Mostbet Türkiyede Bahis Ve Slot Oyunları Için 1...

تنزيل 1xbet => جميع إصدارات 1xbet V 1116560 تطبيقات المراهنات + مكافأة مجاني

تنزيل 1xbet => جميع إصدارات 1xbet V 1116560 تطبيقات المراهنات + مكافأة مجانية"1xbet لـ Android قم بتنزيل تطبيق...
error: Content is protected !!